ਟੋਰਾਂਟੋ ਏਅਰਪੋਰਟ 'ਤੇ ਯਾਤਰੀ ਦੇ ਸਾਮਾਨ 'ਚੋਂ ਮੁਰਗੇ ਦਾ ਮੀਟ, ਘਿਓ, ਸੁੱਕਾ ਦੁੱਧ ਤੇ ਹੋਰ ਸਾਮਾਨ ਬਰਾਮਦ, ਜਾਣੋ ਇਸ ਬਾਰੇ ਕੈਨੇਡਾ ਦੇ ਨਿਯਮ ਕੀ ਕਹਿੰਦੇ ਹਨ

ਤਸਵੀਰ ਸਰੋਤ, x/CanBorder
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐੱਸਏ) ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਤੋਂ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਪਹੁੰਚਣ ਵਾਲੇ ਯਾਤਰੀਆਂ ਦੇ ਇੱਕ ਸਮੂਹ ਦੇ ਸਾਮਾਨ ਵਿੱਚੋਂ 16 ਕਿੱਲੋ ਤੋਂ ਵੱਧ ਅਜਿਹੀ ਖੁਰਾਕ ਅਤੇ ਜਾਨਵਰਾਂ ਤੋਂ ਬਣੇ ਉਤਪਾਦ ਬਰਾਮਦ ਹੋਏ ਹਨ, ਜਿਨ੍ਹਾਂ ਬਾਰੇ ਅਧਿਕਾਰੀਆਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਸੀਬੀਐੱਸਏ ਨੇ ਵੀਰਵਾਰ ਨੂੰ ਆਪਣੇ ਐਕਸ ਅਕਾਊਂਟ 'ਤੇ ਤਲਾਸ਼ੀ ਲੈਣ ਵਾਲੀ ਆਪਣੀ ਡਾਗ ਐਗੀ ਦੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਨੇ ਯਾਤਰੀਆਂ ਦੇ ਸਾਮਾਨ ਵਿੱਚੋਂ ਇਹ ਵਸਤਾਂ ਬਰਾਮਦ ਕੀਤੀਆਂ ਹਨ।
ਬਾਰਡਰ ਏਜੰਸੀ ਮੁਤਾਬਕ ਜ਼ਬਤ ਕੀਤੀਆਂ ਗਈਆਂ ਵਸਤਾਂ ਵਿੱਚ ਬੱਕਰੇ ਦੇ ਪਾਏ, ਮੁਰਗੇ ਦਾ ਮੀਟ, ਘਿਓ ਅਤੇ ਸੁੱਕਾ ਦੁੱਧ (ਮਿਲਕ ਪਾਊਡਰ) ਸ਼ਾਮਲ ਹਨ।
ਸੀਬੀਐੱਸਏ ਦਾ ਕਹਿਣਾ ਹੈ ਕਿ ਯਾਤਰੀਆਂ ਵੱਲੋਂ ਖਾਣ-ਪੀਣ ਵਾਲੀਆਂ ਵਸਤਾਂ ਡਿਕਲੇਅਰ ਨਾ ਕਰਨ 'ਤੇ 1350 ਕੈਨੇਡੀਅਨ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਸੋਸ਼ਲ ਮੀਡੀਆ ਉੱਤੇ ਕੀ ਹੋ ਰਹੀ ਚਰਚਾ
ਇਸ ਪੋਸਟ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਜਿੱਥੇ ਇੱਕ ਪਾਸੇ ਲੋਕ ਯਾਤਰੀਆਂ ਵੱਲੋਂ ਹਵਾਈ ਜਹਾਜ਼ ਰਾਹੀਂ ਬੱਕਰੇ ਦੇ ਪਾਏ ਅਤੇ ਘਿਓ ਲੈ ਕੇ ਜਾਣ 'ਤੇ ਤਨਜ਼ ਕੱਸ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕੁਝ ਯੂਜ਼ਰਸ ਕੈਨੇਡੀਅਨ ਅਧਿਕਾਰੀਆਂ ਨੂੰ ਅਸਲ ਮੁੱਦਿਆਂ ਵੱਲ ਧਿਆਨ ਦੇਣ ਦੀ ਸਲਾਹ ਦਿੰਦੇ ਨਜ਼ਰ ਆ ਰਹੇ ਹਨ।
ਇੱਕ ਐਕਸ ਯੂਜ਼ਰ ਨੇ ਲਿਖਿਆ ਕਿ 'ਕੋਈ ਪਾਕਿਸਤਾਨੀ ਯਾਤਰੀਆਂ ਨੂੰ ਦੱਸੇ ਕਿ ਇੱਥੇ ਇਹ ਸਭ ਮਿਲਦਾ ਹੈ।'
ਜ਼ੈਨਿਥ ਨਾਂ ਦੇ ਇੱਕ ਯੂਜ਼ਰ ਨੇ ਲਿਖਿਆ ਹੈ ਕਿ 'ਲੱਗਦਾ ਹੈ ਕੋਈ ਵਿਅਕਤੀ ਇੱਥੇ ਆਉਣ ਤੋਂ ਪਹਿਲਾਂ ਆਪਣੇ ਘਰ ਦੇ ਬਣੇ ਖਾਣਿਆਂ ਨੂੰ ਛੱਡਣਾ ਨਹੀਂ ਚਾਹੁੰਦਾ ਸੀ। ਬਿਲਕੁਲ ਸੰਭਵ ਹੈ ਕਿ ਉਸ ਦੀ ਮਾਤਾ ਨੇ ਸਫ਼ਰ ਤੋਂ ਪਹਿਲਾਂ ਆਖ਼ਰੀ ਵਾਰ ਇਹ ਖਾਣਾ ਉਸ ਲਈ ਬਣਾਇਆ ਹੋਵੇ।'
ਬਰੂਸ ਨਾਂ ਦੇ ਯੂਜ਼ਰ ਨੇ ਐਗੀ ਦੀ ਤਸਵੀਰ 'ਤੇ ਟਿੱਪਣੀ ਕਰਦਿਆਂ ਲਿਖਿਆ, 'ਗੁੱਡ ਗਰਲ। ਹੁਣ ਇਨਾਮ ਵਜੋਂ ਇਨ੍ਹਾਂ ਸੁਆਦੀ ਖਾਣਿਆਂ ਵਿੱਚੋਂ ਕੁਝ ਇਸ ਨੂੰ ਦੇ ਦਿਓ।'
ਤਾਰਿਕ ਬਸ਼ੀਰ ਨਾਂ ਦੇ ਯੂਜ਼ਰ ਲਿਖਦੇ ਹਨ ਕਿ 'ਸ਼ਰਤ ਲਗਾ ਸਕਦਾ ਹਾਂ ਕਿ ਐਗੀ ਨੂੰ ਪਾਏ ਪਸੰਦ ਹਨ।'
ਇੱਕ ਹੋਰ ਐਕਸ ਯੂਜ਼ਰ ਲੀਆ ਵੀ ਐਗੀ ਦੀ ਤਾਰੀਫ਼ ਕਰਦਿਆਂ ਲਿਖਦੀ ਹੈ ਕਿ 'ਐਗੀ ਨੇ ਚੰਗਾ ਕੰਮ ਕੀਤਾ... ਪਰ ਪਾਕਿਸਤਾਨ ਤੋਂ 14 ਘੰਟੇ ਦੀ ਫਲਾਈਟ ਤੋਂ ਬਾਅਦ ਪਾਏ ਦੀ ਮਹਿਕ ਨੂੰ ਅਣਦੇਖਿਆ ਕਰਨਾ ਮੁਸ਼ਕਲ ਹੋਵੇਗਾ।'
ਇੱਕ ਯੂਜ਼ਰ ਲਿਖਦੇ ਹਨ ਕਿ 'ਇੱਕ ਪਾਸੇ ਅਸੀਂ ਅਜਿਹੀ ਦੁਨੀਆ ਵਿੱਚ ਰਹਿ ਰਹੇ ਹਾਂ ਜਿੱਥੇ ਜੈੱਟ ਜਹਾਜ਼ ਅਤੇ ਵਿਸ਼ਵ ਪੱਧਰੀ ਯਾਤਰਾ ਵਰਗੀਆਂ ਸਹੂਲਤਾਂ ਮੌਜੂਦ ਹਨ, ਜਿਨ੍ਹਾਂ ਦੀ 100 ਸਾਲ ਪਹਿਲਾਂ ਕਲਪਨਾ ਵੀ ਸੰਭਵ ਨਹੀਂ ਸੀ, ਅਤੇ ਦੂਜੇ ਪਾਸੇ ਲੋਕ ਇਸੇ ਹੈਰਾਨੀਜਨਕ ਤਕਨਾਲੋਜੀ ਦੀ ਵਰਤੋਂ ਆਪਣੇ ਸਾਮਾਨ ਵਿੱਚ ਮੀਟ ਅਤੇ ਘਿਓ ਲਿਜਾਣ ਲਈ ਕਰ ਰਹੇ ਹਨ।'
ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਕੁਝ ਯੂਜ਼ਰਸ ਕੈਨੇਡੀਅਨ ਅਧਿਕਾਰੀਆਂ ਨੂੰ ਇਹਨਾਂ ਚੀਜ਼ਾਂ 'ਤੇ ਧਿਆਨ ਦੇਣ ਦੀ ਬਜਾਏ ਨਸ਼ਾ ਤਸਕਰੀ ਅਤੇ ਮਨੀ ਲਾਂਡਰਿੰਗ ਰੋਕਣ 'ਤੇ ਕੰਮ ਕਰਨ ਦੀ ਸਲਾਹ ਦਿੰਦੇ ਨਜ਼ਰ ਆਏ।
ਮੀਰ ਨਾਂ ਦੇ ਇੱਕ ਯੂਜ਼ਰ ਨੇ ਸੀਬੀਐੱਸਏ ਦੀ ਪੋਸਟ 'ਤੇ ਟਿੱਪਣੀ ਕਰਦਿਆਂ ਲਿਖਿਆ ਕਿ 'ਨਸ਼ੇ ਤੁਹਾਡੇ ਨੱਕ ਹੇਠੋਂ ਲੰਘ ਜਾਂਦੇ ਹਨ, ਪਰ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ ਅਸਲ ਖ਼ਤਰਾ ਇਨ੍ਹਾਂ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਹੈ।'
ਇੱਕ ਹੋਰ ਯੂਜ਼ਰ ਨੇ ਸੀਬੀਐੱਸਏ ਦੀ ਪੋਸਟ ਹੇਠਾਂ ਲਿਖਿਆ ਕਿ 'ਕੀ ਤੁਸੀਂ ਨਸ਼ਿਆਂ ਅਤੇ ਮਨੀ ਲਾਂਡਰਿੰਗ 'ਤੇ ਧਿਆਨ ਦੇ ਸਕਦੇ ਹੋ?'
ਡਸਟਿਨ ਨਾਂ ਦੇ ਇੱਕ ਯੂਜ਼ਰ ਨੇ ਵਿਅੰਗਆਤਮਕ ਲਹਿਜ਼ੇ ਵਿੱਚ ਲਿਖਿਆ, 'ਰੱਬ ਦਾ ਸ਼ੁਕਰ ਹੈ ਕਿ ਤੁਸੀਂ ਲੋਕ ਅਸਲ ਜੁਰਮਾਂ ਨਾਲ ਨਜਿੱਠ ਰਹੇ ਹੋ।'
ਸੋਸ਼ਲ ਮੀਡੀਆ 'ਤੇ ਕੁਝ ਯੂਜ਼ਰਸ ਇਨ੍ਹਾਂ ਯਾਤਰੀਆਂ ਨੂੰ ਡਿਪੋਰਟ ਕਰਨ ਦੀ ਮੰਗ ਕਰਦੇ ਨਜ਼ਰ ਆਏ। ਇੱਕ ਯੂਜ਼ਰ ਦਾ ਕਹਿਣਾ ਸੀ ਕਿ ਇਹਨਾਂ ਯਾਤਰੀਆਂ 'ਤੇ ਜੁਰਮਾਨਾ ਲਗਾਉਣ ਦੀ ਬਜਾਏ ਇਨ੍ਹਾਂ ਨੂੰ ਸਿੱਧਾ ਡਿਪੋਰਟ ਕਰ ਦੇਣਾ ਚਾਹੀਦਾ ਹੈ।

ਤਸਵੀਰ ਸਰੋਤ, x/CanBorder
ਵਿਦੇਸ਼ ਤੋਂ ਕੈਨੇਡਾ ਖਾਣ-ਪੀਣ ਵਾਲੀਆਂ ਵਸਤਾਂ ਲਿਜਾਣ ਬਾਰੇ ਨਿਯਮ ਕੀ ਕਹਿੰਦੇ ਹਨ?
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐੱਸਏ) ਦੇਸ਼ ਦੀਆਂ ਹੋਰ ਸੰਸਥਾਵਾਂ ਨਾਲ ਨਜ਼ਦੀਕੀ ਤਾਲਮੇਲ ਰਾਹੀਂ ਕੈਨੇਡਾ ਵਿੱਚ ਭੋਜਨ, ਪੌਦੇ, ਜਾਨਵਰ ਅਤੇ ਉਨ੍ਹਾਂ ਤੋਂ ਬਣੇ ਉਤਪਾਦ ਲਿਆਉਣ ਸੰਬੰਧੀ ਨੀਤੀਆਂ ਨੂੰ ਸਰਹੱਦੀ ਥਾਵਾਂ 'ਤੇ ਲਾਗੂ ਅਤੇ ਪ੍ਰਬੰਧਿਤ ਕਰਦੀ ਹੈ।
ਸੰਸਥਾ ਦਾ ਕਹਿਣਾ ਹੈ ਕਿ ਦਰਾਮਦ (ਇੰਪੋਰਟ) ਕੀਤੇ ਫਲ ਜਾਂ ਮੀਟ ਦਾ ਸਿਰਫ਼ ਇੱਕ ਟੁਕੜਾ ਵੀ ਕੈਨੇਡਾ ਦੇ ਵਾਤਾਵਰਣ ਅਤੇ ਜੈਵਿਕ ਪ੍ਰਣਾਲੀ (ਇਕੋਸਿਸਟਮ) ਲਈ ਨੁਕਸਾਨਦੇਹ ਹੋ ਸਕਦਾ ਹੈ।
"ਭੋਜਨ, ਪੌਦਿਆਂ ਅਤੇ ਜਾਨਵਰਾਂ ਨਾਲ ਸੰਬੰਧਿਤ ਵੱਖ-ਵੱਖ ਉਤਪਾਦਾਂ ਦੇ ਦੇਸ਼ ਵਿੱਚ ਦਾਖ਼ਲੇ 'ਤੇ ਪਾਬੰਦੀ ਹੈ ਕਿਉਂਕਿ ਇਨ੍ਹਾਂ ਰਾਹੀਂ ਹਮਲਾਵਰ ਪ੍ਰਜਾਤੀਆਂ, ਜਾਨਵਰਾਂ ਦੀਆਂ ਵਿਦੇਸ਼ੀ ਬਿਮਾਰੀਆਂ ਅਤੇ ਪੌਦਿਆਂ ਲਈ ਨੁਕਸਾਨਦੇਹ ਕੀੜੇ-ਮਕੌੜੇ ਆ ਸਕਦੇ ਹਨ।"
"ਇਹ ਕਾਰਕ ਕੈਨੇਡਾ ਦੀਆਂ ਫ਼ਸਲਾਂ, ਪਸ਼ੂ-ਧਨ ਅਤੇ ਵਾਤਾਵਰਣ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਦੇਸ਼ ਦੀ ਆਰਥਿਕਤਾ ਲਈ ਵੀ ਖ਼ਤਰਾ ਬਣ ਸਕਦੇ ਹਨ।"
ਸੀਬੀਐੱਸਏ ਦੀ ਵੈੱਬਸਾਈਟ 'ਤੇ ਦੱਸਿਆ ਗਿਆ ਹੈ ਕਿ ਵਿਦੇਸ਼ ਤੋਂ ਆਉਣ ਵਾਲੇ ਯਾਤਰੀ ਕੈਨੇਡਾ ਵਿੱਚ ਦਾਖ਼ਲ ਹੁੰਦੇ ਸਮੇਂ ਖਾਣ-ਪੀਣ ਵਾਲੀਆਂ ਕਿਹੜੀਆਂ ਵਸਤਾਂ ਆਪਣੇ ਨਾਲ ਨਹੀਂ ਲਿਆ ਸਕਦੇ।
ਜਿਨ੍ਹਾਂ ਵਸਤਾਂ 'ਤੇ ਪਾਬੰਦੀ ਹੈ, ਉਨ੍ਹਾਂ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਜਿਵੇਂ ਕਿ ਕੱਚਾ ਜਾਂ ਪੱਕਿਆ ਹੋਇਆ ਮੀਟ, ਫਲ ਅਤੇ ਸਬਜ਼ੀਆਂ ਅਤੇ ਦੁੱਧ ਸ਼ਾਮਲ ਹਨ।
ਇਸ ਤੋਂ ਇਲਾਵਾ ਘਰੇਲੂ ਤੌਰ 'ਤੇ ਤਿਆਰ ਕੀਤੀਆਂ ਵਸਤਾਂ ਜਿਵੇਂ ਕਿ ਪੌਦਿਆਂ ਜਾਂ ਲੱਕੜ ਤੋਂ ਬਣੀਆਂ ਚੀਜ਼ਾਂ, ਘਰਾਂ ਵਿੱਚ ਰੱਖੇ ਜਾਣ ਵਾਲੇ ਪੌਦੇ, ਜਿਊਂਦੇ ਜਾਨਵਰ ਸਮੇਤ ਪਾਲਤੂ ਜਾਨਵਰ ਅਤੇ ਮੱਛੀ ਫੜਨ ਲਈ ਵਰਤਿਆ ਜਾਣ ਵਾਲਾ ਚਾਰਾ, ਬਾਲਣ ਵਾਲੀ ਲੱਕੜ, ਪੌਦਿਆਂ ਦੇ ਟੁਕੜੇ ਅਤੇ ਬੀਜ, ਅਤੇ ਹਾਈਕਿੰਗ ਵਾਲੇ ਗੰਦੇ ਬੂਟ ਵੀ ਸ਼ਾਮਲ ਹਨ।
ਸੀਬੀਐੱਸਏ ਦਾ ਕਹਿਣਾ ਹੈ ਕਿ ਕੁਝ ਵਸਤਾਂ ਨੂੰ ਕੈਨੇਡਾ ਲਿਆਉਣ ਲਈ ਵਿਸ਼ੇਸ਼ ਦਸਤਾਵੇਜ਼ ਜਾਂ ਰਜਿਸਟ੍ਰੇਸ਼ਨ ਦੀ ਲੋੜ ਹੁੰਦੀ ਹੈ।
ਇਹ ਸੰਸਥਾ ਯਾਤਰੀਆਂ ਨੂੰ ਭੋਜਨ, ਪੌਦਿਆਂ ਜਾਂ ਜਾਨਵਰਾਂ ਨਾਲ ਸੰਬੰਧਿਤ ਉਤਪਾਦਾਂ ਨਾਲ ਸਰਹੱਦ ਪਾਰ ਕਰਨ ਤੋਂ ਪਹਿਲਾਂ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਦੇ ਆਟੋਮੇਟਿਡ ਇੰਪੋਰਟ ਰੈਫਰੈਂਸ ਸਿਸਟਮ ਤੋਂ ਜਾਣਕਾਰੀ ਲੈਣ ਦੀ ਸਲਾਹ ਦਿੰਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































