ਦੁਨੀਆ ਭਰ ਦੇ ਇਹ ਲੋਕ ਪਹਿਲਾਂ ਹੀ ਕਿਸੇ ਸੰਕਟ ਨਾਲ ਨਜਿੱਠਣ ਦੀ ਤਿਆਰੀ ਕਿਉਂ ਕਰ ਰਹੇ? ਕੀ ਇਹ ਜ਼ਿੰਮੇਵਾਰੀ ਹੈ ਜਾਂ ਘਬਰਾਹਟ?

ਸਵੀਡਨ ਸਰਕਾਰ ਵੱਲੋਂ ਐਮਰਜੈਂਸੀ ਸਬੰਧੀ ਸਲਾਹ ਵਾਲੀ ਪੁਸਤਿਕਾ ਉਨ੍ਹਾਂ ਦੇ ਘਰ ਪਹੁੰਚਾਏ ਜਾਣ ਤੋਂ ਬਾਅਦ ਐਂਡਰੀਅਸ ਨੇ ਤਿਆਰੀ ਕਰਨੀ ਸ਼ੁਰੂ ਕੀਤੀ
ਤਸਵੀਰ ਕੈਪਸ਼ਨ, ਸਵੀਡਨ ਸਰਕਾਰ ਵੱਲੋਂ ਐਮਰਜੈਂਸੀ ਸਬੰਧੀ ਸਲਾਹ ਵਾਲੀ ਪੁਸਤਿਕਾ ਉਨ੍ਹਾਂ ਦੇ ਘਰ ਪਹੁੰਚਾਏ ਜਾਣ ਤੋਂ ਬਾਅਦ ਐਂਡਰੀਅਸ ਨੇ ਤਿਆਰੀ ਕਰਨੀ ਸ਼ੁਰੂ ਕੀਤੀ
    • ਲੇਖਕ, ਗ੍ਰੇਸ ਡੀਨ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਯੂਕੇ ਸਰਕਾਰ ਵੱਲੋਂ ਹਾਲ ਵਿੱਚ ਦੇਸ਼ ਦੇ ਪਰਿਵਾਰਾਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਕਿਸੇ ਵੀ ਪ੍ਰਕਾਰ ਦੀ ਕੌਮੀ ਐਮਰਜੈਂਸੀ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਇਕੱਠੀਆਂ ਕਰਕੇ ਰੱਖਣੀਆਂ ਚਾਹੀਦੀਆਂ ਹਨ।

ਇਸ ਸਰਕਾਰੀ ਸਲਾਹ ਤੋਂ ਬਾਅਦ, ਕੁਝ ਦੁਕਾਨਾਂ ਵਿੱਚ ਡੱਬਾਬੰਦ ਖਾਣੇ, ਰੇਡੀਓ ਅਤੇ ਟਾਰਚਾਂ ਦੀ ਵਿੱਕਰੀ ਵਿੱਚ ਭਾਰੀ ਵਾਧਾ ਹੋਇਆ ਹੈ।

ਹਾਲਾਂਕਿ, ਇਸ ਤਰ੍ਹਾਂ ਦਾ ਸਾਮਾਨ ਇਕੱਠਾ ਕਰਕੇ ਰੱਖਣਾ ਜਾਂ 'ਸੰਕਟ ਲਈ ਨਿੱਜੀ ਕਿੱਟ' ਤਿਆਰ ਕਰਨਾ ਯੂਕੇ ਲਈ ਨਵੀਂ ਗੱਲ ਹੋ ਸਕਦੀ ਹੈ, ਪਰ ਦੁਨੀਆ ਦੇ ਕਈ ਹਿੱਸਿਆਂ ਵਿੱਚ ਇਹ ਕਾਫ਼ੀ ਆਮ ਹੈ।

ਜਿਹੜੇ ਦੇਸ਼ ਗੰਭੀਰ ਮੌਸਮੀ ਹਾਲਾਤਾਂ, ਕੁਦਰਤੀ ਆਫ਼ਤਾਂ ਅਤੇ ਤਣਾਅਪੂਰਨ ਭੂ-ਸਿਆਸੀ ਸਥਿਤੀਆਂ ਦਾ ਸਾਹਮਣਾ ਕਰਦੇ ਹਨ, ਉਹ ਅਕਸਰ ਐਮਰਜੈਂਸੀ ਦੀ ਤਿਆਰੀ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹਨ। ਕੁਝ ਦੇਸ਼ ਤਾਂ ਲੋਕਾਂ ਦੇ ਘਰਾਂ ਤੱਕ ਸਿੱਧੇ ਛੋਟੀਆਂ ਪੁਸਤਿਕਾਵਾਂ ਵੀ ਪਹੁੰਚਾਉਂਦੇ ਹਨ।

ਐਮਰਜੈਂਸੀ ਲਈ ਇਕੱਠੀਆਂ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਚੀਜ਼ਾਂ ਵਿੱਚ ਕੀ-ਕੀ ਸ਼ਾਮਿਲ ਹੁੰਦਾ ਹੈ ਅਤੇ ਲੋਕ ਇਨ੍ਹਾਂ ਦਾ ਪ੍ਰਬੰਧ ਕਿਵੇਂ ਕਰਦੇ ਹਨ?

ਇਹ ਇੱਕ 'ਚੇਤਾਵਨੀ' ਸੀ, ਪਰ ਮੈਂ ਬਹੁਤ ਜ਼ਿਆਦਾ ਚਿੰਤਤ ਨਹੀਂ ਹਾਂ - ਐਂਡਰੀਅਸ, ਸਵੀਡਨ

ਸਟਾਕਹੋਮ ਵਿੱਚ ਰਹਿਣ ਵਾਲੇ ਐਂਡਰੀਅਸ ਨੇ ਆਪਣੇ ਬੇਸਮੈਂਟ ਵਿੱਚ ਕੁਝ ਜ਼ਰੂਰੀ ਸਾਮਾਨ ਇਕੱਠਾ ਕੀਤਾ ਹੋਇਆ ਹੈ
ਤਸਵੀਰ ਕੈਪਸ਼ਨ, ਸਟਾਕਹੋਮ ਵਿੱਚ ਰਹਿਣ ਵਾਲੇ ਐਂਡਰੀਅਸ ਨੇ ਆਪਣੇ ਬੇਸਮੈਂਟ ਵਿੱਚ ਕੁਝ ਜ਼ਰੂਰੀ ਸਾਮਾਨ ਇਕੱਠਾ ਕੀਤਾ ਹੋਇਆ ਹੈ

30 ਸਾਲਾ ਐਂਡਰੀਅਸ ਵੇਨਰਬਰਗ ਨੇ ਐਮਰਜੈਂਸੀ ਸਥਿਤੀਆਂ ਦੀ ਤਿਆਰੀ ਬਾਰੇ ਕਦੇ ਨਹੀਂ ਸੋਚਿਆ ਸੀ, ਫਿਰ ਦੋ ਸਾਲ ਪਹਿਲਾਂ ਉਨ੍ਹਾਂ ਦੇ ਘਰ ਸਰਕਾਰ ਵੱਲੋਂ ਇੱਕ ਪੁਸਤਿਕਾ ਪਹੁੰਚੀ।

ਸਵੀਡਨ ਵਿੱਚ ਹਰ ਘਰ ਤੱਕ ਪਹੁੰਚਾਈ ਗਈ ਇਸ ਪੁਸਤਿਕਾ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਸੀ ਕਿ 'ਸੰਕਟ ਜਾਂ ਜੰਗ ਦੀ ਸਥਿਤੀ' ਵਿੱਚ ਲੋਕਾਂ ਨੂੰ ਕਿਹੜੀਆਂ ਚੀਜ਼ਾਂ ਇਕੱਠੀਆਂ ਕਰਕੇ ਰੱਖਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ।

ਸਟਾਕਹੋਮ ਵਿੱਚ ਰਹਿਣ ਵਾਲੇ ਐਂਡਰੀਅਸ ਨੇ ਆਪਣੇ ਬੇਸਮੈਂਟ ਵਿੱਚ ਕੁਝ ਜ਼ਰੂਰੀ ਸਾਮਾਨ ਇਕੱਠਾ ਕੀਤਾ ਹੋਇਆ ਹੈ। ਇਸ ਵਿੱਚ ਹੱਥ ਨਾਲ ਘੁੰਮਾ ਕੇ ਚੱਲਣ ਵਾਲਾ ਰੇਡੀਓ, 10 ਲੀਟਰ ਪਾਣੀ ਵਾਲਾ ਇੱਕ ਟੈਂਕ ਅਤੇ ਲਗਭਗ 200 ਯੂਰੋ ਨਕਦ ਸ਼ਾਮਿਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਚੀਜ਼ਾਂ ਪਹਿਲਾਂ ਹੀ ਉਨ੍ਹਾਂ ਕੋਲ ਮੌਜੂਦ ਸਨ।

ਉਹ ਇਸ ਨੂੰ ਇੱਕ 'ਚੇਤਾਵਨੀ' ਮੰਨਦੇ ਹਨ, ਪਰ ਇਹ ਵੀ ਸਵੀਕਾਰ ਕਰਦੇ ਹਨ ਕਿ ਉਨ੍ਹਾਂ ਨੇ ਸਰਕਾਰ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਹੈ।

ਉਹ ਕਹਿੰਦੇ ਹਨ, "ਮੈਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹਾਂ... ਮੈਂ ਬਹੁਤ ਜ਼ਿਆਦਾ ਚਿੰਤਤ ਨਹੀਂ ਹਾਂ।"

ਮੇਰੇ ਕੋਲ 'ਰੋਟੇਟਿੰਗ ਪੈਂਟਰੀ' ਹੈ, ਤਾਂ ਜੋ ਖਾਣਾ ਖ਼ਰਾਬ ਨਾ ਹੋਵੇ - ਡੈਨ, ਮੈਰੀਲੈਂਡ, ਅਮਰੀਕਾ

ਡੈਨ ਕੋਲ ਇੱਕ 'ਰੋਟੇਟਿੰਗ ਪੈਂਟਰੀ' ਹੈ, ਯਾਨੀ ਅਜਿਹਾ ਭੰਡਾਰ ਜਿਸ ਵਿੱਚ ਰੱਖੇ ਸਾਮਾਨ ਨੂੰ ਸਮੇਂ-ਸਮੇਂ 'ਤੇ ਬਦਲਿਆ ਜਾਂਦਾ ਹੈ
ਤਸਵੀਰ ਕੈਪਸ਼ਨ, ਡੈਨ ਕੋਲ ਇੱਕ 'ਰੋਟੇਟਿੰਗ ਪੈਂਟਰੀ' ਹੈ, ਯਾਨੀ ਅਜਿਹਾ ਭੰਡਾਰ ਜਿਸ ਵਿੱਚ ਰੱਖੇ ਸਾਮਾਨ ਨੂੰ ਸਮੇਂ-ਸਮੇਂ 'ਤੇ ਬਦਲਿਆ ਜਾਂਦਾ ਹੈ

ਮੈਰੀਲੈਂਡ ਵਿੱਚ ਫਿਜ਼ੀਓਥੈਰੇਪਿਸਟ ਵਜੋਂ ਕੰਮ ਕਰਨ ਵਾਲੇ ਡੈਨ ਸੀ. ਨੇ ਪਿਤਾ ਬਣਨ ਤੋਂ ਬਾਅਦ ਐਮਰਜੈਂਸੀ ਲਈ ਸਾਮਾਨ ਇਕੱਠਾ ਕਰਨਾ ਸ਼ੁਰੂ ਕੀਤਾ। ਹੁਣ ਤੱਕ ਉਹ ਆਪਣੇ ਬੇਸਮੈਂਟ ਦੀਆਂ ਅਲਮਾਰੀਆਂ ਵਿੱਚ ਸਾਮਾਨ ਇਕੱਠਾ ਕਰਨ 'ਤੇ ਲਗਭਗ 6,000 ਡਾਲਰ ਖ਼ਰਚ ਕਰ ਚੁੱਕੇ ਹਨ।

38 ਸਾਲਾ ਡੈਨ ਦੇ ਦੋ ਬੱਚੇ ਹਨ, ਜਿਨ੍ਹਾਂ ਦੀ ਉਮਰ 10 ਸਾਲ ਤੋਂ ਘੱਟ ਹੈ। ਉਹ ਕਹਿੰਦੇ ਹਨ, "ਇੱਕ ਮਾਪੇ ਵਜੋਂ, ਇਹ ਮੇਰੀ ਜ਼ਿੰਮੇਵਾਰੀ ਦਾ ਹਿੱਸਾ ਹੈ।"

ਕੁਝ ਸਾਲ ਪਹਿਲਾਂ, ਫਰਵਰੀ ਦੇ ਮਹੀਨੇ ਵਿੱਚ ਜਦੋਂ ਬਹੁਤ ਜ਼ਿਆਦਾ ਠੰਢ ਪੈ ਰਹੀ ਸੀ, ਤਾਂ ਉਨ੍ਹਾਂ ਦਾ ਘਰ ਬਾਕੀ ਦੁਨੀਆ ਤੋਂ ਕੱਟਿਆ ਗਿਆ ਸੀ ਅਤੇ ਉਨ੍ਹਾਂ ਦਾ ਪਰਿਵਾਰ ਦੋ ਦਿਨਾਂ ਤੱਕ ਬਿਜਲੀ ਤੋਂ ਬਿਨਾਂ ਰਿਹਾ ਸੀ। ਹਾਲਾਂਕਿ ਉਨ੍ਹਾਂ ਨੇ ਪਹਿਲਾਂ ਹੀ ਜ਼ਰੂਰੀ ਸਾਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀ, ਪਰ ਉਹ ਕਹਿੰਦੇ ਹਨ, "ਮੈਂ ਜੋ ਤਿਆਰੀਆਂ ਕੀਤੀਆਂ ਸਨ, ਉਨ੍ਹਾਂ ਵਿੱਚ ਕਈ ਕਮੀਆਂ ਸਨ।"

ਡੈਨ ਕੋਲ ਹੁਣ 150 ਗੈਲਨ ਪਾਣੀ ਅਤੇ ਨਰਮ ਪਲਾਸਟਿਕ ਦੇ ਕਈ ਵੱਡੇ ਕੰਟੇਨਰ ਹਨ, ਜਿਨ੍ਹਾਂ ਨੂੰ ਪਾਣੀ ਨਾਲ ਭਰ ਕੇ ਬਾਥਟੱਬ ਵਿੱਚ ਰੱਖਿਆ ਜਾ ਸਕਦਾ ਹੈ। ਉਹ ਕਲੋਰੀਨ ਡਾਈਆਕਸਾਈਡ ਦੀਆਂ ਗੋਲੀਆਂ ਵੀ ਰੱਖਦੇ ਹਨ, ਜਿਨ੍ਹਾਂ ਦੀ ਵਰਤੋਂ ਅਕਸਰ ਨਦੀਆਂ ਜਾਂ ਝਰਨਿਆਂ ਦੇ ਪਾਣੀ ਨੂੰ ਪੀਣ ਲਈ ਸੁਰੱਖਿਅਤ ਬਣਾਉਣ ਵਾਸਤੇ ਕੀਤੀ ਜਾਂਦੀ ਹੈ।

ਉਨ੍ਹਾਂ ਕੋਲ ਇੱਕ 'ਰੋਟੇਟਿੰਗ ਪੈਂਟਰੀ' ਹੈ, ਯਾਨੀ ਅਜਿਹਾ ਭੰਡਾਰ ਜਿਸ ਵਿੱਚ ਰੱਖੇ ਸਾਮਾਨ ਨੂੰ ਸਮੇਂ-ਸਮੇਂ 'ਤੇ ਬਦਲਿਆ ਜਾਂਦਾ ਹੈ। ਇਸ ਵਿੱਚ ਓਟਸ, ਕੁਇਨੋਆ ਅਤੇ ਪੀਨਟ ਬਟਰ ਵਰਗੀਆਂ ਲੰਬੇ ਸਮੇਂ ਤੱਕ ਖ਼ਰਾਬ ਨਾ ਹੋਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਸ਼ਾਮਿਲ ਹਨ।

ਉਹ ਇਨ੍ਹਾਂ ਚੀਜ਼ਾਂ ਦੀ ਵਰਤੋਂ ਖਾਣਾ ਬਣਾਉਣ ਲਈ ਕਰਦੇ ਰਹਿੰਦੇ ਹਨ ਅਤੇ ਫਿਰ ਇਨ੍ਹਾਂ ਦੀ ਥਾਂ ਨਵਾਂ ਸਾਮਾਨ ਰੱਖ ਦਿੰਦੇ ਹਨ, ਤਾਂ ਜੋ "ਸਾਮਾਨ ਬਸ ਇੰਝ ਹੀ ਪਿਆ ਰਹਿ ਕੇ ਐਕਸਪਾਇਰ ਨਾ ਹੋਵੇ।" ਚਾਰ ਜੀਆਂ ਦੇ ਆਪਣੇ ਪਰਿਵਾਰ ਲਈ ਉਨ੍ਹਾਂ ਕੋਲ ਲਗਭਗ ਤਿੰਨ ਮਹੀਨਿਆਂ ਦਾ ਰਾਸ਼ਨ ਮੌਜੂਦ ਹੈ।

ਡੈਨ ਕੋਲ ਸੋਲਰ ਪੈਨਲ, ਕੈਂਪਿੰਗ ਸਟੋਵ, ਟੈਂਟ, ਲੱਕੜ ਅਤੇ ਪ੍ਰੋਪੇਨ ਨਾਲ ਚੱਲਣ ਵਾਲਾ ਇੱਕ ਫਾਇਰਪਲੇਸ ਵੀ ਹੈ, ਜੋ ਬਿਜਲੀ ਦੇ ਗਰਿੱਡ ਤੋਂ ਬਿਨਾਂ ਵੀ ਕੰਮ ਕਰ ਸਕਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਮੈਡੀਕਲ ਸਾਮਾਨ ਵੀ ਕਾਫ਼ੀ ਮਾਤਰਾ ਵਿੱਚ ਰੱਖਿਆ ਹੋਇਆ ਹੈ, ਜਿਸ ਵਿੱਚ ਖ਼ੂਨ ਵਗਣ ਤੋਂ ਰੋਕਣ ਵਾਲੀ ਕਿੱਟ ਵੀ ਸ਼ਾਮਿਲ ਹੈ।

ਅਮਰੀਕਾ ਵਿੱਚ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਲੋਕਾਂ ਨੂੰ ਸਲਾਹ ਦਿੰਦੀ ਹੈ ਕਿ ਉਹ ਐਮਰਜੈਂਸੀ ਕਿੱਟ ਤਿਆਰ ਰੱਖਣ, ਆਪਣੇ ਪਰਿਵਾਰ ਲਈ ਐਮਰਜੈਂਸੀ ਯੋਜਨਾ ਬਣਾਉਣ ਅਤੇ ਵੱਖ-ਵੱਖ ਤਰ੍ਹਾਂ ਦੀਆਂ ਐਮਰਜੈਂਸੀ ਸਥਿਤੀਆਂ ਵਿੱਚ ਕੀ ਕਰਨਾ ਹੈ, ਇਸ ਬਾਰੇ ਜਾਣਕਾਰੀ ਰੱਖਣ।

ਡੈਨ ਦਾ ਕਹਿਣਾ ਹੈ ਕਿ ਐਮਰਜੈਂਸੀ ਦੀ ਯੋਜਨਾਬੰਦੀ ਦੇ ਮਾਮਲੇ ਵਿੱਚ, "ਲੋਕ ਅਕਸਰ ਬਹੁਤ ਜ਼ਿਆਦਾ ਘਬਰਾ ਸਕਦੇ ਹਨ ਅਤੇ ਸਭ ਤੋਂ ਮਾੜੇ ਹਾਲਾਤਾਂ ਦੀ ਕਲਪਨਾ ਕਰਨ ਲੱਗ ਪੈਂਦੇ ਹਨ।" ਪਰ ਉਨ੍ਹਾਂ ਲਈ ਇਹ ਸਿਰਫ਼ "ਜ਼ਿੰਮੇਵਾਰ" ਹੋਣਾ ਹੈ।

ਮੈਂ ਹਰ ਸਾਲ ਆਪਣੀ ਐਮਰਜੈਂਸੀ ਕਿੱਟ ਨੂੰ ਅਪਡੇਟ ਕਰਦੀ ਹਾਂ - ਆਯੁਮੀ, ਜਾਪਾਨ

ਐਮਰਜੈਂਸੀ ਬੈਗ ਦਾ ਸਾਮਾਨ
ਤਸਵੀਰ ਕੈਪਸ਼ਨ, ਟੋਕੀਓ ਸਰਕਾਰ ਕੋਲ ਆਫ਼ਤਾਂ ਤੋਂ ਬਚਾਅ ਲਈ 68 ਪੰਨਿਆਂ ਦੀ ਇੱਕ ਗਾਈਡ ਹੈ, ਜਿਸ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਐਮਰਜੈਂਸੀ ਕਿੱਟ ਵਿੱਚ ਕੀ-ਕੀ ਰੱਖਣਾ ਚਾਹੀਦਾ ਹੈ ਅਤੇ ਵੱਖ-ਵੱਖ ਐਮਰਜੈਂਸੀ ਸਥਿਤੀਆਂ ਵਿੱਚ ਕੀ ਕਰਨਾ ਚਾਹੀਦਾ ਹੈ

ਟੋਕੀਓ ਵਿੱਚ ਰਹਿਣ ਵਾਲੇ ਆਯੁਮੀ ਟੀ. ਨੇ ਭੂਚਾਲ, ਤੂਫ਼ਾਨ ਅਤੇ ਭਿਆਨਕ ਗਰਮੀ ਵਰਗੀਆਂ ਸਥਿਤੀਆਂ ਨਾਲ ਨਜਿੱਠਣ ਲਈ ਕਈ ਸਾਲਾਂ ਤੋਂ ਇੱਕ ਐਮਰਜੈਂਸੀ ਬੈਗ ਤਿਆਰ ਰੱਖਿਆ ਹੋਇਆ ਹੈ।

ਪਰ 2024 ਵਿੱਚ ਆਏ ਇੱਕ ਭੂਚਾਲ ਤੋਂ ਬਾਅਦ, ਜਿਸ ਵਿੱਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਜਾਪਾਨ ਦੇ ਨੋਟੋ ਪ੍ਰਾਇਦੀਪ ਵਿੱਚ ਭਾਰੀ ਤਬਾਹੀ ਹੋਈ ਸੀ, ਆਯੁਮੀ ਨੇ ਹੋਰ ਵੀ ਜ਼ਿਆਦਾ ਸਾਮਾਨ ਇਕੱਠਾ ਕਰ ਲਿਆ।

ਟੋਕੀਓ ਸਰਕਾਰ ਕੋਲ ਆਫ਼ਤਾਂ ਤੋਂ ਬਚਾਅ ਲਈ 68 ਪੰਨਿਆਂ ਦੀ ਇੱਕ ਗਾਈਡ ਹੈ, ਜਿਸ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਐਮਰਜੈਂਸੀ ਕਿੱਟ ਵਿੱਚ ਕੀ-ਕੀ ਰੱਖਣਾ ਚਾਹੀਦਾ ਹੈ ਅਤੇ ਵੱਖ-ਵੱਖ ਐਮਰਜੈਂਸੀ ਸਥਿਤੀਆਂ ਵਿੱਚ ਕੀ ਕਰਨਾ ਚਾਹੀਦਾ ਹੈ।

ਆਪਣੀ ਅਲਮਾਰੀ ਵਿੱਚ ਰੱਖੇ ਐਮਰਜੈਂਸੀ ਬੈਗ ਵਿੱਚ ਆਯੁਮੀ ਨੇ ਕੱਪੜੇ, ਤੌਲੀਏ, ਮਾਹਵਾਰੀ ਨਾਲ ਸਬੰਧਤ ਵਸਤੂਆਂ, ਡਿਸਪੋਜ਼ੇਬਲ ਚੌਪਸਟਿਕਸ, ਸਟਿੱਕੀ ਨੋਟਸ, ਇੱਕ ਵਾਰ ਵਰਤੋਂ ਵਾਲੇ ਮਾਸਕ ਅਤੇ ਇੱਕ ਡਿਸਪੋਜ਼ੇਬਲ ਟਾਇਲਟ ਰੱਖਿਆ ਹੋਇਆ ਹੈ। ਇਸ ਤਰ੍ਹਾਂ ਦੇ ਟਾਇਲਟ ਦੀ ਵਰਤੋਂ ਹਾਈਕਿੰਗ ਕਰਨ ਵਾਲੇ ਅਤੇ ਕੈਂਪਿੰਗ ਕਰਨ ਵਾਲੇ ਲੋਕ ਵੀ ਕਰਦੇ ਹਨ।

ਯੂਨੀਵਰਸਿਟੀ ਵਿੱਚ ਕੰਮ ਕਰਨ ਵਾਲੇ 27 ਸਾਲਾ ਆਯੁਮੀ ਕਹਿੰਦੇ ਹਨ ਕਿ "ਇਨ੍ਹਾਂ ਵਿੱਚੋਂ ਜ਼ਿਆਦਾਤਰ ਸਾਮਾਨ ਪੁਰਾਣਾ ਹੈ, ਜਿਸ ਦੀ ਵਰਤੋਂ ਮੈਂ ਹੁਣ ਨਹੀਂ ਕਰਦੀ।"

ਹਰ ਨਵੇਂ ਸਾਲ 'ਤੇ ਉਨ੍ਹਾਂ ਦਾ ਪਰਿਵਾਰ ਆਪਣੀ ਐਮਰਜੈਂਸੀ ਕਿੱਟ ਦੀ ਜਾਂਚ ਕਰਦਾ ਹੈ ਅਤੇ ਲੋੜ ਪੈਣ 'ਤੇ ਇਸ ਨੂੰ ਅਪਡੇਟ ਕਰਦਾ ਹੈ। ਮਿਸਾਲ ਵਜੋਂ, ਐਕਸਪਾਇਰ ਹੋ ਚੁੱਕੇ ਖਾਣੇ ਦੀ ਥਾਂ ਨਵਾਂ ਸਾਮਾਨ ਰੱਖਿਆ ਜਾਂਦਾ ਹੈ।

ਮੈਂ 'ਥੋੜ੍ਹਾ-ਥੋੜ੍ਹਾ ਕਰਕੇ' ਸਾਮਾਨ ਇਕੱਠਾ ਕਰਦੀ ਹਾਂ — ਨਿਕੋਲ (ਜੌਰਜੀਆ, ਅਮਰੀਕਾ)

48 ਸਾਲਾ ਨਿਕੋਲ ਨੇ ਸਫ਼ਾਈ ਅਤੇ ਸਵੱਛਤਾ ਨਾਲ ਸਬੰਧਤ ਕਈ ਚੀਜ਼ਾਂ ਤੋਂ ਇਲਾਵਾ ਬੈਟਰੀਆਂ, ਪਾਵਰ ਬੈਂਕ, ਮੁੱਢਲੀ ਸਹਾਇਤਾ ਦਾ ਸਾਮਾਨ, ਰੀਚਾਰਜ ਹੋਣ ਵਾਲੇ ਪੱਖੇ, ਕੰਬਲ ਅਤੇ ਸਲੀਪਿੰਗ ਬੈਗ ਵੀ ਖ਼ਰੀਦੇ ਹਨ
ਤਸਵੀਰ ਕੈਪਸ਼ਨ, 48 ਸਾਲਾ ਨਿਕੋਲ ਨੇ ਸਫ਼ਾਈ ਅਤੇ ਸਵੱਛਤਾ ਨਾਲ ਸਬੰਧਤ ਕਈ ਚੀਜ਼ਾਂ ਤੋਂ ਇਲਾਵਾ ਬੈਟਰੀਆਂ, ਪਾਵਰ ਬੈਂਕ, ਮੁੱਢਲੀ ਸਹਾਇਤਾ ਦਾ ਸਾਮਾਨ, ਰੀਚਾਰਜ ਹੋਣ ਵਾਲੇ ਪੱਖੇ, ਕੰਬਲ ਅਤੇ ਸਲੀਪਿੰਗ ਬੈਗ ਵੀ ਖ਼ਰੀਦੇ ਹਨ

ਨਿਕੋਲ ਬੌਂਡਜ਼ ਦੱਸਦੇ ਹਨ ਕਿ ਪਿਛਲੇ ਪੰਜ ਸਾਲਾਂ ਤੋਂ ਉਨ੍ਹਾਂ ਦੇ ਮਨ ਵਿੱਚ ਇਹ ਸਵਾਲ ਚੱਲ ਰਿਹਾ ਹੈ ਕਿ "ਜੇ ਕੋਈ ਐਮਰਜੈਂਸੀ ਆ ਗਈ, ਤਾਂ ਕੀ ਹੋਵੇਗਾ?"

ਐਟਲਾਂਟਾ ਵਿੱਚ ਲੀਡਰਸ਼ਿਪ ਕੋਚ ਵਜੋਂ ਕੰਮ ਕਰਨ ਵਾਲੇ ਨਿਕੋਲ ਦਾ ਮੰਨਣਾ ਹੈ ਕਿ ਦੁਨੀਆ ਭਰ ਵਿੱਚ ਮੌਸਮ ਦੇ ਗੰਭੀਰ ਪੈਟਰਨਾਂ ਅਤੇ ਤੂਫ਼ਾਨਾਂ ਦੀਆਂ ਵਧਦੀਆਂ ਘਟਨਾਵਾਂ ਨੂੰ ਦੇਖਦਿਆਂ ਲੋਕਾਂ ਵਿੱਚ ਤਿਆਰੀ ਦੀ ਘਾਟ ਹੈ।

ਉਨ੍ਹਾਂ ਦਾ ਮੰਤਰ ਹੈ, "ਘਬਰਾਓ ਨਾ, ਸਗੋਂ ਤਿਆਰ ਰਹੋ।"

48 ਸਾਲਾ ਨਿਕੋਲ ਨੇ ਸਫ਼ਾਈ ਅਤੇ ਸਵੱਛਤਾ ਨਾਲ ਸਬੰਧਤ ਕਈ ਚੀਜ਼ਾਂ ਤੋਂ ਇਲਾਵਾ ਬੈਟਰੀਆਂ, ਪਾਵਰ ਬੈਂਕ, ਮੁੱਢਲੀ ਸਹਾਇਤਾ ਦਾ ਸਾਮਾਨ, ਰੀਚਾਰਜ ਹੋਣ ਵਾਲੇ ਪੱਖੇ, ਕੰਬਲ ਅਤੇ ਸਲੀਪਿੰਗ ਬੈਗ ਵੀ ਖ਼ਰੀਦੇ ਹਨ।

ਖ਼ਰਚਾ ਘੱਟ ਰੱਖਣ ਲਈ ਉਹ ਹੌਲੀ-ਹੌਲੀ ਆਪਣਾ ਭੰਡਾਰ ਵਧਾਉਣ ਦੇ ਮਕਸਦ ਨਾਲ 'ਥੋੜ੍ਹਾ-ਥੋੜ੍ਹਾ ਕਰਕੇ' ਸਾਮਾਨ ਖ਼ਰੀਦਦੇ ਰਹਿੰਦੇ ਹਨ। ਉਹ ਇਨ੍ਹਾਂ ਵਿੱਚੋਂ ਕੁਝ ਚੀਜ਼ਾਂ ਆਪਣੇ ਬਿਸਤਰੇ ਹੇਠਾਂ, ਪੈਕਿੰਗ ਬੈਗਾਂ ਵਿੱਚ ਅਤੇ ਰਸੋਈ ਦੀਆਂ ਅਲਮਾਰੀਆਂ ਵਿੱਚ ਰੱਖਦੇ ਹਨ।

ਮੇਰੀ ਪਤਨੀ ਨੂੰ ਪਹਿਲਾਂ ਇਹ ਗੱਲ ਸਮਝ ਨਹੀਂ ਆਈ, ਪਰ ਹੁਣ ਉਹ ਸਮਝ ਗਏ ਹਨ - ਮਾਈਕਲ (ਨੀਦਰਲੈਂਡਜ਼)

39 ਸਾਲਾ ਮਾਈਕਲ ਆਪਣੀ ਪਤਨੀ ਅਤੇ ਪੰਜ ਸਾਲ ਦੇ ਬੇਟੇ ਨਾਲ ਹੌਰਨ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਕੁਝ ਸਾਲ ਪਹਿਲਾਂ ਹੀ ਆਪਣੀ ਐਮਰਜੈਂਸੀ ਕਿੱਟ ਤਿਆਰ ਕਰਨੀ ਸ਼ੁਰੂ ਕੀਤੀ ਸੀ
ਤਸਵੀਰ ਕੈਪਸ਼ਨ, 39 ਸਾਲਾ ਮਾਈਕਲ ਆਪਣੀ ਪਤਨੀ ਅਤੇ ਪੰਜ ਸਾਲ ਦੇ ਬੇਟੇ ਨਾਲ ਹੌਰਨ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਕੁਝ ਸਾਲ ਪਹਿਲਾਂ ਹੀ ਆਪਣੀ ਐਮਰਜੈਂਸੀ ਕਿੱਟ ਤਿਆਰ ਕਰਨੀ ਸ਼ੁਰੂ ਕੀਤੀ ਸੀ

ਨੀਦਰਲੈਂਡਜ਼ ਵਿੱਚ ਮਾਈਕਲ ਸਟੂਟ ਜਿੱਥੇ ਰਹਿੰਦੇ ਹਨ, ਉਹ ਇਲਾਕਾ ਸਮੁੰਦਰ ਦੇ ਪੱਧਰ ਤੋਂ ਹੇਠਾਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਾ ਸਿਰਫ਼ ਖ਼ਰਾਬ ਮੌਸਮ, ਸਗੋਂ ਜੰਗ ਦੀ ਸੰਭਾਵਨਾ ਨੂੰ ਲੈ ਕੇ ਵੀ ਚਿੰਤਾ ਰਹਿੰਦੀ ਹੈ।

39 ਸਾਲਾ ਮਾਈਕਲ ਆਪਣੀ ਪਤਨੀ ਅਤੇ ਪੰਜ ਸਾਲ ਦੇ ਬੇਟੇ ਨਾਲ ਹੌਰਨ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਕੁਝ ਸਾਲ ਪਹਿਲਾਂ ਹੀ ਆਪਣੀ ਐਮਰਜੈਂਸੀ ਕਿੱਟ ਤਿਆਰ ਕਰਨੀ ਸ਼ੁਰੂ ਕੀਤੀ ਸੀ।

ਮਾਈਕਲ ਨੇ ਆਪਣੇ ਕੋਲ ਕਾਫ਼ੀ ਮਾਤਰਾ ਵਿੱਚ ਜ਼ਰੂਰੀ ਉਪਕਰਨ ਅਤੇ ਖਾਣ-ਪੀਣ ਦਾ ਸਾਮਾਨ ਇਕੱਠਾ ਕਰਕੇ ਰੱਖਿਆ ਹੋਇਆ ਹੈ। ਇਸ ਵਿੱਚ 'ਸਟਾਰਲਿੰਕ ਮਿਨੀ' ਵੀ ਸ਼ਾਮਿਲ ਹੈ, ਜੋ ਇੰਟਰਨੈੱਟ ਦੀ ਵਰਤੋਂ ਲਈ ਇੱਕ ਛੋਟਾ ਅਤੇ ਹਲਕਾ ਸੈਟੇਲਾਈਟ ਡਿਵਾਈਸ ਹੈ।

ਉਨ੍ਹਾਂ ਨੇ ਇਹ ਸਾਮਾਨ ਆਪਣੇ ਘਰ ਦੀ ਚੁਬਾਰੇ ਵਾਲੀ ਥਾਂ ਅਤੇ ਘਰ ਦੇ ਹੇਠਾਂ ਬਣੀ ਖਾਲੀ ਜਗ੍ਹਾ ਵਿੱਚ ਰੱਖਿਆ ਹੋਇਆ ਹੈ। ਇੱਥੇ ਲਗਭਗ 120 ਲੀਟਰ ਪਾਣੀ, ਕੁਝ ਨਕਦੀ, ਮੁੱਢਲੀ ਸਹਾਇਤਾ ਲਈ ਇੱਕ ਕਿੱਟ ਅਤੇ ਇੱਕ ਜਨਰੇਟਰ ਮੌਜੂਦ ਹੈ।

ਇਸ ਸਾਲ ਦੀ ਸ਼ੁਰੂਆਤ ਵਿੱਚ ਮਾਈਕਲ ਨੇ ਇੱਕ ਐਪ ਬਣਾਈ, ਜਿਸ ਵਿੱਚ ਉਹ ਆਪਣੇ ਕੋਲ ਮੌਜੂਦ ਖਾਣ-ਪੀਣ ਦੇ ਸਾਮਾਨ ਅਤੇ ਉਸ ਦੀ ਐਕਸਪਾਇਰੀ ਦੀ ਤਾਰੀਖ਼ ਦਾ ਹਿਸਾਬ ਰੱਖਦੇ ਹਨ।

ਉਹ ਕਹਿੰਦੇ ਹਨ, "ਤਿਆਰੀ ਕਰਨ ਦਾ ਮਤਲਬ ਘਬਰਾਉਣਾ ਨਹੀਂ ਹੈ। ਇਸ ਦਾ ਮਤਲਬ ਹੈ ਕਿ ਜਦੋਂ ਬਿਜਲੀ ਚਲੀ ਜਾਵੇ ਜਾਂ ਹਾਲਾਤ ਖ਼ਰਾਬ ਹੋ ਜਾਣ, ਤਾਂ ਵੀ ਤੁਸੀਂ ਸ਼ਾਂਤ ਰਹਿ ਸਕੋ।"

ਸਾਲ 2025 ਦੇ ਅਖ਼ੀਰ ਵਿੱਚ, ਡੱਚ ਅਧਿਕਾਰੀਆਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਵਿੱਚ ਲੋਕਾਂ ਨੂੰ ਆਪਣੇ ਘਰਾਂ ਵਿੱਚ ਘੱਟੋ-ਘੱਟ 72 ਘੰਟਿਆਂ ਤੱਕ ਗੁਜ਼ਾਰਾ ਕਰਨ ਲਈ ਲੋੜੀਂਦਾ ਸਾਮਾਨ ਰੱਖਣ ਦੀ ਸਲਾਹ ਦਿੱਤੀ ਗਈ ਸੀ। ਅਜਿਹੀ ਹੀ ਸਲਾਹ ਹਾਲ ਹੀ ਵਿੱਚ ਯੂਕੇ ਦੇ ਅਧਿਕਾਰੀਆਂ ਨੇ ਵੀ ਦਿੱਤੀ ਹੈ।

ਜਦੋਂ ਮਾਈਕਲ ਨੇ ਇਸ ਤਰ੍ਹਾਂ ਦੀ ਤਿਆਰੀ ਸ਼ੁਰੂ ਕੀਤੀ ਸੀ, ਉਦੋਂ ਉਨ੍ਹਾਂ ਦੇ ਪਤਨੀ ਨੂੰ ਲੱਗਿਆ ਸੀ ਕਿ ਅਜਿਹਾ ਕਰਨ ਦੀ ਲੋੜ ਨਹੀਂ ਹੈ, ਪਰ ਹੁਣ ਉਹ ਇਸ ਦੀ ਅਹਿਮੀਅਤ ਸਮਝਦੇ ਹਨ। ਉਨ੍ਹਾਂ ਨੇ ਆਪਣੇ ਪੰਜ ਸਾਲ ਦੇ ਬੇਟੇ ਨੂੰ ਦੱਸਿਆ ਹੈ ਕਿ ਇਹ ਸਾਮਾਨ ਸਿਰਫ਼ ਉਸ ਸਮੇਂ ਲਈ ਹੈ, ਜਦੋਂ ਉਨ੍ਹਾਂ ਦਾ ਦੁਕਾਨ 'ਤੇ ਜਾਣ ਦਾ ਮਨ ਨਾ ਹੋਵੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ "ਬੱਚੇ 'ਤੇ ਕੋਈ ਬੋਝ ਨਹੀਂ ਪਾਉਣਾ ਚਾਹੁੰਦੇ।"

ਮਾਈਕਲ ਨੂੰ ਤਿੰਨ ਦਿਨਾਂ ਲਈ ਲੋੜੀਂਦਾ ਸਾਮਾਨ ਰੱਖਣ ਦੀ ਇਸ ਸਲਾਹ 'ਤੇ ਥੋੜ੍ਹਾ ਸ਼ੱਕ ਹੈ, ਅਜਿਹੀ ਹੀ ਸਲਾਹ ਯੂਕੇ 'ਚ ਵੀ ਦਿੱਤੀ ਗਈ ਹੈ। ਪਰ ਉਹ ਕਹਿੰਦੇ ਹਨ, "ਜੇਕਰ ਹਰ ਘਰ ਵਿੱਚ ਕੁਝ ਬੁਨਿਆਦੀ ਚੀਜ਼ਾਂ ਮੌਜੂਦ ਹੋਣ, ਤਾਂ ਐਮਰਜੈਂਸੀ ਸੇਵਾਵਾਂ ਲਈ ਉਨ੍ਹਾਂ ਲੋਕਾਂ ਤੱਕ ਮਦਦ ਪਹੁੰਚਾਉਣਾ ਆਸਾਨ ਹੋ ਜਾਂਦਾ ਹੈ, ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ।"

ਐਡੀਸ਼ਨਲ ਰਿਪੋਰਟਿੰਗ: ਹਾਨੇ ਤਾਕਾਹਾਸ਼ੀ ਅਤੇ ਰਿਚਰਡ ਫ੍ਰੌਸਟ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)