ਬ੍ਰੈਸਟ ਕੈਂਸਰ ਹੋਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਤੇ ਇੱਕ ਵਾਰ ਠੀਕ ਹੋਣ 'ਤੇ ਮੁੜ ਕਿਉਂ ਹੋ ਜਾਂਦਾ ਹੈ, ਜਾਣੋ ਅਹਿਮ ਸਵਾਲਾਂ ਦੇ ਜਵਾਬ

ਮਹਿਲਾ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬ੍ਰੈਸਟ ਵਿੱਚ ਕਿਸੇ ਗੰਢ ਦਾ ਹੋਣਾ, ਨਿੱਪਲ ਵਿੱਚੋਂ ਪਾਣੀ ਆਉਣਾ, ਨਿੱਪਲ ਦਾ ਅੰਦਰ ਵੱਲ ਨੂੰ ਧੱਕਿਆ ਜਾਣਾ, ਸ਼ੁਰੂਆਤੀ ਲੱਛਣ ਹਨ (ਸੰਕੇਤਕ ਤਸਵੀਰ)
    • ਲੇਖਕ, ਪ੍ਰਿਅੰਕਾ ਧੀਮਾਨ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 9 ਮਿੰਟ

ਦੁਨੀਆਂ ਭਰ ਵਿੱਚ ਕਈ ਔਰਤਾਂ ਬ੍ਰੈਸਟ ਕੈਂਸਰ ਨਾਲ ਜੂਝ ਰਹੀਆਂ ਹਨ। ਇੱਕ ਅਜਿਹੀ ਬਿਮਾਰੀ ਜੋ ਨੌਜਵਾਨ ਔਰਤਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਵੱਡੇ ਪੱਧਰ ਉੱਤੇ ਪ੍ਰਭਾਵਿਤ ਕਰ ਰਹੀ ਹੈ।

ਬ੍ਰੈਸਟ ਕੈਂਸਰ ਅਤੇ ਇਸਦੇ ਇਲਾਜ ਬਾਰੇ ਅਜੇ ਵੀ ਲੋਕਾਂ ਵਿੱਚ ਕਈ ਗ਼ਲਤਫਹਿਮੀਆਂ, ਮਿਥ ਤੇ ਖਦਸ਼ੇ ਹਨ।

ਬ੍ਰੈਸਟ ਕੈਂਸਰ ਤੋਂ ਬਚਿਆ ਜਾ ਸਕਦਾ ਹੈ, ਬ੍ਰੈਸਟ ਕੈਂਸਰ ਦਾ ਇਲਾਜ ਹੋ ਸਕਦਾ ਹੈ ਪਰ ਇਸਦੇ ਲਈ ਜ਼ਰੂਰੀ ਹੈ ਇਸ ਬਾਰੇ ਸਹੀ ਜਾਣਕਾਰੀ ਹੋਣਾ, ਲੱਛਣਾਂ ਨੂੰ ਪਛਾਨਣਾ ਤੇ ਇਹ ਜਾਨਣਾ ਕਿ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ।

ਇਸ ਲਈ ਬੀਬੀਸੀ ਪੰਜਾਬੀ ਲੈ ਕੇ ਆਇਆ ਹੈ ਸਿਹਤ ਸੀਕ੍ਰੇਟਸ, ਜਿਸਦੇ ਪਹਿਲੇ ਐਪੀਸੋਡ ਵਿੱਚ ਬ੍ਰੈਸਟ ਕੈਂਸਰ ਨਾਲ ਜੁੜੇ ਹਰੇਕ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।

ਡਾ. ਰਜਿੰਦਰ ਕੌਰ ਸੱਗੂ ਮੈਕਸ ਸੁਪਰਸਪੈਸ਼ਿਲਟੀ ਹਸਪਤਾਲ ਵਿੱਚ ਬ੍ਰੈਸਟ ਕੈਂਸਰ ਸਰਜਨ ਹਨ ਅਤੇ ਸੀਨੀਅਰ ਡਾਇਰੈਕਟਰ ਦੇ ਤੌਰ 'ਤੇ ਸੇਵਾਵਾਂ ਨਿਭਾ ਰਹੇ ਹਨ। ਅਸੀਂ ਉਨ੍ਹਾਂ ਨਾਲ ਇਸ ਬਾਰੇ ਅਸੀਂ ਸੰਖੇਪ ਵਿੱਚ ਗੱਲਬਾਤ ਕੀਤੀ ਹੈ।

ਇਸ ਰਿਪੋਰਟ ਵਿੱਚ ਤੁਹਾਨੂੰ ਬ੍ਰੈਸਟ ਕੈਂਸਰ ਨਾਲ ਜੁੜੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ।

ਵੀਡੀਓ ਕੈਪਸ਼ਨ, ਘਰ ਵਿੱਚ ਹੀ ਕਿਵੇਂ ਬ੍ਰੈਸਟ ਕੈਂਸਰ ਦੇ ਖ਼ਤਰੇ ਦਾ ਪਤਾ ਕੀਤਾ ਜਾਵੇ

ਸਵਾਲ- ਜੇਕਰ ਕਿਸੇ ਨੂੰ ਬ੍ਰੈਸਟ ਕੈਂਸਰ ਹੁੰਦਾ ਹੈ ਤਾਂ ਹਰ ਮਾਮਲੇ ਵਿੱਚ ਬ੍ਰੈਸਟ ਰਿਮੂਵ ਕਰਨੀ ਹੀ ਪੈਂਦੀ ਹੈ ਜਾਂ ਉਸ ਤੋਂ ਬਿਨ੍ਹਾਂ ਵੀ ਇਸਦਾ ਇਲਾਜ ਸੰਭਵ ਹੈ ?

ਜਵਾਬ- ਬ੍ਰੈਸਟ ਕੈਂਸਰ ਦਾ ਮਤਲਬ ਬ੍ਰੈਸਟ ਰਿਮੂਵ ਕਰਨਾ ਨਹੀਂ ਹੈ। ਅੱਜ ਕੱਲ੍ਹ ਅਸੀਂ ਅਜਿਹੀ ਮਾਡਰਨ ਸਰਜਰੀਆਂ ਕਰਦੇ ਹਾਂ, ਜਿਸ ਨੂੰ ਓਨਕੋਪਲਾਸਟਿਕ ਬ੍ਰੈਸਟ ਕੰਜ਼ਰਵਿੰਗ ਸਰਜਰੀਆਂ ਕਹਿੰਦੇ ਹਨ।

ਮਰੀਜ਼ ਜਦੋਂ ਸਾਡੇ ਕੋਲ ਸ਼ੁਰੂਆਤੀ ਸਟੇਜ ਵਿੱਚ ਆਉਂਦਾ ਹੈ ਤਾਂ ਅਸੀਂ ਸਿਰਫ਼ ਗੰਢ ਕੱਢਦੇ ਹਾਂ ਅਤੇ ਬਾਕੀ ਦੀ ਬ੍ਰੈਸਟ ਨੂੰ ਅਸੀਂ ਉਹੀ ਆਕਾਰ ਦੇਣ ਦੀ ਕੋਸ਼ਿਸ਼ ਕਰਦੇ ਹਾਂ।

ਜੇਕਰ ਕਿਸੇ ਔਰਤ ਦੀ ਬ੍ਰੈਸਟ ਦਾ ਸਾਈਜ਼ ਵੱਡਾ ਵੀ ਹੁੰਦਾ ਹੈ ਤਾਂ ਉਸਦਾ ਸਾਈਜ਼ ਘਟਾ ਕੇ ਅਸੀਂ ਉਸ ਨੂੰ ਸਹੀ ਆਕਾਰ ਦੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਹ ਸੰਭਵ ਹੈ।

ਸਵਾਲ- ਕੀ ਬ੍ਰੈਸਟ ਕੈਂਸਰ ਮਰਦਾਂ ਨੂੰ ਵੀ ਹੋ ਸਕਦਾ ਹੈ?

ਜਵਾਬ- ਬਿਲਕੁੱਲ ਹੋ ਸਕਦਾ ਹੈ। ਬ੍ਰੈਸਟ ਕੈਂਸਰ ਦੇ ਮਾਮਲੇ ਆਦਮੀਆਂ ਵਿੱਚ ਬਹੁਤ ਘੱਟ ਪਾਏ ਜਾਂਦੇ ਹਨ। ਜੇਕਰ ਔਰਤਾਂ ਵਿੱਚ 100 ਫ਼ੀਸਦ ਹਨ ਤਾਂ ਮਰਦਾਂ ਵਿੱਚ 1 ਫ਼ੀਸਦ ਹੈ ਕਿਉਂਕਿ ਮਰਦਾਂ ਦੇ ਵਿੱਚ ਵੀ ਬ੍ਰੈਸਟ ਟਿਸ਼ੂ ਹੁੰਦਾ ਹੈ ਅਤੇ ਉਹ ਬਿਲਕੁੱਲ ਨਿੱਪਲ ਦੇ ਹੇਠਾਂ ਹੀ ਹੁੰਦਾ ਹੈ। ਉਨ੍ਹਾਂ ਦੇ ਲੱਛਣ ਵੀ ਇੱਕੋ ਜਿਹੇ ਹੀ ਹੁੰਦੇ ਹਨ, ਜਿਵੇਂ ਬ੍ਰੈਸਟ ਦੇ ਵਿੱਚ ਕਿਸੇ ਗੰਢ ਦਾ ਹੋਣਾ, ਨਿੱਪਲ ਦੇ ਵਿੱਚੋਂ ਪਾਣੀ ਆਉਣਾ ਅਤੇ ਨਿੱਪਲ ਦਾ ਅੰਦਰ ਵੱਲ ਨੂੰ ਧੱਕਿਆ ਜਾਣਾ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਰਦਾਂ ਨੂੰ ਵੀ ਬ੍ਰੈਸਟ ਕੈਂਸਰ ਹੋ ਸਕਦਾ ਹੈ ਹਾਲਾਂਕਿ ਮਰਦਾਂ 'ਚ ਅਜਿਹੇ ਮਾਮਲੇ ਘੱਟ ਪਾਏ ਜਾਂਦੇ ਹਨ: ਡਾ. ਰਜਿੰਦਰ ਕੌਰ ਸੱਗੂ (ਸੰਕੇਤਕ ਤਸਵੀਰ)

ਸਵਾਲ- ਬ੍ਰੈਸਟ ਕੈਂਸਰ ਦੇ ਲੱਛਣ ਕੀ ਹਨ ?

ਜਵਾਬ- ਬ੍ਰੈਸਟ ਦੇ ਵਿੱਚ ਕਿਸੇ ਗੰਢ ਜਾਂ ਗੁਠਲੀ ਦਾ ਹੋਣਾ ਜਿਸ ਵਿੱਚ ਦਰਦ ਨਾ ਹੋਵੇ, ਨਿੱਪਲ ਦੇ ਵਿੱਚੋਂ ਪਾਣੀ ਆਉਣਾ, ਨਿੱਪਲ ਅੰਦਰ ਵੱਲ ਨੂੰ ਧੱਕਿਆ ਜਾਵੇ, ਬ੍ਰੈਸਟ ਦੀ ਚਮੜੀ ਸਖ਼ਤ ਹੋ ਜਾਵੇ ਜਾਂ ਉਸ ਵਿੱਚ ਲਾਲੀਪਣ ਪੈ ਜਾਵੇ ਅਤੇ ਬ੍ਰੈਸਟ ਦੇ ਆਕਾਰ ਵਿੱਚ ਫਰਕ ਆਉਣਾ। ਇਹ ਸਭ ਬ੍ਰੈਸਟ ਕੈਂਸਰ ਦੇ ਸ਼ੁਰੂਆਤੀ ਲੱਛਣ ਹਨ।

ਸਵਾਲ- ਬ੍ਰੈਸਟ ਕੈਂਸਰ ਹੋਣ ਦਾ ਕਾਰਨ ਕੀ ਹੈ ?

ਜਵਾਬ- ਕੁਝ ਮੋਡੀਫਾਈਬਲ ਰਿਸਕ ਹੁੰਦੇ ਹਨ ਜਿਵੇਂ ਪੀਰੀਅਡਜ਼ ਛੇਤੀ ਆਉਣਾ, ਸਰੀਰ ਵਿੱਚ ਮੋਟਾਪਾ ਹੋਣਾ, ਮੀਨੋਪੌਜ਼ ਦਾ ਦੇਰੀ ਨਾਲ ਹੋਣਾ, ਬੱਚੇ ਦਾ ਨਾ ਹੋਣਾ ਜਾਂ ਬੱਚੇ ਨੂੰ ਦੁੱਧ ਨਾ ਪਿਆਉਣਾ, ਕਸਰਤ ਨਾ ਕਰਨਾ, ਸ਼ਰਾਬ, ਸਿਗਰੇਟ ਜਾਂ ਤੰਬਾਕੂ ਦੀ ਵਰਤੋਂ ਕਰਨਾ, ਪਰਿਵਾਰਕ ਹਿਸਟਰੀ ਹੋਣਾ, ਇਹ ਸਾਰੇ ਰਿਸਕ ਫੈਕਟਰ ਜਦੋਂ ਮਿਲਦੇ ਹਨ ਤਾਂ ਬ੍ਰੈਸਟ ਕੈਂਸਰ ਹੁੰਦਾ ਹੈ।

ਬੀਬੀਸੀ ਪੱਤਰਕਾਰ ਪ੍ਰਿਅੰਕਾ ਧੀਮਾਨ ਡਾ. ਰਜਿੰਦਰ ਕੌਰ ਸੱਗੂ ਨਾਲ ਪੌਡਕਾਸਟ ਕਰਦੇ ਹੋਏ
ਤਸਵੀਰ ਕੈਪਸ਼ਨ, ਬੀਬੀਸੀ ਦੇ ਸਿਹਤ ਸੀਕ੍ਰੇਟਸ ਪੌਡਕਾਸਟ 'ਚ ਡਾ. ਰਜਿੰਦਰ ਕੌਰ ਸੱਗੂ ਵੱਲੋਂ ਬ੍ਰੈਸਟ ਕੈਂਸਰ ਨਾਲ ਜੁੜੇ ਤਮਾਮ ਸਵਾਲਾਂ ਦੇ ਜਵਾਬ ਦਿੱਤੇ ਗਏ

ਸਵਾਲ- ਲਾਈਫ ਸਟਾਈਲ ਵਿੱਚ ਕਿਸ ਤਰੀਕੇ ਦੇ ਬਦਲਾਅ ਲਿਆ ਕੇ ਇਸ ਤੋਂ ਬਚਿਆ ਜਾ ਸਕਦਾ ਹੈ ?

ਜਵਾਬ- ਸਰੀਰ ਵਿੱਚ ਮੋਟਾਪਾ ਹੈ ਤਾਂ ਉਸ ਨੂੰ ਘਟਾਉਣਾ ਚਾਹੀਦਾ ਹੈ, ਮੀਨੋਪੌਜ਼ ਤੋਂ ਬਾਅਦ ਇਹ ਧਿਆਨ ਰੱਖੋ ਕਿ ਪੇਟ ਦੇ ਆਲੇ-ਦੁਆਲੇ ਚਰਬੀ ਨਾ ਵਧੇ। ਜੇਕਰ 30 ਸਾਲ ਤੋਂ ਪਹਿਲਾਂ ਬੱਚਾ ਹੋ ਜਾਵੇ ਤਾਂ ਫਾਇਦੇਮੰਦ ਹੈ ਅਤੇ ਬੱਚੇ ਨੂੰ ਇੱਕ ਸਾਲ ਤੱਕ ਦੁੱਧ ਪਿਆਉਣਾ, ਚੰਗੀ ਖੁਰਾਕ ਲੈਣਾ ਅਤੇ ਕਸਰਤ ਕਰਨਾ।

ਸਵਾਲ- ਇਸਦੇ ਲਈ ਕਿਹੜੇ ਰੈਗੂਲਰ ਟੈਸਟ ਕਰਵਾਏ ਜਾ ਸਕਦੇ ਹਨ, ਜਿਸ ਨਾਲ ਕੈਂਸਰ ਦੇ ਖ਼ਤਰੇ ਦਾ ਪਤਾ ਲਗਾਇਆ ਜਾ ਸਕੇ ?

ਜਵਾਬ- ਸਭ ਤੋਂ ਪਹਿਲਾਂ ਤਾਂ ਹਰੇਕ ਔਰਤ ਨੂੰ 20 ਸਾਲ ਦੀ ਉਮਰ ਤੋਂ ਬਾਅਦ ਮਹੀਨੇ ਵਿੱਚ ਇੱਕ ਵਾਰ ਸੈਲਫ਼ ਐਗਜ਼ਾਮੀਨੇਸ਼ਨ (ਆਪਣੇ ਆਪ ਪੜਚੋਲ) ਜ਼ਰੂਰ ਕਰਨਾ ਚਾਹੀਦਾ ਹੈ। ਉਸ ਨਾਲ ਤੁਸੀਂ ਆਪਣੇ ਸਰੀਰ ਪ੍ਰਤੀ ਜਾਗਰੂਕ ਰਹਿੰਦੇ ਹੋ ਕਿ ਇਹ ਮੇਰੀ ਆਮ ਦਿਖ ਹੈ ਅਤੇ ਜੇਕਰ ਕਿਸੇ ਵੀ ਦਿਨ ਵੱਖਰਾ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਕੋਲ ਜਾ ਕੇ ਸਲਾਹ ਲੈ ਸਕਦੇ ਹੋ।

ਦੂਜਾ ਕਲੀਨਿਕਲ ਬ੍ਰੈਸਟ ਐਗਜ਼ਾਮੀਨੇਸ਼ਨ ਦਾ ਮਤਲਬ ਹੈ ਕਿ ਤੁਸੀਂ ਸਾਲ ਦੇ ਵਿੱਚ ਇੱਕ ਵਾਰ ਜਾ ਕੇ ਡਾਕਟਰ ਕੋਲ ਆਪਣੀ ਜਾਂਚ ਕਰਵਾਓ। ਡਾਕਟਰ ਆਪਣੇ ਹੱਥ ਨਾਲ ਹੀ ਜਾਂਚ ਕਰਕੇ ਤੁਹਾਨੂੰ ਦੱਸ ਸਕਦਾ ਹੈ।

ਤੀਜਾ ਜੋ ਗੋਲਡ ਸਟੈਂਡਰਡ ਹੈ, ਉਹ ਹੈ ਮੈਮੋਗ੍ਰਾਫ਼ੀ। ਮੈਮੋਗ੍ਰਾਫ਼ੀ ਇੱਕ ਬ੍ਰੈਸਟ ਦਾ ਐਕਸ-ਰੇਅ ਹੈ, ਜਿਸ ਨਾਲ ਕੈਂਸਰ ਦੇ ਛੋਟੇ-ਛੋਟੇ ਕਣ ਵੀ ਪਤਾ ਕੀਤੇ ਜਾ ਸਕਦੇ ਹਨ। ਅਧਿਐਨ ਵੀ ਦੱਸਦੇ ਹਨ ਕਿ ਜੇਕਰ 40 ਸਾਲ ਦੀ ਉਮਰ ਤੋਂ ਬਾਅਦ ਔਰਤ ਸਾਲ ਵਿੱਚ ਇੱਕ ਵਾਰ ਮੈਮੋਗ੍ਰਾਫ਼ੀ ਕਰਵਾਉਂਦੀ ਹੈ ਤਾਂ 40 ਫ਼ੀਸਦ ਤੱਕ ਕੈਂਸਰ ਦਾ ਖ਼ਤਰਾ ਘੱਟ ਕੀਤਾ ਜਾ ਸਕਦਾ ਹੈ।

ਸੈਲਫ਼ ਐਗਜ਼ਮੀਨੇਸ਼ਨ ਦਾ ਤਰੀਕਾ ਡਾਕਟਰ ਵੱਲੋਂ ਪੌਡਕਾਸਟ ਵਿੱਚ ਦਿਖਾਇਆ ਵੀ ਗਿਆ ਹੈ, ਜਿਸ ਨੂੰ ਤੁਸੀਂ ਬੀਬੀਸੀ ਪੰਜਾਬੀ ਦੇ ਯੂ-ਟਿਊਬ ਚੈਨਲ ਉੱਤੇ ਜਾ ਕੇ ਵੇਖ ਸਕਦੇ ਹੋ।

ਡਾਕਟਰ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾ. ਰਜਿੰਦਰ ਮੁਤਾਬਕ ਭਾਰਤ ਵਿੱਚ ਬ੍ਰੈਸਟ ਕੈਂਸਰ ਦਾ ਹਰ ਤਰੀਕੇ ਦਾ ਮਾਡਰਨ ਇਲਾਜ ਉਪਲੱਬਧ ਹੈ (ਸੰਕੇਤਕ ਤਸਵੀਰ)

ਸਵਾਲ- ਜਿਨ੍ਹਾਂ ਔਰਤਾਂ ਨੇ ਕਦੇ ਬ੍ਰੈਸਟ ਫੀਡ ਨਹੀਂ ਕਰਵਾਈ, ਕੀ ਉਨ੍ਹਾਂ ਵਿੱਚ ਬ੍ਰੈਸਟ ਕੈਂਸਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ?

ਜਵਾਬ- ਬ੍ਰੈਸਟ ਫੀਡਿੰਗ ਇੱਕ ਪ੍ਰੋਟੈਕਟਿਵ ਫੈਕਟਰ ਤਾਂ ਹੈ। ਜਿਹੜੀਆਂ ਔਰਤਾਂ ਇੱਕ ਸਾਲ ਤੱਕ ਆਪਣੇ ਬੱਚੇ ਨੂੰ ਬ੍ਰੈਸਟ ਫੀਡ ਕਰਵਾਉਂਦੀਆਂ ਹਨ, ਉਨ੍ਹਾਂ ਵਿੱਚ ਬ੍ਰੈਸਟ ਕੈਂਸਰ ਦਾ ਖਤਰਾ 2 ਤੋਂ 4 ਫ਼ੀਸਦ ਘੱਟ ਹੁੰਦਾ ਹੈ। ਜਿੰਨੀ ਦੇਰ ਤੱਕ ਬੱਚੇ ਨੂੰ ਬ੍ਰੈਸਟ ਫੀਡ ਕਰਵਾਈ ਜਾਂਦੀ ਹੈ, ਓਨਾ ਹੀ ਖ਼ਤਰਾ ਘੱਟਦਾ ਹੈ।

ਉਦਾਹਰਣ ਦੇ ਤੌਰ 'ਤੇ ਜੇਕਰ ਕੋਈ ਔਰਤ ਆਪਣੇ ਬੱਚੇ ਨੂੰ 2 ਸਾਲ ਤੱਕ ਬ੍ਰੈਸਟ ਫੀਡ ਕਰਵਾਉਂਦੀ ਹੈ ਤਾਂ ਉਨ੍ਹਾਂ ਵਿੱਚ 8 ਤੋਂ 12 ਫ਼ੀਸਦ ਕੈਂਸਰ ਦਾ ਖ਼ਤਰਾ ਘੱਟਦਾ ਹੈ। ਜਦੋਂ ਬ੍ਰੈਸਟ ਫੀਡ ਕਰਵਾਉਂਦੇ ਹਾਂ ਸਾਡੇ ਸਰੀਰ ਦੇ ਹਾਰਮੋਨ ਖਾਸ ਕਰਕੇ ਈਸਟ੍ਰੋਜਨ ਘੱਟ ਐਕਟਿਵ ਹੁੰਦਾ ਹੈ।

ਹਾਰਮੋਨ ਘੱਟ ਐਕਟਿਵ ਹੋਣ ਦੇ ਨਾਲ ਬ੍ਰੈਸਟ ਸੈੱਲ ਛੇਤੀ ਮੈਚਿਓਰ ਹੋ ਜਾਂਦੇ ਹਨ, ਜਿਸ ਨਾਲ ਬ੍ਰੈਸਟ ਕੈਂਸਰ ਦਾ ਖ਼ਤਰਾ ਘੱਟ ਜਾਂਦਾ ਹੈ।

ਸਵਾਲ- ਕਿਸ ਸਟੇਜ ਤੱਕ ਬ੍ਰੈਸਟ ਕੈਂਸਰ ਦਾ ਇਲਾਜ ਸੰਭਵ ਹੈ, ਉਸ ਬਾਰੇ ਦੱਸੋ ?

ਜਵਾਬ- ਉਂਝ ਸਭ ਤੋਂ ਵਧੀਆ ਇਲਾਜ ਸਟੇਜ-1 ਅਤੇ ਸਟੇਜ-2 ਦਾ ਹੈ। ਇਸ ਵਿੱਚ 90 ਤੋਂ 95 ਫ਼ੀਸਦ ਤੱਕ ਮਰੀਜ਼ਾਂ ਨੂੰ ਬਚਾਇਆ ਜਾ ਸਕਦਾ ਹੈ। ਸ਼ੁਰੂਆਤੀ ਜੋ ਇਲਾਜ ਹੈ, ਉਸ ਵਿੱਚ ਪਹਿਲਾਂ ਸਰਜਰੀ ਕੀਤੀ ਜਾਂਦੀ ਹੈ, ਫਿਰ ਕੀਮੋਥੈਰੇਪੀ ਕਰਦੇ ਹਾਂ, ਫਿਰ ਰੇਡੀਏਸ਼ਨ ਥੈਰੇਪੀ ਕੀਤੀ ਜਾਂਦੀ ਹੈ। ਬਾਕੀ ਟਿਊਮਰ ਦੇ ਹਿਸਾਬ ਨਾਲ ਇਲਾਜ ਕੀਤਾ ਜਾਂਦਾ ਹੈ।

ਸਟੇਜ-3 ਦੇ ਕੈਂਸਰ ਨੂੰ ਲੋਕਲੀ ਐਡਵਾਂਸ ਕੈਂਸਰ ਮੰਨਿਆ ਜਾਂਦਾ ਹੈ। ਇਹੋ ਜਿਹੇ ਕੈਂਸਰ ਵਿੱਚ ਹਮੇਸ਼ਾ ਪਹਿਲਾਂ ਕੀਮੋਥੈਰੇਪੀ ਕੀਤੀ ਜਾਂਦੀ ਹੈ ਤਾਂ ਜੋ ਕੈਂਸਰ ਦੇ ਸੈੱਲ ਘੱਟ ਜਾਣ 'ਤੇ ਉਸਦਾ ਆਪ੍ਰੇਸ਼ਨ ਸੌਖੇ ਤਰੀਕੇ ਨਾਲ ਕੀਤਾ ਜਾ ਸਕੇ। ਇਸ ਤਰ੍ਹਾਂ ਬਾਕੀ ਦਾ ਇਲਾਜ ਵੀ ਸੌਖਾ ਹੋ ਜਾਂਦਾ ਹੈ ਅਤੇ ਫਿਰ ਪਹਿਲਾਂ ਸਰਜਰੀ ਕੀਤੀ ਜਾਂਦੀ ਹੈ, ਫਿਰ ਕੀਮੋਥੈਰੇਪੀ ਅਤੇ ਫਿਰ ਰੇਡੀਏਸ਼ਨ ਥੈਰੇਪੀ ਹੁੰਦੀ ਹੈ।

ਸਟੇਜ-4 ਵਿੱਚ ਕੈਂਸਰ ਸਰੀਰ ਦੇ ਬਾਕੀ ਹਿੱਸਿਆਂ ਤੱਕ ਵਧ ਜਾਂਦਾ ਹੈ। ਇਸ ਲਈ ਇਸਦਾ ਟਾਰਗੇਟ ਥੈਰੇਪੀ ਅਤੇ ਇਮੀਊਨੋਥੈਰੇਪੀ ਨਾਲ ਇਲਾਜ ਕੀਤਾ ਜਾਂਦਾ ਹੈ ਤਾਂ ਜੋ ਇੱਕ ਚੰਗਾ ਇਲਾਜ ਮਰੀਜ਼ ਨੂੰ ਮਿਲੇ ਅਤੇ ਉਹ ਇੱਕ ਲੰਬੀ ਜ਼ਿੰਦਗੀ ਜੀਅ ਸਕੇ। ਭਾਰਤ ਵਿੱਚ ਹਰ ਤਰੀਕੇ ਦਾ ਮਾਡਰਨ ਇਲਾਜ ਉਪਲੱਬਧ ਹੈ, ਜੋ ਵੱਡੇ ਮੁਲਕਾਂ ਵਿੱਚ ਹੈ।

ਡਾਕਟਰ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਟੇਜ-1 ਅਤੇ ਸਟੇਜ-2 ਬ੍ਰੈਸਟ ਕੈਂਸਰ ਵਿੱਚ 90 ਤੋਂ 95 ਫ਼ੀਸਦ ਤੱਕ ਮਰੀਜ਼ਾਂ ਨੂੰ ਬਚਾਇਆ ਜਾ ਸਕਦਾ ਹੈ: ਡਾ. ਰਜਿੰਦਰ

ਸਵਾਲ- ਕੀ ਕੈਂਸਰ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ ?

ਜਵਾਬ- ਡਾ. ਰਜਿੰਦਰ ਮੁਤਾਬਕ ਬ੍ਰੈਸਟ ਕੈਂਸਰ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ। ਉਨ੍ਹਾਂ ਨੇ ਇੱਕ ਮਰੀਜ਼ ਦੇ ਕੇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ, "ਮੇਰੇ ਕੋਲ 19 ਸਾਲ ਦੀ ਇੱਕ ਲੜਕੀ ਆਪਣੀ ਮਾਂ ਨਾਲ ਚੈੱਕਅਪ ਕਰਵਾਉਣ ਆਈ ਸੀ। ਉਸਦੇ ਪੂਰੇ ਬ੍ਰੈਸਟ ਵਿੱਚ ਟਿਊਮਰ ਸੀ ਅਤੇ ਉਸ 'ਚੋਂ ਖੂਨ ਅਤੇ ਪਾਣੀ ਨਿਕਲ ਰਿਹਾ ਸੀ। ਜਦੋਂ ਮੈਂ ਚੈੱਕ ਕੀਤਾ ਤਾਂ ਰਿਪੋਰਟਸ ਵਿੱਚ ਬ੍ਰੈਸਟ ਕੈਂਸਰ ਦੀ ਪੁਸ਼ਟੀ ਹੋਈ।"

ਡਾ. ਰਜਿੰਦਰ ਅੱਗੇ ਦੱਸਦੇ ਹਨ, "ਮੈਂ ਲੜਕੀ ਦੀ ਮਾਂ ਨੂੰ ਸਵਾਲ ਕੀਤਾ ਕਿ ਤੁਸੀਂ ਚੈੱਕਅਪ ਕਰਵਾਉਣ ਵਿੱਚ ਏਨੀ ਦੇਰ ਕਿਉਂ ਕੀਤੀ ਤਾਂ ਉਨ੍ਹਾਂ ਦਾ ਜਵਾਬ ਵੀ ਸੁਭਾਵਿਕ ਸੀ ਕਿ 'ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਸਾਡੀ 19 ਸਾਲ ਦੀ ਧੀ ਦੇ ਬ੍ਰੈਸਟ ਵਿੱਚ ਛੋਟੀ ਜਿਹੀ ਗੰਢ ਬ੍ਰੈਸਟ ਕੈਂਸਰ ਹੋ ਸਕਦੀ ਹੈ' ਅਤੇ ਪੰਜ-ਛੇ ਮਹੀਨਿਆਂ ਵਿੱਚ ਇਹ ਗੰਢ ਕੈਂਸਰ ਦਾ ਰੂਪ ਧਾਰਨ ਕਰ ਚੁੱਕੀ ਸੀ। "

ਉਨ੍ਹਾਂ ਅੱਗੇ ਕਿਹਾ, "ਜਦੋਂ ਲੜਕੀ ਚੈੱਕਅਪ ਲਈ ਆਈ ਸੀ ਤਾਂ ਕੈਂਸਰ ਉਸ ਦੇ ਸਰੀਰ ਦੇ ਬਾਕੀ ਹਿੱਸਿਆਂ ਤੱਕ ਵੀ ਫੈਲ ਚੁੱਕਿਆ ਸੀ ਅਤੇ ਪੰਜ-ਛੇ ਮਹੀਨਿਆਂ ਦੇ ਇਲਾਜ ਬਾਅਦ ਅਸੀਂ ਉਸ ਲੜਕੀ ਨੂੰ ਬਚਾ ਨਹੀਂ ਸਕੇ।"

ਸਵਾਲ- ਕੀ ਕੈਂਸਰ ਦੇ ਇਲਾਜ ਦੇ ਸਾਈਡ ਇਫੈਕਟ ਵੀ ਹਨ ?

ਜਵਾਬ- ਕੈਂਸਰ ਦੇ ਇਲਾਜ ਦਾ ਸਾਈਡ ਇਫੈਕਟ ਤਾਂ ਹੈ, ਪਰ ਇੱਕ ਵਾਰ ਇਲਾਜ ਖ਼ਤਮ ਹੋਣ ਦੇ ਨਾਲ ਸਾਈਡ ਇਫੈਕਟਸ ਵੀ ਖ਼ਤਮ ਹੋ ਜਾਂਦੇ ਹਨ। ਜਿਹੜਾ ਮੁੱਖ ਸਾਇਡ ਇਫੈਕਟ ਔਰਤਾਂ ਨੂੰ ਪ੍ਰਭਾਵਿਤ ਕਰਦਾ ਹੈ, ਉਹ ਹੈ ਵਾਲਾਂ ਦਾ ਜਾਣਾ ਭਾਵ ਗੰਜਾਪਣ ਹੋਣਾ, ਭਰਵੱਟਿਆਂ ਦੇ ਵੀ ਵਾਲ ਚਲੇ ਜਾਂਦੇ ਹਨ।

ਬ੍ਰੈਸਟ ਹਟਾਉਣੀ ਪੈਂਦੀ ਹੈ, ਮਾਨਸਿਕ ਅਤੇ ਸਰੀਰਕ ਤੌਰ 'ਤੇ ਕਾਫ਼ੀ ਬਦਲਾਅ ਆਉਂਦੇ ਹਨ। ਪਰ ਜਿਵੇਂ ਹੀ ਇਲਾਜ ਖ਼ਤਮ ਹੁੰਦਾ ਹੈ ਅਤੇ ਮਰੀਜ਼ ਠੀਕ ਹੋ ਜਾਂਦਾ ਹੈ ਤਾਂ ਸਿਰ ਅਤੇ ਭਰਵੱਟਿਆਂ ਦੇ ਵਾਲ ਮੁੜ ਆ ਜਾਂਦੇ ਹਨ। ਇੱਥੋਂ ਤੱਕ ਕਿ ਬ੍ਰੈਸਟ ਵੀ ਅਸੀਂ ਦੁਬਾਰਾ ਉਸੇ ਆਕਾਰ ਦੀ ਲਗਾ ਦਿੰਦੇ ਹਾਂ।

ਸਵਾਲ- ਕੈਂਸਰ ਦੇ ਇਲਾਜ ਲਈ ਆਯੁਰਵੇਦਿਕ ਇਲਾਜ ਕਰਵਾਉਣਾ ਕਿੰਨਾ ਸਹੀ ਹੈ ?

ਜਵਾਬ- ਆਯੁਰਵੇਦਾ ਇੱਕ ਸਪੋਰਟ ਸਿਸਟਮ ਹੈ ਪਰ ਇਹ ਕੈਂਸਰ ਦੇ ਇਲਾਜ ਦੀ ਥਾਂ ਨਹੀਂ ਲੈ ਸਕਦਾ। ਆਯੁਰਵੇਦਿਕ ਇਲਾਜ ਨਾਲ ਤੁਹਾਡੀ ਇਮਿਊਨਿਟੀ ਬਣਦੀ ਹੈ ਪਰ ਉਸ ਨਾਲ ਕੈਂਸਰ ਨਹੀਂ ਠੀਕ ਹੁੰਦਾ। ਇਸ ਨਾਲ ਕੈਂਸਰ ਦੇ ਲੱਛਣ ਠੀਕ ਹੋ ਸਕਦੇ ਹਨ ਪਰ ਮਰੀਜ਼ ਇਹ ਸਮਝ ਲੈਂਦੇ ਹਨ ਕਿ ਉਸ ਨਾਲ ਕੈਂਸਰ ਠੀਕ ਹੋ ਰਿਹਾ ਹੈ।

ਇਹ ਬਹੁਤ ਅਸਥਾਈ ਇਲਾਜ ਹੁੰਦਾ ਹੈ। ਕੁਝ ਸਮੇਂ ਬਾਅਦ ਜਦੋਂ ਕੈਂਸਰ ਆਪਣਾ ਰੂਪ ਧਾਰਨ ਕਰਦਾ ਹੈ ਤਾਂ ਫਿਰ ਨਤੀਜੇ ਚੰਗੇ ਨਹੀਂ ਹੁੰਦੇ।

ਬ੍ਰੈਸਟ ਕੈਂਸਰ

ਸਵਾਲ- ਬ੍ਰੈਸਟ ਕੈਂਸਰ ਦੇ ਇਲਾਜ ਨਾਲ ਮਰੀਜ਼ ਇੱਕ ਵਾਰ ਠੀਕ ਹੋ ਜਾਵੇ ਤਾਂ ਕੀ ਇਸ ਨੁੰ ਮੁੜ ਕੈਂਸਰ ਹੋ ਸਕਦਾ ਹੈ ?

ਜਵਾਬ- ਕੁਝ ਮਾਮਲਿਆਂ ਵਿੱਚ ਬ੍ਰੈਸਟ ਕੈਂਸਰ ਠੀਕ ਹੋਣ ਤੋਂ ਬਾਅਦ ਦੁਬਾਰਾ ਵੀ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਦੇ ਵਿੱਚ ਸ਼ੁਰੂਆਤੀ ਤੌਰ 'ਤੇ ਹੀ ਐਡਵਾਂਸਡ ਡਿਜ਼ੀਜ਼ ਹੋਵੇ ਜਾਂ ਜਿਨ੍ਹਾਂ ਨੇ ਰੈਗੂਲਰ ਇਸਦਾ ਇਲਾਜ ਨਾ ਕਰਵਾਇਆ ਹੋਵੇ ਅਤੇ ਵਿਚਾਲੇ ਹੀ ਛੱਡ ਦਿੱਤਾ ਹੋਵੇ, ਉਨ੍ਹਾਂ ਮਾਮਲਿਆਂ ਵਿੱਚ ਅਜਿਹੀ ਸੰਭਾਵਨਾ ਹੁੰਦੀ ਹੈ।

ਸਵਾਲ- ਪਰਿਵਾਰ ਦੀ ਕਿਸੇ ਔਰਤ ਨੂੰ ਜਦੋਂ ਬ੍ਰੈਸਟ ਕੈਂਸਰ ਹੁੰਦਾ ਹੈ, ਤਾਂ ਉਸ ਵੇਲੇ ਉਸ ਪਰਿਵਾਰ ਦੇ ਮਰਦਾਂ ਨੂੰ ਕੀ ਭੂਮਿਕਾ ਨਿਭਾਉਣੀ ਚਾਹੀਦੀ ਹੈ ?

ਜਵਾਬ- ਕੈਂਸਰ ਸਿਰਫ਼ ਔਰਤ ਦੀ ਜੰਗ ਨਹੀਂ ਹੈ, ਇਹ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਹੈ। ਇਸ ਵੇਲੇ ਉਸ ਔਰਤ ਨੂੰ ਸਭ ਤੋਂ ਵੱਧ ਇਮੋਸ਼ਨਲ ਅਤੇ ਮੈਂਟਲ ਸਪੋਰਟ ਦੀ ਲੋੜ ਹੁੰਦੀ ਹੈ।

ਇਸ ਦੌਰਾਨ ਔਰਤ ਨੂੰ ਬਹੁਤ ਡਰ ਰਹਿੰਦਾ ਹੈ ਅਤੇ ਨਕਾਰਾਤਮਕ ਵਿਚਾਰ ਆਉਂਦੇ ਹਨ। ਬਹੁਤ ਸਾਰੀਆਂ ਔਰਤਾਂ ਨੂੰ ਨੀਂਦ ਨਹੀਂ ਆਉਂਦੀ, ਭੁੱਖ ਨਹੀਂ ਲਗਦੀ, ਰੋਣ ਨੂੰ ਜੀਅ ਕਰਦਾ ਹੈ। ਸਭ ਤੋਂ ਵੱਧ ਇਸ ਵੇਲੇ ਉਸ ਨੂੰ ਇੱਕ ਇਮੋਸ਼ਨਲ ਸਪੋਰਟ ਯਾਨਿ ਭਾਵਨਾਤਮਕ ਸਾਥ ਦੀ ਲੋੜ ਹੁੰਦੀ ਹੈ। ਇਸ ਦੌਰਾਨ ਸਭ ਤੋਂ ਵੱਡਾ ਸਹਾਰਾ ਉਸਦਾ ਪਾਰਟਨਰ ਹੀ ਹੋ ਸਕਦਾ ਹੈ।

ਇਸ ਦੌਰਾਨ ਉਨ੍ਹਾਂ ਨੂੰ ਆਪਣੇ ਪਾਰਟਨਰ ਦਾ ਇੱਕ ਟ੍ਰੀਟਮੈਂਟ ਪਾਰਟਨਰ ਬਣਨਾ ਚਾਹੀਦਾ ਹੈ, ਜਦੋਂ ਵੀ ਉਸਦੀ ਅਪਾਇੰਟਮੈਂਟ ਹੋਵੇ, ਜਦੋਂ ਇਲਾਜ ਹੋਣਾ ਹੈ, ਉਸਦੇ ਨਾਲ ਜਾਓ। ਡਾਕਟਰ ਕੋਲ ਉਸ ਨੂੰ ਇਕੱਲੇ ਨਾ ਭੇਜੋ। ਉਸ ਨੂੰ ਹਰ ਵੇਲੇ ਇਹ ਮਹਿਸੂਸ ਕਰਵਾਓ ਕਿ ਮੈਂ ਤੇਰੇ ਨਾਲ ਹਾਂ।

ਸਿਹਤ ਸੀਕ੍ਰੇਟਸ ਬੀਬੀਸੀ ਪੰਜਾਬੀ ਵੱਲੋਂ ਚਲਾਇਆ ਜਾ ਰਿਹਾ ਇੱਕ ਅਜਿਹਾ ਹੈਲਥ ਪੌਡਕਾਸਟ ਹੈ, ਜਿੱਥੇ ਤੁਹਾਨੂੰ ਮਰਦਾਂ, ਔਰਤਾਂ ਤੇ ਬੱਚਿਆਂ ਦੀ ਸਿਹਤ ਨਾਲ ਜੁੜੀ ਅਹਿਮ ਜਾਣਕਾਰੀ ਮਿਲੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)