ਧੀ ਦੇ ਵਿਆਹ ਵਿੱਚ ਚਾਰ ਲੱਖ ਮਹਿਮਾਨਾਂ ਦਾ ਦਾਅਵਾ, ਘੋੜ ਦੌੜ ਦੇ ਜੇਤੂ ਨੂੰ ਕਾਰ, ਆਖਿਰ ਅਨੰਤ ਸਿੰਘ ਕੋਲ ਕਿੰਨੀ ਜਾਇਦਾਦ ਹੈ

ਅਨੰਤ ਸਿੰਘ
ਤਸਵੀਰ ਕੈਪਸ਼ਨ, ਅਨੰਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਵਿਆਹ ਵਿੱਚ ਲੱਖਾਂ ਦੀ ਗਿਣਤੀ ਵਿੱਚ ਮਹਿਮਾਨ ਪਹੁੰਚਣਗੇ
    • ਲੇਖਕ, ਸੀਟੂ ਤਿਵਾੜੀ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਬਿਹਾਰ ਦੇ ਮੋਕਾਮਾ ਤੋਂ ਵਿਧਾਇਕ ਅਨੰਤ ਸਿੰਘ ਦੀ ਧੀ ਸ਼ਿਵਾਂਗੀ ਦਾ ਵਿਆਹ 25 ਨਵੰਬਰ ਨੂੰ ਹੋਣਾ ਹੈ। ਇਹ ਵਿਆਹ ਅਨੰਤ ਸਿੰਘ ਦੇ ਜੱਦੀ ਪਿੰਡ ਨਦਵਾਂ (ਬਾੜ੍ਹ) ਵਿੱਚ ਹੋਵੇਗਾ।

ਨਦਵਾਂ ਪਿੰਡ ਪਟਨਾ ਸ਼ਹਿਰ ਤੋਂ ਕਰੀਬ 65 ਕਿਲੋਮੀਟਰ ਦੂਰ ਹੈ। ਅਨੰਤ ਸਿੰਘ ਨੇ ਖ਼ੁਦ ਦਾਅਵਾ ਕੀਤਾ ਹੈ ਕਿ ਵਿਆਹ ਵਿੱਚ ਮਹਿਮਾਨਾਂ ਵਜੋਂ ਕਰੀਬ ਚਾਰ ਲੱਖ ਲੋਕ ਪਹੁੰਚਣਗੇ। ਫ਼ਿਲਹਾਲ ਇਸ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਅਨੰਤ ਸਿੰਘ ਨੇ ਵਿਆਹ ਬਾਰੇ ਕਿਹਾ ਹੈ, "ਚਾਰ ਲੱਖ ਤਾਂ ਸ਼ੁਰੂਆਤ ਹੈ। ਜੇ ਹੋਰ ਲੋਕ ਵੀ ਆਉਣਗੇ ਤਾਂ ਉਨ੍ਹਾਂ ਦੇ ਖਾਣੇ ਦਾ ਵੀ ਇੰਤਜ਼ਾਮ ਕੀਤਾ ਜਾਵੇਗਾ। ਅਸੀਂ ਇਸ ਵਿਆਹ ਦਾ ਸੱਦਾ ਹਿੰਦੁਸਤਾਨ ਅਤੇ ਪਾਕਿਸਤਾਨ ਵਿੱਚ ਸਾਰਿਆਂ ਨੂੰ ਭੇਜਿਆ ਹੈ।"

ਇਸ ਵਿਆਹ ਵਿੱਚ ਘੋੜ ਦੌੜ ਮੁਕਾਬਲਾ ਵੀ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਵਿੱਚ ਜਿੱਤਣ ਵਾਲੇ ਨੂੰ ਥਾਰ ਗੱਡੀ ਦਿੱਤੀ ਜਾਵੇਗੀ। ਘੋੜ ਦੌੜ ਮੁਕਾਬਲੇ ਦਾ ਐਲਾਨ ਅਨੰਤ ਸਿੰਘ ਦੀ ਪਤਨੀ ਨੀਲਮ ਦੇਵੀ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਕੀਤਾ ਸੀ, ਜਿਸ ਦੀ ਪੁਸ਼ਟੀ ਬਾਅਦ ਵਿੱਚ ਅਨੰਤ ਸਿੰਘ ਨੇ ਵੀ ਕੀਤੀ।

'ਸਿਨੇਮਾ ਵਾਂਗ ਟਿਕਟ ਨਹੀਂ ਲੈਣੀ, ਸਾਰੇ ਵਿਆਹ ਵਿੱਚ ਆਓ'

 ਵਿਆਹ ਦੀਆਂ ਤਿਆਰੀਆਂ
ਤਸਵੀਰ ਕੈਪਸ਼ਨ, ਅਨੰਤ ਸਿੰਘ ਦੇ ਜੱਦੀ ਪਿੰਡ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ

ਇਸ ਗੱਲ ਦੀ ਵੀ ਚਰਚਾ ਹੈ ਕਿ ਅਨੰਤ ਸਿੰਘ ਆਪਣੇ ਜਵਾਈ ਰਿਸ਼ੀਕੇਸ਼ ਨੂੰ ਇੱਕ ਕੀਮਤੀ ਗੱਡੀ ਦੇਣ ਵਾਲੇ ਹਨ। ਹਾਲਾਂਕਿ, ਰਿਸ਼ੀਕੇਸ਼ ਦੇ ਪਿਤਾ ਰਣ ਵਿਜੇ ਕੁਮਾਰ ਨੇ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਰਿਸ਼ੀਕੇਸ਼ ਪਟਨਾ ਦੇ ਬਿਹਟਾ ਸਥਿਤ ਕ੍ਰਿਸ਼ਨਾ ਨਗਰ ਦੇ ਰਹਿਣ ਵਾਲੇ ਹਨ। ਪਰਿਵਾਰ ਮੁਤਾਬਕ, ਰਿਸ਼ੀਕੇਸ਼ ਨੇ ਅਮਰੀਕਾ ਤੋਂ ਐੱਮਬੀਏ ਦੀ ਪੜ੍ਹਾਈ ਕੀਤੀ ਹੈ।

ਆਪਣੇ ਵਨ-ਲਾਈਨਰਜ਼ ਲਈ ਮਸ਼ਹੂਰ ਅਨੰਤ ਸਿੰਘ ਤੋਂ ਪੱਤਰਕਾਰ ਵਾਰ-ਵਾਰ ਵਿਆਹ ਵਿੱਚ ਆਉਣ ਵਾਲੇ ਮਹਿਮਾਨਾਂ ਦੀ ਸੂਚੀ ਬਾਰੇ ਪੁੱਛ ਰਹੇ ਹਨ।

ਇਸ ਸਵਾਲ 'ਤੇ ਅਨੰਤ ਸਿੰਘ ਪੱਤਰਕਾਰਾਂ ਨੂੰ ਕਹਿੰਦੇ ਨਜ਼ਰ ਆ ਰਹੇ ਹਨ, "ਇੱਥੇ ਸਿਨੇਮਾ ਵਾਂਗ ਟਿਕਟ ਨਹੀਂ ਲੈਣੀ, ਤੁਸੀਂ ਸਾਰੇ ਵਿਆਹ ਵਿੱਚ ਆਓ।"

ਹਾਲਾਂਕਿ, ਇੱਕ ਮੀਡੀਆ ਇੰਟਰਵਿਊ ਵਿੱਚ ਜਦੋਂ ਅਨੰਤ ਸਿੰਘ ਤੋਂ ਵਿਆਹ 'ਤੇ ਹੋਣ ਵਾਲੇ ਖ਼ਰਚ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਮੇਰੇ ਦੋਸਤ ਅਤੇ ਚਾਹੁਣ ਵਾਲੇ ਸਾਰਾ ਇੰਤਜ਼ਾਮ ਕਰਦੇ ਹਨ। ਅਸੀਂ ਖ਼ੁਦ ਕੁਝ ਨਹੀਂ ਕਰਦੇ। ਕੋਈ ਸ਼ਾਮਿਆਨੇ ਦਾ ਖ਼ਰਚ ਚੁੱਕ ਲਵੇਗਾ, ਕੋਈ ਕੁਝ ਹੋਰ ਕਰ ਦੇਵੇਗਾ। ਮੇਰੇ ਦੋਸਤ ਪੂਰੇ ਦੇਸ਼ ਵਿੱਚ ਹਨ।"

ਆਨੰਤ ਕੁਮਾਰ ਸਿੰਘ

ਅਨੰਤ ਸਿੰਘ ਵਿਆਹ 'ਤੇ ਹੋਣ ਵਾਲੇ ਖ਼ਰਚ ਦੇ ਸਵਾਲ ਨੂੰ ਟਾਲ ਗਏ। ਪਰ ਵਿਆਹ 'ਤੇ ਹੋ ਰਹੇ ਖ਼ਰਚ ਨੇ ਇਸ ਗੱਲ ਨੂੰ ਲੈ ਕੇ ਉਤਸੁਕਤਾ ਵਧਾ ਦਿੱਤੀ ਹੈ ਕਿ ਅਨੰਤ ਸਿੰਘ ਦੀ ਕੁੱਲ ਜਾਇਦਾਦ ਕਿੰਨੀ ਹੈ?

ਚੋਣ ਕਮਿਸ਼ਨ ਕੋਲ ਦਾਖ਼ਲ ਕੀਤੇ ਗਏ ਹਲਫ਼ਨਾਮੇ ਮੁਤਾਬਕ, ਅਨੰਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੀਲਮ ਦੇਵੀ ਕੋਲ ਕੁੱਲ 100 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ।

ਜਿਸ ਧੀ ਦਾ ਵਿਆਹ ਹੋ ਰਿਹਾ ਹੈ, ਉਸ ਦਾ ਕੋਈ ਬੈਂਕ ਖਾਤਾ ਨਹੀਂ

65 ਸਾਲਾ ਅਨੰਤ ਸਿੰਘ ਸਾਲ 2005 ਤੋਂ ਮੋਕਾਮਾ ਤੋਂ ਲਗਾਤਾਰ ਵਿਧਾਇਕ ਹਨ। ਸਿਰਫ਼ ਕੁਝ ਸਮੇਂ ਲਈ ਉਨ੍ਹਾਂ ਦੀ ਪਤਨੀ ਨੀਲਮ ਦੇਵੀ ਇਸ ਸੀਟ ਤੋਂ ਵਿਧਾਇਕ ਰਹੇ ਸਨ।

ਸਾਲ 2025 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਦਾਖ਼ਲ ਕੀਤੇ ਗਏ ਹਲਫ਼ਨਾਮੇ ਮੁਤਾਬਕ, ਅਨੰਤ ਸਿੰਘ ਕੋਲ 26 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ, ਜਦਕਿ ਉਨ੍ਹਾਂ ਦੀ ਪਤਨੀ ਕੋਲ 13 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ।

ਨਕਦੀ ਦੀ ਗੱਲ ਕਰੀਏ ਤਾਂ ਅਨੰਤ ਸਿੰਘ ਕੋਲ 15 ਲੱਖ ਰੁਪਏ ਹਨ, ਜਦਕਿ ਉਨ੍ਹਾਂ ਦੀ ਪਤਨੀ ਨੀਲਮ ਦੇਵੀ ਕੋਲ 34 ਲੱਖ ਰੁਪਏ ਹਨ। ਅਨੰਤ ਸਿੰਘ ਦੇ ਪਟਨਾ ਅਤੇ ਬਾੜ੍ਹ ਵਿੱਚ ਪੰਜ ਬੈਂਕ ਖਾਤੇ ਹਨ, ਜਦਕਿ ਉਨ੍ਹਾਂ ਦੀ ਪਤਨੀ ਨੀਲਮ ਦੇਵੀ ਕੋਲ 12 ਬੈਂਕ ਖਾਤੇ ਹਨ।

ਅਨੰਤ ਸਿੰਘ ਨੇ ਆਪਣੇ ਹਲਫ਼ਨਾਮੇ ਵਿੱਚ ਚਾਰ ਨਿਰਭਰ ਜੀਆਂ (ਡਿਪੈਂਡੈਂਟਸ) ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਵਿੱਚ ਉਨ੍ਹਾਂ ਦੀ ਧੀ ਸ਼ਿਵਾਂਗੀ ਸਿੰਘ ਦਾ ਨਾਂ ਵੀ ਸ਼ਾਮਲ ਹੈ। ਸ਼ਿਵਾਂਗੀ ਸਿੰਘ ਦਾ ਵਿਆਹ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਨਾਂ 'ਤੇ ਕੋਈ ਬੈਂਕ ਖਾਤਾ ਨਹੀਂ ਹੈ, ਜਦਕਿ ਬਾਕੀ ਤਿੰਨ ਡਿਪੈਂਡੈਂਟਸ ਕੋਲ ਬੈਂਕ ਖਾਤੇ ਹਨ।

ਹਲਫ਼ਨਾਮੇ ਮੁਤਾਬਕ, ਅਨੰਤ ਸਿੰਘ ਕੋਲ ਦਰਪ ਕੰਸਟਰਕਸ਼ਨ ਨਾਂ ਦੀ ਕੰਪਨੀ ਵਿੱਚ 34.375 ਫ਼ੀਸਦੀ ਹਿੱਸੇਦਾਰੀ ਹੈ, ਜਿਸ ਦੀ ਕੀਮਤ ਕਰੀਬ 10.18 ਕਰੋੜ ਰੁਪਏ ਹੈ। ਉੱਥੇ ਹੀ, ਉਨ੍ਹਾਂ ਦੀ ਪਤਨੀ ਨੀਲਮ ਦੇਵੀ ਕੋਲ ਰਾਜਨੰਦਿਨੀ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਅਤੇ ਐੱਸਐੱਸਜੀਸੀ ਕੰਸਟਰਕਸ਼ਨ ਪ੍ਰਾਈਵੇਟ ਲਿਮਟਿਡ ਦੇ ਸ਼ੇਅਰ ਹਨ, ਜਿਨ੍ਹਾਂ ਦੀ ਖ਼ਰੀਦ ਕੀਮਤ 21 ਲੱਖ 50 ਹਜ਼ਾਰ ਰੁਪਏ ਹੈ।

ਨੀਲਮ ਦੇਵੀ ਨੇ ਜੀਵਨ ਬੀਮਾ ਵਿੱਚ 37 ਲੱਖ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ।

ਪਤਨੀ ਨੂੰ ਅੱਠ ਕਰੋੜ ਦਾ ਕਰਜ਼ਾ, ਦੋ ਕਰੋੜ ਦੀ ਲੈਂਡ ਕਰੂਜ਼ਰ

ਗੱਡੀਆਂ
ਤਸਵੀਰ ਕੈਪਸ਼ਨ, ਅਨੰਤ ਸਿੰਘ ਅਤੇ ਨੀਲਮ ਦੇਵੀ ਦੀ ਪਟਨਾ ਸਥਿਤ ਰਿਹਾਇਸ਼ 'ਤੇ ਖੜ੍ਹੀਆਂ ਗੱਡੀਆਂ

ਹਲਫ਼ਨਾਮੇ ਮੁਤਾਬਕ, ਅਨੰਤ ਸਿੰਘ ਨੇ ਆਪਣੀ ਪਤਨੀ ਨੀਲਮ ਦੇਵੀ ਨੂੰ ਅੱਠ ਕਰੋੜ 37 ਲੱਖ ਰੁਪਏ ਦਾ ਕਰਜ਼ਾ ਦਿੱਤਾ ਹੈ, ਜਦਕਿ ਹੋਰ ਲੋਕਾਂ ਨੂੰ ਤਿੰਨ ਕਰੋੜ 75 ਲੱਖ ਰੁਪਏ ਦਿੱਤੇ ਹਨ। ਉੱਥੇ ਹੀ, ਨੀਲਮ ਦੇਵੀ ਨੇ ਵੀ 10 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਦਿੱਤਾ ਹੈ। ਯਾਨੀ ਇਸ ਪਤੀ-ਪਤਨੀ ਨੇ ਕੁੱਲ 22 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਦਿੱਤਾ ਹੋਇਆ ਹੈ।

ਅਨੰਤ ਸਿੰਘ ਕੋਲ ਤਿੰਨ ਕਰੋੜ ਰੁਪਏ ਤੋਂ ਵੱਧ ਕੀਮਤ ਦੀਆਂ ਗੱਡੀਆਂ ਹਨ। ਇਨ੍ਹਾਂ ਵਿੱਚ 48 ਲੱਖ ਰੁਪਏ ਦੀ ਟੋਇਟਾ ਫਾਰਚਿਊਨਰ ਵੀ ਸ਼ਾਮਲ ਹੈ, ਜਿਸ ਨੂੰ ਸਾਲ 2024 ਵਿੱਚ ਖ਼ਰੀਦਿਆ ਗਿਆ ਸੀ।

ਅਨੰਤ ਸਿੰਘ ਕੋਲ ਸਾਲ 2013 ਵਿੱਚ ਖ਼ਰੀਦੀ ਗਈ ਮਹਿੰਦਰਾ ਐਕਸਯੂਵੀ 500 ਅਤੇ ਸਾਲ 2015 ਵਿੱਚ ਖ਼ਰੀਦੀ ਗਈ ਦੋ ਕਰੋੜ 70 ਲੱਖ ਰੁਪਏ ਦੀ ਲੈਂਡ ਕਰੂਜ਼ਰ ਵੀ ਹੈ। ਉੱਥੇ ਹੀ, ਉਨ੍ਹਾਂ ਦੀ ਪਤਨੀ ਨੀਲਮ ਦੇਵੀ ਕੋਲ ਇਨੋਵਾ ਕ੍ਰਿਸਟਾ, ਮਹਿੰਦਰਾ ਥਾਰ ਅਤੇ ਫਾਰਚਿਊਨਰ ਸਿਗਮਾ ਹੈ। ਅਨੰਤ ਸਿੰਘ ਅਤੇ ਨੀਲਮ ਦੇਵੀ ਕੋਲ ਕੁੱਲ ਚਾਰ ਕਰੋੜ ਰੁਪਏ ਤੋਂ ਵੱਧ ਕੀਮਤ ਦੀਆਂ ਗੱਡੀਆਂ ਹਨ।

ਹਲਫ਼ਨਾਮੇ ਮੁਤਾਬਕ, ਅਨੰਤ ਸਿੰਘ ਕੋਲ 150 ਗ੍ਰਾਮ ਸੋਨਾ ਹੈ, ਜਿਸ ਦੀ ਕੀਮਤ ਕਰੀਬ 15 ਲੱਖ ਰੁਪਏ ਹੈ। ਉੱਥੇ ਹੀ, ਨੀਲਮ ਦੇਵੀ ਕੋਲ ਤਕਰੀਬਨ 700 ਗ੍ਰਾਮ ਸੋਨਾ ਅਤੇ ਛੇ ਕਿਲੋ ਚਾਂਦੀ ਹੈ, ਜਿਸ ਦੀ ਕੀਮਤ 71 ਲੱਖ ਰੁਪਏ ਤੋਂ ਵੱਧ ਹੈ।

ਅਨੰਤ ਸਿੰਘ 11 ਕਰੋੜ, ਜਦਕਿ ਨੀਲਮ 49 ਕਰੋੜ ਦੀ ਅਚੱਲ ਜਾਇਦਾਦ ਦੇ ਮਾਲਕ

ਘੋੜੇ
ਤਸਵੀਰ ਕੈਪਸ਼ਨ, ਪਟਨਾ ਸਥਿਤ ਆਪਣੀ ਰਿਹਾਇਸ਼ 'ਤੇ ਖੜ੍ਹੇ ਅਨੰਤ ਸਿੰਘ ਦੇ ਘੋੜੇ

ਅਨੰਤ ਸਿੰਘ ਦੀ ਅਚੱਲ ਜਾਇਦਾਦ 11 ਕਰੋੜ ਰੁਪਏ ਦੀ ਹੈ, ਜਦਕਿ ਨੀਲਮ ਦੇਵੀ ਕੋਲ 49 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ।

ਅਨੰਤ ਸਿੰਘ ਦੀ ਖੇਤੀਯੋਗ ਜ਼ਮੀਨ ਦੀ ਕੀਮਤ 15 ਲੱਖ ਰੁਪਏ ਹੈ, ਜਦਕਿ ਨੀਲਮ ਦੇਵੀ ਕੋਲ ਇਸ ਤਰ੍ਹਾਂ ਦੀ ਜ਼ਮੀਨ ਦੀ ਕੀਮਤ ਛੇ ਕਰੋੜ ਰੁਪਏ ਤੋਂ ਵੱਧ ਹੈ।

ਅਨੰਤ ਸਿੰਘ ਕੋਲ ਗ਼ੈਰ-ਖੇਤੀਯੋਗ ਜ਼ਮੀਨ ਸਿਰਫ਼ ਆਪਣੇ ਪਿੰਡ ਨਦਵਾਂ ਵਿੱਚ ਹੈ, ਜਿਸ ਦੀ ਕੀਮਤ ਇੱਕ ਕਰੋੜ ਰੁਪਏ ਤੋਂ ਵੱਧ ਹੈ। ਉੱਥੇ ਹੀ, ਨੀਲਮ ਦੇਵੀ ਕੋਲ ਪਟਨਾ ਦੇ ਪਾਟਲੀਪੁੱਤਰ, ਬੰਦਰ ਬਗੀਚਾ, ਬਿਰਲਾ ਮੰਦਰ ਅਤੇ ਬੋਰਿੰਗ ਕੈਨਾਲ ਰੋਡ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਜੀਬੀ ਨਗਰ ਵਿੱਚ ਵੀ ਜ਼ਮੀਨ ਹੈ।

ਵਪਾਰਕ ਇਮਾਰਤਾਂ ਦੀ ਗੱਲ ਕਰੀਏ ਤਾਂ ਅਨੰਤ ਸਿੰਘ ਕੋਲ ਫਰੇਜ਼ਰ ਰੋਡ 'ਤੇ ਹਸਨ ਮੰਜ਼ਿਲ ਹੈ, ਜਿਸ ਦੀ ਮੌਜੂਦਾ ਕੀਮਤ ਤਕਰੀਬਨ 10 ਕਰੋੜ ਰੁਪਏ ਹੈ। ਉੱਥੇ ਹੀ, ਨੀਲਮ ਦੇਵੀ ਕੋਲ ਪਟਨਾ ਦੇ ਪਾਟਲੀਪੁੱਤਰ, ਬੰਦਰ ਬਗੀਚਾ ਅਤੇ ਦੱਖਣੀ ਕ੍ਰਿਸ਼ਨਾਪੁਰੀ ਵਿੱਚ ਜਾਇਦਾਦ ਹੈ। ਇਸ ਤੋਂ ਇਲਾਵਾ ਬਾੜ੍ਹ ਦੇ ਬੇਰਹਨਾ ਅਤੇ ਗੁਰੂਗ੍ਰਾਮ ਵਿੱਚ ਉਨ੍ਹਾਂ ਦਾ ਇੱਕ ਦਫ਼ਤਰ ਵੀ ਹੈ, ਜਿਸ ਦੀ ਕੀਮਤ 13 ਕਰੋੜ 90 ਲੱਖ ਰੁਪਏ ਹੈ।

ਅਨੰਤ ਸਿੰਘ ਕੋਲ ਆਪਣੇ ਜੱਦੀ ਪਿੰਡ ਨਦਵਾਂ ਵਿੱਚ ਰਿਹਾਇਸ਼ੀ ਇਮਾਰਤ ਹੈ। ਨੀਲਮ ਦੇਵੀ ਕੋਲ ਪਟਨਾ ਦੇ ਬੋਰਿੰਗ ਰੋਡ 'ਤੇ 5,700 ਵਰਗ ਫੁੱਟ ਦਾ ਇੱਕ ਫਲੈਟ ਅਤੇ ਦਿੱਲੀ ਦੇ ਜੀਕੇ ਵਿੱਚ 2,100 ਵਰਗ ਫੁੱਟ ਦਾ ਫਲੈਟ ਹੈ। ਇਨ੍ਹਾਂ ਦੋਵਾਂ ਦੀ ਕੀਮਤ ਤਿੰਨ ਕਰੋੜ ਰੁਪਏ ਤੋਂ ਵੱਧ ਹੈ।

ਸਮਾਜ ਸੇਵਾ, ਕਾਰੋਬਾਰ ਅਤੇ ਖੇਤੀਬਾੜੀ

ਅਨੰਤ ਸਿੰਘ ਅਤੇ ਨੀਲਮ ਦੇਵੀ
ਤਸਵੀਰ ਕੈਪਸ਼ਨ, ਅਨੰਤ ਸਿੰਘ ਨੇ ਚੋਣਾਂਵੀ ਹਲਫ਼ਨਾਮੇ ਵਿੱਚ ਆਪਣਾ ਅਤੇ ਆਪਣੀ ਪਤਨੀ ਦਾ ਪੇਸ਼ਾ ਸਮਾਜ ਸੇਵਾ, ਕਾਰੋਬਾਰ ਅਤੇ ਖੇਤੀਬਾੜੀ ਦੱਸਿਆ ਹੈ

ਅਨੰਤ ਸਿੰਘ ਨੇ ਇਸ ਹਲਫ਼ਨਾਮੇ ਵਿੱਚ ਆਪਣਾ ਪੇਸ਼ਾ ਸਮਾਜ ਸੇਵਾ, ਕਾਰੋਬਾਰ ਅਤੇ ਖੇਤੀਬਾੜੀ ਦੱਸਿਆ ਹੈ। ਉਨ੍ਹਾਂ ਨੇ ਆਪਣੀ ਪਤਨੀ ਨੀਲਮ ਦੇਵੀ ਦਾ ਪੇਸ਼ਾ ਵੀ ਇਹੀ ਦੱਸਿਆ ਹੈ। ਆਮਦਨ ਦੇ ਸਰੋਤ ਵਜੋਂ ਮਕਾਨ ਦੇ ਕਿਰਾਏ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਹਲਫ਼ਨਾਮੇ ਵਿੱਚ ਅਨੰਤ ਸਿੰਘ ਸਿਰ ਦੋ ਕਰੋੜ ਰੁਪਏ ਅਤੇ ਉਨ੍ਹਾਂ ਦੀ ਪਤਨੀ ਸਿਰ 23 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਵੀ ਦੱਸਿਆ ਗਿਆ ਹੈ। ਅਨੰਤ ਸਿੰਘ ਨੇ ਕਾਰ ਖ਼ਰੀਦਣ ਲਈ ਦੋ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਉੱਥੇ ਹੀ, ਉਨ੍ਹਾਂ ਦੀ ਪਤਨੀ ਨੇ ਕਾਰ ਲੋਨ ਦੇ ਨਾਲ-ਨਾਲ ਖੇਤੀਬਾੜੀ ਲਈ ਵੀ ਕਰਜ਼ਾ ਲਿਆ ਹੈ।

ਇਸ ਤੋਂ ਇਲਾਵਾ, ਨੀਲਮ ਦੇਵੀ ਨੇ ਅਨੰਤ ਸਿੰਘ ਤੋਂ ਅੱਠ ਕਰੋੜ ਰੁਪਏ ਅਤੇ ਰਾਜਨੰਦਿਨੀ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਤੋਂ 12 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਲਿਆ ਹੈ। ਅਨੰਤ ਸਿੰਘ ਨੇ ਵੀ ਇਸ ਕੰਪਨੀ ਤੋਂ 10 ਲੱਖ ਰੁਪਏ ਦਾ ਨਿੱਜੀ ਕਰਜ਼ਾ ਲਿਆ ਹੈ।

ਅਨੰਤ ਸਿੰਘ ਵਿਰੁੱਧ 28 ਅਪਰਾਧਿਕ ਮਾਮਲੇ ਲੰਬਿਤ ਹਨ। ਇਨ੍ਹਾਂ ਵਿੱਚ ਕਤਲ, ਕਤਲ ਦੀ ਧਮਕੀ, ਅਪਰਾਧੀਆਂ ਨੂੰ ਪਨਾਹ ਦੇਣ ਅਤੇ ਅਗਵਾ ਵਰਗੇ ਗੰਭੀਰ ਮਾਮਲੇ ਸ਼ਾਮਲ ਹਨ।

ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਅਨੰਤ ਸਿੰਘ ਨੂੰ ਆਉਂਦੀ ਇੱਕ ਦਸੰਬਰ ਤੱਕ ਆਤਮ-ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਅਨੰਤ ਸਿੰਘ ਦੀ ਧੀ ਸ਼ਿਵਾਂਗੀ ਸਿੰਘ ਦੇ ਵਿਆਹ ਕਾਰਨ ਉਨ੍ਹਾਂ ਨੂੰ ਚਾਰ ਹਫ਼ਤਿਆਂ ਦੀ ਮੋਹਲਤ ਦਿੱਤੀ ਸੀ। ਇਸ ਤੋਂ ਬਾਅਦ ਅਨੰਤ ਸਿੰਘ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਅਦਾਲਤ 'ਤੇ ਭਰੋਸਾ ਹੈ ਅਤੇ ਉਹ ਆਤਮ-ਸਮਰਪਣ ਕਰ ਦੇਣਗੇ।

ਇਹ ਨਿਰਦੇਸ਼ ਸੁਪਰੀਮ ਕੋਰਟ ਨੇ ਦੁਲਾਰਚੰਦ ਯਾਦਵ ਦੇ ਕਤਲ ਦੇ ਮਾਮਲੇ ਵਿੱਚ ਦਿੱਤਾ ਸੀ। ਦੁਲਾਰਚੰਦ ਯਾਦਵ ਦਾ ਕਤਲ ਸਾਲ 2025 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਚਾਰ ਸਮੇਂ ਹੋਇਆ ਸੀ।

ਮੋਕਾਮਾ ਦੇ ਸਥਾਨਕ ਪੱਤਰਕਾਰ ਅਨੁਭਵ ਕੁਮਾਰ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, "ਅਨੰਤ ਸਿੰਘ ਅਤੇ ਨੀਲਮ ਦੇਵੀ ਦੇ ਪੰਜ ਬੱਚੇ ਹਨ। ਤਿੰਨ ਪੁੱਤਰ ਅਤੇ ਦੋ ਧੀਆਂ। ਇਹ ਉਨ੍ਹਾਂ ਦੀ ਛੋਟੀ ਧੀ ਹੈ, ਜਿਸ ਦਾ ਵਿਆਹ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੱਡੀ ਧੀ ਦਾ ਵਿਆਹ ਵੀ ਇੰਨੀ ਹੀ ਧੂੰਮਧਾਮ ਨਾਲ ਹੋਇਆ ਸੀ। ਉਸ ਦਾ ਵਿਆਹ ਇੱਕ ਸਰਕਾਰੀ ਅਧਿਕਾਰੀ ਨਾਲ ਹੋਇਆ ਸੀ। ਪਰ ਉਸ ਸਮੇਂ ਸੋਸ਼ਲ ਮੀਡੀਆ ਦਾ ਇੰਨਾ ਪ੍ਰਭਾਵ ਨਹੀਂ ਸੀ, ਇਸ ਲਈ ਵਿਆਹ ਇੰਨਾ ਚਰਚਾ ਵਿੱਚ ਨਹੀਂ ਆਇਆ ਸੀ।"

ਖ਼ੁਦ ਅਨੰਤ ਸਿੰਘ ਵੀ ਸੋਸ਼ਲ ਮੀਡੀਆ 'ਤੇ ਆਪਣੀ ਛੋਟੀ ਧੀ ਦੇ ਵਿਆਹ ਨੂੰ ਲੈ ਕੇ ਹੋ ਰਹੀ ਚਰਚਾ ਕਾਰਨ ਨਾਰਾਜ਼ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਕਈ ਵਾਰ ਪੱਤਰਕਾਰਾਂ ਨੂੰ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਉਹ ਕੁਝ ਨਵਾਂ ਨਹੀਂ ਕਰ ਰਹੇ ਹਨ।

ਉਨ੍ਹਾਂ ਨੇ ਆਪਣੀ ਵੱਡੀ ਧੀ ਦੇ ਵਿਆਹ ਵਿੱਚ ਵੀ ਘੋੜ ਦੌੜ ਮੁਕਾਬਲਾ ਕਰਵਾਇਆ ਸੀ ਅਤੇ ਪਹਿਲੇ ਸਥਾਨ 'ਤੇ ਆਉਣ ਵਾਲੇ ਜੇਤੂ ਨੂੰ ਗੱਡੀ ਦਿੱਤੀ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)