73 ਸਾਲ ਦੀ ਉਮਰ ਵਿੱਚ ਗਾਂਧੀ ਦੀ 21 ਦਿਨਾਂ ਦੀ ਭੁੱਖ ਹੜਤਾਲ, ਜਦੋਂ ਅੰਗਰੇਜ਼ਾਂ ਨੇ ਅੰਤਿਮ ਸੰਸਕਾਰ ਦੀ ਵੀ ਤਿਆਰੀ ਕਰ ਲਈ ਸੀ

ਤਸਵੀਰ ਸਰੋਤ, Getty Images
- ਲੇਖਕ, ਉਰਵੇਸ਼ ਕੋਠਾਰੀ
- ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਦਿੱਲੀ ਵਿੱਚ ਚੱਲ ਰਹੀ ਭੁੱਖ ਹੜਤਾਲ ਅਤੇ ਅੰਦੋਲਨ ਕਾਰਨ ਮਹਾਤਮਾ ਗਾਂਧੀ ਦੀਆਂ ਭੁੱਖ ਹੜਤਾਲਾਂ ਇੱਕ ਵਾਰ ਫਿਰ ਚਰਚਾ ਵਿੱਚ ਹਨ।
ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਦੀ ਆਲੋਚਨਾ ਕਰਨ ਵਾਲੇ ਕੁਝ ਲੋਕਾਂ ਨੇ ਗਾਂਧੀ ਦੀਆਂ ਭੁੱਖ ਹੜਤਾਲਾਂ ਨੂੰ ਵੀ 'ਜ਼ਿੱਦ' ਜਾਂ 'ਬਲੈਕਮੇਲ' ਕਿਹਾ।
ਦੂਜੇ ਪਾਸੇ, ਕੁਝ ਲੋਕਾਂ ਨੇ ਇਤਿਹਾਸ ਨੂੰ ਨਜ਼ਰਅੰਦਾਜ਼ ਕਰਦਿਆਂ ਇਹ ਰਾਇ ਦਿੱਤੀ ਕਿ ਗਾਂਧੀ ਦੀਆਂ ਭੁੱਖ ਹੜਤਾਲਾਂ ਇਸ ਲਈ ਸਫ਼ਲ ਹੋਈਆਂ ਕਿਉਂਕਿ ਉਨ੍ਹਾਂ ਦੇ ਸਾਹਮਣੇ ਬ੍ਰਿਟਿਸ਼ ਸਰਕਾਰ ਸੀ।
ਪਰ ਸੱਚਾਈ ਇਸ ਤੋਂ ਵੱਖਰੀ ਹੈ। ਗਾਂਧੀ 1915 ਵਿੱਚ ਦੱਖਣੀ ਅਫ਼ਰੀਕਾ ਤੋਂ ਭਾਰਤ ਵਾਪਸ ਆਏ ਸਨ। ਇਸ ਤੋਂ ਬਾਅਦ 30 ਜਨਵਰੀ 1948 ਨੂੰ ਉਨ੍ਹਾਂ ਦਾ ਕਤਲ ਹੋਣ ਤੱਕ ਉਨ੍ਹਾਂ ਨੇ ਲਗਭਗ 30 ਵਾਰ ਭੁੱਖ ਹੜਤਾਲ ਕੀਤੀ।
ਚੰਦੁਲਾਲ ਦਲਾਲ ਨੇ ਆਪਣੀ ਕਿਤਾਬ 'ਗਾਂਧੀ ਜੀ ਦੀ ਦਿਨਵਾਰੀ' ਵਿੱਚ ਗਾਂਧੀ ਦੀਆਂ ਸਾਰੀਆਂ ਭੁੱਖ ਹੜਤਾਲਾਂ ਦਾ ਵੇਰਵਾ ਦਰਜ ਕੀਤਾ ਹੈ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਇਹ ਵੀ ਸੰਭਵ ਹੈ ਕਿ ਗਾਂਧੀ ਦੀਆਂ ਸਾਰੀਆਂ ਭੁੱਖ ਹੜਤਾਲਾਂ ਦਾ ਜਨਤਕ ਐਲਾਨ ਨਾ ਹੋਇਆ ਹੋਵੇ।
ਗਾਂਧੀ ਦੀਆਂ ਭੁੱਖ ਹੜਤਾਲਾਂ ਦੀ ਮਿਆਦ ਇੱਕ ਦਿਨ ਤੋਂ ਲੈ ਕੇ 21 ਦਿਨਾਂ ਤੱਕ ਰਹੀ। ਇੱਕ ਅਹਿਮ ਗੱਲ ਇਹ ਵੀ ਹੈ ਕਿ ਗਾਂਧੀ ਦੀਆਂ ਸਿਰਫ਼ ਚਾਰ ਭੁੱਖ ਹੜਤਾਲਾਂ ਹੀ ਬ੍ਰਿਟਿਸ਼ ਸਰਕਾਰ ਦੇ ਖ਼ਿਲਾਫ਼ ਸਨ।
ਗਾਂਧੀ ਭੁੱਖ ਹੜਤਾਲ ਨੂੰ ਕਿਸੇ ਸਰਕਾਰ ਜਾਂ ਵਿਵਸਥਾ ਦੇ ਖ਼ਿਲਾਫ਼ ਸੱਤਿਆਗ੍ਰਹ ਦਾ ਆਖ਼ਰੀ ਕਦਮ ਮੰਨਦੇ ਸਨ।
ਉਨ੍ਹਾਂ ਨੇ ਕਈ ਵਾਰ ਆਪਣੇ ਹੀ ਸਾਥੀਆਂ ਜਾਂ ਨੇੜਲੇ ਲੋਕਾਂ ਦੀ ਕਿਸੇ ਗ਼ਲਤੀ ਜਾਂ ਕਮੀ ਕਾਰਨ ਭੁੱਖ ਹੜਤਾਲ ਕੀਤੀ ਕਿਉਂਕਿ ਉਹ ਆਪਣੇ ਸਾਥੀਆਂ ਦੇ ਅਜਿਹੇ ਵਿਹਾਰ ਲਈ ਆਪਣੇ ਆਪ ਨੂੰ ਵੀ ਜ਼ਿੰਮੇਵਾਰ ਮੰਨਦੇ ਸਨ।
ਉਨ੍ਹਾਂ ਦੀਆਂ ਭੁੱਖ ਹੜਤਾਲਾਂ ਦਾ ਦੂਜਾ ਵੱਡਾ ਮਕਸਦ ਹਿੰਦੂ-ਮੁਸਲਿਮ ਏਕਤਾ ਨੂੰ ਕਾਇਮ ਰੱਖਣਾ ਅਤੇ ਹਿੰਸਾ ਕਰਨ ਵਾਲਿਆਂ ਦਾ ਵਿਰੋਧ ਕਰਨਾ ਸੀ।
ਹਿੰਦੂ-ਮੁਸਲਿਮ ਏਕਤਾ ਲਈ ਗਾਂਧੀ ਨੇ ਪਹਿਲੀ ਵਾਰ 1924 ਵਿੱਚ 21 ਦਿਨਾਂ ਦੀ ਭੁੱਖ ਹੜਤਾਲ ਕੀਤੀ ਸੀ। ਆਪਣੇ ਕਤਲ ਤੋਂ ਕਰੀਬ ਦੋ ਹਫ਼ਤੇ ਪਹਿਲਾਂ ਵੀ ਉਨ੍ਹਾਂ ਨੇ ਇਸੇ ਮਕਸਦ ਨਾਲ ਆਮਰਣ ਭੁੱਖ ਹੜਤਾਲ ਸ਼ੁਰੂ ਕੀਤੀ ਸੀ।
ਭੁੱਖ ਹੜਤਾਲ ਅਤੇ ਪੂਨਾ ਪੈਕਟ

ਤਸਵੀਰ ਸਰੋਤ, Getty Images
1932 ਵਿੱਚ ਯਰਵਡਾ ਜੇਲ੍ਹ ਵਿੱਚ ਗਾਂਧੀ ਵੱਲੋਂ ਕੀਤੀ ਗਈ ਭੁੱਖ ਹੜਤਾਲ ਨੂੰ ਸਭ ਤੋਂ ਵੱਧ ਵਿਵਾਦਿਤ ਮੰਨਿਆ ਜਾਂਦਾ ਹੈ।
ਇਸ ਦਾ ਕਾਰਨ ਇਹ ਸੀ ਕਿ ਇਹ ਭੁੱਖ ਹੜਤਾਲ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵੱਲੋਂ ਦਲਿਤਾਂ ਲਈ ਐਲਾਨੀ ਵੱਖਰੀ ਚੋਣ ਪ੍ਰਣਾਲੀ ਦੇ ਵਿਰੋਧ ਵਿੱਚ ਸੀ। ਗਾਂਧੀ ਦੀ ਜਾਨ ਬਚਾਉਣ ਲਈ ਡਾ. ਭੀਮਰਾਓ ਅੰਬੇਡਕਰ ਨੇ ਸਮਝੌਤਾ ਕੀਤਾ ਅਤੇ ਹਿੰਦੂ ਆਗੂਆਂ ਨਾਲ ਮਿਲ ਕੇ ਪੂਨਾ ਪੈਕਟ 'ਤੇ ਦਸਤਖ਼ਤ ਕੀਤੇ।
ਇਸ ਸਮਝੌਤੇ ਤੋਂ ਬਾਅਦ ਦਲਿਤਾਂ ਨੂੰ ਵੱਖਰੇ ਚੋਣ ਹਲਕੇ ਨਹੀਂ ਮਿਲੇ, ਸਗੋਂ ਸਾਂਝੀ ਚੋਣ ਪ੍ਰਣਾਲੀ ਵਿੱਚ ਉਨ੍ਹਾਂ ਲਈ ਰਾਖਵੀਆਂ ਸੀਟਾਂ ਦਾ ਪ੍ਰਬੰਧ ਕੀਤਾ ਗਿਆ।
ਹਾਲਾਂਕਿ ਇਹ ਭੁੱਖ ਹੜਤਾਲ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਫ਼ੈਸਲੇ ਦੇ ਵਿਰੋਧ ਵਿੱਚ ਸੀ, ਪਰ ਇਸ ਦਾ ਅਸਲ ਮੁੱਦਾ ਦਲਿਤਾਂ ਦੇ ਹੱਕਾਂ ਅਤੇ ਹਿੱਤਾਂ ਨਾਲ ਜੁੜਿਆ ਹੋਇਆ ਸੀ। ਇਸ ਲਈ ਇਸ ਨੂੰ ਸਿੱਧੇ ਤੌਰ 'ਤੇ ਅੰਗਰੇਜ਼ ਸਰਕਾਰ ਦੇ ਖ਼ਿਲਾਫ਼ ਕੀਤੀ ਗਈ ਭੁੱਖ ਹੜਤਾਲ ਨਹੀਂ ਮੰਨਿਆ ਜਾਂਦਾ।
ਇਸ ਛੇ ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ, ਉਸੇ ਸਾਲ ਦਸੰਬਰ ਵਿੱਚ ਸੱਤਿਆਗ੍ਰਹੀ ਅਤੇ ਸਮਾਜ ਸੁਧਾਰਕ ਅੱਪਾਸਾਹਿਬ ਪਟਵਰਧਨ ਨੇ ਜੇਲ੍ਹ ਵਿੱਚ ਸਫ਼ਾਈ ਕਰਨ ਵਾਲੀ ਟੋਲੀ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ।
ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਤਾਂ ਅੱਪਾਸਾਹਿਬ ਨੇ ਲਗਭਗ ਖਾਣਾ ਛੱਡ ਦਿੱਤਾ। ਉਨ੍ਹਾਂ ਦੇ ਸਮਰਥਨ ਵਿੱਚ ਗਾਂਧੀ ਨੇ ਵੀ 3 ਦਸੰਬਰ 1932 ਨੂੰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।
ਗਾਂਧੀ ਦਾ ਮੰਨਣਾ ਸੀ ਕਿ ਕਿਸੇ ਗ਼ੈਰ-ਦਲਿਤ ਵੱਲੋਂ ਸਫ਼ਾਈ ਦਾ ਕੰਮ ਕਰਨਾ ਛੂਆਛੂਤ ਖ਼ਤਮ ਕਰਨ ਦੀ ਮੁਹਿੰਮ ਦਾ ਹਿੱਸਾ ਹੈ। ਪਰ ਸਰਕਾਰ ਨੇ ਉਸੇ ਦਿਨ ਮਾਮਲੇ ਦੀ ਜਾਂਚ ਕਰਕੇ ਹੱਲ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਗਾਂਧੀ ਨੇ ਇੱਕ ਹੀ ਦਿਨ ਵਿੱਚ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ।
ਇਸ ਤੋਂ ਬਾਅਦ 1933 ਵਿੱਚ ਗਾਂਧੀ ਨੇ ਹੋਰ ਭੁੱਖ ਹੜਤਾਲਾਂ ਕੀਤੀਆਂ, ਜੋ ਵੀ ਛੂਆਛੂਤ ਖ਼ਤਮ ਕਰਨ ਅਤੇ ਦਲਿਤ ਸਮਾਜ ਦੀ ਸੇਵਾ ਨਾਲ ਸਬੰਧਤ ਸਨ।
ਪਹਿਲਾਂ ਜਦੋਂ ਉਹ ਜੇਲ੍ਹ ਵਿੱਚ ਸਨ, ਤਾਂ ਸਰਕਾਰ ਨੇ ਉਨ੍ਹਾਂ ਨੂੰ ਇਸ ਵਿਸ਼ੇ 'ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਸੀ, ਕਿਉਂਕਿ ਉਸ ਵੇਲੇ ਉਨ੍ਹਾਂ ਨੂੰ ਰਾਜਨੀਤਕ ਕੈਦੀ ਦਾ ਦਰਜਾ ਮਿਲਿਆ ਹੋਇਆ ਸੀ।
ਪਰ 1933 ਦੀ ਜੇਲ੍ਹ ਯਾਤਰਾ ਦੌਰਾਨ ਸਰਕਾਰ ਨੇ ਅਜਿਹੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।
ਉਦੋਂ ਗਾਂਧੀ ਨੇ ਮੁੰਬਈ ਸਰਕਾਰ ਦੇ ਗ੍ਰਹਿ ਸਕੱਤਰ ਨੂੰ ਚਿੱਠੀ ਲਿਖ ਕੇ ਕਿਹਾ, "ਯਰਵਡਾ ਸਮਝੌਤੇ (ਪੂਨਾ ਪੈਕਟ) ਤਹਿਤ ਮੈਂ ਜੋ ਸਹੁੰ ਚੁੱਕੀ ਹੈ, ਉਸ ਦੀ ਪਾਲਣਾ ਲਈ ਛੂਆਛੂਤ ਖ਼ਤਮ ਕਰਨ ਦਾ ਕੰਮ ਮੇਰੇ ਜੀਵਨ ਦਾ ਇੱਕ ਅਹਿਮ ਹਿੱਸਾ ਹੈ। ਮੇਰੇ ਪ੍ਰਾਣ ਲਏ ਬਿਨਾਂ ਇਹ ਕੰਮ ਨਹੀਂ ਰੋਕਿਆ ਜਾ ਸਕਦਾ।"
ਉਨ੍ਹਾਂ ਨੇ ਕਈ ਵਾਰ ਅਪੀਲ ਕੀਤੀ, ਪਰ ਸਰਕਾਰ ਨਾ ਮੰਨੀ। ਇਸ ਲਈ ਗਾਂਧੀ ਨੇ 16 ਅਗਸਤ 1933 ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।
ਇਸ ਭੁੱਖ ਹੜਤਾਲ ਦੌਰਾਨ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਗਈ। 20 ਅਗਸਤ ਨੂੰ ਉਨ੍ਹਾਂ ਨੂੰ ਪੁਣੇ ਦੇ ਸਸੂਨ ਹਸਪਤਾਲ ਲੈ ਕੇ ਜਾਣਾ ਪਿਆ।
ਇਸ ਤੋਂ ਬਾਅਦ ਵੀ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ। ਖੁਦ ਗਾਂਧੀ ਨੂੰ ਵੀ ਲੱਗਣ ਲੱਗਾ ਸੀ ਕਿ ਸ਼ਾਇਦ ਹੁਣ ਉਹ ਨਹੀਂ ਬਚਣਗੇ।
21 ਅਗਸਤ ਨੂੰ ਕਸਤੂਰਬਾ ਗਾਂਧੀ ਵੀ ਹਸਪਤਾਲ ਪਹੁੰਚ ਗਏ। ਜਦੋਂ ਸਭ ਨੂੰ ਲੱਗਣ ਲੱਗਾ ਕਿ ਗਾਂਧੀ ਦਾ ਅੰਤ ਨੇੜੇ ਹੈ, ਤਾਂ ਉਨ੍ਹਾਂ ਦੀ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਹਸਪਤਾਲ ਵਿੱਚ ਉਨ੍ਹਾਂ ਦੀ ਦੇਖਭਾਲ ਕਰ ਰਹੇ ਲੋਕਾਂ ਵਿੱਚ ਵੰਡ ਦਿੱਤੀਆਂ ਗਈਆਂ। ਪਰ ਹੌਲੀ-ਹੌਲੀ ਗਾਂਧੀ ਦੀ ਸਿਹਤ ਸੰਭਲਣ ਲੱਗੀ।
23 ਅਗਸਤ ਨੂੰ ਸਰਕਾਰ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ ਵਿੱਚ ਸੰਤਰੇ ਦਾ ਜੂਸ ਪੀ ਕੇ ਆਪਣੀ ਭੁੱਖ ਹੜਤਾਲ ਖ਼ਤਮ ਕੀਤੀ।
ਝੂਠੇ ਇਲਜ਼ਾਮ ਅਤੇ ਜਾਨਲੇਵਾ ਹਾਲਾਤ

ਤਸਵੀਰ ਸਰੋਤ, Getty Images
ਦਸੰਬਰ 1933 ਦੀ ਭੁੱਖ ਹੜਤਾਲ ਤੋਂ ਬਾਅਦ ਗਾਂਧੀ ਨੇ ਲਿਖਿਆ ਸੀ, "ਮੈਂ ਚਾਹਾਂ ਜਾਂ ਨਾ ਚਾਹਾਂ, ਭੁੱਖ ਹੜਤਾਲ ਮੇਰੇ ਲਈ ਰੋਜ਼ਾਨਾ ਦੀ ਗੱਲ ਬਣ ਗਈ ਹੈ। ਇਸ ਵਿੱਚ ਦੁੱਖ ਵਾਲੀ ਕੀ ਗੱਲ ਹੈ? ਭੁੱਖ ਹੜਤਾਲ ਨੂੰ ਮੇਰੇ ਜੀਵਨ ਨਾਲ ਜੁੜੀ ਚੀਜ਼ ਸਮਝਣਾ ਚਾਹੀਦਾ ਹੈ ਅਤੇ ਇਸ ਲਈ ਮੈਨੂੰ ਆਪਣੇ ਸਰੀਰ ਪ੍ਰਤੀ ਮੋਹ ਛੱਡ ਦੇਣਾ ਚਾਹੀਦਾ ਹੈ।" (ਗਾਂਧੀਜੀਨੋ ਅਕਸ਼ਰਦੇਹ, ਭਾਗ 55, ਸਫ਼ਾ 393)
ਇਹ ਲਿਖਣ ਤੋਂ ਕਰੀਬ ਦਸ ਸਾਲ ਬਾਅਦ, ਇੱਕ ਹੋਰ ਭੁੱਖ ਹੜਤਾਲ ਦੌਰਾਨ ਗਾਂਧੀ ਫਿਰ ਮੌਤ ਦੇ ਬਹੁਤ ਨੇੜੇ ਪਹੁੰਚ ਗਏ।
ਅਗਸਤ 1942 ਵਿੱਚ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਕਾਂਗਰਸ ਦੇ ਲਗਭਗ ਸਾਰੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਈ ਥਾਵਾਂ 'ਤੇ ਹਿੰਸਾ ਵੀ ਹੋਈ।
ਸਰਕਾਰ ਨੇ ਇਸ ਹਿੰਸਾ ਅਤੇ ਅਸ਼ਾਂਤੀ ਲਈ ਗਾਂਧੀ ਅਤੇ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ।
ਉਸ ਵੇਲੇ ਦੇ ਵਾਇਸਰਾਏ ਲਾਰਡ ਲਿਨਲਿਥਗੋ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਿਨਸਟਨ ਚਰਚਿਲ ਵਾਂਗ, ਗਾਂਧੀ ਪ੍ਰਤੀ ਬਹੁਤ ਨਕਾਰਾਤਮਕ ਸੋਚ ਰੱਖਦੇ ਸਨ।
ਉਨ੍ਹਾਂ ਦਾ ਮੰਨਣਾ ਸੀ ਕਿ ਦੇਸ਼ ਵਿੱਚ ਫੈਲੀ ਅਸ਼ਾਂਤੀ ਲਈ ਗਾਂਧੀ ਹੀ ਜ਼ਿੰਮੇਵਾਰ ਹਨ। ਇਸ ਮੁੱਦੇ 'ਤੇ ਗਾਂਧੀ ਅਤੇ ਵਾਇਸਰਾਏ ਵਿਚਾਲੇ ਲੰਬਾ ਪੱਤਰ-ਵਿਹਾਰ ਹੋਇਆ।
ਗਾਂਧੀ ਨੇ ਲਿਖਿਆ ਕਿ ਜੇ ਵਾਇਸਰਾਏ ਆਪਣੇ ਇਲਜ਼ਾਮ ਸਾਬਤ ਕਰ ਦੇਣ, ਤਾਂ ਉਹ ਬਿਨਾਂ ਕਿਸੇ ਝਿਜਕ ਦੇ ਆਪਣੀ ਗ਼ਲਤੀ ਮੰਨ ਲੈਣਗੇ। ਪਰ ਜੇ ਇਲਜ਼ਾਮ ਸਾਬਤ ਨਾ ਹੋਣ, ਤਾਂ ਉਨ੍ਹਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ।
ਜਦੋਂ ਵਾਇਸਰਾਏ ਆਪਣੇ ਰੁਖ਼ 'ਤੇ ਅਡੋਲ ਰਹੇ, ਤਾਂ 73 ਸਾਲ ਦੀ ਉਮਰ ਵਿੱਚ ਗਾਂਧੀ ਨੇ ਪੁਣੇ ਦੇ ਆਗਾ ਖ਼ਾਨ ਮਹਿਲ ਵਿੱਚ 21 ਦਿਨਾਂ ਦੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਉਸ ਵੇਲੇ ਇਸ ਥਾਂ ਨੂੰ ਜੇਲ੍ਹ ਵਜੋਂ ਵਰਤਿਆ ਜਾ ਰਿਹਾ ਸੀ।
ਉਸ ਸਮੇਂ ਉਨ੍ਹਾਂ ਦੀ ਸਿਹਤ ਪਹਿਲਾਂ ਹੀ ਕਾਫ਼ੀ ਕਮਜ਼ੋਰ ਸੀ। ਡਾਕਟਰਾਂ ਨੂੰ ਬਿਲਕੁਲ ਉਮੀਦ ਨਹੀਂ ਸੀ ਕਿ ਉਹ ਪੂਰੇ 21 ਦਿਨਾਂ ਦੀ ਭੁੱਖ ਹੜਤਾਲ ਸੁਰੱਖਿਅਤ ਢੰਗ ਨਾਲ ਪੂਰੀ ਕਰ ਸਕਣਗੇ।

ਦੂਜੀ ਜੇਲ੍ਹ ਵਿੱਚ ਬੰਦ ਕਾਂਗਰਸ ਦੇ ਡਾਕਟਰ ਡਾ. ਗਿਲਡਰ ਨੂੰ ਗਾਂਧੀ ਦੀ ਦੇਖਭਾਲ ਲਈ ਬੁਲਾਇਆ ਗਿਆ। ਡਾ. ਸੁਸ਼ੀਲਾ ਨਾਇਰ ਪਹਿਲਾਂ ਹੀ ਉਨ੍ਹਾਂ ਦੇ ਨਾਲ ਸਨ। ਅੰਗਰੇਜ਼ ਡਾਕਟਰ ਮੇਜਰ ਜਨਰਲ ਕੈਂਡੀ ਵੀ ਗਾਂਧੀ ਦੀ ਹਾਲਤ ਨੂੰ ਲੈ ਕੇ ਬਹੁਤ ਚਿੰਤਤ ਸਨ।
10 ਫ਼ਰਵਰੀ ਤੋਂ ਸ਼ੁਰੂ ਹੋਈ ਇਸ ਭੁੱਖ ਹੜਤਾਲ ਦੌਰਾਨ ਗਾਂਧੀ ਦੀ ਸਿਹਤ ਲਗਾਤਾਰ ਵਿਗੜਦੀ ਗਈ। ਮੇਜਰ ਜਨਰਲ ਕੈਂਡੀ ਨੇ ਗਾਂਧੀ ਦੇ ਸਾਥੀਆਂ ਨੂੰ ਵਾਰ-ਵਾਰ ਕਿਹਾ ਕਿ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਪਾਣੀ ਵਿੱਚ ਥੋੜ੍ਹਾ ਜਿਹਾ ਫਲਾਂ ਦਾ ਰਸ ਮਿਲਾ ਦਿੱਤਾ ਜਾਵੇ, ਨਹੀਂ ਤਾਂ ਉਨ੍ਹਾਂ ਦੀ ਜਾਨ ਬਚਾਉਣਾ ਮੁਸ਼ਕਲ ਹੋਵੇਗਾ।
ਪਰ ਗਾਂਧੀ ਦੀ ਇਜਾਜ਼ਤ ਤੋਂ ਬਿਨਾਂ ਅਜਿਹਾ ਕਰਨ ਲਈ ਕੋਈ ਵੀ ਤਿਆਰ ਨਹੀਂ ਸੀ। ਉਨ੍ਹਾਂ ਨੂੰ ਪਾਣੀ ਪੀਣ ਵਿੱਚ ਵੀ ਮੁਸ਼ਕਲ ਹੋ ਰਹੀ ਸੀ।
ਉਨ੍ਹਾਂ ਦੇ ਸਾਹ ਵਿੱਚ ਐਸੀਟੋਨ ਦੀ ਗੰਧ ਆ ਰਹੀ ਸੀ ਅਤੇ ਸਰੀਰ ਵਿੱਚ ਯੂਰੀਮੀਆ ਦੇ ਲੱਛਣ ਦਿਖਾਈ ਦੇ ਰਹੇ ਸਨ, ਜੋ ਗੁਰਦਿਆਂ 'ਤੇ ਗੰਭੀਰ ਅਸਰ ਦਾ ਸੰਕੇਤ ਸਨ।
ਆਖ਼ਰਕਾਰ 21 ਫ਼ਰਵਰੀ ਦੀ ਸ਼ਾਮ ਗਾਂਧੀ ਨੇ ਡਾ. ਸੁਸ਼ੀਲਾ ਨਾਇਰ ਦੀ ਸਲਾਹ ਮੰਨ ਲਈ।
ਡਾ. ਸੁਸ਼ੀਲਾ ਨਾਇਰ ਨੇ ਲਿਖਿਆ ਹੈ, "ਗਾਂਧੀ ਪਹਿਲਾਂ ਹੀ ਕਹਿ ਚੁੱਕੇ ਸਨ ਕਿ ਜੇ ਉਹ ਸਾਦਾ ਪਾਣੀ ਨਾ ਪੀ ਸਕਣ, ਤਾਂ ਉਸ ਨੂੰ ਪੀਣਯੋਗ ਬਣਾਉਣ ਲਈ ਉਸ ਵਿੱਚ ਬਹੁਤ ਥੋੜ੍ਹੀ ਮਾਤਰਾ ਵਿੱਚ ਮੌਸੰਬੀ ਦਾ ਰਸ ਮਿਲਾਇਆ ਜਾ ਸਕਦਾ ਹੈ।" (ਬਾਪੂ ਕੇ ਕਾਰਾਵਾਸ ਕੀ ਕਹਾਨੀ, ਸਫ਼ੇ 278–279)
ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਕੁਝ ਸੁਧਾਰ ਹੋਇਆ। ਪਰ ਡਾਕਟਰਾਂ ਦੀ ਸਲਾਹ ਦੇ ਬਾਵਜੂਦ ਗਾਂਧੀ ਨੇ ਫਿਰ ਰਸ ਦੀ ਮਾਤਰਾ ਘਟਾ ਦਿੱਤੀ।
ਇਸ ਕਾਰਨ ਉਨ੍ਹਾਂ ਦੀ ਹਾਲਤ ਪੂਰੀ ਤਰ੍ਹਾਂ ਠੀਕ ਨਾ ਹੋ ਸਕੀ ਅਤੇ ਡਾਕਟਰ ਲਗਾਤਾਰ ਚਿੰਤਤ ਰਹੇ। ਹਾਲਾਂਕਿ ਇਸ ਤੋਂ ਬਾਅਦ ਕੋਈ ਹੋਰ ਗੰਭੀਰ ਸੰਕਟ ਪੈਦਾ ਨਹੀਂ ਹੋਇਆ।
ਬ੍ਰਿਟਿਸ਼ ਸਰਕਾਰ ਨੇ ਗਾਂਧੀ ਦੇ ਅੰਤਿਮ ਸੰਸਕਾਰ ਦੀ ਤਿਆਰੀ ਵੀ ਕਰ ਲਈ ਸੀ

ਤਸਵੀਰ ਸਰੋਤ, Getty Images
ਇਸ ਭੁੱਖ ਹੜਤਾਲ ਦੌਰਾਨ ਨਾ ਸਿਰਫ਼ ਵਾਇਸਰਾਏ, ਸਗੋਂ ਬ੍ਰਿਟੇਨ ਦੀ ਸਰਕਾਰ ਨੇ ਵੀ ਗਾਂਧੀ ਦੀ ਮੌਤ ਦੇ ਖਦਸ਼ੇ ਨੂੰ ਦੇਖਦੇ ਹੋਏ ਪੂਰੀ ਤਿਆਰੀ ਕਰ ਲਈ ਸੀ।
ਗਾਂਧੀ ਦੀ ਕਰੀਬੀ ਸਹਿਯੋਗੀ ਮੀਰਾਬੇਨ ਨੇ ਆਪਣੀਆਂ ਯਾਦਾਂ ਵਿੱਚ ਲਿਖਿਆ ਹੈ, "ਬਾਅਦ ਵਿੱਚ ਪਤਾ ਲੱਗਾ ਕਿ ਸਰਕਾਰ ਨੇ ਅੰਤਿਮ ਸੰਸਕਾਰ ਲਈ ਚੰਦਨ ਅਤੇ ਹੋਰ ਲੱਕੜਾਂ ਵੀ ਮੰਗਵਾ ਲਈਆਂ ਸਨ। ਇੱਥੋਂ ਤੱਕ ਕਿ ਅੰਤਿਮ ਯਾਤਰਾ ਕਿਸ ਰਸਤੇ ਤੋਂ ਲੰਘੇਗੀ, ਇਸ ਦੀ ਵੀ ਯੋਜਨਾ ਬਣਾ ਲਈ ਗਈ ਸੀ।"
ਉਨ੍ਹਾਂ ਨੇ ਅੱਗੇ ਲਿਖਿਆ, "ਇਸ ਦੇ ਨਾਲ ਹੀ ਪੂਰੇ ਦੇਸ਼ ਦੇ ਸਰਕਾਰੀ ਅਧਿਕਾਰੀਆਂ ਨੂੰ ਚੌਕਸ ਰਹਿਣ ਅਤੇ ਗਾਂਧੀ ਦੀ ਮੌਤ ਤੋਂ ਬਾਅਦ ਜੇ ਕਿਤੇ ਦੰਗੇ ਜਾਂ ਅਸ਼ਾਂਤੀ ਫੈਲਦੀ ਹੈ ਤਾਂ ਉਸ ਨੂੰ ਤੁਰੰਤ ਕਾਬੂ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਸਨ।" (ਇੱਕ ਸਾਧਿਕਾ ਦੀ ਜੀਵਨ ਯਾਤਰਾ, ਸਫ਼ੇ 234–235)
ਸਰਕਾਰ ਦੇ ਖ਼ਿਲਾਫ਼ ਭੁੱਖ ਹੜਤਾਲ ਬਾਰੇ ਗਾਂਧੀ ਨੇ ਲਿਖਿਆ ਸੀ, "ਜਦੋਂ ਕੋਈ ਸੱਤਿਆਗ੍ਰਹੀ ਹਾਲਤ ਵਿੱਚ ਹੋਵੇ, ਸੱਤਿਆਗ੍ਰਹ ਦਾ ਕੋਈ ਹੋਰ ਰਾਹ ਉਸ ਲਈ ਸੰਭਵ ਨਾ ਹੋਵੇ ਅਤੇ ਸੱਤਾ ਵੱਲੋਂ ਕੀਤਾ ਜਾ ਰਿਹਾ ਅਨਿਆਂ ਉਸ ਨੂੰ ਇੰਨਾ ਅਸਹਿਣਯੋਗ ਲੱਗੇ ਕਿ ਉਸ ਨੂੰ ਸਹਿੰਦੇ ਹੋਏ ਜੀਣਾ ਨੈਤਿਕ ਤੌਰ 'ਤੇ ਖੋਖਲਾ ਜੀਵਨ ਬਣ ਜਾਵੇ, ਤਾਂ ਉਹ ਆਪਣੀ ਜਾਨ ਦਾਅ 'ਤੇ ਲਾਉਣ ਦੀ ਤਿਆਰੀ ਨਾਲ ਭੁੱਖ ਹੜਤਾਲ ਸ਼ੁਰੂ ਕਰਦਾ ਹੈ।"
ਗਾਂਧੀ ਨੇ ਆਪਣੇ ਲੇਖਾਂ ਅਤੇ ਚਿੱਠੀਆਂ ਵਿੱਚ ਭੁੱਖ ਹੜਤਾਲ ਦੇ ਸਿਧਾਂਤ ਬਾਰੇ ਵਿਸਥਾਰ ਨਾਲ ਲਿਖਿਆ ਹੈ। ਪਰ ਉਨ੍ਹਾਂ ਦੇ ਕਿਸੇ ਵੀ ਲੇਖ ਨੂੰ ਅੱਜ ਦੇ ਸਮੇਂ ਵਿੱਚ ਹੋਣ ਵਾਲੀ ਕਿਸੇ ਭੁੱਖ ਹੜਤਾਲ ਦੇ ਹੱਕ ਜਾਂ ਵਿਰੋਧ ਵਿੱਚ ਸਿੱਧੇ ਤੌਰ 'ਤੇ ਵਰਤਣਾ ਠੀਕ ਨਹੀਂ ਹੋਵੇਗਾ।
ਉਨ੍ਹਾਂ ਲੇਖਾਂ ਨੂੰ ਗਾਂਧੀ ਦੇ ਵਿਚਾਰਾਂ, ਉਨ੍ਹਾਂ ਦੇ ਨੈਤਿਕ ਨਜ਼ਰੀਏ ਅਤੇ ਉਨ੍ਹਾਂ ਦੇ ਫ਼ੈਸਲਿਆਂ ਨੂੰ ਸਮਝਣ ਲਈ ਹੀ ਪੜ੍ਹਿਆ ਜਾਣਾ ਚਾਹੀਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



















