ਛਠ ਮਨਾਉਂਦੇ ਇਹ ਸਿੱਖ ਪਰਿਵਾਰ, 'ਅਸੀਂ ਛਠ ਵੀ ਕਰਦੇ ਹਾਂ ਅਤੇ ਗੁਰੂ ਮਹਾਰਾਜ ਨੂੰ ਵੀ ਮੰਨਦੇ ਹਾਂ'

ਸੀਤਾ ਦੇਵੀ
ਤਸਵੀਰ ਕੈਪਸ਼ਨ, ਸੀਤਾ ਦੇਵੀ ਸਿੱਖ ਪਰਿਵਾਰ ਵਿੱਚੋਂ ਹਨ ਪਰ ਉਹ ਛਠ ਦਾ ਤਿਓਹਾਰ ਵੀ ਮਨਾਉਂਦੇ ਹਨ
    • ਲੇਖਕ, ਸੀਟੂ ਤਿਵਾਰੀ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

"ਛਠ ਤਾਂ ਛਠ ਹੀ ਹੈ। ਅਸੀਂ ਤਾਂ ਦੋਵਾਂ ਨੂੰ ਮੰਨਦੇ ਹਾਂ। ਛਠ ਵੀ ਕਰਦੇ ਹਾਂ ਅਤੇ ਗੁਰੂ ਮਹਾਰਾਜ ਨੂੰ ਵੀ ਮੰਨਦੇ ਹਾਂ।"

ਬਿਹਾਰ ਦੇ ਪਟਨਾ ਸਿਟੀ ਦੇ ਸੀਤਾ ਦੇਵੀ ਅਤੇ ਸ਼ੋਭਾ ਸਿੰਘ ਦਾ ਅੱਜ-ਕੱਲ੍ਹ ਕਾਫ਼ੀ ਸਮਾਂ ਛੱਠ ਮਨਾਉਣ ਦੀਆਂ ਤਿਆਰੀਆਂ ਵਿੱਚ ਬੀਤ ਰਿਹਾ ਹੈ।

ਸੀਤਾ ਅਤੇ ਸ਼ੋਭਾ ਧਾਰਮਿਕ ਤੌਰ 'ਤੇ ਸਿੱਖ ਹਨ ਪਰ ਪਿਛਲੇ ਕਈ ਸਾਲਾਂ ਤੋਂ ਸੀਤਾ ਦੇਵੀ ਛਠ ਦਾ ਵਰਤ ਰੱਖ ਰਹੇ ਹਨ।

ਸ਼ੋਭਾ ਸਿੰਘ

ਸੀਤਾ ਦੇਵੀ ਦੇ ਪਤੀ ਸ਼ੋਭਾ ਸਿੰਘ ਕਹਿੰਦੇ ਹਨ, "ਅਸੀਂ ਵੀ ਗੁਰੂ ਮਹਾਰਾਜ ਦੀ ਸੇਵਾ ਕਰਦੇ ਹਾਂ। ਗੁਰੂ ਘਰ ਵਿੱਚ ਸੇਵਾ ਕਰਦੇ ਰਹਿੰਦੇ ਹਾਂ।ਫਿਰ ਵੀ ਸਾਲ ਵਿੱਚ ਇੱਕ ਵਾਰ ਜਦੋਂ ਛਠ ਮਈਆ ਦਾ ਤਿਉਹਾਰ ਆਉਂਦਾ ਹੈ ਤਾਂ ਘਰ ਵਿੱਚ ਪੂਜਾ ਹੁੰਦੀ ਹੈ।

"ਪੂਰੇ ਬਿਹਾਰ ਵਿੱਚ, ਪੂਰੀ ਦੁਨੀਆ ਵਿੱਚ ਜਦੋਂ ਛਠ ਮਈਆ ਦਾ ਤਿਉਹਾਰ ਮਨਾਇਆ ਜਾਂਦਾ ਹੈ ਤਾਂ ਅਸੀਂ ਵੀ ਇਸ ਵਿੱਚ ਆਪਣਾ ਯੋਗਦਾਨ ਪਾਉਂਦੇ ਹਾਂ।"

ਸੀਤਾ ਦੇਵੀ ਕਹਿੰਦੇ ਹਨ, "ਸਿੱਖ ਹਾਂ ਤਾਂ ਸਿੱਖ ਧਰਮ ਵੀ ਨਿਭਾਉਂਦੇ ਹਾਂ। ਸਾਲ ਵਿੱਚ ਇੱਕ ਵਾਰ ਛਠ ਦਾ ਤਿਉਹਾਰ ਆਉਂਦਾ ਹੈ ਤਾਂ ਇਹ ਸਾਡਾ ਹੱਥ ਵਟਾਉਂਦੇ ਹਨ। ਇਹ ਪੂਰੇ ਮਨ ਅਤੇ ਤਨ ਨਾਲ ਸੇਵਾ ਕਰਦੇ ਹਨ। ਚੰਗਾ ਲੱਗਦਾ ਹੈ।"

"ਕਣਕ ਲਿਆਉਂਦੇ ਹਨ, ਠੇਕੂਏ ਬਣਦੇ ਹਨ। ਕੇਲੇ, ਸੇਬ, ਨਾਰੀਅਲ, ਸੰਤਰੇ ਆਦਿ ਨਾਲ ਟੋਕਰੀ ਸਜਾਈ ਜਾਂਦੀ ਹੈ। ਜੇਕਰ ਕੋਈ ਪ੍ਰਸਾਦ ਨਹੀਂ ਵੀ ਦਿੰਦਾ ਤਾਂ ਵੀ ਅਸੀਂ ਮੰਗ ਕੇ ਖਾ ਲੈਂਦੇ ਹਾਂ।"

"ਇੱਕ ਰੌਸ਼ਨੀ ਨਾਲ ਪੂਰੀ ਧਰਤੀ ਰੌਸ਼ਨ ਹੋ ਜਾਂਦੀ ਹੈ। ਸਭ ਦਾ ਖ਼ੂਨ ਇੱਕੋ ਹੀ ਹੈ। ਇਸ ਧਰਤੀ 'ਤੇ ਆਉਣ ਤੋਂ ਬਾਅਦ ਹੀ ਕੋਈ ਹਿੰਦੂ ਹੈ ਤੇ ਕੋਈ ਮੁਸਲਮਾਨ।"

ਮੀਤੋ ਕੌਰ
ਤਸਵੀਰ ਕੈਪਸ਼ਨ, ਮੀਤੋ ਕੌਰ ਵੀ ਪਿਛਲੇ ਪੰਜ ਸਾਲਾਂ ਤੋਂ ਛਠ ਮਨਾ ਰਹੇ ਹਨ

ਛਠ ਮੁੱਖ ਤੌਰ 'ਤੇ ਬਿਹਾਰ, ਝਾਰਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਮਨਾਇਆ ਜਾਣ ਵਾਲਾ ਤਿਉਹਾਰ ਹੈ। ਇਸ ਤਿਉਹਾਰ ਨਾਲ ਲੋਕਾਂ ਦੀ ਇੰਨੀ ਡੂੰਘੀ ਆਸਥਾ ਜੁੜੀ ਹੋਈ ਹੈ ਕਿ ਇਸ ਨੂੰ 'ਮਹਾਪਰਵ' ਕਿਹਾ ਜਾਂਦਾ ਹੈ। ਧਰਮ ਅਤੇ ਜਾਤ ਦੇ ਬੰਧਨਾਂ ਤੋਂ ਉੱਪਰ ਉੱਠ ਕੇ ਲੋਕ ਇਸ 'ਮਹਾਪਰਵ' ਨੂੰ ਬੜੀ ਸ਼ਰਧਾ ਨਾਲ ਮਨਾਉਂਦੇ ਹਨ।

ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਹੀ ਇਹ ਤਖ਼ਤ ਸ੍ਰੀ ਪਟਨਾ ਸਾਹਿਬ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਸਿੱਖਾਂ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ। ਇਹ ਉਹ ਅਸਥਾਨ ਹੈ, ਜਿੱਥੇ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ।

ਸੀਤਾ ਦੇਵੀ

ਇਥੋਂ ਪੂਰੇ ਇਲਾਕੇ ਅਤੇ ਪਟਨਾ ਸਿਟੀ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਤੁਹਾਨੂੰ ਵੱਡੀ ਗਿਣਤੀ ਵਿੱਚ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਮਿਲਦੇ ਹਨ।

ਇਹ ਉਹ ਲੋਕ ਹਨ, ਜੋ ਸਿੱਖ ਧਰਮ ਦੇ ਤਿਉਹਾਰ ਤਾਂ ਮਨਾਉਂਦੇ ਹੀ ਹਨ, ਇਸ ਦੇ ਨਾਲ-ਨਾਲ ਹਿੰਦੂ ਧਰਮ ਦੇ ਰੀਤੀ-ਰਿਵਾਜਾਂ ਅਤੇ ਤਿਉਹਾਰਾਂ ਨੂੰ ਵੀ ਮਨਾਉਂਦੇ ਹਨ। ਛਠ ਉਨ੍ਹਾਂ ਵਿੱਚੋਂ ਇੱਕ ਹੈ।

ਸਿਰਫ਼ ਇੱਥੇ ਹੀ ਨਹੀਂ, ਸਗੋਂ ਬਿਹਾਰ ਦੇ ਵੱਖ-ਵੱਖ ਹਿੱਸਿਆਂ ਵਿੱਚ, ਭਾਵੇਂ ਉਹ ਕਟਿਹਾਰ ਹੋਵੇ, ਸਾਸਾਰਾਮ ਹੋਵੇ ਜਾਂ ਮੁੰਗੇਰ, ਜਿੱਥੇ-ਜਿੱਥੇ ਸਿੱਖ ਵੱਸਦੇ ਹਨ, ਉੱਥੇ ਛਠ ਦੇ ਮੌਕੇ 'ਤੇ ਇਸ ਤਿਉਹਾਰ ਦੀ ਰੌਣਕ ਦੇਖਣ ਨੂੰ ਮਿਲਦੀ ਹੈ।

ਛਠ
ਤਸਵੀਰ ਕੈਪਸ਼ਨ, ਛਠ ਮੁੱਖ ਤੌਰ 'ਤੇ ਬਿਹਾਰ, ਝਾਰਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਮਨਾਇਆ ਜਾਣ ਵਾਲਾ ਤਿਉਹਾਰ ਹੈ

ਮੀਤੋ ਕੌਰ ਵੀ ਪਿਛਲੇ ਪੰਜ ਸਾਲਾਂ ਤੋਂ ਛਠ ਮਨਾ ਰਹੇ ਹਨ। ਉਹ ਧਾਰਮਿਕ ਤੌਰ ਉੱਤੇ ਸਿੱਖ ਹਨ।

ਮੀਤੋ ਕੌਰ ਕਹਿੰਦੇ ਹਨ, "ਛਠ ਕਰਦੇ ਹਾਂ। ਖੀਰ, ਖੀਰ ਬਣਾਉਂਦੇ ਹਾਂ। ਕੱਦੂ ਦੀ ਸਬਜ਼ੀ ਅਤੇ ਦਾਲ, ਛੋਲਿਆਂ ਦੀ ਦਾਲ ਬਣਾਈ ਜਾਂਦੀ ਹੈ।ਨਹਾਏ-ਖਾਏ ਵਾਲੇ ਦਿਨ ਸਾਰੇ ਲੋਕ ਪ੍ਰਸ਼ਾਦ ਦੇ ਰੂਪ ਵਿੱਚ ਇਹ ਭੋਜਨ ਖਾਂਦੇ ਹਨ।"

ਛਠ ਦਾ ਤਿਉਹਾਰ ਚਾਰ ਦਿਨਾਂ ਤੱਕ ਮਨਾਇਆ ਜਾਂਦਾ ਹੈ, ਜਿਸ ਦੀ ਸ਼ੁਰੂਆਤ ਨਹਾਏ-ਖਾਏ ਨਾਲ ਹੁੰਦੀ ਹੈ। ਨਹਾਏ-ਖਾਏ ਤੋਂ ਅਗਲੇ ਦਿਨ ਖਰਨਾ ਹੁੰਦਾ ਹੈ।

ਛਠ ਦੇ ਵਰਤ ਦੇ ਤੀਜੇ ਦਿਨ ਡੁੱਬਦੇ ਸੂਰਜ ਨੂੰ ਅਰਘ ਦਿੱਤਾ ਜਾਂਦਾ ਹੈ ਅਤੇ ਚੌਥੇ ਦਿਨ ਚੜ੍ਹਦੇ ਸੂਰਜ ਨੂੰ ਅਰਘ ਦੇਣ ਦੇ ਨਾਲ ਹੀ ਲੋਕ ਆਸਥਾ ਦਾ ਇਹ 'ਮਹਾਪਰਵ' ਪੂਰਾ ਹੋ ਜਾਂਦਾ ਹੈ।

"ਲੋਹੰਡਾ ਵਾਲੇ ਦਿਨ ਖੀਰ ਬਣਾਈ ਜਾਂਦੀ ਹੈ। ਜਦੋਂ ਅਸੀਂ ਇਹ ਵਰਤ ਰੱਖਦੇ ਹਾਂ ਤਾਂ ਛਠ ਮਈਆ ਅੱਗੇ ਅਰਦਾਸ ਕਰਦੇ ਹਾਂ ਕਿ ਸਾਨੂੰ ਧਨ-ਦੌਲਤ ਬਖ਼ਸ਼ੋ, ਸਾਡੇ ਭੈਣ-ਭਰਾ ਅਤੇ ਪਰਿਵਾਰ ਦੇ ਸਾਰੇ ਜੀਅ ਸੁਖੀ ਰਹਿਣ। ਅਰਦਾਸ ਕਰਦੇ ਹਾਂ ਕਿ ਸਾਡੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ।"

ਫੂਲਾ ਦੇਵੀ
ਤਸਵੀਰ ਕੈਪਸ਼ਨ, ਫੂਲਾ ਦੇਵੀ ਕਹਿੰਦੇ ਹਨ ਗੁਰਦੁਆਰੇ ਦਾ ਸਟਾਫ਼ ਛਠ ਰੱਖਣ ਵਿੱਚ ਉਨ੍ਹਾਂ ਦੀ ਮਦਦ ਕਰਦਾ ਹੈ

ਫੂਲਾ ਦੇਵੀ ਪਟਨਾ ਦੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸੇਵਾ ਕਰਦੇ ਹਨ। ਉਹ ਇੱਕ ਸਿੱਖ ਮਹਿਲਾ ਹਨ ਅਤੇ ਅੰਬੇਡਕਰ ਦੇ ਵਿਚਾਰਾਂ ਦੀ ਪੈਰੋਕਾਰ ਵੀ ਹਨ। ਫੂਲਾ ਦੇਵੀ ਪੂਰੀ ਸ਼ਰਧਾ ਨਾਲ ਛਠ ਦਾ ਵਰਤ ਰੱਖਦੇ ਹਨ, ਜਿਸ ਵਿੱਚ ਸਥਾਨਕ ਗੁਰਦੁਆਰਾ ਕਮੇਟੀ ਵੀ ਉਨ੍ਹਾਂ ਦੀ ਮਦਦ ਕਰਦੀ ਹੈ।

ਫੂਲਾ ਕਹਿੰਦੇ ਹਨ, "ਗੁਰਦੁਆਰੇ ਦਾ ਸਟਾਫ਼ ਇਹ ਸਭ ਕਰਵਾਉਂਦਾ ਹੈ। ਜੇਕਰ ਉਹ ਨਹੀਂ ਕਰਵਾਉਣਗੇ ਤਾਂ ਕਮੇਟੀ ਸਹੂਲਤਾਂ ਦਿੰਦੀ ਹੈ। ਸਾਰਿਆਂ ਨੂੰ ਛੁੱਟੀ ਮਿਲਦੀ ਹੈ, ਤਿਉਹਾਰ ਦਾ ਲਾਭ ਵੀ ਮਿਲਦਾ ਹੈ। ਬਹੁਤ ਸਹੂਲਤਾਂ ਮਿਲਦੀਆਂ ਹਨ। ਅਜਿਹਾ ਨਹੀਂ ਹੈ ਕਿ ਕਿਸੇ ਨੂੰ ਕੋਈ ਸਹੂਲਤ ਨਹੀਂ ਮਿਲਦੀ।"

ਉਨ੍ਹਾਂ ਨੇ ਅੱਗੇ ਦੱਸਿਆ "ਸਾਰਿਆਂ ਨੂੰ ਛੁੱਟੀ ਮਿਲ ਜਾਂਦੀ ਹੈ। ਮਸ਼ੀਨ ਨਾਲ ਰੋਟੀਆਂ ਬਣ ਜਾਂਦੀਆਂ ਹਨ। ਹਰ ਕੋਈ ਆਪਣੀ ਸਿਹਤ ਅਤੇ ਸਹੂਲਤ ਮੁਤਾਬਕ ਆਪਣੇ-ਆਪਣੇ ਪਿੰਡ ਚਲਾ ਜਾਂਦਾ ਹੈ।"

"ਅਸੀਂ ਅਰਵਾ ਚੌਲ, ਸੇਲਾ ਚੌਲ, ਨਮਕ, ਕੱਦੂ ਅਤੇ ਛੋਲਿਆਂ ਦੀ ਦਾਲ ਲੈਂਦੇ ਹਾਂ। ਸਭ ਤੋਂ ਪਹਿਲਾਂ ਕਣਕ ਲਿਆਂਦੀ ਜਾਂਦੀ ਹੈ। ਕਣਕ ਨੂੰ ਚੁਣ ਕੇ ਸਾਫ਼ ਕੀਤਾ ਜਾਂਦਾ ਹੈ, ਧੋ ਕੇ ਸੁਕਾਇਆ ਜਾਂਦਾ ਹੈ ਅਤੇ ਫਿਰ ਪੀਸਿਆ ਜਾਂਦਾ ਹੈ। ਇਸ ਤੋਂ ਬਾਅਦ ਅਗਲੀ ਤਿਆਰੀ ਸ਼ੁਰੂ ਹੁੰਦੀ ਹੈ। ਬੱਚੇ ਅਤੇ ਪਰਿਵਾਰ ਦੇ ਹੋਰ ਜੀਅ ਵੀ ਇਹ ਭੋਜਨ ਖਾਂਦੇ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)