ਹਿੰਦੂ ਕਾਰੋਬਾਰੀ ਦਾ ਘਰ, ਜਿਸ ਨੂੰ 'ਕਰਾਚੀ ਦਾ ਤਾਜ ਮਹਿਲ' ਕਹਿੰਦੇ, ਕਈ ਵਾਰ ਵੀਰਾਨ ਹੋਇਆ, ਕਈ ਯਾਦਾਂ ਇਸ ਵਿੱਚ ਮੌਜੂਦ

ਕਰਾਚੀ ਦੇ ਮੋਹੱਟਾ ਮਹਿਲ ਦੀ ਤਸਵੀਰ
ਤਸਵੀਰ ਕੈਪਸ਼ਨ, ਕਰਾਚੀ ਦੀ ਇਸ ਇਮਾਰਤ ਤੋਂ ਨਜ਼ਰਾਂ ਹਟਾਏ ਬਿਨਾਂ ਉੱਥੋਂ ਲੰਘਣਾ ਮੁਸ਼ਕਲ ਹੈ
    • ਲੇਖਕ, ਰਸ਼ੀਦ ਸ਼ਕੂਰ
    • ਰੋਲ, ਕਰਾਚੀ ਤੋਂ ਬੀਬੀਸੀ ਲਈ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 11 ਮਿੰਟ

ਪਾਕਿਸਤਾਨ ਵਿੱਚ ਕਰਾਚੀ ਦੇ ਲੋਕ ਜਦੋਂ ਕਲਿਫ਼ਟਨ ਦੇ ਸਮੁੰਦਰੀ ਤੱਟ ਵੱਲ ਜਾਂਦੇ ਹਨ, ਤਾਂ ਰਸਤੇ ਵਿੱਚ ਉਨ੍ਹਾਂ ਨੂੰ ਗੁਲਾਬੀ ਅਤੇ ਪੀਲੇ ਪੱਥਰਾਂ ਨਾਲ ਬਣੀ ਇੱਕ ਪੁਰਾਣੀ ਇਮਾਰਤ ਦਿਖਾਈ ਦਿੰਦੀ ਹੈ। ਇਸ ਇਮਾਰਤ ਤੋਂ ਨਜ਼ਰਾਂ ਹਟਾਏ ਬਿਨਾਂ ਉੱਥੋਂ ਲੰਘਣਾ ਮੁਸ਼ਕਲ ਹੈ।

ਕਰਾਚੀ ਦੀ ਇਸ ਇਮਾਰਤ ਦਾ ਨਾਂ ਮੋਹੱਟਾ ਪੈਲੇਸ ਹੈ। ਇਸ ਨੂੰ ਦੇਖ ਕੇ ਇਨਸਾਨ ਉਸ ਦੌਰ ਵਿੱਚ ਪਹੁੰਚ ਜਾਂਦਾ ਹੈ, ਜਦੋਂ ਸਮੁੰਦਰ ਦੀਆਂ ਸ਼ੋਰ ਮਚਾਉਂਦੀਆਂ ਲਹਿਰਾਂ ਕਲਿਫ਼ਟਨ ਦੇ ਕੰਢੇ ਨਾਲ ਟਕਰਾਉਂਦੀਆਂ ਸਨ।

ਉਸੇ ਦੌਰ ਵਿੱਚ ਇੱਕ ਹਿੰਦੂ ਮਾਰਵਾੜੀ ਕਾਰੋਬਾਰੀ ਦੇ ਮਨ ਵਿੱਚ ਸਮੁੰਦਰ ਦੇ ਬਿਲਕੁਲ ਨੇੜੇ ਇਹ ਇਮਾਰਤ ਬਣਵਾਉਣ ਦਾ ਖ਼ਿਆਲ ਆਇਆ ਸੀ। ਉਸ ਕਾਰੋਬਾਰੀ ਦਾ ਨਾਂ ਸ਼ਿਵ ਰਤਨ ਚੰਦਰ ਮੋਹੱਟਾ ਸੀ। ਉਨ੍ਹਾਂ ਨੇ ਆਪਣੀ ਪਤਨੀ ਲਈ ਇਹ ਮਹਿਲ ਬਣਵਾਇਆ ਸੀ।

ਇਸ ਮਹਿਲ ਨੂੰ ਬਣਾਉਣ ਵਿੱਚ ਖ਼ਾਸ ਤੌਰ 'ਤੇ ਜੋਧਪੁਰੀ ਗੁਲਾਬੀ ਪੱਥਰਾਂ ਦੀ ਵਰਤੋਂ ਕੀਤੀ ਗਈ ਹੈ।

ਰੇਲ ਦੀ ਪਟੜੀ ਵੀ ਵਿਛਵਾਈ

ਕਰਾਚੀ 'ਤੇ ਖੋਜ ਕਰਨ ਵਾਲੇ ਮਰਹੂਮ ਪੱਤਰਕਾਰ ਅਖ਼ਤਰ ਬਲੋਚ, ਖੋਜਕਾਰ ਇਕਬਾਲ ਏ. ਰਹਿਮਾਨ ਮਾਂਡਵੀਆ ਅਤੇ ਇਤਿਹਾਸਕਾਰ ਉਸਮਾਨ ਦਮੂਹੀ ਨੇ ਆਪਣੇ ਲੇਖਾਂ ਵਿੱਚ ਮੋਹੱਟਾ ਪੈਲੇਸ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ।

ਇਕਬਾਲ ਏ. ਰਹਿਮਾਨ ਮਾਂਡਵੀਆ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ, "ਸ਼ਿਵ ਰਤਨ ਮੋਹੱਟਾ ਨੇ ਕਰਾਚੀ ਵਿੱਚ ਲੋਹੇ ਦਾ ਕਾਰਖ਼ਾਨਾ ਲਗਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿੰਧ ਵਿੱਚ ਖ਼ਦਰੋ ਦੇ ਨੇੜੇ ਇੱਕ ਖੰਡ ਮਿੱਲ ਵੀ ਲਗਾਈ ਸੀ।"

"ਖੰਡ ਨੂੰ ਨੇੜਲੇ ਰੇਲਵੇ ਸਟੇਸ਼ਨ ਤੱਕ ਆਸਾਨੀ ਨਾਲ ਪਹੁੰਚਾਉਣ ਲਈ ਉਨ੍ਹਾਂ ਨੇ ਰੇਲ ਦੀ ਪਟੜੀ ਵੀ ਵਿਛਵਾਈ ਸੀ। ਇਹ 1939 ਦੀ ਗੱਲ ਹੈ।"

ਸ਼ਿਵ ਰਤਨ ਮੋਹੱਟਾ ਦੇ ਛੋਟੇ ਭਰਾ ਗੋਪਾਲ ਗੋਰਧਨ ਦਾਸ ਮੋਹੱਟਾ ਨੇ ਕਰਾਚੀ ਵਿੱਚ ਹਿੰਦੂ ਜਿਮਖ਼ਾਨਾ ਬਣਵਾਇਆ ਸੀ।

ਇਸ ਤਰ੍ਹਾਂ ਕਰਾਚੀ ਦੀਆਂ ਦੋ ਮਹੱਤਵਪੂਰਨ ਪੁਰਾਣੀਆਂ ਇਮਾਰਤਾਂ ਨਾਲ ਮੋਹੱਟਾ ਪਰਿਵਾਰ ਦਾ ਨਾਂ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ।

ਪਿਆਰ ਦੀ ਨਿਸ਼ਾਨੀ, ਪਿਆਰ ਦੀ ਕਹਾਣੀ

ਹਿੰਦੂ ਜਿਮਖਾਨਾ
ਤਸਵੀਰ ਕੈਪਸ਼ਨ, ਹਿੰਦੂ ਜਿਮਖਾਨੇ ਦਾ ਨਿਰਮਾਣ ਆਗਾ ਅਹਿਮਦ ਹੁਸੈਨ ਵੱਲੋਂ ਤਿਆਰ ਕੀਤੇ ਨਕਸ਼ੇ ਦੇ ਆਧਾਰ 'ਤੇ ਕੀਤਾ ਗਿਆ ਸੀ

ਮੋਹੱਟਾ ਪੈਲੇਸ ਬਣਵਾਉਣ ਪਿੱਛੇ ਸ਼ਿਵ ਰਤਨ ਮੋਹੱਟਾ ਦਾ ਕੋਈ ਕਾਰੋਬਾਰੀ ਮਕਸਦ ਨਹੀਂ ਸੀ।

ਦਰਅਸਲ, ਉਨ੍ਹਾਂ ਦੀ ਪਤਨੀ ਇੱਕ ਜਾਨਲੇਵਾ ਬਿਮਾਰੀ ਨਾਲ ਜੂਝ ਰਹੀ ਸੀ। ਡਾਕਟਰਾਂ ਨੇ ਸ਼ਿਵ ਰਤਨ ਮੋਹੱਟਾ ਨੂੰ ਕਿਹਾ ਕਿ ਇਸ ਬਿਮਾਰੀ ਦਾ ਇਲਾਜ ਤਾਜ਼ੀ ਹਵਾ ਹੈ। ਜੇਕਰ ਉਨ੍ਹਾਂ ਦੀ ਪਤਨੀ ਅਜਿਹੇ ਮਾਹੌਲ ਵਿੱਚ ਰਹੇਗੀ, ਤਾਂ ਉਸ ਦੀ ਸਿਹਤ ਬਿਹਤਰ ਰਹੇਗੀ।

ਸ਼ਿਵ ਰਤਨ ਮੋਹੱਟਾ ਜਾਣਦੇ ਸਨ ਕਿ ਕਰਾਚੀ ਦੇ ਸਮੁੰਦਰੀ ਤੱਟ ਦੀ ਤਾਜ਼ੀ ਹਵਾ ਹੀ ਇਸ ਸਮੱਸਿਆ ਦਾ ਸਭ ਤੋਂ ਵਧੀਆ ਹੱਲ ਹੈ।

ਇਸ ਲਈ ਉਨ੍ਹਾਂ ਨੇ ਇੱਥੇ ਇੱਕ ਬੰਗਲਾ ਬਣਵਾਉਣ ਦਾ ਫ਼ੈਸਲਾ ਕੀਤਾ। ਹਾਲਾਂਕਿ, ਇਹ ਬੰਗਲਾ ਅਸਲ ਵਿੱਚ ਕਿਸੇ ਮਹਿਲ ਤੋਂ ਘੱਟ ਨਹੀਂ ਸੀ।

ਅੱਜ ਵੀ ਪ੍ਰੇਮ ਕਹਾਣੀਆਂ ਦਾ ਜ਼ਿਕਰ ਕਰਦਿਆਂ ਕਿਹਾ ਜਾਂਦਾ ਹੈ ਕਿ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਪਤਨੀ ਮੁਮਤਾਜ਼ ਮਹਿਲ ਦੀ ਮੌਤ ਤੋਂ ਬਾਅਦ ਉਸ ਦੀ ਯਾਦ ਵਿੱਚ ਤਾਜ ਮਹਿਲ ਬਣਵਾਇਆ ਸੀ।

ਪਰ ਸ਼ਿਵ ਰਤਨ ਮੋਹੱਟਾ ਨੂੰ ਆਪਣੀ ਪਤਨੀ ਦੀ ਜ਼ਿੰਦਗੀ ਪਿਆਰੀ ਸੀ। ਇਸ ਲਈ ਉਨ੍ਹਾਂ ਨੇ ਆਪਣੀ ਪਤਨੀ ਦੇ ਜਿਊਂਦੇ ਰਹਿੰਦਿਆਂ ਹੀ ਇਹ ਮਹਿਲ ਬਣਵਾ ਦਿੱਤਾ ਸੀ।

ਮੋਹੱਟਾ ਪੈਲੇਸ ਦੀ ਬਣਤਰ

ਮੋਹੱਟਾ ਮਹਿਲ ਵਿੱਚ ਹੁਣ ਕਈ ਕਲਾਕ੍ਰਿਤੀਆਂ ਰੱਖੀਆਂ ਗਈਆਂ ਹਨ
ਤਸਵੀਰ ਕੈਪਸ਼ਨ, ਮੋਹੱਟਾ ਮਹਿਲ ਵਿੱਚ ਹੁਣ ਕਈ ਕਲਾਕ੍ਰਿਤੀਆਂ ਰੱਖੀਆਂ ਗਈਆਂ ਹਨ

ਇਹ ਸ਼ਾਨਦਾਰ ਇਮਾਰਤ ਵੀ ਭਾਰਤੀ ਉਪਮਹਾਂਦੀਪ ਦੇ ਮੁੱਢਲੇ ਮੁਸਲਿਮ ਆਰਕੀਟੈਕਟਾਂ ਵਿੱਚ ਸ਼ਾਮਲ ਅਹਿਮਦ ਹੁਸੈਨ ਆਗਾ ਦੀ ਪੇਸ਼ੇਵਰ ਕਾਬਲੀਅਤ ਦਾ ਨਤੀਜਾ ਹੈ।

ਅਹਿਮਦ ਹੁਸੈਨ ਆਗਾ ਨੂੰ ਇਸ ਇਮਾਰਤ ਦਾ ਨਕਸ਼ਾ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਨ੍ਹਾਂ ਨੂੰ ਖ਼ਾਸ ਤੌਰ 'ਤੇ ਜੈਪੁਰ ਤੋਂ ਕਰਾਚੀ ਬੁਲਾਇਆ ਗਿਆ ਸੀ।

ਉਨ੍ਹਾਂ ਨੇ ਕਰਾਚੀ ਵਿੱਚ ਹਿੰਦੂ ਜਿਮਖ਼ਾਨਾ ਅਤੇ ਚੈਂਬਰ ਆਫ਼ ਕਾਮਰਸ ਵਰਗੀਆਂ ਇਮਾਰਤਾਂ ਦੇ ਨਕਸ਼ੇ ਵੀ ਬਣਾਏ ਸਨ। ਪਰ ਉਨ੍ਹਾਂ ਦੇ ਕਰੀਅਰ ਵਿੱਚ ਮੋਹੱਟਾ ਪੈਲੇਸ ਦੀ ਇੱਕ ਖ਼ਾਸ ਥਾਂ ਹੈ।

ਸਾਲ 1927 ਵਿੱਚ ਬਣ ਕੇ ਤਿਆਰ ਹੋਇਆ ਮੋਹੱਟਾ ਪੈਲੇਸ ਮੁਗ਼ਲ ਵਾਸਤੂਕਲਾ ਦੀ ਖ਼ੂਬਸੂਰਤ ਝਲਕ ਦਿਖਾਉਂਦਾ ਹੈ।

ਇਸ ਨੂੰ ਦੇਖ ਕੇ ਲੱਗਦਾ ਹੈ, ਜਿਵੇਂ ਰਾਜਸਥਾਨੀ ਰਾਜਿਆਂ ਦੇ ਐਂਗਲੋ-ਮੁਗ਼ਲ ਮਹਿਲਾਂ ਨੂੰ ਮੁੜ ਬਣਾਇਆ ਗਿਆ ਹੋਵੇ।

ਇਸ ਦੇ ਨਿਰਮਾਣ ਵਿੱਚ ਜੋਧਪੁਰ ਦੇ ਗੁਲਾਬੀ ਪੱਥਰ ਅਤੇ ਗਿਜ਼ਰੀ ਦੇ ਸਥਾਨਕ ਪੀਲੇ ਪੱਥਰ ਵਰਤੇ ਗਏ ਹਨ।

ਮੋਹੱਟਾ ਪੈਲੇਸ ਨੂੰ ਕਿਸੇ ਵੀ ਪਾਸਿਓਂ ਦੇਖਿਆ ਜਾਵੇ, ਇਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ।

ਇਸ ਦੇ ਗੁੰਬਦ ਇਸ ਦੀ ਖ਼ੂਬਸੂਰਤੀ ਨੂੰ ਹੋਰ ਵਧਾ ਦਿੰਦੇ ਹਨ। ਇਸ ਦੀਆਂ ਮਹਿਰਾਬਾਂ, ਮੀਨਾਰਾਂ ਅਤੇ ਨਕਸ਼ੇ ਵਾਲੀਆਂ ਟਾਈਲਾਂ ਵੀ ਦੇਖਣਯੋਗ ਹਨ।

ਇਸ ਇਮਾਰਤ ਵਿੱਚ ਬਰਮਾ ਟੀਕ ਦੀ ਮਜ਼ਬੂਤ ਲੱਕੜ ਵਰਤੀ ਗਈ ਹੈ।

ਪੱਥਰਾਂ 'ਤੇ ਮੋਰਾਂ ਅਤੇ ਫੁੱਲਾਂ ਦੇ ਨਕਸ਼ੇ ਵੀ ਬਣਾਏ ਗਏ ਹਨ। ਇਨ੍ਹਾਂ ਵਿੱਚ ਗੇਂਦੇ ਦੇ ਫੁੱਲ ਖ਼ਾਸ ਤੌਰ 'ਤੇ ਦਿਖਾਈ ਦਿੰਦੇ ਹਨ।

ਕਿਸੇ ਸਮੇਂ ਇਸ ਦੀ ਛੱਤ 'ਤੇ ਇੱਕ ਛੋਟਾ ਜਿਹਾ ਮੰਦਰ ਵੀ ਹੁੰਦਾ ਸੀ।

ਸਮੇਂ ਦੇ ਨਾਲ ਇਸ ਇਲਾਕੇ ਵਿੱਚ ਉੱਚੀਆਂ ਇਮਾਰਤਾਂ ਬਣਦੀਆਂ ਗਈਆਂ। ਇਸ ਕਾਰਨ ਹੁਣ ਮੋਹੱਟਾ ਪੈਲੇਸ ਦੀ ਛੱਤ ਤੋਂ ਸਮੁੰਦਰ ਦਾ ਨਜ਼ਾਰਾ ਪਹਿਲਾਂ ਜਿੰਨਾ ਖ਼ੂਬਸੂਰਤ ਨਹੀਂ ਦਿਖਾਈ ਦਿੰਦਾ।

ਕਦੇ ਇੱਥੋਂ ਸਮੁੰਦਰ ਦਾ ਬੇਹੱਦ ਖ਼ੂਬਸੂਰਤ ਨਜ਼ਾਰਾ ਦਿਖਾਈ ਦਿੰਦਾ ਸੀ।

ਉਹ ਸੁਰੰਗ ਕਿੱਥੇ ਗਈ?

ਮੋਹੱਟਾ ਮਹਿਲ
ਤਸਵੀਰ ਕੈਪਸ਼ਨ, ਸਾਲ 1927 ਵਿੱਚ ਬਣ ਕੇ ਤਿਆਰ ਹੋਇਆ ਮੋਹੱਟਾ ਮਹਿਲ ਮੁਗ਼ਲ ਵਾਸਤੂਕਲਾ ਦੀ ਖ਼ੂਬਸੂਰਤ ਝਲਕ ਪੇਸ਼ ਕਰਦਾ ਹੈ

ਮੋਹੱਟਾ ਪੈਲੇਸ ਦੇ ਅੰਦਰ ਇੱਕ ਸੁਰੰਗ ਵੀ ਹੁੰਦੀ ਸੀ। ਇਹ ਸੁਰੰਗ ਨੇੜੇ ਦੇ ਇੱਕ ਮੰਦਰ ਤੱਕ ਜਾਂਦੀ ਸੀ।

ਮਹਿਲ ਵਿੱਚ ਰਹਿਣ ਵਾਲੇ ਲੋਕ ਇਸੇ ਸੁਰੰਗ ਰਾਹੀਂ ਮੰਦਰ ਜਾ ਕੇ ਪੂਜਾ-ਪਾਠ ਕਰਦੇ ਸਨ।

ਪਰ ਸਮੇਂ ਦੇ ਨਾਲ ਇਸ ਇਲਾਕੇ ਵਿੱਚ ਉਸਾਰੀ ਹੁੰਦੀ ਗਈ। ਇਸ ਤੋਂ ਬਾਅਦ ਸੁਰੰਗ ਨੂੰ ਬੰਦ ਕਰ ਦਿੱਤਾ ਗਿਆ। ਹੁਣ ਇਹ ਸਿਰਫ਼ ਯਾਦਾਂ ਦਾ ਹਿੱਸਾ ਹੈ।

ਪਾਕਿਸਤਾਨ ਬਣਨ ਤੋਂ ਬਾਅਦ ਕੀ ਹੋਇਆ?

ਪਾਕਿਸਤਾਨ ਦੇ ਇੱਕ ਸਿਆਸਤਦਾਨ ਕੁੰਵਰ ਖ਼ਾਲਿਦ ਯੂਨਸ ਨੇ 'ਡੌਨ' ਅਖ਼ਬਾਰ ਨੂੰ ਇੱਕ ਚਿੱਠੀ ਲਿਖੀ ਸੀ।

ਇਸ ਵਿੱਚ ਉਨ੍ਹਾਂ ਨੇ ਸਾਲ 2004 ਵਿੱਚ ਆਪਣੀ ਭਾਰਤ ਯਾਤਰਾ ਦੌਰਾਨ ਇੱਕ ਬਜ਼ੁਰਗ ਨਾਲ ਹੋਈ ਮੁਲਾਕਾਤ ਦਾ ਜ਼ਿਕਰ ਕੀਤਾ ਸੀ।

ਉਸ ਬਜ਼ੁਰਗ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਇੱਕ ਪ੍ਰਭਾਵਸ਼ਾਲੀ ਸਿਆਸੀ ਵਿਅਕਤੀ ਨੇ ਸੇਠ ਸ਼ਿਵ ਰਤਨ ਮੋਹੱਟਾ ਨੂੰ ਪੈਲੇਸ ਖਾਲ੍ਹੀ ਕਰਨ ਲਈ ਕਿਹਾ ਸੀ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਇੱਥੇ ਸਰਕਾਰੀ ਦਫ਼ਤਰ ਬਣਾਏ ਜਾਣੇ ਹਨ।

ਕੁੰਵਰ ਖ਼ਾਲਿਦ ਯੂਨਸ ਮੁਤਾਬਕ, ਇਸ ਤੋਂ ਬਾਅਦ ਸ਼ਿਵ ਰਤਨ ਮੋਹੱਟਾ ਨੇ ਪਾਕਿਸਤਾਨ ਛੱਡ ਕੇ ਜਾਣ ਦਾ ਫ਼ੈਸਲਾ ਕੀਤਾ।

ਉਨ੍ਹਾਂ ਨੇ ਮਹਿਲ ਦੀਆਂ ਚਾਬੀਆਂ ਆਪਣੇ ਮੈਨੇਜਰ ਨੂੰ ਸੌਂਪ ਦਿੱਤੀਆਂ। ਨਾਲ ਹੀ ਇੱਕ ਨੋਟ ਲਿਖ ਕੇ ਕਿਹਾ ਕਿ ਇਹ ਉਸ ਸਿਆਸੀ ਵਿਅਕਤੀ ਨੂੰ ਦੇ ਦਿੱਤਾ ਜਾਵੇ।

ਉਸ ਨੋਟ ਵਿੱਚ ਲਿਖਿਆ ਸੀ ਕਿ ਜੇਕਰ ਉਨ੍ਹਾਂ ਨੂੰ ਸਿਰਫ਼ ਬੇਨਤੀ ਕੀਤੀ ਜਾਂਦੀ, ਤਾਂ ਉਹ ਇਹ ਪੈਲੇਸ ਤੋਹਫ਼ੇ ਵਜੋਂ ਹੀ ਦੇ ਦਿੰਦੇ। ਇਸ ਦੀ ਬਜਾਏ ਉਨ੍ਹਾਂ ਨੂੰ ਇਸ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ।

ਦਰਅਸਲ, ਪਾਕਿਸਤਾਨ ਬਣਨ ਤੋਂ ਬਾਅਦ ਸ਼ਿਵ ਰਤਨ ਮੋਹੱਟਾ ਕਰਾਚੀ ਵਿੱਚ ਹੀ ਰਹਿਣਾ ਚਾਹੁੰਦੇ ਸਨ। ਪਰ ਉਨ੍ਹਾਂ ਲਈ ਅਜਿਹੇ ਹਾਲਾਤ ਬਣਾ ਦਿੱਤੇ ਗਏ ਕਿ ਉਨ੍ਹਾਂ ਨੇ ਮੁੰਬਈ ਜਾਣ ਦਾ ਫ਼ੈਸਲਾ ਕਰ ਲਿਆ।

ਇਸ ਬਾਰੇ ਇੱਕ ਹੋਰ ਮਹੱਤਵਪੂਰਨ ਗੱਲ ਪਾਕਿਸਤਾਨ ਦੇ ਸੀਨੀਅਰ ਨੌਕਰਸ਼ਾਹ ਸਈਅਦ ਹਾਸ਼ਿਮ ਰਜ਼ਾ ਨੇ ਆਪਣੀ ਕਿਤਾਬ 'ਹਮਾਰੀ ਮੰਜ਼ਿਲ' ਦੇ ਸਫ਼ੇ 96 ਅਤੇ 97 'ਤੇ ਲਿਖੀ ਹੈ।

ਉਹ ਲਿਖਦੇ ਹਨ, "ਸ਼ਿਵ ਰਤਨ ਮੋਹੱਟਾ ਬਹੁਤ ਅਮੀਰ ਲੋਕਾਂ ਵਿੱਚ ਸ਼ਾਮਲ ਸਨ। ਕਰਾਚੀ ਵਿੱਚ ਉਨ੍ਹਾਂ ਦੇ ਕਈ ਘਰ ਸਨ, ਪਰ ਉਹ ਮੋਹੱਟਾ ਪੈਲੇਸ ਵਿੱਚ ਰਹਿਣਾ ਪਸੰਦ ਕਰਦੇ ਸਨ।"

"ਇਸ ਇਮਾਰਤ ਨੂੰ ਵਿਦੇਸ਼ ਮੰਤਰਾਲੇ ਦਾ ਦਫ਼ਤਰ ਬਣਾਉਣ ਲਈ ਚੁਣਿਆ ਗਿਆ ਸੀ। 14 ਅਗਸਤ ਦੀ ਸ਼ਾਮ ਨੂੰ ਘੱਟਗਿਣਤੀ ਭਾਈਚਾਰੇ ਦੇ ਪ੍ਰਮੁਖ ਲੋਕਾਂ ਨੂੰ ਗਵਰਨਰ ਜਨਰਲ ਹਾਊਸ ਵਿੱਚ ਬੁਲਾਇਆ ਗਿਆ ਸੀ। ਇਨ੍ਹਾਂ ਵਿੱਚ ਸ਼ਿਵ ਰਤਨ ਮੋਹੱਟਾ ਵੀ ਸ਼ਾਮਲ ਸਨ।"

"ਉਹ ਮੁਹੰਮਦ ਅਲੀ ਜਿਨਾਹ ਕੋਲ ਗਏ ਅਤੇ ਉਨ੍ਹਾਂ ਨੂੰ ਪਾਕਿਸਤਾਨ ਦਾ ਗਵਰਨਰ ਜਨਰਲ ਬਣਨ ਦੀ ਵਧਾਈ ਦਿੱਤੀ। ਮੁਹੰਮਦ ਅਲੀ ਜਿਨਾਹ ਨੇ ਵੀ ਗਰਮਜੋਸ਼ੀ ਨਾਲ ਉਨ੍ਹਾਂ ਨਾਲ ਹੱਥ ਮਿਲਾਇਆ।"

"ਸ਼ਿਵ ਰਤਨ ਮੋਹੱਟਾ ਨੇ ਸੋਚਿਆ ਕਿ ਸਰਕਾਰ ਤੋਂ ਆਪਣਾ ਘਰ ਮੋਹੱਟਾ ਪੈਲੇਸ ਵਾਪਸ ਲੈਣ ਦੀ ਗੱਲ ਕਰਨ ਦਾ ਇਹ ਸਭ ਤੋਂ ਵਧੀਆ ਮੌਕਾ ਹੈ।"

ਮੋਹੱਟਾ ਮਹਿਲ
ਤਸਵੀਰ ਕੈਪਸ਼ਨ, ਰਾਜਧਾਨੀ ਕਰਾਚੀ ਤੋਂ ਇਸਲਾਮਾਬਾਦ ਲੈ ਕੇ ਜਾਣ ਤੋਂ ਬਾਅਦ ਮੋਹੱਟਾ ਮਹਿਲ ਵੀਰਾਨ ਹੋ ਗਿਆ

"ਉਨ੍ਹਾਂ ਨੇ ਮੈਨੂੰ, ਭਾਵ ਹਾਸ਼ਿਮ ਰਜ਼ਾ ਨੂੰ, ਕਿਹਾ ਕਿ ਮੈਂ ਮੁਹੰਮਦ ਅਲੀ ਜਿਨਾਹ ਨੂੰ ਦੱਸਾਂ ਕਿ ਕਿਸ ਤਰ੍ਹਾਂ ਮੋਹੱਟਾ ਪੈਲੇਸ ਨੂੰ ਸਰਕਾਰੀ ਦਫ਼ਤਰਾਂ ਲਈ ਚੁਣਿਆ ਗਿਆ ਹੈ।"

"ਮੈਂ ਮੁਹੰਮਦ ਅਲੀ ਜਿਨਾਹ ਨੂੰ ਦੱਸਿਆ ਕਿ ਅਸੀਂ ਸਿਰਫ਼ ਉਨ੍ਹਾਂ ਲੋਕਾਂ ਦੇ ਘਰ ਚੁਣੇ ਹਨ, ਜਿਨ੍ਹਾਂ ਕੋਲ ਰਹਿਣ ਲਈ ਇੱਕ ਤੋਂ ਵੱਧ ਮਕਾਨ ਹਨ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੋਹੱਟਾ ਕੋਲ ਕਰਾਚੀ ਵਿੱਚ ਰਹਿਣ ਲਈ ਇੱਕ ਤੋਂ ਵੱਧ ਘਰ ਹਨ ਅਤੇ ਉਹ ਕਿਸੇ ਹੋਰ ਘਰ ਵਿੱਚ ਜਾ ਸਕਦੇ ਹਨ।"

"ਮੋਹੱਟਾ ਨੇ ਜਵਾਬ ਦਿੱਤਾ ਕਿ ਇਹ ਉਨ੍ਹਾਂ ਦਾ ਮਨਪਸੰਦ ਘਰ ਹੈ। ਉਨ੍ਹਾਂ ਨੇ ਮੁਹੰਮਦ ਅਲੀ ਜਿਨਾਹ ਨੂੰ ਬੇਨਤੀ ਕੀਤੀ। ਪਰ ਜਿਨਾਹ ਨੇ ਇਹ ਕਹਿੰਦਿਆਂ ਮੁਆਫ਼ੀ ਮੰਗ ਲਈ ਕਿ ਇਸ ਮਾਮਲੇ ਵਿੱਚ ਫ਼ੈਸਲਾ ਲੈਣ ਦਾ ਅਧਿਕਾਰ ਉਨ੍ਹਾਂ ਕੋਲ ਨਹੀਂ ਹੈ।"

"ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਇਸ ਬਾਰੇ ਫ਼ੈਸਲਾ ਲੈਣ ਦਾ ਅਧਿਕਾਰ ਰੱਖਣ ਵਾਲੇ ਲੋਕਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ। ਇਹ ਸੁਣ ਕੇ ਸ਼ਿਵ ਰਤਨ ਮੋਹੱਟਾ ਹੈਰਾਨ ਰਹਿ ਗਏ ਸਨ।"

ਪਾਕਿਸਤਾਨ ਬਣਨ ਤੋਂ ਬਾਅਦ ਆਗਾ ਹਿਲਾਲੀ ਉੱਥੇ ਮੁੱਖ ਪ੍ਰੋਟੋਕੋਲ ਅਧਿਕਾਰੀ ਸਨ।

ਉਨ੍ਹਾਂ ਨੇ ਲਿਖਿਆ ਸੀ ਕਿ ਮੋਹੱਟਾ ਪੈਲੇਸ ਵਿੱਚ ਵਿਦੇਸ਼ ਮੰਤਰਾਲੇ ਦੇ ਦਫ਼ਤਰ ਤਾਂ ਬਣਾ ਦਿੱਤੇ ਗਏ, ਪਰ ਸ਼ਹਿਰ ਤੋਂ ਦੂਰ ਹੋਣ ਕਾਰਨ ਮੁਲਾਜ਼ਮਾਂ ਨੂੰ ਉੱਥੇ ਆਉਣ-ਜਾਣ ਵਿੱਚ ਪਰੇਸ਼ਾਨੀ ਹੁੰਦੀ ਸੀ।

ਇਸ ਸਮੱਸਿਆ ਦਾ ਹੱਲ ਕੱਢਣ ਲਈ ਸਦਰ ਦੀ ਐਮਪ੍ਰੈੱਸ ਮਾਰਕੀਟ ਤੋਂ ਬੱਸ ਸੇਵਾ ਸ਼ੁਰੂ ਕੀਤੀ ਗਈ। ਇਹ ਬੱਸ ਮੁਲਾਜ਼ਮਾਂ ਨੂੰ ਮੋਹੱਟਾ ਪੈਲੇਸ ਲੈ ਕੇ ਆਉਂਦੀ ਅਤੇ ਵਾਪਸ ਲੈ ਜਾਂਦੀ ਸੀ।

ਇਹ ਉਹ ਦੌਰ ਸੀ, ਜਦੋਂ ਕਲਿਫ਼ਟਨ ਵਿੱਚ ਬਹੁਤ ਘੱਟ ਆਬਾਦੀ ਸੀ। ਉੱਥੇ ਸਮੁੰਦਰ ਦਾ ਪਾਣੀ ਅਤੇ ਰੇਤ ਹੀ ਦਿਖਾਈ ਦਿੰਦੇ ਸਨ।

ਰਾਜਧਾਨੀ ਕਰਾਚੀ ਤੋਂ ਇਸਲਾਮਾਬਾਦ ਲੈ ਕੇ ਜਾਣ ਜਾਣ ਤੋਂ ਬਾਅਦ ਮੋਹੱਟਾ ਪੈਲੇਸ ਵੀਰਾਨ ਹੋ ਗਿਆ।

ਜਿਨਾਹ ਦੀ ਭੈਣ ਇੱਥੇ ਰਹੀ ਸੀ

 ਮੋਹੱਟਾ ਪੈਲੇਸ
ਤਸਵੀਰ ਕੈਪਸ਼ਨ, ਪਾਕਿਸਤਾਨ ਬਣਨ ਤੋਂ ਬਾਅਦ ਸ਼ਿਵ ਰਤਨ ਮੋਹੱਟਾ ਕਰਾਚੀ ਵਿੱਚ ਹੀ ਰਹਿਣਾ ਚਾਹੁੰਦੇ ਸਨ

"ਮੈਂ ਇਕੱਲਾ ਅਜਿਹਾ ਬੱਚਾ ਨਹੀਂ ਸੀ, ਜੋ ਕਲਿਫ਼ਟਨ ਜਾਂਦੇ ਸਮੇਂ ਰਸਤੇ ਵਿੱਚ ਦਿਖਾਈ ਦੇਣ ਵਾਲੇ ਇਸ ਪੈਲੇਸ ਬਾਰੇ ਆਪਣੇ ਪਿਤਾ ਤੋਂ ਪੁੱਛਦਾ ਸੀ ਕਿ ਇਹ ਕੀ ਹੈ। ਜਵਾਬ ਮਿਲਦਾ ਸੀ ਕਿ ਇੱਥੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਭੈਣ ਫ਼ਾਤਿਮਾ ਜਿਨਾਹ ਰਹਿੰਦੀ ਸੀ।"

ਇਹ ਇੱਕ ਆਮ ਅਤੇ ਸਿੱਧਾ-ਸਾਦਾ ਜਵਾਬ ਸੀ। ਮੇਰੇ ਵਰਗੇ ਹਰ ਬੱਚੇ ਨੂੰ ਕਲਿਫ਼ਟਨ ਘੁੰਮਣ ਜਾਂਦੇ ਸਮੇਂ ਰਸਤੇ ਵਿੱਚ ਦਿਖਾਈ ਦੇਣ ਵਾਲੀ ਇਸ ਇਮਾਰਤ ਬਾਰੇ ਪੁੱਛਣ 'ਤੇ ਇਹੀ ਜਵਾਬ ਮਿਲਦਾ ਸੀ।

ਫ਼ਾਤਿਮਾ ਜਿਨਾਹ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਮੁੰਬਈ ਵਾਲੇ ਘਰ ਦੇ ਬਦਲੇ ਮੋਹੱਟਾ ਪੈਲੇਸ ਨੂੰ ਚੁਣਿਆ ਸੀ।

ਹਾਲਾਂਕਿ, ਸ਼ੁਰੂ ਵਿੱਚ ਉਨ੍ਹਾਂ ਨੇ ਇਸ ਇਮਾਰਤ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਸੀ। ਪਰ ਬਾਅਦ ਵਿੱਚ ਉਹ ਇੱਥੇ ਰਹਿਣ ਲੱਗ ਪਏ।

ਜਦੋਂ ਇਹ ਇਮਾਰਤ ਫ਼ਾਤਿਮਾ ਜਿਨਾਹ ਨੂੰ ਸੌਂਪੀ ਗਈ, ਤਾਂ ਇਸ ਦੀ ਹਾਲਤ ਬਹੁਤ ਖ਼ਰਾਬ ਸੀ। ਇਮਾਰਤ ਦੀ ਸਫ਼ਾਈ ਕਰਵਾਈ ਗਈ। ਪੰਛੀਆਂ ਦੇ ਆਲ੍ਹਣੇ ਅਤੇ ਮੱਕੜੀਆਂ ਦੇ ਜਾਲੇ ਹਟਾਏ ਗਏ।

ਇਸ ਤਰ੍ਹਾਂ ਮੋਹੱਟਾ ਪੈਲੇਸ ਕੁਝ ਸਮੇਂ ਲਈ 'ਕਸਰ-ਏ-ਫ਼ਾਤਿਮਾ' ਬਣ ਗਿਆ।

ਫ਼ਾਤਿਮਾ ਜਿਨਾਹ ਦੀ ਦੋਸਤ ਬੇਗ਼ਮ ਸ਼ਾਇਸਤਾ ਇਕਰਾਮੁੱਲਾ ਨੇ 'ਡਾਅਨ' ਅਖ਼ਬਾਰ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਆਪਣੀਆਂ ਪੁਰਾਣੀਆਂ ਯਾਦਾਂ ਦਾ ਜ਼ਿਕਰ ਕੀਤਾ ਸੀ।

ਬੇਗ਼ਮ ਸ਼ਾਇਸਤਾ ਇਕਰਾਮੁੱਲਾ ਮੋਰੱਕੋ ਵਿੱਚ ਪਾਕਿਸਤਾਨ ਦੀ ਰਾਜਦੂਤ ਰਹੀ ਸੀ। ਉਨ੍ਹਾਂ ਦੀ ਧੀ ਰਾਜਕੁਮਾਰੀ ਸਰਵਤ ਦਾ ਵਿਆਹ ਜੌਰਡਨ ਦੇ ਰਾਜਕੁਮਾਰ ਹਸਨ ਬਿਨ ਤਲਾਲ ਨਾਲ ਹੋਇਆ ਸੀ।

ਬੇਗ਼ਮ ਸ਼ਾਇਸਤਾ ਇਕਰਾਮੁੱਲਾ ਲਿਖਦੀ ਹੈ, "ਇੱਕ ਸ਼ਾਮ ਫ਼ਾਤਿਮਾ ਜਿਨਾਹ ਮੈਨੂੰ ਮੋਹੱਟਾ ਪੈਲੇਸ ਦੀ ਛੱਤ 'ਤੇ ਲੈ ਗਈ। ਉੱਥੋਂ ਸਮੁੰਦਰ ਦਾ ਨਜ਼ਾਰਾ ਬਹੁਤ ਖ਼ੂਬਸੂਰਤ ਦਿਖਾਈ ਦਿੰਦਾ ਸੀ।"

"ਜਦੋਂ ਫ਼ਾਤਿਮਾ ਜਿਨਾਹ ਪਹਿਲੀ ਵਾਰ ਰਹਿਣ ਲਈ ਇਸ ਮਹਿਲ ਵਿੱਚ ਆਈ ਸੀ, ਤਾਂ ਮੈਂ ਉਨ੍ਹਾਂ ਨੂੰ ਪੁੱਛਿਆ ਸੀ ਕਿ ਕੀ ਇਹ ਜਗ੍ਹਾ ਬਹੁਤ ਵੱਡੀ ਨਹੀਂ ਹੈ?"

"ਉਨ੍ਹਾਂ ਨੇ ਜਵਾਬ ਦਿੱਤਾ ਸੀ, ਨਹੀਂ, ਮੈਨੂੰ ਇਹ ਜਗ੍ਹਾ ਪਸੰਦ ਹੈ।"

"ਉਹ ਵੀਰਵਾਰ ਦੀ ਸ਼ਾਮ ਸੀ। ਉਨ੍ਹਾਂ ਨੇ ਮਹਿਲ ਵਿੱਚ ਰਾਤ ਦਾ ਖਾਣਾ ਖਾਧਾ।"

"ਲੇਡੀ ਹਿਦਾਇਤੁੱਲਾ ਮੁਤਾਬਕ, ਉਸ ਰਾਤ ਅਬਦੁੱਲ੍ਹਾ ਸ਼ਾਹ ਗ਼ਾਜ਼ੀ ਦੀ ਦਰਗਾਹ 'ਤੇ ਕੱਵਾਲੀ ਦਾ ਪ੍ਰੋਗਰਾਮ ਸੀ। ਉਹ ਸਾਰੇ ਪੂਰੀ ਰਾਤ ਉੱਥੇ ਬੈਠ ਕੇ ਕੱਵਾਲੀ ਸੁਣਦੇ ਰਹੇ ਸਨ।"

ਅਯੂਬ ਖ਼ਾਨ ਵਿਰੁੱਧ ਅੰਦੋਲਨ

ਮੋਹੱਟਾ ਮਹਿਲ ਵਿੱਚ ਬਣੇ ਅਜਾਇਬ ਘਰ ਦੇ ਅੰਦਰ ਕਈ ਤਸਵੀਰਾਂ ਅਤੇ ਮੂਰਤੀਆਂ ਹਨ
ਤਸਵੀਰ ਕੈਪਸ਼ਨ, ਮੋਹੱਟਾ ਮਹਿਲ ਵਿੱਚ ਬਣੇ ਅਜਾਇਬ ਘਰ ਦੇ ਅੰਦਰ ਕਈ ਤਸਵੀਰਾਂ ਅਤੇ ਮੂਰਤੀਆਂ ਹਨ

ਫ਼ਾਤਿਮਾ ਜਿਨਾਹ ਨੇ ਫ਼ੌਜੀ ਸ਼ਾਸਕ ਅਯੂਬ ਖ਼ਾਨ ਵਿਰੁੱਧ ਰਾਸ਼ਟਰਪਤੀ ਦੀ ਚੋਣ ਲੜੀ ਸੀ।

ਉਦੋਂ ਤੱਕ ਮੋਹੱਟਾ ਪੈਲੇਸ 'ਕਸਰ-ਏ-ਫ਼ਾਤਿਮਾ' ਬਣ ਚੁੱਕਾ ਸੀ। ਉਸ ਦੌਰ ਵਿੱਚ ਇਹ ਫ਼ਾਤਿਮਾ ਜਿਨਾਹ ਦੀ ਚੋਣ ਮੁਹਿੰਮ ਅਤੇ ਅੰਦੋਲਨ ਦਾ ਇੱਕ ਮਹੱਤਵਪੂਰਨ ਕੇਂਦਰ ਸੀ।

ਫ਼ਾਤਿਮਾ ਜਿਨਾਹ ਲਗਭਗ ਸਾਢੇ ਤਿੰਨ ਸਾਲ ਮੋਹੱਟਾ ਪੈਲੇਸ ਵਿੱਚ ਰਹੀ। ਇੱਥੇ ਹੀ ਉਨ੍ਹਾਂ ਦਾ ਦੇਹਾਂਤ ਹੋਇਆ।

ਉਨ੍ਹਾਂ ਦੀ ਮੌਤ ਬਾਰੇ ਅੱਜ ਤੱਕ ਇਹੀ ਮੰਨਿਆ ਜਾਂਦਾ ਹੈ ਕਿ ਇਹ ਕੁਦਰਤੀ ਮੌਤ ਨਹੀਂ ਸੀ।

ਫ਼ਾਤਿਮਾ ਜਿਨਾਹ ਜਦੋਂ ਤੱਕ ਜਿਊਂਦੀ ਰਹੀ, ਆਪਣੇ ਪਿਆਰੇ ਭਰਾ ਮੁਹੰਮਦ ਅਲੀ ਜਿਨਾਹ ਦੀ ਬਰਸੀ ਨਿਯਮਿਤ ਤੌਰ 'ਤੇ ਮਨਾਉਂਦੀ ਰਹੀ।

ਉਹ ਬੋਹਰਾ ਭਾਈਚਾਰੇ ਦੇ ਇੱਕ ਖ਼ਾਸ ਰਸੋਈਏ ਤੋਂ ਬਿਰਿਆਨੀ ਬਣਵਾਉਂਦੀ ਸੀ ਅਤੇ ਲੋਕਾਂ ਨੂੰ ਖਾਣਾ ਖੁਆਉਂਦੀ ਸੀ।

ਮੋਹੱਟਾ ਪੈਲੇਸ ਵਿੱਚ ਫ਼ਾਤਿਮਾ ਜਿਨਾਹ ਵੱਲੋਂ ਵਰਤੀਆਂ ਗਈਆਂ ਕਈ ਚੀਜ਼ਾਂ ਅਤੇ ਦੋ ਕਾਰਾਂ ਹੁਣ ਫ਼ਲੈਗ ਸਟਾਫ਼ ਹਾਊਸ ਦੇ ਅਜਾਇਬ ਘਰ ਵਿੱਚ ਰੱਖੀਆਂ ਹੋਈਆਂ ਹਨ।

ਮਲਕੀਅਤ ਹੱਕ ਦਾ ਵਿਵਾਦ

ਫ਼ਾਤਿਮਾ ਜਿਨਾਹ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਭੈਣ ਸ਼ਿਰੀਨ ਜਿਨਾਹ ਮੋਹੱਟਾ ਪੈਲੇਸ ਵਿੱਚ ਰਹਿਣ ਲੱਗ ਪਈ ਸੀ।

ਉਹ ਸਾਲ 1980 ਵਿੱਚ ਆਪਣੇ ਦੇਹਾਂਤ ਤੱਕ ਇੱਥੇ ਹੀ ਰਹੀ। ਪਰ ਇਸ ਤੋਂ ਪਹਿਲਾਂ ਹੀ ਮੋਹੱਟਾ ਪੈਲੇਸ ਦੀ ਮਲਕੀਅਤ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਸੀ ਅਤੇ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਸੀ।

ਇਸ ਵਿਵਾਦ ਦਾ ਨਤੀਜਾ ਇਹ ਨਿਕਲਿਆ ਕਿ ਅਦਾਲਤ ਦੇ ਹੁਕਮ 'ਤੇ ਮੋਹੱਟਾ ਪੈਲੇਸ ਨੂੰ ਸੀਲ ਕਰ ਦਿੱਤਾ ਗਿਆ।

ਸ਼ਿਰੀਨ ਜਿਨਾਹ ਚਾਹੁੰਦੀ ਸੀ ਕਿ ਮੋਹੱਟਾ ਪੈਲੇਸ ਵਿੱਚ ਕੁੜੀਆਂ ਲਈ ਮੈਡੀਕਲ ਅਤੇ ਡੈਂਟਲ ਕਾਲਜ ਖੋਲ੍ਹਿਆ ਜਾਵੇ।

ਉਸ ਨੇ ਇਸ ਲਈ ਇੱਕ ਟਰੱਸਟ ਵੀ ਬਣਾਇਆ ਸੀ। ਪਰ ਉਸ ਦੇ ਰਿਸ਼ਤੇਦਾਰ ਇਸ ਇਮਾਰਤ 'ਤੇ ਮਲਕੀਅਤ ਦਾ ਦਾਅਵਾ ਕਰਨ ਲੱਗ ਪਏ।

ਅਕਤੂਬਰ 2021 ਵਿੱਚ ਸਿੰਧ ਹਾਈ ਕੋਰਟ ਦੇ ਇੱਕ ਜੱਜ ਦੀ ਬੈਂਚ ਨੇ ਵੀ ਮੋਹੱਟਾ ਪੈਲੇਸ ਵਿੱਚ ਕੁੜੀਆਂ ਲਈ ਮੈਡੀਕਲ ਅਤੇ ਡੈਂਟਲ ਕਾਲਜ ਖੋਲ੍ਹਣ ਦਾ ਹੁਕਮ ਦਿੱਤਾ।

ਪਰ ਕਾਨੂੰਨੀ ਮੁਸ਼ਕਲਾਂ ਕਾਰਨ ਇਸ ਹੁਕਮ 'ਤੇ ਅਮਲ ਕਰਨਾ ਸੰਭਵ ਨਹੀਂ ਸੀ।

ਸਾਲ 1995 ਵਿੱਚ ਬੇਨਜ਼ੀਰ ਭੁੱਟੋ ਨੇ ਆਪਣੇ ਸ਼ਾਸਨ ਦੌਰਾਨ ਸਿੰਧ ਸਰਕਾਰ ਨੂੰ ਇੱਕ ਵੱਡੀ ਰਕਮ ਦਿੱਤੀ, ਤਾਂ ਜੋ ਉਹ ਮੋਹੱਟਾ ਪੈਲੇਸ ਖ਼ਰੀਦ ਸਕੇ।

ਇਸ ਤੋਂ ਬਾਅਦ ਇਸ ਦਾ ਕੰਮਕਾਜ ਸੰਭਾਲਣ ਲਈ ਸਮਾਜਿਕ ਖੇਤਰ ਨਾਲ ਜੁੜੇ ਲੋਕਾਂ ਦਾ ਇੱਕ ਬੋਰਡ ਆਫ਼ ਟਰੱਸਟੀਜ਼ ਬਣਾਇਆ ਗਿਆ।

ਇਹ ਬੋਰਡ ਅੱਜ ਵੀ ਮੋਹੱਟਾ ਪੈਲੇਸ ਨੂੰ ਸੱਭਿਆਚਾਰਕ ਵਿਰਾਸਤ ਵਜੋਂ ਚਲਾ ਰਿਹਾ ਹੈ।

ਜਦੋਂ ਮੋਹੱਟਾ ਪੈਲੇਸ ਸਿੰਧ ਸਰਕਾਰ ਨੂੰ ਮਿਲਿਆ, ਤਾਂ ਇਸ ਦੀ ਹਾਲਤ ਉਜੜੀ ਹੋਈ ਸੀ।

ਇਸ ਤੋਂ ਬਾਅਦ ਇਸ ਦੀ ਮੁਰੰਮਤ ਅਤੇ ਸਜਾਵਟ ਦਾ ਕੰਮ ਸ਼ੁਰੂ ਕੀਤਾ ਗਿਆ। ਇੱਥੇ ਇੱਕ ਅਜਾਇਬ ਘਰ ਬਣਾਉਣ ਦਾ ਫ਼ੈਸਲਾ ਹੋਇਆ, ਜਿਸ ਨੂੰ ਸਾਲ 1999 ਵਿੱਚ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ।

ਮੋਹੱਟਾ ਪੈਲੇਸ ਜਿੰਨੇ ਸਮੇਂ ਤੱਕ ਬੰਦ ਰਿਹਾ, ਉਸ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਰਹੀਆਂ।

ਕਿਹਾ ਜਾਂਦਾ ਸੀ ਕਿ ਇਹ ਭੂਤਾਂ ਵਾਲਾ ਬੰਗਲਾ ਹੈ ਅਤੇ ਇੱਥੇ ਜਿੰਨ-ਭੂਤ ਰਹਿੰਦੇ ਹਨ। ਲੋਕ ਇੱਥੋਂ ਲੰਘਣ ਤੋਂ ਵੀ ਡਰਦੇ ਸਨ।

ਮੋਹੱਟਾ ਪੈਲੇਸ ਦੇ ਅਜਾਇਬ ਘਰ ਵਿੱਚ ਕੀ ਹੈ?

 ਮੋਹੱਟਾ ਮਹਿਲ
ਤਸਵੀਰ ਕੈਪਸ਼ਨ, ਸ਼ਿਰੀਨ ਜਿਨਾਹ ਚਾਹੁੰਦੀ ਸੀ ਕਿ ਮੋਹੱਟਾ ਮਹਿਲ ਵਿੱਚ ਕੁੜੀਆਂ ਲਈ ਮੈਡੀਕਲ ਅਤੇ ਡੈਂਟਲ ਕਾਲਜ ਖੋਲ੍ਹਿਆ ਜਾਵੇ

ਮੋਹੱਟਾ ਪੈਲੇਸ ਵਿੱਚ ਬਣੇ ਅਜਾਇਬ ਘਰ ਦੇ ਅੰਦਰ ਤਸਵੀਰਾਂ ਖਿੱਚਣ ਅਤੇ ਵੀਡੀਓ ਬਣਾਉਣ ਦੀ ਇਜਾਜ਼ਤ ਨਹੀਂ ਹੈ।

ਪਰ ਅਜਾਇਬ ਘਰ ਦੇ ਪ੍ਰਬੰਧਕਾਂ ਨੇ ਬੀਬੀਸੀ ਹਿੰਦੀ ਨੂੰ ਤਸਵੀਰਾਂ ਖਿੱਚਣ ਦੀ ਵਿਸ਼ੇਸ਼ ਇਜਾਜ਼ਤ ਦਿੱਤੀ।

ਇਹ ਅਜਾਇਬ ਘਰ ਪੈਲੇਸ ਦੀ ਜ਼ਮੀਨੀ ਮੰਜ਼ਿਲ ਅਤੇ ਪਹਿਲੀ ਮੰਜ਼ਿਲ 'ਤੇ ਹੈ।

ਇਸ ਵਿੱਚ ਤਸਵੀਰਾਂ ਅਤੇ ਦੁਰਲੱਭ ਚੀਜ਼ਾਂ ਰਾਹੀਂ ਨਾ ਸਿਰਫ਼ ਸਿੰਧ, ਸਗੋਂ ਇਸ ਪੂਰੇ ਖੇਤਰ ਦੀਆਂ ਵੱਖ-ਵੱਖ ਪ੍ਰਾਚੀਨ ਸੱਭਿਅਤਾਵਾਂ ਬਾਰੇ ਦੱਸਿਆ ਗਿਆ ਹੈ।

ਇੱਥੇ ਗਹਿਣੇ ਅਤੇ ਸਿੱਕੇ ਹਨ। ਕੱਪੜੇ ਅਤੇ ਵੱਖ-ਵੱਖ ਤਰ੍ਹਾਂ ਦੀਆਂ ਦਸਤਕਾਰੀ ਦੀਆਂ ਚੀਜ਼ਾਂ ਵੀ ਰੱਖੀਆਂ ਗਈਆਂ ਹਨ।

ਪਾਕਿਸਤਾਨ ਦੇ ਸ਼ੁਰੂਆਤੀ ਨੋਟ ਵੀ ਇਸ ਅਜਾਇਬ ਘਰ ਵਿੱਚ ਮੌਜੂਦ ਹਨ। ਇਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਸਟੇਟ ਬੈਂਕ ਆਫ਼ ਪਾਕਿਸਤਾਨ ਦੇ ਰਿਕਾਰਡ ਵਿੱਚ ਵੀ ਦਰਜ ਨਹੀਂ ਹਨ।

ਮੋਹੱਟਾ ਪੈਲੇਸ ਵਿੱਚ ਧਾਤ ਅਤੇ ਪੱਥਰ ਦੀਆਂ ਮੂਰਤੀਆਂ ਵੀ ਲੋਕਾਂ ਦਾ ਧਿਆਨ ਖਿੱਚਦੀਆਂ ਹਨ। ਇਨ੍ਹਾਂ ਵਿੱਚ ਮਹਾਰਾਣੀ ਵਿਕਟੋਰੀਆ ਦੀ ਮੂਰਤੀ ਵੀ ਸ਼ਾਮਲ ਹੈ।

ਪਰ ਹੁਣ ਇਨ੍ਹਾਂ ਮੂਰਤੀਆਂ ਨੂੰ ਢੱਕ ਦਿੱਤਾ ਗਿਆ ਹੈ। ਇਨ੍ਹਾਂ ਨੂੰ ਸਿਰਫ਼ ਖ਼ਾਸ ਮੌਕਿਆਂ 'ਤੇ ਹੀ ਖੋਲ੍ਹਿਆ ਜਾਂਦਾ ਹੈ।

ਇਹ ਮੂਰਤੀਆਂ ਪਹਿਲਾਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਲੱਗੀਆਂ ਹੋਈਆਂ ਸਨ। ਹੁਣ ਇਨ੍ਹਾਂ ਨੂੰ ਇੱਥੇ ਰੱਖਿਆ ਗਿਆ ਹੈ।

ਮੋਹੱਟਾ ਪੈਲੇਸ ਵਿੱਚ ਹੁਣ ਨਿਯਮਿਤ ਤੌਰ 'ਤੇ ਫਾਈਨ ਆਰਟ ਨਾਲ ਜੁੜੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ ਅਤੇ ਮੁਸ਼ਾਇਰੇ ਵੀ ਹੁੰਦੇ ਹਨ।

ਅੱਜ ਕਲਿਫ਼ਟਨ ਇਲਾਕੇ ਵਿੱਚ ਕਈ ਦੇਸ਼ਾਂ ਦੇ ਵਣਜ ਦੂਤਘਰ ਮੌਜੂਦ ਹਨ।

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜ਼ੁਲਫ਼ਿਕਾਰ ਅਲੀ ਭੁੱਟੋ ਦਾ ਮਸ਼ਹੂਰ ਘਰ '70 ਕਲਿਫ਼ਟਨ' ਵੀ ਇੱਥੇ ਹੀ ਹੈ।

ਪਰ ਇੰਨਾ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਮੋਹੱਟਾ ਪੈਲੇਸ ਵਿੱਚ ਜੋ ਖਿੱਚ ਅਤੇ ਜਾਦੂ ਮੌਜੂਦ ਹੈ, ਉਸ ਦਾ ਮੁਕਾਬਲਾ ਕੋਈ ਹੋਰ ਇਮਾਰਤ ਨਹੀਂ ਕਰ ਸਕਦੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)