ਦੋ ਗੁਆਂਢੀ ਪਰਿਵਾਰਾਂ ਦੀ ਕਹਾਣੀ ਜੋ ਇਕੱਠਿਆਂ ਛੁੱਟੀਆਂ ਮਨਾਉਣ ਗਏ ਤੇ ਵਾਪਸੀ ਵਿੱਚ ਆਪਣੇ ਸਾਥੀਆਂ ਦੀ ਅਦਲਾ-ਬਦਲੀ ਕਰ ਲਈ

ਤਸਵੀਰ ਸਰੋਤ, Rachel Stone
- ਲੇਖਕ, ਐਮਿਲੀ ਡੌਟੀ
- ਰੋਲ, ਬੀਬੀਸੀ ਨਿਊਜ਼
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਰੇਚਲ ਸਟੋਨ ਪੰਜ ਸਾਲ ਦੀ ਸੀ ਅਤੇ ਉਸ ਦਾ ਭਰਾ ਇਆਨ 10 ਸਾਲ ਦਾ ਸੀ, ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਗੁਆਂਢ ਵਿੱਚ ਰਹਿਣ ਵਾਲੇ ਪਰਿਵਾਰ ਨਾਲ ਕੈਰਾਵੈਨ ਵਿੱਚ ਛੁੱਟੀਆਂ ਮਨਾਉਣ ਲਈ ਵੇਲਜ਼ ਲੈ ਕੇ ਗਏ।
ਦੋਵਾਂ ਪਰਿਵਾਰਾਂ ਨੇ ਇਕੱਠਿਆਂ ਦੋ ਹਫ਼ਤੇ ਬਹੁਤ ਮੌਜ-ਮਸਤੀ ਕੀਤੀ, ਪਰ ਘਰ ਵਾਪਸ ਆਉਣ ਤੋਂ ਬਾਅਦ ਦੋਵੇਂ ਪਰਿਵਾਰਾਂ ਦੇ ਮੈਂਬਰਾਂ ਨੇ ਆਪਣੇ ਘਰ ਅਤੇ ਪਰਿਵਾਰ ਬਦਲ ਲਏ।
ਰੇਚਲ ਆਪਣੀ ਮਾਂ ਕੇਅ ਨਾਲ ਗੁਆਂਢੀ ਐਡੀ ਅਤੇ ਉਨ੍ਹਾਂ ਦੀ ਧੀ ਐਲੀਸਨ ਦੇ ਘਰ ਰਹਿਣ ਲੱਗ ਪਈ। ਉੱਧਰ ਐਡੀ ਦੀ ਪਤਨੀ ਆਇਰੀਨ ਅਤੇ ਉਨ੍ਹਾਂ ਦੀ ਧੀ ਡਾਨ, ਰੇਚਲ ਦੇ ਪਿਤਾ ਰੈਕਸ ਅਤੇ ਉਸ ਦੇ ਭਰਾ ਇਆਨ ਨਾਲ ਰਹਿਣ ਲੱਗ ਪਏ।
ਰੇਚਲ ਨੇ ਡਾ. ਸਿਆਨ ਵਿਲੀਅਮਜ਼ ਨੂੰ ਬੀਬੀਸੀ ਰੇਡੀਓ 4 ਦੇ ਪੌਡਕਾਸਟ ਲਾਈਫ ਚੇਂਜਿੰਗ ਵਿੱਚ ਦੱਸਿਆ ਕਿ ਕਿਵੇਂ ਉਸ ਦੇ ਪਰਿਵਾਰ ਦੇ ਟੁੱਟਣ ਨੇ ਉਹਾਂ ਨੂੰ ਡੂੰਘਾ ਸਦਮਾ ਦਿੱਤਾ, ਇਸ ਤੋਂ ਬਾਅਦ ਕਿਵੇਂ ਹਫੜਾ-ਦਫੜੀ ਮਚੀ ਅਤੇ ਸਮੇਂ ਦੇ ਨਾਲ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਮੁਆਫ਼ ਕਰਨਾ ਕਿਵੇਂ ਸਿੱਖਿਆ।

ਤਸਵੀਰ ਸਰੋਤ, Rachel Stone
ਰੇਚਲ ਅਤੇ ਇਆਨ ਸ਼ੁਰੂ ਵਿੱਚ ਉਸ ਸਮੇਂ ਬਹੁਤ ਖ਼ੁਸ਼ ਹੋਏ ਸਨ, ਜਦੋਂ ਉਨ੍ਹਾਂ ਦੇ ਘਰ ਦੇ ਨਾਲ ਵਾਲੇ ਮਕਾਨ ਵਿੱਚ ਇੱਕ ਨਵਾਂ ਪਰਿਵਾਰ ਰਹਿਣ ਆਇਆ ਸੀ। ਰੇਚਲ ਦੱਸਦੀ ਹੈ, "ਅਸੀਂ ਚਾਰੇ ਬੱਚੇ ਤੁਰੰਤ ਇੱਕ-ਦੂਜੇ ਨਾਲ ਘੁਲ-ਮਿਲ ਗਏ ਸੀ।"
ਉਹ ਇਕੱਠਿਆਂ ਛੁੱਟੀਆਂ ਮਨਾਉਣ ਜਾਣ ਲਈ ਬਹੁਤ ਉਤਸ਼ਾਹਿਤ ਸਨ।
ਰੇਚਲ ਨੂੰ ਅੱਜ ਵੀ ਯਾਦ ਹੈ ਕਿ ਉਨ੍ਹਾਂ ਦੇ ਦੋ ਕੈਰਾਵੈਨ ਇੱਕ-ਦੂਜੇ ਦੇ ਨਾਲ ਖੜ੍ਹੇ ਸਨ ਅਤੇ ਉਹ ਸਨੋਡਨ (ਜਿਸ ਨੂੰ ਹੁਣ ਅਧਿਕਾਰਤ ਤੌਰ 'ਤੇ Yr Wyddfa ਕਿਹਾ ਜਾਂਦਾ ਹੈ) ਦੀ ਸੈਰ ਕਰਨ ਵੀ ਗਏ ਸਨ।
ਪਰ ਜਦੋਂ ਘਰ ਵਾਪਸ ਜਾਣ ਦਾ ਸਮਾਂ ਆਇਆ ਤਾਂ ਸਭ ਕੁਝ ਬਦਲ ਗਿਆ। ਲੋਕ ਗ਼ਲਤੀ ਨਾਲ ਇੱਕ-ਦੂਜੇ ਦੀਆਂ ਕਾਰਾਂ ਵਿੱਚ ਬੈਠ ਰਹੇ ਸਨ।
ਰੇਚਲ ਨੂੰ ਯਾਦ ਹੈ ਕਿ ਉਸ ਦੀ ਮਾਂ ਨੇ ਕਾਰ ਦੀ ਅਗਲੀ ਸੀਟ ਤੋਂ ਪਿੱਛੇ ਮੁੜ ਕੇ ਕਿਹਾ, "ਹੁਣ ਸਾਡਾ ਇੱਕ ਨਵਾਂ ਪਰਿਵਾਰ ਹੋਵੇਗਾ। ਅਸੀਂ ਐਡੀ ਅਤੇ ਐਲੀਸਨ ਨਾਲ ਨੰਬਰ ਅੱਠ ਵਾਲੇ ਘਰ ਵਿੱਚ ਰਹਾਂਗੇ। ਐਲੀਸਨ ਹੁਣ ਤੁਹਾਡੀ ਨਵੀਂ ਭੈਣ ਹੋਵੇਗੀ।
"ਤੁਹਾਡੇ ਪਿਤਾ ਅਤੇ ਭਰਾ ਨੰਬਰ 10 ਵਾਲੇ ਘਰ ਵਿੱਚ ਹੀ ਰਹਿਣਗੇ। ਉੱਥੇ ਆਂਟੀ ਆਇਰੀਨ ਅਤੇ ਡਾਨ ਵੀ ਰਹਿਣਗੇ। ਡਾਨ ਹੁਣ ਤੁਹਾਡੇ ਭਰਾ ਦੀ ਨਵੀਂ ਭੈਣ ਹੋਵੇਗੀ।"
ਇਹ ਸੁਣ ਕੇ ਰੇਚਲ "ਬਹੁਤ ਘਬਰਾ ਗਈ ਅਤੇ ਡਰ ਤੇ ਦੁੱਖ ਮਹਿਸੂਸ" ਕਰਨ ਲੱਗੀ। ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਹ ਰੋਣ ਲੱਗ ਪਈ।
ਜਿਵੇਂ-ਜਿਵੇਂ ਕਾਰ ਅੱਗੇ ਵਧ ਰਹੀ ਸੀ, ਉਹ "ਉਲਝਣ ਵਿੱਚ ਸੀ, ਪਰ ਨਾਲ ਹੀ ਥੋੜ੍ਹੀ ਉਤਸ਼ਾਹਿਤ ਵੀ" ਮਹਿਸੂਸ ਕਰ ਰਹੀ ਸੀ। ਉਸ ਨੂੰ ਐਲੀਸਨ ਪਸੰਦ ਸੀ ਅਤੇ ਉਹ ਹਮੇਸ਼ਾ ਇੱਕ ਭੈਣ ਚਾਹੁੰਦੀ ਸੀ।
ਉਸ ਰਾਤ ਐਲੀਸਨ ਨੇ ਰੇਚਲ ਨੂੰ ਆਪਣੇ ਬੰਕ ਬੈੱਡ ਦੀ ਉੱਪਰਲੀ ਮੰਜ਼ਿਲ 'ਤੇ ਸੌਣ ਲਈ ਜਗ੍ਹਾ ਦਿੱਤੀ ਅਤੇ ਅਗਲੀ ਸਵੇਰ ਬਾਲਗਾਂ ਨੇ ਆਇਲ ਆਫ਼ ਸ਼ੈਪੀ ਵਿੱਚ ਸਥਿਤ ਆਪਣੇ ਘਰਾਂ ਵਿਚਕਾਰ ਸਾਮਾਨ ਦੀ ਅਦਲਾ-ਬਦਲੀ ਕਰਨੀ ਸ਼ੁਰੂ ਕਰ ਦਿੱਤੀ।
ਰੇਚਲ ਦੱਸਦੀ ਹੈ ਕਿ ਉਹ ਬਹੁਤ ਉਲਝਣ ਵਿੱਚ ਸੀ। "ਤੁਸੀਂ ਇਹ ਸੋਚਣ ਤੋਂ ਖ਼ੁਦ ਨੂੰ ਰੋਕ ਨਹੀਂ ਸਕਦੇ ਕਿ ਕਿਤੇ ਇਸ ਸਭ ਲਈ ਤੁਹਾਡੀ ਹੀ ਗ਼ਲਤੀ ਤਾਂ ਨਹੀਂ।"
ਨੰਬਰ ਅੱਠ ਵਾਲੇ ਘਰ ਵਿੱਚ ਰੇਚਲ ਦੀ ਜ਼ਿੰਦਗੀ ਹੁਣ ਨੰਬਰ 10 ਵਾਲੇ ਪੁਰਾਣੇ ਘਰ ਨਾਲੋਂ ਬਿਲਕੁਲ ਵੱਖਰੀ ਸੀ। ਉਸ ਦਾ ਪੁਰਾਣਾ ਘਰ ਸਾਫ਼-ਸੁਥਰਾ ਰਹਿੰਦਾ ਸੀ, ਜਦਕਿ ਨਵੇਂ ਘਰ ਵਿੱਚ "ਕੁੱਤੇ ਦੇ ਵਾਲ, ਚਿਕਨਾਈ ਵਾਲੀਆਂ ਚੀਜ਼ਾਂ ਅਤੇ ਕਾਰਾਂ ਨਾਲ ਸਬੰਧਤ ਸਾਮਾਨ" ਖਿੱਲਰਿਆ ਰਹਿੰਦਾ ਸੀ।

ਤਸਵੀਰ ਸਰੋਤ, Rachel Stone
ਉਹ ਆਪਣੀ ਮਾਂ ਨੂੰ "ਸਖ਼ਤ ਸੁਭਾਅ ਵਾਲੀ, ਪਰ ਇਨਸਾਫ਼ਪਸੰਦ" ਅਤੇ ਹਰ ਕੰਮ ਨੂੰ ਵਿਹਾਰਕ ਢੰਗ ਨਾਲ ਕਰਨ ਵਾਲੀ ਔਰਤ ਦੱਸਦੀ ਹੈ।
ਉਸ ਦਾ ਮਤਰੇਆ ਪਿਤਾ ਐਡੀ "ਮੇਰੇ ਨਾਲ ਕਦੇ ਮਾੜਾ ਵਿਵਹਾਰ ਨਹੀਂ ਕਰਦਾ ਸੀ, ਪਰ ਮੈਂ ਉਸ ਨੂੰ ਕਦੇ ਪਿਤਾ ਨਹੀਂ ਕਿਹਾ। ਮੈਂ ਉਸ ਦੀ ਧੀ ਨਹੀਂ ਸੀ।"
ਉਸ ਨੂੰ ਆਪਣੇ ਭਰਾ ਇਆਨ ਦੀ ਬਹੁਤ ਯਾਦ ਆਉਂਦੀ ਸੀ। "ਮੈਨੂੰ ਉਸ 'ਤੇ ਬਹੁਤ ਮਾਣ ਸੀ। ਉਹ ਮੇਰਾ ਵੱਡਾ ਭਰਾ ਸੀ।"
"ਜਦੋਂ ਮੈਂ ਬਹੁਤ ਛੋਟੀ ਸੀ, ਤਾਂ ਸਕੂਲ ਤੋਂ ਉਸ ਦੇ ਘਰ ਪਰਤਣ ਦੀ ਉਡੀਕ ਵਿੱਚ ਅਕਸਰ ਘਰ ਦੇ ਸਾਹਮਣੇ ਵਾਲੇ ਬਗੀਚੇ ਵਿੱਚ ਖੜ੍ਹੀ ਰਹਿੰਦੀ ਸੀ।"
ਰੇਚਲ ਸੱਤ ਸਾਲ ਦੀ ਸੀ, ਜਦੋਂ ਦੋਵਾਂ ਜੋੜਿਆਂ ਨੇ ਇਕੱਠਿਆਂ ਅਦਾਲਤ ਵਿੱਚ ਜਾ ਕੇ ਤਲਾਕ ਲੈ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਨਵੇਂ ਜੀਵਨ ਸਾਥੀਆਂ ਨਾਲ ਵੱਖ-ਵੱਖ ਸਾਦੇ ਸਮਾਗਮਾਂ ਵਿੱਚ ਰਜਿਸਟਰੀ ਦਫ਼ਤਰ ਵਿੱਚ ਵਿਆਹ ਕਰਵਾ ਲਿਆ।
ਰੇਚਲ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਪਿਤਾ ਨੇ ਆਇਰੀਨ ਨਾਲ ਵਿਆਹ ਕਰਵਾ ਲਿਆ ਹੈ। ਉਨ੍ਹਾਂ ਨੂੰ ਇਸ ਬਾਰੇ ਉਦੋਂ ਪਤਾ ਲੱਗਿਆ, ਜਦੋਂ ਉਸ ਨੇ ਵਿਆਹ ਦੀ ਤਸਵੀਰ ਦੇਖੀ। ਜਦੋਂ ਉਹ 11 ਜਾਂ 12 ਸਾਲ ਦੀ ਹੋਈ ਤਾਂ ਆਪਣੇ ਪੁਰਾਣੇ ਘਰ ਜਾਣਾ ਵੀ ਘੱਟ ਕਰ ਦਿੱਤਾ। ਉਹ ਦੱਸਦੀ ਹੈ ਕਿ ਉਸ ਨੂੰ ਪਿਤਾ ਨੂੰ ਮਿਲਣ ਜਾਣਾ ਮੁਸ਼ਕਲ ਲੱਗਦਾ ਸੀ ਅਤੇ ਆਇਰੀਨ ਨਾਲ ਵੀ ਉਨ੍ਹਾਂ ਦੀ ਨਹੀਂ ਬਣਦੀ ਸੀ।
ਦੂਜੇ ਪਾਸੇ, ਉਸ ਦੀ ਮਾਂ ਕੇਅ ਅਤੇ ਐਡੀ ਨਾਲ ਜ਼ਿੰਦਗੀ ਕਾਫ਼ੀ ਉਥਲ-ਪੁਥਲ ਭਰੀ ਸੀ।
"ਐਡੀ ਕਾਫ਼ੀ ਹੱਦ ਤੱਕ ਹੱਕ ਜਤਾਉਣ ਵਾਲਾ ਅਤੇ ਕੰਟ੍ਰੋਲ ਕਰਨ ਵਾਲਾ ਸੁਭਾਅ ਰੱਖਦਾ ਸੀ। ਜਦੋਂ ਅਸੀਂ 13 ਸਾਲ ਦੇ ਹੋਏ ਤਾਂ ਮਾਂ ਨੇ ਕਿਹਾ, 'ਇਸ ਤਰ੍ਹਾਂ ਹੁਣ ਗੁਜ਼ਾਰਾ ਨਹੀਂ ਹੋ ਸਕਦਾ, ਅਸੀਂ ਇਸ ਤਰ੍ਹਾਂ ਇਕੱਠੇ ਨਹੀਂ ਰਹਿ ਸਕਦੇ।'"
ਰੇਚਲ ਦੱਸਦੀ ਹੈ ਕਿ ਸਕੂਲ ਉਨ੍ਹਾਂ ਲਈ "ਇੱਕ ਬਚਣ ਦਾ ਰਾਹ" ਸੀ। ਉਨ੍ਹਾਂ ਨੇ ਪੜ੍ਹਾਈ ਵਿੱਚ ਚੰਗੇ ਨੰਬਰ ਹਾਸਲ ਕੀਤੇ ਅਤੇ ਅਧਿਆਪਕ ਬਣ ਗਈ। ਉਨ੍ਹਾਂ ਨੇ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਦੋ ਪੁੱਤਰ ਹੋਏ, ਪਰ ਹੁਣ ਉਹ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ ਅਤੇ ਬਿਜ਼ਨਸ ਕੋਚ ਵਜੋਂ ਕੰਮ ਕਰਦੀ ਹੈ।

ਤਸਵੀਰ ਸਰੋਤ, Rachel Stone
ਆਪਣੀ ਪੂਰੀ ਜ਼ਿੰਦਗੀ ਦੌਰਾਨ ਰੇਚਲ ਦੀ ਮਾਂ ਨੇ ਕਦੇ ਵੀ ਪਰਿਵਾਰਾਂ ਦੀ ਇਸ ਅਦਲਾ-ਬਦਲੀ ਬਾਰੇ ਗੱਲ ਨਹੀਂ ਕੀਤੀ। "ਮੈਂ ਬਹੁਤ ਸਾਰੇ ਸਵਾਲ ਪੁੱਛੇ, ਪਰ ਉਹ ਕਹਿੰਦੀ ਸੀ ਕਿ ਇਹ ਮਾਮਲਾ ਬਹੁਤ ਗੁੰਝਲਦਾਰ ਹੈ।"
ਕਈ ਦਹਾਕਿਆਂ ਬਾਅਦ, ਆਪਣੇ ਪੁੱਤਰਾਂ ਨਾਲ ਪਰਿਵਾਰਕ ਛੁੱਟੀਆਂ ਮਨਾਉਣ ਦੌਰਾਨ ਰੇਚਲ ਨੇ ਇੱਕ ਵਾਰ ਫਿਰ ਆਪਣੀ ਮਾਂ ਨੂੰ ਇਸ ਬਾਰੇ ਪੁੱਛਿਆ।
"ਮੈਂ ਮਾਂ ਨੂੰ ਕਿਹਾ, 'ਦੇਖੋ, ਜੋਸਫ਼ ਹੁਣ 10 ਸਾਲ ਦਾ ਹੋ ਗਿਆ ਹੈ... ਜਦੋਂ ਤੁਸੀਂ ਇਆਨ ਨੂੰ ਪਿਤਾ ਅਤੇ ਆਇਰੀਨ ਨਾਲ ਰਹਿਣ ਲਈ ਭੇਜਿਆ ਸੀ, ਉਦੋਂ ਉਹ ਵੀ 10 ਸਾਲ ਦਾ ਸੀ।'"
ਉਹ ਦੱਸਦੀ ਹੈ ਕਿ ਉਨ੍ਹਾਂ ਦੀ ਮਾਂ ਉਸ ਸਮੇਂ "ਆਪਣੇ ਸਵਾਰਥੀ ਫ਼ੈਸਲਿਆਂ ਕਾਰਨ ਦੋਸ਼ ਦੀ ਭਾਵਨਾ ਅਤੇ ਸ਼ਰਮਿੰਦਗੀ ਨਾਲ ਬਹੁਤ ਪਰੇਸ਼ਾਨ ਸੀ... ਉਸ ਨੂੰ ਪਛਤਾਵਾ ਸੀ।"
"ਕਈ ਸਾਲਾਂ ਬਾਅਦ ਮਾਂ ਨੇ ਮੈਨੂੰ ਉਹ ਸ਼ਬਦ ਕਹੇ, ਜਿਨ੍ਹਾਂ ਨੂੰ ਸੁਣਨ ਦੀ ਉਡੀਕ ਮੈਂ ਆਪਣੀ ਪੂਰੀ ਜ਼ਿੰਦਗੀ ਕਰਦੀ ਰਹੀ ਸੀ। ਉਸ ਨੇ ਕਿਹਾ, 'ਮੈਨੂੰ ਬਹੁਤ ਅਫ਼ਸੋਸ ਹੈ ਕਿ ਮੈਂ ਤੁਹਾਨੂੰ ਨਿਰਾਸ਼ ਕੀਤਾ। ਮੈਂ ਇਸ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੀ ਹਾਂ।'"
ਰੇਚਲ ਮੁਤਾਬਕ, ਇਹੀ ਉਹ ਸਮਾਂ ਸੀ ਜਦੋਂ ਉਨ੍ਹਾਂ ਨੇ ਆਪਣੀ ਮਾਂ ਨਾਲ ਮੁੜ ਇੱਕ "ਬਹੁਤ ਹੀ ਸ਼ਾਨਦਾਰ" ਰਿਸ਼ਤਾ ਬਣਾਉਣਾ ਸ਼ੁਰੂ ਕੀਤਾ।

ਤਸਵੀਰ ਸਰੋਤ, Rachel Stone
ਰੇਚਲ ਦਾ ਆਪਣੇ ਪਿਤਾ ਨਾਲ ਕਦੇ ਵੀ ਬਹੁਤ ਗੂੜ੍ਹਾ ਰਿਸ਼ਤਾ ਨਹੀਂ ਬਣ ਸਕਿਆ। "ਉਸ ਨੇ ਮੈਨੂੰ ਦੱਸਿਆ ਸੀ ਕਿ ਉਸ ਕੋਲ ਆਪਣੀ ਪਤਨੀ ਅਤੇ ਬੱਚਿਆਂ ਵਿੱਚੋਂ ਕਿਸੇ ਇੱਕ ਨੂੰ ਚੁਣਨ ਦਾ ਬਦਲ ਸੀ। ਬਦਕਿਸਮਤੀ ਨਾਲ ਮੇਰੇ ਲਈ, ਉਨ੍ਹਾਂ ਨੇ ਆਪਣੀ ਪਤਨੀ ਨੂੰ ਚੁਣਿਆ।"
ਉਨ੍ਹਾਂ ਦੇ ਪਿਤਾ ਅਤੇ ਆਇਰੀਨ 81 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋਣ ਤੱਕ ਇਕੱਠੇ ਰਹੇ।
ਪਰ ਜਦੋਂ ਰੇਚਲ ਨੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਮੌਕੇ ਉਨ੍ਹਾਂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਹ ਆਪਣੇ ਪਿਤਾ ਤੋਂ ਮੁਆਫ਼ੀ ਮੰਗਣ ਦੀ ਵੀ ਕਰਜ਼ਦਾਰ ਹੈ।
"ਮੈਂ ਆਪਣੇ ਮਨ ਵਿੱਚ ਇੱਕ ਅਜਿਹੇ ਆਦਰਸ਼ ਪਿਤਾ ਦੀ ਤਸਵੀਰ ਬਣਾ ਲਈ ਸੀ, ਜੋ ਮੇਰੇ ਤੋਂ ਖੋਹ ਲਿਆ ਗਿਆ ਸੀ... ਮੈਂ ਉਨ੍ਹਾਂ ਦੀ ਇੱਕ ਅਜਿਹੀ ਸ਼ਖ਼ਸੀਅਤ ਘੜ ਲਈ ਸੀ, ਜੋ ਹਰ ਪੱਖੋਂ ਸੰਪੂਰਨ ਹੋ ਸਕਦੀ ਸੀ।"
"ਮੈਂ ਚਾਹੁੰਦੀ ਸੀ ਕਿ ਉਹ ਅਜਿਹੇ ਹੀ ਹੋਣ। ਪਰ ਮੇਰਾ ਇਹ ਵੀ ਮੰਨਣਾ ਹੈ ਕਿ ਸਾਨੂੰ ਲੋਕਾਂ ਨੂੰ ਉਵੇਂ ਹੀ ਸਵੀਕਾਰ ਕਰਨਾ ਚਾਹੀਦਾ ਹੈ, ਜਿਵੇਂ ਉਹ ਅਸਲ ਵਿੱਚ ਹਨ।"
"ਮੈਨੂੰ ਲੱਗਦਾ ਹੈ ਕਿ ਮਾਪੇ ਆਪਣੀ ਸਮਰੱਥਾ ਅਨੁਸਾਰ ਸਭ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਹਨ... ਤੁਸੀਂ ਆਪਣੇ ਮਾਪਿਆਂ ਤੋਂ ਇਹ ਉਮੀਦ ਨਹੀਂ ਰੱਖ ਸਕਦੇ ਕਿ ਉਹ ਉਹੋ ਜਿਹੇ ਬਣ ਜਾਣ, ਜਿਹੋ ਜਿਹੇ ਉਹ ਅਸਲ ਵਿੱਚ ਹਨ ਹੀ ਨਹੀਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































