ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੰਡੀਆ ਗਠਜੋੜ ਦੀ ਐੱਸਆਈਆਰ ਖ਼ਿਲਾਫ਼ ਰੈਲੀ, ਕਈ ਥਾਂਵਾਂ ਉੱਤੇ ਭਾਜਪਾ ਦਾ ਵੀ ਮਾਰਚ, ਵੇਖੋ ਕਿੱਥੇ ਕੀ ਹੋ ਰਿਹਾ

ਇੰਡੀਆ ਗਠਜੋੜ ਦੀ ਰੈਲੀ ਦੌਰਾਨ ਲੱਗੇ ਆਗੂਆਂ ਦੇ ਪੋਸਟਰ
ਤਸਵੀਰ ਕੈਪਸ਼ਨ, ਇੰਡੀਆ ਗਠਜੋੜ ਦੀ ਰੈਲੀ ਦੌਰਾਨ ਲੱਗੇ ਆਗੂਆਂ ਦੇ ਪੋਸਟਰ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 8 ਮਿੰਟ

ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋ ਰਹੀ ਵਿਰੋਧੀ ਗਠਜੋੜ ਦੀ ਰੈਲੀ ਵਿੱਚ ਸਵੇਰ ਤੋਂ ਹੀ ਵਰਕਰਾਂ ਦਾ ਪਹੁੰਚਣਾ ਸ਼ੁਰੂ ਹੋ ਗਿਆ ਹੈ।

ਦੁਪਹਿਰ ਵੇਲੇ ਵੱਖ-ਵੱਖ ਤਰ੍ਹਾਂ ਦੇ ਨਜ਼ਾਰੇ ਦੇਖਣ ਨੂੰ ਮਿਲੇ। ਕੁਝ ਵਰਕਰ ਐੱਸਆਈਆਰ ਪ੍ਰਕਿਰਿਆ ਦੌਰਾਨ ਕੱਟੇ ਗਏ ਨਾਵਾਂ ਨੂੰ ਬੈਨਰਾਂ 'ਤੇ ਛਪਵਾ ਕੇ ਪ੍ਰਦਰਸ਼ਨ ਵਾਲੀ ਥਾਂ 'ਤੇ ਪਹੁੰਚ ਰਹੇ ਹਨ।

ਇੰਡੀਆ ਗਠਜੋੜ
ਤਸਵੀਰ ਕੈਪਸ਼ਨ, ਐੱਸਆਈਆਰ ਦੌਰਾਨ ਵੋਟਰ ਸੂਚੀ 'ਚੋਂ ਕੱਟੇ ਨਾਵਾਂ ਵਾਲੇ ਬੈਨਰ ਲੈ ਕੇ ਇੰਡੀਆ ਗਠਜੋੜ ਦੀ ਰੈਲੀ 'ਚ ਪਹੁੰਚੇ ਵਰਕਰ

ਕਰਨਾਟਕ ਕਾਂਗਰਸ ਦੇ ਸਾਬਕਾ ਸੋਸ਼ਲ ਮੀਡੀਆ ਮੁਖੀ ਸ਼੍ਰੀਵਤਸ ਨੇ 'ਐਕਸ' 'ਤੇ ਲਿਖਿਆ, "ਇਕੱਲੇ ਇੱਕ ਸੂਬੇ ਵਿੱਚ ਲੱਖਾਂ ਲੋਕਾਂ ਦੇ ਨਾਮ ਕੱਟੇ ਗਏ ਹਨ। ਵਰਕਰ ਉਨ੍ਹਾਂ ਦੇ ਨਾਂ ਬੈਨਰਾਂ 'ਤੇ ਛਪਵਾ ਕੇ ਰਾਮਲੀਲਾ ਮੈਦਾਨ ਪਹੁੰਚ ਰਹੇ ਹਨ।"

ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਪਹਿਲੀ ਨਵੰਬਰ ਨੂੰ ਹੋਣ ਵਾਲੀ ਇੰਡੀਆ ਗਠਜੋੜ ਦੀ ਰੈਲੀ ਲਈ ਦਸ ਲੱਖ ਲੋਕਾਂ ਦੇ ਰਾਜਧਾਨੀ ਪਹੁੰਚਣ ਦਾ ਦਾਅਵਾ ਕੀਤਾ ਗਿਆ ਹੈ।

ਕਾਂਗਰਸ ਦਾ ਪ੍ਰਦਰਸ਼ਨ

ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਰਿਹਾਇਸ਼ ਤੋਂ ਵਿਰੋਧੀ ਧਿਰ ਦੇ ਆਗੂਆਂ ਦਾ ਮਾਰਚ ਸ਼ੁਰੂ ਹੋ ਗਿਆ ਹੈ, ਜੋ ਰਾਮਲੀਲਾ ਮੈਦਾਨ ਤੱਕ ਜਾਵੇਗਾ।

ਰਾਮਲੀਲਾ ਮੈਦਾਨ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਭਾਰੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਦੇ ਵਰਕਰਾਂ ਦੀ ਮੌਜੂਦਗੀ ਵੀ ਵਧਣ ਲੱਗ ਪਈ ਹੈ।

ਇਹ ਰੈਲੀ ਮੁੱਖ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਹਟਾਉਣ ਅਤੇ ਐੱਸਆਈਆਰ ਦੇ ਵਿਰੋਧ ਵਿੱਚ ਸੱਦੀ ਗਈ ਹੈ।

ਰੈਲੀ ਦੀਆਂ ਤਸਵੀਰਾਂ
ਤਸਵੀਰ ਕੈਪਸ਼ਨ, ਇਹ ਰੈਲੀ ਮੁੱਖ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਹਟਾਉਣ ਅਤੇ ਐੱਸਆਈਆਰ ਦੇ ਵਿਰੋਧ ਵਿੱਚ ਸੱਦੀ ਗਈ ਹੈ।

ਇੰਡੀਆ ਬਲਾਕ ਜਿੱਥੇ ਇਸ ਰੈਲੀ ਨੂੰ ਵੱਡੇ ਬਦਲਾਅ ਦੀ ਆਹਟ ਦੱਸ ਰਿਹਾ ਹੈ, ਉੱਥੇ ਹੀ ਭਾਜਪਾ ਦਾ ਕਹਿਣਾ ਹੈ ਕਿ ਇੰਡੀਆ ਬਲਾਕ ਕਿਤੇ ਦਿਖਾਈ ਨਹੀਂ ਦਿੰਦਾ। ਇਸ ਦੇ ਆਗੂ ਚੋਣਾਂ ਵਿੱਚ ਵੱਖ-ਵੱਖ ਚੋਣ ਲੜਦੇ ਹਨ।

ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਰਾਮਲੀਲਾ ਮੈਦਾਨ ਵੱਲ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ।

ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ, ਪੱਛਮੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਜਾਂ ਤਾਂ ਆਵਾਜਾਈ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ ਜਾਂ ਫਿਰ ਕਈ ਥਾਵਾਂ 'ਤੇ ਟ੍ਰੈਫਿਕ ਦੇ ਰੂਟ ਬਦਲੇ ਗਏ ਹਨ।

ਰਾਹੁਲ ਗਾਂਧੀ
ਤਸਵੀਰ ਕੈਪਸ਼ਨ, ਰਾਹੁਲ ਗਾਂਧੀ ਦੀ ਰੈਲੀ ਨੂੰ ਦੇਖਦਿਆਂ ਮਿੰਟੋ ਰੋਡ 'ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ

ਬੀਬੀਸੀ ਪੱਤਰਕਾਰ ਸ਼ਾਦ ਮਿੱਦਤ ਮੁਤਾਬਕ, ਰਾਹੁਲ ਗਾਂਧੀ ਦੀ ਰੈਲੀ ਨੂੰ ਦੇਖਦਿਆਂ ਮਿੰਟੋ ਰੋਡ 'ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।

ਵਿਰੋਧੀ ਧਿਰ ਨੇ ਇਸ ਰੈਲੀ ਦਾ ਨਾਮ 'ਵੋਟ ਬਚਾਓ, ਦੇਸ਼ ਬਚਾਓ' ਰੱਖਿਆ ਹੈ।

ਇੰਡੀਆ ਬਲਾਕ ਦੀ ਰੈਲੀ ਬਾਰੇ ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ, "ਇਸ ਰੈਲੀ ਵਿੱਚ ਲੱਖਾਂ ਲੋਕ ਆ ਰਹੇ ਹਨ। ਉਨ੍ਹਾਂ ਨੂੰ ਰੋਕਣ ਦੀਆਂ ਵੱਡੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਪਰ ਉਹ ਜਿੰਨਾ ਰੋਕਣ ਦੀ ਕੋਸ਼ਿਸ਼ ਕਰਨਗੇ, ਲੋਕਾਂ ਦੀ ਗਿਣਤੀ ਓਨੀ ਹੀ ਵਧੇਗੀ।''

''ਲੋਕ ਸਾਰੇ ਬੈਰੀਕੇਡ ਤੋੜ ਦੇਣਗੇ। ਉਹ ਬਦਲਾਅ ਚਾਹੁੰਦੇ ਹਨ। ਉਹ ਇਹ ਸਰਕਾਰ ਨਹੀਂ ਚਾਹੁੰਦੇ ਹਨ। ਜੋ ਸ਼ਕਤੀ ਸਾਨੂੰ ਅੱਜ ਦਿਸਣ ਜਾ ਰਹੀ ਹੈ, ਉਹ ਦੇਸ਼ ਦੀ ਸ਼ਕਤੀ ਹੈ, ਉਹ ਸਿਰਫ਼ ਇੱਕ ਜਾਂ ਦੋ ਪਾਰਟੀਆਂ ਦੀ ਸ਼ਕਤੀ ਨਹੀਂ ਹੈ।"

ਤਸਵੀਰਾਂ ਵਿੱਚ ਇੰਡੀਆ ਬਲਾਕ ਦੀ ਰੈਲੀ

ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਣ ਵਾਲੇ ਵਿਰੋਧ ਮਾਰਚ ਅਤੇ ਰੈਲੀ ਵਿੱਚ ਸ਼ਾਮਲ ਹੋਣ ਲਈ ਇਕੱਠੇ ਹੋਏ ਲੋਕ
ਤਸਵੀਰ ਕੈਪਸ਼ਨ, ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਣ ਵਾਲੇ ਵਿਰੋਧ ਮਾਰਚ ਅਤੇ ਰੈਲੀ ਵਿੱਚ ਸ਼ਾਮਲ ਹੋਣ ਲਈ ਇਕੱਠੇ ਹੋਏ ਲੋਕ
ਰਾਮਲੀਲਾ ਮੈਦਾਨ ਵਿੱਚ ਸ਼ਾਮਿਲ ਹੋਣ ਲਈ ਲੋਕ ਪਹੁੰਚ ਰਹੇ ਹਨ
ਤਸਵੀਰ ਕੈਪਸ਼ਨ, ਰਾਮਲੀਲਾ ਮੈਦਾਨ ਵਿੱਚ ਸ਼ਾਮਿਲ ਹੋਣ ਲਈ ਲੋਕ ਪਹੁੰਚ ਰਹੇ ਹਨ
ਇੰਡੀਆ ਗਠਜੋੜ ਦੀ ਰੈਲੀ ਦੇ ਮੱਦੇਨਜ਼ਰ ਦਿੱਲੀ ਵਿੱਚ ਕਈ ਥਾਂਵਾਂ ਉੱਤੇ ਸੁਰੱਖਿਆ ਬਲ ਤੈਨਾਤ ਹੈ
ਤਸਵੀਰ ਕੈਪਸ਼ਨ, ਇੰਡੀਆ ਗਠਜੋੜ ਦੀ ਰੈਲੀ ਦੇ ਮੱਦੇਨਜ਼ਰ ਦਿੱਲੀ ਵਿੱਚ ਕਈ ਥਾਂਵਾਂ ਉੱਤੇ ਸੁਰੱਖਿਆ ਬਲ ਤੈਨਾਤ ਹੈ
ਇੰਡੀਆ ਗਠਜੋੜ ਨਾਲ ਜੁੜੇ ਵੱਖ-ਵੱਖ ਵਿਰੋਧੀ ਧਿਰਾਂ ਦੇ ਸਮਰਥਕ ਰੈਲੀ ਲਈ ਪਹੁੰਚ ਰਹੇ ਹਨ
ਤਸਵੀਰ ਕੈਪਸ਼ਨ, ਇੰਡੀਆ ਗਠਜੋੜ ਨਾਲ ਜੁੜੇ ਵੱਖ-ਵੱਖ ਵਿਰੋਧੀ ਧਿਰਾਂ ਦੇ ਸਮਰਥਕ ਰੈਲੀ ਲਈ ਪਹੁੰਚ ਰਹੇ ਹਨ

ਰੈਲੀ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਭਾਜਪਾ 'ਤੇ ਲਾਇਆ ਇਹ ਇਲਜ਼ਾਮ

ਰਾਮਲੀਲਾ ਮੈਦਾਨ ਵਿੱਚ ਵਿਰੋਧੀ ਧਿਰ ਦੀ ਰੈਲੀ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਭਾਜਪਾ 'ਤੇ ਇਲਜ਼ਾਮ ਲਾਇਆ ਕਿ ਕਨਾਟ ਪਲੇਸ ਵਿੱਚ ਭਾਜਪਾ ਨੇ ਜ਼ਬਰਦਸਤੀ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ।

ਇੱਕ ਖੁੱਲ੍ਹੀ ਜੀਪ ਵਿੱਚ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਆਗੂਆਂ ਨਾਲ ਰਾਮਲੀਲਾ ਮੈਦਾਨ ਵੱਲ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਐਕਸ 'ਤੇ ਇੱਕ ਵੀਡੀਓ ਪੋਸਟ ਕਰਦਿਆਂ ਕਿਹਾ, "ਅਸੀਂ ਸਾਰੇ ਲੋਕਾਂ ਨੂੰ ਕਿਹਾ ਸੀ ਕਿ ਜਦੋਂ ਤੁਸੀਂ ਮਾਰਚ ਅਤੇ ਮਹਾਰੈਲੀ ਲਈ ਇੱਥੇ ਆਓਗੇ ਤਾਂ ਚੀਜ਼ਾਂ ਖ਼ਰੀਦੋਗੇ, ਖ਼ਰੀਦਦਾਰੀ ਕਰੋਗੇ। ਪਰ ਇੱਥੇ ਕਨਾਟ ਪਲੇਸ ਆਉਂਦਿਆਂ ਸਾਨੂੰ ਪਤਾ ਲੱਗਾ ਕਿ ਭਾਜਪਾ ਨੇ ਜ਼ਬਰਦਸਤੀ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਹਨ।"

ਰਾਹੁਲ ਗਾਂਧੀ ਨੇ ਕਿਹਾ, "ਤਾਂ ਵਪਾਰੀਆਂ ਦਾ ਨੁਕਸਾਨ ਕੌਣ ਕਰ ਰਿਹਾ ਹੈ ਅਤੇ ਕਿਵੇਂ ਹੋ ਰਿਹਾ ਹੈ, ਇਹ ਤੁਸੀਂ ਜਾਣ ਲਓ।"

ਇਸ ਤੋਂ ਪਹਿਲਾਂ ਦਿੱਲੀ ਦੇ ਚੈਂਬਰ ਆਫ਼ ਟ੍ਰੇਡ ਐਂਡ ਇੰਡਸਟਰੀ (ਸੀਟੀਆਈ) ਨੇ ਪਹਿਲੀ ਨਵੰਬਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਇੱਕ ਪੱਤਰ ਲਿਖਿਆ ਸੀ।

ਇਸ ਵਿੱਚ ਸੀਟੀਆਈ ਨੇ ਖ਼ਦਸ਼ਾ ਜਤਾਇਆ ਸੀ ਕਿ ਰੈਲੀ ਕਾਰਨ ਦਿੱਲੀ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਵਪਾਰਕ ਸਰਗਰਮੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀਆਂ ਹਨ।

ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ - ਜੇਪੀ ਨੱਡਾ

ਜੇਪੀ ਨੱਡਾ
ਤਸਵੀਰ ਕੈਪਸ਼ਨ, ਜੇਪੀ ਨੱਡਾ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ, "ਅੱਜ ਰਾਮਲੀਲਾ ਮੈਦਾਨ ਵਿੱਚ ਜੋ ਕੁਝ ਹੋ ਰਿਹਾ ਹੈ, ਉਹ ਲੋਕਤੰਤਰ ਦਾ ਸਨਮਾਨ ਨਹੀਂ ਹੈ, ਸਗੋਂ ਪ੍ਰਜਾਤੰਤਰ ਅਤੇ ਲੋਕਤੰਤਰ ਦੇ ਨਾਂ 'ਤੇ ਦੇਸ਼ ਨੂੰ ਅਰਾਜਕਤਾ ਦੇ ਹਵਾਲੇ ਕਰਨ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ''

ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਜੇਪੀ ਨੱਡਾ ਨੇ ਇਸ ਰੈਲੀ ਦੀ ਆਲੋਚਨਾ ਕੀਤੀ ਹੈ।

ਜੇਪੀ ਨੱਡਾ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ, "ਅੱਜ ਰਾਮਲੀਲਾ ਮੈਦਾਨ ਵਿੱਚ ਜੋ ਕੁਝ ਹੋ ਰਿਹਾ ਹੈ, ਉਹ ਲੋਕਤੰਤਰ ਦਾ ਸਨਮਾਨ ਨਹੀਂ ਹੈ, ਸਗੋਂ ਪ੍ਰਜਾਤੰਤਰ ਅਤੇ ਲੋਕਤੰਤਰ ਦੇ ਨਾਂ 'ਤੇ ਦੇਸ਼ ਨੂੰ ਅਰਾਜਕਤਾ ਦੇ ਹਵਾਲੇ ਕਰਨ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ। ਇਹ ਹਾਰ ਚੁੱਕੇ ਅਤੇ ਜਨਤਾ ਵੱਲੋਂ ਵਾਰ-ਵਾਰ ਨਕਾਰੇ ਗਏ ਲੋਕਾਂ ਦਾ ਇੱਕ ਡਿਜ਼ਾਈਨ ਕੀਤਾ ਹੋਇਆ ਡਰਾਮਾ ਹੈ।"

"ਰਾਹੁਲ ਗਾਂਧੀ ਦੀ ਸਿਆਸਤ ਦਾ ਮਾਡਲ ਕੀ ਹੈ? ਮੈਂ ਅੱਜ ਦੇਸ਼ ਦੀ ਜਨਤਾ ਨੂੰ ਇਹ ਦੱਸਣਾ ਚਾਹੁੰਦਾ ਹਾਂ। ਇਸ ਦਾ ਪਹਿਲਾ ਪੜਾਅ ਝੂਠ ਬੋਲਣਾ ਅਤੇ ਅਫ਼ਵਾਹਾਂ ਫੈਲਾਉਣਾ ਹੈ, ਦੂਜਾ ਪੜਾਅ ਸੜਕਾਂ 'ਤੇ ਅਰਾਜਕਤਾ ਅਤੇ ਹੰਗਾਮਾ ਕਰਨਾ ਹੈ, ਤੀਜਾ ਪੜਾਅ ਦੇਸ਼ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣਾ ਹੈ ਅਤੇ ਚੌਥਾ ਪੜਾਅ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ 'ਤੇ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਨਾ ਹੈ।"

ਇੰਡੀਆ ਗਠਜੋੜ ਦੀ ਰੈਲੀ ਉੱਤੇ ਭਾਜਪਾ ਨੇ ਕੀ ਕਿਹਾ ?

ਸੱਤਾਧਾਰੀ ਭਾਜਪਾ ਦਾ ਇਲਜ਼ਾਮ ਹੈ ਕਿ ਕਾਂਗਰਸ ਨੇ ਇਸ ਰੈਲੀ ਲਈ ਗਲਤ ਦਿਨ ਚੁਣਿਆ ਹੈ।

ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ, " 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਕਤਲ ਹੋਇਆ। ਇਸ ਤੋਂ ਬਾਅਦ 1 ਨਵੰਬਰ ਨੂੰ ਦਿੱਲੀ ਵਿੱਚ ਸਿੱਖ ਭਾਈਚਾਰੇ ਉੱਤੇ ਅੱਤਿਆਚਾਰ ਹੋਇਆ ਅਤੇ ਇਸੇ ਦਿਨ ਨੂੰ ਰਾਹੁਲ ਗਾਂਧੀ ਨੇ ਚੁਣਿਆ। ਉਨ੍ਹਾਂ ਦੇ ਮਨ ਵਿੱਚ ਥੋੜ੍ਹੀ-ਬਹੁਤ ਵੀ ਸੰਵੇਦਨਾ ਨਹੀਂ ਹੈ। ਇੱਕ ਨਵੰਬਰ ਨੂੰ ਲੈਕੇ ਸਿੱਖ ਨੁਮਾਇੰਦਿਆਂ ਨੇ ਉਨ੍ਹਾਂ ਨੂੰ ਆਪਣੇ ਅੰਦੋਲਨ ਦੀ ਤਰੀਕ ਅੱਗੇ-ਪਿੱਛੇ ਕਰਨ ਲਈ ਚੇਤਾਇਆ ਸੀ।"

ਮੇਘਵਾਲ ਵੱਲੋਂ ਦਿੱਲੀ ਦੇ ਵਪਾਰਕ ਸੰਗਠਨਾਂ ਵੱਲੋਂ ਰੈਲੀ ਨੂੰ ਲੈ ਕੇ ਜਤਾਏ ਇਤਰਾਜ਼ ਦਾ ਵੀ ਜ਼ਿਕਰ ਕੀਤਾ।

ਉੱਧਰ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "1 ਨਵੰਬਰ ਨੂੰ ਦਿੱਲੀ ਦੇ ਸਭ ਤੋਂ ਬੁਰੇ ਦਿਨਾਂ ਦੀ ਸ਼ੁਰੂਆਤ ਹੋਈ ਸੀ। ਹੁਣ ਇਸ ਦੇ 42 ਸਾਲ ਪੂਰੇ ਹੋ ਰਹੇ ਹਨ। ਸਿੱਖ ਪਰਿਵਾਰਾਂ ਲਈ ਇਹ ਤਰੀਕ ਆਪਣਿਆਂ ਨੂੰ ਗਵਾਉਣ ਅਤੇ ਘਰਾਂ ਦੇ ਸੜ ਕੇ ਰਾਖ਼ ਹੋ ਜਾਣ ਦੀਆਂ ਦਰਦਨਾਕ ਯਾਦਾਂ ਲੈ ਕੇ ਆਉਂਦੀ ਹੈ।"

ਨਿਤਿਨ ਨਬੀਨ ਨੇ ਰੋਹਤਕ 'ਚ 'ਲੋਕਤੰਤਰ ਬਚਾਓ, ਅਰਾਜਕਤਾ ਹਟਾਓ' ਪੈਦਲ ਮਾਰਚ ਦੀ ਕਰ ਰਹੇ ਅਗਵਾਈ

ਇਹ ਮਾਰਚ ਅਜਿਹੇ ਸਮੇਂ ਕੱਢਿਆ ਜਾ ਰਿਹਾ ਹੈ, ਜਦੋਂ ਵਿਰੋਧੀ ਗੱਠਜੋੜ ‘ਇੰਡੀਆ’ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਰੈਲੀ ਕਰ ਰਿਹਾ ਹੈ (ਫ਼ਾਈਲ ਫ਼ੋਟੋ)
ਤਸਵੀਰ ਕੈਪਸ਼ਨ, ਇਹ ਮਾਰਚ ਅਜਿਹੇ ਸਮੇਂ ਕੱਢਿਆ ਜਾ ਰਿਹਾ ਹੈ, ਜਦੋਂ ਵਿਰੋਧੀ ਗਠਜੋੜ 'ਇੰਡੀਆ' ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਰੈਲੀ ਕਰ ਰਿਹਾ ਹੈ (ਫ਼ਾਈਲ ਫ਼ੋਟੋ)

ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਹਰਿਆਣਾ ਦੇ ਰੋਹਤਕ ਵਿੱਚ 'ਲੋਕਤੰਤਰ ਬਚਾਓ, ਅਰਾਜਕਤਾ ਹਟਾਓ' ਪੈਦਲ ਮਾਰਚ ਦੀ ਅਗਵਾਈ ਕਰ ਰਹੇ ਹਨ।

ਵਿਰੋਧੀ ਧਿਰ ਦੇ ਖ਼ਿਲਾਫ਼ ਬੀਜੇਪੀ ਵੱਲੋਂ ਦੇਸ਼ ਪੱਧਰ 'ਤੇ ਚਲਾਈ ਜਾ ਰਹੀ ਮੁਹਿੰਮ ਤਹਿਤ ਇਸ ਮਾਰਚ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਇਹ ਮਾਰਚ ਅਜਿਹੇ ਸਮੇਂ ਕੱਢਿਆ ਜਾ ਰਿਹਾ ਹੈ, ਜਦੋਂ 'ਇੰਡੀਆ' ਗਠਜੋੜ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਐੱਸਆਈਆਰ ਅਤੇ ਕਥਿਤ ਵੋਟ ਚੋਰੀ ਦੇ ਵਿਰੋਧ ਵਿੱਚ ਰੈਲੀ ਕਰ ਰਿਹਾ ਹੈ।

ਉਧਰ, ਭਾਜਪਾ ਨੇ ਵਿਰੋਧੀ ਧਿਰ 'ਤੇ 'ਗੁੰਮਰਾਹਕੁਨ ਜਾਣਕਾਰੀ ਫੈਲਾਉਣ, ਕੂੜ ਪ੍ਰਚਾਰ ਕਰਨ ਅਤੇ ਯੋਜਨਾਬੱਧ ਤਰੀਕੇ ਨਾਲ ਸਿਆਸੀ ਅਰਾਜਕਤਾ ਪੈਦਾ ਕਰਨ' ਦੇ ਇਲਜ਼ਾਮ ਲਗਾਏ ਹਨ।

ਰਾਮਲੀਲਾ ਮੈਦਾਨ ਤੋਂ ਵਿਰੋਧੀ ਧਿਰ ਕੀ ਸੁਨੇਹਾ ਦੇਣਾ ਚਾਹੁੰਦੀ ਹੈ ?

ਰਾਹੁਲ ਗਾਂਧੀ
ਤਸਵੀਰ ਕੈਪਸ਼ਨ, ਸੀਨੀਅਰ ਪੱਤਰਕਾਰ ਸ਼ਰਦ ਗੁਪਤਾ ਤਿਉਹਾਰਾਂ ਦੇ ਦਿਨਾਂ ਵਿੱਚ ਵੀ ਇਸ ਮੁਹਿੰਮ ਨੂੰ ਜਾਰੀ ਰੱਖਣ ਨੂੰ ਵਿਰੋਧੀ ਧਿਰ ਦੀ ਰਣਨੀਤੀ ਨਾਲ ਜੋੜਦੇ ਹਨ

ਸੀਨੀਅਰ ਪੱਤਰਕਾਰ ਸ਼ਰਦ ਗੁਪਤਾ ਮੁਤਾਬਕ, ਵਿਰੋਧੀ ਧਿਰ ਜਨਤਾ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਸੰਸਦ ਦੇ ਅੰਦਰ ਆਪਣੀਆਂ ਮੰਗਾਂ ਅੱਗੇ ਨਾ ਵਧਾ ਸਕਣ ਕਾਰਨ ਹੁਣ ਉਹ ਜਨਤਾ ਦਾ ਸਾਥ ਮੰਗ ਰਹੀ ਹੈ। ਇਸ ਰਾਹੀਂ ਸਰਕਾਰ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਤੀਕਾਤਮਕ ਸੰਸਦ ਅਤੇ ਇਸ ਰੈਲੀ ਨੂੰ ਇਕੱਠਿਆਂ ਦੇਖਣ ਦੀ ਲੋੜ ਹੈ। ਦੋਵਾਂ ਪ੍ਰੋਗਰਾਮਾਂ ਦਾ ਮਕਸਦ ਐੱਸਆਈਆਰ ਅਤੇ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਮੁਹਿੰਮ ਨੂੰ ਚਰਚਾ ਵਿੱਚ ਬਣਾਈ ਰੱਖਣਾ ਹੈ।

ਸ਼ਰਦ ਗੁਪਤਾ ਤਿਉਹਾਰਾਂ ਦੇ ਦਿਨਾਂ ਵਿੱਚ ਵੀ ਇਸ ਮੁਹਿੰਮ ਨੂੰ ਜਾਰੀ ਰੱਖਣ ਨੂੰ ਵਿਰੋਧੀ ਧਿਰ ਦੀ ਰਣਨੀਤੀ ਨਾਲ ਜੋੜਦੇ ਹਨ। ਉਨ੍ਹਾਂ ਮੁਤਾਬਕ, ਤਿਉਹਾਰਾਂ ਦੌਰਾਨ ਲੋਕਾਂ ਦਾ ਧਿਆਨ ਹੋਰ ਗੱਲਾਂ ਵੱਲ ਚਲਾ ਜਾਂਦਾ ਹੈ। ਵਿਰੋਧੀ ਧਿਰ ਨੂੰ ਲੱਗਦਾ ਹੈ ਕਿ ਜੇਕਰ ਉਹ ਦੀਵਾਲੀ ਤੱਕ ਇਸ ਮੁੱਦੇ 'ਤੇ ਸਰਗਰਮੀ ਨਹੀਂ ਦਿਖਾਉਂਦੀ ਤਾਂ ਇਸ ਨੂੰ ਮੁੜ ਚਰਚਾ ਵਿੱਚ ਲਿਆਉਣ ਲਈ ਸਮਾਂ ਲੱਗੇਗਾ।

ਚੋਣ ਕਮਿਸ਼ਨ ਦਾ ਸੁਪਰੀਮ ਕੋਰਟ 'ਚ ਹਲਫ਼ਨਾਮਾ

ਭਾਰਤ ਦੇ ਚੋਣ ਕਮਿਸ਼ਨ ਨੇ ਹਾਲ ਹੀ ਵਿੱਚ ਸੁਪਰੀਮ ਕੋਰਟ ਵਿੱਚ ਦਾਇਰ ਇੱਕ ਹਲਫ਼ਨਾਮੇ ਵਿੱਚ ਕਿਹਾ ਹੈ ਕਿ ਐੱਸਆਈਆਰ ਨਾਲ ਸਬੰਧਤ ਸਾਰੇ ਫੈਸਲੇ ਕਮਿਸ਼ਨ ਦੁਆਰਾ ਸਰਬਸੰਮਤੀ ਨਾਲ ਲਏ ਗਏ ਸਨ।

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਕੰਮਕਾਜ ਅਤੇ ਚੋਣ ਕਮਿਸ਼ਨ ਦੇ ਕੁਝ ਫੈਸਲਿਆਂ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਇੱਕ ਰਿੱਟ ਪਟੀਸ਼ਨ ਦੇ ਜਵਾਬ ਵਿੱਚ ਦਾਇਰ ਕੀਤੇ ਗਏ ਹਲਫ਼ਨਾਮੇ ਵਿੱਚ, ਕਮਿਸ਼ਨ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਦੂਜੇ ਦੋ ਚੋਣ ਕਮਿਸ਼ਨਰਾਂ ਦੇ ਇਤਰਾਜ਼ਾਂ ਦੇ ਬਾਵਜੂਦ ਇਕੱਲੇ ਐੱਸਆਈਆਰ ਨਾਲ ਸਬੰਧਤ ਫੈਸਲੇ ਲਏ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)