ਅਮ੍ਰਿਤਪਾਲ ਸਿੰਘ ਦੀ ਤਿੰਨ ਘੰਟੇ ਦੀ ਪੈਰੋਲ: ਦਾਦੀ ਦੇ ਸਸਕਾਰ ਮੌਕੇ ਜੁੜਿਆ ਵੱਡਾ ਇਕੱਠ, ਕੀ ਪੰਜਾਬ ਦੀ ਸਿਆਸਤ 'ਤੇ ਪਵੇਗਾ ਅਸਰ

ਤਸਵੀਰ ਸਰੋਤ, akali dal waris punjab de media team
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ 21 ਨਵੰਬਰ 2026 ਨੂੰ ਆਪਣੀ ਦਾਦੀ ਚਰਨ ਕੌਰ ਦੇ ਸਸਕਾਰ ਵਿੱਚ ਸ਼ਾਮਲ ਹੋਣ ਲਈ ਕਸਟਡੀ ਪੈਰੋਲ 'ਤੇ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ (ਅੰਮ੍ਰਿਤਸਰ) ਪਹੁੰਚੇ।
ਅਮ੍ਰਿਤਪਾਲ ਸਿੰਘ 2024 ਵਿੱਚ ਖਡੂਰ ਸਾਹਿਬ ਤੋਂ ਚੁਣੇ ਗਏ ਸੰਸਦ ਮੈਂਬਰ ਹਨ ਅਤੇ ਉਹ ਲੰਘੇ ਸਾਢੇ ਤਿੰਨ ਸਾਲਾਂ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਹਨ।
ਅੰਮ੍ਰਿਤਸਰ ਅਦਾਲਤ ਨੇ ਅਮ੍ਰਿਤਪਾਲ ਸਿੰਘ ਨੂੰ ਤਿੰਨ ਘੰਟਿਆਂ ਦੁਪਹਿਰ 12 ਤੋਂ 3 ਵਜੇ ਦੀ ਕਸਟਡੀ ਪੈਰੋਲ ਦਿੱਤੀ ਸੀ।
ਅਮ੍ਰਿਤਪਾਲ ਸਿੰਘ ਦੇ ਦਾਦੀ ਚਰਨ ਕੌਰ ਦਾ ਦੇਹਾਂਤ 8 ਨਵੰਬਰ ਨੂੰ ਹੋਇਆ ਸੀ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਅਦਾਲਤ ਵਿੱਚ ਅਮ੍ਰਿਤਪਾਲ ਨੂੰ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਦੀ ਇਜ਼ਾਜਤ ਦੇਣ ਲਈ ਅਰਜ਼ੀ ਦਿੱਤੀ ਸੀ।
ਪਹਿਲਾ ਅਦਾਲਤ ਨੇ ਉਹਨਾਂ ਨੂੰ 14 ਨਵੰਬਰ ਲਈ ਪੈਰੋਲ ਦਿੱਤੀ ਸੀ ਪਰ ਪਰਿਵਾਰ ਦੀ ਪਟੀਸ਼ਨ 'ਤੇ ਪੈਰੋਲ ਦਾ ਦਿਨ 21 ਨਵੰਬਰ ਤੈਅ ਕੀਤਾ ਗਿਆ ਸੀ।
ਇਸ ਲਈ ਅਮ੍ਰਿਤਪਾਲ ਦੀ ਦਾਦੀ ਦਾ ਸਸਕਾਰ ਸ਼ਨੀਵਾਰ ਨੂੰ ਕੀਤਾ ਗਿਆ।
ਸਸਕਾਰ ਵਿੱਚ ਸ਼ਾਮਲ ਹੋਣ ਲਈ ਅਮ੍ਰਿਤਪਾਲ ਸਿੰਘ ਨੂੰ 20 ਨਵੰਬਰ 2026 ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਸਖ਼ਤ ਸੁਰੱਖਿਆ ਹੇਠ ਦਿੱਲੀ ਲਿਆਂਦਾ ਗਿਆ ਸੀ। ਸਖ਼ਤ ਸੁਰੱਖਿਆ ਹੇਠ ਦਿੱਲੀ ਰਾਤ ਕੱਟਣ ਮਗਰੋਂ 21 ਨਵੰਬਰ 2026 ਦੀ ਸਵੇਰ ਉਹਨਾਂ ਨੂੰ ਹਵਾਈ ਜਹਾਜ਼ ਰਾਹੀਂ ਦਿੱਲੀ ਤੋਂ ਅੰਮ੍ਰਿਤਸਰ ਲਿਆਂਦਾ ਗਿਆ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਅਮ੍ਰਿਤਪਾਲ ਸਿੰਘ ਸਵੇਰੇ ਕਰੀਬ ਸਾਢੇ ਅੱਠ ਕੁ ਵਜੇ ਭਾਰੀ ਸੁਰੱਖਿਆ ਹੇਠ ਅੰਮ੍ਰਿਤਸਰ ਹਵਾਈ ਅੱਡੇ ਤੋਂ ਸੜਕ ਰਾਹੀਂ ਉਹਨਾਂ ਦੇ ਪਿੰਡ ਜੱਲੂਪੁਰ ਖੇੜਾ ਲਈ ਰਵਾਨਾ ਹੋਏ।
ਪੈਰੋਲ ਦੌਰਾਨ ਅਮ੍ਰਿਤਪਾਲ ਸਿੰਘ ਨੇ ਕੀ-ਕੀ ਕੀਤਾ?

ਅਮ੍ਰਿਤਪਾਲ ਸਿੰਘ ਦੇ ਵਕੀਲ ਹਰਜੋਤ ਸਿੰਘ ਮਾਨ ਵੱਲੋਂ ਬੀਬੀਸੀ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਦੁਪਹਿਰ 12 ਵਜੇ ਦੇ ਕਰੀਬ ਉਹ ਆਪਣੇ ਘਰ ਪਹੁੰਚੇ ਸਨ।
ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਦਿਖ ਰਿਹਾ ਹੈ ਕਿ ਜਦੋਂ ਉਹ ਘਰ ਪਹੁੰਚੇ ਤਾਂ ਅਮ੍ਰਿਤਪਾਲ ਸਿੰਘ ਨੂੰ ਕੋਈ ਹੱਥਕੜੀ ਨਹੀਂ ਲੱਗੀ ਹੋਈ ਸੀ।
ਉਹਨਾਂ ਨੇ ਚਿੱਠੇ ਰੰਗ ਦਾ ਚੋਲਾ(ਸਿੱਖ ਪਹਿਰਾਵਾ), ਪੀਲੀ (ਦਸਤਾਰ) ਪੱਗ, ਗਲੇ ਵਿੱਚ ਚਿੱਟਾ ਕੱਪੜਾ ਅਤੇ ਸ੍ਰੀ ਸਾਹਿਬ (ਅੰਮ੍ਰਿਤ ਛਕੇ ਸਿੱਖ ਦਾ ਕਕਾਰ) ਪਾਈ ਹੋਈ ਸੀ।
ਅਮ੍ਰਿਤਪਾਲ ਸਿੰਘ ਦੇ ਘਰ ਤੋਂ ਸਾਹਮਣੇ ਆਈ ਤਸਵੀਰ ਵਿੱਚ ਉਹ ਉਥੇ ਮੌਜੂਦ ਲੋਕਾਂ ਦੇ ਸਾਹਮਣੇ ਹੱਥ ਜੋੜਦੇ ਦਿਖਾਈ ਦਿੱਤੇ।
ਕੁਝ ਤਸਵੀਰਾਂ ਵਿੱਚ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਜੱਫੀ ਪਾਉਂਦੇ ਵੀ ਦਿਖਾਈ ਦਿੱਤੇ।
ਅਮ੍ਰਿਤਪਾਲ ਸਿੰਘ ਦੀ ਦਾਦੀ ਦਾ ਜਿਸ ਥਾਂ ਸਸਕਾਰ ਕੀਤਾ ਜਾਣਾ ਸੀ ਉੱਥੇ ਜਾਣ ਲਈ ਅਮ੍ਰਿਤਪਾਲ ਸਿੰਘ ਸਮੇਤ ਉਹਨਾਂ ਦਾ ਪੂਰਾ ਪਰਿਵਾਰ ਇੱਕ ਟ੍ਰੈਕਟਰ ਟਰਾਲੀ ਵਿੱਚ ਜਾਂਦਾ ਦਿਖਾਈ ਦਿੱਤਾ।
ਟ੍ਰੈਕਟਰ ਟਰਾਲੀ ਦੇ ਅੱਗੇ ਵੀ ਵੱਡੀ ਗਿਣਤੀ ਪੁਲਿਸ ਦੇ ਜਵਾਨ ਤੁਰ ਰਹੇ ਸਨ।
ਇਸ ਦੌਰਾਨ ਵੱਡੀ ਗਿਣਤੀ ਲੋਕ ਰਸਤੇ ਵਿੱਚ ਉਹਨਾਂ ਦਾ ਸਵਾਗਤ ਕਰਦੇ ਦਿੱਖ ਰਹੇ ਸਨ। ਉੱਥੇ ਮੌਜੂਦ ਸਮਰਥਕਾਂ ਨੇ ਅਮ੍ਰਿਤਪਾਲ ਸਿੰਘ 'ਤੇ ਫੁੱਲ ਵੀ ਸੁੱਟੇ।
ਅਮ੍ਰਿਤਪਾਲ ਸਿੰਘ ਪੂਰਾ ਸਮਾਂ ਪੁਲਿਸ ਹਿਰਾਸਤ ਵਿੱਚ ਰਹੇ। ਹਾਲਾਂਕਿ ਜਦੋਂ ਉਹ ਸਸਕਾਰ ਵਾਲੀ ਥਾਂ 'ਤੇ ਸਨ ਤਾਂ ਬਹੁਤ ਘੱਟ ਪੁਲਿਸ ਮੁਲਾਜ਼ਮ ਉਹਨਾਂ ਦੇ ਆਲੇ ਦੁਆਲੇ ਦਿਖਾਈ ਦਿੱਤੇ, ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਸਮਰਥਕ ਵੱਡੀ ਗਿਣਤੀ ਸਸਕਾਰ ਵਾਲੀ ਥਾਂ 'ਤੇ ਮੌਜੂਦ ਸਨ।
ਹਾਲਾਂਕਿ ਉਹਨਾਂ 'ਤੇ ਅਦਾਲਤੀ ਹੁਕਮਾਂ ਤਹਿਤ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲੱਗੀਆਂ ਹੋਈਆਂ ਸਨ।

ਤਸਵੀਰ ਸਰੋਤ, Akali Dal Waris Punjab de Media Team
ਸਸਕਾਰ ਵਾਲੀ ਥਾਂ 'ਤੇ ਪਹੁੰਚ ਕੇ ਅਮ੍ਰਿਤਪਾਲ ਸਿੰਘ ਨੇ ਆਲੇ ਦੁਆਲੇ ਖੜ੍ਹੇ ਲੋਕਾਂ ਦੇ ਵੱਡੇ ਇਕੱਠ ਸਾਹਮਣੇ ਵਾਰ-ਵਾਰ ਦੋਵੇਂ ਹੱਥ ਜੋੜੇ।
ਇਸ ਦੌਰਾਨ ਉਹਨਾਂ ਦੀ ਪਤਨੀ ਵੀ ਮੌਜੂਦ ਸੀ।
ਅਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਦੇ ਸਸਕਾਰ ਦੀਆਂ ਅੰਤਿਮ ਰਸਮਾਂ ਅਤੇ ਅਰਦਾਸ ਵਿੱਚ ਸ਼ਾਮਲ ਹੋਣ ਮਗਰੋਂ ਅਮ੍ਰਿਤਪਾਲ ਸਿੰਘ ਪਰਿਵਾਰ ਨੂੰ ਮਿਲਦੇ ਦਿਖਾਈ ਦਿੱਤੇ।
ਇਸ ਤੋਂ ਬਾਅਦ ਉਹਨਾਂ ਨੇ ਜਿਸ ਗੱਡੀ ਵਿੱਚ ਬੈਠਣਾ ਸੀ, ਉਸ ਗੱਡੀ ਦੇ ਬਾਹਰ ਖੜ੍ਹੇ ਹੋ ਕੇ ਉਹਨਾਂ ਨੂੰ ਲੋਕਾਂ ਨੂੰ ਹੱਥ ਹਿਲਾਇਆ।
ਇਸ ਮਗਰੋਂ ਉਹ ਮੁੜ ਪੁਲਿਸ ਸੁਰੱਖਿਆ ਹੇਠ ਗੱਡੀ ਵਿੱਚ ਬੈਠ ਕੇ ਪਿੰਡ ਜੱਲੂਪੁਰ ਖੇੜਾ ਤੋਂ ਚਲੇ ਗਏ।
ਇਸ ਦੌਰਾਨ ਉਹਨਾਂ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ, ਕੋਈ ਭਾਸ਼ਣ ਨਹੀਂ ਦਿੱਤਾ ਹਾਲਾਂਕਿ ਇਹਨਾਂ ਸ਼ਰਤਾਂ ਤਹਿਤ ਹੀ ਉਹਨਾਂ ਨੂੰ ਪੈਰੋਲ ਮਿਲੀ ਸੀ।
ਵੱਖ-ਵੱਖ ਹਿੱਸਿਆਂ ਤੋਂ ਅਮ੍ਰਿਤਪਾਲ ਨੂੰ ਦੇਖਣ ਆਏ ਲੋਕ

ਤਸਵੀਰ ਸਰੋਤ, Fb/Manpreet Singh Ayali
ਮੌਕੇ 'ਤੇ ਮੌਜੂਦ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਮੁਤਾਬਕ ਅਮ੍ਰਿਤਪਾਲ ਸਿੰਘ ਦੀ ਦਾਦੀ ਦੇ ਸਸਕਾਰ ਵਿੱਚ ਸ਼ਾਮਲ ਹੋਣ ਲੋਕ ਵੱਡੀ ਤਾਦਾਦ ਵਿੱਚ ਮੌਜੂਦ ਸਨ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਜੱਲੂਪੁਰ ਖੇੜਾ ਪਹੁੰਚੇ ਸਨ ਜਿਹਨਾਂ ਵਿੱਚ ਨੌਜਵਾਨ, ਬੀਬੀਆਂ ਅਤੇ ਬੱਚੇ ਵੀ ਸ਼ਾਮਲ ਸਨ।
ਕੁਝ ਲੋਕ ਸਸਕਾਰ ਵਿੱਚ ਸ਼ਾਮਲ ਹੋਣ ਲਈ ਇੱਕ ਰਾਤ ਪਹਿਲਾਂ ਹੀ ਉਹ ਜੱਲੂਪੁਰ ਖੇੜਾ ਪਹੁੰਚ ਗਏ ਸਨ।
ਉੱਥੇ ਮੌਜੂਦ ਕੁਝ ਲੋਕਾਂ ਨੇ ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਖਾਸ ਤੌਰ 'ਤੇ ਅਮ੍ਰਿਤਪਾਲ ਸਿੰਘ ਨੂੰ ਦੇਖਣ ਲਈ ਹੀ ਆਏ ਹਨ। ਹਾਲਾਂਕਿ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਅਮ੍ਰਿਤਪਾਲ ਸਿੰਘ ਲੋਕਾਂ ਨਾਲ ਕੋਈ ਗੱਲ ਨਹੀਂ ਕਰ ਸਕਦੇ।
ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਮਨਦੀਪ ਸਿੰਘ ਨੇ ਵੀ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਇਸ ਗੱਲ ਦਾ ਦੁੱਖ ਜ਼ਾਹਰ ਕੀਤਾ।
ਉਹਨਾਂ ਕਿਹਾ, "ਅਮ੍ਰਿਤਪਾਲ ਸਿੰਘ ਮੌਜੂਦਾ ਸੰਸਦ ਮੈਂਬਰ ਹਨ, ਅਸੀਂ ਅਦਾਲਤ ਦੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕੀਤੀ ਹੈ ਪਰ ਸਾਨੂੰ ਦੁੱਖ ਹੈ ਕਿ ਐੱਮਪੀ ਹੋਣ ਦੇ ਨਾਤੇ ਵੀ ਉਹ ਆਪਣੇ ਲੋਕਾਂ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ, ਮੀਡੀਆ ਨਾਲ ਕੋਈ ਗੱਲ ਨਹੀਂ ਕਰ ਸਕਦੇ।"
ਪ੍ਰੋਗਰਾਮ ਲਈ ਲੋਕਾਂ ਅਤੇ ਜਥੇਬੰਦੀ ਨੇ ਕੀਤਾ ਪ੍ਰਬੰਧ

ਤਸਵੀਰ ਸਰੋਤ, Fb/manpreet Singh Ayali
ਮੁੱਲਾਂਪੁਰ ਦਾਖਾ ਤੋਂ ਵਿਧਾਇਕ ਅਤੇ 'ਵਾਰਿਸ ਪੰਜਾਬ ਦੇ' ਦੇ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਚਰਨ ਕੌਰ ਦੇ ਸਸਕਾਰ ਮੌਕੇ ਲੋਕਾਂ ਦੇ ਇਕੱਠ ਨੂੰ ਸੰਭਾਲਣ ਦਾ ਸਾਰਾ ਪ੍ਰਬੰਧ ਜੱਲੂਪਰ ਖੇੜਾ ਪਿੰਡ ਦੇ ਲੋਕਾਂ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਕੀਤਾ ਗਿਆ ਸੀ।
ਮਨਪ੍ਰੀਤ ਇਆਲੀ ਮੁਤਾਬਕ ਪ੍ਰੋਗਰਾਮ ਲਈ ਕਈ ਕਿਸਾਨਾਂ ਨੇ ਆਪਣੀ ਜ਼ਮੀਨ ਦਿੱਤੀ ਜਿਸ 'ਤੇ ਕਣਕ ਅਤੇ ਮਟਰ ਦੀ ਫਸਲ ਬੀਜੀ ਹੋਈ ਸੀ। ਕਈ ਥਾਵਾਂ 'ਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਸਨ।
ਪੂਰਾ ਘਟਨਾਕ੍ਰਮ ਖਤਮ ਹੋਣ ਮਗਰੋਂ ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਮੁਤਾਬਕ ਉਹਨਾਂ ਨਾਲ ਗੱਲ ਕਰਦਿਆਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਅਮ੍ਰਿਤਪਾਲ ਸਿੰਘ ਦਾ ਪੈਰੋਲ ’ਤੇ ਜੇਲ ਤੋਂ ਬਾਹਰ ਆਉਣਾ ਅਤੇ ਆਪਣੇ ਪਿੰਡ ਪਹੁੰਚਣਾ ਜਥੇਬੰਦੀ ਲਈ ਆਕਸੀਜ਼ਨ ਦਾ ਕੰਮ ਕਰੇਗਾ।
ਇਸ ਪੂਰੇ ਘਟਨਾਕ੍ਰਮ ਦਾ ਪੰਜਾਬ ਵਿੱਚ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਕੋਈ ਅਸਰ ਪੈ ਸਕਦਾ ਹੈ ਇਸਨੂੰ ਸਿਆਸੀ ਮਾਹਰ ਕਿਵੇਂ ਦੇਖਦੇ ਹਨ ਇਸ ਬਾਰੇ ਅਸੀਂ ਕੁਝ ਸਿਆਸੀ ਮਾਹਰਾਂ ਨਾਲ ਗੱਲ ਕੀਤੀ।
ਸਾਬਕਾ ਅਸਿਸਟੈਂਟ ਪ੍ਰੋਫੈਸਰ ਜਤਿੰਦਰ ਸਿੰਘ ਕਹਿੰਦੇ ਹਨ ਕਿ ਜ਼ਰੂਰੀ ਨਹੀਂ ਲੋਕਾਂ ਦਾ ਇਕੱਠ ਵੋਟਾਂ ਵਿੱਚ ਬਦਲ ਜਾਵੇ। ਪਰ ਉਹ ਇਹ ਵੀ ਮੰਨਦੇ ਹਨ ਕਿ ਇਸ ਫੇਰੀ ਦੇ ਸਿਆਸੀ ਮਾਅਨਿਆਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।
ਜਤਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਰਾਜਨੀਤੀ ਦੇ ਸਾਬਕਾ ਅਸਿਸਟੈਂਟ ਪ੍ਰੋਫੈਸਰ ਰਹੇ ਚੁੱਕੇ ਹਨ।
ਉਹ ਕਹਿੰਦੇ ਹਨ, "ਵਾਰਿਸ ਪੰਜਾਬ ਦੇ ਜਥੇਬੰਦੀ ਦੇ ਤੌਰ 'ਤੇ ਦੇਖੀਏ ਤਾਂ ਉਹਨਾਂ ਦੇ ਆਗੂ ਚਾਹੁਣਗੇ ਕਿ ਲੋਕਾਂ ਦੇ ਇਕੱਠ ਨੂੰ ਵੋਟਾਂ ਵਿੱਚ ਕਿਵੇਂ ਬਦਲਿਆ ਜਾਵੇ। ਦੂਜੀਆਂ ਸਿਆਸੀ ਪਾਰਟੀਆਂ ਦੀ ਵੀ ਇਸ ਇਕੱਠ 'ਤੇ ਨਜ਼ਰ ਰਹੀ ਹੋਵੇਗੀ। ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਲੋਕਾਂ ਦੇ ਇਕੱਠ ਵੋਟਾਂ ਵਿੱਚ ਬਦਲ ਜਾਣ। ਇਸ ਲਈ ਇਸ ਇਕੱਠ ਨਾਲ ਵਾਰਿਸ ਪੰਜਾਬ ਦੇ ਜਥੇਬੰਦੀ ਆਪਣੀ ਸਿਆਸੀ ਤਾਕਤ ਦਾ ਪ੍ਰਗਟਾਵਾ ਕਰਨ ਦਾ ਦਾਅਵਾ ਕਰ ਸਕਦੀ ਹੈ ਪਰ ਪੰਜਾਬ ਦੇ ਲੋਕਾਂ ਦੇ ਮਨ 'ਚ ਕੀ ਹੈ ਇਹ ਨਹੀਂ ਬੁਝਿਆ ਜਾ ਸਕਦਾ।'

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਰਾਜਨੀਤੀ ਦੇ ਪ੍ਰੋਫੈਸਰ ਡਾ. ਸਤਨਾਮ ਸਿੰਘ ਦਿਓਲ ਵੀ ਇਸ ਗੱਲ ਨਾਲ ਹਾਮੀ ਭਰਦੇ ਹਨ।
ਉਹ ਵੀ ਮੰਨਦੇ ਹਨ ਕਿ ਅਮ੍ਰਿਤਪਾਲ ਸਿੰਘ ਦੇ ਆਪਣੇ ਪਿੰਡ ਆਉਣ, ਲੋਕਾਂ ਦੇ ਇਕੱਠ ਵਿੱਚ ਸ਼ਾਮਲ ਹੋਣ ਨਾਲ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਤੇ ਉਸਦੇ ਆਗੂਆਂ ਨੂੰ ਅੰਦਰੂਨੀ ਮਜਬੂਤੀ ਮਿਲ ਸਕਦੀ ਹੈ ਪਰ ਇਸਦਾ ਮਤਲਬ ਇਹ ਨਹੀਂ ਸਮਝਿਆ ਜਾਣਾ ਚਾਹੀਦਾ ਕਿ ਵਾਰਿਸ ਪੰਜਾਬ ਦੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੋਈ ਵੱਡਾ ਉਲਟ ਫੇਰ ਕਰਨ ਵਿੱਚ ਕਾਮਯਾਬ ਹੋ ਸਕੇਗੀ।
ਉਹ ਕਹਿੰਦੇ ਹਨ, "ਅਮ੍ਰਿਤਪਾਲ ਸਿੰਘ ਨੂੰ ਦੇਖਣ ਆਏ ਲੋਕਾਂ ਵਿੱਚ ਬਹੁ ਗਿਣਤੀ ਨੌਜਵਾਨ ਸਨ। ਇਹ ਇਕੱਠ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਵੋਟ ਪ੍ਰਤੀਸ਼ਤ ਕੁਝ ਹੱਦ ਤੱਕ ਵਧਾ ਸਕਦੇ ਹਨ ਪਰ ਜਥੇਬੰਦੀ ਇਸ ਨਾਲ ਵੱਡੀਆਂ ਰਾਜਨੀਤਿਕ ਪਾਰਟੀਆਂ ਨੂੰ ਟੱਕਰ ਦੇ ਦਵੇਗੀ, ਇਹ ਮੰਨਣਾ ਅਜੇ ਬਹੁਤ ਕਾਹਲੀ ਹੋਵੇਗੀ। ਪਾਰਟੀ ਅੱਗੇ ਹਜੇ ਹੋਰ ਬਹੁਤ ਚੁਣੌਤੀਆਂ ਹਨ, ਜਿਵੇਂ ਰਜਿਸਟਰੇਸ਼ਨ ਇੱਕ ਵੱਡੀ ਚੁਣੌਤੀ ਹੈ। ਸਾਰੇ ਹਲਕਿਆਂ ਵਿੱਚ ਜਿੱਤ ਸਕਣ ਵਾਲੇ ਉਮੀਦਵਾਰ ਖੜ੍ਹੇ ਕਰਨਾ ਵੀ ਪਾਰਟੀ ਲਈ ਚੁਣੌਤੀ ਹੋਵੇਗੀ।"
"ਇਕੱਠਾਂ ਰਾਹੀਂ ਕੁਝ ਕਹਿਣਾ ਚਾਹੁੰਦੇ ਪੰਜਾਬ ਦੇ ਲੋਕ"

ਤਸਵੀਰ ਸਰੋਤ, Fb/Manpreet Singh Ayali
ਸਾਬਕਾ ਅਸਿਸਟੈਂਟ ਪ੍ਰੋਫੈਸਰ ਜਤਿੰਦਰ ਸਿੰਘ ਕਹਿੰਦੇ ਹਨ ਕਿ ਪੰਜਾਬ 'ਚ ਲੋਕਾਂ ਦੇ ਇਹਨਾਂ ਇਕੱਠਾਂ ਚੋਂ ਪੰਜਾਬੀਆਂ ਦੀ ਅੰਦਰੂਨੀ ਸਮਾਜਿਕ ਅਸੁਰੱਖਿਆ ਨਜ਼ਰ ਆਉਂਦੀ ਹੈ।
ਉਹ ਕਹਿੰਦੇ ਹਨ "ਪੰਜਾਬ ਦੇ ਲੋਕ ਇਹਨਾਂ ਇਕੱਠਾਂ ਜ਼ਰੀਏ ਕੁਝ ਕਹਿਣਾ ਚਾਹੁੰਦੇ ਹਨ, ਉਹ ਸਮਝਿਆ ਜਾਣਾ ਚਾਹੀਦਾ ਹੈ। ਪਰਵਿੰਦਰ ਝੋਟੇ ਸਮੇਂ ਜੋ ਇਕੱਠ ਹੋਇਆ ਤੇ ਹੋ ਅੱਜ ਹੋਇਆ ਇਹ ਇਕੱਠ ਦੱਸਦੇ ਹਨ ਕਿ ਪੰਜਾਬ ਦੇ ਲੋਕ ਆਪਣੇ ਮੁੱਦਿਆਂ ਦੇ ਹੱਲ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਨਸ਼ੇ, ਬੇਅਦਬੀ, ਬੇਰੁਜ਼ਗਾਰੀ, ਕਿਸਾਨੀ ਸੰਕਟ ਵਰਗੇ ਮੁੱਦਿਆਂ ਦਾ ਕੋਈ ਤਾ ਹੱਲ ਹੋਵੇ। ਹਾਲਾਂਕਿ ਇਸਦਾ ਮਤਲਬ ਇਹ ਨਹੀਂ ਕਿ ਉਹ ਵਾਰਿਸ ਪੰਜਾਬ ਦੇ ਤੋਂ ਉਮੀਦ ਕਰ ਰਹੇ ਹਨ ਪਰ ਇਹ ਸਾਫ ਹੈ ਕਿ ਉਹ ਬਾਕੀ ਪਾਰਟੀਆਂ ਜੋ ਵਾਅਦੇ ਕਰਕੇ ਪੂਰੇ ਨਹੀਂ ਕਰ ਸਕੀਆਂ ਉਹਨਾਂ ਤੋਂ ਹੁਣ ਉਮੀਦ ਨਹੀਂ ਰੱਖਦੇ।"
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਾਜਨੀਤੀ ਵਿਭਾਗ ਤੋਂ ਸੇਵਾ-ਮੁਤਕ ਪ੍ਰੋਫੈਸਰ ਡਾ. ਮੁਹੰਮਦ ਖਾਲਿਦ ਮੰਨਦੇ ਹਨ ਕਿ ਅਮ੍ਰਿਤਪਾਲ ਸਿੰਘ ਨੂੰ ਬਤੌਰ ਸੰਸਦ ਮੈਂਬਰ ਸਿਰਫ ਤਿੰਨ ਘੰਟੇ ਦੀ ਪੈਰੋਲ ਦਾ ਸਮਾਂ ਕਾਫੀ ਘੱਟ ਹੈ। ਉਹ ਕਹਿੰਦੇ ਹਨ ਕਿ ਹਰ ਸੰਸਦ ਮੈਂਬਰ ਨੂੰ ਆਪਣੇ ਲੋਕਾਂ ਨਾਲ ਗੱਲ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ।
ਕੀ ਅਮ੍ਰਿਤਪਾਲ ਸਿੰਘ ਦੇ ਆਉਣ ਦਾ ਪੰਜਾਬ ਦੀ ਰਾਜਨੀਤੀ 'ਤੇ ਕੋਈ ਅਸਰ ਪਵੇਗਾ ਇਸਦੇ ਜਵਾਬ ਵਿੱਚ ਡਾ. ਖਾਲਿਦ ਕਹਿੰਦੇ ਹਨ ਕਿ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਵੇਗੀ।
ਉਹ ਕਹਿੰਦੇ ਹਨ, "ਅਮ੍ਰਿਤਪਾਲ ਸਿੰਘ ਦੇ ਕੁਝ ਘੰਟਿਆਂ ਲਈ ਬਾਹਰ ਆਉਣ ਨਾਲ ਅਕਾਲੀ ਦਲ ਬਾਦਲ ਸਮੇਤ ਹੋਰ ਕਿਸੇ ਵੀ ਰਾਜਨੀਤਕ ਪਾਰਟੀ 'ਤੇ ਕੋਈ ਅਸਰ ਪਵੇਗਾ, ਇਹ ਨਹੀਂ ਕਿਹਾ ਜਾ ਸਕਦਾ। ਵਾਰਿਸ ਪੰਜਾਬ ਦੇ ਜਥੇਬੰਦੀ ਲਈ ਮਾਝੇ ਨੂੰ ਛੱਡ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਪੈਰ ਜਮਾਉਣੇ ਅਜੇ ਬਹੁਤ ਮੁਸ਼ਕਲ ਹਨ।"
'ਪੈਰੋਲ ਲਈ ਪਰਿਵਾਰ ਨੇ ਭਰੇ 10 ਲੱਖ ਰੁਪਏ'

ਅਮ੍ਰਿਤਪਾਲ ਸਿੰਘ ਦੇ ਆਉਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਅਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਨੇ ਦਾਅਵਾ ਕੀਤਾ ਕਿ ਅਮ੍ਰਿਤਪਾਲ ਸਿੰਘ ਨੂੰ ਪੈਰੋਲ ਤੇ ਲੈ ਕੇ ਆਉਣ ਲਈ ਪਰਿਵਾਰ ਨੂੰ 10 ਲੱਖ ਰੁਪਏ ਭਰਨੇ ਪਏ।
ਅਦਾਲਤ ਦੀਆਂ ਸ਼ਰਤਾਂ ਮੁਤਾਬਕ ਅਮ੍ਰਿਤਪਾਲ ਸਿੰਘ ਦੇ ਅਸਾਮ ਤੋਂ ਪੰਜਾਬ ਆਉਣ ਦਾ ਸਾਰਾ ਖਰਚਾ ਪਰਿਵਾਰ ਵੱਲੋਂ ਹੀ ਕੀਤਾ ਗਿਆ ਸੀ।
ਅਮ੍ਰਿਤਪਾਲ ਸਿੰਘ ਲੰਘੇ ਸਾਢੇ ਤਿੰਨ ਸਾਲਾਂ 'ਚ ਦੂਸਰੀ ਵਾਰ ਜੇਲ੍ਹ ਤੋਂ ਬਾਹਰ ਆਏ ਹਨ।
ਇਸ ਤੋਂ ਪਹਿਲਾਂ ਅਮ੍ਰਿਤਪਾਲ ਸਿੰਘ 5 ਜੁਲਾਈ 2024 ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਲਈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲਿਜਾਇਆ ਗਿਆ ਸੀ।
ਹਾਲਾਂਕਿ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਲੋਕ ਸਭਾ ਮੈਂਬਰ ਚੁਣੇ ਜਾਣ ਮਗਰੋਂ ਉਹ ਇੱਕ ਦਿਨ ਵੀ ਸੰਸਦ ਦੇ ਸੈਸ਼ਨਾਂ ਵਿੱਚ ਹਿੱਸਾ ਨਹੀਂ ਲੈ ਸਕੇ।
ਕੌਣ ਹਨ ਅਮ੍ਰਿਤਪਾਲ ਸਿੰਘ?

ਅਮ੍ਰਿਤਪਾਲ ਸਿੰਘ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ ਬਕਾਲਾ ਤਹਿਸੀਲ ਵਿਚ ਸਥਿਤ ਜੱਲੂਪੁਰ ਖੇੜਾ ਪਿੰਡ ਦੇ ਰਹਿਣ ਵਾਲੇ ਹਨ। ਉਹ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ।
ਉਹ 2012 ਵਿੱਚ ਆਪਣੇ ਪਰਿਵਾਰ ਦੇ ਟਰਾਂਸਪੋਰਟ ਕਾਰੋਬਾਰ ਵਿੱਚ ਸ਼ਾਮਲ ਹੋਣ ਲਈ ਦੁਬਈ ਗਏ ਸਨ।
29 ਸਤੰਬਰ 2022 ਨੂੰ ਮੋਗਾ ਜ਼ਿਲ੍ਹੇ ਦੇ ਰੋਡੇ ਪਿੰਡ ਵਿਖੇ ਇੱਕ 'ਦਸਤਾਰਬੰਦੀ' ਸਮਾਗਮ ਦੌਰਾਨ ਉਹਨਾਂ ਨੂੰ 'ਵਾਰਿਸ ਪੰਜਾਬ ਦੇ' ਦੇ ਮੁਖੀ ਬਣਾਇਆ ਗਿਆ ਸੀ।
2024 ਦੀਆਂ ਲੋਕ ਸਭਾ ਚੋਣਾਂ ਵਿਚ ਉਹ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਸਨ।
23 ਫਰਵਰੀ 2023 ਨੂੰ ਅਮ੍ਰਿਤਪਾਲ ਸਿੰਘ ਨੇ ਆਪਣੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਨੂੰ ਰਿਹਾਅ ਕਰਵਾਉਣ ਦੀ ਮੰਗ ਨੂੰ ਲੈ ਕੇ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦਾ ਘਿਰਾਓ ਕਰਨ ਅਤੇ ਹਿੰਸਾ ਹਮਲਾ ਕੀਤੇ ਜਾਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਨਿਸ਼ਾਨੇ ’ਤੇ ਆ ਗਏ।
ਇਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਸਨ।
ਅਜਨਾਲਾ ਹਿੰਸਾ ਤੋਂ ਬਾਅਦ ਅਮ੍ਰਿਤਪਾਲ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ 16 ਕੇਸ ਦਰਜ ਕੀਤੇ ਗਏ ਸਨ। ਉਨ੍ਹਾਂ ਉੱਤੇ ਐੱਨਐੱਸਏ ਵੀ ਲਗਾਇਆ ਗਿਆ ਸੀ।
ਅਪ੍ਰੈਲ 2023 ਨੂੰ ਅਮ੍ਰਿਤਪਾਲ ਸਿੰਘ ਨੂੰ ਮੋਗਾ ਤੋਂ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਨੇ 18 ਮਾਰਚ, 2023 ਤੋਂ ਲੈ ਕੇ 23 ਅਪ੍ਰੈਲ, 2023 ਤੱਕ 30 ਤੋਂ ਵੱਧ ਦਿਨਾਂ ਦੀ ਗ੍ਰਿਫ਼ਤਾਰੀ ਮੁਹਿੰਮ ਚਲਾਈ ਸੀ।
ਅਮ੍ਰਿਤਪਾਲ ਸਿੰਘ ਖ਼ਿਲਾਫ਼ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਸਾਲ 2023 ਵਿੱਚ ਲਗਾਇਆ ਗਿਆ ਸੀ ਜਿਸ ਨੂੰ ਸਾਲ 2024 ਵਿੱਚ ਇੱਕ ਸਾਲ ਲਈ ਵਧਾ ਦਿੱਤਾ ਗਿਆ ਸੀ।
ਫਿਰ ਸਾਲ 2025 ਵਿੱਚ ਵੀ ਇਸ ਨੂੰ ਇੱਕ ਹੋਰ ਸਾਲ ਲਈ ਵਧਾ ਦਿੱਤਾ ਗਿਆ ਸੀ। ਹਾਲਾਂਕਿ ਸਰਕਾਰ ਨੇ ਇਸ ਸਾਲ ਐੱਨਐੱਸਏ ਦੀ ਮਿਆਦ ਮੁੱਕਣ ਤੋਂ ਬਾਅਦ ਉਸਦੀ ਮਿਆਦ ਨਹੀਂ ਵਧਾਈ।
ਪਰ ਐੱਨਐੱਸਏ ਦੀ ਮਿਆਦ ਨਾ ਵਧਣ ਦੇ ਬਾਵਜੂਦ ਅਮ੍ਰਿਤਪਾਲ ਸਿੰਘ ਨੂੰ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਰੱਖਿਆ ਗਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































