ਕੈਨੇਡਾ ਵਿੱਚ ਖਾਲਿਸਤਾਨੀ ਗਤੀਵਿਧੀਆਂ ਬਾਰੇ ਆਈ ਰਿਪੋਰਟ 'ਚ ਕੀ ਕਿਹਾ ਗਿਆ, ਕੀ ਸਰਕਾਰ ਦਾ ਸਟੈਂਡ ਬਦਲ ਰਿਹਾ?

ਖ਼ਾਲਿਸਤਾਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖ਼ਾਲਿਸਤਾਨੀ ਲਹਿਰ ਭਾਰਤ ਵਿੱਚ ਸਿੱਖਾਂ ਲਈ ਇੱਕ ਵੱਖਰੇ ਦੇਸ਼ ਦੀ ਮੰਗ ਕਰਦੀ ਹੈ
    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 7 ਮਿੰਟ

ਕੈਨੇਡੀਅਨ ਸਿਕਿਊਰਿਟੀ ਇੰਟੈਲੀਜੈਂਸ ਸਰਵਿਸ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ 'ਕੈਨੇਡਾ ਅਧਾਰਿਤ ਖ਼ਾਲਿਸਤਾਨੀ ਗਰੁੱਪਾਂ ਦੀਆਂ ਹਿੰਸਕ ਅੱਤਵਾਦੀ ਗਤੀਵਿਧੀਆਂ ਵਿੱਚ ਜਾਰੀ ਸ਼ਮੂਲੀਅਤ ਕੈਨੇਡਾ ਅਤੇ ਕੈਨੇਡਾ ਦੇ ਲੋਕਾਂ ਦੇ ਹਿੱਤਾਂ ਲਈ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਬਣੀ ਹੋਈ ਹੈ।'

ਕੈਨੇਡੀਅਨ ਸਿਕਿਊਰਿਟੀ ਇੰਟੈਲੀਜੈਂਸ ਸਰਵਿਸ ਦੀ 2025 ਦੀ ਇਹ ਰਿਪੋਰਟ ਪਾਰਲੀਮੈਂਟ ਵਿੱਚ ਰੱਖੀ ਗਈ ਸੀ ਅਤੇ 1 ਮਈ, 2026 ਨੂੰ ਛਪੀ ਹੈ।

ਹਾਲਾਂਕਿ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ '2025 ਵਿੱਚ ਕੈਨੇਡਾ ਅਧਾਰਿਤ ਖ਼ਾਲਿਸਤਾਨੀ ਅੱਤਵਾਦੀ ਗਰੁੱਪਾਂ ਨਾਲ ਸਬੰਧਤ ਕੋਈ ਹਮਲਾ ਨਹੀਂ ਹੋਇਆ।'

ਖ਼ਾਲਿਸਤਾਨੀ ਲਹਿਰ ਭਾਰਤ ਵਿੱਚ ਸਿੱਖਾਂ ਲਈ ਇੱਕ ਵੱਖਰੇ ਦੇਸ਼ ਦੀ ਮੰਗ ਕਰਦੀ ਹੈ। ਇਹ ਲਹਿਰ 1980 ਦੇ ਦਹਾਕੇ ਵਿੱਚ ਪੰਜਾਬ ਅੰਦਰ ਆਪਣੇ ਸਿਖਰ 'ਤੇ ਸੀ।

2021 ਦੀ ਮਰਦਮਸ਼ੁਮਾਰੀ ਅਨੁਸਾਰ, ਕੈਨੇਡਾ ਵਿੱਚ 7,71,790 ਲੋਕਾਂ ਨੇ ਆਪਣੇ ਆਪ ਨੂੰ ਸਿੱਖ ਧਰਮ ਨਾਲ ਸਬੰਧਤ ਦੱਸਿਆ ਸੀ। ਸਿੱਖ ਕੈਨੇਡਾ ਦੇ ਹਰ ਸੂਬੇ ਅਤੇ ਖੇਤਰ ਵਿੱਚ ਵੱਸਦੇ ਸਨ।

ਇਸ ਦੇ ਨਾਲ ਹੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 'ਸਾਲ 2025 ਵਿੱਚ, ਕੈਨੇਡਾ ਖ਼ਿਲਾਫ਼ ਵਿਦੇਸ਼ੀ ਦਖ਼ਲਅੰਦਾਜ਼ੀ ਅਤੇ ਜਾਸੂਸੀ ਕਰਨ ਵਾਲੇ ਮੁੱਖ ਦੇਸ਼ ਚੀਨ, ਭਾਰਤ, ਰੂਸੀ ਫੈੱਡਰੇਸ਼ਨ, ਈਰਾਨ ਅਤੇ ਪਾਕਿਸਤਾਨ ਰਹੇ ਹਨ।' ਹਾਲਾਂਕਿ ਭਾਰਤ ਹਮੇਸ਼ਾ ਅਜਿਹੀ ਗੱਲ ਤੋਂ ਇਨਕਾਰ ਕਰਦਾ ਆਇਆ ਹੈ।

ਖ਼ਾਲਿਸਤਾਨੀ ਗਤੀਵਿਧੀਆਂ ਬਾਰੇ ਹੋਰ ਕੀ ਕਿਹਾ ਗਿਆ

ਖ਼ਾਲਿਸਤਾਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡੀਅਨ ਸਿਕਿਊਰਿਟੀ ਇੰਟੈਲੀਜੈਂਸ ਸਰਵਿਸ ਦੀ 2025 ਦੀ ਇਹ ਰਿਪੋਰਟ ਪਾਰਲੀਮੈਂਟ ਵਿੱਚ ਰੱਖੀ ਗਈ ਸੀ ਅਤੇ 1 ਮਈ, 2026 ਨੂੰ ਛਪੀ ਹੈ

ਭਾਵੇਂ ਕਿ ਇੰਟੈਲੀਜੈਂਸ ਸਰਵਿਸ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 'ਕੈਨੇਡਾ ਵਿੱਚ ਖ਼ਾਲਿਸਤਾਨੀ ਵੱਖਵਾਦ ਦੇ ਹੱਕ ਵਿੱਚ ਵਕਾਲਤ ਕਰਨਾ ਇੱਕ ਕਾਨੂੰਨੀ ਸਿਆਸੀ ਗਤੀਵਿਧੀ ਹੈ' ਪਰ ਨਾਲ ਹੀ ਦਾਅਵਾ ਕੀਤਾ ਗਿਆ ਹੈ ਕਿ 'ਪੋਲਿਟਿਕਲੀ ਮੋਟੀਵੇਟਿਡ ਵਾਇਲੈਂਟ ਐਕਸਟ੍ਰੀਮਿਜ਼ਮ' (ਸਿਆਸੀ ਤੌਰ 'ਤੇ ਪ੍ਰੇਰਿਤ ਹਿੰਸਕ ਕੱਟੜਵਾਦ) ਹਿੰਸਾ ਦੇ ਇਸਤੇਮਾਲ ਨੂੰ ਉਤਸ਼ਾਹਿਤ ਕਰਦਾ ਹੈ।

ਰਿਪੋਰਟ ਮੁਤਾਬਕ, "ਪੀਐੱਮਵੀਈ ਨਾਲ ਸਬੰਧਤ ਤੱਤ ਨਵੀਆਂ ਸਿਆਸੀ ਪ੍ਰਣਾਲੀਆਂ ਜਾਂ ਇਕਾਈਆਂ ਕਾਇਮ ਕਰਨ ਲਈ ਵਿਸ਼ਵ ਪੱਧਰ 'ਤੇ ਹਮਲਿਆਂ ਦੀ ਯੋਜਨਾ ਬਣਾਉਣ, ਵਿੱਤੀ ਸਹਾਇਤਾ ਦੇਣ ਅਤੇ ਉਨ੍ਹਾਂ ਨੂੰ ਅੰਜਾਮ ਤੱਕ ਪਹੁੰਚਾਉਣ ਵਿੱਚ ਸ਼ਾਮਲ ਹੁੰਦੇ ਹਨ।"

ਰਿਪੋਰਟ ਵਿੱਚ ਕਿਹਾ ਗਿਆ ਹੈ, "ਪਿਛਲੇ ਸਾਲ ਏਅਰ ਇੰਡੀਆ ਫਲਾਈਟ-182 ਦੇ ਬੰਬ ਧਮਾਕੇ ਦੀ 40ਵੀਂ ਵਰ੍ਹੇਗੰਢ ਸੀ, ਜਿਸ ਦੇ ਸ਼ੱਕੀ ਕੈਨੇਡਾ-ਅਧਾਰਿਤ ਖ਼ਾਲਿਸਤਾਨੀ ਅੱਤਵਾਦੀ (ਸੀਬੀਕੇਈ) ਗਰੁੱਪਾਂ ਦੇ ਮੈਂਬਰ ਸਨ। ਇਹ ਅੱਜ ਤੱਕ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਘਾਤਕ ਹਮਲਾ ਮੰਨਿਆ ਜਾਂਦਾ ਹੈ, ਜਿਸ ਵਿੱਚ 329 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੈਨੇਡੀਅਨ ਸਨ।"

ਖ਼ਾਲਿਸਤਾਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2021 ਦੀ ਮਰਦਮਸ਼ੁਮਾਰੀ ਅਨੁਸਾਰ, ਕੈਨੇਡਾ ਵਿੱਚ 7,71,790 ਲੋਕਾਂ ਨੇ ਆਪਣੇ ਆਪ ਨੂੰ ਸਿੱਖ ਧਰਮ ਨਾਲ ਸਬੰਧਤ ਦੱਸਿਆ ਸੀ

ਇੰਟੈਲੀਜੈਂਸ ਸਰਵਿਸ ਦੀ ਰਿਪੋਰਟ ਕਹਿੰਦੀ ਹੈ, "ਕੁਝ ਕੈਨੇਡਾ-ਅਧਾਰਿਤ ਖ਼ਾਲਿਸਤਾਨੀ ਅੱਤਵਾਦੀ ਅਜਿਹੇ ਕੈਨੇਡੀਅਨ ਨਾਗਰਿਕਾਂ ਨਾਲ ਗਹਿਰੇ ਤੌਰ 'ਤੇ ਜੁੜੇ ਹੋਏ ਹਨ ਜੋ ਆਪਣਾ ਹਿੰਸਕ ਅੱਤਵਾਦੀ ਏਜੰਡਾ ਅੱਗੇ ਵਧਾਉਣ ਲਈ ਕੈਨੇਡੀਅਨ ਸੰਸਥਾਵਾਂ ਦਾ ਇਸਤੇਮਾਲ ਕਰਦੇ ਹਨ। ਉਹ ਭਾਈਚਾਰੇ ਦੇ ਬੇਖ਼ਬਰ ਮੈਂਬਰਾਂ ਤੋਂ ਫੰਡ ਇਕੱਠੇ ਕਰਦੇ ਹਨ, ਜਿਨ੍ਹਾਂ ਨੂੰ ਫਿਰ ਹਿੰਸਕ ਗਤੀਵਿਧੀਆਂ ਵੱਲ ਮੋੜ ਦਿੱਤਾ ਜਾਂਦਾ ਹੈ।"

"ਕੁਝ ਕੈਨੇਡੀਅਨ ਖ਼ਾਲਿਸਤਾਨੀ ਵੱਖਵਾਦੀ ਲਹਿਰ ਦਾ ਸਮਰਥਨ ਕਰਨ ਲਈ ਜਾਇਜ਼ ਅਤੇ ਸ਼ਾਂਤੀਪੂਰਨ ਮੁਹਿੰਮ ਵਿੱਚ ਹਿੱਸਾ ਲੈਂਦੇ ਹਨ। ਖ਼ਾਲਿਸਤਾਨ ਦੀ ਸਿਰਜਣਾ ਲਈ ਅਹਿੰਸਕ ਵਕਾਲਤ ਨੂੰ ਕੱਟੜਪੰਥੀ ਨਹੀਂ ਮੰਨਿਆ ਜਾਂਦਾ। ਸਿਰਫ਼ ਕੁਝ ਵਿਅਕਤੀਆਂ ਦੇ ਸਮੂਹ ਨੂੰ ਖ਼ਾਲਿਸਤਾਨੀ ਕੱਟੜਪੰਥੀ ਮੰਨਿਆ ਜਾਂਦਾ ਹੈ ਜੋ ਮੁੱਖ ਤੌਰ 'ਤੇ ਭਾਰਤ ਵਿੱਚ ਹਿੰਸਾ ਨੂੰ ਉਤਸ਼ਾਹਿਤ ਕਰਨ, ਫੰਡ ਇਕੱਠਾ ਕਰਨ ਜਾਂ ਯੋਜਨਾ ਬਣਾਉਣ ਲਈ ਕੈਨੇਡਾ ਨੂੰ ਅਧਾਰ ਵਜੋਂ ਵਰਤਦੇ ਹਨ।"

ਸੀਐੱਸਆਈਐੱਸ ਨੇ ਉੱਭਰ ਰਹੇ ਖ਼ਤਰਿਆਂ ਦੀ ਨਿਗਰਾਨੀ ਰੱਖੀ ਹੋਈ ਹੈ ਅਤੇ ਅੱਤਵਾਦੀਆਂ ਦੀ ਸੂਚੀ ਨੂੰ ਤਿਆਰ ਕਰਦੀ ਹੈ। ਇਸ ਰਿਪੋਰਟ ਵਿੱਚ ਬਿਸ਼ਨੋਈ ਗੈਂਗ ਦਾ ਵੀ ਜ਼ਿਕਰ ਹੈ।

ਰਿਪੋਰਟ ਮੁਤਾਬਕ, "ਸਾਲ 2025 ਵਿੱਚ 12 ਸਮੂਹਾਂ ਨੂੰ ਕ੍ਰਾਈਮ ਕੋਡ ਦੇ ਤਹਿਤ ਇੱਕ ਇਕਾਈ ਵਜੋਂ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਵਿੱਚ ਬਿਸ਼ਨੋਈ ਗੈਂਗ ਵੀ ਸ਼ਾਮਲ ਸੀ।"

ਹਾਲਾਂਕਿ ਰਿਪੋਰਟ ਵਿੱਚ ਇਹ ਵੀ ਲਿਖਿਆ ਹੈ ਕਿ, "ਭਾਰਤ ਆਪਣੀ ਘਰੇਲੂ ਸਥਿਰਤਾ ਲਈ ਕਥਿਤ ਖ਼ਤਰਿਆਂ ਦਾ ਮੁਕਾਬਲਾ ਕਰਨ ਲਈ ਕੰਮ ਕਰਦਾ ਹੈ, ਜਿਸ ਵਿੱਚ ਖ਼ਾਲਿਸਤਾਨੀ ਵੱਖਵਾਦ ਵੀ ਸ਼ਾਮਲ ਹੈ।"

ਖ਼ਾਲਿਸਤਾਨ ਦਾ ਮੁੱਦਾ ਅਤੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਦੀ ਸਿਆਸਤ

ਖ਼ਾਲਿਸਤਾਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੀਐੱਸਆਈਐੱਸ ਨੇ ਉੱਭਰ ਰਹੇ ਖ਼ਤਰਿਆਂ ਦੀ ਨਿਗਰਾਨੀ ਰੱਖੀ ਹੋਈ ਹੈ ਅਤੇ ਅੱਤਵਾਦੀਆਂ ਦੀ ਸੂਚੀ ਨੂੰ ਤਿਆਰ ਕਰਦੀ ਹੈ

ਕੈਨੇਡਾ ਅਤੇ ਸਿੱਖ ਸਿਆਸਤ ਨੂੰ ਸਮਝਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਖ਼ਾਲਿਸਤਾਨ ਅਤੇ ਭਾਰਤ ਬਾਰੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲੋਂ ਵੱਖਰਾ ਸਟੈਂਡ ਲਿਆ ਹੈ।

ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦਿੱਤੇ ਬਿਆਨਾਂ ਕਾਰਨ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਕੁੜੱਤਣ ਵਧੀ ਸੀ।

ਅਸਲ ਵਿੱਚ ਜੂਨ 2023 ਵਿੱਚ ਸਰੀ ਵਿਖੇ ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦਾ ਕਤਲ ਹੋ ਗਿਆ ਸੀ।

ਉਸ ਸਮੇਂ ਦੇ ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਨੇ ਸਤੰਬਰ 2023 ਵਿੱਚ ਬਕਾਇਦਾ ਸੰਸਦ 'ਚ ਕਿਹਾ ਸੀ ਕਿ ਕੈਨੇਡੀਅਨ ਅਥਾਰਿਟੀਆਂ ਕੋਲ "ਭਰੋਸੇਯੋਗ ਸਬੂਤ" ਹਨ, ਜੋ ਭਾਰਤੀ ਏਜੰਟਾਂ ਨੂੰ ਕੈਨੇਡੀਅਨ ਧਰਤੀ 'ਤੇ ਖ਼ਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਜੋੜਦੇ ਹਨ।

ਇਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਇਸ ਨੂੰ "ਬਿਨ੍ਹਾਂ ਕਿਸੇ ਸਬੂਤ ਦੇ ਬੇਬੁਨਿਆਦ" ਅਤੇ "ਸਿਆਸੀ ਤੌਰ 'ਤੇ ਪ੍ਰੇਰਿਤ" ਕਿਹਾ ਸੀ।

ਭਾਰਤ-ਕੈਨੇਡਾ ਦੁਵੱਲੇ ਸਬੰਧਾਂ ਦੀ ਪੈਰਵੀ ਕਰਨ ਦੇ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਸਾਲ ਫ਼ਰਵਰੀ ਦੇ ਅੰਤ ਵਿੱਚ ਭਾਰਤ ਪਹੁੰਚੇ ਸਨ।

ਇਸ ਦੌਰੇ ਦਾ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਪੁਰਾਣੇ ਅਤੀਤ ਨੂੰ ਭੁੱਲ ਕੇ ਵਪਾਰ, ਤਕਨਾਲੋਜੀ, ਊਰਜਾ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਗੱਲਬਾਤ ਦੇ ਨਵੇਂ ਰਸਤੇ ਪੈਦਾ ਕਰਨਾ ਸੀ।

ਹਾਲਾਂਕਿ ਮਾਰਕ ਕਾਰਨੀ ਆਪਣੇ ਇਸ ਦੌਰੇ ਦੌਰਾਨ ਪੰਜਾਬ ਨਹੀਂ ਗਏ ਸਨ ਜਿੱਥੇ ਵੱਡੀ ਗਿਣਤੀ ਸਿੱਖ ਰਹਿੰਦੇ ਹਨ। ਪਰ ਇਸ ਤੋਂ ਪਹਿਲਾਂ ਜਸਟਿਨ ਟਰੂਡੋ 2018 ਵਿੱਚ ਆਪਣੇ ਭਾਰਤ ਦੌਰੇ ਦੌਰਾਨ ਅੰਮ੍ਰਿਤਸਰ ਗਏ ਸਨ।

ਕੈਨੇਡਾ ਵਿੱਚ ਖ਼ਾਲਿਸਤਾਨੀ ਗਤੀਵਿਧੀਆਂ ਬਾਰੇ ਪੇਸ਼ ਕੀਤੀ ਗਈ ਰਿਪੋਰਟ ਬਾਰੇ ਸੁਰੱਖਿਆ ਅਤੇ ਰਣਨੀਤਕ ਮਾਮਲਿਆਂ ਦੇ ਮਾਹਰ ਉਦੈ ਭਾਸਕਰ ਕਹਿੰਦੇ ਹਨ, "ਯਕੀਨਨ ਤੌਰ 'ਤੇ ਕੈਨੇਡਾ ਦੀ ਸਿਆਸਤ ਅਤੇ ਭਾਰਤ ਨਾਲ ਸਬੰਧਾਂ ਵਿੱਚ ਫਰਕ ਆਇਆ ਹੈ।"

"ਹੁਣ ਉਹ (ਕੈਨੇਡਾ) ਇਸ ਤਰ੍ਹਾਂ ਦੀਆਂ ਟਰਮਾਂ ਦੀ ਵਰਤੋਂ ਕਰ ਰਿਹਾ ਹੈ ਜੋ ਪਹਿਲਾਂ ਕਦੇ ਨਹੀਂ ਹੋਈਆਂ। ਮੈਨੂੰ ਲੱਗਦਾ ਹੈ ਕਿ ਭਾਰਤ ਨਾਲ ਸਬੰਧਾਂ 'ਤੇ ਕੈਨੇਡਾ ਦੀ ਘਰੇਲੂ ਸਿਆਸਤ ਦੇ ਖੇਤਰ ਵਿੱਚ ਖ਼ਾਲਿਸਤਾਨੀ ਸਮੱਸਿਆ ਦੇ ਵਿਕਾਸ ਵਿੱਚ ਤਬਦੀਲੀ ਆ ਰਹੀ ਹੈ।"

ਉੱਜਲ ਦੋਸਾਂਝ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਅਤੇ ਦੇਸ਼ ਦੇ ਸਾਬਕਾ ਸਿਹਤ ਮੰਤਰੀ ਰਹੇ ਉੱਜਲ ਦੋਸਾਂਝ ਕਹਿੰਦੇ ਹਨ ਕਿ ਟਰੂਡੋ ਦੇ ਰਾਜ ਵਿੱਚ ਖਾਲਿਸਾਤਨ ਇੱਕ ਵੱਡਾ ਮੁੱਦਾ ਬਣਿਆ ਸੀ।

ਉੱਜਲ ਦੋਸਾਂਝ ਮੁਤਾਬਕ, "ਖ਼ਾਲਿਸਤਾਨੀ ਮੁੱਦਾ ਕੈਨੇਡਾ ਵਿੱਚ ਅੰਦਰੂਨੀ ਖ਼ਤਰਾ ਰਿਹਾ ਹੈ ਕਿਉਂਕਿ ਜੇ ਕੋਈ ਇਸ ਦਾ ਵਿਰੋਧ ਕਰਦਾ ਹੈ ਤਾਂ ਉਸ ਵਿਰੁੱਧ ਹਿੰਸਾ ਹੋ ਸਕਦੀ ਹੈ। ਇਸ ਦੀ ਪੂਰੀ ਸੰਭਾਵਨਾ ਹੈ ਕਿ ਅਜਿਹਾ ਹੋ ਜਾਵੇ। ਇਹ ਪਿਛਲੇ ਸਮਿਆਂ ਵਿੱਚ ਵਾਪਰਿਆ ਵੀ ਹੈ। ਮੈਨੂੰ ਨਹੀਂ ਲੱਗਦਾ ਕਿ ਹੁਣ ਖ਼ਾਲਿਸਤਾਨ ਦੀ ਰਾਜਨੀਤੀ ਕੈਨੇਡਾ ਦੀ ਸਿਆਸਤ ਵਿੱਚ ਉਸ ਤਰ੍ਹਾਂ ਦੀ ਥਾਂ ਲੈ ਸਕੇਗੀ ਜੋ ਜਸਟਿਨ ਟਰੂਡੋ ਦੇ ਸਮੇਂ ਵਿੱਚ ਸੀ।"

ਉਹ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਮਾਰਕ ਕਾਰਨੀ ਨੇ ਆਪਣਾ ਸੁਨੇਹਾ ਦੇ ਦਿੱਤਾ ਹੈ ਕਿ ਹੁਣ ਖ਼ਾਲਿਸਤਾਨੀਆਂ ਦਾ ਸਵਾਗਤ ਨਹੀਂ ਹੋਵੇਗਾ। ਕਾਰਨੀ ਨੇ ਭਾਰਤ ਨਾਲ ਚੰਗੇ ਸਬੰਧਾਂ ਦੀ ਗੱਲ ਆਖੀ ਹੈ। ਜਿਸ ਦਾ ਅਰਥ ਹੈ ਕਿ ਕੈਨੇਡਾ ਵਿੱਚ ਖ਼ਾਲਿਸਤਾਨੀ ਦੀ ਸਿਆਸਤ ਲਈ ਕੋਈ ਥਾਂ ਨਹੀਂ ਹੈ।"

ਕੈਨੇਡਾ ਵਿੱਚ ਰਹਿੰਦੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਕਹਿੰਦੇ ਹਨ, "ਰਿਪੋਰਟ ਵਿੱਚ ਦੋ ਪੱਖ ਪੇਸ਼ ਕੀਤੇ ਗਏ ਹਨ ਕਿ ਖ਼ਾਲਿਸਤਾਨੀ ਗਤੀਵਿਧੀਆਂ ਜਾਰੀ ਹਨ ਅਤੇ ਭਾਰਤ ਵੱਲੋਂ ਵੀ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦਿੱਤਾ ਜਾ ਰਿਹਾ ਹੈ।"

"ਪਰ ਇਸ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਖ਼ਾਲਿਸਤਾਨ ਦੀ ਮੰਗ ਕਰਨੀ ਕਾਨੂੰਨ ਦੀ ਉਲੰਘਣਾ ਨਹੀਂ ਹੈ ਅਤੇ ਗਰਮ ਖਿਆਲੀਆਂ ਦਾ ਵੀ ਬੱਸ ਇੱਕ ਛੋਟਾ ਜਿਹਾ ਹਿੱਸਾ ਹੀ ਇਸਦੀ ਮੰਗ ਕਰਦਾ ਹੈ।"

ਮਾਰਕ ਕਾਰਨੀ ਦੀ ਭਾਰਤ ਪ੍ਰਤੀ ਨੀਤੀ ਬਾਰੇ ਗੁਰਪ੍ਰੀਤ ਸਿੰਘ ਕਹਿੰਦੇ ਹਨ, "ਲਿਬਰਲ ਸਰਕਾਰ ਨੇ ਭਾਰਤ ਪ੍ਰਤੀ ਆਪਣੀ ਨੀਤੀ ਵਿੱਚ ਵੱਡਾ ਬਦਲਾਅ ਕੀਤਾ ਹੈ। ਮਾਰਕ ਕਾਰਨੀ ਭਾਰਤ ਨਾਲ ਚੰਗੇ ਸਬੰਧ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਕਾਰਨੀ ਨੇ ਟਰੂਡੋ ਨਾਲੋਂ ਬਿਲਕੁੱਲ ਵੱਖਰਾ ਸਟੈਂਡ ਲਿਆ ਹੈ ਜਿਸ ਕਾਰਨ ਕੁਝ ਲੋਕਾਂ ਵੱਲੋਂ ਉਨ੍ਹਾਂ ਉੱਤੇ ਸਵਾਲ ਵੀ ਚੁੱਕੇ ਜਾ ਰਹੇ ਹਨ। "

ਇਸ ਤੋਂ ਪਹਿਲਾਂ ਅਕਤੂਬਰ 2023 ਵਿੱਚ ਭਾਰਤ ਨੇ 40 ਕੈਨੇਡੀਅਨ ਕੂਟਨੀਤਕਾਂ ਦੀ ਡਿਪਲੋਮੈਟਿਕ ਕਮਿਊਨਿਟੀ ਰੱਦ ਕਰ ਦਿੱਤੀ ਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੀ ਸੁਰੱਖਿਆ ਖ਼ਤਮ ਕਰਕੇ ਉਨ੍ਹਾਂ ਨੂੰ ਦੇਸ਼ ਛੱਡਣ ਲਈ ਆਖਿਆ ਸੀ। ਇਸ ਕਾਰਨ ਕੈਨੇਡੀਅਨ ਸਫ਼ਾਰਤਖ਼ਾਨੇ ਦੇ ਕਰੀਬ ਦੋ ਤਿਹਾਈ ਅਮਲੇ ਨੂੰ ਭਾਰਤ ਛੱਡ ਕੇ ਵਾਪਸ ਜਾਣਾ ਪਿਆ ਸੀ।

ਉਦੈ ਭਾਸਕਰ

ਕੈਨੇਡਾ ਦੀਆਂ ਦਖ਼ਲਅੰਦਾਜ਼ੀ ਬਾਰੇ ਚਿੰਤਾਵਾਂ

ਰਿਪੋਰਟ ਦੇ ਵਿੱਚ ਕੈਨੇਡਾ ਨੇ ਚੀਨ, ਭਾਰਤ, ਰੂਸੀ ਫੈੱਡਰੇਸ਼ਨ, ਈਰਾਨ ਅਤੇ ਪਾਕਿਸਤਾਨ ਵੱਲੋਂ ਦੇਸ਼ ਅੰਦਰ ਦਖ਼ਲਅੰਦਾਜ਼ੀ ਅਤੇ ਜਾਸੂਸੀ ਕਰਨ ਦੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਹਨ।

ਕੈਨੇਡਾ ਵੱਲੋਂ ਵਿਦੇਸ਼ੀ ਦਖ਼ਲਅੰਦਾਜ਼ੀ ਬਾਰੇ ਦਿੱਤੇ ਗਏ ਵੇਰਵਿਆਂ ਬਾਰੇ ਉਦੈ ਭਾਸਕਰ ਕਹਿੰਦੇ ਹਨ, "ਹਰ ਦੇਸ਼ ਆਪਣਾ ਹਿਸਾਬ ਲਗਾਉਂਦਾ ਹੈ। ਮੈਨੂੰ ਲੱਗਦਾ ਹੈ ਕਿ ਭਾਰਤ ਅਤੇ ਰੂਸ ਵੀ ਆਪਣਾ ਪ੍ਰਤੀਕਰਮ ਦੇਣਗੇ ਪਰ ਇਹ ਕੈਨੇਡਾ ਵਿੱਚ ਲੰਮੇ ਸਮੇਂ ਤੋਂ ਚੱਲ ਰਿਹਾ ਮੁੱਦਾ ਹੈ। ਮੈਂ ਇਸ ਨੂੰ ਇੰਝ ਦੇਖਦਾ ਹਾਂ ਜਿਵੇਂ ਹਰ ਦੇਸ਼ ਸਾਲ ਵਿੱਚ ਇੱਕ ਵਾਰ ਕਰਦਾ ਹੈ। ਪਰ ਭਾਰਤ ਨਾਲ ਸਬੰਧਾਂ ਵਿੱਚ ਹੁਣ ਫਰਕ ਆਇਆ ਹੈ।"

ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਮੁਤਾਬਕ, "ਇਸ ਰਿਪੋਰਟ ਦੇ ਦੋਵਾਂ ਪੱਖਾਂ ਨੂੰ ਸਮਝਣ ਦੀ ਲੋੜ ਹੈ, ਨਾ ਕਿ ਸਿਰਫ਼ ਖ਼ਾਲਿਸਤਾਨੀ ਵਾਲਾ ਪੱਖ ਦੇਖਣ ਦੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)