ਚੀਨ ਦੇ 'ਏਆਈ ਵੰਡਰਲੈਂਡ' ਪਹੁੰਚੇ ਟਰੰਪ-ਪੁਤਿਨ ਸਣੇ ਦੁਨੀਆ ਦੇ ਕਈ ਆਗੂ, ਜਾਣੋ ਕਿਉਂ ਖ਼ਾਸ ਹੈ ਇਹ ਸ਼ਹਿਰ

ਤਸਵੀਰ ਸਰੋਤ, Getty Images
- ਲੇਖਕ, ਲੌਰਾ ਬਿਕਰ
- ਰੋਲ, ਬੀਬੀਸੀ ਪੱਤਰਕਾਰ
- ...ਤੋਂ, शेनझेन
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 11 ਮਿੰਟ
27 ਸਾਲਾ ਹੁਆਂਗ ਸ਼ਿਹੁਆ ਸ਼ੇਨਜ਼ੇਨ ਦੀ ਇੱਕ ਪ੍ਰਮੁੱਖ ਹਿਊਮਨਾਇਡ ਰੋਬੋਟ ਕੰਪਨੀ ਵਿੱਚ ਇੰਜੀਨੀਅਰ ਵਜੋਂ ਕੰਮ ਕਰਦੇ ਹਨ। ਦੱਖਣ-ਪੂਰਬ ਵਿੱਚ ਸਥਿਤ ਇਸ ਸ਼ਹਿਰ ਨੂੰ ਚੀਨ ਦੇ ਉਸ ਹਾਈਟੈੱਕ ਭਵਿੱਖ ਦੀ ਸ਼ੁਰੂਆਤ ਵਜੋਂ ਪੇਸ਼ ਕੀਤਾ ਜਾਂਦਾ ਹੈ, ਜੋ ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ ਅਤੇ ਦੇਸ਼ ਵਿੱਚ ਵਿਕਸਤ ਤਕਨੀਕ ਨਾਲ ਸੰਚਾਲਿਤ ਹੋਵੇਗਾ।
ਇੱਥੇ ਡਰੋਨ ਤੁਹਾਡੇ ਤੱਕ ਖਾਣਾ ਪਹੁੰਚਾਉਂਦੇ ਹਨ। ਬਿਨ੍ਹਾਂ ਡਰਾਈਵਰ ਵਾਲੀਆਂ ਟੈਕਸੀਆਂ ਤੁਹਾਨੂੰ ਮੰਜ਼ਿਲ ਤੱਕ ਲੈਜਾਂਦਿਆਂ ਸਕੂਨ ਦੇਣ ਵਾਲਾ ਸੰਗੀਤ ਵਜਾਉਂਦੀਆਂ ਹਨ ਅਤੇ ਰੋਬੋਟ ਨਾ ਸਿਰਫ਼ ਤੁਹਾਨੂੰ ਕੌਫ਼ੀ ਦਿੰਦੇ ਹਨ, ਸਗੋਂ ਇਹ ਵੀ ਦੱਸਦੇ ਹਨ ਕਿ ਤੁਹਾਡੀ ਕੌਫ਼ੀ ਕਿੱਥੋਂ ਆਈ ਹੈ।
ਹੁਆਂਗ ਕਹਿੰਦੇ ਹਨ, "ਅਸੀਂ ਸ਼ੇਨਜ਼ੇਨ ਵਿੱਚ ਇੱਕ ਚਮਤਕਾਰ ਕੀਤਾ ਹੈ।"
ਉਨ੍ਹਾਂ ਦੇ ਆਲੇ-ਦੁਆਲੇ ਹਿਊਮਨਾਇਡ ਰੋਬੋਟ ਕੌਫ਼ੀ ਬਣਾ ਰਹੇ ਹਨ ਅਤੇ ਸ਼ਤਰੰਜ ਖੇਡ ਰਹੇ ਹਨ।
ਉਹ ਕਹਿੰਦੇ ਹਨ, "ਪੂਰੇ ਚੀਨ ਤੋਂ ਉਤਸ਼ਾਹ ਅਤੇ ਸੁਪਨਿਆਂ ਨਾਲ ਭਰੇ ਨੌਜਵਾਨ ਇੱਥੇ ਆਏ ਹਨ।"
ਚੀਨੀ ਲੋਕ ਸ਼ੇਨਜ਼ੇਨ ਨੂੰ 'ਸੁਪਨਿਆਂ ਦਾ ਸ਼ਹਿਰ' ਕਹਿੰਦੇ ਹਨ। ਇਹ ਨਾਂ ਇਸ ਸ਼ਹਿਰ 'ਤੇ ਬਿਲਕੁਲ ਢੁੱਕਦਾ ਹੈ। ਇਹ ਚੀਨ ਦੇ ਸਭ ਤੋਂ ਅਮੀਰ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਹਾਂਗਕਾਂਗ ਦੇ ਨੇੜੇ ਸਥਿਤ ਹੈ।
ਇੱਥੇ ਬਣਨ ਵਾਲੀਆਂ ਚੀਜ਼ਾਂ ਦੀ ਸੂਚੀ ਚੀਨ ਦੇ ਵਿਕਾਸ ਦੀ ਕਹਾਣੀ ਬਿਆਨ ਕਰਦੀ ਹੈ। ਪਹਿਲਾਂ ਕੈਬੇਜ ਪੈਚ ਗੁੱਡੀਆਂ, ਫਿਰ ਟੈਲੀਵਿਜ਼ਨ, ਉਸ ਤੋਂ ਬਾਅਦ ਆਈਫੋਨ, ਇਲੈਕਟ੍ਰਿਕ ਵਾਹਨ, ਡਰੋਨ ਅਤੇ ਹੁਣ ਰੋਬੋਟ।
ਇਹ ਰੋਬੋਟ ਚੀਨ ਦੀ ਨਵੀਂ ਪੀੜ੍ਹੀ ਨੂੰ ਇੱਥੇ ਖਿੱਚ ਕੇ ਲਿਆ ਰਹੇ ਹਨ।
ਇਹ ਨੌਜਵਾਨ ਇੰਜੀਨੀਅਰ ਜਿਨ੍ਹਾਂ 'ਚਮਤਕਾਰਾਂ' ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਚੀਨ ਲਈ ਸ਼ੀ ਜਿਨਪਿੰਗ ਦੇ ਅਗਾਂਹਵਧੂ ਨਜ਼ਰੀਏ ਦਾ ਅਹਿਮ ਹਿੱਸਾ ਹਨ।
ਇਸ ਹਫ਼ਤੇ ਹੋਣ ਵਾਲੇ ਕੌਮਾਂਤਰੀ ਆਰਥਿਕ ਸਿਖਰ ਸੰਮੇਲਨ ਵਿੱਚ ਇਹ ਸ਼ਹਿਰ ਖਿੱਚ ਦਾ ਮੁੱਖ ਕੇਂਦਰ ਹੋਵੇਗਾ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ, ਰੂਸ ਦੇ ਆਗੂ ਵਲਾਦੀਮੀਰ ਪੁਤਿਨ ਅਤੇ ਹੋਰ ਆਗੂ ਇੱਥੇ ਪਹੁੰਚੇ ਹਨ।
ਪਰ ਇਸ ਚਮਕ-ਦਮਕ ਵਾਲੇ ਤੱਟੀ ਸ਼ਹਿਰ ਦਾ ਇੱਕ ਦੂਜਾ ਪੱਖ ਵੀ ਹੈ, ਜਿਸ ਨੂੰ ਉਹ ਨਹੀਂ ਦੇਖ ਸਕਣਗੇ।
ਮਿਸਾਲ ਵਜੋਂ, ਉੱਚੀਆਂ-ਉੱਚੀਆਂ ਇਮਾਰਤਾਂ ਪਿੱਛੇ ਲੁਕੇ ਸ਼ਾਜਿੰਗ ਅਤੇ ਸੋਂਗਗਾਂਗ। ਇੱਕ ਸਮਾਂ ਸੀ ਜਦੋਂ ਦੁਨੀਆ ਦੇ ਇਲੈਕਟ੍ਰੋਨਿਕਸ ਉਤਪਾਦਨ ਦਾ ਵੱਡਾ ਹਿੱਸਾ ਇੱਥੋਂ ਹੀ ਆਉਂਦਾ ਸੀ।
ਆਰਜ਼ੀ ਨੌਕਰੀਆਂ ਵੱਲ ਜਾ ਰਹੇ ਮਜ਼ਦੂਰ

ਇਨ੍ਹਾਂ ਇਲਾਕਿਆਂ ਵਿੱਚ ਕੰਮ ਕਰ ਰਹੇ ਇੱਕ ਮਜ਼ਦੂਰ ਨੇ ਸਾਨੂੰ ਦੱਸਿਆ, "ਹਰ ਕਿਸੇ ਨੂੰ ਲੱਗਦਾ ਹੈ ਕਿ ਜ਼ਿੰਦਗੀ ਔਖੀ ਹੋ ਗਈ ਹੈ। ਬਹੁਤ ਸਾਰੀਆਂ ਫੈਕਟਰੀਆਂ ਦੂਜੀਆਂ ਥਾਵਾਂ 'ਤੇ ਚਲੀਆਂ ਗਈਆਂ ਹਨ ਅਤੇ ਮਜ਼ਦੂਰਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ।"
ਚੀਨ ਅੱਜ ਵੀ ਚੀਜ਼ਾਂ ਬਣਾਉਣ ਵਿੱਚ ਬੇਹੱਦ ਮਾਹਰ ਹੈ ਅਤੇ ਸ਼ੇਨਜ਼ੇਨ ਇਸ ਦਾ ਸਬੂਤ ਹੈ। ਪਰ ਇਹ ਸ਼ਹਿਰ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਦੀਆਂ ਮੁਸ਼ਕਲਾਂ ਨੂੰ ਵੀ ਦਰਸਾਉਂਦਾ ਹੈ।
ਜਾਇਦਾਦ ਦਾ ਸੰਕਟ ਅਜੇ ਖ਼ਤਮ ਨਹੀਂ ਹੋਇਆ ਹੈ। ਇਹ ਚੀਨ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਵਿੱਚੋਂ ਇੱਕ ਹੈ, ਪਰ ਇੱਥੇ ਵੀ ਟੈਕਸੀ ਡਰਾਈਵਰ ਸਾਨੂੰ ਦੱਸਦੇ ਹਨ ਕਿ ਉਨ੍ਹਾਂ ਦੇ ਘਰਾਂ ਦੀ ਕੀਮਤ ਹੁਣ ਅਸਲ ਕੀਮਤ ਦੇ ਸਿਰਫ਼ ਇੱਕ ਤਿਹਾਈ ਰਹਿ ਗਈ ਹੈ।
ਪ੍ਰਾਪਰਟੀ ਬਾਜ਼ਾਰ ਵਿੱਚ ਮੰਦੀ ਅਤੇ ਖਪਤਕਾਰਾਂ ਵੱਲੋਂ ਘੱਟ ਖ਼ਰਚ ਕਰਨ ਕਾਰਨ ਕਈ ਪਰਿਵਾਰ ਘੱਟ ਖ਼ਰੀਦਦਾਰੀ ਕਰ ਰਹੇ ਹਨ। ਫੈਕਟਰੀਆਂ ਹੁਣ ਤੇਜ਼ੀ ਨਾਲ ਬਰਾਮਦ 'ਤੇ ਨਿਰਭਰ ਹੋ ਰਹੀਆਂ ਹਨ।
ਕਈ ਨਿਰਮਾਣ ਕੰਪਨੀਆਂ ਨੇ ਉਤਪਾਦਨ ਘਟਾ ਦਿੱਤਾ ਹੈ, ਮੁਲਾਜ਼ਮਾਂ ਦੀ ਗਿਣਤੀ ਘਟਾ ਦਿੱਤੀ ਹੈ, ਆਟੋਮੇਸ਼ਨ ਅਪਣਾ ਲਿਆ ਹੈ ਜਾਂ ਸਸਤੇ ਮਜ਼ਦੂਰਾਂ ਦੀ ਭਾਲ ਵਿੱਚ ਦੂਜੀਆਂ ਥਾਵਾਂ 'ਤੇ ਚਲੀਆਂ ਗਈਆਂ ਹਨ।
ਇਸ ਦਾ ਨਤੀਜਾ ਇਹ ਹੈ ਕਿ ਵੱਡੀ ਗਿਣਤੀ ਵਿੱਚ ਮਜ਼ਦੂਰ ਆਰਜ਼ੀ ਨੌਕਰੀਆਂ ਵੱਲ ਜਾ ਰਹੇ ਹਨ। ਇਹ ਨੌਕਰੀਆਂ ਗਿਗ ਇਕੋਨੋਮੀ ਦਾ ਹਿੱਸਾ ਹਨ, ਜਿਨ੍ਹਾਂ ਵਿੱਚ ਅਕਸਰ ਘੱਟ ਤਨਖ਼ਾਹ ਮਿਲਦੀ ਹੈ ਅਤੇ ਸਹੂਲਤਾਂ ਵੀ ਘੱਟ ਹੁੰਦੀਆਂ ਹਨ।
ਆਪਣਾ ਨਾਮ ਨਾ ਦੱਸਣ ਦੀ ਸ਼ਰਤ ਉੱਤੇ ਇੱਕ 40 ਸਾਲਾ ਡਿਲੀਵਰੀ ਡਰਾਈਵਰ ਨੇ ਕਿਹਾ, "ਸ਼ੇਨਜ਼ੇਨ ਕੋਈ ਜਾਦੂਈ ਥਾਂ ਨਹੀਂ ਹੈ। ਕੁਝ ਲੋਕ ਕਹਿੰਦੇ ਹਨ ਕਿ ਸ਼ੇਨਜ਼ੇਨ ਵਿੱਚ ਹਰ ਪਾਸੇ ਸੋਨਾ ਖਿੱਲਰਿਆ ਹੋਇਆ ਹੈ, ਪਰ ਹੁਣ ਅਜਿਹਾ ਨਹੀਂ ਹੈ। ਇਹ ਅਜਿਹਾ ਸ਼ਹਿਰ ਨਹੀਂ ਹੈ ਜਿੱਥੇ ਆ ਕੇ ਤੁਸੀਂ ਤਰੱਕੀ ਕਰ ਸਕਦੇ ਹੋ। ਜੇ ਤੁਸੀਂ ਸਖ਼ਤ ਮਿਹਨਤ ਨਹੀਂ ਕਰੋਗੇ ਤਾਂ ਤੁਹਾਡੇ ਪੱਲੇ ਕੁਝ ਨਹੀਂ ਪਵੇਗਾ।"
ਬੀਬੀਸੀ ਨੇ ਸ਼ੇਨਜ਼ੇਨ ਵਿੱਚ ਕਈ ਦਿਨ ਬਿਤਾ ਕੇ ਚੀਨ ਦੀ ਤਰੱਕੀ ਦੇ ਇਨ੍ਹਾਂ ਦੋ ਬਿਲਕੁਲ ਵੱਖਰੇ ਪਹਿਲੂਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਇੱਕ ਪਾਸੇ ਏਆਈ ਦੀਆਂ ਚਮਕਦਾਰ ਸੰਭਾਵਨਾਵਾਂ ਹਨ, ਤਾਂ ਦੂਜੇ ਪਾਸੇ ਉਨ੍ਹਾਂ ਮਜ਼ਦੂਰਾਂ ਦੀਆਂ ਚਿੰਤਾਵਾਂ ਹਨ, ਜਿਨ੍ਹਾਂ ਨੂੰ ਡਰ ਹੈ ਕਿ ਭਵਿੱਖ ਵਿੱਚ ਉਨ੍ਹਾਂ ਲਈ ਥਾਂ ਹੋਵੇਗੀ ਵੀ ਜਾਂ ਨਹੀਂ।
ਡੈਕਸਫੋਰਸ ਟੈਕਨੋਲੋਜੀਜ਼ ਦੇ ਦਫ਼ਤਰ ਵਿੱਚ ਬੁੱਧਵਾਰ ਦਾ ਦਿਨ ਸੈਂਡਵਿਚ ਅਤੇ ਬਬਲ ਟੀ ਦਾ ਹੁੰਦਾ ਹੈ।
ਲਿਫਟ ਨੌਜਵਾਨ ਇੰਜੀਨੀਅਰਾਂ ਅਤੇ ਡਿਵੈਲਪਰਾਂ ਨਾਲ ਭਰੀ ਹੋਈ ਹੈ। ਉਹ ਮੁਫ਼ਤ ਮਿਲਣ ਵਾਲੇ ਕਾਰਬੋਹਾਈਡ੍ਰੇਟ ਅਤੇ ਖੰਡ ਨਾਲ ਭਰਪੂਰ ਖਾਣਾ ਲੈਣ ਲਈ ਸਹੀ ਮੰਜ਼ਿਲ 'ਤੇ ਜਾ ਰਹੇ ਹਨ, ਤਾਂ ਜੋ ਦੁਪਹਿਰ ਵੇਲੇ ਕੰਮ ਕਰਨ ਲਈ ਊਰਜਾ ਮਿਲ ਸਕੇ।

ਰਸਤੇ ਵਿੱਚ ਉਹ ਆਪਣੀਆਂ ਬਣਾਈਆਂ ਚੀਜ਼ਾਂ ਕੋਲੋਂ ਲੰਘਦੇ ਹਨ। ਇਨ੍ਹਾਂ ਵਿੱਚ ਮਨੁੱਖੀ ਆਕਾਰ ਦੇ ਪੀਲੇ ਰੋਬੋਟ ਵੀ ਹਨ, ਜਿਨ੍ਹਾਂ ਦੇ ਹੱਥ-ਪੈਰ ਹਰ ਖਾਲੀ ਥਾਂ ਵਿੱਚ ਫੈਲੇ ਹੋਏ ਹਨ।
ਹੁਆਂਗ ਕਹਿੰਦੇ ਹਨ, "ਮੈਨੂੰ ਯਕੀਨ ਹੈ ਕਿ ਅਗਲੇ ਦਸ ਸਾਲਾਂ ਵਿੱਚ ਰੋਬੋਟ ਖ਼ਤਰਨਾਕ ਕੰਮ ਆਪਣੇ ਜ਼ਿੰਮੇ ਲੈ ਕੇ ਮਨੁੱਖਾਂ ਦੀ ਬਿਹਤਰ ਸੇਵਾ ਕਰ ਸਕਣਗੇ।"
ਇਨ੍ਹਾਂ ਕੰਮਾਂ ਵਿੱਚ ਕੌਫ਼ੀ ਪਰੋਸਣ ਤੋਂ ਲੈ ਕੇ ਖਾਣਾਂ ਵਿੱਚ ਕੰਮ ਕਰਨ ਤੱਕ ਦੀਆਂ ਜ਼ਿੰਮੇਵਾਰੀਆਂ ਸ਼ਾਮਲ ਹੋ ਸਕਦੀਆਂ ਹਨ। ਭਵਿੱਖ ਦੀ ਇਸ ਪ੍ਰਯੋਗਸ਼ਾਲਾ ਵਿੱਚ ਰੋਬੋਟਾਂ ਨੂੰ ਇਨ੍ਹਾਂ ਸਾਰੇ ਕੰਮਾਂ ਲਈ ਸਿਖਲਾਈ ਦਿੱਤੀ ਜਾ ਰਹੀ ਹੈ।
ਇੱਥੇ ਮਸ਼ੀਨਾਂ ਸਿੱਖਣ ਦੌਰਾਨ ਆਪਣੇ ਹੱਥ-ਪੈਰ ਹਿਲਾਉਂਦੀਆਂ ਹਨ, ਝਟਕੇ ਖਾਂਦੀਆਂ ਹਨ ਅਤੇ ਲੜਖੜਾਉਂਦਿਆਂ ਚੱਲਣ ਦੀ ਕੋਸ਼ਿਸ਼ ਕਰਦੀਆਂ ਹਨ।
ਸ਼ੀ ਜਿਨਪਿੰਗ ਚਾਹੁੰਦੇ ਹਨ ਕਿ ਚੀਨ ਉੱਨਤ ਤਕਨੀਕ ਦੇ ਮਾਮਲੇ ਵਿੱਚ ਦੁਨੀਆ ਦੀ ਅਗਵਾਈ ਕਰੇ।
ਅਜਿਹੇ ਵਿੱਚ ਹੁਆਂਗ ਦੀਆਂ ਇਹ ਗੱਲਾਂ ਉਹੀ ਹਨ, ਜੋ ਸ਼ੀ ਸੁਣਨਾ ਚਾਹੁਣਗੇ। ਸ਼ੇਨਜ਼ੇਨ ਲੰਮੇ ਸਮੇਂ ਤੋਂ ਮੌਕਿਆਂ ਦੀ ਭਾਲ ਕਰਨ ਵਾਲਿਆਂ ਲਈ ਇੱਕ ਥਾਂ ਰਿਹਾ ਹੈ, ਪਰ ਹੁਆਂਗ ਅਤੇ ਉਨ੍ਹਾਂ ਦੇ ਸਾਥੀ ਇਸ ਤੋਂ ਕਿਤੇ ਵੱਧ ਕਰਨਾ ਚਾਹੁੰਦੇ ਹਨ।
ਉਹ ਸਿਰਫ਼ ਚੀਨ ਦੇ ਨਿਰਮਾਣ ਖੇਤਰ ਦੇ ਦਬਦਬੇ ਨੂੰ ਜਾਰੀ ਨਹੀਂ ਰੱਖਣਾ ਚਾਹੁੰਦੇ, ਸਗੋਂ ਇਸ ਨੂੰ ਪੂਰੀ ਤਰ੍ਹਾਂ ਬਦਲਣਾ ਚਾਹੁੰਦੇ ਹਨ।

ਹੁਆਂਗ ਨੂੰ ਲੱਗਦਾ ਹੈ ਕਿ ਏਆਈ ਨਾ ਸਿਰਫ਼ ਸਾਡੀ ਜ਼ਿੰਦਗੀ ਨੂੰ ਵਧੇਰੇ ਸੁਖਾਲਾ ਅਤੇ ਆਰਾਮਦਾਇਕ ਬਣਾਏਗਾ, ਸਗੋਂ ਪੂਰੀ ਦੁਨੀਆ ਨੂੰ ਇੱਕ ਪਰਿਵਾਰ, ਇੱਕ ਆਲਮੀ ਪਿੰਡ ਵਿੱਚ ਬਦਲਣ ਵਿੱਚ ਵੀ ਮਦਦ ਕਰੇਗਾ।
ਉਨ੍ਹਾਂ ਨੂੰ ਉਮੀਦ ਹੈ ਕਿ ਰੋਬੋਟ ਅਫ਼ਰੀਕਾ ਅਤੇ ਦੱਖਣ-ਪੂਰਬੀ ਏਸ਼ੀਆ ਦੀਆਂ ਉੱਭਰ ਰਹੀਆਂ ਅਰਥਵਿਵਸਥਾਵਾਂ ਨੂੰ ਵੀ ਅੱਗੇ ਵਧਣ ਵਿੱਚ ਮਦਦ ਕਰਨਗੇ।
ਇੱਥੇ ਉਮੀਦ ਨਾਲ ਭਰਿਆ ਮਾਹੌਲ ਉਨ੍ਹਾਂ ਦੂਜੇ ਇਲਾਕਿਆਂ ਦੀ ਅਨਿਸ਼ਚਿਤਤਾ ਤੋਂ ਬਿਲਕੁਲ ਵੱਖਰਾ ਹੈ, ਜਿੱਥੇ ਰੋਬੋਟ ਕਿਤੇ ਨਜ਼ਰ ਨਹੀਂ ਆਉਂਦੇ। ਪਰ ਦੋਵਾਂ ਇਲਾਕਿਆਂ ਵਿਚਾਲੇ ਹੋਰ ਵੀ ਕਈ ਕੁਝ ਵੱਖਰਾ ਨਜ਼ਰ ਆਉਂਦਾ ਹੈ।
ਸ਼ਹਿਰ ਦੇ ਹੁਆਂਗ ਵਾਲੇ ਹਿੱਸੇ ਵਿੱਚ ਤਕਨੀਕੀ ਅਤੇ ਵਿੱਤੀ ਖੇਤਰ ਦੇ ਮੁਲਾਜ਼ਮ ਸਵੇਰੇ ਕਸਰਤ ਕਰਨ ਤੋਂ ਬਾਅਦ ਕੌਫ਼ੀ ਪੀਂਦੇ ਹੋਏ ਦਫ਼ਤਰ ਜਾਂਦੇ ਹਨ। ਇਸ ਕੌਫ਼ੀ ਦੀ ਕੀਮਤ ਸ਼ਾਇਦ 30 ਯੁਆਨ (ਕਰੀਬ 422 ਰੁਪਏ) ਤੋਂ ਵੀ ਵੱਧ ਹੁੰਦੀ ਹੈ।
ਦੂਜੇ ਪਾਸੇ, ਸੜਕਾਂ 'ਤੇ ਸਕੂਟਰ ਤੇਜ਼ੀ ਨਾਲ ਲੰਘਦੇ ਹਨ। ਇਨ੍ਹਾਂ ਸੜਕਾਂ 'ਤੇ ਸਾਮਾਨ ਦੇ ਢੇਰ ਲੱਗੇ ਹੁੰਦੇ ਹਨ, ਜਿਨ੍ਹਾਂ ਨੂੰ ਇੱਕ ਫੈਕਟਰੀ ਤੋਂ ਦੂਜੀ ਫੈਕਟਰੀ ਤੱਕ ਪਹੁੰਚਾਇਆ ਜਾ ਰਿਹਾ ਹੁੰਦਾ ਹੈ।
ਸ਼ਹਿਰ ਦੇ ਇਸ ਦੂਜੇ ਹਿੱਸੇ ਵਿੱਚ ਦੁਕਾਨਦਾਰ 3 ਯੁਆਨ (ਕਰੀਬ 42 ਰੁਪਏ) ਤੋਂ ਵੀ ਘੱਟ ਕੀਮਤ ਵਿੱਚ ਤਿੱਖੇ ਮਸਾਲੇਦਾਰ ਨੂਡਲਜ਼ ਦੀ ਪੂਰੀ ਪਲੇਟ ਵੇਚਦੇ ਹਨ।
ਲਿਫਟ ਲਈ ਅੱਧੇ ਘੰਟੇ ਤੱਕ ਉਡੀਕ

ਸ਼ਹਿਰ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਵਿੱਚੋਂ ਇੱਕ ਦੇ ਬਾਹਰ 50 ਸਾਲਾ ਲੂ ਫ਼ੋਨ 'ਤੇ ਗੱਲ ਕਰ ਰਹੇ ਹਨ। ਉਨ੍ਹਾਂ ਦੇ ਸੱਜੇ ਹੱਥ ਵਿੱਚ ਪੈੱਨ ਹੈ ਅਤੇ ਖੱਬੇ ਹੱਥ ਨਾਲ ਉਹ ਇੱਕ ਡਿਲੀਵਰੀ ਡਰਾਈਵਰ ਤੋਂ ਬੈਗ ਲੈ ਰਹੇ ਹਨ।
ਉਹ ਆਪਣੇ ਸਹਿਕਰਮੀ ਨੂੰ ਚਾਰ ਅਹਿਮ ਨੰਬਰ ਦੱਸਦੇ ਹਨ। ਇਹ ਹਦਾਇਤਾਂ ਇੱਕ ਹੋਰ ਚੀਨੀ ਔਰਤ ਲਈ ਹਨ, ਜੋ ਲਿਫਟ ਰਾਹੀਂ ਡਿਲੀਵਰੀ ਲੈ ਕੇ ਉੱਪਰ ਕਿਸੇ ਡੈਸਕ 'ਤੇ ਬੈਠੇ ਵਿਅਕਤੀ ਤੱਕ ਪਹੁੰਚਾਉਣ ਦੀ ਉਡੀਕ ਕਰ ਰਹੀ ਹੈ।
ਇਹ ਐੱਸਈਜੀ ਪਲਾਜ਼ਾ ਦੇ ਬਾਹਰ ਦੁਪਹਿਰ ਦੇ ਖਾਣੇ ਵੇਲੇ ਦੀ ਭੱਜ-ਦੌੜ ਹੈ। ਇਸ ਇਮਾਰਤ ਵਿੱਚ 70 ਮੰਜ਼ਿਲਾਂ ਹਨ ਅਤੇ ਹਜ਼ਾਰਾਂ ਲੋਕ ਕੰਮ ਕਰਦੇ ਹਨ। ਲੂ ਵੀ ਕਦੇ ਉਨ੍ਹਾਂ ਵਿੱਚੋਂ ਇੱਕ ਸਨ।
ਉਹ ਕਹਿੰਦੇ ਹਨ, "ਮੈਂ ਦੂਜੀ ਮੰਜ਼ਿਲ 'ਤੇ ਇੱਕ ਛੋਟਾ ਕਾਰੋਬਾਰ ਚਲਾਉਂਦੀ ਸੀ। ਮੈਂ ਸਰਕਟ ਬੋਰਡ ਵੇਚਦੀ ਸੀ। ਪਰ ਇਨ੍ਹੀਂ ਦਿਨੀਂ ਕਾਰੋਬਾਰ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ ਅਤੇ ਕਿਰਾਇਆ ਵੀ ਵਧ ਗਿਆ ਹੈ।"

ਸ਼ੇਨਜ਼ੇਨ ਦੀ ਤੁਲਨਾ ਅਕਸਰ ਚੀਨ ਦੀ ਸਿਲੀਕਾਨ ਵੈਲੀ ਨਾਲ ਕੀਤੀ ਜਾਂਦੀ ਹੈ। ਇੱਥੇ ਨਵੀਂ ਪੂੰਜੀ ਆਉਣ ਨਾਲ ਕਿਰਾਏ ਤੇਜ਼ੀ ਨਾਲ ਵਧੇ ਹਨ, ਜਿਸ ਕਾਰਨ ਛੋਟੇ ਅਤੇ ਰਵਾਇਤੀ ਕਾਰੋਬਾਰਾਂ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ।
50 ਸਾਲ ਦੀ ਉਮਰ ਵਿੱਚ ਲੂ ਨੂੰ ਕੋਈ ਦੂਜੀ ਨੌਕਰੀ ਨਹੀਂ ਮਿਲ ਰਹੀ ਸੀ। ਇਸੇ ਦੌਰਾਨ ਡਿਲੀਵਰੀ ਡਰਾਈਵਰ ਉਨ੍ਹਾਂ ਕੋਲ ਇੱਕ ਯੋਜਨਾ ਲੈ ਕੇ ਆਏ।
ਲਿਫਟ ਦੀ ਉਡੀਕ ਵਿੱਚ ਅੱਧਾ ਘੰਟਾ ਲੱਗ ਸਕਦਾ ਹੈ। ਇਸ ਦੌਰਾਨ ਡਰਾਈਵਰ ਦਾ ਪੈਸਾ ਬਰਬਾਦ ਹੁੰਦਾ ਹੈ, ਕਿਉਂਕਿ ਉਹ ਵੱਧ ਤੋਂ ਵੱਧ ਆਰਡਰ ਪੂਰੇ ਕਰਨਾ ਚਾਹੁੰਦਾ ਹੈ। ਅਜਿਹੇ ਵਿੱਚ ਲੂ ਗਿਗ ਲਗਾਤਾਰ ਬਦਲ ਰਹੀ ਅਰਥ ਵਿਵਸਥਾ ਦੀ ਇੱਕ ਨਵੀਂ ਕੜੀ ਬਣ ਗਏ ਹਨ।
ਉਹ ਦੱਸਦੇ ਹਨ, "ਡਿਲੀਵਰੀ ਡਰਾਈਵਰ ਖਾਣਾ ਇਮਾਰਤ ਦੇ ਗੇਟ 'ਤੇ ਲੈ ਕੇ ਆਉਂਦੇ ਹਨ। ਅਸੀਂ ਇਸ ਨੂੰ ਲੈ ਕੇ ਉੱਪਰ ਜਾਂਦੇ ਹਾਂ। ਡਰਾਈਵਰ ਸਾਨੂੰ ਹਰ ਆਰਡਰ ਦੇ ਦੋ ਯੁਆਨ ਦਿੰਦੇ ਹਨ।"

ਉਹ ਲਗਾਤਾਰ ਕੰਮ ਵਿੱਚ ਰੁੱਝੇ ਰਹਿੰਦੇ ਹਨ। ਡਿਲੀਵਰੀ ਡਰਾਈਵਰਾਂ ਨੂੰ ਹਰ ਆਰਡਰ ਦੇ ਚਾਰ ਤੋਂ ਅੱਠ ਯੁਆਨ ਮਿਲਦੇ ਹਨ। ਅਜਿਹੇ ਵਿੱਚ ਲੂ ਨੂੰ ਉਨ੍ਹਾਂ ਦੀ ਕਮਾਈ ਦਾ ਇੱਕ ਚੰਗਾ-ਖ਼ਾਸਾ ਹਿੱਸਾ ਮਿਲ ਜਾਂਦਾ ਹੈ।
ਉਹ ਕਹਿੰਦੇ ਹਨ, "ਦੁਪਹਿਰ ਵੇਲੇ ਖਾਣੇ ਦੇ ਆਰਡਰਾਂ ਦਾ ਸਭ ਤੋਂ ਵੱਧ ਕੰਮ ਸਿਰਫ਼ ਦੋ ਜਾਂ ਤਿੰਨ ਘੰਟੇ ਰਹਿੰਦਾ ਹੈ। ਜੇ ਉਹ ਸਾਡੀ ਸੇਵਾ ਲੈਂਦੇ ਹਨ ਤਾਂ ਵੱਧ ਆਰਡਰ ਪੂਰੇ ਕਰ ਸਕਦੇ ਹਨ ਅਤੇ ਅਸੀਂ ਵੀ ਕੁਝ ਪੈਸੇ ਕਮਾ ਸਕਦੇ ਹਾਂ। ਪਰ ਬਾਜ਼ਾਰ ਦੀ ਹਾਲਤ ਖ਼ਰਾਬ ਹੈ। ਇਨ੍ਹੀਂ ਦਿਨੀਂ ਮੈਂ ਰੋਜ਼ਾਨਾ ਸਿਰਫ਼ 200 ਯੁਆਨ (ਕਰੀਬ 2,800 ਰੁਪਏ) ਦੇ ਆਸ-ਪਾਸ ਕਮਾਉਂਦੀ ਹਾਂ।"
ਅੰਦਾਜ਼ਾ ਹੈ ਕਿ ਚੀਨ ਦੇ ਕਰੀਬ 20 ਕਰੋੜ ਕਾਮੇ ਹੁਣ ਕਿਸੇ ਨਾ ਕਿਸੇ ਤਰ੍ਹਾਂ ਦੇ ਗਿਗ ਵਰਕ 'ਤੇ ਨਿਰਭਰ ਹਨ।

ਸ਼ੇਨਜ਼ੇਨ ਦੇ ਕਈ ਡਿਲੀਵਰੀ ਡਰਾਈਵਰਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਆਰਜ਼ੀ ਕੰਮ ਇਸ ਲਈ ਚੁਣਿਆ ਹੈ, ਕਿਉਂਕਿ ਪਹਿਲਾਂ ਦੇ ਮੁਕਾਬਲੇ ਫੈਕਟਰੀਆਂ ਵਿੱਚ ਨੌਕਰੀਆਂ ਦੇ ਮੌਕੇ ਘੱਟ ਹੋ ਗਏ ਹਨ।
ਇੱਕ ਡਰਾਈਵਰ ਨੇ ਸਾਨੂੰ ਕਿਹਾ, "ਸਾਨੂੰ ਹਾਲਾਤ ਮੁਤਾਬਕ ਖ਼ੁਦ ਨੂੰ ਢਾਲਣਾ ਪਵੇਗਾ, ਨਾ ਕਿ ਇਹ ਉਡੀਕ ਕਰਨੀ ਹੋਵੇਗੀ ਕਿ ਹਾਲਾਤ ਸਾਡੀਆਂ ਲੋੜਾਂ ਮੁਤਾਬਕ ਬਦਲਣ।"
ਇਲੈਕਟ੍ਰੋਨਿਕ ਸਿਗਰਟਾਂ ਬਣਾਉਣ ਵਾਲੀ ਇੱਕ ਫੈਕਟਰੀ ਦੇ ਗੇਟ ਦੇ ਬਾਹਰ ਕੁਝ ਡਰਾਈਵਰ ਉਦਯੋਗਿਕ ਸਾਮਾਨ ਦੀ ਡਿਲੀਵਰੀ ਕਰਨ ਲਈ ਉਡੀਕ ਕਰ ਰਹੇ ਹਨ।
ਬਾਕੀ ਡਰਾਈਵਰ ਵੀ ਉਨ੍ਹਾਂ ਦੀ ਗੱਲ ਨਾਲ ਸਹਿਮਤ ਹਨ।

ਇੱਕ ਹੋਰ ਡਰਾਈਵਰ ਨੇ ਕਿਹਾ ਕਿ ਉਸ ਕੋਲ ਜ਼ਿਆਦਾ ਬਦਲ ਨਹੀਂ ਹਨ,"ਮੈਂ ਦੋ ਬੱਚਿਆਂ ਦੀ ਪਰਵਰਿਸ਼ ਕਰਨੀ ਹੈ ਅਤੇ ਕੰਮ ਬੰਦ ਨਹੀਂ ਕਰ ਸਕਦਾ। ਮੇਰੇ ਕੋਲ ਕਿਸੇ ਹੋਰ ਚੀਜ਼ ਬਾਰੇ ਸੋਚਣ ਦਾ ਸਮਾਂ ਨਹੀਂ ਹੈ।"
ਪੱਕੀਆਂ ਨੌਕਰੀਆਂ ਵਿੱਚ ਅਕਸਰ ਸਮਾਜਿਕ ਸੁਰੱਖਿਆ ਅਤੇ ਪੈਨਸ਼ਨ ਲਈ ਯੋਗਦਾਨ ਦੇਣਾ ਪੈਂਦਾ ਹੈ, ਜਿਸ ਨਾਲ ਹੱਥ ਵਿੱਚ ਆਉਣ ਵਾਲੀ ਤਨਖ਼ਾਹ ਘੱਟ ਹੋ ਜਾਂਦੀ ਹੈ। ਪਰ ਗਿਗ ਵਰਕ ਵਿੱਚ ਜ਼ਿਆਦਾ ਨਕਦ ਪੈਸਾ ਮਿਲਦਾ ਹੈ ਅਤੇ ਕੰਮ ਦੇ ਘੰਟੇ ਵੀ ਲਚਕੀਲੇ ਹੁੰਦੇ ਹਨ।
ਜੌਬ ਏਜੰਟ ਲੀ ਸ਼ਿਆਓਹੇ ਕਹਿੰਦੇ ਹਨ, "ਜ਼ਿਆਦਾਤਰ ਮਜ਼ਦੂਰ ਤੈਅ ਸਮੇਂ ਅਤੇ ਘੱਟ ਮਿਆਦ ਵਾਲੀਆਂ ਨੌਕਰੀਆਂ ਪਸੰਦ ਕਰਦੇ ਹਨ। ਇਸ ਨਾਲ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਕਦੇ ਵੀ ਨੌਕਰੀ ਛੱਡਣ ਦੀ ਆਜ਼ਾਦੀ ਮਿਲਦੀ ਹੈ। ਉਹ ਪੱਕੇ ਮੁਲਾਜ਼ਮ ਨਹੀਂ ਬਣਨਾ ਚਾਹੁੰਦੇ।"
ਹੁਣ ਉਹ ਫੁੱਟਪਾਥਾਂ 'ਤੇ ਅਜਿਹੇ ਬੋਰਡ ਵੱਧ ਲਗਾਉਣ ਲੱਗੇ ਹਨ, ਜਿਨ੍ਹਾਂ 'ਤੇ ਛੋਟੀਆਂ ਇਲੈਕਟ੍ਰੋਨਿਕ ਚੀਜ਼ਾਂ ਜੋੜਨ ਲਈ ਫੈਕਟਰੀਆਂ ਵਿੱਚ ਆਰਜ਼ੀ ਨੌਕਰੀਆਂ ਦੇ ਇਸ਼ਤਿਹਾਰ ਹੁੰਦੇ ਹਨ। ਇਨ੍ਹਾਂ ਨੌਕਰੀਆਂ ਵਿੱਚ ਕਰੀਬ 22 ਯੁਆਨ ਪ੍ਰਤੀ ਘੰਟਾ ਮਿਲਦੇ ਹਨ।
ਕਈ ਪੁਰਾਣੀਆਂ ਦੁਕਾਨਾਂ ਦੇ ਸ਼ਟਰ ਬੰਦ ਹੋ ਚੁੱਕੇ ਹਨ। ਇਹ ਰਵਾਇਤੀ ਨਿਰਮਾਣ ਖੇਤਰ ਵਿੱਚ ਮੰਦੀ ਦਾ ਇੱਕ ਹੋਰ ਸੰਕੇਤ ਹੈ।
ਲੀ ਮੰਨਦੇ ਹਨ, "ਸਾਡਾ ਕਾਰੋਬਾਰ ਸ਼ਾਇਦ ਹੁਣ ਓਨਾ ਚੰਗਾ ਨਹੀਂ ਚੱਲ ਰਿਹਾ, ਜਿੰਨਾ ਪਹਿਲਾਂ ਚੱਲਦਾ ਸੀ। ਅਸੀਂ ਸ਼ੇਨਜ਼ੇਨ ਵਿੱਚ ਹੋ ਰਹੇ ਬਦਲਾਅ ਦਾ ਅਸਰ ਮਹਿਸੂਸ ਕਰ ਸਕਦੇ ਹਾਂ।"
ਮਛੇਰਿਆਂ ਦਾ ਪਿੰਡ ਬਣਿਆ ਤਕਨੀਕ ਦਾ ਸ਼ਹਿਰ

ਇਸ ਬਦਲਾਅ ਨੂੰ ਨਜ਼ਰਅੰਦਾਜ਼ ਕਰਨਾ ਔਖਾ ਹੈ। ਸ਼ਹਿਰ ਦੇ ਸਮੁੰਦਰੀ ਤੱਟ ਦੇ ਕੰਢੇ ਬਣਾਏ ਗਏ ਇੱਕ ਖ਼ਾਸ 'ਟੈਲੇਂਟ ਪਾਰਕ' ਦੇ ਹਰੇ-ਭਰੇ ਪਰਿਸਰ ਦੇ ਉੱਪਰ ਡਰੋਨ ਮੰਡਰਾਉਂਦੇ ਹਨ।
ਡਰੋਨ ਹੇਠਾਂ ਆਉਂਦੇ ਹਨ ਅਤੇ ਇੱਧਰ-ਉੱਧਰ ਮੁੜਦੇ ਹੋਏ ਖਾਣਾ ਇੱਕ ਖ਼ਾਸ ਪਲੇਟਫਾਰਮ ਤੱਕ ਪਹੁੰਚਾਉਂਦੇ ਹਨ। ਸੈਲਾਨੀ ਡਰੋਨਾਂ ਨੂੰ ਖਾਣੇ ਸਮੇਤ ਹੇਠਾਂ ਉਤਰਦੇ ਹੋਏ ਰਿਕਾਰਡ ਕਰਦੇ ਹਨ।
ਕੈਨੇਡਾ ਤੋਂ ਆਏ ਇੱਕ ਸੈਲਾਨੀ ਨੇ ਉਤਸ਼ਾਹ ਨਾਲ ਕਿਹਾ, "ਇਹ ਸ਼ਾਨਦਾਰ ਹੈ। ਤਕਨੀਕ ਸੱਚਮੁੱਚ ਕਮਾਲ ਦੀ ਹੈ। ਕਾਸ਼, ਸਾਡੇ ਇੱਥੇ ਵੀ ਅਜਿਹਾ ਹੁੰਦਾ।"
ਸਾਡੇ ਪੰਜ ਯੁਆਨ ਵਾਲੇ ਕੌਫ਼ੀ ਦੇ ਆਰਡਰ ਨੂੰ ਪਹੁੰਚਣ ਵਿੱਚ 15 ਮਿੰਟ ਤੋਂ ਥੋੜ੍ਹਾ ਵੱਧ ਸਮਾਂ ਲੱਗਿਆ। ਡਰੋਨ ਹੇਠਾਂ ਉਤਰਿਆ ਅਤੇ ਮੈਂ ਆਪਣਾ ਆਰਡਰ ਚੁੱਕ ਲਿਆ।
ਵੀਅਤਨਾਮ ਤੋਂ ਆਏ ਅਨਲੇ ਕਹਿੰਦੇ ਹਨ, "ਮੈਂ ਸੁਣਿਆ ਹੈ ਕਿ ਕਈ ਸਾਲ ਪਹਿਲਾਂ ਸ਼ੇਨਜ਼ੇਨ ਮਛੇਰਿਆਂ ਦਾ ਇੱਕ ਪਿੰਡ ਸੀ। ਹੁਣ ਇਹ ਮਛੇਰਿਆਂ ਦਾ ਪਿੰਡ ਨਹੀਂ ਰਿਹਾ।"
ਇਸ ਤੋਂ ਬਾਅਦ ਉਹ ਆਪਣੇ ਅਤੇ ਆਪਣੀ ਪਤਨੀ ਲਈ ਡਰੋਨ ਰਾਹੀਂ ਮਿਲਕ ਟੀ ਮੰਗਵਾਉਂਦੇ ਹਨ। ਪਰ ਇਹ ਡਿਲੀਵਰੀ ਸ਼ਹਿਰ ਦੀਆਂ ਕੁਝ ਖ਼ਾਸ ਥਾਵਾਂ 'ਤੇ ਹੀ ਹੋ ਸਕਦੀ ਹੈ ਅਤੇ ਸਥਾਨਕ ਸਮੇਂ ਮੁਤਾਬਕ ਰਾਤ 8 ਵਜੇ ਬੰਦ ਹੋ ਜਾਂਦੀ ਹੈ।
ਬਿਨ੍ਹਾਂ ਡਰਾਈਵਰ ਵਾਲੀਆਂ ਕਾਰਾਂ ਵੀ ਅਜੇ ਨਵੀਂ ਚੀਜ਼ ਹਨ। ਇਨ੍ਹਾਂ ਨੂੰ ਬੁੱਕ ਕਰਨ ਲਈ ਵੱਖਰੀ ਐਪ ਦੀ ਲੋੜ ਪੈਂਦੀ ਹੈ। ਇਹ ਕਾਰਾਂ ਸਫ਼ਰ ਦੌਰਾਨ ਤੁਹਾਡੀ ਮਾਲਿਸ਼ ਵੀ ਕਰਦੀਆਂ ਹਨ।
ਰਾਤ ਨੂੰ ਹਜ਼ਾਰਾਂ ਝਿਲਮਿਲਾਉਂਦੀਆਂ ਰੌਸ਼ਨੀਆਂ ਵਿਚਾਲੇ ਡਰੋਨ ਇੱਕ ਵੱਖਰੀ ਭੂਮਿਕਾ ਨਿਭਾਉਂਦੇ ਹਨ। ਉਹ ਪਾਰਕ ਦੇ ਉੱਪਰ ਉੱਡ ਕੇ ਲੋਕਾਂ ਨੂੰ ਚੇਤਾਵਨੀ ਦਿੰਦੇ ਹਨ ਕਿ ਉਹ ਨਿਯਮਾਂ ਦੀ ਪਾਲਣਾ ਕਰਨ ਅਤੇ ਕੋਈ ਪਰੇਸ਼ਾਨੀ ਖੜ੍ਹੀ ਨਾ ਕਰਨ।

14 ਘੰਟੇ ਕੰਮ ਅਤੇ ਰਹਿਣ ਲਈ ਇੱਕ ਛੋਟਾ ਜਿਹਾ ਕਮਰਾ
ਚਮਕਦੀਆਂ ਇਮਾਰਤਾਂ ਤੋਂ ਦੂਰ, ਮਜ਼ਦੂਰ ਸਸਤੇ ਹੌਟਪੌਟ ਅਤੇ ਸੀਅ ਫੂਡ ਪਰੋਸਣ ਵਾਲੇ ਰੈਸਟੋਰੈਂਟਾਂ ਦੇ ਬਾਹਰ ਪਲਾਸਟਿਕ ਦੀਆਂ ਮੇਜ਼ਾਂ ਦੁਆਲੇ ਇਕੱਠੇ ਹੁੰਦੇ ਹਨ।
ਇੱਥੇ ਕੁਝ ਮਹਿੰਗੇ ਰੈਸਟੋਰੈਂਟ ਵੀ ਹਨ, ਪਰ ਉਨ੍ਹਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋਇਆ ਹੈ। ਇੱਕ ਰੈਸਟੋਰੈਂਟ ਮਾਲਕ ਨੇ ਸਾਨੂੰ ਦੱਸਿਆ ਕਿ ਕਾਰੋਬਾਰ ਵਿੱਚ 70 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਆਈ ਹੈ, ਕਿਉਂਕਿ ਮਜ਼ਦੂਰ ਰਾਤ ਦੇ ਖਾਣੇ 'ਤੇ ਜ਼ਿਆਦਾ ਪੈਸੇ ਖ਼ਰਚ ਕਰਨ ਤੋਂ ਝਿਜਕ ਰਹੇ ਹਨ।
ਇਨ੍ਹਾਂ ਵਿੱਚੋਂ ਕਈ ਲੋਕ ਦਹਾਕਿਆਂ ਤੋਂ ਇੱਥੇ ਰਹਿ ਰਹੇ ਹਨ। ਇਨ੍ਹਾਂ ਵਿੱਚ 58 ਸਾਲਾ ਮਜ਼ਦੂਰ ਵੂ ਵੀ ਸ਼ਾਮਲ ਹਨ। ਉਹ 1990 ਦੇ ਦਹਾਕੇ ਵਿੱਚ ਸਿਚੁਆਨ ਤੋਂ ਸ਼ੇਨਜ਼ੇਨ ਆਏ ਸਨ।
ਉਹ ਉਨ੍ਹਾਂ ਲੱਖਾਂ ਪਰਵਾਸੀ ਮਜ਼ਦੂਰਾਂ ਵਿੱਚ ਸ਼ਾਮਲ ਸਨ, ਜੋ ਚੀਨ ਦੇ ਗ਼ਰੀਬ ਸੂਬਿਆਂ ਤੋਂ ਇੱਥੇ ਉੱਚੀਆਂ ਇਮਾਰਤਾਂ ਬਣਾਉਣ ਆਏ ਸਨ। ਅੱਜ ਵੀ ਅਜਿਹੇ ਲੋਕ ਇੱਥੇ ਆ ਰਹੇ ਹਨ। ਜਿਨ੍ਹਾਂ ਲੋਕਾਂ ਨਾਲ ਅਸੀਂ ਗੱਲ ਕੀਤੀ, ਉਹ ਸਾਰੇ ਦੂਜੇ ਇਲਾਕਿਆਂ ਤੋਂ ਇੱਥੇ ਆਏ ਸਨ। ਉਹ ਅਕਸਰ ਦਿਨ ਵਿੱਚ 14 ਘੰਟੇ ਤੱਕ ਕੰਮ ਕਰਦੇ ਹਨ ਅਤੇ ਇਕੱਠੇ ਰਹਿੰਦੇ ਹਨ।
ਇਨ੍ਹਾਂ ਮਜ਼ਦੂਰਾਂ ਲਈ ਕੋਵਿਡ ਮਹਾਮਾਰੀ ਪਹਿਲਾ ਵੱਡਾ ਮੋੜ ਸਾਬਤ ਹੋਈ। ਉਸ ਦੌਰਾਨ ਚੀਨ ਦਾ ਨਿਰਮਾਣ ਉਤਪਾਦਨ ਬਹੁਤ ਘੱਟ ਗਿਆ ਸੀ।
ਵੂ ਯਾਦ ਕਰਦੇ ਹਨ, "ਕੋਵਿਡ ਤੋਂ ਬਾਅਦ ਸਾਡੀ ਤਨਖ਼ਾਹ ਘੱਟੋ-ਘੱਟ ਇੱਕ ਤਿਹਾਈ ਘੱਟ ਗਈ।"
ਉਹ ਅੱਗੇ ਕਹਿੰਦੇ ਹਨ, "ਮੈਂ ਕੰਮ ਕਰਦਾ ਰਹਾਂਗਾ। ਜਦੋਂ ਤੱਕ ਤੁਸੀਂ ਕੰਮ ਕਰਦੇ ਰਹੋਗੇ, ਤੁਹਾਡੀ ਆਮਦਨ ਹੁੰਦੀ ਰਹੇਗੀ। ਤਨਖ਼ਾਹ ਜ਼ਿਆਦਾ ਮਿਲੇ ਜਾਂ ਨਾ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।"
"ਜੇ ਅਰਥਵਿਵਸਥਾ ਦੀ ਰਫ਼ਤਾਰ ਹੌਲੀ ਹੋਵੇਗੀ ਤਾਂ ਸਾਡੀ ਸਾਰਿਆਂ ਦੀ ਰਫ਼ਤਾਰ ਵੀ ਹੌਲੀ ਹੋਵੇਗੀ। ਜੇ ਅਰਥਵਿਵਸਥਾ ਵਧੇਗੀ ਤਾਂ ਸਾਡੀ ਸਾਰਿਆਂ ਦੀ ਹਾਲਤ ਵੀ ਬਿਹਤਰ ਹੋਵੇਗੀ।"
ਸ਼ੇਨਜ਼ੇਨ ਨੇ ਹੁਣ ਤੱਕ 'ਮਿਹਨਤ ਕਰੋ ਅਤੇ ਆਪਣੀ ਜ਼ਿੰਦਗੀ ਬਦਲੋ' ਵਾਲਾ ਆਪਣਾ ਵਾਅਦਾ ਨਿਭਾਇਆ ਹੈ। ਪਰ ਹੁਣ ਆਟੋਮੇਸ਼ਨ ਅਤੇ ਏਆਈ ਨਾਲ ਬਦਲਦੇ ਇਸ ਸ਼ਹਿਰ ਵਿੱਚ ਇਹ ਪੁਰਾਣਾ ਵਾਅਦਾ ਪਹਿਲਾਂ ਜਿੰਨਾ ਭਰੋਸੇਮੰਦ ਨਜ਼ਰ ਨਹੀਂ ਆਉਂਦਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































