'ਦਿੱਲੀ ਦੇ ਕਾਕਰੋਚਾਂ ਨੂੰ ਇਨਕਲਾਬੀ ਕਹਿੰਦੇ, ਆਪਣੇ ਕਾਕਰੋਚ ਨੂੰ ਜੇਲ੍ਹ 'ਚ ਸੁੱਟ ਕੇ ਭੁੱਲ ਚੁੱਕੇ ਹਾਂ'-ਮੁਹੰਮਦ ਹਨੀਫ਼ ਦਾ ਵਲੌਗ

ਵਿਦਿਆਰਥੀਆਂ ਦਾ ਅੰਦੋਲਨ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਜੰਤਰ ਮੰਤਰ 'ਤੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਅਜੇ ਵੀ ਜਾਰੀ ਹੈ
    • ਲੇਖਕ, ਮੁਹੰਮਦ ਹਨੀਫ਼
    • ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਪ੍ਰਦਰਸ਼ਨ, ਭੁੱਖ ਹੜਤਾਲਾਂ ਦਿੱਲੀ 'ਚ ਹੋਰ ਰਹੀਆਂ ਨੇ, ਇਨਕਲਾਬ ਦੇ ਤਰਾਨੇ ਜੰਤਰ-ਮੰਤਰ 'ਤੇ ਵੱਜ ਰਹੇ ਨੇ, ਲੇਕਿਨ ਇੱਥੇ ਸਾਡੇ ਪਾਕਿਸਤਾਨੀ ਭਰਾ ਅਤੇ ਭੈਣਾਂ ਖੁਸ਼ ਨੇ ਕਿ ਚਲੋ ਆਖਿਰ ਕਿਸੇ ਨੇ ਮੋਦੀ ਸਰਕਾਰ ਨੂੰ ਲਲਕਾਰਿਆ ਤਾਂ ਸਹੀ।

ਬਾਕੀ ਦੇ ਇਹ ਪੁੱਛੀ ਜਾਂਦੇ ਨੇ ਕਿ ਸਾਡੇ ਸਟੂਡੈਂਟਸ ਕਿੱਥੇ ਨੇ? ਸਾਡੇ ਜਵਾਨ ਕਿਉਂ ਨਹੀਂ ਘਰੋਂ ਨਿਕਲਦੇ? ਸਾਡੇ ਕਾਕਰੋਚ ਕਿੱਥੇ ਗਾਇਬ ਹੋ ਗਏ ਨੇ?

ਭਾਰਤ 'ਚ ਇਹ (ਵਿਰੋਧ) ਉਦੋਂ ਹੋਣਾ ਸ਼ੁਰੂ ਹੋਇਆ ਸੀ ਜਦੋਂ ਉਨ੍ਹਾਂ ਦੇ ਵੱਡੇ ਜੱਜ ਨੇ ਇਹ ਕਿਹਾ ਕਿ 'ਵਿਹਲੇ ਤੇ ਬੇਰੋਜ਼ਗਾਰ ਨੌਜਵਾਨ ਕਾਕਰੋਚ ਨੇ'। ਜੰਤਰ-ਮੰਤਰ 'ਤੇ ਉਦੋਂ ਪਹੁੰਚਿਆ ਜਦੋਂ ਮੈਡੀਕਲ ਕਾਲਜਾਂ ਦੇ ਇਮਤਿਹਾਨ ਵਿੱਚ ਗਫ਼ਲੇ ਹੋਏ।

ਅਸੀਂ, ਅਸਲੀ ਦੁਸ਼ਮਣ ਆਪਣੀ ਥਾਂ 'ਤੇ ਹਾਂ ਪਰ ਭਾਰਤ-ਪਾਕਿਸਤਾਨ ਦੇ ਗਰੀਬ ਦੀ ਕਹਾਣੀ ਇੱਕੋ ਥਾਂ 'ਤੇ ਹੈ। ਜੇ ਵਿਹਲੇ ਤੇ ਨੌਕਰੀਆਂ ਲੱਭਦੇ ਨੌਜਵਾਨ ਦੇਖੋ ਤਾਂ ਪਾਕਿਸਤਾਨ 'ਚ ਹਰ ਚੌਥਾ ਨੌਜਵਾਨ ਕਾਕਰੋਚ ਹੈ।

'ਪਾਕਿਸਤਾਨ ਦੇ ਕਾਕਰੋਚ ਦੀ ਕਹਾਣੀ'

ਮੁਹੰਮਦ ਹਨੀਫ਼

ਤਸਵੀਰ ਸਰੋਤ, Mohammad Hanif

ਤਸਵੀਰ ਕੈਪਸ਼ਨ, ਸੀਨੀਅਰ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼

ਗਰੀਬ ਦੀ ਲਾਟਰੀ ਉਦੋਂ ਹੀ ਨਿੱਕਲਦੀ ਹੈ ਜਦੋਂ ਉਸਦੇ ਧੀ-ਪੁੱਤ ਪੜ੍ਹਾਕੂ ਨਿੱਕਲ ਆਵੇ, ਸੀਐਸਐਸ ਦਾ ਇਮਤਿਹਾਨ ਪਾਸ ਕਰ ਲਵੇ ਜਾਂ ਮਿਹਨਤਾਂ ਕਰਕੇ ਡਾਕਟਰ ਬਣ ਜਾਵੇ।

ਅਗਰ ਮਜ਼ਦੂਰਾਂ ਦੇ ਘਰ ਚੋਂ ਇੱਕ ਬੱਚਾ ਬੱਚੀ ਵੀ ਡਾਕਟਰ ਬਣ ਜਾਏ ਤੇ ਉਨ੍ਹਾਂ ਦੀਆਂ ਨਸਲਾਂ ਦਾ ਨਸੀਬ ਬਦਲ ਜਾਂਦਾ ਹੈ।

ਨਹੀਂ ਤਾਂ ਮਜ਼ਦੂਰਾਂ ਦੇ ਬੱਚੇ ਜਾਂ ਤਾਂ ਸਾਰੀ ਉਮਰ ਮਜ਼ਦੂਰੀ ਲੱਭਦੇ ਰਹਿੰਦੇ ਨੇ ਜਾਂ ਮਜ਼ਦੂਰੀ ਕਰਦੇ ਕਰਦੇ ਬੁੱਢੇ ਹੋ ਜਾਂਦੇ ਨੇ।

ਤੇ ਹੁਣ ਪਾਕਿਸਤਾਨ ਦੇ ਕਾਕਰੋਚ ਦੀ ਕਹਾਣੀ ਸੁਣ ਲਓ। ਇਹ ਗਰੀਬ ਦੀ ਲਾਟਰੀ ਦਾ ਕਿੱਸਾ ਵੀ ਹੈ। ਕਹਾਣੀ ਪੁਰਾਣੀ ਹੈ, ਸ਼ਾਇਦ ਤੁਸੀਂ ਸੁਣੀ ਹੋਵੇ ਲੇਕਿਨ ਭੁੱਲ ਗਏ ਹੋਵੋਗੇ। ਇਸ ਲਈ ਦੁਬਾਰਾ ਸੁਣਾ ਦਿੰਦਾ ਹਾਂ।

ਜਨੂਬੀ ਪੰਜਾਬ ਵਿੱਚ ਇੱਕ ਮਿਹਨਤਕਸ਼ ਦੀ ਲਾਟਰੀ ਨਿੱਕਲ ਆਈ। ਉਹਦਾ ਮੁੰਡਾ ਬੜਾ ਪੜ੍ਹਾਕੂ ਨਿੱਕਲ ਆਇਆ।

ਉਹਦਾ ਨਾਂ ਸੀ ਜੁਨੈਦ ਹਫੀਜ਼। ਬਚਪਨ ਤੋਂ ਹੀ ਕਿਤਾਬੀ ਕੀੜਾ। ਪਹਿਲਾਂ ਸਕੂਲ ਦਾ ਹਰ ਇਮਤਿਹਾਨ, ਫਿਰ ਬੋਰਡ ਦਾ ਹਰ ਇਮਤਿਹਾਨ ਟਾਪ ਕਰੀ ਜਾਏ।

ਪਾਕਿਸਤਾਨ ਦੇ ਸਭ ਤੋਂ ਪ੍ਰਮੰਨੇ ਮੈਡੀਕਲ ਕਾਲਜ, ਕਿੰਗ ਐਡਵਰਡ ਮੈਡੀਕਲ ਕਾਲਜ ਵਿੱਚ ਦਾਖਲਾ ਹੋ ਗਿਆ। ਉੱਥੇ ਵੀ ਢਾਈ ਸਾਲ ਤੱਕ ਟਾਪੋ-ਟਾਪ ਪੜ੍ਹਾਈ ਕਰਦਾ ਰਿਹਾ।

'...ਤੇ ਗਰੀਬ ਮਾਂ-ਪਿਓ ਦੀ ਲਾਟਰੀ ਪੁੱਠੀ ਪੈ ਗਈ'

ਵਿਦਿਆਰਥੀਆਂ ਦਾ ਅੰਦੋਲਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਨ੍ਹਾਂ ਸਾਰਿਆਂ ਦੀ ਇੱਕ ਮੁੱਖ ਮੰਗ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਹੈ

ਫਿਰ ਕਿਤੇ ਮੁੰਡੇ ਨੇ ਦੋ ਚਾਰ ਨਾਵਲ ਪੜ੍ਹ ਲਏ, ਸ਼ਾਇਰੀ ਸੁਣੀ, ਕੁਝ ਫਿਲਮਾਂ ਵੇਖੀਆਂ। ਮੁੰਡੇ ਨੂੰ ਲੱਗਿਆ ਕਿ ਡਾਕਟਰ ਤਾਂ ਇੱਥੇ ਬੜੇ ਬਣੇ ਫਿਰਦੇ ਨੇ, ਮੈਂ ਤਾਂ ਕਿਤਾਬਾਂ ਪੜ੍ਹਾਂਗਾ ਤਾਂ ਲਿਖਾਂਗਾ, ਸ਼ਾਇਰੀ ਕਰਾਂਗਾ, ਫਿਲਮਾਂ ਬਣਾਵਾਂਗਾ।

ਉਹ ਇਸ ਕੰਮ 'ਚ ਵੀ ਬੜਾ ਲਾਇਕ ਨਿਕਲ ਆਇਆ। ਸਾਹਿਤ ਵਿੱਚ ਐਮਏ ਕੀਤੀ, ਫਿਰ ਫੁਲਬ੍ਰਾਈਟ ਸਕਾਲਰਸ਼ਿਪ ਜਿੱਤੀ। ਅਮਰੀਕਾ ਪੜ੍ਹਨ ਚਲਾ ਗਿਆ।

ਇੱਥੇ ਕਿਸੇ ਨੂੰ ਯੂਰਪ ਅਮਰੀਕਾ ਦਾ ਵੀਜ਼ਾ ਮਿਲ ਜਾਏ ਤੇ ਉਹ ਪਰਤ ਕੇ ਪਿੱਛੇ ਨਹੀਂ ਵੇਖਦਾ। ਸਾਡਾ ਕਾਬਲ ਕਾਕਰੋਚ ਅਮਰੀਕਾ ਵਿੱਚ ਸਕਾਲਰਸ਼ਿਪ 'ਤੇ ਪੜ੍ਹਾਈ ਪੂਰੀ ਕਰਕੇ, ਨਾਲ ਕਿਤਾਬਾਂ ਦੀ ਪੰਡ ਬੰਨ੍ਹ ਕੇ ਵਾਪਸ ਆ ਗਿਆ।

ਮੁਲਤਾਨ ਦੀ ਯੂਨੀਵਰਸਿਟੀ ਵਿੱਚ ਫਿਰ ਪੜ੍ਹਾਈ ਸ਼ੁਰੂ ਕੀਤੀ, ਨਾਲ ਪੜ੍ਹਾਉਣਾ ਵੀ ਸ਼ੁਰੂ ਕਰ ਦਿੱਤਾ।

ਪੜ੍ਹਾਕੂਆਂ ਤੋਂ ਸਾੜ ਖਾਣਾ ਕਾਲਜਾਂ ਤੇ ਯੂਨੀਵਰਸਿਟੀਆਂ ਦੀ ਪੁਰਾਣੀ ਰੀਤ ਹੈ। ਇਹਦੇ ਕੋਲੋਂ ਵੀ ਕੋਈ ਸਾੜ ਖਾ ਗਿਆ।

ਉਸ 'ਤੇ ਕਿਸੇ ਨੇ ਗੁਸਤਾਖੀ ਦਾ ਇਲਜ਼ਾਮ ਲਗਾਇਆ ਤੇ ਪਰਚਾ ਕਰਵਾ ਦਿੱਤਾ। ਹੁਣ ਗਰੀਬ ਮਾਂ-ਪਿਓ ਦੀ ਲਾਟਰੀ ਪੁੱਠੀ ਪੈ ਗਈ।

14 ਸਾਲ ਤੋਂ ਮੁੰਡਾ ਜੇਲ੍ਹ ਵਿੱਚ ਹੈ। ਉਨ੍ਹਾਂ 14 ਸਾਲਾਂ 'ਚੋਂ ਕੋਈ 10, 11 ਵਰ੍ਹੇ ਕੈਦ-ਏ-ਤਨਹਾਈ 'ਚ ਕੱਟੇ ਸਨ। ਕਿਉਂਕਿ ਸਰਕਾਰ ਕਹਿੰਦੀ ਹੈ ਕਿ ਇਸਦੀ ਜਾਨ ਨੂੰ ਜੇਲ੍ਹ ਵਿੱਚ ਵੀ ਖਤਰਾ ਹੈ।

'ਕੋਈ ਉਸਦਾ ਕੇਸ ਸੁਣਨ 'ਤੇ ਤਿਆਰ ਨਹੀਂ'

ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਜੰਤਰ-ਮੰਤਰ ਤੋਂ ਕਹਾਣੀ ਚੱਲਦੀ-ਚੱਲਦੀ ਪਾਕਿਸਤਾਨ ਦੇ ਜੇਲ੍ਹ ਦੇ ਸੈੱਲ ਤੱਕ ਪਹੁੰਚਦੀ-ਪਹੁੰਚਦੀ ਲੰਬੀ ਹੋ ਗਈ ਹੈ।

ਲੇਕਿਨ ਜੁਨੈਦ ਹਫੀਜ਼ ਨੂੰ ਵੀ ਜੇਲ੍ਹ 'ਚ 14 ਸਾਲ ਹੋ ਗਏ ਨੇ। ਦੋ ਮਿੰਟ ਹੋਰ ਦਿਓ ਤੇ ਉਹਦੀ ਸਜ਼ਾ ਦਾ ਹਿਸਾਬ-ਕਿਤਾਬ ਵੀ ਸੁਣ ਲਓ।

ਉਸਨੂੰ ਕੈਦ ਦੀ ਸਜ਼ਾ ਹੋਈ ਸੀ ਇੱਕ ਪੰਝੀ (25) ਤੇ ਇੱਕ ਦਸ ਸਾਲ। ਇਹ ਸਜ਼ਾਵਾਂ ਨਾਲ-ਨਾਲ ਚੱਲਦੀਆਂ ਨੇ। ਦਿਨ ਰਾਤ ਦਾ ਵੀ ਹਿਸਾਬ ਹੁੰਦਾ ਹੈ।

ਫਿਰ ਪਾਕਿਸਤਾਨ ਨੇ ਆਪਣੀ 70 ਸਾਲਾ, ਫਿਰ 75 ਸਾਲਾ ਆਜ਼ਾਦੀ ਦਾ ਜਸ਼ਨ ਵੀ ਮਨਾਇਆ। ਇਸ ਮੌਕੇ 'ਤੇ ਕੈਦੀਆਂ ਦੀਆਂ ਸਜ਼ਾਵਾਂ ਘਟਾ ਦਿੱਤੀਆਂ ਗਈਆਂ।

ਤੇ ਸਿੱਧਾ ਜਿਹਾ ਹਿਸਾਬ ਲਾਓ ਤੇ ਜੁਨੈਦ ਹਫੀਜ਼ ਕਦੋਂ ਦੀ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਹੈ। ਪਰ ਨਾਲ ਉਸਨੂੰ ਹੋਈ ਹੈ ਇੱਕ ਸਜ਼ਾ-ਏ-ਮੌਤ।

ਹੁਣ ਫਾਂਸੀ ਦੀ ਸਜ਼ਾ ਸਿਰਫ ਹਾਈ ਕੋਰਟ ਕਨਫਰਮ ਕਰ ਸਕਦਾ ਹੈ ਅਤੇ ਜੇ ਕਨਫਰਮ ਨਾ ਕਰੇ ਤਾਂ ਮੁਲਜ਼ਮ ਨੂੰ ਆਜ਼ਾਦ ਕਰ ਸਕਦਾ ਹੈ।

ਮੁਲਜ਼ਮ ਦੇ ਪਹਿਲੇ ਵਕੀਲ ਦਾ ਕਤਲ ਹੋ ਗਿਆ ਸੀ। ਉਸ ਤੋਂ ਬਾਅਦ ਹੁਣ ਛੇ-ਸੱਤ ਸਾਲ ਤੋਂ ਕੋਈ ਉਸਦਾ ਕੇਸ ਸੁਣਨ ਨੂੰ ਤਿਆਰ ਨਹੀਂ।

ਜੇਕਰ ਕੋਈ ਕੇਸ ਸੁਣੇ ਤਾਂ ਜੁਰਮ ਸਾਬਤ ਹੋ ਜਾਵੇ ਤਾਂ ਫਾਹੇ ਦੇਵੇ, ਜੇ ਨਹੀਂ ਤਾਂ ਉਸਨੂੰ ਆਜ਼ਾਦ ਕਰ ਦੇਵੇ।

ਜਦੋਂ ਜੁਨੈਦ ਹਫੀਜ਼ ਜੇਲ੍ਹ ਗਿਆ ਸੀ, ਉਦੋਂ ਉਹ 26 ਕੁ ਵਰ੍ਹੇ ਦਾ ਸੀ, ਹੁਣ 40 ਸਾਲ ਦਾ ਹੋ ਗਿਆ ਹੈ। ਇਸ ਉਮਰ ਵਿੱਚ ਸਾਡੇ ਆਪਣੇ ਅਤੇ ਕਈ ਜੱਜਾਂ ਦੇ ਬੱਚੇ ਵੀ ਵੱਡੇ ਹੋ ਕੇ ਖੁਦ ਬਾਲ-ਬੱਚਿਆਂ ਵਾਲੇ ਹੋਣ ਵਾਲੇ ਨੇ।

ਲੇਕਿਨ ਅਸੀਂ ਉਸਦਾ ਕੇਸ ਨਹੀਂ ਸੁਣਿਆ।

ਅਸੀਂ ਆਪਣੇ ਲਾਇਕ ਕਾਕਰੋਚ ਨੂੰ ਜੇਲ੍ਹ 'ਚ ਸੁੱਟ ਕੇ ਭੁੱਲ ਚੁੱਕੇ ਹਾਂ

ਵਿਦਿਆਰਥੀਆਂ ਦਾ ਅੰਦੋਲਨ

ਤਸਵੀਰ ਸਰੋਤ, Elke Scholiers/Getty Images

ਤਸਵੀਰ ਕੈਪਸ਼ਨ, ਦਿੱਲੀ 'ਚ ਪ੍ਰਦਰਸ਼ਨ ਕਰ ਰਹੇ ਨੌਜਵਾਨ

ਜੰਤਰ ਮੰਤਰ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਦੀ ਹਮਾਇਤ ਵਿੱਚ ਜਦੋਂ ਅਰੁੰਧਤੀ ਰਾਏ ਬੋਲਦੀ ਹੈ ਤੇ ਅਸੀਂ ਕਹਿੰਦੇ ਹਾਂ ਕਿ ਵੀ ਉਹ ਕਿੰਨੀ ਜੀਦਾਰ ਹੈ।

ਨਸੀਰੂਦੀਨ ਸ਼ਾਹ ਵੀਡੀਓ ਰਿਕਾਰਡ ਕਰਾ ਦਿੰਦਾ ਹੈ ਤੇ ਅਸੀਂ ਉਸਦੀਆਂ ਰੀਲ੍ਹਾਂ ਸ਼ੇਅਰ ਕਰੀ ਜਾਂਦੇ ਹਾਂ। ਲੇਕਿਨ ਆਪਣੇ ਹੀਰੋ ਸਾਨੂੰ ਮਸ਼ਕੂਕ ਲੱਗਦੇ ਨੇ।

ਗੁਸਤਾਖੀ ਦੇ ਇਸ ਤਰ੍ਹਾਂ ਦੇ ਇਲਜ਼ਾਮ ਵਿੱਚ ਹੀ ਤੁਹਾਨੂੰ ਯਾਦ ਹੋਏਗਾ ਕਿ ਪੰਜਾਬ ਦਾ ਗਵਰਨਰ ਕਤਲ ਹੋ ਗਿਆ ਸੀ।

ਉਦੋਂ ਖੌਫ ਇੰਨਾ ਸੀ ਕਿ ਲੋਕ ਉਹਦਾ ਜਨਾਜ਼ਾ ਪੜ੍ਹਨ ਤੋਂ ਡਰਦੇ ਸਨ। ਤੇ ਉਦੋਂ ਇੱਕ ਜੀਦਾਰ ਵਕੀਲ ਸੀ ਸੈਫੁਲ ਮਲੂਕ, ਉਸਨੂੰ ਵੀ ਜਾਨ ਦੀਆਂ ਬੜੀਆਂ ਧਮਕੀਆਂ ਸਨ।

ਲੇਕਿਨ ਉਹਨੇ ਗੱਜ-ਵੱਜ ਕੇ ਕੇਸ ਲੜਿਆ, ਕਾਨੂੰਨ ਦੇ ਮੁਤਾਬਕ ਲੜਿਆ ਅਤੇ ਅਦਾਲਤ 'ਚੋਂ ਨਿਆਂ ਲੈ ਕੇ ਨਿੱਕਲਿਆ।

ਹੁਣ ਜੁਨੈਦ ਹਫੀਜ਼ ਦਾ ਵੀ ਉਹੀ ਵਕੀਲ ਹੈ। ਲੇਕਿਨ ਪਰ ਕੋਈ ਅਦਾਲਤ ਕੇਸ ਸੁਣੇ ਤਾਂ ਕੋਈ ਨਿਆਂ ਹੋਵੇ।

ਸੈਫੁਲ ਮਲੂਕ ਸਾਹਿਬ ਫੁਰਮਾਉਂਦੇ ਨੇ ਕਿ ਜੱਜ ਉਨ੍ਹਾਂ ਲੋਕਾਂ ਤੋਂ ਡਰਦੇ ਨੇ ਅਤੇ ਕੇਸ ਨਹੀਂ ਸੁਣਦੇ, ਜਿਨਾਂ ਨੇ 10, 11 ਸਾਲ ਪਹਿਲਾਂ ਉਨ੍ਹਾਂ ਨੂੰ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਸੀ।

ਜਾਨ ਹਰ ਬੰਦੇ ਨੂੰ ਪਿਆਰੀ ਹੁੰਦੀ ਹੈ। ਲੇਕਿਨ ਸੈਫੁਲ ਮਲੂਕ ਸਾਹਿਬ ਕਹਿੰਦੇ ਨੇ ਵੀ ਇਨ੍ਹਾਂ ਜੱਜਾਂ ਦਾ ਡਰਨਾ ਬਣਦਾ ਕਿਉਂ ਨਹੀਂ? ਕਿਉਂਕਿ ਇਹਨਾਂ ਨੂੰ ਲਾਈਫਟਾਈਮ ਪੁਲਿਸ ਪ੍ਰੋਟੈਕਸ਼ਨ ਹੈ।

ਰਿਟਾਇਰਮੈਂਟ ਤੋਂ ਬਾਅਦ ਵੀ ਸਾਰੀ ਉਮਰ ਪੁਲਿਸ ਦੀ ਗਾਰਡ ਇਨ੍ਹਾਂ ਦੇ ਨਾਲ ਲੱਗੀ ਰਹੇਗੀ। ਅਤੇ ਜਿਹੜੇ ਹੁਣ ਵੀ ਡਰਦੇ ਨੇ, ਉਨ੍ਹਾਂ ਦੇ ਬਾਰੇ 'ਚ ਸਾਡੇ ਸ਼ਾਇਰ ਜੱਫਰ ਇਕਬਾਲ ਸਾਹਿਬ ਫਰਮਾ ਗਏ ਸਨ...

ਕਈ ਮੁਨਸਿਫ਼ੀ ਤੇ ਕਈ ਜੱਜੀ ਓ ਯਾਰ, ਤੈਥੋਂ ਇੱਕ ਵੀ ਛੁੱਟੀ ਨਾ ਬੱਝੀਓ ਯਾਰ।

ਸਾਡੀਆਂ ਮਾਵਾਂ ਵੀ ਸਾਨੂੰ ਸਮਝਾ ਗਈਆਂ ਸਨ ਕਿ ਜੇ ਗੁਆਂਢੀ ਦਾ ਮੂੰਹ ਲਾਲ ਹੋਵੇ ਤਾਂ ਆਪਣੇ ਮੂੰਹ 'ਤੇ ਵੀ ਚਪੇੜਾਂ ਮਾਰ ਕੇ ਲਾਲ ਨਹੀਂ ਕਰ ਲਈਦਾ।

ਅਤੇ ਅਸੀਂ ਵੀ ਦਿੱਲੀ ਦੇ ਕਾਕਰੋਚਾਂ ਨੂੰ ਤਾਂ ਇਨਕਲਾਬੀ ਕਹੀ ਜਾਂਦੇ ਹਾਂ ਪਰ ਆਪਣੇ ਲਾਇਕ ਕਾਕਰੋਚ ਨੂੰ ਅਸੀਂ ਜੇਲ੍ਹ 'ਚ ਸੁੱਟ ਕੇ ਭੁੱਲ ਚੁੱਕੇ ਹਾਂ।

ਰੱਬ ਰਾਖਾ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ।)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)