ਨੇਪਾਲ ’ਚ ਅਚਾਨਕ ਆਏ ਹੜ੍ਹ ਤੋਂ ਬਾਅਦ 17 ਲਾਸ਼ਾਂ ਬਰਾਮਦ, 100 ਤੋਂ ਜ਼ਿਆਦਾ ਭਾਰਤੀ ਲਾਪਤਾ, ਵਿਦੇਸ਼ ਮੰਤਰੀ ਨੇ ਦੱਸਿਆ ਕਿਵੇਂ ਆਏ ਹੜ੍ਹ

ਨੇਪਾਲ ਵਿੱਚ ਹੜ੍ਹਾਂ ਤੋਂ ਬਾਅਦ ਕੁੱਲ 291 ਵਿਦੇਸ਼ੀ ਸੈਲਾਨੀ ਲਾਪਤਾ ਹਨ।

ਤਸਵੀਰ ਸਰੋਤ, RSS

ਤਸਵੀਰ ਕੈਪਸ਼ਨ, ਨੇਪਾਲ ਵਿੱਚ ਹੜ੍ਹਾਂ ਤੋਂ ਬਾਅਦ ਕੁੱਲ 291 ਵਿਦੇਸ਼ੀ ਸੈਲਾਨੀ ਲਾਪਤਾ ਹਨ।
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਨੇਪਾਲ ਦੇ ਰਸੁਵਾ ਜ਼ਿਲ੍ਹੇ ਵਿੱਚ ਭੋਟੇਕੋਸ਼ੀ ਦਰਿਆ ਵਿੱਚ ਆਏ ਹੜ੍ਹ ਕਾਰਨ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਘੱਟੋ-ਘੱਟ 17 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਨੇਪਾਲ ਟੂਰਿਜ਼ਮ ਬੋਰਡ ਨੇ ਦੱਸਿਆ ਹੈ ਕਿ 291 ਵਿਦੇਸ਼ੀਆਂ ਸਮੇਤ 384 ਸੈਲਾਨੀਆਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ।

ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨੇ ਪ੍ਰਤਿਨਿਧੀ ਸਭਾ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਰਸੂਵਾ ਵਿੱਚ ਆਫ਼ਤ ਦੀ ਸਥਿਤੀ ਭੂਚਾਲ ਦੇ ਨਾਲ ਬਰਫ਼ ਦੀਆਂ ਢਿੱਗਾਂ ਡਿੱਗਣ ਕਾਰਨ ਪੈਦਾ ਹੋਈ ਸੀ ਅਤੇ ਇਸ ਦੀ ਅੱਗੇ ਦੀ ਪੁਸ਼ਟੀ ਕੀਤੀ ਜਾ ਰਹੀ ਹੈ।

ਨੇਪਾਲ ਟੂਰਿਜ਼ਮ ਬੋਰਡ ਦੇ ਅਨੁਸਾਰ, ਵੱਖ-ਵੱਖ ਟ੍ਰੈਵਲ ਏਜੰਸੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਰਸੁਵਾ ਜ਼ਿਲ੍ਹੇ ਵਿੱਚ ਭੋਟੇਕੋਸ਼ੀ ਦਰਿਆ ਵਿੱਚ ਆਏ ਹੜ੍ਹ ਤੋਂ ਬਾਅਦ 291 ਵਿਦੇਸ਼ੀ ਸੈਲਾਨੀ ਅਤੇ 93 ਨੇਪਾਲੀ ਨਾਗਰਿਕ ਲਾਪਤਾ ਹੋ ਗਏ ਹਨ ਅਤੇ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਰਿਹਾ ਹੈ।

ਬੋਰਡ ਮੁਤਾਬਕ, ਜਿਨ੍ਹਾਂ ਸੈਲਾਨੀਆਂ ਨਾਲ ਸੰਪਰਕ ਨਹੀਂ ਹੋ ਸਕਿਆ, ਉਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ਭਾਰਤ ਦੀ ਹੈ ਅਤੇ 100 ਤੋਂ ਵੱਧ ਭਾਰਤੀ ਇਸ ਵਿੱਚ ਸ਼ਾਮਲ ਹਨ।

ਉੱਤਰੀ ਨੇਪਾਲ ਦੇ ਕੁਝ ਹਿੱਸਿਆਂ ਵਿੱਚ ਆਏ ਭਿਆਨਕ ਹੜ੍ਹ ਤੋਂ ਬਾਅਦ ਜਾਨ-ਮਾਲ ਦੇ ਭਾਰੀ ਨੁਕਸਾਨ ਦਾ ਖਦਸ਼ਾ ਜਤਾਈ ਜਾ ਰਿਹਾ ਹੈ। ਹੜ੍ਹ ਵਿੱਚ ਕਈ ਪਿੰਡ ਵਹਿ ਗਏ ਹਨ ਅਤੇ ਇੱਕ ਪਨਬਿਜਲੀ ਡੈਮ ਸਮੇਤ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ।

ਉੱਤਰੀ ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਤੋਂ ਪ੍ਰਭਾਵਿਤ ਇੱਕ ਪਣ-ਬਿਜਲੀ ਪਲਾਂਟ ਦੇ ਸਾਹਮਣੇ ਮਿੱਟੀ ਅਤੇ ਰੇਤ ਦਾ ਢੇਰ ਜਮ੍ਹਾ ਹੋ ਗਿਆ ਹੈ।

ਤਸਵੀਰ ਸਰੋਤ, Shaktimaya Tamang

ਤਸਵੀਰ ਕੈਪਸ਼ਨ, ਉੱਤਰੀ ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਤੋਂ ਪ੍ਰਭਾਵਿਤ ਇੱਕ ਪਣ-ਬਿਜਲੀ ਪਲਾਂਟ ਦੇ ਸਾਹਮਣੇ ਮਿੱਟੀ ਅਤੇ ਰੇਤ ਦਾ ਢੇਰ ਜਮ੍ਹਾ ਹੋ ਗਿਆ।

ਬੁੱਧਵਾਰ ਸਵੇਰੇ ਤੜਕੇ ਰਾਜਧਾਨੀ ਕਾਠਮੰਡੂ ਦੇ ਉੱਤਰ ਵਿੱਚ ਸਥਿਤ ਰਸੁਵਾ ਖੇਤਰ ਵਿੱਚ ਹੜ੍ਹ ਆ ਗਿਆ। ਇਹ ਖੇਤਰ ਤਿੱਬਤ ਨਾਲ ਲੱਗਦਾ ਹੈ ਅਤੇ ਚੀਨ ਨਾਲ ਨੇਪਾਲ ਦੇ ਮੁੱਖ ਵਪਾਰਕ ਮਾਰਗ 'ਤੇ ਪੈਂਦਾ ਹੈ।

ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਹੜ੍ਹ ਤਿੱਬਤ ਤੋਂ ਨੇਪਾਲ ਵੱਲ ਵਹਿਣ ਵਾਲੀ ਭੋਟੇ ਕੋਸ਼ੀ ਨਦੀ ਵਿੱਚ ਬਰਫ਼ ਪਿਘਲਣ ਕਾਰਨ ਆਇਆ ਸੀ। ਇਸ ਦੇ ਨਾਲ ਹੀ ਤ੍ਰਿਸ਼ੂਲੀ ਨਦੀ ਵਿੱਚ ਵੀ ਹੜ੍ਹ ਆ ਗਿਆ ਹੈ।

ਦਰਿਆ ਦੇ ਹੇਠਲੇ ਇਲਾਕਿਆਂ ਵਿੱਚ ਸਥਿਤ ਕਈ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਰਸੁਵਾ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਨਰਿੰਦਰ ਪਰਿਆਰ ਨੇ ਬੀਬੀਸੀ ਨਿਊਜ਼ ਨੇਪਾਲੀ ਨੂੰ ਦੱਸਿਆ ਕਿ ਅਧਿਕਾਰੀਆਂ ਨੂੰ ਭਾਰੀ ਨੁਕਸਾਨ ਦਾ ਖਦਸ਼ਾ ਹੈ। ਫਿਲਹਾਲ ਨੁਕਸਾਨ ਦੇ ਪੈਮਾਨੇ ਦਾ ਸਹੀ ਅੰਦਾਜ਼ਾ ਲਗਾਉਣਾ ਜਲਦਬਾਜ਼ੀ ਹੋਵੇਗੀ।

ਕਈ ਲੋਕਾਂ ਨੂੰ ਬਚਾਇਆ ਗਿਆ

ਹੜ੍ਹ ਦਾ ਇੱਕ ਦ੍ਰਿਸ਼

ਤਸਵੀਰ ਸਰੋਤ, RSS

ਤਸਵੀਰ ਕੈਪਸ਼ਨ, ਉੱਤਰਗਯਾ ਗ੍ਰਾਮੀਣ ਨਗਰ ਪਾਲਿਕਾ ਵਿੱਚ ਤ੍ਰਿਸ਼ੂਲੀ ਨਦੀ ਦਾ ਨੇੜਲਾ ਖੇਤਰ ਰਸੁਵਾ ਵਿੱਚ ਭੋਟੇਕੋਸ਼ੀ ਨਦੀ ਵਿੱਚ ਆਏ ਹੜ੍ਹ ਨਾਲ ਪ੍ਰਭਾਵਿਤ ਹੋਇਆ ਹੈ।

ਰਾਹਤ ਅਤੇ ਬਚਾਅ ਮੁਹਿੰਮ ਦੌਰਾਨ ਹੁਣ ਤੱਕ 12 ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ।

ਸਸ਼ਸਤ੍ਰ ਪੁਲਿਸ ਬਲ ਨੇ ਕਿਹਾ ਹੈ ਕਿ ਉਸ ਦੇ 13 ਸੁਰੱਖਿਆ ਮੁਲਾਜ਼ਮਾਂ ਦੇ ਲਾਪਤਾ ਹੋਣ ਤੋਂ ਬਾਅਦ ਖੋਜ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਹੈ।

ਸਸ਼ਸਤ੍ਰ ਪੁਲਿਸ ਬਲ ਦੇ ਉਪ-ਬੁਲਾਰੇ ਸ਼ੈਲੇਂਦਰ ਥਾਪਾ ਨੇ ਕਿਹਾ ਕਿ ਰਸੁਵਾ ਦੇ ਮੈਲੁੰਗ ਤੋਂ ਚਾਰ ਅਤੇ ਤਿਮੁਰੇ ਤੋਂ ਨੌਂ ਲੋਕ ਲਾਪਤਾ ਹਨ।

ਉਨ੍ਹਾਂ ਕਿਹਾ, "ਅਸੀਂ ਬਲੰਬੂ ਵਿੱਚ ਸਥਿਤ 100 ਬਿਸਤਰਿਆਂ ਵਾਲੇ ਹਸਪਤਾਲ ਨੂੰ ਤਿਆਰ ਰੱਖਿਆ ਹੋਇਆ ਹੈ।"

ਰਾਸ਼ਟਰਪਤੀ ਰਾਮ ਚੰਦਰ ਪੌਡੇਲ ਨੇ ਕਿਹਾ ਹੈ ਕਿ ਰਸੁਵਾ ਅਤੇ ਨੁਵਾਕੋਟ ਰਾਹੀਂ ਵਹਿਣ ਵਾਲੀਆਂ ਭੋਟੇਕੋਸ਼ੀ ਅਤੇ ਤ੍ਰਿਸ਼ੂਲੀ ਨਦੀਆਂ ਵਿੱਚ ਆਏ ਹੜ੍ਹ ਕਾਰਨ ਹੋਏ ਨੁਕਸਾਨ ਦੀ ਖ਼ਬਰ ਸੁਣ ਕੇ ਉਨ੍ਹਾਂ ਨੂੰ ਡੂੰਘਾ ਦੁੱਖ ਹੋਇਆ ਹੈ।

26 ਅਗਸਤ, 2026 ਨੂੰ ਆਏ ਹੜ੍ਹ ਤੋਂ ਬਾਅਦ ਨੇਪਾਲ ਵਿੱਚ ਨੁਕਸਾਨੀ ਗਈ ਜਾਇਦਾਦ ਅਤੇ ਪਾਣੀ ਨਾਲ ਭਰੀਆਂ ਸੜਕਾਂ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, 26 ਅਗਸਤ, 2026 ਨੂੰ ਆਏ ਹੜ੍ਹ ਤੋਂ ਬਾਅਦ ਨੇਪਾਲ ਵਿੱਚ ਨੁਕਸਾਨੀ ਗਈ ਜਾਇਦਾਦ ਅਤੇ ਪਾਣੀ ਨਾਲ ਭਰੀਆਂ ਸੜਕਾਂ।

ਕਾਠਮੰਡੂ ਵਿੱਚ ਰਹਿਣ ਵਾਲੇ ਚੀਨੀ ਕਾਰੋਬਾਰੀ ਯੀ ਲਿਆਂਗ ਨੇ ਬੀਬੀਸੀ ਨੂੰ ਦੱਸਿਆ, "ਸਾਡੀ ਲੌਜਿਸਟਿਕਸ ਕੰਪਨੀ ਦੇ ਸੱਤ ਕੰਟੇਨਰ ਟਰੱਕ ਉੱਥੇ ਮੌਜੂਦ ਹਨ, ਜਿਨ੍ਹਾਂ ਵਿੱਚ ਸਾਰੇ ਨੇਪਾਲੀ ਕਰਮਚਾਰੀ ਕੰਮ ਕਰਦੇ ਹਨ। ਸਾਡਾ ਉਨ੍ਹਾਂ ਸਭ ਨਾਲ ਸੰਪਰਕ ਟੁੱਟ ਗਿਆ ਹੈ। ਉੱਥੇ ਸਿਗਨਲ ਨਹੀਂ ਹੈ, ਇਸ ਲਈ ਅਸੀਂ ਕਿਸੇ ਨਾਲ ਵੀ ਗੱਲ ਨਹੀਂ ਕਰ ਸਕ ਰਹੇ ਹਾਂ।"

"ਜਿੱਥੋਂ ਤੱਕ ਮੈਨੂੰ ਪਤਾ ਹੈ, ਕੋਈ ਚੇਤਾਵਨੀ ਨਹੀਂ ਦਿੱਤੀ ਗਈ ਸੀ। ਕਦੇ-ਕਦਾਈਂ ਢਿੱਗਾਂ ਡਿੱਗਣ ਅਤੇ ਮਿੱਟੀ ਖਿਸਕਣ ਦੀਆਂ ਘਟਨਾਵਾਂ ਹੁੰਦੀਆਂ ਸਨ, ਖਾਸ ਕਰਕੇ ਮੀਂਹ ਦੇ ਮੌਸਮ ਵਿੱਚ, ਪਰ ਇਹ ਘਟਨਾ ਕਾਫ਼ੀ ਜ਼ਿਆਦਾ ਗੰਭੀਰ ਲੱਗਦੀ ਹੈ।"

ਨੇਪਾਲ ਦੇ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਸੰਵੇਦਨਸ਼ੀਲ ਖੇਤਰਾਂ ਵਿੱਚ ਦਰਿਆ ਦੇ ਕੰਢਿਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।

ਨੇਪਾਲ ਦਾ ਇਤਿਹਾਸਕ ਤ੍ਰਿਸ਼ੂਲੀ ਬਾਜ਼ਾਰ ਪਾਣੀ ਨਾਲ ਭਰ ਗਿਆ ਹੈ।

ਤਸਵੀਰ ਸਰੋਤ, Lenin Ranjit

ਤਸਵੀਰ ਕੈਪਸ਼ਨ, ਨੇਪਾਲ ਦਾ ਇਤਿਹਾਸਕ ਤ੍ਰਿਸ਼ੂਲੀ ਬਾਜ਼ਾਰ ਪਾਣੀ ਨਾਲ ਭਰ ਗਿਆ ਹੈ।

ਸਥਿਤੀ ਦਾ ਜਾਇਜ਼ਾ ਲੈਣ ਲਈ ਐਮਰਜੈਂਸੀ ਮੀਟਿੰਗ ਕਰਨ ਤੋਂ ਬਾਅਦ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, "ਮੈਡੀਕਲ ਟੀਮਾਂ, ਸਕਾਊਟਸ ਅਤੇ ਰੈੱਡ ਕ੍ਰਾਸ ਦੇ ਤਾਲਮੇਲ ਨਾਲ ਲੋੜੀਂਦੇ ਕਦਮ ਚੁੱਕਣ ਦਾ ਕੰਮ ਸ਼ੁਰੂ ਹੋ ਗਿਆ ਹੈ।"

ਅਧਿਕਾਰੀਆਂ ਨੇ ਦੱਸਿਆ ਕਿ ਰਸੁਵਾ ਜ਼ਿਲ੍ਹੇ ਵਿੱਚ ਦੋ ਚੌਕੀਆਂ ਤੋਂ ਪੁਲਿਸ ਦੇ 13 ਅਧਿਕਾਰੀ ਲਾਪਤਾ ਹਨ। ਇਸ ਤੋਂ ਇਲਾਵਾ ਦਰਜਨਾਂ ਹੋਰ ਪੁਲਿਸ ਅਧਿਕਾਰੀਆਂ ਨਾਲ ਵੀ ਸੰਪਰਕ ਨਹੀਂ ਹੋ ਸਕਿਆ ਹੈ।

ਪਿਛਲੇ ਸਾਲ ਰਸੁਵਾ ਵਿੱਚ ਵੀ ਭਿਆਨਕ ਹੜ੍ਹ ਆਇਆ ਸੀ, ਜਿਸ ਵਿੱਚ ਸਰਹੱਦ ਦੇ ਚੀਨੀ ਹਿੱਸੇ ਵਿੱਚ ਇੱਕ ਗਲੇਸ਼ੀਅਰ ਟੁੱਟਣ ਤੋਂ ਬਾਅਦ 18 ਲੋਕਾਂ ਦੀ ਮੌਤ ਹੋ ਗਈ ਸੀ।

ਅਧਿਕਾਰੀਆਂ ਦਾ ਮੰਨਣਾ ਹੈ ਕਿ ਬੁੱਧਵਾਰ ਨੂੰ ਆਈ ਇਹ ਆਫ਼ਤ ਪਿਛਲੇ ਸਾਲ ਦੇ ਹੜ੍ਹ ਨਾਲੋਂ ਕਿਤੇ ਵੱਡੇ ਪੱਧਰ ਦੀ ਹੈ।

ਤ੍ਰਿਸ਼ੂਲੀ ਨਦੀ ਵਿੱਚ ਆਏ ਹੜ੍ਹਾਂ ਨੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਮਚਾਈ ਹੈ।

ਤਸਵੀਰ ਸਰੋਤ, RSS

ਤਸਵੀਰ ਕੈਪਸ਼ਨ, ਤ੍ਰਿਸ਼ੂਲੀ ਨਦੀ ਵਿੱਚ ਆਏ ਹੜ੍ਹਾਂ ਨੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਮਚਾਈ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)