ਬੱਚਿਆਂ ਦਾ ਹਿੰਸਕ ਰਵੱਈਆ: ਕਿਹੜੇ ਸੰਕੇਤ ਮਾਪਿਆਂ ਲਈ ਖ਼ਤਰੇ ਦੀ ਘੰਟੀ ਹਨ?

ਤਸਵੀਰ ਸਰੋਤ, Getty Images
- ਲੇਖਕ, ਰਾਜਵੀਰ ਕੌਰ ਗਿੱਲ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਹਾਲ ਹੀ ਵਿੱਚ ਹਰਿਆਣਾ ਦੇ ਪੰਚਕੂਲਾ 'ਚ ਇੱਕ ਸਕੂਲ ਅੰਦਰ ਛੇ ਸਾਲਾ ਬੱਚੀ ਨਾਲ ਅੱਠ ਸਾਲ ਦੇ ਬੱਚੇ ਵੱਲੋਂ ਕੁੱਟਮਾਰ ਕਰਨ ਦੇ ਕਥਿਤ ਮਾਮਲੇ ਨੇ ਬੱਚਿਆਂ ਦੇ ਵਿਵਹਾਰ ਬਾਰੇ ਕਈ ਸਵਾਲ ਖੜੇ ਕੀਤੇ ਹਨ।
ਇਸ ਮਾਮਲੇ ਵਿੱਚ ਪੰਚਕੂਲਾ ਪੁਲਿਸ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਅਦਿਤੀ ਸਿੰਘ ਮੁਤਾਬਕ, "8 ਸਾਲਾ ਵਿਦਿਆਰਥੀ ਦਾ ਜੁਵੇਨਾਈਲ ਜਸਟਿਸ ਐਕਟ ਤਹਿਤ ਮਾਹਰਾਂ ਤੋਂ ਮੁਲਾਂਕਣ ਕਰਵਾਇਆ ਜਾ ਰਿਹਾ ਹੈ। ਉਸ ਮੁਤਾਬਕ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।"
ਅਸੀਂ ਅਕਸਰ ਹੀ ਸੁਣਦੇ ਹਾਂ ਬੱਚੇ ਸ਼ਰਾਰਤੀ ਹੀ ਹੁੰਦੇ ਹਨ। ਬੱਚਿਆਂ ਨੇ ਤਾਂ ਖਿਝਣਾ, ਗੁੱਸੇ ਹੋਣਾ ਹੀ ਹੁੰਦਾ ਹੈ।
ਪਰ ਕਿਸ ਹੱਦ ਤੱਕ ਬੱਚਿਆਂ ਦਾ ਅਜਿਹਾ ਰਵੱਈਆ ਸਵਿਕਾਰਨਯੋਗ ਹੈ, ਕਦੋਂ ਇਹ ਹੱਦ ਪਾਰ ਕਰ ਜਾਂਦਾ ਹੈ ਅਤੇ ਉਨ੍ਹਾਂ ਦੇ ਸਹਿਜ ਅਤੇ ਉਸਾਰੂ ਵਿਕਾਸ ਨੂੰ ਰੋਕਦਾ ਹੈ ਇਹ ਸਮਝਣਾ ਜ਼ਰੂਰੀ ਹੈ।
ਅਸੀਂ ਮਨੋਵਿਗਿਆਨੀਆਂ ਨਾਲ ਗੱਲ ਕਰ ਕੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਬੱਚਿਆਂ ਦੇ ਵਿਵਹਾਰ ਦੇ ਕਿਹੜੇ ਸੰਕੇਤਾਂ ਤੋਂ ਮਾਪਿਆਂ ਅਤੇ ਅਧਿਆਪਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਅਤੇ ਬੱਚਿਆਂ ਦੇ ਉਸਾਰੂ ਵਿਕਾਸ ਲਈ ਆਲਾ-ਦੁਆਲਾ ਕਿਵੇਂ ਸਹਿਯੋਗ ਦੇ ਸਕਦਾ ਹੈ।
ਡਾਕਟਰ ਮਨਦੀਪ ਕੌਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮਨੋਵਿਗਿਆਨ ਵਿਭਾਗ ਵਿੱਚ ਪ੍ਰੋਫੈਸਰ ਹਨ ਉਹ ਕਹਿੰਦੇ ਹਨ ਕਿ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਆਪਸ ਵਿੱਚ ਜੁੜਿਆ ਹੋਇਆ ਹੈ।
ਬੱਚਿਆਂ ਦੇ ਕਿਸ ਵਿਵਾਹਰ ਤੋਂ ਸੁਚੇਤ ਹੋਣ ਦੀ ਲੋੜ

ਡਾਕਟਰ ਮਨਦੀਪ ਕੌਰ ਕਹਿੰਦੇ ਹਨ ਕਿ ਅਜਿਹੇ ਕਰੀ ਸਰੀਰਕ ਵਿਹਾਰ ਜੋ ਬੱਚਿਆਂ ਅਤੇ ਅਸਧਾਰਨ ਵਿਹਾਰ ਨੂੰ ਦਰਸਾਉਂਦੇ ਹਨ।
- ਗੁੱਸੇ ਵਿੱਚ ਬੱਚੇ ਦਾ ਦੰਦ ਕਿਰਚਨਾ, ਚੀਕਾਂ ਮਾਰਨਾਂ
- ਹਰ ਛੋਟੀ ਵੱਡੀ ਗੱਲ ਉੱਤੇ ਗੁੱਸੇ ਵਿੱਚ ਰਿਐਕਟ ਕਰਨਾ, ਖਿਝੇ ਰਹਿਣਾ
- ਚੀਜ਼ਾਂ ਚੁੱਕ-ਚੁੱਕ ਕੇ ਸੁੱਟਣਾ, ਦਰਵਾਜ਼ੇ ਜ਼ੋਰ ਨਾਲ ਮਾਰਨਾ ਜਾਂ ਬੰਦ ਕਰ ਦੇਣਾ
- ਦੂਜੇ ਬੱਚਿਆਂ ਨੂੰ ਪਿੱਛਿਓਂ ਆ ਕੇ ਨੁਕਸਾਨ ਪਹੁੰਚਾਉਣਾ ਜਿਵੇਂ ਧੱਕਾ ਦੇਣਾ ਜਾਂ ਫਿਰ ਦੰਦੀ ਵੰਢਣਾ
- ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣਾ ਜਿਵੇਂ ਖ਼ੁਦ ਦੇ ਹੀ ਥੱਪੜ ਮਾਰਨਾ ਜਾਂ ਆਪਣਾ ਹੀ ਸਿਰ ਕੰਧ ਵਿੱਚ ਮਾਰਨਾ
- ਛੇ ਸਾਲ ਤੋਂ ਵੱਡੀ ਉਮਰ ਦੇ ਬੱਚਿਆਂ ਦਾ ਬਿਸਤਰ ਉੱਤੇ ਪਿਸ਼ਾਬ ਕਰਨਾ
- ਕਿਸੇ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਸ਼ਰਮਿੰਦਗੀ ਦਾ ਭਾਵ ਮਹਿਸੂਸ ਨਾ ਕਰਨਾ
- ਹਰ ਛੋਟੀ-ਵੱਡੀ ਨਾਕਾਮੀ ਜਾਂ ਗ਼ਲਤੀ ਲਈ ਦੂਜਿਆਂ ਉੱਤੇ ਇਲਜ਼ਾਮ ਲਾਉਣਾ ਜਾਂ ਬਾਹਰੀ ਕਾਰਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ
- ਆਪਣੇ ਰੋਜ਼ ਦੇ ਕੰਮ ਮੁਕੰਮਲ ਨਾ ਕਰ ਸਕਣਾ, ਜਿਵੇਂ ਕਿ ਸਕੂਲ ਦਾ ਹੋਮਵਰਕ ਨਾ ਕਰਨਾ, ਖਾਣਾ ਨਾ ਖਾਣਾ ਵਗੈਰਾ
- ਹੋਰ ਬੱਚਿਆਂ ਨੂੰ ਚਿੜਾਉਣਾ ਅਤੇ ਰੋਂਦਿਆਂ ਨੂੰ ਦੇਖ ਕੇ ਖ਼ੁਸ਼ ਹੋਣਾ
ਮਨੋਵਿਗਿਆਨੀ ਪੂਰਨਿਮਾ ਅਗਰਵਾਲ ਵੀ ਇਨ੍ਹਾਂ ਤੱਥਾਂ ਨੂੰ ਸਵਿਕਾਰਦੇ ਹਨ ਅਤੇ ਨਾਲ ਹੀ ਕਹਿੰਦੇ ਹਨ ਕਿ ਬੱਚਿਆਂ ਦਾ ਕਿਸੇ ਕਿਸਮ ਦਾ ਨਾਕਾਰਤਮਕ ਬਿਹੇਵ ਕਰਨ ਤੋਂ ਬਾਅਦ ਦਾ ਪ੍ਰਤੀਕਰਮ ਉਨ੍ਹਾਂ ਦੀ ਮਾਨਸਿਕਤਾ ਬਾਰੇ ਦੱਸਦਾ ਹੈ।
ਉਹ ਕਹਿੰਦੇ ਹਨ, "ਕਈ ਬੱਚੇ ਪੰਛੀਆਂ ਜਾਂ ਤਿਤਲੀਆਂ ਵਗੈਰਾ ਨੂੰ ਫੜ ਕੇ ਨੁਸਕਾਨ ਪਹੁੰਚਾ ਕੇ ਖੁਸ਼ੀ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਕਿਸੇ ਕਿਸਮ ਦਾ ਪਛਤਾਵਾ ਨਹੀਂ ਮਹਿਸੂਸ ਹੁੰਦਾ ਤਾਂ ਮਾਪਿਆਂ ਨੂੰ ਬੱਚਿਆਂ ਨਾਲ ਗੱਲ ਕਰਨ ਦੀ ਲੋੜ ਹੈ।"
ਉਮਰ ਨਾਲ ਬਦਲਦਾ ਬੱਚਿਆਂ ਦਾ ਰਵੱਈਆ

ਤਸਵੀਰ ਸਰੋਤ, Getty Images
ਮਾਹਰਾਂ ਮੁਤਾਬਕ ਬੱਚਿਆਂ ਦੇ ਗੱਲਬਾਤ ਕਰਨ ਦੇ ਤਰੀਕੇ ਤੋਂ ਲੈ ਕੇ ਉਨ੍ਹਾਂ ਦੀ ਬਾਡੀ ਲੈਂਗੁਏਜ਼ ਤੋਂ ਮਾਪੇ ਬੱਚਿਆਂ ਦੀ ਮਾਨਸਿਕ ਸਥਿਤੀ ਬਾਰੇ ਬਹੁਤ ਕੁਝ ਸਮਝ ਸਕਦੇ ਹਨ।
ਪੂਰਨਿਮਾ ਅਗਰਵਾਲ ਕਹਿੰਦੇ ਹਨ ਕਿ 6 ਤੋਂ 12 ਸਾਲ ਦੀ ਉਮਰ ਦੇ ਬੱਚੇ ਕਿਸ਼ੋਰ ਅਵਸਥਾ ਵੱਲ ਵੱਧ ਰਹੇ ਹੁੰਦੇ ਹਨ ਅਤੇ ਬਾਲਗ਼ ਹੋਣ ਦੀ ਪ੍ਰੀਕਿਰਿਆ ਵਿੱਚ ਪੈਰ ਧਰ ਚੁੱਕੇ ਹੁੰਦੇ ਹਨ।
ਉਹ ਕਹਿੰਦੇ ਹਨ, "ਖ਼ਾਸ ਤੌਰ ਉੱਤੇ 9 ਤੋਂ 12 ਸਾਲ ਦੀ ਉਮਰ ਵਿੱਚ ਮੁੰਡੇ ਅਤੇ ਕੁੜੀਆਂ ਦੋਵਾਂ ਦੇ ਸਰੀਰਕ ਬਦਲਾਅ ਬਹੁਤ ਤੇਜ਼ ਹੁੰਦੇ ਹਨ। ਇਨ੍ਹਾਂ ਤਬਦੀਲੀਆਂ ਨੂੰ ਸਮਝਣ ਦੀ ਪ੍ਰੀਕਿਰਿਆ ਵਿੱਚ ਬੱਚਿਆਂ ਦੇ ਮਨਾਂ ਵਿੱਚ ਕਈ ਸਵਾਲਾਂ ਦੇ ਨਾਲ-ਨਾਲ, ਆਪਣੀ ਦਿੱਖ ਦੇ ਬਦਲਾਵਾਂ ਨੂੰ ਸਵੀਕਾਰ ਕਰਨ ਦੀ ਜੱਦੋਜਹਿਦ ਵੀ ਸ਼ਾਮਲ ਹੁੰਦਾ ਹੈ।"
"ਇਸ ਦੌਰਾਨ ਬੱਚੇ ਅਕਸਰ ਚਿੜਚੜੇ ਹੋ ਜਾਂਦੇ ਹਨ, ਖਿੱਝਦੇ ਹਨ। ਇਹ ਉਹ ਸਮਾਂ ਹੈ ਜਦੋਂ ਮਾਪਿਆਂ ਨੂੰ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਬਦਲਾਵਾਂ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ।"
ਹਿੰਸਕ ਕੰਟੈਟ ਦਾ ਬੱਚਿਆਂ ਉੱਤੇ ਅਸਰ

ਪੂਰਨਿਮਾ ਅਗਰਵਾਲ ਦੱਸਦੇ ਹਨ ਕਿ ਮਾਨਸਿਕ ਵਿਕਾਰਾਂ ਸਬੰਧੀ ਰੈਫ਼ਰੈਂਸ ਵੱਜੋਂ ਵਰਤੀ ਜਾਂਦੀ ਕਿਤਾਬ ਆਈਸੀਡੀ-11 (ICD-11) ਵਿੱਚ ਹਿੰਸਕ ਗੇਮਿੰਗ ਨੇ ਪ੍ਰਭਾਵ ਨੂੰ ਇੱਕ ਬਿਮਾਰੀ ਵਜੋਂ ਦਰਜ ਕਰ ਲਿਆ ਗਿਆ ਹੈ।
ਉਹ ਕਹਿੰਦੇ ਹਨ, "ਮਾਪਿਆਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚੇ ਆਪਣੀ ਉਮਰ ਦੇ ਹਿਸਾਬ ਨਾਲ ਹੀ ਗੇਮਾਂ ਖੇਡਣ ਅਤੇ ਫ਼ਿਲਮਾਂ ਆਦਿ ਦੇਖਣ।"
ਉਹ ਓਟੀਟੀ ਉੱਤੇ ਮੌਜੂਦ ਹਿੰਸਕ ਫ਼ਿਲਮਾਂ ਦਾ ਹਵਾਲਾ ਦਿੰਦੇ ਹਨ ਕਿ ਬੱਚੇ ਘਰ ਵਿੱਚ ਮਾਪਿਆਂ ਨਾਲ ਖ਼ੂਨ-ਖਰਾਬੇ ਭਰੀਆਂ ਫ਼ਿਲਮਾਂ ਦੇਖਦੇ ਹਨ ਕਈ ਮਾਮਲਿਆਂ ਵਿੱਚ ਇਹ ਦੇਖਿਆ ਗਿਆ ਹੈ ਕਿ ਬੱਚਿਆਂ ਦਾ ਦਿਮਾਗ਼ ਪਰਦੇ ਉੱਤੇ ਦਿਖਾਏ ਗਏ ਨੂੰ ਸੱਚ ਮਨ ਲੈਂਦਾ ਹੈ ਅਤੇ ਇਹ ਸਭ ਉਨ੍ਹਾਂ ਦੇ ਆਪਣੇ ਵਿਵਹਾਰ ਦਾ ਹਿੱਸਾ ਬਣ ਜਾਂਦਾ ਹੈ।
"ਮਾਪਿਆਂ ਨੂੰ ਘੱਟੋ-ਘੱਟ 14-15 ਸਾਲ ਦੀ ਉਮਰ ਤੱਕ ਬੱਚਿਆਂ ਉੱਤੇ ਨਿਗਰਾਨੀ ਰੱਖਣੀ ਚਾਹੀਦੀ ਹੈ। ਇਹ ਦੇਖਣਾ ਚਾਹੀਦਾ ਹੈ ਕਿ ਉਹ ਕਿਹੜੀਆਂ ਗੇਮਾਂ ਖੇਡਦੇ ਹਨ, ਕਿਸ ਤਰ੍ਹਾਂ ਦੀਆਂ ਫ਼ਿਲਮਾਂ ਜਾਂ ਕਾਰਟੂਨ ਦੇਖਦੇ ਹਨ।"
ਪੂਰਨਿਮਾ ਕਹਿੰਦੇ ਹਨ ਕਿ ਮਾਪਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹ ਬੱਚਿਆਂ ਨੂੰ ਪਾਰਕ ਜਾਂ ਕਿਸੇ ਸਟੇਡੀਅਮ ਵਿੱਚ ਖੇਡਣ ਲਈ ਲੈ ਕੇ ਜਾਣ ਅਤੇ ਸਕਰੀਨ ਤੋਂ ਦੂਰ ਰੱਖਣ।
ਉਨ੍ਹਾਂ ਮੁਤਾਬਕ ਸਰੀਰਕ ਗਤੀਵਿਧੀ ਮਾਨਸਿਕ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਸਹਾਈ ਹੁੰਦੀ ਹੈ।
ਮਾਪੇ ਅਤੇ ਅਧਿਆਪਕ ਕਿਵੇਂ ਸਹਿਯੋਗ ਦੇਣ

ਤਸਵੀਰ ਸਰੋਤ, Getty Images
ਡਾਕਟਰ ਮਨਦੀਪ ਕੌਰ ਕਹਿੰਦੇ ਹਨ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਵਿਵਹਾਰ ਵਿੱਚ ਜੇ ਕੁਝ ਸਹਿਜ ਨਾ ਲੱਗੇ ਤਾਂ ਉਨ੍ਹਾਂ ਨੂੰ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ ਅਤੇ ਬੱਚੇ ਤੋਂ ਅਜਿਹਾ ਕਰਨ ਦੇ ਕਾਰਨਾਂ ਬਾਰੇ ਪੁੱਛਣਾ ਚਾਹੀਦਾ ਹੈ।
"ਬੱਚਿਆਂ ਨੂੰ ਘਰ ਵਿੱਚ ਅਜਿਹਾ ਮਾਹੌਲ ਦੇਣਾ ਚਾਹੀਦਾ ਹੈ ਕਿ ਉਹ ਹਰ ਤਰੀਕੇ ਦੀ ਗੱਲ ਮਾਪਿਆਂ ਨਾਲ ਕਰ ਸਕਣ ਖ਼ਾਸਕਰ ਜੇਕਰ ਉਨ੍ਹਾਂ ਤੋਂ ਕੋਈ ਗ਼ਲਤੀ ਵੀ ਹੋ ਜਾਵੇ ਤਾਂ ਉਹ ਆਪਣੇ ਮਾਪਿਆਂ ਕੋਲ ਇਸ ਨੂੰ ਸਵੀਕਾਰ ਸਕਣ ਅਤੇ ਸੁਧਾਰ ਕਰ ਸਕਣ।"
ਪੂਰਨਿਮਾ ਵੀ ਮਾਪਿਆਂ ਨੂੰ ਕੁਝ ਸੁਝਾਅ ਦਿੰਦੇ ਹਨ:
- ਜੋ ਕੋਈ ਬੱਚਾ ਕਿਸੇ ਨਾਲ ਗ਼ਲਤ-ਵਿਹਾਰ ਕਰਦਾ ਹੈ ਤਾਂ ਉਸ ਨੂੰ ਰੋਲ-ਰਿਵਰਸਲ ਜ਼ਰੀਏ ਸਮਝਾਇਆ ਜਾਵੇ। ਜਿਵੇਂ ਕਿ ਉਸ ਨੂੰ ਪੁੱਛਿਆ ਜਾਵੇ ਕਿ ਜੇ ਤੁਹਾਡੇ ਨਾਲ ਅਜਿਹਾ ਹੋਵੇ ਤਾਂ ਕਿਸ ਤਰ੍ਹਾਂ ਮਹਿਸੂਸ ਕਰੋਗੇ।
- ਬੱਚਿਆਂ ਨੂੰ ਉਨ੍ਹਾਂ ਦੇ ਨਾਕਾਰਤਮਕ ਵਿਹਾਰ ਦੇ ਨਤੀਜਿਆਂ ਤੋਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ।
- ਬੀਹੇਵੀਅਰ ਮੋਡੀਫ਼ੀਕੇਸ਼ਨ ਯਾਨਿ ਆਪਣੇ ਅਤੇ ਬੱਚੇ ਦੇ ਵਿਹਾਰ ਵਿੱਚ ਸੁਧਾਰ ਕੀਤਾ ਜਾਵੇ, ਮਾਪੇ ਬੱਚਿਆਂ ਲਈ ਇੱਕ ਆਦਰਸ਼ਕ ਜਾਂ ਅਜਿਹਾ ਕਿਰਦਾਰ ਜ਼ਰੂਰ ਪੇਸ਼ ਕਰਨ ਜਿਸ ਤਰ੍ਹਾਂ ਦੀ ਆਸ ਉਹ ਬੱਚਿਆਂ ਤੋਂ ਕਰਦੇ ਹਨ
- ਬੱਚਿਆਂ ਦਾ ਮੁਸ਼ਕਿਲ ਸਮੇਂ ਵਿੱਚ ਸਾਥ ਦੇਣ, ਉਨ੍ਹਾਂ ਲਈ ਗੱਲਬਾਤ ਦੀ ਰਾਹ ਹਮੇਸ਼ਾ ਖ਼ੁੱਲ੍ਹੀ ਰਹਿਣੀ ਚਾਹੀਦੀ ਹੈ।
- ਬੱਚਿਆਂ ਨੂੰ ਬੂਲਿੰਗ ਆਦਿ ਨਾਲ ਨਜਿੱਠਣਾ ਸਿਖਾਉਣਾ ਚਾਹੀਦਾ ਹੈ।
- ਬੱਚਿਆਂ ਦੀ ਸਮੇ-ਸਮੇਂ ਤਾਰੀਫ਼ ਕਰ ਕੇ ਉਨ੍ਹਾਂ ਨੂੰ ਚੰਗੇ ਵਿਹਾਰ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
- ਬੱਚਿਆਂ ਦੇ ਅਧਿਆਪਕਾਂ ਨਾਲ ਤਾਲਮੇਲ ਬਣਾ ਕੇ ਰੱਖਣਾ ਚਾਹੀਦਾ ਹੈ।

ਤਸਵੀਰ ਸਰੋਤ, Getty Images
ਡਾਕਟਰ ਪੂਰਨਿਮਾ ਕਹਿੰਦੇ ਹਨ ਕਿ ਬੱਚਿਆਂ ਨੂੰ ਆਪਣੇ ਅਹਿਸਾਸ ਅਤੇ ਭਾਵ ਸਹੀ ਤਰੀਕੇ ਨਾਲ ਪ੍ਰਗਟ ਕਰਨਾ ਸਿਖਾਉਣਾ ਮਾਪਿਆਂ ਦੀ ਜ਼ਿੰਮੇਵਾਰੀ ਹੈ।
"ਜੇ ਮਾਪੇ ਬੱਚਿਆਂ ਸਾਹਮਣੇ ਕਿਸੇ ਗ਼ਲਤੀ ਉੱਤੇ ਚੀਕਦੇ ਹਨ ਤਾਂ ਬੱਚੇ ਇਸ ਨੂੰ ਸਹਿਜ ਰਵੱਈਏ ਵੱਜੋਂ ਦੇਖਦੇ ਹਨ। ਉਹ ਵੀ ਚੀਕਣਾ, ਉੱਚੀ ਬੋਲਣਾ ਸ਼ੁਰੂ ਕਰ ਦੇਣਗੇ।"
ਡਾਕਟਰ ਪੂਰਨਿਮਾ ਅਗਰਵਾਲ ਮਾਪਿਆਂ ਨੂੰ ਬੱਚਿਆਂ ਸਾਹਮਣੇ ਬਹਿਸ ਕਰਨਾ ਜਾਂ ਲੜਾਈ ਝਗੜਾ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੰਦੇ ਹਨ।
ਉਹ ਕਹਿੰਦੇ ਹਨ, "ਜੇ ਕਦੀ ਬੱਚੇ ਸਾਹਮਣੇ ਅਜਿਹਾ ਵਿਹਾਰ ਹੋ ਵੀ ਜਾਵੇ ਤਾਂ ਬੱਚੇ ਨੂੰ ਆਪਣਾ ਗ਼ਲਤੀ ਅਤੇ ਅਜਿਹਾ ਹੋਣ ਦੇ ਕਾਰਨਾਂ ਬਾਰੇ ਸਮਝਾਓ।"
ਜੇ ਮਾਪੇ ਬੱਚਿਆਂ ਤੋਂ ਆਦਰਸ਼ ਵਿਹਾਰ ਚਾਹੁੰਦੇ ਹਨ ਤਾਂ ਖ਼ੁਦ ਵੀ ਉਨ੍ਹਾਂ ਸਾਹਮਣੇ ਰੋਲ ਮਾਡਲ ਬਣਨਾ ਪਵੇਗਾ।
ਪੂਰਨਿਮਾ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਮਾਪਿਆਂ ਨਾਲ ਤਾਲਮੇਲ ਬਣਾਅ ਕੇ ਰੱਖਣ ਦੀ ਸਲਾਹ ਦਿੰਦੇ ਹਨ।
ਉਹ ਕਹਿੰਦੇ ਹਨ ਕਿ ਜੇ ਬੱਚਾ ਕਈ ਦਿਨਾਂ ਤੱਕ ਪੜ੍ਹਾਈ ਵਿੱਚ ਅਣਗਹਿਲੀ ਕਰ ਰਿਹਾ ਹੈ ਤਾਂ ਅਧਿਆਪਕਾਂ ਨੂੰ ਪਹਿਲਾਂ ਬੱਚੇ ਨਾਲ ਅਤੇ ਫ਼ਿਰ ਉਸਦੇ ਮਾਪਿਆਂ ਨਾਲ ਗੱਲ ਕਰਨੀ ਚਾਹੀਦੀ ਹੈ।
ਉਹ ਕਹਿੰਦੇ ਹਨ, "ਕਈ ਮਾਮਲਿਆਂ ਵਿੱਚ ਬੱਚੇ ਆਪਣੀ ਗੱਲ ਮਾਪਿਆਂ ਨਾਲ ਜਾਂ ਅਧਿਆਪਕਾਂ ਨਾਲ ਸਾਂਝੀ ਨਹੀਂ ਕਰ ਪਾਉਂਦੇ ਅਜਿਹੀ ਸਥਿਤੀ ਵਿੱਚ ਬੱਚੇ ਨੂੰ ਕਿਸੇ ਚੰਗੇ ਭਰੋਸੇਮੰਦ ਕਾਉਂਸਲਰ ਨੂੰ ਦਿਖਾਉਣਾ ਚਾਹੀਦਾ ਹੈ।"
ਪੂਰਨਿਮਾ ਸਕੂਲਾਂ ਵਿੱਚ ਕਾਉਂਸਲਰ ਹੋਣ ਅਤੇ ਬੱਚਿਆਂ ਅਤੇ ਅਧਿਆਪਕਾਂ ਲਈ ਸਮੇਂ-ਸਮੇਂ ਵਰਕਸ਼ਾਪਾਂ ਹੋਣ ਦੀ ਲੋੜ ਉੱਤੇ ਜ਼ੋਰ ਦਿੰਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































