ਪਾਲਤੂ ਕੁੱਤੇ 'ਰੌਕੀ' ਨੇ ਖੋਲ੍ਹਿਆ ਆਪਣੇ ਮਾਲਕ ਦੇ ਕਤਲ ਦਾ ਭੇਦ, ਦੋਸ਼ੀ ਨੂੰ ਅਦਾਲਤ ਨੇ ਦਿੱਤੀ ਉਮਰ ਕੈਦ, ਪੂਰਾ ਮਾਮਲਾ ਜਾਣੋ

- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਮੁਹਾਲੀ ਵਿੱਚ ਪਾਲਤੂ ਕੁੱਤੇ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਕਾਰਨ ਨਾ ਸਿਰਫ਼ ਕਤਲ ਦਾ ਮਾਮਲਾ ਸੁਲਝਾਉਣ ਵਿੱਚ ਮਦਦ ਮਿਲੀ, ਸਗੋਂ ਕਾਤਲ ਨੂੰ ਹੁਣ ਉਮਰ ਕੈਦ ਦੀ ਸਜ਼ਾ ਵੀ ਭੁਗਤਣੀ ਪਵੇਗੀ।
ਮਾਮਲਾ ਮੁਹਾਲੀ ਦੇ ਨਿਊ ਚੰਡੀਗੜ੍ਹ ਇਲਾਕੇ ਦਾ ਹੈ, ਜਿੱਥੇ ਪੰਜ ਸਾਲ ਪਹਿਲਾਂ ਹੋਏ ਕਤਲ ਦੇ ਮਾਮਲੇ ਵਿੱਚ ਜਗੀਰ ਸਿੰਘ ਉਰਫ਼ ਘੋਲਾ (ਵਾਸੀ ਪੜੋਲ) ਨੂੰ ਉਮਰ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਮਿਲੀ ਹੈ।
ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਅਦਾਲਤ ਵੱਲੋਂ ਸਬੂਤਾਂ ਦੀ ਘਾਟ ਕਾਰਨ ਬਰੀ ਵੀ ਕੀਤਾ ਗਿਆ ਹੈ।
ਚਾਲੀ ਹਜ਼ਾਰ ਪਿੱਛੇ ਕਤਲ
ਮੁਹਾਲੀ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਛੋਟੀ ਬੜੀ ਨੱਗਲ ਦਾ ਵਸਨੀਕ ਮਰਹੂਮ ਸੁੱਚਾ ਸਿੰਘ ਬੱਕਰੀਆਂ ਚਾਰਨ ਦਾ ਕੰਮ ਕਰਦਾ ਸੀ। ਅਦਾਲਤ ਦੇ ਦਸਤਾਵੇਜ਼ ਮੁਤਾਬਕ ਪੂਰਾ ਮਾਮਲਾ 12 ਜੂਨ 2021 ਦਾ ਹੈ, ਜਦੋਂ ਸੁੱਚਾ ਸਿੰਘ ਦੁਪਹਿਰ ਕਰੀਬ 12 ਵਜੇ ਬੱਕਰੀਆਂ ਨੂੰ ਚਾਰਨ ਲਈ ਲੈ ਕੇ ਗਿਆ ਅਤੇ ਮੁੜ ਕੇ ਨਹੀਂ ਆਇਆ।
ਸ਼ਾਮ ਤੱਕ ਜਦੋਂ ਸੁੱਚਾ ਸਿੰਘ ਦਾ ਕੋਈ ਥਹੁ ਪਤਾ ਨਹੀਂ ਲੱਗਾ ਤਾਂ ਸੁੱਚਾ ਸਿੰਘ ਦੀ ਪਤਨੀ ਸੁਨੀਤਾ ਦੇਵੀ ਨੇ ਪਿੰਡ ਦੇ ਕੁਝ ਲੋਕਾਂ ਨੂੰ ਲੈ ਕੇ ਆਪਣੇ ਪਤੀ ਦੀ ਭਾਲ ਸ਼ੁਰੂ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ। ਆਖ਼ਰਕਾਰ ਦੂਜੇ ਦਿਨ ਸੁੱਚਾ ਸਿੰਘ ਦੀ ਗੁੰਮਸ਼ੁਦਗੀ ਦੀ ਰਿਪੋਰਟ ਸੁਨੀਤਾ ਦੇਵੀ ਵੱਲੋਂ ਮੁੱਲਾਂਪੁਰ ਥਾਣੇ ਵਿੱਚ ਦਰਜ ਕਰਵਾਈ ਗਈ।
ਅੱਠ ਦਿਨ ਤੱਕ ਸੁੱਚਾ ਸਿੰਘ ਦਾ ਕੋਈ ਪਤਾ ਨਹੀਂ ਲੱਗਾ ਪਰ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਲਗਾਤਾਰ ਜਾਰੀ ਰੱਖੀ।

ਸੁੱਚਾ ਸਿੰਘ ਨੂੰ ਆਖ਼ਰੀ ਵਾਰ ਪਿੰਡ ਪੜੋਲ ਦੇ ਇੱਕ ਫਾਰਮ ਹਾਊਸ ਨੇੜੇ ਦੇਖਿਆ ਗਿਆ ਸੀ, ਇਸ ਲਈ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਫਾਰਮ ਹਾਊਸ ਦੇ ਆਸ-ਪਾਸ ਉਸ ਦੀ ਭਾਲ ਸ਼ੁਰੂ ਕੀਤੀ। ਇਸ ਦੌਰਾਨ ਉਹ ਸੁੱਚਾ ਸਿੰਘ ਦੇ ਪਾਲਤੂ ਕੁੱਤੇ 'ਰੌਕੀ' ਨੂੰ ਵੀ ਨਾਲ ਲੈ ਗਏ।
ਅਦਾਲਤੀ ਦਸਤਾਵੇਜ਼ ਮੁਤਾਬਕ 'ਰੌਕੀ' ਫਾਰਮ ਹਾਊਸ ਦੀ ਦੀਵਾਰ ਦੇ ਕੋਲ ਜਦੋਂ ਗਿਆ ਤਾਂ ਉਸ ਨੇ ਉੱਥੇ ਇੱਕ ਥਾਂ ਉੱਤੇ ਜਾ ਕੇ ਭੌਂਕਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉੱਥੇ ਖ਼ੁਦਾਈ ਕੀਤੀ ਤਾਂ ਉੱਥੋਂ ਇੱਕ ਬਿਨਾ ਧੜ ਦੀ ਲਾਸ਼ ਬਰਾਮਦ ਕੀਤੀ ਗਈ। ਅਦਾਲਤੀ ਦਸਤਾਵੇਜ਼ ਮੁਤਾਬਕ ਜਿਸ ਥਾਂ ਤੋਂ ਸੁੱਚਾ ਸਿੰਘ ਦੀ ਲਾਸ਼ ਬਰਾਮਦ ਹੋਈ ਉਹ ਜਾਗੀਰ ਸਿੰਘ ਦੀ ਜ਼ਮੀਨ ਦੇ ਨੇੜੇ ਸੀ।
ਪਿੰਡ ਦੇ ਸਰਪੰਚ ਜਗਦੀਸ਼ ਸਿੰਘ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਦੀ ਹਾਜ਼ਰੀ ਵਿੱਚ ਲਾਸ਼ ਨੂੰ ਬਾਹਰ ਕੱਢਿਆ ਗਿਆ। ਪਰਿਵਾਰਕ ਮੈਂਬਰਾਂ ਨੇ ਲਾਸ਼ ਦੇ ਕੱਪੜਿਆਂ ਤੋਂ ਇਸ ਲਾਸ਼ ਦੀ ਪਛਾਣ ਸੁੱਚਾ ਸਿੰਘ ਵਜੋਂ ਕੀਤੀ।
ਇਸ ਤੋਂ ਬਾਅਦ ਸ਼ਿਕਾਇਤਕਰਤਾ ਸੁਨੀਤਾ ਦੇਵੀ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਜਾਗੀਰ ਸਿੰਘ ਉਰਫ਼ ਘੋਲਾ, ਸਤਨਾਮ ਸਿੰਘ ਸੱਤੀ ਅਤੇ ਦੇਸ ਰਾਜ ਨੂੰ ਗ੍ਰਿਫਤਾਰ ਕਰ ਕੇ ਕੇਸ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ।
ਪੰਜ ਸਾਲ, 24 ਗਵਾਹ ਅਤੇ ਉਮਰ ਕੈਦ

ਤਫ਼ਤੀਸ਼ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਕਤਲ ਦਾ ਕਾਰਨ ਪੈਸਿਆਂ ਦਾ ਲੈਣ-ਦੇਣ ਸੀ ਜਿਸ ਤਹਿਤ ਸੁੱਚਾ ਸਿੰਘ ਨੇ ਜਗੀਰ ਸਿੰਘ ਉਰਫ਼ ਘੋਲਾ ਦੋ ਬੱਕਰੀਆਂ ਅਤੇ ਚਾਰ ਲੇਲੇ 40,000 ਰੁਪਏ ਵਿੱਚ ਵੇਚੇ ਸਨ ਅਤੇ ਜਦੋਂ ਉਸ ਨੇ ਪੈਸੇ ਮੰਗੇ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਜ਼ਮੀਨ ਵਿੱਚ ਦੱਬ ਦਿੱਤੀ ਗਈ।
ਗ੍ਰਿਫਤਾਰੀ ਤੋਂ ਬਾਅਦ ਪੁਲਿਸ ਕੋਲ ਦਿੱਤੇ ਆਪਣੇ ਬਿਆਨ ਵਿੱਚ ਜਾਗੀਰ ਸਿੰਘ ਨੇ ਮੰਨਿਆ ਕਿ ਦਾਤ ਰਾਹੀਂ ਸੁੱਚਾ ਸਿੰਘ ਦਾ ਗਲਾ ਕੱਟਿਆ ਗਿਆ ਸੀ ਅਤੇ ਪੁਲਿਸ ਨੇ ਉਸ ਦੀ ਨਿਸ਼ਾਨਦੇਹੀ ਉੱਤੇ ਬਾਅਦ ਵਿੱਚ ਦਾਤ ਬਰਾਮਦ ਵੀ ਕਰ ਲਿਆ ਸੀ।
ਬਾਅਦ ਵਿੱਚ ਪੁਲਿਸ ਨੇ ਲਾਸ਼ ਦਾ ਡੀਐਨਏ ਵੀ ਕਰਵਾਇਆ ਤਾਂ ਵੀ ਇਸ ਦੀ ਪਛਾਣ ਸੁੱਚਾ ਸਿੰਘ ਵਜੋਂ ਹੀ ਹੋਈ। ਇਸ ਕੇਸ ਵਿੱਚ ਕੁੱਲ 24 ਗਵਾਹ ਅਦਾਲਤ ਵਿੱਚ ਪੇਸ਼ ਹੋਏ ਅਤੇ ਕਰੀਬ ਪੰਜ ਸਾਲ ਬਾਅਦ ਇਸ ਕੇਸ ਦਾ ਨਿਪਟਾਰਾ ਕਰਦੇ ਹੋਏ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਜਾਗੀਰ ਸਿੰਘ ਉਰਫ਼ ਘੋਲਾ ਨੂੰ ਉਮਰ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨਾ ਅਤੇ ਉਸ ਦੇ ਨਾਲ ਕੇਸ ਵਿੱਚ ਦੋ ਹੋਰ ਸਹਿ-ਮੁਲਜ਼ਮਾਂ, ਸਤਨਾਮ ਸਿੰਘ ਉਰਫ਼ ਸੰਨੀ ਅਤੇ ਦੇਸਰਾਜ ਉਰਫ਼ ਦੇਸਾ ਨੂੰ ਬਰੀ ਕਰ ਦਿੱਤਾ।

ਇਹ ਕੇਸ ਮੁਹਾਲੀ ਜ਼ਿਲ੍ਹੇ ਦੇ ਮੁਲਾਂਪੁਰ ਥਾਣੇ ਵਿੱਚ ਦਰਜ ਕੀਤਾ ਗਿਆ ਸੀ ਅਤੇ ਇਸ ਦੇ ਤਫਤੀਸ਼ੀ ਅਫਸਰ ਐਸ. ਐਚ.ਓ ਸਤਿੰਦਰ ਸਿੰਘ (ਮੌਜੂਦਾ ਐਸ. ਐਚ.ਓ ਜ਼ੀਰਕਪੁਰ) ਸਨ। ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਕੇਸ ਬਹੁਤ ਗੁੰਝਲਦਾਰ ਸੀ ਪਰ ਸਬੂਤਾਂ ਅਤੇ ਲਾਸ਼ ਨੂੰ ਬਰਾਮਦ ਕਰਨ ਵਿੱਚ ਕੁੱਤੇ ਵਲੋਂ ਨਿਭਾਈ ਗਈ ਭੂਮਿਕਾ ਕਾਰਨ ਇਹ ਕੇਸ ਹੱਲ ਹੋ ਗਿਆ।
ਦੂਜੇ ਪਾਸੇ ਜਾਗੀਰ ਸਿੰਘ ਦੇ ਕੇਸ ਦੀ ਪੈਰਵੀ ਕਰਨ ਵਾਲੇ ਐਡਵੋਕੇਟ ਐਚ.ਐੱਸ. ਧਨੋਆ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਇਸ ਮਾਮਲੇ ਵਿੱਚ ਜਾਗੀਰ ਸਿੰਘ ਨੂੰ ਝੂਠਾ ਫਸਾਇਆ ਗਿਆ ਹੈ। ਉਨ੍ਹਾਂ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਮੁਹਾਲੀ ਕੋਰਟ ਦੇ ਫ਼ੈਸਲੇ ਨੂੰ ਉਹ ਹਾਈ ਕੋਰਟ ਵਿੱਚ ਚੁਣੌਤੀ ਦੇਣਗੇ।
ਮ੍ਰਿਤਕ ਦੇਹ ਦੀ ਖੋਜ 'ਚ ਪਾਲਤੂ ਕੁੱਤੇ 'ਰੌਕੀ' ਦੀ ਭੂਮਿਕਾ

ਕਤਲ ਕੇਸ ਨੂੰ ਸੁਲਝਾਉਣ ਵਿੱਚ ਮ੍ਰਿਤਕ ਸੁੱਚਾ ਸਿੰਘ ਦੇ ਪਾਲਤੂ ਕੁੱਤੇ 'ਰੌਕੀ' ਦੀ ਅਹਿਮ ਭੂਮਿਕਾ ਰਹੀ।
20 ਜੂਨ 2021 ਨੂੰ ਜਦੋਂ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀ ਗੁੰਮਸ਼ੁਦਾ ਸੁੱਚਾ ਸਿੰਘ ਦੀ ਭਾਲ ਕਰਦੇ ਹੋਏ ਇੱਕ ਫਾਰਮ ਹਾਊਸ ਨੇੜੇ ਪੁੱਜੇ ਤਾਂ 'ਰੌਕੀ' ਨੇ ਜ਼ਮੀਨ ਸੁੰਘਣੀ ਸ਼ੁਰੂ ਕਰ ਦਿੱਤੀ। ਅਚਾਨਕ ਫਾਰਮ ਹਾਊਸ ਦੀ ਕੰਧ ਕੋਲ ਪਹੁੰਚ ਕੇ 'ਰੌਕੀ' ਇੱਕ ਥਾਂ 'ਤੇ ਖੜ੍ਹਾ ਹੋ ਗਿਆ ਅਤੇ ਭੌਂਕਣਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਜਦੋਂ ਪਰਿਵਾਰਿਕ ਮੈਂਬਰਾਂ ਨੇ ਉਸ ਥਾਂ ਤੋਂ ਮਿੱਟੀ ਹਟਾਈ ਤਾਂ ਅੰਦਰੋਂ ਬਿਨਾਂ ਸਿਰ ਤੋਂ ਧੜ ਤੋਂ ਸੁੱਚਾ ਸਿੰਘ ਦੀ ਲਾਸ਼ ਬਰਾਮਦ ਹੋਈ।
ਅਦਾਲਤ ਦੇ 88 ਪੇਜਾਂ ਦੇ ਫ਼ੈਸਲੇ ਵਿੱਚ ਕੇਸ ਨੂੰ ਸੁਲਝਾਉਣ ਲਈ ਕੁੱਤੇ ਵੱਲੋਂ ਨਿਭਾਈ ਗਈ ਭੂਮਿਕਾ ਦਾ ਜ਼ਿਕਰ ਉਚੇਚੇ ਤੌਰ ਉੱਤੇ ਕੀਤਾ ਗਿਆ ਹੈ।
ਮ੍ਰਿਤਕ ਦੇ ਬੇਟੇ ਸੰਦੀਪ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, "ਜੇਕਰ 'ਰੌਕੀ' ਸਹੀ ਸਮੇਂ 'ਤੇ ਸੁੰਘ ਕੇ ਜਗ੍ਹਾ ਦੀ ਨਿਸ਼ਾਨਦੇਹੀ ਨਾ ਕਰਦਾ ਤਾਂ ਸ਼ਾਇਦ ਪਿਤਾ ਜੀ ਦੀ ਲਾਸ਼ ਕਦੇ ਨਾ ਮਿਲਦੀ ਅਤੇ ਉਹ ਗੁੰਮਸ਼ੁਦਾ ਹੀ ਰਹਿੰਦੇ। ਰੌਕੀ ਦੀ ਸਾਲ 2023 ਵਿੱਚ ਮੌਤ ਹੋ ਚੁੱਕੀ ਹੈ, ਪਰ ਉਸ ਤੋਂ ਪਹਿਲਾਂ ਉਹ ਆਪਣੀ ਵਫ਼ਾਦਾਰੀ ਦਾ ਫ਼ਰਜ਼ ਅਦਾ ਕਰ ਗਿਆ।"
ਪਰਿਵਾਰ ਦਾ ਦਰਦ: "ਸਾਨੂੰ ਦੋ ਵਾਰ ਕਰਨਾ ਪਿਆ ਸਸਕਾਰ"

ਸੁੱਚਾ ਸਿੰਘ ਦੀ ਪਤਨੀ ਸੁਨੀਤਾ ਦੇਵੀ ਨੇ ਦੱਸਿਆ ਕਿ ਉਸ ਦੀਆਂ ਦੋ ਬੇਟੀਆਂ ਹਨ ਅਤੇ ਇੱਕ ਬੇਟਾ ਅਤੇ ਉਹ ਖ਼ੁਦ ਆਸ਼ਾ ਵਰਕਰ ਵਜੋਂ ਕੰਮ ਕਰਦੀ ਹੈ। ਉਸ ਨੇ ਅਦਾਲਤ ਦੇ ਫ਼ੈਸਲੇ ਉੱਤੇ ਨਾਖੁਸ਼ੀ ਪ੍ਰਗਟਾਉਂਦੇ ਹੋਏ ਦੱਸਿਆ ਕਿ ਉਹ ਚਾਹੁੰਦੇ ਸਨ ਕਿ ਜਾਗੀਰ ਸਿੰਘ ਉਰਫ਼ ਘੋਲਾ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਕਿਉਂਕਿ ਉਸ ਨੇ ਬੇਰਹਿਮੀ ਨਾਲ ਉਸ ਦੇ ਪਤੀ ਦਾ ਕਤਲ ਕੀਤਾ ਹੈ।
ਉਨ੍ਹਾਂ ਨੇ ਭਰੇ ਮੰਨਿਆ ਨਾਲ ਦੱਸਿਆ: "ਮੈਨੂੰ ਆਪਣੇ ਪਤੀ ਦਾ ਸਸਕਾਰ ਦੋ ਵਾਰ ਕਰਨਾ ਪਿਆ। ਪਹਿਲਾਂ ਬਿਨਾਂ ਸਿਰ ਤੋਂ ਧੜ ਦਾ ਸਸਕਾਰ ਕੀਤਾ ਅਤੇ ਕੁਝ ਦਿਨਾਂ ਬਾਅਦ ਜਦੋਂ ਧੌਣ ਬਰਾਮਦ ਹੋਈ ਤਾਂ ਉਸ ਦਾ ਵੱਖਰਾ ਸਸਕਾਰ ਕਰਨਾ ਪਿਆ।"
ਸੁਨੀਤਾ ਦੇਵੀ ਮੁਤਾਬਕ ਉਨ੍ਹਾਂ ਦੇ ਪਾਲਤੂ ਕੁੱਤੇ 'ਰੌਕੀ' ਨੇ ਲਾਸ਼ ਨੂੰ ਲੱਭਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਉਸ ਤੋਂ ਬਾਅਦ ਹੀ ਕਾਤਲ ਗ੍ਰਿਫਤਾਰ ਕੀਤੇ ਗਏ।
ਉਨ੍ਹਾਂ ਦੱਸਿਆ ਅਕਸਰ 'ਰੌਕੀ' ਉਸ ਦੇ ਪਤੀ ਨਾਲ ਜਾਂਦਾ ਸੀ, ਜਿਸ ਦਿਨ ਉਹ ਗ਼ਾਇਬ ਹੋਇਆ ਉਸ ਦਿਨ ਉਹ ਨਾਲ ਨਹੀਂ ਸੀ ਪਰ ਉਸ ਨੇ ਮਾਲਕ ਦੀ ਲਾਸ਼ ਲੱਭਣ ਵਿੱਚ ਅਹਿਮ ਕੰਮ ਕੀਤਾ।
ਅਦਾਲਤ ਵੱਲੋਂ ਦਿੱਤੇ 1 ਲੱਖ ਰੁਪਏ ਦੇ ਮੁਆਵਜ਼ੇ ਬਾਰੇ ਗੱਲ ਕਰਦਿਆਂ ਸੁਨੀਤਾ ਦੇਵੀ ਨੇ ਕਿਹਾ ਕਿ ਪਤੀ ਦੀ ਮੌਤ ਤੋਂ ਬਾਅਦ ਘਰ ਦੀ ਆਮਦਨ ਬੰਦ ਹੋ ਗਈ ਹੈ। ਉਹ ਮਹਿਜ਼ 2,500 ਰੁਪਏ ਮਹੀਨਾ ਤਨਖ਼ਾਹ 'ਤੇ ਆਸ਼ਾ ਵਰਕਰ ਵਜੋਂ ਕੰਮ ਕਰਦੀ ਹੈ ਅਤੇ ਬੱਚਿਆਂ ਦੇ ਵਿਆਹ ਅਜੇ ਬਾਕੀ ਹਨ, ਇਸ ਕਰਕੇ ਇੰਨੇ ਘੱਟ ਪੈਸਿਆਂ ਦਾ ਉਹ ਕੀ ਕਰੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ




















