'ਜੈੱਨ ਜ਼ੀ ਨੇ ਸਰਕਾਰ ਦਾ ਜੋ ਡਰ ਸੀ, ਉਸ ਨੂੰ ਖ਼ਤਮ ਕਰ ਦਿੱਤਾ', ਕੀ ਨੌਜਵਾਨਾਂ ਦੇ ਸੰਘਰਸ਼ ਨੇ ਭਾਰਤੀ ਸਿਆਸਤ 'ਚ ਨਵੀਂ ਲਕੀਰ ਖਿੱਚ ਦਿੱਤੀ

ਜੈੱਨ ਜ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੈੱਨ ਜ਼ੀ ਦੇ ਪ੍ਰਦਰਸ਼ਨ ਤੋਂ ਬਾਅਦ ਸ਼ਨੀਵਾਰ ਨੂੰ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੇ ਅਸਤੀਫ਼ਾ ਦੇ ਦਿੱਤਾ ਹੈ
    • ਲੇਖਕ, ਪ੍ਰਵੀਣ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਬੀਤੇ ਕੁਝ ਸਾਲਾਂ ਵਿੱਚ ਦੱਖਣੀ ਏਸ਼ੀਆ ਵਿੱਚ ਇੱਕ ਸ਼ਬਦ ਜਿਸ ਦੀ ਗੂੰਜ ਕਾਫ਼ੀ ਸੁਣਨ ਨੂੰ ਮਿਲੀ ਹੈ, ਉਹ ਹੈ- ਜੈੱਨ ਜ਼ੀ।

ਜੈੱਨ ਜ਼ੀ ਉਹ ਪੀੜ੍ਹੀ ਹੈ, ਜਿਸ ਨੇ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਨੇਪਾਲ ਵਿੱਚ ਸੱਤਾ ਨੂੰ ਬਦਲ ਕੇ ਰੱਖ ਦਿੱਤਾ।

ਪਿਛਲੇ ਦੋ ਮਹੀਨਿਆਂ ਵਿੱਚ ਜੈੱਨ ਜ਼ੀ ਭਾਰਤ ਦੀ ਸਿਆਸਤ ਵਿੱਚ ਵੀ ਚਰਚਾ ਦਾ ਕੇਂਦਰ ਬਣ ਕੇ ਉੱਭਰੇ ਹਨ। ਨੀਟ-ਯੂਜੀ ਦਾ ਪੇਪਰ ਲੀਕ ਹੋਣ ਤੋਂ ਬਾਅਦ ਭਾਰਤ ਦੇ ਜੈੱਨ ਜ਼ੀ ਨੇ ਇੱਕ ਅੰਦੋਲਨ ਦੀ ਸ਼ੁਰੂਆਤ ਕੀਤੀ।

ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੀ ਅਗਵਾਈ ਵਿੱਚ ਜੈੱਨ ਜ਼ੀ ਦਾ ਅੰਦੋਲਨ ਸ਼ੁਰੂ ਹੋਇਆ ਸੀ। ਕਿਉਂਕਿ ਇਸ ਅੰਦੋਲਨ ਦੀ ਅਗਵਾਈ ਸੀਜੇਪੀ ਕਰ ਰਹੀ ਸੀ, ਇਸ ਲਈ ਸ਼ੁਰੂਆਤ ਵਿੱਚ ਵਿਰੋਧੀ ਪਾਰਟੀਆਂ ਨੇ ਵੀ ਇਸ ਤੋਂ ਦੂਰੀ ਬਣਾਈ ਰੱਖੀ।

ਪਰ ਬੀਤੇ ਇੱਕ ਹਫ਼ਤੇ ਵਿੱਚ ਜੈੱਨ ਜ਼ੀ ਦਾ ਇਹ ਅੰਦੋਲਨ ਇੰਨਾ ਵੱਡਾ ਹੋ ਗਿਆ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਸ ਦਾ ਸਾਥ ਦੇਣਾ ਪਿਆ। ਇਹ ਅੰਤਰਰਾਸ਼ਟਰੀ ਮੀਡੀਆ ਵਿੱਚ ਵੀ ਚਰਚਾ ਦਾ ਵਿਸ਼ਾ ਬਣ ਗਿਆ।

ਜੈੱਨ ਜ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਛਲੇ ਦੋ ਮਹੀਨਿਆਂ ਵਿੱਚ ਜੈੱਨ ਜ਼ੀ ਭਾਰਤ ਦੀ ਸਿਆਸਤ ਵਿੱਚ ਵੀ ਚਰਚਾ ਦਾ ਕੇਂਦਰ ਬਣ ਕੇ ਉੱਭਰੇ ਹਨ

ਬੀਤੇ 12 ਸਾਲਾਂ ਵਿੱਚ ਮੋਦੀ ਸਰਕਾਰ ਇੱਕ ਗੱਲ ਨੂੰ ਆਪਣੀ ਮਜ਼ਬੂਤੀ ਵਜੋਂ ਪੇਸ਼ ਕਰਦੀ ਸੀ ਅਤੇ ਉਸ ਦੇ ਕਈ ਮੰਤਰੀ ਇਹ ਕਹਿੰਦੇ ਨਜ਼ਰ ਆਉਂਦੇ ਸਨ ਕਿ 'ਸਾਡੀ ਸਰਕਾਰ ਵਿੱਚ ਅਸਤੀਫ਼ੇ ਨਹੀਂ ਹੁੰਦੇ।'

ਪਰ ਜੈੱਨ ਜ਼ੀ ਨੇ ਮੋਦੀ ਸਰਕਾਰ ਦੀ ਇਸ ਯੂਐਸਪੀ ਨੂੰ ਬ੍ਰੇਕ ਕਰ ਦਿੱਤਾ ਹੈ। ਜੈੱਨ ਜ਼ੀ ਦੇ ਅੰਦੋਲਨ ਦੀਆਂ ਮੁੱਖ ਮੰਗਾਂ ਨੂੰ ਮੋਦੀ ਸਰਕਾਰ ਨੇ ਸਵੀਕਾਰ ਕਰ ਲਿਆ। ਕੈਬਿਨੇਟ ਤੋਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਹੋ ਗਿਆ।

ਇਸ ਅਸਤੀਫ਼ੇ ਨਾਲ ਹੀ ਕਾਕਰੋਚ ਜਨਤਾ ਪਾਰਟੀ ਦੀ ਅਗਵਾਈ 'ਚ ਚੱਲ ਰਿਹਾ ਅੰਦੋਲਨ ਖ਼ਤਮ ਹੋ ਗਿਆ ਹੈ। ਪਰ ਜਿਸ ਕਾਮਯਾਬੀ ਨਾਲ ਜੈੱਨ ਜ਼ੀ ਦਾ ਇਹ ਅੰਦੋਲਨ ਖ਼ਤਮ ਹੋਇਆ, ਉਸ ਤੋਂ ਬਾਅਦ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਇੱਥੋਂ ਭਾਰਤ ਦੀ ਸਿਆਸਤ ਕਿਸ ਪਾਸੇ ਰੁਖ ਕਰੇਗੀ ਅਤੇ ਉਸ ਵਿੱਚ ਜੈੱਨ ਜ਼ੀ ਦੀ ਕੀ ਭੂਮਿਕਾ ਹੋਵੇਗੀ।

ਅੰਦੋਲਨ 'ਤੇ ਨਜ਼ਰ ਰੱਖਣ ਵਾਲੇ ਅਤੇ ਉਸ ਨੂੰ ਕਵਰ ਕਰਨ ਵਾਲੇ ਮਾਹਿਰਾਂ ਅਤੇ ਪੱਤਰਕਾਰਾਂ ਰਾਹੀਂ ਅਸੀਂ ਇਸ ਸਵਾਲ ਦਾ ਜਵਾਬ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਅੰਦੋਲਨ ਨੇ ਭਾਰਤ ਦੀ ਸਿਆਸਤ ਵਿੱਚ ਇੱਕ ਲਕੀਰ ਕਿਵੇਂ ਖਿੱਚ ਦਿੱਤੀ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਜੈੱਨ ਜ਼ੀ ਦੇ ਇਸ ਅੰਦੋਲਨ ਦੀ ਛਾਪ ਆਉਣ ਵਾਲੇ ਕਈ ਸਾਲਾਂ ਤੱਕ ਭਾਰਤ ਦੀ ਸਿਆਸਤ 'ਤੇ ਦੇਖਣ ਨੂੰ ਮਿਲੇਗੀ।

ਜੈੱਨ ਜ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਿਰਾਂ ਮੁਤਾਬਕ, ਜੈੱਨ ਜ਼ੀ ਦੇ ਪ੍ਰਦਰਸ਼ਨ ਦਾ ਅਸਰ ਮੋਦੀ ਸਰਕਾਰ ਦੇ ਨਾਲ-ਨਾਲ ਵਿਰੋਧੀ ਧਿਰ ਦੀ ਸਿਆਸਤ 'ਤੇ ਵੀ ਦੇਖਣ ਨੂੰ ਮਿਲਿਆ ਹੈ

'ਕੋਰਸ ਕਰੈਕਸ਼ਨ'

ਪਿਛਲੇ ਕੁਝ ਦਿਨਾਂ ਵਿੱਚ ਇਸ ਬਾਰੇ ਗੱਲ ਹੋ ਚੁੱਕੀ ਹੈ ਕਿ ਜੈੱਨ ਜ਼ੀ ਨੇ ਵਿਰੋਧ ਦਾ ਇੱਕ ਨਵਾਂ ਤਰੀਕਾ ਕਿਵੇਂ ਦਿਖਾਇਆ ਹੈ। 20 ਜੁਲਾਈ ਤੋਂ ਬਾਅਦ ਜੰਤਰ-ਮੰਤਰ 'ਤੇ ਜੋ ਕੁਝ ਦੇਖਣ ਨੂੰ ਮਿਲਿਆ, ਉਹ ਕਈ ਮਾਅਨਿਆਂ ਵਿੱਚ ਭਾਰਤ ਵਿੱਚ ਪਹਿਲਾਂ ਹੋਏ ਅੰਦੋਲਨਾਂ ਤੋਂ ਵੱਖਰਾ ਸੀ।

ਜੈੱਨ ਜ਼ੀ ਦੇ ਵਿਰੋਧ ਪ੍ਰਦਰਸ਼ਨ ਵਿੱਚ ਬੇਬਾਕ ਨਾਅਰੇ, ਪੋਸਟਰ, ਗਾਣੇ, ਡਾਂਸ, ਧੁੱਪ ਜਾਂ ਮੀਂਹ ਵਿੱਚ ਡਟੇ ਰਹਿਣ ਦਾ ਹੌਸਲਾ ਤਾਂ ਸੀ ਹੀ.. ਨਾਲ ਹੀ, ਡਿਲਿਵਰੀ ਐਪਸ ਦਾ ਜਿਸ ਤਰ੍ਹਾਂ ਇਸਤੇਮਾਲ ਦੇਖਣ ਨੂੰ ਮਿਲਿਆ, ਉਹ ਆਪਣੇ ਆਪ ਵਿੱਚ ਅਜਿਹੀ ਥਾਂ 'ਤੇ ਸਰੋਤ ਇਕੱਠੇ ਕਰਨ ਦਾ ਨਵਾਂ ਤਰੀਕਾ ਬਣ ਗਿਆ, ਜਿੱਥੇ ਟਾਇਲਟ ਵਰਗੀਆਂ ਬੁਨਿਆਦੀ ਸਹੂਲਤਾਂ ਦਾ ਨਾ ਹੋਣਾ ਡਟੇ ਰਹਿਣ ਨੂੰ ਬਹੁਤ ਮੁਸ਼ਕਿਲ ਬਣਾ ਦਿੰਦਾ ਹੈ।

ਅੰਦੋਲਨ ਦੇ ਪਹਿਲੇ ਦਿਨ ਤੋਂ ਇਸ ਦੇ ਗਵਾਹ ਰਹੇ ਸੁਤੰਤਰ ਪੱਤਰਕਾਰ ਸਮਿਤਾ ਸ਼ਰਮਾ ਕਹਿੰਦੇ ਹਨ, "ਜੋ ਅੱਜ ਹੋਇਆ ਹੈ, ਇਹ ਭਾਰਤ ਦੇ ਲੋਕਤੰਤਰ ਲਈ ਬਹੁਤ ਅਹਿਮ ਪਲ ਹੈ, ਕਿਉਂਕਿ ਇਸ ਵਿੱਚ ਇੱਕ ਬਹੁਤ ਜ਼ਰੂਰੀ ਕੋਰਸ ਕਰੈਕਸ਼ਨ ਹੋਇਆ ਹੈ। ਕਿਸ ਤਰੀਕੇ ਨਾਲ ਸ਼ਾਂਤੀਪੂਰਨ ਅੰਦੋਲਨ ਕਰਕੇ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਲਿਆ ਗਿਆ ਹੈ।"

"ਜੋ ਸਰਕਾਰ ਹੁਣ ਤੱਕ ਛਾਤੀ ਠੋਕ ਕੇ ਕਹਿੰਦੀ ਸੀ ਕਿ ਸਾਡੀ ਸਰਕਾਰ ਵਿੱਚ ਅਸਤੀਫ਼ੇ ਨਹੀਂ ਹੁੰਦੇ, ਉਨ੍ਹਾਂ ਨੂੰ ਵੀ ਸਮਝ ਆ ਗਿਆ ਕਿ ਚੈਕ ਐਂਡ ਬੈਲੈਂਸ ਤੋਂ ਬਿਨਾਂ ਤਾਂ ਲੋਕਤੰਤਰ ਸੰਭਵ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਉਹੀ ਲੋਕਤੰਤਰ ਅੱਜ ਫਿਰ ਤੋਂ ਕਾਇਮ ਹੋਇਆ ਹੈ। ਉਸ ਵਿੱਚ ਲੋਕਾਂ ਦਾ ਵਿਸ਼ਵਾਸ ਵੀ ਕਾਇਮ ਹੋਇਆ ਹੈ।"

ਆਦੇਸ਼ ਰਾਵਲ ਅਤੇ ਸਮਿਤਾ ਸ਼ਰਮਾ

ਭਾਰਤ ਦੇ ਸਮਾਜਿਕ ਢਾਂਚੇ ਤੋਂ ਵੱਖ, ਇਸ ਅੰਦੋਲਨ ਨੇ ਸਿੱਖਿਆ ਦੇ ਮੁੱਦੇ 'ਤੇ ਜੈੱਨ ਜ਼ੀ ਨੂੰ ਇੱਕਜੁਟ ਕੀਤਾ। ਇਸ ਅੰਦੋਲਨ ਵਿੱਚ ਜਿਸ ਦੀ ਭਾਗੀਦਾਰੀ ਸਭ ਤੋਂ ਵੱਧ ਸੀ, ਉਹ ਸਨ ਸਕੂਲ-ਕਾਲਜ ਦੇ ਵਿਦਿਆਰਥੀ ਅਤੇ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਮੁੰਡੇ-ਕੁੜੀਆਂ।

ਸੀਨੀਅਰ ਪੱਤਰਕਾਰ ਅਤੇ ਕੌਮੀ ਸਿਆਸਤ ਦੇ ਵਿਸ਼ਲੇਸ਼ਕ ਵਿਜੈ ਤ੍ਰਿਵੇਦੀ ਕਹਿੰਦੇ ਹਨ, "ਜੋ ਸਾਡੇ ਪੌਲਿਟਿਕਲ ਅਤੇ ਸੋਸ਼ਲ ਬਾਕਸੇਜ਼ ਹਨ, ਜਾਤ ਅਤੇ ਧਰਮ ਤੋਂ ਵੱਖ ਹੋ ਕੇ ਇਹ ਅੰਦੋਲਨ ਸੀ ਅਤੇ ਕਿਸੇ ਵੀ ਸਿਆਸੀ ਪਾਰਟੀ ਦੇ ਮੋਟੇ ਤੌਰ 'ਤੇ ਸਹਿਯੋਗ ਤੋਂ ਬਿਨਾਂ, ਇਹ ਆਪਣੇ ਆਪ ਖੜ੍ਹਾ ਹੋ ਗਿਆ। ਬਿਨਾਂ ਕਿਸੇ ਦੇ ਕਾਲ ਕੀਤੇ, ਉਹ ਲੋਕ ਆਪਣੇ ਆਪ ਆਕੇ ਖੜ੍ਹੇ ਹੋ ਗਏ।"

"ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਜਗਾ ਵੀ ਦਿੱਤਾ ਅਤੇ ਦਬਾਅ ਵਿੱਚ ਵੀ ਲਿਆ ਦਿੱਤਾ। ਸੱਤਾਧਾਰੀ ਪੱਖ ਤਾਂ ਜ਼ਾਹਿਰ ਹੈ ਕਿ ਦਬਾਅ ਵਿੱਚ ਆ ਹੀ ਗਿਆ ਕਿ ਮੰਤਰੀ ਦਾ ਅਸਤੀਫ਼ਾ ਹੋ ਗਿਆ ਅਤੇ ਵਿਰੋਧੀ ਧਿਰ ਨੂੰ ਵੀ ਦਬਾਅ ਵਿੱਚ ਲਿਆ ਦਿੱਤਾ ਕਿ ਸਾਰੇ ਲੋਕ ਇੱਕਜੁਟ ਹੋ ਕੇ ਲਗਭਗ ਉਨ੍ਹਾਂ ਦੇ ਨਾਲ ਆ ਗਏ।"

ਸੀਨੀਅਰ ਪੱਤਰਕਾਰ ਆਦੇਸ਼ ਰਾਵਲ ਕਹਿੰਦੇ ਹਨ ਕਿ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਧਰਮੇਂਦਰ ਪ੍ਰਧਾਨ ਨੇ ਅਸਤੀਫ਼ਾ ਦਿੱਤਾ ਹੈ, ਸਗੋਂ ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਲਿਆ ਗਿਆ ਹੈ।

ਉਨ੍ਹਾਂ ਨੇ ਕਿਹਾ, "ਜੈੱਨ ਜ਼ੀ ਦਾ ਅੰਦੋਲਨ ਅਜਿਹਾ ਸਵਾਲ ਸੀ, ਜੋ ਸਰਕਾਰ ਲਈ ਆਉਟ ਆਫ਼ ਸਿਲੇਬਸ ਦਾ ਸਵਾਲ ਬਣ ਕੇ ਆ ਗਿਆ। ਇਸ ਨੂੰ ਹਲਕੇ ਵਿੱਚ ਲਿਆ ਗਿਆ। ਪਰ ਇਹ ਸਰਕਾਰ 'ਤੇ ਪੁੱਠਾ ਪੈ ਗਿਆ। ਮੈਂ ਇਸ ਨੂੰ ਇਸ ਤਰ੍ਹਾਂ ਦੇਖਦਾ ਹਾਂ ਕਿ ਧਰਮੇਂਦਰ ਪ੍ਰਧਾਨ ਨੇ ਅਸਤੀਫ਼ਾ ਨਹੀਂ ਦਿੱਤਾ ਹੈ। ਵਿਦਿਆਰਥੀਆਂ ਨੇ ਉਨ੍ਹਾਂ ਦਾ ਅਸਤੀਫ਼ਾ ਲਿਆ ਹੈ।"

ਸਿਆਸੀ ਪਾਰਟੀਆਂ ਲਈ ਕੀ ਸੁਨੇਹਾ ਹੈ?

ਇੰਸਟਾਗ੍ਰਾਮ ਉਹ ਪਲੇਟਫਾਰਮ ਹੈ, ਜਿਸ ਨੂੰ ਜੈੱਨ ਜ਼ੀ ਦਾ ਸਭ ਤੋਂ ਮਨਪਸੰਦ ਸੋਸ਼ਲ ਮੀਡੀਆ ਪਲੇਟਫਾਰਮ ਕਿਹਾ ਜਾ ਸਕਦਾ ਹੈ। ਇਸ ਅੰਦੋਲਨ ਦਾ ਵੀ ਸਭ ਤੋਂ ਵੱਧ ਅਸਰ ਇਸੇ ਪਲੇਟਫਾਰਮ 'ਤੇ ਦੇਖਣ ਨੂੰ ਮਿਲਿਆ।

ਬੀਤੇ ਇੱਕ ਹਫ਼ਤੇ ਵਿੱਚ ਇੰਸਟਾਗ੍ਰਾਮ 'ਤੇ ਜੰਤਰ-ਮੰਤਰ ਨਾਲ ਜੁੜੀਆਂ ਰੀਲਾਂ ਦਾ ਤਾਂ ਜਿਵੇਂ ਹੜ੍ਹ ਹੀ ਆ ਗਿਆ। ਇੰਸਟਾਗ੍ਰਾਮ ਚਲਾਉਣ ਵਾਲੇ ਜ਼ਿਆਦਾਤਰ ਉਪਭੋਗਤਾ ਅੰਦੋਲਨ ਨਾਲ ਜੁੜੀਆਂ ਰੀਲਾਂ ਬਾਰੇ ਹੀ ਗੱਲਾਂ ਕਰਨ ਲੱਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਵੀਰਵਾਰ ਅਤੇ ਫਿਰ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ 'ਤੇ ਰੀਲਾਂ ਪੋਸਟ ਕੀਤੀਆਂ।

ਇਸ ਅੰਦੋਲਨ ਤੋਂ ਸਿਆਸੀ ਪਾਰਟੀਆਂ ਨੂੰ ਕੀ ਸਬਕ ਮਿਲਦਾ ਹੈ, ਇਸ ਬਾਰੇ ਗੱਲ ਕਰਦੇ ਹੋਏ ਸਮਿਤਾ ਸ਼ਰਮਾ ਕਹਿੰਦੇ ਹਨ, "ਭਾਜਪਾ ਇੱਕ ਅਜਿਹੀ ਪਾਰਟੀ ਰਹੀ ਹੈ, ਜਿਸ ਨੇ 2013 ਤੋਂ, ਪ੍ਰਧਾਨ ਮੰਤਰੀ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਤੋਂ ਹੀ, ਆਪਣੀ ਮੁਹਿੰਮ ਦੇ ਨੈਰੇਟਿਵ ਬਿਲਡਿੰਗ ਲਈ ਸੋਸ਼ਲ ਮੀਡੀਆ ਦਾ ਸਭ ਤੋਂ ਵੱਧ ਇਸਤੇਮਾਲ ਕੀਤਾ।"

"ਪਰ ਇੱਕ ਗੱਲ ਪੱਕੀ ਹੋ ਗਈ ਕਿ ਤੁਸੀਂ ਸੋਸ਼ਲ ਮੀਡੀਆ 'ਤੇ ਸਾਰਾ ਦਿਨ ਜੇ ਇੱਕਪਾਸੜ ਨੈਰੇਟਿਵ ਦਿੰਦੇ ਰਹੋਗੇ, ਤਾਂ ਇੱਕ ਸਮਾਂ ਅਜਿਹਾ ਆਉਂਦਾ ਹੈ, ਜਦੋਂ ਪਾਣੀ ਸਿਰੋਂ ਉੱਪਰ ਲੰਘ ਜਾਂਦਾ ਹੈ ਅਤੇ ਉਹੀ ਹੋਇਆ।"

ਆਦੇਸ਼ ਰਾਵਲ ਕਹਿੰਦੇ ਹਨ, "ਇਸ ਅੰਦੋਲਨ ਵਿੱਚ ਵਿਦਿਆਰਥੀਆਂ ਨੇ ਮੋਦੀ ਸਰਕਾਰ ਨੂੰ ਇੰਸਟਾਗ੍ਰਾਮ 'ਤੇ ਹਰਾ ਦਿੱਤਾ। ਮਤਲਬ, ਸਰਕਾਰ ਵਿਦਿਆਰਥੀਆਂ ਤੋਂ ਡਰ ਗਈ। ਹਰ ਰੋਜ਼ ਦੀ ਜੋ ਫੀਡ ਸੀ, ਉਸ ਤੋਂ ਵੀ ਉਹ ਘਬਰਾ ਗਈ। ਜੈੱਨ ਜ਼ੀ ਨੇ ਸਰਕਾਰ ਨੂੰ ਝੁਕਾ ਕੇ ਦਿਖਾਇਆ।"

ਸਮਿਤਾ ਸ਼ਰਮਾ ਮੰਨਦੇ ਹਨ ਕਿ ਵਿਰੋਧੀ ਧਿਰ ਲਈ ਵੀ ਸੁਨੇਹਾ ਹੈ ਕਿ ਲੜਾਈ ਸੋਸ਼ਲ ਮੀਡੀਆ ਤੋਂ ਅੱਗੇ ਸੜਕ 'ਤੇ ਲੜੀ ਜਾਂਦੀ ਹੈ।

ਸਮਿਤਾ ਸ਼ਰਮਾ ਕਹਿੰਦੇ ਹਨ, "ਦੂਜੀ ਗੱਲ ਹੈ, ਮੈਨੂੰ ਲੱਗਦਾ ਹੈ ਕਿ ਜੋ ਵਿਰੋਧੀ ਪਾਰਟੀਆਂ ਹਨ - ਕਾਂਗਰਸ, ਐਨਐਸਯੂਆਈ - ਇਹ ਲੋਕ ਵਿਦਿਆਰਥੀਆਂ ਦੇ ਸਾਰੇ ਮੁੱਦਿਆਂ ਨੂੰ ਲੈਕੇ ਸੜਕਾਂ 'ਤੇ ਜ਼ਰੂਰ ਸਨ। ਪਰ ਇੱਕ ਕਨਸਿਸਟੈਂਸੀ ਦੀ ਕਮੀ ਨਜ਼ਰ ਆ ਰਹੀ ਸੀ। ਇੱਕ ਨੌਜਵਾਨ ਪੀੜ੍ਹੀ ਦੀ ਇਮੈਜੀਨੇਸ਼ਨ ਨੂੰ ਕੈਪਚਰ ਕਰਨ ਵਿੱਚ ਕਮੀ ਰਹਿ ਰਹੀ ਸੀ।"

ਹੁਣ ਅੱਗੇ ਕੀ?

ਜੈੱਨ ਜ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੇ ਸਮਾਜਿਕ ਢਾਂਚੇ ਤੋਂ ਵੱਖ, ਇਸ ਅੰਦੋਲਨ ਨੇ ਸਿੱਖਿਆ ਦੇ ਮੁੱਦੇ 'ਤੇ ਜੈੱਨ ਜ਼ੀ ਨੂੰ ਇੱਕਜੁਟ ਕੀਤਾ

ਹਾਲਾਂਕਿ, ਇਹ ਸਵਾਲ ਵੀ ਹੈ ਕਿ ਹੁਣ ਭਾਰਤ ਦੇ ਸਿਆਸੀ ਭਵਿੱਖ ਵਿੱਚ ਜੈੱਨ ਜ਼ੀ ਦੀ ਕੀ ਭੂਮਿਕਾ ਹੋਵੇਗੀ?

ਵਿਜੈ ਤ੍ਰਿਵੇਦੀ ਕਹਿੰਦੇ ਹਨ, "ਅਜੇ ਤੱਕ, ਜੇਕਰ ਅਸੀਂ ਪਿਛਲੀਆਂ ਚੋਣਾਂ ਦਾ ਰਿਕਾਰਡ ਦੇਖੀਏ, ਤਾਂ ਉਸ ਵਿੱਚ ਦੋ-ਤਿੰਨ ਤਰ੍ਹਾਂ ਦੇ ਵੋਟ ਬੈਂਕ ਰਹੇ ਹਨ। ਇੱਕ ਵੋਟ ਬੈਂਕ ਪਿਛੜਿਆਂ ਅਤੇ ਗਰੀਬਾਂ ਦਾ ਸੀ। ਸਿਆਸੀ ਪਾਰਟੀਆਂ ਉਨ੍ਹਾਂ ਨੂੰ ਚੀਜ਼ਾਂ ਦੇ ਰਹੀਆਂ ਸਨ, ਲੈਪਟਾਪ ਦੇ ਰਹੀਆਂ ਸਨ। ਫਿਰ ਦੂਜਾ ਦੌਰ ਆਇਆ, ਜਿਸ ਵਿੱਚ ਸਿਆਸੀ ਪਾਰਟੀਆਂ ਨੇ ਮਹਿਲਾਵਾਂ ਨੂੰ ਵੋਟ ਬੈਂਕ ਬਣਾਇਆ। ਜਿਸਦਾ ਫ਼ਾਇਦਾ ਭਾਰਤੀ ਜਨਤਾ ਪਾਰਟੀ, ਅਰਵਿੰਦ ਕੇਜਰੀਵਾਲ ਵਰਗੀਆਂ ਪਾਰਟੀਆਂ ਅਤੇ ਕੁਝ ਹੋਰਾਂ ਨੂੰ ਵੀ ਮਿਲਿਆ।"

"ਹੁਣ ਇਸ ਅੰਦੋਲਨ ਨੇ ਇਹ ਫੋਕਸ ਤੈਅ ਕਰ ਦਿੱਤਾ ਹੈ ਕਿ ਅਗਲੀਆਂ ਚੋਣਾਂ ਦਾ ਵੋਟ ਬੈਂਕ ਨੌਜਵਾਨ ਹੋਣਗੇ। ਸਿਆਸੀ ਪਾਰਟੀਆਂ ਨੂੰ ਉਨ੍ਹਾਂ 'ਤੇ ਧਿਆਨ ਦੇਣਾ ਪਵੇਗਾ। ਹੋ ਸਕਦਾ ਹੈ, ਆਉਣ ਵਾਲੇ ਦਿਨਾਂ ਵਿੱਚ ਸਿਆਸੀ ਪਾਰਟੀਆਂ ਦੀਆਂ ਯੋਜਨਾਵਾਂ ਦਾ ਫੋਕਸ ਨੌਜਵਾਨਾਂ 'ਤੇ ਨਜ਼ਰ ਆਵੇ।"

ਆਦੇਸ਼ ਰਾਵਲ ਜੈੱਨ ਜ਼ੀ ਦੇ ਅੰਦੋਲਨ ਨੂੰ ਭਾਰਤੀ ਸਿਆਸਤ ਵਿੱਚ ਇੱਕ ਨਵੀਂ ਸ਼ੁਰੂਆਤ ਵਜੋਂ ਦੇਖਦੇ ਹਨ।

ਉਨ੍ਹਾਂ ਕਿਹਾ, "ਮੋਦੀ ਸਰਕਾਰ ਦੇ ਇਸ ਦੌਰ ਵਿੱਚ, ਜਿੱਥੇ ਇੰਨਾ ਡਰ ਸੀ, ਉੱਥੇ ਹੀ ਜੈੱਨ ਜ਼ੀ ਦੇ ਇਨ੍ਹਾਂ ਨੌਜਵਾਨਾਂ ਨੇ ਪਿਛਲੇ ਪੰਜ ਦਿਨਾਂ ਵਿੱਚ ਮੋਦੀ ਸਰਕਾਰ ਦਾ ਇਕਬਾਲ ਖ਼ਤਮ ਕਰ ਦਿੱਤਾ। ਕੀ-ਕੀ ਸਲੋਗਨ, ਕੀ-ਕੀ ਨਾਅਰੇ ਅਤੇ ਮੀਮ ਚਲਾਏ ਗਏ, ਦਿਖਾਏ ਗਏ ਅਤੇ ਦੱਸੇ ਗਏ। ਉਹ ਵੀ ਪੁਲਿਸ ਦੇ ਸਾਹਮਣੇ। ਤਾਂ ਮੈਨੂੰ ਲੱਗਦਾ ਹੈ ਕਿ ਇਹ ਇੱਕ ਨਵੀਂ ਸ਼ੁਰੂਆਤ ਹੈ।"

ਕੀ ਇਸ ਅੰਦੋਲਨ ਦਾ ਕੋਈ ਸਿਆਸੀ ਨਤੀਜਾ ਵੀ ਨਿੱਕਲੇਗਾ, ਇਸ ਸਵਾਲ ਦੇ ਜਵਾਬ ਵਿੱਚ ਸਮਿਤਾ ਸ਼ਰਮਾ ਕਹਿੰਦੇ ਹਨ, "ਇਸ ਅੰਦੋਲਨ ਦਾ ਚੋਣ ਨਤੀਜਾ ਕੀ ਹੋਵੇਗਾ ਇਹ ਯਕੀਨੀ ਤੌਰ 'ਤੇ ਨਹੀਂ ਕਿਹਾ ਜਾ ਸਕਦਾ। ਪਰ ਉਮੀਦ ਸਿਰਫ਼ ਇਹੀ ਕੀਤੀ ਜਾ ਸਕਦੀ ਹੈ ਕਿ ਘੱਟੋ-ਘੱਟ ਜੋ ਨੌਜਵਾਨ ਸਿਆਸੀ ਤੌਰ 'ਤੇ ਜਾਗਰੂਕ ਨਜ਼ਰ ਆਏ ਹਨ, ਉਹ ਅੱਗੇ ਚੱਲ ਕੇ ਇਹ ਨਾ ਕਹਿਣ ਕਿ ਮੈਂ ਤਾਂ ਸਿਆਸਤ ਵਿੱਚ ਦਿਲਚਸਪੀ ਨਹੀਂ ਰੱਖਦਾ। ਕਿਉਂਕਿ ਜੇਕਰ ਨੀਤੀਆਂ ਨੂੰ ਬਦਲਣਾ ਹੈ, ਤਾਂ ਸਿਆਸਤ 'ਤੇ ਨਜ਼ਰ ਰੱਖਣੀ ਪਵੇਗੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)