ਅਨੰਨਿਆ ਬਿਰਲਾ ਕੌਣ ਹਨ, ਜਿਨ੍ਹਾਂ ਦੀ ਕਾਰੋਬਾਰ ਤੋਂ ਬਾਲੀਵੁੱਡ ਤੱਕ ਚਰਚਾ ਹੋ ਰਹੀ ਹੈ

ਤਸਵੀਰ ਸਰੋਤ, Taylor Hill/Getty Images
ਕਾਰੋਬਾਰ, ਸੰਗੀਤ, ਫ਼ਿਲਮਾਂ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਸਰਗਰਮ ਰਹਿਣ ਵਾਲੇ ਅਨੰਨਿਆ ਬਿਰਲਾ ਇਨ੍ਹੀਂ ਦਿਨੀਂ ਚਰਚਾ ਵਿੱਚ ਹਨ।
ਦੇਸ਼ ਦੇ ਸਿਖਰਲੇ ਉਦਯੋਗਪਤੀਆਂ ਵਿੱਚੋਂ ਇੱਕ ਕੁਮਾਰ ਮੰਗਲਮ ਬਿਰਲਾ ਦੇ ਧੀ ਅਨੰਨਿਆ ਬਿਰਲਾ, ਬਿਰਲਾ ਪਰਿਵਾਰ ਦੀਆਂ ਛੇ ਪੀੜ੍ਹੀਆਂ ਵਿੱਚ ਕਾਰੋਬਾਰ ਦੀ ਦੁਨੀਆ ਵਿੱਚ ਕਦਮ ਰੱਖਣ ਵਾਲੇ ਪਹਿਲੇ ਮਹਿਲਾ ਹਨ।
ਅਨੰਨਿਆ ਨੇ ਸੰਗੀਤ ਦੀ ਦੁਨੀਆ ਵਿੱਚ ਵੀ ਆਪਣੀ ਪਛਾਣ ਬਣਾਈ ਹੈ ਅਤੇ ਹੁਣ ਬਾਲੀਵੁੱਡ ਵਿੱਚ ਵੀ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਹਨ।
ਕਰਣ ਜੌਹਰ ਦੇ ਸ਼ੋਅ 'ਕੌਫ਼ੀ ਵਿਦ ਕਰਣ' ਦੇ ਨੌਵੇਂ ਸੀਜ਼ਨ ਦੇ ਛੇਵੇਂ ਐਪੀਸੋਡ ਵਿੱਚ ਅਨੰਨਿਆ ਬਿਰਲਾ ਨੇ ਆਪਣੀ ਨਿੱਜੀ ਜ਼ਿੰਦਗੀ, ਵਿਆਹ ਦੇ ਪ੍ਰਸਤਾਵਾਂ ਅਤੇ ਕਾਰੋਬਾਰੀ ਦੁਨੀਆ ਵਿੱਚ ਪਿਤਰਸੱਤਾ ਨੂੰ ਲੈ ਕੇ ਕੁਝ ਅਜਿਹੀਆਂ ਗੱਲਾਂ ਕੀਤੀਆਂ, ਜਿਨ੍ਹਾਂ ਦੀ ਕਾਫ਼ੀ ਚਰਚਾ ਹੋ ਰਹੀ ਹੈ।
ਸ਼ੋਅ ਦੌਰਾਨ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕਦੇ ਕਿਸੇ ਹੋਰ ਵੱਡੇ ਉਦਯੋਗਪਤੀ ਪਰਿਵਾਰ ਵੱਲੋਂ ਸਿਰਫ਼ ਇਸ ਲਈ ਵਿਆਹ ਦਾ ਪ੍ਰਸਤਾਵ ਆਇਆ ਸੀ, ਕਿਉਂਕਿ ਦੋਵਾਂ ਪਰਿਵਾਰਾਂ ਦਾ ਬ੍ਰਾਂਡ ਅਤੇ ਰੁਤਬਾ ਇੱਕੋ ਜਿਹਾ ਸੀ?
ਇਸ 'ਤੇ ਅਨੰਨਿਆ ਨੇ ਦੱਸਿਆ, "ਮੈਨੂੰ ਵਿਆਹ ਦਾ ਇੱਕ ਵੱਡਾ ਪ੍ਰਸਤਾਵ ਮਿਲਿਆ ਸੀ ਅਤੇ ਇੱਕ ਹੀ ਵਿਅਕਤੀ ਵੱਲੋਂ ਕਈ ਵਾਰ ਪ੍ਰਸਤਾਵ ਆਏ ਸਨ।"

ਤਸਵੀਰ ਸਰੋਤ, Prodip Guha/Getty Images
ਜਦੋਂ ਉਨ੍ਹਾਂ ਤੋਂ ਉਸ ਵਿਅਕਤੀ ਦਾ ਨਾਮ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ।
ਕਰਣ ਜੌਹਰ ਨੇ ਇਸ 'ਤੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਹੁਣ ਇੰਟਰਨੈੱਟ ਨੂੰ ਇਸ ਬਾਰੇ ਕਿਆਸ ਲਗਾਉਣ ਦੇਣੇ ਚਾਹੀਦੇ ਹਨ।
ਅਨੰਨਿਆ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਵਾਰ-ਵਾਰ ਵਿਆਹ ਦੇ ਪ੍ਰਸਤਾਵ ਆਉਣ ਕਾਰਨ ਪਰੇਸ਼ਾਨ ਹੋ ਜਾਂਦੇ ਹਨ, ਕਿਉਂਕਿ ਇੱਕ ਵਾਰ ਇਨਕਾਰ ਕਰਨ ਤੋਂ ਬਾਅਦ ਗੱਲ ਉੱਥੇ ਹੀ ਖ਼ਤਮ ਹੋ ਜਾਣੀ ਚਾਹੀਦੀ ਹੈ।
'ਕੌਫ਼ੀ ਵਿਦ ਕਰਣ' ਵਿੱਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦਿਆਂ ਅਨੰਨਿਆ ਨੇ ਖ਼ੁਦ ਨੂੰ ਪੂਰੀ ਤਰ੍ਹਾਂ ਰੋਮਾਂਟਿਕ ਮਿਜ਼ਾਜ ਵਾਲੀ ਇਨਸਾਨ ਦੱਸਿਆ।
ਉਨ੍ਹਾਂ ਕਿਹਾ ਕਿ ਉਹ ਅਕਸਰ ਅਜਿਹੇ ਲੋਕਾਂ ਵੱਲ ਆਕਰਸ਼ਿਤ ਹੋ ਜਾਂਦੇ ਹਨ, ਜੋ ਨਾ ਤਾਂ ਉਨ੍ਹਾਂ ਲਈ ਬਣੇ ਹੁੰਦੇ ਹਨ ਅਤੇ ਨਾ ਹੀ ਉਹ ਉਨ੍ਹਾਂ ਲਈ ਬਣੀ ਹੁੰਦੀ ਹੈ।
ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਕਦੇ ਕਿਸੇ ਨਾਲ ਡੇਟ 'ਤੇ ਜਾਣ ਲਈ ਪੂਰਾ ਰੈਸਟੋਰੈਂਟ ਜਾਂ ਥਾਂ ਖਾਲੀ ਕਰਵਾਈ ਹੈ, ਤਾਂ ਉਨ੍ਹਾਂ ਨੇ ਹੱਸਦਿਆਂ 'ਹਾਂ' ਵਿੱਚ ਜਵਾਬ ਦਿੱਤਾ।
ਪਰਿਵਾਰ ਦੀਆਂ ਛੇ ਪੀੜ੍ਹੀਆਂ ਵਿੱਚ ਪਹਿਲੇ ਮਹਿਲਾ ਕਾਰੋਬਾਰੀ

ਤਸਵੀਰ ਸਰੋਤ, Raju Shinde/Hindustan Times via Getty Images
32 ਸਾਲਾ ਅਨੰਨਿਆ ਬਿਰਲਾ, ਆਦਿਤਿਆ ਬਿਰਲਾ ਗਰੁੱਪ ਦੇ ਕਾਰੋਬਾਰ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ।
ਉਨ੍ਹਾਂ ਮੁਤਾਬਕ ਉਹ ਬਿਰਲਾ ਪਰਿਵਾਰ ਦੀ ਛੇਵੀਂ ਪੀੜ੍ਹੀ ਹਨ।
ਅਨੰਨਿਆ ਬਿਰਲਾ, ਆਦਿਤਿਆ ਬਿਰਲਾ ਸਮੂਹ ਦੀਆਂ 10 ਕੰਪਨੀਆਂ ਵਿੱਚ ਡਾਇਰੈਕਟਰ ਦੀ ਭੂਮਿਕਾ ਨਿਭਾ ਰਹੇ ਹਨ।
ਉਨ੍ਹਾਂ ਨੇ 'ਸਵਤੰਤਰ ਮਾਈਕ੍ਰੋਫ਼ਿਨ ਪ੍ਰਾਈਵੇਟ ਲਿਮਟਿਡ' ਨਾਂ ਦੀ ਆਪਣੀ ਕੰਪਨੀ ਬਣਾਈ ਹੈ। ਉਹ ਇਸ ਦੇ ਚੇਅਰਪਰਸਨ ਹਨ।
ਅਨੰਨਿਆ ਬਿਰਲਾ ਦੀਆਂ ਪਰਿਵਾਰਕ ਜੜ੍ਹਾਂ ਉਦਯੋਗਪਤੀ ਅਤੇ ਆਜ਼ਾਦੀ ਅੰਦੋਲਨ ਦੇ ਸਮਰਥਕ ਘਨਸ਼ਿਆਮ ਦਾਸ (ਜੀਡੀ) ਬਿਰਲਾ ਤੱਕ ਜਾਂਦੀਆਂ ਹਨ।
ਇੱਕ ਇੰਟਰਵਿਊ ਵਿੱਚ ਅਨੰਨਿਆ ਨੇ ਆਪਣੇ ਪਰਿਵਾਰ ਵਿੱਚ ਮਹਿਲਾਵਾਂ ਦੀ ਕਾਰੋਬਾਰੀ ਭੂਮਿਕਾ ਬਾਰੇ ਦੱਸਿਆ, "ਮੈਂ ਆਪਣੇ ਪਰਿਵਾਰ ਦੀ ਛੇਵੀਂ ਪੀੜ੍ਹੀ ਵਿੱਚੋਂ ਹਾਂ। ਮੇਰੀ ਦਾਦੀ ਨੇ ਵੀ 45-50 ਸਾਲ ਦੀ ਉਮਰ ਵਿੱਚ ਸੀਐੱਸਆਰ (ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ) ਦਾ ਕੰਮ ਸ਼ੁਰੂ ਕੀਤਾ ਸੀ। ਮੈਂ ਪਰਿਵਾਰ ਦੀ ਪਹਿਲੀ ਮਹਿਲਾ ਹਾਂ, ਜੋ ਫੁਲ-ਟਾਈਮ ਕੰਮ ਕਰ ਰਹੀ ਹਾਂ।''
ਸੰਗੀਤ ਨਾਲ ਛੱਡਣਾ ਪਿਆ ਪਿਆਰ

ਕਾਰੋਬਾਰ ਤੋਂ ਇਲਾਵਾ ਅਨੰਨਿਆ ਦੀ ਇੱਕ ਹੋਰ ਪਛਾਣ ਸੰਗੀਤ ਦੀ ਦੁਨੀਆ ਨਾਲ ਵੀ ਜੁੜੀ ਰਹੀ ਹੈ। ਉਨ੍ਹਾਂ ਨੇ 2016 ਵਿੱਚ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਹਾਲਾਂਕਿ, ਮਈ 2024 ਵਿੱਚ ਉਨ੍ਹਾਂ ਨੇ ਸੰਗੀਤ ਦੀ ਦੁਨੀਆ ਤੋਂ ਦੂਰੀ ਬਣਾਉਣ ਦਾ ਐਲਾਨ ਕਰ ਦਿੱਤਾ।
ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਉਨ੍ਹਾਂ ਨੇ ਲਿਖਿਆ, "ਦੋ ਕਾਰੋਬਾਰਾਂ ਅਤੇ ਸੰਗੀਤ ਨੂੰ ਇੱਕੋ ਸਮੇਂ ਸੰਭਾਲਣਾ ਮੇਰੇ ਲਈ ਮੁਸ਼ਕਿਲ ਹੋ ਰਿਹਾ ਹੈ। ਹੁਣ ਮੈਂ ਆਪਣਾ ਪੂਰਾ ਧਿਆਨ ਕਾਰੋਬਾਰ 'ਤੇ ਲਗਾਉਣਾ ਚਾਹੁੰਦੀ ਹਾਂ। ਮੇਰੇ ਸੰਗੀਤ ਨੂੰ ਪਿਆਰ ਦੇਣ ਲਈ ਸਾਰਿਆਂ ਦਾ ਧੰਨਵਾਦ।"
ਸੰਗੀਤ ਤੋਂ ਦੂਰੀ ਬਣਾਉਣ ਦੇ ਬਾਵਜੂਦ ਅਨੰਨਿਆ ਨੇ ਮਨੋਰੰਜਨ ਜਗਤ ਵਿੱਚ ਆਪਣੀ ਮੌਜੂਦਗੀ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਹੈ।
ਇਸੇ ਸਾਲ ਫਰਵਰੀ ਵਿੱਚ ਉਨ੍ਹਾਂ ਨੇ ਬਿਰਲਾ ਸਟੂਡੀਓਜ਼ ਦੀ ਸ਼ੁਰੂਆਤ ਕੀਤੀ। ਉਹ ਇਸ ਦੇ ਸੰਸਥਾਪਕ ਅਤੇ ਚੇਅਰਪਰਸਨ ਵੀ ਹਨ।
'ਇੰਡੀਅਨ ਐਕਸਪ੍ਰੈੱਸ' ਦੀ ਰਿਪੋਰਟ ਮੁਤਾਬਕ, ਅਨੰਨਿਆ ਬਿਰਲਾ ਨੇ ਬਿਰਲਾ ਸਟੂਡੀਓਜ਼ ਰਾਹੀਂ ਫ਼ਿਲਮ ਨਿਰਮਾਣ ਦੇ ਖੇਤਰ ਵਿੱਚ ਕਦਮ ਰੱਖਿਆ ਹੈ।
ਉਨ੍ਹਾਂ ਨੇ ਇਮਤਿਆਜ਼ ਅਲੀ ਦੀ ਫ਼ਿਲਮ 'ਮੈਂ ਵਾਪਸ ਆਊਂਗਾ' ਨਾਲ ਨਿਰਮਾਤਾ ਵਜੋਂ ਬਾਲੀਵੁੱਡ ਵਿੱਚ ਆਪਣੀ ਪਾਰੀ ਸ਼ੁਰੂ ਕੀਤੀ, ਜਿਸ ਵਿੱਚ ਦਿਲਜੀਤ ਦੋਸਾਂਝ, ਨਸੀਰੂਦੀਨ ਸ਼ਾਹ ਅਤੇ ਸ਼ਰਵਰੀ ਵਰਗੇ ਕਲਾਕਾਰ ਹਨ।
ਹੁਣ ਉਹ ਫ਼ਿਲਮ 'ਪ੍ਰਲਯ' ਪ੍ਰੋਡਿਊਸ ਕਰ ਰਹੇ ਹਨ, ਜਿਸ ਵਿੱਚ ਅਦਾਕਾਰ ਰਣਵੀਰ ਸਿੰਘ ਹਨ ਅਤੇ ਜਿਸ ਦਾ ਨਿਰਦੇਸ਼ਨ ਜੈ ਮਹਿਤਾ ਕਰ ਰਹੇ ਹਨ।
ਅਨੰਨਿਆ ਦੀ ਯੋਜਨਾ ਹਿੰਦੀ ਤੋਂ ਇਲਾਵਾ ਗੁਜਰਾਤੀ, ਮਲਿਆਲਮ ਅਤੇ ਹੋਰ ਭਾਸ਼ਾਵਾਂ ਵਿੱਚ ਵੀ ਫ਼ਿਲਮਾਂ ਬਣਾਉਣ ਦੀ ਹੈ।
ਉਨ੍ਹਾਂ ਦਾ ਜ਼ੋਰ ਕਮਰਸ਼ੀਅਲ ਐਂਟਰਟੇਨਮੈਂਟ ਦੇ ਨਾਲ-ਨਾਲ ਨਵੇਂ ਕਲਾਕਾਰਾਂ, ਨਵੀਆਂ ਕਹਾਣੀਆਂ ਅਤੇ ਵੱਖ-ਵੱਖ ਤਰ੍ਹਾਂ ਦੇ ਸਿਨੇਮਾ ਨੂੰ ਉਤਸ਼ਾਹਿਤ ਕਰਨ 'ਤੇ ਹੈ।
ਬਿਰਲਾ ਪਰਿਵਾਰ ਦੇ ਪਹਿਲੇ ਮਹਿਲਾ ਉੱਦਮੀ ਕਿਵੇਂ ਬਣੇ?

ਤਸਵੀਰ ਸਰੋਤ, Getty Images
ਅਨੰਨਿਆ ਆਪਣੇ ਕਾਰੋਬਾਰੀ ਸਫ਼ਰ ਪਿੱਛੇ ਆਪਣੇ ਪਿਤਾ ਕੁਮਾਰ ਮੰਗਲਮ ਬਿਰਲਾ ਦੇ ਯੋਗਦਾਨ ਨੂੰ ਬਹੁਤ ਅਹਿਮ ਮੰਨਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਹੀ ਉਨ੍ਹਾਂ ਨੂੰ ਇਹ ਭਰੋਸਾ ਦਿਵਾਇਆ ਕਿ ਜੈਂਡਰ ਮਾਅਨੇ ਨਹੀਂ ਰੱਖਦਾ, ਸਗੋਂ ਕਾਬਲੀਅਤ ਮਾਅਨੇ ਰੱਖਦੀ ਹੈ।
ਇੱਕ ਇੰਟਰਵਿਊ ਵਿੱਚ ਉਨ੍ਹਾਂ ਦੇ ਪਿਤਾ ਕੁਮਾਰ ਮੰਗਲਮ ਬਿਰਲਾ ਤੋਂ ਪੁੱਛਿਆ ਗਿਆ ਕਿ ਭਾਰਤੀ ਪਰਿਵਾਰਾਂ ਵਿੱਚ ਆਮ ਤੌਰ 'ਤੇ ਵੰਸ਼ ਅਤੇ ਵਿਰਾਸਤ ਦੀ ਜ਼ਿੰਮੇਵਾਰੀ ਮਰਦਾਂ ਨੂੰ ਸੌਂਪੀ ਜਾਂਦੀ ਹੈ। ਕੀ ਉਨ੍ਹਾਂ ਨੇ ਇਸ ਪਰੰਪਰਾ ਨੂੰ ਬਦਲਣ ਦਾ ਫ਼ੈਸਲਾ ਸੋਚ-ਸਮਝ ਕੇ ਲਿਆ ਸੀ?
ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਹੁਣ ਹਰ ਥਾਂ ਇਹ ਬਦਲਾਅ ਆ ਰਿਹਾ ਹੈ। ਸਾਡੀ ਪਿਛਲੀ ਪੀੜ੍ਹੀ ਵਿੱਚ ਇਹ ਜ਼ਿੰਮੇਵਾਰੀ ਸਿਰਫ਼ ਪੁੱਤਰਾਂ ਦੀ ਮੰਨੀ ਜਾਂਦੀ ਸੀ, ਪਰ ਸਮੇਂ ਦੇ ਨਾਲ ਚੀਜ਼ਾਂ ਅਤੇ ਲੋਕਾਂ ਦੀ ਸੋਚ ਬਦਲਦੀ ਹੈ। ਮੇਰਾ ਮੰਨਣਾ ਹੈ ਕਿ ਇਹ ਅਜਿਹੀ ਪੀੜ੍ਹੀ ਹੈ, ਜੋ ਪੁੱਤਰ ਅਤੇ ਧੀ ਵਿੱਚ ਕੋਈ ਫ਼ਰਕ ਨਹੀਂ ਕਰਦੀ।"
ਇਸੇ ਗੱਲਬਾਤ ਦੌਰਾਨ ਉਨ੍ਹਾਂ ਨੇ ਅਨੰਨਿਆ ਦੇ ਬਚਪਨ ਦਾ ਇੱਕ ਕਿੱਸਾ ਵੀ ਸਾਂਝਾ ਕੀਤਾ।
ਉਨ੍ਹਾਂ ਦੱਸਿਆ, "ਅਨੰਨਿਆ ਚਾਰ-ਪੰਜ ਸਾਲ ਦੀ ਹੋਵੇਗੀ। ਮੈਂ ਸਕੂਲ ਵਿੱਚ ਉਸ ਦਾ ਫੁੱਟਬਾਲ ਮੈਚ ਦੇਖ ਰਿਹਾ ਸੀ। ਉਦੋਂ ਮੈਂ ਇੱਕ ਛੋਟੀ ਜਿਹੀ ਬੱਚੀ ਨੂੰ ਬਾਕੀ ਬੱਚਿਆਂ ਵਿਚਕਾਰੋਂ ਤੇਜ਼ੀ ਨਾਲ ਗੇਂਦ ਲੈ ਕੇ ਗੋਲ ਕਰਦਿਆਂ ਦੇਖਿਆ। ਬਾਅਦ ਵਿੱਚ ਪਤਾ ਲੱਗਾ ਕਿ ਉਹ ਅਨੰਨਿਆ ਸੀ। ਉਸ ਨੂੰ ਦੇਖ ਕੇ ਪਹਿਲੀ ਵਾਰ ਮਹਿਸੂਸ ਹੋਇਆ ਕਿ ਉਸ ਵਿੱਚ ਲੀਡਰਸ਼ਿਪ ਦੀ ਖ਼ਾਸ ਸਮਰੱਥਾ ਹੈ।"
ਉਨ੍ਹਾਂ ਅੱਗੇ ਕਿਹਾ, "ਉਹ ਸੱਚਮੁੱਚ ਇੱਕ ਬਿਹਤਰੀਨ ਲੀਡਰ ਹੈ। ਉਹ ਕਈ ਖ਼ੂਬੀਆਂ ਵਾਲੀ ਇਨਸਾਨ ਹੈ ਅਤੇ ਜੋ ਵੀ ਕੰਮ ਕਰਦੀ ਹੈ, ਉਸ ਵਿੱਚ ਆਪਣਾ 400 ਫ਼ੀਸਦੀ ਯੋਗਦਾਨ ਪਾਉਂਦੀ ਹੈ। ਮੈਨੂੰ ਲੱਗਦਾ ਹੈ ਕਿ ਅੱਜ ਦੇ ਦੌਰ ਵਿੱਚ ਧੀਆਂ ਅਤੇ ਪੁੱਤਰਾਂ ਵਿਚਕਾਰ ਕੋਈ ਫ਼ਰਕ ਨਹੀਂ ਰਹਿ ਗਿਆ ਹੈ।"
ਸੰਗੀਤ ਲਈ ਛੱਡ ਦਿੱਤਾ ਸੀ ਆਕਸਫੋਰਡ

ਤਸਵੀਰ ਸਰੋਤ, Getty Images
ਕਾਰੋਬਾਰ ਅਤੇ ਸੰਗੀਤ ਵਿਚਕਾਰ ਆਪਣਾ ਰਾਹ ਚੁਣਦਿਆਂ ਅਨੰਨਿਆ ਨੇ ਆਕਸਫੋਰਡ ਵਿੱਚ ਇਕਨਾਮਿਕਸ ਐਂਡ ਮੈਨੇਜਮੈਂਟ ਦੀ ਪੜ੍ਹਾਈ ਅੱਧ ਵਿਚਾਲੇ ਹੀ ਛੱਡ ਦਿੱਤੀ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਸੰਗੀਤ ਨੂੰ ਆਪਣਾ ਕਰੀਅਰ ਬਣਾਉਣ ਦਾ ਫ਼ੈਸਲਾ ਕੀਤਾ ਅਤੇ ਯੂਨੀਵਰਸਲ ਮਿਊਜ਼ਿਕ ਗਰੁੱਪ ਨਾਲ ਆਪਣਾ ਪਹਿਲਾ ਗੀਤ ਸਾਈਨ ਕਰਨ ਦੇ ਸਿਲਸਿਲੇ ਵਿੱਚ ਭਾਰਤ ਆ ਗਏ।
ਮਾਰਚ 2026 ਵਿੱਚ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਪੜ੍ਹਾਈ ਛੱਡਣ ਦੇ ਆਪਣੇ ਫ਼ੈਸਲੇ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ, "ਮੈਂ ਸਿੱਖਿਆ ਦੇ ਪੂਰੀ ਤਰ੍ਹਾਂ ਹੱਕ ਵਿੱਚ ਹਾਂ ਅਤੇ ਕਿਸੇ ਨੂੰ ਵੀ ਪੜ੍ਹਾਈ ਛੱਡਣ ਦੀ ਸਲਾਹ ਨਹੀਂ ਦੇਵਾਂਗੀ। ਹਰ ਕਿਸੇ ਦਾ ਆਪਣਾ ਸਫ਼ਰ ਹੁੰਦਾ ਹੈ ਅਤੇ ਸ਼ਾਇਦ ਮੇਰਾ ਸਫ਼ਰ ਅਜਿਹਾ ਹੀ ਹੋਣਾ ਸੀ।"
ਉਨ੍ਹਾਂ ਦੱਸਿਆ ਕਿ ਆਕਸਫੋਰਡ ਦੇ ਇਕਨਾਮਿਕਸ ਐਂਡ ਮੈਨੇਜਮੈਂਟ ਪ੍ਰੋਗਰਾਮ ਵਿੱਚ ਦਾਖ਼ਲਾ ਲੈਣ ਲਈ ਉਨ੍ਹਾਂ ਨੇ ਕਾਫ਼ੀ ਮਿਹਨਤ ਕੀਤੀ ਸੀ। ਪਰ ਪ੍ਰੋਗਰਾਮ ਦੇ ਦੂਜੇ ਸਾਲ ਉਨ੍ਹਾਂ ਨੂੰ ਮਾਨਸਿਕ ਸਿਹਤ ਨਾਲ ਜੁੜੀਆਂ ਕੁਝ ਸਮੱਸਿਆਵਾਂ ਹੋਣ ਲੱਗੀਆਂ।
ਉਨ੍ਹਾਂ ਨੇ ਇੰਟਰਵਿਊ ਵਿੱਚ ਦੱਸਿਆ, "ਮੈਂ ਗਿਟਾਰ ਚੁੱਕਿਆ ਅਤੇ ਆਪਣੇ ਜਜ਼ਬਾਤਾਂ ਨੂੰ ਗੀਤਾਂ ਰਾਹੀਂ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ।"
ਇੱਕ ਹੋਰ ਇੰਟਰਵਿਊ ਵਿੱਚ ਉਨ੍ਹਾਂ ਨੇ ਉਸ ਦੌਰ ਨੂੰ ਯਾਦ ਕਰਦਿਆਂ ਦੱਸਿਆ, "ਮੈਂ ਉਸ ਸਮੇਂ ਦੇ ਮਾਹੌਲ ਵਿੱਚ ਬਹੁਤ ਖ਼ੁਸ਼ ਨਹੀਂ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਮੈਂ ਕੁਝ ਹੋਰ ਕਰਨਾ ਚਾਹੁੰਦੀ ਹਾਂ। ਇਸ ਲਈ ਮੈਂ ਲਾਈਵ ਮਿਊਜ਼ਿਕ ਪਰਫ਼ਾਰਮੈਂਸ ਸ਼ੁਰੂ ਕੀਤੀਆਂ।"

ਤਸਵੀਰ ਸਰੋਤ, Getty Images
ਅਨੰਨਿਆ ਦੀ ਜ਼ਿੰਦਗੀ ਵਿੱਚ ਸੰਗੀਤ ਨੂੰ ਕਰੀਅਰ ਬਣਾਉਣ ਦਾ ਫ਼ੈਸਲਾਕੁੰਨ ਮੋੜ ਉਦੋਂ ਆਇਆ, ਜਦੋਂ ਉਨ੍ਹਾਂ ਨੇ ਪੁਰਾਣੇ ਕੱਪੜਿਆਂ ਦੀ ਇੱਕ ਦੁਕਾਨ ਵਿੱਚ ਪਰਫ਼ਾਰਮ ਕੀਤਾ।
ਉਨ੍ਹਾਂ ਦੱਸਿਆ ਕਿ ਉੱਥੇ ਲੋਕ ਉਨ੍ਹਾਂ ਦੀ ਪਰਫ਼ਾਰਮੈਂਸ ਸੁਣਨ ਦੀ ਬਜਾਏ ਖ਼ਰੀਦਦਾਰੀ ਕਰਨ ਵਿੱਚ ਰੁੱਝੇ ਹੋਏ ਸਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਉੱਥੇ ਗੀਤ ਗਾ ਕੇ ਚੰਗਾ ਲੱਗਿਆ।
ਉਨ੍ਹਾਂ ਕਿਹਾ, "ਮੈਨੂੰ ਅਹਿਸਾਸ ਹੋਇਆ ਕਿ ਸੰਗੀਤ ਮੈਨੂੰ ਖ਼ੁਸ਼ੀ ਦਿੰਦਾ ਹੈ ਅਤੇ ਮੈਂ ਇਸ ਨੂੰ ਆਪਣੀ ਪੂਰੀ ਜ਼ਿੰਦਗੀ ਕਰਨਾ ਚਾਹੁੰਦੀ ਹਾਂ।"
ਇਸ ਤਜਰਬੇ ਤੋਂ ਬਾਅਦ ਉਨ੍ਹਾਂ ਨੇ ਆਕਸਫੋਰਡ ਛੱਡਣ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਉਹ ਆਪਣੇ ਗੀਤ ਖ਼ੁਦ ਲਿਖਣ ਅਤੇ ਤਿਆਰ ਕਰਨ ਲੱਗੇ ਅਤੇ ਵੱਖ-ਵੱਖ ਥਾਵਾਂ 'ਤੇ ਆਪਣੇ ਗੀਤ ਲੈ ਕੇ ਜਾਣ ਲੱਗੇ।
ਇਸੇ ਦੌਰਾਨ ਉਨ੍ਹਾਂ ਨੇ ਆਪਣੇ ਕੁਝ ਔਰਿਜਨਲ ਗਾਣਿਆਂ ਦੇ ਡੈਮੋ ਯੂਨੀਵਰਸਲ ਮਿਊਜ਼ਿਕ ਗਰੁੱਪ ਨੂੰ ਭੇਜੇ। ਕੁਝ ਸਮੇਂ ਬਾਅਦ ਕੰਪਨੀ ਦੇ ਉਸ ਸਮੇਂ ਦੇ ਮਾਰਕੀਟਿੰਗ ਹੈੱਡ ਸੁਨੀਲ ਡਿਸੂਜ਼ਾ ਦਾ ਫ਼ੋਨ ਆਇਆ। ਉਨ੍ਹਾਂ ਨੇ ਅਨੰਨਿਆ ਨੂੰ ਮੁੰਬਈ ਆ ਕੇ ਮਿਲਣ ਲਈ ਕਿਹਾ।
2016 ਦੀ ਇਸ ਮੁਲਾਕਾਤ ਨੂੰ ਯਾਦ ਕਰਦਿਆਂ ਅਨੰਨਿਆ ਨੇ ਦੱਸਿਆ, "ਮੈਂ ਮੁੰਬਈ ਆਈ ਅਤੇ ਯੂਨੀਵਰਸਲ ਮਿਊਜ਼ਿਕ ਗਰੁੱਪ ਦੇ ਹੈੱਡ ਨੂੰ ਆਪਣਾ ਗੀਤ 'I Don't Want to Love' ਸੁਣਾਇਆ। ਇਹ ਗੀਤ ਮੈਂ ਦਿਲ ਟੁੱਟਣ ਦੇ ਦੌਰ ਵਿੱਚ ਲਿਖਿਆ ਸੀ। ਉਨ੍ਹਾਂ ਨੇ ਇਸ ਨੂੰ ਦੋ ਵਾਰ ਸੁਣਿਆ ਅਤੇ ਫਿਰ ਆਪਣੇ ਦਫ਼ਤਰ ਬੁਲਾ ਕੇ ਮੈਨੂੰ ਸਾਈਨ ਕਰਨ ਦੀ ਗੱਲ ਕਹੀ। ਇਹ ਮੇਰੇ ਲਈ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਸੀ।"
ਕੀ ਕਾਰੋਬਾਰੀ ਦੁਨੀਆ ਵਿੱਚ ਵੀ ਪਿਤਰਸੱਤਾ ਦਾ ਪ੍ਰਭਾਵ ਹੈ?

ਤਸਵੀਰ ਸਰੋਤ, Anindito Mukherjee/Bloomberg via Getty Images
'ਕੌਫ਼ੀ ਵਿਦ ਕਰਣ' ਵਿੱਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕਾਰੋਬਾਰੀ ਦੁਨੀਆ ਵਿੱਚ ਵੀ ਪਿਤਰਸੱਤਾ ਦਾ ਪ੍ਰਭਾਵ ਹੈ?
ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਸਿਸਟਮ ਅੱਜ ਵੀ ਕਾਫ਼ੀ ਹੱਦ ਤੱਕ ਪਿਤਰਸੱਤਾ ਵਾਲਾ ਹੈ।
ਉਨ੍ਹਾਂ ਦੱਸਿਆ ਕਿ ਬੋਰਡਰੂਮ ਵਿੱਚ ਉਨ੍ਹਾਂ ਨੂੰ ਇਸ ਦਾ ਅਹਿਸਾਸ ਹੁੰਦਾ ਹੈ, ਜਿੱਥੇ ਕੁਝ ਮਰਦ ਸਿਰਫ਼ ਇਸ ਲਈ ਉਨ੍ਹਾਂ ਦੀ ਗੱਲ ਨਾਲ ਸਹਿਮਤ ਹੋ ਜਾਂਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਉਹ ਕਿਸੇ ਦੀ 'ਲਾਡਲੀ ਧੀ' ਹੈ।
ਹਾਲਾਂਕਿ, ਅਨੰਨਿਆ ਨੇ ਸ਼ੋਅ ਵਿੱਚ ਦੱਸਿਆ ਕਿ ਸਮੇਂ ਦੇ ਨਾਲ ਲੋਕ ਤੁਹਾਡੀ ਕਾਬਲੀਅਤ ਨੂੰ ਸਵੀਕਾਰ ਕਰਨ ਲੱਗਦੇ ਹਨ।
ਉਨ੍ਹਾਂ ਕਿਹਾ ਕਿ ਅੰਕੜੇ ਝੂਠ ਨਹੀਂ ਬੋਲਦੇ। ਲੋਕ ਤੁਹਾਡੇ ਕੰਮ ਕਰਨ ਦੇ ਤਰੀਕੇ ਅਤੇ ਗਵਰਨੈਂਸ ਨੂੰ ਦੇਖਦੇ ਹਨ।
ਇਹ ਬਿਲਕੁਲ ਫ਼ਿਲਮਾਂ ਦੇ ਬਾਕਸ ਆਫ਼ਿਸ ਕਲੈਕਸ਼ਨ ਵਾਂਗ ਹੈ, ਜਿੱਥੇ ਅੰਕੜਿਆਂ ਸਾਹਮਣੇ ਕਿਸੇ ਕੋਲ ਵੀ ਕਹਿਣ ਲਈ ਕੁਝ ਨਹੀਂ ਹੁੰਦਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































