ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਦੀ ਗਰਮੀਆਂ ਵਿੱਚ ਜੇਬ੍ਹ ਅੰਦਰ ਪਿਆਜ਼ ਰੱਖਣ ਦੀ ਸਲਾਹ ਕਿੰਨੀ ਸਹੀ ਹੈ? ਡਾਕਟਰ ਕੀ ਕਹਿੰਦੇ ਹਨ?

ਜਯੋਤੀਰਾਦਿੱਤਿਆ ਸਿੰਧੀਆ

ਤਸਵੀਰ ਸਰੋਤ, Facebook/JMScindia/Getty Images

ਤਸਵੀਰ ਕੈਪਸ਼ਨ, ਜਯੋਤੀਰਾਦਿੱਤਿਆ ਸਿੰਧੀਆ ਨੇ ਹਾਲ ਹੀ ਵਿੱਚ ਇੱਕ ਜਨਸਭਾ ਦੌਰਾਨ ਜ਼ੋਰ ਦੇ ਕੇ ਕਿਹਾ ਕਿ ਆਪਣੀ ਜੇਬ੍ਹ ਵਿੱਚ ਪਿਆਜ਼ ਰੱਖਣਾ ਸਰੀਰ ਨੂੰ ਗਰਮੀ ਤੋਂ ਬਚਾਉਣ ਦਾ ਇੱਕ ਉਪਯੋਗੀ ਤਰੀਕਾ ਹੈ
    • ਲੇਖਕ, ਪਾਰਾ ਪੁਡੈਚਾ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 6 ਮਿੰਟ

ਹਾਲ ਹੀ ਵਿੱਚ ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ, ਉਹ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਆਪਣੀ ਜੇਬ੍ਹ ਵਿੱਚ ਪਿਆਜ਼ ਰੱਖਣ ਦੀ ਸਲਾਹ ਦਿੰਦੇ ਸੁਣਾਈ ਦੇ ਰਹੇ ਹਨ।

ਹਾਲਾਂਕਿ, ਇਸ ਸਲਾਹ ਤੋਂ ਬਾਅਦ ਜਯੋਤੀਰਾਦਿੱਤਿਆ ਸਿੰਧੀਆ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕਾਂ ਨੇ ਸਵਾਲ ਉਠਾਇਆ ਹੈ ਕਿ ਇੰਨੀ ਅਸਹਿ ਗਰਮੀ ਤੋਂ ਰਾਹਤ ਦੇਣ ਵਿੱਚ ਭਲਾ ਪਿਆਜ਼ ਕੀ ਕਰ ਸਕਦਾ ਹੈ।

ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਹਾਲ ਹੀ ਵਿੱਚ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੇ ਤਿੰਨ ਦਿਨਾਂ ਦੌਰਾ 'ਤੇ ਸਨ। ਇਸ ਦੌਰਾਨ 26 ਅਪ੍ਰੈਲ ਨੂੰ ਉਨ੍ਹਾਂ ਨੇ ਆਪਣੇ ਗੁਨਾ ਲੋਕ ਸਭਾ ਹਲਕੇ ਦੇ ਇੱਕ ਕਸਬੇ, ਪਿਛੋਰ ਵਿੱਚ ਇੱਕ ਤਾਲੁਕਾ ਦਫ਼ਤਰ ਦਾ ਉਦਘਾਟਨ ਕੀਤਾ।

ਉਨ੍ਹਾਂ ਨੇ ਇਸ ਮੌਕੇ 'ਤੇ ਆਯੋਜਿਤ ਇੱਕ ਜਨਸਭਾ ਦੌਰਾਨ ਹੀ ਇਹ ਪਿਆਜ਼ ਵਾਲਾ ਬਿਆਨ ਦਿੱਤਾ।

ਕੀ ਬੋਲੇ ਜਯੋਤੀਰਾਦਿੱਤਿਆ ਸਿੰਧੀਆ

ਜਯੋਤੀਰਾਦਿੱਤਿਆ ਸਿੰਧੀਆ

ਤਸਵੀਰ ਸਰੋਤ, Facebook/JMScindia

ਤਸਵੀਰ ਕੈਪਸ਼ਨ, ਜਯੋਤੀਰਾਦਿੱਤਿਆ ਸਿੰਧੀਆ ਨੇ ਆਪਣੀ ਜੇਬ੍ਹ ਵਿੱਚੋਂ ਇੱਕ ਪਿਆਜ਼ ਕੱਢਿਆ ਤੇ ਦਿਖਾਉਂਦੇ ਹੋਏ ਕਿਹਾ, "ਆਪਣੀ ਜੇਬ ਵਿੱਚ ਇੱਕ ਪਿਆਜ਼ ਰੱਖੋ, ਕੁਝ ਨਹੀਂ ਹੋਣ ਵਾਲਾ ਤੁਹਾਨੂੰ।''

ਜਨਤਾ ਨੂੰ ਸੰਬੋਧਨ ਕਰਦੇ ਹੋਏ ਜਯੋਤੀਰਾਦਿੱਤਿਆ ਸਿੰਧੀਆ ਨੇ ਗਰਮੀ ਦਾ ਜ਼ਿਕਰ ਕਰਦਿਆਂ ਕਿਹਾ, ''ਮੈਂ ਆਪਣੀ ਕਾਰ ਵਿੱਚ ਏਸੀ ਦਾ ਇਸਤੇਮਾਲ ਨਹੀਂ ਕਰਦਾ, ਨਾ ਹੀ ਮੈਂ ਏਅਰ-ਕੰਡੀਸ਼ਨਡ ਵਿੱਚ ਬੈਠਦਾ ਹਾਂ।"

ਉਨ੍ਹਾਂ ਅੱਗੇ ਕਿਹਾ, "ਮਈ ਅਤੇ ਜੂਨ ਦੇ ਮਹੀਨਿਆਂ ਵਿੱਚ ਵੀ, ਜਦੋਂ ਤਾਪਮਾਨ 51 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ, ਓਦੋਂ ਵੀ ਮੈਂ ਬਿਲਕੁਲ ਇਸੇ ਤਰ੍ਹਾਂ ਰਹਿੰਦਾ ਹਾਂ। ਜੇ ਕੋਈ ਪੁੱਛਦਾ ਹੈ, ਤਾਂ ਮੈਂ ਉਨ੍ਹਾਂ ਨੂੰ ਕਹਿੰਦਾ ਹਾਂ, 'ਇਹ ਚੰਬਲ ਦੀ ਮਜ਼ਬੂਤ ਚਮੜੀ ਹੈ'।''

ਇਸ ਤੋਂ ਬਾਅਦ ਉਨ੍ਹਾਂ ਆਪਣੀ ਜੇਬ੍ਹ ਵਿੱਚੋਂ ਇੱਕ ਪਿਆਜ਼ ਕੱਢਿਆ ਤੇ ਦਿਖਾਉਂਦੇ ਹੋਏ ਕਿਹਾ, "ਆਪਣੀ ਜੇਬ ਵਿੱਚ ਇੱਕ ਪਿਆਜ਼ ਰੱਖੋ, ਕੁਝ ਨਹੀਂ ਹੋਣ ਵਾਲਾ ਤੁਹਾਨੂੰ।''

ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਟਿੱਪਣੀ ਕੀਤੀ, "ਮੈਂ ਥੋੜ੍ਹਾ ਜਵਾਨ ਨਜ਼ਰ ਆਉਂਦਾ ਹਾਂ, ਪਰ ਪਰ ਮੇਰੀ ਆਤਮਾ ਬਹੁਤ ਬਜ਼ੁਰਗ ਹੈ।''

ਜਿਵੇਂ ਹੀ ਜਯੋਤੀਰਾਦਿੱਤਿਆ ਸਿੰਧੀਆ ਨੇ ਲੋਕਾਂ ਨੂੰ ਦਿਖਾਉਣ ਲਈ ਆਪਣੀ ਜੇਬ੍ਹ ਤੋਂ ਇੱਕ ਪਿਆਜ਼ ਕੱਢਿਆ, ਭੀੜ ਵਿੱਚ ਬੈਠੇ ਇੱਕ ਵਿਅਕਤੀ ਨੇ ਵੀ ਆਪਣੀ ਜੇਬ੍ਹ ਤੋਂ ਇੱਕ ਪਿਆਜ਼ ਕੱਢ ਕੇ ਮੰਤਰੀ ਨੂੰ ਦਿਖਾਇਆ।

ਉਨ੍ਹਾਂ ਕਿਹਾ ਕਿ ਆਯੁਰਵੇਦ ਅੱਗੇ ਵਧ ਰਿਹਾ ਅਤੇ ਸਾਨੂੰ ਇਸਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਉਨ੍ਹਾਂ ਕਿਹਾ, ''ਆਧੁਨਿਕ ਯੁੱਗ ਵਿੱਚ ਸਾਰੇ ਡੱਬੇ (ਮੋਬਾਈਲ) ਲੈਕੇ ਘੁੰਮ ਰਹੇ ਹਨ, ਸੰਚਾਰ ਮੰਤਰੀ ਪਿਆਜ਼ ਲੈਕੇ ਘੁੰਮ ਰਹੇ ਹਨ।''

26 ਅਪ੍ਰੈਲ ਨੂੰ, ਪਿਛੋਰ ਵਿੱਚ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਸੀ ਕਿ ਉਸ ਦਿਨ ਇਸ ਖੇਤਰ ਵਿੱਚ ਭਿਆਨਕ ਗਰਮੀ ਪਵੇਗੀ।

ਜਯੋਤੀਰਾਦਿੱਤਿਆ ਸਿੰਧੀਆ ਨੇ ਜ਼ੋਰ ਦੇ ਕੇ ਕਿਹਾ ਕਿ ਆਪਣੀ ਜੇਬ੍ਹ ਵਿੱਚ ਪਿਆਜ਼ ਰੱਖਣਾ ਸਰੀਰ ਨੂੰ ਗਰਮੀ ਤੋਂ ਬਚਾਉਣ ਦਾ ਇੱਕ ਸਹੀ ਤਰੀਕਾ ਹੈ ਅਤੇ ਇਸਨੂੰ ਇੱਕ ਰਿਵਾਇਤੀ ਘਰੇਲੂ ਨੁਸਖਾ ਦੱਸਿਆ।

ਸੋਸ਼ਲ ਮੀਡੀਆ 'ਤੇ ਖੂਬ ਹੋ ਰਹੀ ਟ੍ਰੋਲਿੰਗ

ਗਰਮੀ

ਤਸਵੀਰ ਸਰੋਤ, NurPhoto via Getty Images

ਤਸਵੀਰ ਕੈਪਸ਼ਨ, ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਬ੍ਹ ਵਿੱਚ ਪਿਆਜ਼ ਰੱਖਣ ਵਰਗੇ ਉਪਾਅ ਗਰਮੀ ਤੋਂ ਬਚਾਅ ਨਹੀਂ ਕਰਨਗੇ

ਬਾਅਦ ਵਿੱਚ ਉਨ੍ਹਾਂ ਨੇ ਇਸ ਗੱਲਬਾਤ ਦਾ ਇੱਕ ਵੀਡੀਓ ਪੋਸਟ ਕੀਤਾ ਅਤੇ ਇਹ ਕੈਪਸ਼ਨ ਵੀ ਲਿਖਿਆ ਕਿ "ਅੱਜ ਦੇ ਆਧੁਨਿਕ ਦੌਰ ਵਿੱਚ, ਹਰ ਕੋਈ ਜੇਬ੍ਹ 'ਚ ਮੋਬਾਈਲ ਫ਼ੋਨ ਲੈ ਕੇ ਘੁੰਮਦਾ ਹੈ।"

ਇੰਟਰਨੈਟ 'ਤੇ ਲੋਕ ਇਸ ਵੀਡੀਓ ਨੂੰ ਟ੍ਰੋਲ ਕਰ ਰਹੇ ਹਨ।

ਜਯੋਤੀਰਾਦਿੱਤਿਆ ਸਿੰਧੀਆ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਮੰਤਰਾਲੇ ਦੀਆਂ ਮੀਟਿੰਗਾਂ ਦੇ ਵੀਡੀਓ ਪੋਸਟ ਕਰਦੇ ਰਹਿੰਦੇ ਹਨ। ਅਜਿਹੀ ਹੀ ਇੱਕ ਪੋਸਟ ਵਿੱਚ, ਜਿਸ ਵਿੱਚ ਇੱਕ ਏਅਰ-ਕੰਡੀਸ਼ਨਡ ਕਮਰੇ ਵਿੱਚ ਲਈ ਗਈ ਤਸਵੀਰ ਸੀ, ਇੱਕ ਉਪਭੋਗਤਾ ਨੇ ਕਮੈਂਟ ਕੀਤਾ, "ਉਹ ਪਿਆਜ਼ ਨਾਲ ਰੱਖ ਕੇ ਗਰਮੀ ਤੋਂ ਬਚਣ ਦੀ ਤਿਆਰੀ ਕਰ ਰਹੇ ਹਨ।"

ਕੁੰਦਨ ਸਿੰਘ ਨਾਮ ਦੇ ਇੱਕ ਉਪਭੋਗਤਾ ਨੇ ਕਿਹਾ, "ਮੈਂ ਤੁਹਾਨੂੰ 5 ਤੋਂ 10 ਕਿੱਲੋ ਪਿਆਜ਼ ਭੇਜਾਂਗਾ। ਪਲੀਜ਼, ਤੁਹਾਡੇ ਕੋਲ ਜੋ ਏਸੀ ਹੈ, ਉਹ ਮੇਰੇ ਘਰ ਭੇਜ ਦਿਓ।"

ਇੱਕ ਹੋਰ ਉਪਭੋਗਤਾ ਸ਼ੈਲੇਂਦਰ ਸਿੰਘ ਨੇ ਪੋਸਟ ਕੀਤਾ, "ਸਾਡੇ ਘਰ ਵਿੱਚ 2 ਕਿੱਲੋ ਪਿਆਜ਼ ਹਨ ਅਤੇ ਇਸ 45 ਡਿਗਰੀ ਦੀ ਗਰਮੀ ਵਿੱਚ ਮੈਨੂੰ ਅਜਿਹਾ ਲੱਗ ਰਿਹਾ ਹੈ ਜਿਵੇਂ ਮੈਂ ਜੰਮੂ-ਕਸ਼ਮੀਰ ਵਿੱਚ ਹਾਂ।"

ਡਾਕਟਰ ਇਸ ਬਾਰੇ ਕੀ ਕਹਿੰਦੇ ਹਨ?

ਹੋਮਿਓਪੈਥੀ ਡਾਕਟਰ ਸ਼ਗੁਫ਼ਤਾ
ਤਸਵੀਰ ਕੈਪਸ਼ਨ, ਹੋਮਿਓਪੈਥੀ ਡਾਕਟਰ ਸ਼ਗੁਫ਼ਤਾ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਜੇਬ੍ਹ ਵਿੱਚ ਪਿਆਜ਼ ਰੱਖਣ ਨਾਲ ਸੂਰਜ ਦੀ ਰੋਸ਼ਨੀ ਤੋਂ ਬਚਾਅ ਹੁੰਦਾ ਹੈ

ਭਾਰਤ ਦੇ ਮੌਸਮ ਵਿਭਾਗ (IMD) ਨੇ ਦੱਸਿਆ ਹੈ ਕਿ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਓਡੀਸ਼ਾ ਵਿੱਚ ਆਮ ਤੋਂ ਵੱਧ ਤਾਪਮਾਨ ਦਰਜ ਕੀਤਾ ਜਾ ਰਿਹਾ ਹੈ।

ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਬ੍ਹ ਵਿੱਚ ਪਿਆਜ਼ ਰੱਖਣ ਵਰਗੇ ਉਪਾਅ ਗਰਮੀ ਤੋਂ ਬਚਾਅ ਨਹੀਂ ਕਰਨਗੇ। ਜਿਵੇਂ-ਜਿਵੇਂ ਦਿਨ ਦਾ ਤਾਪਮਾਨ ਵਧਦਾ ਹੈ, ਸਾਵਧਾਨੀ ਬਰਤਣਾ ਜ਼ਰੂਰੀ ਹੈ, ਨਹੀਂ ਤਾਂ ਲੂ ਲੱਗਣ ਦਾ ਗੰਭੀਰ ਖਤਰਾ ਰਹਿੰਦਾ ਹੈ।

ਹੈਦਰਾਬਾਦ ਦੇ ਡਾਕਟਰ ਰਮਨੈਆ ਨੇ ਬੀਬੀਸੀ ਨੂੰ ਦੱਸਿਆ ਕਿ ਜੇਬ੍ਹ ਵਿੱਚ ਪਿਆਜ਼ ਰੱਖਣ ਦਾ ਸੂਰਜ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਸੂਰਜ ਸਰੀਰ ਨੂੰ ਹਰ ਪਾਸੇ ਤੋਂ ਪ੍ਰਭਾਵਿਤ ਕਰਦਾ ਹੈ। ਜਿਵੇਂ-ਜਿਵੇਂ ਸੂਰਜ ਦੀ ਤਪਸ਼ ਵਧਦੀ ਹੈ, ਸਰੀਰ ਵਿੱਚੋਂ ਪਸੀਨੇ ਰਾਹੀਂ ਪਾਣੀ ਘਟਦਾ ਜਾਂਦਾ ਹੈ। ਇਸ ਲਈ ਉਚਿਤ ਮਾਤਰਾ ਵਿੱਚ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਪਾਣੀ ਦੀ ਘਾਟ ਨਾਲ ਕਿਡਨੀ ਵਿੱਚ ਪੱਥਰੀ ਅਤੇ ਸਿਹਤ ਨਾਲ ਜੁੜੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।

ਯੂਨਾਨੀ ਅਤੇ ਹੋਮਿਓਪੈਥੀ ਦੇ ਜਾਣਕਾਰ ਵੀ ਇਹੀ ਕਹਿੰਦੇ ਹਨ ਕਿ ਇਹ ਦਾਅਵਾ ਕਿ ਜੇਬ ਵਿੱਚ ਪਿਆਜ਼ ਰੱਖਣ ਨਾਲ ਸੂਰਜ ਦਾ ਅਸਰ ਸਰੀਰ 'ਤੇ ਨਹੀਂ ਹੁੰਦਾ, ਗਲਤ ਹੈ।

ਹੋਮਿਓਪੈਥੀ ਡਾਕਟਰ ਸ਼ਗੁਫ਼ਤਾ ਨੇ ਬੀਬੀਸੀ ਨੂੰ ਦੱਸਿਆ, "ਪਿੰਡਾਂ ਵਿੱਚ ਅਜਿਹੀਆਂ ਕਈ ਧਾਰਣਾਵਾਂ ਪ੍ਰਚਲਿਤ ਹਨ। ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਜੇਬ੍ਹ ਵਿੱਚ ਪਿਆਜ਼ ਰੱਖਣ ਨਾਲ ਸੂਰਜ ਦੀ ਰੋਸ਼ਨੀ ਤੋਂ ਬਚਾਅ ਹੁੰਦਾ ਹੈ। ਗਰਮੀਆਂ ਨਾਲ ਜੁੜੀਆਂ ਸਨਬਰਨ ਵਰਗੀਆਂ ਸਮੱਸਿਆਵਾਂ ਤੋਂ ਬਚਣ ਲਈ ਡਾਕਟਰਾਂ ਦੁਆਰਾ ਦਿੱਤੀਆਂ ਸਲਾਹਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ।"

ਉਨ੍ਹਾਂ ਕਿਹਾ, "ਇੱਕ ਕਹਾਵਤ ਹੈ ਕਿ ਮਾਂ ਵੀ ਪਿਆਜ਼ ਦਾ ਕੰਮ ਨਹੀਂ ਕਰ ਸਕਦੀ, ਪਰ ਇਹ ਸਿਰਫ਼ ਖਾਣਾ ਬਣਾਉਣ ਵਿੱਚ ਕੰਮ ਆਉਂਦਾ ਹੈ, ਗਰਮੀ ਤੋਂ ਬਚਾਅ ਲਈ ਨਹੀਂ। ਗਰਮੀਆਂ ਵਿੱਚ ਸਨਬਰਨ ਤੋਂ ਬਚਣ ਲਈ ਸਾਵਧਾਨੀ ਵਰਤਣਾ ਜ਼ਰੂਰੀ ਹੈ। ਖ਼ਾਸ ਕਰਕੇ, ਡੀਹਾਈਡ੍ਰੇਸ਼ਨ ਤੋਂ ਬਚਣ ਲਈ ਬਹੁਤ ਸਾਰਾ ਪਾਣੀ ਪੀਣਾ ਬਹੁਤ ਜ਼ਰੂਰੀ ਹੈ।"

ਯੂਨਾਨੀ ਡਾਕਟਰ, ਡਾਕਟਰ ਤਸਨੀਮ ਨੇ ਬੀਬੀਸੀ ਨੂੰ ਦੱਸਿਆ, "ਯੂਨਾਨੀ ਚਿਕਿਤਸਾ ਵਿੱਚ ਸਰਦੀ ਅਤੇ ਬੁਖਾਰ ਨਾਲ ਸਬੰਧਿਤ ਖਾਂਸੀ ਦੇ ਇਲਾਜ ਲਈ ਪਿਆਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸਦਾ ਉਪਯੋਗ 'ਪ੍ਰੋਡਕਟਿਵ ਖਾਂਸੀ' (ਅਜਿਹੀ ਖਾਂਸੀ ਜਿਸ ਵਿੱਚ ਬਲਗਮ ਆਉਂਦਾ ਹੈ) ਦੇ ਇਲਾਜ ਵਜੋਂ ਕੀਤਾ ਜਾਂਦਾ ਹੈ। ਹਾਲਾਂਕਿ, ਇਹ ਮੰਨਣਾ ਕਿ ਜੇਬ੍ਹ ਵਿੱਚ ਪਿਆਜ਼ ਰੱਖਣ ਨਾਲ ਸਰੀਰ ਦੀ ਗਰਮੀ ਘਟਦੀ ਹੈ, ਇੱਕ ਗਲਤਫ਼ਹਮੀ ਹੈ।"

ਹੀਟਵੇਵ (ਲੂ) ਕੀ ਹੈ?

ਹੀਟਵੇਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਮੌਸਮ ਵਿਭਾਗ (IMD) ਦੇ ਅਨੁਸਾਰ, 'ਹੀਟਵੇਵ' ਦਾ ਅਰਥ ਆਮ ਤੌਰ 'ਤੇ 40 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਹੋਣਾ ਹੈ

ਜੇ ਕਿਸੇ ਖ਼ਾਸ ਇਲਾਕੇ ਵਿੱਚ ਤਾਪਮਾਨ ਮੌਸਮ ਵਿਭਾਗ ਦੁਆਰਾ ਨਿਰਧਾਰਿਤ ਪੱਧਰ ਤੋਂ ਵੱਧ ਹੋ ਜਾਂਦਾ ਹੈ ਅਤੇ ਲਗਾਤਾਰ ਕਈ ਦਿਨਾਂ ਤੱਕ ਉਸੇ ਪੱਧਰ 'ਤੇ ਬਣਿਆ ਰਹਿੰਦਾ ਹੈ, ਤਾਂ ਇਸਨੂੰ 'ਹੀਟਵੇਵ' ਕਿਹਾ ਜਾਂਦਾ ਹੈ।

ਭਾਰਤ ਮੌਸਮ ਵਿਭਾਗ (IMD) ਦੇ ਅਨੁਸਾਰ, 'ਹੀਟਵੇਵ' ਦਾ ਅਰਥ ਆਮ ਤੌਰ 'ਤੇ 40 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਹੋਣਾ ਹੈ। ਇਹ ਸਥਿਤੀ ਆਮ ਤੌਰ 'ਤੇ ਲਗਭਗ ਪੰਜ ਦਿਨਾਂ ਤੱਕ ਬਣੀ ਰਹਿੰਦੀ ਹੈ।

ਹੀਟਵੇਵ ਦਾ ਅਸਰ ਨਾ ਸਿਰਫ਼ ਇਨਸਾਨਾਂ 'ਤੇ ਬਲਕਿ ਕਈ ਜਾਨਵਰਾਂ 'ਤੇ ਵੀ ਪੈਂਦਾ ਹੈ। ਇੰਨੀ ਵੱਧ ਗਰਮੀ ਦੇ ਸੰਪਰਕ ਵਿੱਚ ਆਉਣ ਨਾਲ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ, ਜਿਵੇਂ ਕਿ ਡੀਹਾਈਡ੍ਰੇਸ਼ਨ (ਸਰੀਰ ਵਿੱਚ ਪਾਣੀ ਦੀ ਘਾਟ), ਥਕਾਵਟ, ਕਮਜ਼ੋਰੀ, ਚੱਕਰ ਆਉਣਾ, ਸਿਰਦਰਦ, ਉਲਟੀ ਅਤੇ ਪੇਟ ਦਰਦ।

ਬਹੁਤ ਵੱਧ ਤਾਪਮਾਨ ਹੋਣ 'ਤੇ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਸਟ੍ਰੋਕ ਜਾਂ ਦਿਲ ਦਾ ਦੌਰਾ ਪੈਣ ਦਾ ਖਤਰਾ ਵਧ ਜਾਂਦਾ ਹੈ।

ਜੇ ਤੁਹਾਨੂੰ ਸਨਬਰਨ ਹੋ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ?

ਹੀਟਵੇਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੇ ਦਿਨ ਦੇ ਸਮੇਂ ਤੇਜ਼ ਧੁੱਪ ਵਿੱਚ ਰਹਿਣ ਕਾਰਨ ਕਿਸੇ ਨੂੰ 'ਸਨਸਟ੍ਰੋਕ' (ਲੂ ਲੱਗ ਜਾਵੇ) ਹੋ ਜਾਵੇ, ਤਾਂ ਮਰੀਜ਼ ਨੂੰ ਤੁਰੰਤ ਨੇੜਲੇ ਕਿਸੇ ਹਸਪਤਾਲ ਵਿੱਚ ਲੈਕੇ ਜਾਣਾ ਬਹੁਤ ਜ਼ਰੂਰੀ ਹੈ

ਡਾਕਟਰਾਂ ਦਾ ਕਹਿਣਾ ਹੈ ਕਿ ਜੇ ਦਿਨ ਦੇ ਸਮੇਂ ਤੇਜ਼ ਧੁੱਪ ਵਿੱਚ ਰਹਿਣ ਕਾਰਨ ਕਿਸੇ ਨੂੰ 'ਸਨਸਟ੍ਰੋਕ' (ਲੂ ਲੱਗ ਜਾਵੇ) ਹੋ ਜਾਵੇ, ਤਾਂ ਮਰੀਜ਼ ਨੂੰ ਤੁਰੰਤ ਨੇੜਲੇ ਕਿਸੇ ਹਸਪਤਾਲ ਵਿੱਚ ਲੈਕੇ ਜਾਣਾ ਬਹੁਤ ਜ਼ਰੂਰੀ ਹੈ।

ਜਿਨ੍ਹਾਂ ਲੋਕਾਂ ਨੂੰ ਸਨਬਰਨ ਹੋ ਜਾਵੇ, ਭਾਵ ਉਨ੍ਹਾਂ ਦੀ ਚਮੜੀ ਧੁੱਪ ਨਾਲ ਸੜ ਜਾਵੇ ਤਾਂ ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਠੰਡੇ ਪਾਣੀ ਨਾਲ ਸਰੀਰ ਦੇ ਉਸ ਹਿੱਸੇ ਨੂੰ ਸਾਫ਼ ਕਰਨ ਅਤੇ ਛਾਂ ਜਾਂ ਤਾਜ਼ੀ ਹਵਾ ਵਾਲੀ ਜਗ੍ਹਾ 'ਤੇ ਜਾਣ।

ਡਾਕਟਰ ਰਮਨੈਆ ਕਹਿੰਦੇ ਹਨ ਕਿ ਜਿਸ ਕਿਸੇ ਨੂੰ ਵੀ ਸਨਬਰਨ ਹੋਵੇ, ਉਸਨੂੰ ਤੁਰੰਤ ਡਾਕਟਰ ਕੋਲ ਲੈਕੇ ਜਾਣਾ ਚਾਹੀਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)