ਪੰਜਾਬ ਕਿੰਗਜ਼ ਪਲੇਅਆਫ ਤੋਂ ਕੁਝ ਅੰਕ ਦੂਰ, ਕੀ ਗੇਂਦਬਾਜ਼ੀ ਖ਼ਿਤਾਬ ਵਿਚਾਲੇ ਬਣ ਸਕਦੀ ਹੈ ਵੱਡਾ ਅੜਿੱਕਾ

ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਜਸਥਾਨ ਰੌਇਲਜ਼ ਖਿਲਾਫ ਖੇਡਿਆ ਮੈਚ ਅਰਸ਼ਦੀਪ ਸਿੰਘ ਲਈ ਆਈਪੀਐੱਲ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਮੈਚ ਸਾਬਿਤ ਹੋਇਆ
    • ਲੇਖਕ, ਬਰਿੰਦਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 8 ਮਿੰਟ

ਪੰਜਾਬ ਕਿੰਗਜ਼ ਆਈਪੀਐੱਲ ਦੇ 19ਵੇਂ ਸੀਜ਼ਨ ਵਿੱਚ ਆਪਣੀਆਂ ਲਗਾਤਾਰ ਜਿੱਤਾਂ ਤੋਂ ਬਾਅਦ ਇੱਕ ਮੈਚ ਹਾਰ ਚੁੱਕੀ ਹੈ।

ਪਰ ਰਾਜਸਥਾਨ ਰੌਇਲਜ਼ ਖ਼ਿਲਾਫ਼ ਮੈਚ ਹਾਰਨ ਤੋਂ ਬਾਅਦ ਵੀ ਪੰਜਾਬ 8 ਮੈਚ ਖੇਡ ਕੇ 13 ਅੰਕਾਂ ਨਾਲ ਪੁਆਇੰਟ ਟੇਬਲ 'ਤੇ ਟੌਪ ਕਰ ਰਹੀ ਹੈ।

ਬੇਸ਼ੱਕ ਪੰਜਾਬ ਨੇ ਅਜੇ ਤੱਕ ਇੱਕ ਹੀ ਮੈਚ ਹਾਰਿਆ ਹੈ ਪਰ ਹੁਣ ਤੱਕ ਚੱਲਦੇ ਆ ਰਹੇ ਉਸ ਦੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਨੇ ਟੀਮ ਦੀ ਗੇਂਦਬਾਜ਼ੀ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।

ਪੰਜਾਬ ਕਿੰਗਜ਼ ਪਲੇਅਆਫ ਵਿੱਚ ਜਾਣ ਤੋਂ ਕੁਝ ਹੀ ਅੰਕ ਦੂਰ ਹੈ।

ਟੂਰਨਾਮੈਂਟ ਅਜੇ ਲੰਬਾ ਚੱਲਣਾ ਬਾਕੀ ਹੈ ਅਤੇ ਪੰਜਾਬ ਕਿੰਗਜ਼ ਨੂੰ ਟੌਪ 'ਤੇ ਬਰਕਰਾਰ ਰਹਿਣ ਲਈ ਅਤੇ ਖ਼ਿਤਾਬ਼ ਦਾ ਸੋਕਾ ਤੋੜਨ ਲਈ ਆਪਣੀਆਂ ਖਾਮੀਆਂ ਉੱਪਰ ਸੁਧਾਰ ਕਰਨ ਦੀ ਜ਼ਰੂਰਤ ਹੈ।

ਅਰਸ਼ਦੀਪ ਦਾ ਆਈਪੀਐੱਲ 'ਚ ਸਭ ਤੋਂ ਮਹਿੰਗਾ ਮੈਚ

ਆਈਪੀਐੱਲ-2026 ਦੇ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਪੰਜਾਬ ਕਿੰਗਜ਼ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਦਾ ਧਿਆਨ ਖਿੱਚਿਆ ਹੈ।

ਲਗਾਤਾਰ ਜਿੱਤਾਂ ਦਰਜ ਕਰਦੀ ਆ ਰਹੀ ਪੰਜਾਬ ਕਿੰਗਜ਼ ਦਾ ਸਭ ਕੁਝ ਠੀਕ ਚੱਲ ਰਿਹਾ ਸੀ ਪਰ 28 ਅਪ੍ਰੈਲ ਨੂੰ ਨਿਊ ਚੰਡੀਗੜ੍ਹ ਵਿੱਚ ਰਾਜਸਥਾਨ ਰੌਇਲਜ਼ ਦੀ ਟੀਮ ਨੇ ਪੰਜਾਬ ਦੀ ਜਿੱਤ ਦਾ ਰੱਥ ਰੋਕ ਦਿੱਤਾ, ਜਦੋਂ ਟੀਮ ਨੂੰ ਇਸ ਸੀਜ਼ਨ ਦੀ ਆਪਣੀ ਪਹਿਲੀ ਹਾਰ ਮਿਲੀ।

ਰਾਜਸਥਾਨ ਰੌਇਲਜ਼ ਨੇ ਛੇ ਵਿਕਟਾਂ ਨਾਲ ਪੰਜਾਬ ਨੂੰ ਹਰਾਇਆ ਅਤੇ ਇਸ ਮੈਚ ਵਿੱਚ ਪੰਜਾਬ ਦੇ ਗੇਂਦਬਾਜ਼ਾਂ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਰਿਹਾ।

ਪੰਜਾਬ ਦੇ ਤੇਜ਼ ਗੇਂਦਬਾਜ਼ਾਂ ਅਰਸ਼ਦੀਪ ਸਿੰਘ, ਲੌਕੀ ਫਰਗੂਸਨ ਅਤੇ ਮਾਰਕੋ ਜਾਨਸੇਨ ਦੀ ਤਿਗੜੀ ਨੇ ਇਸ ਮੈਚ ਵਿੱਚ ਕਰੀਬ 11.2 ਓਵਰਾਂ ਵਿੱਚ 166 ਦੌੜਾਂ ਦਿੱਤੀਆਂ।

ਇਹ ਮੈਚ ਅਰਸ਼ਦੀਪ ਸਿੰਘ ਲਈ ਆਈਪੀਐੱਲ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਮੈਚ ਸਾਬਿਤ ਹੋਇਆ। ਇਸ ਮੈਚ ਵਿੱਚ ਅਰਸ਼ਦੀਪ ਨੇ 4 ਓਵਰਾਂ ਵਿੱਚ 1 ਵਿਕਟ ਲੈ ਕੇ 68 ਦੌੜਾਂ ਦਿੱਤੀਆਂ।

ਇਸੇ ਤਰ੍ਹਾਂ ਲੌਕੀ ਫਰਗਯੂਸਨ ਨੇ 4 ਓਵਰਾਂ ਵਿੱਚ 57 ਦੌੜਾਂ ਦਿੱਤੀਆਂ ਅਤੇ ਮਾਰਕੋ ਜਾਨਸੇਨ ਨੇ 3.2 ਓਵਰਾਂ ਵਿੱਚ 41 ਦੌੜਾਂ ਦੇ ਕੇ ਕੋਈ ਵਿਕਟ ਹਾਸਲ ਨਹੀਂ ਕੀਤੀ।

ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖੇਡ ਮਾਹਰਾਂ ਨੇ ਅਰਸ਼ਦੀਪ ਨੂੰ ਆਪਣੀ ਗੇਂਦਬਾਜ਼ੀ ਉੱਪਰ ਧਿਆਨ ਕੇਂਦਰਿਤ ਕਰਨ ਦਾ ਸੁਝਾਅ ਦਿੱਤਾ ਹੈ।

ਅਰਸ਼ਦੀਪ ਸਿੰਘ ਨੂੰ ਟੀ-20 ਫਾਰਮੇਟ ਵਿੱਚ ਸਭ ਤੋਂ ਸਫ਼ਲ ਗੇਂਦਬਾਜ਼ ਮੰਨਿਆ ਜਾਂਦਾ ਹੈ ਪਰ ਉਹ ਕਿਤੇ ਨਾ ਕਿਤੇ ਆਪਣੀ ਲੈਅ ਤੋਂ ਬਾਹਰ ਦਿਖਾਈ ਦੇ ਰਹੇ ਹਨ, ਜੋ ਕਿ ਟੀਮ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅਰਸ਼ਦੀਪ ਪੰਜਾਬ ਦੇ ਅਹਿਮ ਗੇਂਦਬਾਜ਼ਾਂ ਵਿੱਚੋਂ ਇੱਕ ਹਨ।

ਉਹ ਖੇਡ ਤੋਂ ਬਾਹਰਲੀਆਂ ਆਪਣੀਆਂ ਜ਼ਿਆਦਾ ਗਤੀਵਿਧੀਆਂ ਕਾਰਨ ਵੀ ਆਲੋਚਨਾ ਦਾ ਸਾਹਮਣਾ ਕਰ ਰਹੇ ਹਨ।

ਖੇਡ ਮਾਹਰਾਂ ਨੇ ਵੀ ਉਨ੍ਹਾਂ ਨੂੰ ਆਪਣੀ ਗੇਂਦਬਾਜ਼ੀ ਉੱਪਰ ਧਿਆਨ ਕੇਂਦਰਿਤ ਕਰਨ ਦਾ ਸੁਝਾਅ ਦਿੱਤਾ ਹੈ।

ਸਾਬਕਾ ਭਾਰਤੀ ਕ੍ਰਿਕਟਰ ਅਤੇ ਖੇਡ ਮਾਹਰ ਸਰਨਦੀਪ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਖਾਸਕਰ ਅਰਸ਼ਦੀਪ ਸਿੰਘ ਦੇ ਪ੍ਰਦਰਸ਼ਨ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ।

ਉਨ੍ਹਾਂ ਕਿਹਾ, "ਪਿਛਲੇ ਸੀਜ਼ਨ ਵਿੱਚ ਵੀ ਅਰਸ਼ਦੀਪ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ। ਇਸ ਵਾਰ ਵੀ ਉਹ ਲਗਾਤਾਰ ਮਾੜੇ ਪ੍ਰਦਰਸ਼ਨ ਵਿੱਚੋਂ ਲੰਘ ਰਹੇ ਹਨ। ਲਗਾਤਾਰ ਵਾਈਡ ਪਾ ਰਹੇ ਹਨ, ਜ਼ਿਆਦਾ ਦੌੜਾਂ ਦੇ ਰਹੇ ਹਨ। ਹਰ ਮੈਚ ਵਿੱਚ ਬੱਲੇਬਾਜ਼ ਉਨ੍ਹਾਂ ਨੂੰ ਮਾਰ ਰਹੇ ਹਨ। ਤੁਸੀਂ ਹੁਣ ਸੀਨੀਅਰ ਖਿਡਾਰੀ ਹੋ, ਤੁਹਾਨੂੰ ਬਾਹਰਲੀਆਂ ਗਤੀਵਿਧੀਆਂ ਘਟਾ ਕੇ ਜ਼ਿੰਮੇਵਾਰੀ ਚੁੱਕਣੀ ਪਵੇਗੀ।"

ਉੱਥੇ ਹੀ ਸਾਬਕਾ ਕ੍ਰਿਕਟਰ ਰਾਹੁਲ ਸ਼ਰਮਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਈਪੀਐੱਲ ਦੀ ਖੇਡ ਹੁਣ ਜ਼ਿਆਦਾਤਰ ਬੱਲੇਬਾਜ਼ਾਂ ਦੀ ਖੇਡ ਹੋ ਗਈ ਹੈ ਅਤੇ ਗੇਂਦਬਾਜ਼ਾਂ ਨੂੰ ਪਿੱਚਾਂ ਤੋਂ ਉਨੀ ਮਦਦ ਨਹੀਂ ਮਿਲਦੀ।

ਸਾਬਕਾ ਭਾਰਤੀ ਕ੍ਰਿਕਟਰ ਸਰਨਦੀਪ ਸਿੰਘ

ਅਰਸ਼ਦੀਪ ਬਾਰੇ ਉਨ੍ਹਾਂ ਕਿਹਾ, "ਜਿੰਨਾ ਕੁ ਮੈਂ ਅਰਸ਼ਦੀਪ ਨੂੰ ਜਾਣਦਾ ਹਾਂ ਉਹ ਮਿਹਨਤ ਕਰਦਾ ਹੈ ਅਤੇ ਹੋਰ ਗੇਂਦਬਾਜ਼ ਵੀ ਮਿਹਨਤ ਕਰ ਰਹੇ ਹਨ ਪਰ ਕਈ ਵਾਰ ਐਗਜ਼ੀਕਿਊਟ ਉਸ ਤਰ੍ਹਾਂ ਨਹੀਂ ਹੁੰਦਾ। ਕਈ ਵਾਰ ਦਿਨ ਤੁਹਾਡੇ ਵੱਲ ਨਹੀਂ ਹੁੰਦਾ, ਜੋ ਤੁਸੀਂ ਯੋਜਨਾ ਬਣਾਉਂਦੇ ਹੋ, ਉਸ ਤਰ੍ਹਾਂ ਗੇਂਦਬਾਜ਼ੀ ਨਹੀਂ ਹੁੰਦੀ ਅਤੇ ਤੁਹਾਨੂੰ ਦੌੜਾਂ ਪੈਂਦੀਆਂ ਹਨ ਪਰ ਪੰਜਾਬ ਚੰਗਾ ਖੇਡ ਰਹੀ ਹੈ ਅਤੇ ਗੇਂਦਬਾਜ਼ ਵਾਪਸੀ ਕਰ ਸਕਦੇ ਹਨ।"

ਰਾਹੁਲ ਇਹ ਵੀ ਕਹਿੰਦੇ ਹਨ ਕਿ ਬੱਲੇਬਾਜ਼ਾਂ ਸਾਹਮਣੇ ਵੱਧ ਤੋਂ ਵੱਧ ਡੌਟ ਗੇਂਦਾਂ ਕਰਨੀਆਂ ਜ਼ਰੂਰੀ ਹਨ ਪਰ ਅਰਸ਼ਦੀਪ ਨੂੰ ਹੁੰਦਾ ਹੈ ਕਿ ਉਹ ਵਿਕਟਾਂ ਲੈਣ ਅਤੇ ਉਸ ਵਿੱਚ ਕਦੇ-ਕਦੇ ਰਨ ਚਲੇ ਜਾਂਦੇ ਹਨ।

ਉਹ ਕਹਿੰਦੇ ਹਨ, "ਪਹਿਲਾਂ-ਪਹਿਲਾਂ ਅਰਸ਼ਦੀਪ ਨੇ ਵਾਈਡ ਗੇਂਦਾਂ ਪਾਈਆਂ ਪਰ ਹੁਣ ਸੁਧਾਰ ਹੈ ਅਤੇ ਉਹ ਵਾਪਸੀ ਲਈ ਮਿਹਨਤ ਕਰ ਰਿਹਾ ਹੈ। ਸਾਨੂੰ ਇੱਕ-ਅੱਧੇ ਮੈਚ ਤੋਂ ਇਹ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਕਿ ਖਿਡਾਰੀ ਮਾੜਾ ਹੀ ਕਰ ਰਿਹਾ ਹੈ।"

ਤੇਜ਼ ਗੇਂਦਬਾਜ਼ਾਂ ਦੀ 'ਢਿੱਲੀ ਰਫ਼ਤਾਰ'

ਪੰਜਾਬ ਕਿੰਗਜ਼ ਦੇ ਪਿਛਲੇ ਮੈਚਾਂ 'ਤੇ ਇੱਕ ਝਾਤ ਮਾਰੀਏ ਤਾਂ ਹੁਣ ਤੱਕ ਪੰਜਾਬ ਦੀ ਟੀਮ ਆਪਣੀ ਬੱਲੇਬਾਜ਼ੀ ਦੇ ਦਮ 'ਤੇ ਹੀ ਜਿੱਤਾਂ ਦਰਜ ਕਰਦੀ ਆਈ ਹੈ।

ਇਨ੍ਹਾਂ ਮੁਕਾਬਲਿਆਂ ਵਿੱਚ ਕਿਤੇ ਨਾ ਕਿਤੇ ਚੰਗੀ ਗੇਂਦਬਾਜ਼ੀ ਘੱਟ ਹੀ ਦੇਖਣ ਨੂੰ ਮਿਲੀ ਹੈ। ਪੰਜਾਬ ਕੋਲ ਅਰਸ਼ਦੀਪ ਸਿੰਘ, ਮਾਰਕੋ ਜਾਨਸੇਨ, ਜ਼ੇਵੀਅਰ ਬਾਰਟਲੇਟ ਅਤੇ ਲੌਕੀ ਫਰਗੂਨਸ ਵਰਗੇ ਤੇਜ਼ ਗੇਂਦਬਾਜ਼ ਹਨ।

ਇਸ ਸੀਜ਼ਨ ਵਿੱਚ ਅਰਸ਼ਦੀਪ ਸਿੰਘ ਨੇ 8 ਮੈਚਾਂ ਦੌਰਾਨ 329 ਦੌੜਾਂ ਦੇ ਕੇ ਸਿਰਫ 8 ਵਿਕਟਾਂ ਹੀ ਹਾਸਲ ਕੀਤੀਆਂ ਹਨ।

ਇਸੇ ਤਰ੍ਹਾਂ ਮਾਰਕੋ ਜਾਨਸੇਨ ਨੇ 8 ਮੈਚਾਂ ਵਿੱਚ 256 ਦੌੜਾਂ ਦੇ ਕੇ ਸਿਰਫ 5 ਵਿਕਟਾਂ ਲੈਣ ਵਿੱਚ ਹੀ ਸਫਲਤਾ ਹਾਸਲ ਕੀਤੀ ਹੈ।

ਜ਼ੇਵੀਅਰ ਬਾਰਟਲੇਟ ਵੀ ਪੰਜਾਬ ਵੱਲੋਂ 7 ਮੈਚ ਖੇਡ ਚੁੱਕੇ ਹਨ ਅਤੇ ਉਨ੍ਹਾਂ ਨੇ 297 ਦੌੜਾਂ ਦੇ ਕੇ ਸਿਰਫ 5 ਵਿਕਟਾਂ ਹੀ ਹਾਸਲ ਕੀਤੀਆਂ ਹਨ।

ਯੁਜ਼ਵਿੰਦਰ ਚਾਹਲ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੁਜ਼ਵਿੰਦਰ ਚਾਹਲ ਵੀ ਇਸ ਸੀਜ਼ਨ ਵਿੱਚ 8 ਮੈਚ ਖੇਡ ਕੇ 241 ਦੌੜਾਂ ਦੇ ਕੇ 7 ਵਿਕਟਾਂ ਹੀ ਹਾਸਲ ਕਰ ਸਕੇ ਹਨ

ਉੱਪਰਲੇ ਅੰਕੜਿਆਂ ਤੋਂ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਹੁਣ ਤੱਕ ਪੰਜਾਬ ਦੀ ਝੋਲੀ 'ਚ ਉਸ ਦੇ ਤੇਜ਼ ਗੇਂਦਬਾਜ਼ ਕੁਝ ਖਾਸ ਪ੍ਰਦਰਸ਼ਨ ਨਹੀਂ ਪਾ ਸਕੇ ਹਨ।

ਆਈਪੀਐੱਲ ਦੇ ਇਤਿਹਾਸ ਦੇ ਸਭ ਤੋਂ ਸਫਲ ਗੇਂਦਬਾਜ਼ ਯੁਜ਼ਵਿੰਦਰ ਚਾਹਲ ਵੀ ਇਸ ਸੀਜ਼ਨ ਵਿੱਚ 8 ਮੈਚ ਖੇਡ ਕੇ 241 ਦੌੜਾਂ ਦੇ ਕੇ 7 ਵਿਕਟਾਂ ਹੀ ਹਾਸਲ ਕਰ ਸਕੇ ਹਨ।

ਆਈਪੀਐੱਲ ਦੀ ਵੈੱਬਸਾਈਟ ਮੁਤਾਬਕ 2026 ਦੇ ਸੀਜ਼ਨ ਵਿੱਚ ਪਹਿਲੇ 20 ਗੇਂਦਬਾਜ਼ਾਂ ਵਿੱਚ ਵੀ ਪੰਜਾਬ ਕਿੰਗਜ਼ ਦਾ ਇੱਕ ਵੀ ਗੇਂਦਬਾਜ਼ ਸ਼ਾਮਲ ਨਹੀਂ ਹੈ।

ਰਾਜਸਥਾਨ ਕੋਲੋਂ ਹਾਰਨ ਮਗਰੋਂ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਸੀ, "ਮੈਨੂੰ ਲੱਗਦਾ ਹੈ ਕਿ ਗੇਂਦਬਾਜ਼ੀ ਦੇ ਮਾਮਲੇ ਵਿੱਚ, ਖਾਸ ਕਰਕੇ ਪ੍ਰਦਰਸ਼ਨ ਦੇ ਮਾਮਲੇ 'ਚ ਸਾਡੀ ਗੇਂਦਬਾਜ਼ੀ ਥੋੜ੍ਹੀ ਕਮਜ਼ੋਰ ਸੀ। ਅਸੀਂ ਸਲੋਅ, ਤੇਜ਼ ਅਤੇ ਯਾਰਕਰ ਗੇਂਦਬਾਜ਼ੀ ਸੁੱਟਣ ਦੀ ਯੋਜਨਾ ਬਣਾਈ ਸੀ, ਮੈਨੂੰ ਲੱਗਦਾ ਹੈ ਕਿ ਅਸੀਂ ਇਸ ਵਿੱਚ ਥੋੜ੍ਹਾ ਖੁੰਝ ਗਏ ਹਾਂ।"

ਇਸੇ ਦੌਰਾਨ ਪੰਜਾਬ ਕਿੰਗਜ਼ ਦੇ ਗੇਂਦਬਾਜ਼ੀ ਦੇ ਕੋਚ ਜੇਮਸ ਹੋਪਸ ਨੇ ਕਿਹਾ ਸੀ ਕਿ ਘਬਰਾਉਣ ਦੀ ਕੋਈ ਵਜ੍ਹਾ ਨਹੀਂ ਹੈ।

ਉਨ੍ਹਾਂ ਕਿਹਾ, "ਅਸੀਂ ਹੁਣੇ-ਹੁਣੇ ਆਪਣਾ ਪਹਿਲਾ ਮੈਚ ਹਾਰੇ ਹਾਂ, ਇਸ ਲਈ ਮੈਂ ਇੱਥੇ ਬੈਠ ਕੇ ਇਹ ਨਹੀਂ ਕਹਿਣ ਵਾਲਾ ਕਿ ਡਰੈਸਿੰਗ ਰੂਮ ਵਿੱਚ ਸਭ ਕੁਝ ਨਿਰਾਸ਼ਾਜਨਕ ਹੈ।"

ਸੁਧਾਰ ਦੀ ਜ਼ਰੂਰਤ

ਗੇਂਦਬਾਜ਼ ਲੌਕੀ ਫਰਗਯੂਸਨ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੇਂਦਬਾਜ਼ ਲੌਕੀ ਫਰਗਯੂਸਨ ਨੇ ਰਾਜਸਥਾਨ ਰੌਇਲਜ਼ ਖਿਲਾਫ ਮੈਚ ਵਿੱਚ 4 ਓਵਰਾਂ ਵਿੱਚ 57 ਦੌੜਾਂ ਦਿੱਤੀਆਂ ਸਨ

ਪੰਜਾਬ ਕਿੰਗਜ਼ ਪਲੇਅਆਫ ਵਿੱਚ ਜਾਣ ਤੋਂ ਕੁਝ ਹੀ ਅੰਕ ਦੂਰ ਹੈ। ਟੂਰਨਾਮੈਂਟ ਅਜੇ ਲੰਬਾ ਚੱਲਣਾ ਹੈ ਅਤੇ ਪੰਜਾਬ ਦੀ ਗੇਂਦਬਾਜ਼ੀ ਵਿਚਲੀਆਂ ਖਾਮੀਆਂ ਉਸ ਦੇ ਸਾਹਮਣੇ ਆ ਰਹੀਆਂ ਹਨ। ਇਹੀ ਮੌਕਾ ਟੀਮ ਨੂੰ ਮਿਲ ਰਿਹਾ ਹੈ ਕਿ ਆਉਣ ਵਾਲੇ ਵੱਡੇ ਮੈਚਾਂ ਤੋਂ ਪਹਿਲਾਂ ਇਨ੍ਹਾਂ ਵਿੱਚ ਸੁਧਾਰ ਕੀਤਾ ਜਾਵੇ।

ਰਾਹੁਲ ਸ਼ਰਮਾ ਨੇ ਕਿਹਾ ਕਿ ਪੰਜਾਬ ਇਸ ਵਾਰ ਚੰਗੀ ਫੌਰਮ ਵਿੱਚ ਹੈ ਅਤੇ ਜੋ ਪਿਛਲੀਆਂ ਖਾਮੀਆਂ ਰਹਿ ਗਈਆਂ ਸਨ, ਉਨ੍ਹਾਂ ਨੂੰ ਦੂਰ ਕਰਕੇ ਖਿਤਾਬ ਜਿੱਤਿਆ ਜਾ ਸਕਦਾ ਹੈ।

"ਅਰਸ਼ਦੀਪ ਦੇ ਨਾਲ ਵਿਦੇਸ਼ੀ ਗੇਂਦਬਾਜ਼ ਕੋਈ ਸੈੱਟ ਹੋਣਾ ਚਾਹੀਦਾ ਹੈ ਕਿਉਂਕਿ ਪਹਿਲਾਂ ਬਾਰਟਲੇਟ ਆਏ ਅਤੇ ਫਿਰ ਲੌਕੀ ਫਰਗੂਨਸ ਨੇ ਵੀ ਰਨ ਦਿੱਤੇ। ਇਸ ਨਾਲ ਸਿੱਧਾ ਪ੍ਰੈਸ਼ਰ ਪੰਜਾਬ ਦੇ ਮੇਨ ਗੇਂਦਬਾਜ਼ ਅਰਸ਼ਦੀਪ ਉੱਪਰ ਆਉਂਦਾ ਹੈ। ਟੀ-20 ਵਿੱਚ ਤੁਹਾਨੂੰ ਆਪਣੀ ਯੋਜਨਾ ਉੱਪਰ ਕੇਂਦਰਿਤ ਰਹਿਣਾ ਚਾਹੀਦਾ ਹੈ ਬਜਾਏ ਇਸਦੇ ਕਿ ਮੈਂ ਵਿਕਟਾਂ ਲੈਣੀਆਂ ਹਨ।"

ਸਾਬਕਾ ਕ੍ਰਿਕਟਰ ਰਾਹੁਲ ਸ਼ਰਮਾ

ਸਰਨਦੀਪ ਸਿੰਘ ਕਹਿੰਦੇ ਹਨ, "ਹੁਣ ਤੱਕ ਬੱਲੇਬਾਜ਼ੀ ਦੇ ਦਮ 'ਤੇ ਜਿੱਤਦੇ ਆ ਰਹੇ ਸੀ ਤਾਂ ਕਰਕੇ ਗੇਂਦਬਾਜ਼ੀ ਵੱਲ ਕਿਸੇ ਦਾ ਧਿਆਨ ਨਹੀਂ ਸੀ ਜਾ ਰਿਹਾ ਪਰ ਇੱਥੇ ਕਪਤਾਨ ਅਤੇ ਗੇਂਦਬਾਜ਼ੀ ਦੇ ਕੋਚ ਨੇ ਅਣਦੇਖਿਆ ਕੀਤਾ ਹੈ। ਪੰਜਾਬ ਦੀ ਗੇਂਦਬਾਜ਼ੀ ਪਹਿਲੇ ਮੈਚ ਤੋਂ ਹੀ ਮਾੜੀ ਸੀ। ਟੀਮ ਵਿੱਚ ਸੀਨੀਅਰ ਗੇਂਦਬਾਜ਼ ਹਨ ਅਤੇ ਅਰਸ਼ਦੀਪ ਵੀ ਭਾਰਤੀ ਟੀਮ ਦਾ ਚੰਗਾ ਗੇਂਦਬਾਜ਼ ਹੈ, ਇਸ ਲਈ ਇਨ੍ਹਾਂ ਨੂੰ ਅੱਗੇ ਹੋ ਕੇ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ।"

ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਅਰਸ਼ਦੀਪ ਨੂੰ ਕੁਝ ਸਮੇਂ ਲਈ ਬਾਹਰਲੀਆਂ ਗਤੀਵਿਧੀਆਂ ਛੱਡ ਕੇ ਆਪਣੀ ਗੇਂਦਬਾਜ਼ੀ ਵੱਲ ਫੋਕਸ ਕਰਨਾ ਚਾਹੀਦਾ ਹੈ।

"ਅਰਸ਼ਦੀਪ ਦੀ ਸਪੀਡ ਵਿੱਚ ਫਰਕ ਪਿਆ ਹੈ, ਹੌਲੀ-ਹੌਲੀ ਉਸਦੀ ਗੇਂਦ ਦੀ ਗਤੀ ਧੀਮੀ ਹੁੰਦੀ ਜਾ ਰਹੀ ਹੈ। ਜਦੋਂ ਤੁਸੀਂ ਖੇਡ ਵੱਲ ਧਿਆਨ ਦਿੰਦੇ ਹੋ ਤਾਂ ਗਲਤੀਆਂ ਲੱਭਣੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ। ਇਸ ਲਈ ਧਿਆਨ ਦੇਣ ਦੀ ਜ਼ਰੂਰਤ ਹੈ। ਪੰਜਾਬ ਹੁਣ ਉਸ ਪੜਾਅ 'ਤੇ ਹੈ ਕਿ ਦੋ ਮੈਚ ਜਿੱਤ ਕੇ ਕੁਆਲੀਫਾਈ ਕਰ ਜਾਣਗੇ ਪਰ ਇਸ ਤੋਂ ਪਹਿਲਾਂ ਗੇਂਦਬਾਜ਼ੀ ਦੇ ਕੋਚ ਨੂੰ ਵੀ ਗੇਂਦਬਾਜ਼ਾਂ ਵੱਲ ਧਿਆਨ ਦੇਣਾ ਪਵੇਗਾ।"

ਪੰਜਾਬ ਕੋਲ ਗੇਂਦਬਾਜ਼ਾਂ ਦਾ ਬਦਲ

ਗੇਂਦਬਾਜ਼ ਮਾਰਕੋ ਜਾਨਸੇਨ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਜਸਥਾਨ ਰੌਇਲਜ਼ ਖਿਲਾਫ ਮੈਚ ਵਿੱਚ ਗੇਂਦਬਾਜ਼ ਮਾਰਕੋ ਜਾਨਸੇਨ ਨੇ 3.2 ਓਵਰਾਂ ਵਿੱਚ 41 ਦੌੜਾਂ ਦੇ ਕੇ ਕੋਈ ਵਿਕਟ ਹਾਸਲ ਨਹੀਂ ਕੀਤੀ

ਸਰਨਦੀਪ ਕਹਿੰਦੇ ਹਨ ਕਿ ਪਿਛਲੇ ਮੈਚ ਵਿੱਚ ਚੰਗੀ ਗੱਲ ਇਹ ਹੋਈ ਹੈ ਕਿ ਟੀਮ ਨੇ ਹਰਪ੍ਰੀਤ ਬਰਾੜ ਨੂੰ ਮੌਕਾ ਦਿੱਤਾ, ਜਿਸ ਨੇ ਆਪਣੇ ਇਸ ਸੀਜ਼ਨ ਦੇ ਪਹਿਲੇ ਹੀ ਮੈਚ ਵਿੱਚ ਚੰਗਾ ਪ੍ਰਦਰਸ਼ਨ ਕੀਤਾ।

ਉਹ ਕਹਿੰਦੇ ਹਨ, "ਸਾਰੀਆਂ ਟੀਮਾਂ ਦੋ-ਦੋ, ਤਿੰਨ-ਤਿੰਨ ਸਪਿਨਰਾਂ ਨਾਲ ਖੇਡ ਰਹੀਆਂ ਹਨ ਅਤੇ ਅਸੀਂ ਹੁਣ ਤੱਕ ਸਿਰਫ ਯੁਜ਼ਵਿੰਦਰ ਚਾਹਲ ਨਾਲ ਹੀ ਖੇਡ ਰਹੇ ਸੀ। ਅਸੀਂ ਵਿਦੇਸ਼ੀ ਤੇਜ਼ ਗੇਂਦਬਾਜ਼ਾਂ ਨਾਲ ਖੇਡ ਰਹੇ ਹਾਂ ਪਰ ਟੀਮ ਨੂੰ ਭਾਰਤੀ ਗੇਂਦਬਾਜ਼ੀ ਵੈਸ਼ਾਕ ਵਿਜੈਕੁਮਾਰ ਨੂੰ ਵੀ ਹੋਰ ਮੌਕੇ ਦੇਣੇ ਚਾਹੀਦੇ ਹਨ।"

"ਜੋ ਖਿਡਾਰੀ ਬਾਹਰ ਬੈਠੇ ਹਨ, ਟੀਮ ਨੂੰ ਉਨ੍ਹਾਂ ਨੂੰ ਵੀ ਚੈੱਕ ਕਰਨਾ ਚਾਹੀਦਾ ਹੈ। ਚੰਗਾ ਇਹੀ ਹੈ ਕਿ ਜੇ ਕੋਈ ਗੇਂਦਬਾਜ਼ ਚੰਗਾ ਨਹੀਂ ਕਰ ਰਿਹਾ ਤਾਂ ਉਸ ਨੂੰ ਰੈਸਟ ਦੇ ਕੇ ਆਰਾਮ ਕਰਵਾਉਣਾ ਚਾਹੀਦਾ ਅਤੇ ਯਸ਼ ਠਾਕੁਰ ਵਰਗੇ ਗੇਂਦਬਾਜ਼ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ।"

ਰਾਹੁਲ ਸ਼ਰਮਾ ਕਹਿੰਦੇ ਹਨ ਕਿ ਪੰਜਾਬ ਦੇ ਕਈ ਅਨਕੈਪਡ ਖਿਡਾਰੀਆਂ ਨੇ ਡੋਮੈਸਟਿਕ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ।

"ਪੰਜਾਬ ਨੂੰ ਵਿਦੇਸ਼ੀ ਖਿਡਾਰੀਆਂ ਦੀ ਥਾਂ ਗੇਂਦਬਾਜ਼ੀ ਵਿੱਚ ਭਾਰਤੀ ਖਿਡਾਰੀਆਂ ਨੂੰ ਮੌਕਾ ਦੇਣਾ ਚਾਹੀਦਾ ਹੈ, ਜਿਵੇਂ ਹਰਪ੍ਰੀਤ ਬਰਾੜ ਪਿਛਲੇ ਮੈਚ ਵਿੱਚ ਆਇਆ ਅਤੇ ਉਸ ਨੇ ਚੰਗੀ ਗੇਂਦਬਾਜ਼ੀ ਕੀਤੀ ਹੈ। ਇਸੇ ਤਰ੍ਹਾਂ ਯਸ਼ ਠਾਕੁਰ ਚੰਗਾ ਬਦਲ ਹੈ, ਉਸ ਨੂੰ ਵੀ ਖਿਡਾਉਣਾ ਚਾਹੀਦਾ ਹੈ। ਉਸ ਕੋਲ ਗੇਂਦਬਾਜ਼ੀ ਵਿੱਚ ਚੰਗਾ ਵੈਰੀਏਸ਼ਨ ਹੈ।"

ਉਹ ਕਹਿੰਦੇ ਹਨ ਕਿ ਗੇਂਦਬਾਜ਼ਾਂ ਦਾ ਵੀ ਹੁਣ ਫਰਜ਼ ਹੈ ਕਿ ਉਹ ਚੰਗੇ ਪ੍ਰਦਰਸ਼ਨ ਲਈ ਵਾਪਸੀ ਕਰਨ।

ਸਰਨਦੀਪ ਅਖੀਰ ਵਿੱਚ ਕਹਿੰਦੇ ਹਨ ਕਿ ਪੰਜਾਬ ਦੀ ਬੱਲੇਬਾਜ਼ੀ ਸ਼ਾਨਦਾਰ ਹੈ ਅਤੇ ਜੇ ਗੇਂਦਬਾਜ਼ੀ ਵਿੱਚ ਵੀ ਸੁਧਾਰ ਹੋ ਜਾਵੇ ਤਾਂ ਫਿਰ ਆਰਾਮ ਨਾਲ ਟੀਮ ਅਗਲੇ ਰਾਹ ਤੈਅ ਕਰ ਸਕੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)