ਕੀ ਮਹਿੰਗਾ ਏਅਰ ਪਿਊਰੀਫਾਇਰ ਸੱਚਮੁੱਚ ਜ਼ਿਆਦਾ ਸਾਫ਼ ਹਵਾ ਦਿੰਦਾ ਹੈ? ਖ਼ਰੀਦਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

ਤਸਵੀਰ ਸਰੋਤ, Joan Cros/NurPhoto via Getty Images
- ਲੇਖਕ, ਸ਼ੁਭ ਰਾਣਾ
- ਰੋਲ, ਬੀਬੀਸੀ ਪੱਤਰਕਾਰ, ਦਿੱਲੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਦਿੱਲੀ-ਐੱਨਸੀਆਰ ਵਿੱਚ ਹਵਾ ਪ੍ਰਦੂਸ਼ਣ ਵਧਣ ਦੇ ਨਾਲ ਸਾਫ਼ ਹਵਾ ਦੀ ਭਾਲ ਹੁਣ ਸਿਰਫ਼ ਘਰਾਂ ਦੇ ਬਾਹਰ ਤੱਕ ਸੀਮਤ ਨਹੀਂ ਰਹੀ ਹੈ। ਲੋਕ ਆਪਣੇ ਘਰਾਂ ਦੇ ਅੰਦਰ ਦੀ ਹਵਾ ਨੂੰ ਵੀ ਸਾਫ਼ ਰੱਖਣ ਲਈ ਏਅਰ ਪਿਊਰੀਫਾਇਰ ਦੀ ਵਰਤੋਂ ਕਰ ਰਹੇ ਹਨ।
ਏਅਰ ਪਿਊਰੀਫਾਇਰ ਇੱਕ ਅਜਿਹੀ ਮਸ਼ੀਨ ਹੈ, ਜੋ ਕਮਰੇ ਦੀ ਹਵਾ ਨੂੰ ਫਿਲਟਰ ਕਰਕੇ ਉਸ ਵਿੱਚ ਮੌਜੂਦ ਧੂੜ, ਧੂੰਏਂ ਅਤੇ ਪ੍ਰਦੂਸ਼ਣ ਦੇ ਬਾਰੀਕ ਕਣਾਂ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ।
ਬਾਜ਼ਾਰ ਅਤੇ ਆਨਲਾਈਨ ਪਲੇਟਫਾਰਮਾਂ 'ਤੇ ਏਅਰ ਪਿਊਰੀਫਾਇਰ ਲਗਭਗ 999 ਰੁਪਏ ਤੋਂ ਲੈ ਕੇ 80 ਹਜ਼ਾਰ ਰੁਪਏ ਤੱਕ ਦੀ ਕੀਮਤ ਵਿੱਚ ਉਪਲੱਬਧ ਹਨ। ਪਰ ਕੀ ਇਨ੍ਹਾਂ ਦੀ ਕੀਮਤ ਦੇ ਨਾਲ-ਨਾਲ ਇਨ੍ਹਾਂ ਦੀ ਗੁਣਵੱਤਾ ਅਤੇ ਕੰਮ ਕਰਨ ਦੀ ਸਮਰੱਥਾ ਵਿੱਚ ਵੀ ਫ਼ਰਕ ਪੈਂਦਾ ਹੈ?
ਆਖ਼ਰ ਇਹ ਮਸ਼ੀਨਾਂ ਹਵਾ ਨੂੰ ਸਾਫ਼ ਕਿਵੇਂ ਕਰਦੀਆਂ ਹਨ? ਅਤੇ ਆਪਣੇ ਘਰ ਲਈ ਸਹੀ ਏਅਰ ਪਿਊਰੀਫਾਇਰ ਚੁਣਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਅਸੀਂ ਉਨ੍ਹਾਂ ਪਰਿਵਾਰਾਂ ਨਾਲ ਗੱਲ ਕੀਤੀ, ਜੋ ਪਿਛਲੇ ਕੁਝ ਸਾਲਾਂ ਤੋਂ ਆਪਣੇ ਘਰਾਂ ਵਿੱਚ ਏਅਰ ਪਿਊਰੀਫਾਇਰ ਦੀ ਵਰਤੋਂ ਕਰ ਰਹੇ ਹਨ।
ਅਸੀਂ ਬਾਜ਼ਾਰ ਵਿੱਚ ਜਾ ਕੇ ਇਸ ਦੀ ਵਧਦੀ ਮੰਗ ਅਤੇ ਵੱਖ-ਵੱਖ ਮਾਡਲਾਂ ਬਾਰੇ ਵੀ ਸਮਝਣ ਦੀ ਕੋਸ਼ਿਸ਼ ਕੀਤੀ। ਨਾਲ ਹੀ, ਮਾਹਿਰਾਂ ਤੋਂ ਜਾਣਿਆ ਕਿ ਏਅਰ ਪਿਊਰੀਫਾਇਰ ਕਿੰਨਾ ਅਸਰਦਾਰ ਹੈ।
ਘਰ ਦੇ ਅੰਦਰ ਸਾਫ਼ ਹਵਾ ਦੀ ਭਾਲ

ਤਸਵੀਰ ਸਰੋਤ, SHUBH RANA\BBC
ਸ਼ਵੇਤਾ ਮੁਤਾਬਕ, ਪਹਿਲਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵਾਰ-ਵਾਰ ਖੰਘ ਅਤੇ ਜ਼ੁਕਾਮ ਦੀ ਸ਼ਿਕਾਇਤ ਹੁੰਦੀ ਸੀ। ਉਨ੍ਹਾਂ ਦੇ ਸੱਸ-ਸਹੁਰੇ ਨੂੰ ਨੈਬੂਲਾਈਜ਼ਰ ਦੀ ਵਰਤੋਂ ਵੀ ਕਰਨੀ ਪੈਂਦੀ ਸੀ।
ਉਹ ਦੱਸਦੇ ਹਨ ਕਿ ਬਾਹਰ ਨਿੱਕਲਦੇ ਸਮੇਂ ਅਜੇ ਵੀ ਉਨ੍ਹਾਂ ਨੂੰ ਮਾਸਕ ਪਹਿਨਣਾ ਪੈਂਦਾ ਹੈ, ਪਰ ਘਰ ਦੇ ਅੰਦਰ ਸਾਹ ਲੈਣ ਵਿੱਚ ਪਹਿਲਾਂ ਦੇ ਮੁਕਾਬਲੇ ਬਿਹਤਰ ਮਹਿਸੂਸ ਹੁੰਦਾ ਹੈ।
ਸ਼ਵੇਤਾ ਨੇ ਆਪਣੇ ਘਰ ਅਤੇ ਬਾਹਰ ਦੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਵਿੱਚ ਫ਼ਰਕ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਮੁਤਾਬਕ, ਬਾਹਰ ਦਾ ਏਕਿਊਆਈ ਲਗਭਗ 210 ਸੀ, ਜਦਕਿ ਘਰ ਦੇ ਅੰਦਰ ਇਹ ਤਕਰੀਬਨ 30 ਦਰਜ ਕੀਤਾ ਗਿਆ।
ਦਿੱਲੀ ਵਿੱਚ ਰਹਿਣ ਕਾਲੇ 69 ਸਾਲਾ ਸੰਗੀਤਾ ਨਾਕਰਾ ਵੀ ਪਿਛਲੇ ਤਿੰਨ ਸਾਲਾਂ ਤੋਂ ਏਅਰ ਪਿਊਰੀਫਾਇਰ ਦੀ ਵਰਤੋਂ ਕਰ ਰਹੇ ਹਨ।
ਉਹ ਦੱਸਦੇ ਹਨ ਕਿ ਦਿੱਲੀ ਵਿੱਚ ਪ੍ਰਦੂਸ਼ਣ ਵਧਣ ਕਾਰਨ ਹੁਣ ਬਾਹਰ ਘੁੰਮਣਾ ਅਤੇ ਸੈਰ ਕਰਨਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਹੁੰਦੀ ਸੀ ਅਤੇ ਬੈਠਣ-ਉੱਠਣ ਵਰਗੇ ਰੋਜ਼ਾਨਾ ਦੇ ਕੰਮ ਵੀ ਮੁਸ਼ਕਿਲ ਲੱਗਣ ਲੱਗ ਪਏ ਸਨ।
ਉਨ੍ਹਾਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਬੱਚਿਆਂ ਨੇ ਘਰ ਵਿੱਚ ਏਅਰ ਪਿਊਰੀਫਾਇਰ ਲਗਵਾਇਆ।
ਪ੍ਰਦੂਸ਼ਣ ਵਧਣ ਨਾਲ ਏਅਰ ਪਿਊਰੀਫਾਇਰ ਦੀ ਮੰਗ

ਤਸਵੀਰ ਸਰੋਤ, Arvind Yadav/Hindustan Times via Getty Images
ਏਅਰ ਪਿਊਰੀਫਾਇਰ ਦੀ ਵਧਦੀ ਵਰਤੋਂ ਬਾਜ਼ਾਰ ਵਿੱਚ ਵੀ ਦਿਖਾਈ ਦੇ ਰਹੀ ਹੈ।
ਦਿੱਲੀ ਦੀ ਇੱਕ ਦੁਕਾਨ ਚਲਾਉਣ ਵਾਲੇ ਸੰਗੀਤਾ ਮੁਤਾਬਕ, ਪਹਿਲਾਂ ਉਨ੍ਹਾਂ ਦੀ ਦੁਕਾਨ 'ਤੇ ਆਮ ਦਿਨਾਂ ਵਿੱਚ ਤਿੰਨ ਤੋਂ ਚਾਰ ਏਅਰ ਪਿਊਰੀਫਾਇਰ ਵਿਕਦੇ ਸਨ। ਹੁਣ ਇਹ ਗਿਣਤੀ ਵਧ ਕੇ ਰੋਜ਼ਾਨਾ 15 ਤੋਂ 20 ਯੂਨਿਟ ਤੱਕ ਪਹੁੰਚ ਗਈ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਲੋਕ ਏਅਰ ਪਿਊਰੀਫਾਇਰ ਨੂੰ ਲਗਜ਼ਰੀ ਉਤਪਾਦ ਵਜੋਂ ਦੇਖਦੇ ਸਨ, ਪਰ ਹੁਣ ਕਈ ਗਾਹਕ ਇਸ ਨੂੰ ਜ਼ਰੂਰਤ ਸਮਝ ਕੇ ਖ਼ਰੀਦ ਰਹੇ ਹਨ। ਹਾਲਾਂਕਿ, ਇਸ ਦੀ ਕੀਮਤ ਜ਼ਿਆਦਾ ਹੋਣ ਕਾਰਨ ਹਰ ਕੋਈ ਇਸ ਨੂੰ ਨਹੀਂ ਖ਼ਰੀਦ ਸਕਦਾ।
ਸੰਗੀਤਾ ਮੁਤਾਬਕ, ਏਅਰ ਪਿਊਰੀਫਾਇਰ ਦੀ ਮੰਗ ਵਿੱਚ ਸਭ ਤੋਂ ਵੱਧ ਵਾਧਾ ਦੀਵਾਲੀ ਦੇ ਆਸ-ਪਾਸ ਅਤੇ ਉਸ ਤੋਂ ਬਾਅਦ ਦੇਖਣ ਨੂੰ ਮਿਲਦਾ ਹੈ, ਜਦੋਂ ਦਿੱਲੀ-ਐੱਨਸੀਆਰ ਵਿੱਚ ਪ੍ਰਦੂਸ਼ਣ ਦਾ ਪੱਧਰ ਵਧ ਜਾਂਦਾ ਹੈ।
ਬਾਜ਼ਾਰ ਵਿੱਚ ਇਸ ਦੀ ਵਧਦੀ ਮੰਗ ਦੇ ਸੰਕੇਤ ਹੋਰ ਥਾਵਾਂ ਤੋਂ ਵੀ ਮਿਲਦੇ ਹਨ।
'ਦਿ ਇਕਨੌਮਿਕ ਟਾਈਮਜ਼' ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ, ਕੰਸਲਟਿੰਗ ਫਰਮ 'ਦਿ ਨੌਲੇਜ ਕੰਪਨੀ' ਨੇ ਭਾਰਤ ਦੇ ਵਿੱਤੀ ਸਾਲ 2025 ਵਿੱਚ ਏਅਰ ਪਿਊਰੀਫਾਇਰ ਬਾਜ਼ਾਰ ਦਾ ਆਕਾਰ ਲਗਭਗ 320 ਕਰੋੜ ਰੁਪਏ ਹੋਣ ਅੰਦਾਜ਼ਾ ਲਗਾਇਆ ਸੀ।
ਰਿਪੋਰਟ ਵਿੱਚ ਅੰਦਾਜ਼ਾ ਲਗਾਇਆ ਗਿਆ ਸੀ ਕਿ ਵਿੱਤੀ ਸਾਲ 2030 ਤੱਕ ਇਹ ਬਾਜ਼ਾਰ ਵਧ ਕੇ ਇੱਕ ਹਜ਼ਾਰ ਕਰੋੜ ਰੁਪਏ ਦਾ ਹੋ ਸਕਦਾ ਹੈ।
ਇਸੇ ਰਿਪੋਰਟ ਮੁਤਾਬਕ, ਸਾਲ 2025 ਤੱਕ ਦੇਸ਼ ਵਿੱਚ ਏਅਰ ਪਿਊਰੀਫਾਇਰ ਦੀ ਕੁੱਲ ਵਿਕਰੀ ਵਿੱਚ ਦਿੱਲੀ-ਐੱਨਸੀਆਰ ਦੀ ਹਿੱਸੇਦਾਰੀ ਲਗਭਗ 80 ਫ਼ੀਸਦੀ ਸੀ।
ਉੱਥੇ ਹੀ, ਆਨਲਾਈਨ ਪਲੇਟਫਾਰਮ ਐਮਾਜ਼ੌਨ ਇੰਡੀਆ ਨੇ ਨਵੰਬਰ 2026 ਵਿੱਚ ਇੱਕ ਹਫ਼ਤੇ ਦੇ ਅੰਦਰ ਏਅਰ ਪਿਊਰੀਫਾਇਰ ਦੀ ਵਿੱਕਰੀ ਦੁੱਗਣੀ ਹੋਣ ਦੀ ਗੱਲ ਕਹੀ ਸੀ।
ਆਪਣੇ ਘਰ ਲਈ ਸਹੀ ਏਅਰ ਪਿਊਰੀਫਾਇਰ ਕਿਵੇਂ ਚੁਣੀਏ?

ਤਸਵੀਰ ਸਰੋਤ, Pongmanat Tasiri/SOPA Images/LightRocket via Getty Images
ਬਾਜ਼ਾਰ ਵਿੱਚ ਵੱਖ-ਵੱਖ ਆਕਾਰ ਦੇ ਕਮਰਿਆਂ ਲਈ ਵੱਖ-ਵੱਖ ਸਮਰੱਥਾ ਵਾਲੇ ਏਅਰ ਪਿਊਰੀਫਾਇਰ ਉਪਲੱਬਧ ਹਨ।
ਸੰਗੀਤਾ ਮੁਤਾਬਕ, 150 ਤੋਂ 600 ਵਰਗ ਫੁੱਟ ਤੱਕ ਦੇ ਕਮਰਿਆਂ ਲਈ ਏਅਰ ਪਿਊਰੀਫਾਇਰ ਮਿਲਦੇ ਹਨ। ਦੁਕਾਨਾਂ ਵਿੱਚ ਇਨ੍ਹਾਂ ਦੀ ਕੀਮਤ ਲਗਭਗ ਪੰਜ ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਇੰਡੋਰ ਏਅਰ ਕੁਆਲਿਟੀ ਮਾਹਿਰ ਮਾਧਵ ਨਾਰੰਗ ਨੇ ਬੀਬੀਸੀ ਨੂੰ ਦੱਸਿਆ ਕਿ ਏਅਰ ਪਿਊਰੀਫਾਇਰ ਖ਼ਰੀਦਣ ਤੋਂ ਪਹਿਲਾਂ ਇਹ ਦੇਖਣਾ ਜ਼ਰੂਰੀ ਹੈ ਕਿ ਇਸ ਦੀ ਵਰਤੋਂ ਕਿਸ ਜਗ੍ਹਾ ਕਰਨੀ ਹੈ ਅਤੇ ਉਸ ਜਗ੍ਹਾ ਦਾ ਆਕਾਰ ਕਿੰਨਾ ਹੈ।
ਮਾਧਵ ਨਾਰੰਗ ਮੁਤਾਬਕ, ਏਅਰ ਪਿਊਰੀਫਾਇਰ ਚੁਣਦੇ ਸਮੇਂ ਉਸ ਦਾ ਸੀਏਡੀਆਰ ਯਾਨੀ ਕਲੀਨ ਏਅਰ ਡਿਲੀਵਰੀ ਰੇਟ ਦੇਖਣਾ ਚਾਹੀਦਾ ਹੈ।
ਇਹ ਦੱਸਦਾ ਹੈ ਕਿ ਮਸ਼ੀਨ ਇੱਕ ਘੰਟੇ ਵਿੱਚ ਕਿੰਨੀ ਮਾਤਰਾ ਵਿੱਚ ਫਿਲਟਰ ਕੀਤੀ ਹੋਈ ਸਾਫ਼ ਹਵਾ ਉਪਲੱਬਧ ਕਰਵਾ ਸਕਦੀ ਹੈ।
ਸੀਏਡੀਆਰ ਜਿੰਨਾ ਜ਼ਿਆਦਾ ਹੋਵੇਗਾ, ਮਸ਼ੀਨ ਓਨੀ ਹੀ ਤੇਜ਼ੀ ਨਾਲ ਹਵਾ ਨੂੰ ਸਾਫ਼ ਕਰ ਸਕੇਗੀ।
ਏਅਰ ਪਿਊਰੀਫਾਇਰ ਦਾ ਸੀਏਡੀਆਰ ਚੁਣਦੇ ਸਮੇਂ ਕਮਰੇ ਦਾ ਆਕਾਰ ਹੀ ਨਹੀਂ, ਸਗੋਂ ਛੱਤ ਦੀ ਉਚਾਈ ਅਤੇ ਇੱਕ ਘੰਟੇ ਵਿੱਚ ਹਵਾ ਨੂੰ ਕਿੰਨੀ ਵਾਰ ਸਾਫ਼ ਕਰਨਾ ਹੈ, ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।
ਮਿਸਾਲ ਵਜੋਂ, ਜੇਕਰ ਕਮਰੇ ਦਾ ਆਕਾਰ 100 ਵਰਗ ਫੁੱਟ ਅਤੇ ਛੱਤ ਦੀ ਉਚਾਈ 10 ਫੁੱਟ ਹੈ, ਤਾਂ ਇੱਕ ਘੰਟੇ ਵਿੱਚ ਪੰਜ ਵਾਰ ਹਵਾ ਸਾਫ਼ ਕਰਨ ਦੇ ਟੀਚੇ ਲਈ ਲਗਭਗ 140 ਘਣ ਮੀਟਰ ਪ੍ਰਤੀ ਘੰਟਾ ਸੀਏਡੀਆਰ ਦੀ ਲੋੜ ਹੋਵੇਗੀ।
ਹੇਪਾ ਫਿਲਟਰ ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ?

ਤਸਵੀਰ ਸਰੋਤ, Mengshin Lin for The Washington Post via Getty Images
ਏਅਰ ਪਿਊਰੀਫਾਇਰ ਦੀ ਕੀਮਤ ਅਤੇ ਮਾਡਲ ਦੇ ਨਾਲ-ਨਾਲ ਇਨ੍ਹਾਂ ਵਿੱਚ ਵਰਤੇ ਜਾਣ ਵਾਲੇ ਫਿਲਟਰ ਵੀ ਵੱਖ-ਵੱਖ ਹੁੰਦੇ ਹਨ।
ਮਾਧਵ ਨਾਰੰਗ ਮੁਤਾਬਕ, ਕੁਝ ਏਅਰ ਪਿਊਰੀਫਾਇਰਜ਼ ਵਿੱਚ ਸਿਰਫ਼ ਹੈਪਾ ਫਿਲਟਰ ਹੁੰਦਾ ਹੈ, ਜਦਕਿ ਕੁਝ ਵਿੱਚ ਹੈਪਾ ਦੇ ਨਾਲ ਐਕਟੀਵੇਟਿਡ ਕਾਰਬਨ ਫਿਲਟਰ ਵੀ ਲੱਗਿਆ ਹੁੰਦਾ ਹੈ।
ਹੇਪਾ ਦਾ ਪੂਰਾ ਨਾਂ 'ਹਾਈ ਐਫੀਸ਼ੈਂਸੀ ਪਾਰਟੀਕੁਲੇਟ ਏਅਰ' ਹੈ। ਇਹ ਹਵਾ ਵਿੱਚ ਮੌਜੂਦ ਧੂੜ ਅਤੇ ਪ੍ਰਦੂਸ਼ਣ ਦੇ ਬਾਰੀਕ ਕਣਾਂ ਨੂੰ ਰੋਕਣ ਲਈ ਬਣਾਇਆ ਗਿਆ ਫਿਲਟਰ ਹੈ।
ਇਸ ਵਿੱਚ ਫਾਈਬਰ ਦੀਆਂ ਕਈ ਪਰਤਾਂ ਹੁੰਦੀਆਂ ਹਨ, ਜੋ ਹਵਾ ਦੇ ਨਾਲ ਆਉਣ ਵਾਲੇ ਛੋਟੇ-ਛੋਟੇ ਕਣਾਂ ਨੂੰ ਫੜ ਲੈਂਦੀਆਂ ਹਨ।
ਹੇਪਾ ਫਿਲਟਰ ਦੀਆਂ ਵੱਖ-ਵੱਖ ਸ਼੍ਰੇਣੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਐੱਚ13 ਅਤੇ ਐੱਚ14 ਸ਼ਾਮਿਲ ਹਨ।

ਯੂਰਪੀਅਨ ਮਿਆਰ ਈਐੱਨ 1822 ਮੁਤਾਬਕ, ਜਾਂਚ ਦੌਰਾਨ ਐੱਚ13 ਫਿਲਟਰ ਹਵਾ ਵਿੱਚ ਮੌਜੂਦ ਉਨ੍ਹਾਂ ਕਣਾਂ ਵਿੱਚੋਂ ਘੱਟੋ-ਘੱਟ 99.95 ਫ਼ੀਸਦੀ ਨੂੰ ਰੋਕ ਸਕਦਾ ਹੈ, ਜਿਨ੍ਹਾਂ ਨੂੰ ਫੜਨਾ ਸਭ ਤੋਂ ਮੁਸ਼ਕਲ ਹੁੰਦਾ ਹੈ। ਉੱਥੇ ਹੀ, ਐੱਚ14 ਫਿਲਟਰ ਅਜਿਹੇ 99.995 ਫ਼ੀਸਦੀ ਕਣਾਂ ਨੂੰ ਰੋਕ ਸਕਦਾ ਹੈ।
ਹਾਲਾਂਕਿ, ਸਿਰਫ਼ ਫਿਲਟਰ 'ਤੇ ਐੱਚ13 ਜਾਂ ਐੱਚ14 ਲਿਖਿਆ ਹੋਣਾ ਉਸ ਦੀ ਗੁਣਵੱਤਾ ਦੀ ਗਾਰੰਟੀ ਨਹੀਂ ਹੈ।
ਇਹ ਦੇਖਣਾ ਵੀ ਜ਼ਰੂਰੀ ਹੈ ਕਿ ਫਿਲਟਰ ਦੀ ਜਾਂਚ ਕਿਸੇ ਮਾਨਤਾ ਪ੍ਰਾਪਤ ਮਿਆਰ ਤਹਿਤ ਹੋਈ ਹੈ ਜਾਂ ਨਹੀਂ ਅਤੇ ਉਸ ਦੇ ਦਾਅਵੇ ਪ੍ਰਮਾਣਿਤ ਹਨ ਜਾਂ ਨਹੀਂ।
ਦੂਜੇ ਪਾਸੇ, ਐਕਟੀਵੇਟਿਡ ਕਾਰਬਨ ਫਿਲਟਰ ਦਾ ਕੰਮ ਵੱਖਰਾ ਹੈ। ਇਹ ਹਵਾ ਵਿੱਚ ਮੌਜੂਦ ਕੁਝ ਗੈਸਾਂ, ਧੂੰਏਂ ਨਾਲ ਜੁੜੇ ਗੈਸੀ ਪ੍ਰਦੂਸ਼ਕਾਂ ਅਤੇ ਬਦਬੂ ਨੂੰ ਸੋਖਣ ਵਿੱਚ ਮਦਦ ਕਰਦਾ ਹੈ।
ਇਸ ਲਈ ਕਈ ਏਅਰ ਪਿਊਰੀਫਾਇਰ ਵਿੱਚ ਦੋਵੇਂ ਤਰ੍ਹਾਂ ਦੇ ਫਿਲਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਪੰਜ ਹਜ਼ਾਰ ਅਤੇ 50 ਹਜ਼ਾਰ ਰੁਪਏ ਦੇ ਏਅਰ ਪਿਊਰੀਫਾਇਰ ਵਿੱਚ ਫ਼ਰਕ

ਤਸਵੀਰ ਸਰੋਤ, Farooq NAEEM / AFP
ਬਾਜ਼ਾਰ ਵਿੱਚ ਏਅਰ ਪਿਊਰੀਫਾਇਰ ਦੀਆਂ ਕੀਮਤਾਂ ਵਿੱਚ ਕਾਫ਼ੀ ਫ਼ਰਕ ਹੈ। ਹਾਲਾਂਕਿ, ਇਹ ਜ਼ਰੂਰੀ ਨਹੀਂ ਕਿ ਮਹਿੰਗਾ ਮਾਡਲ ਹਮੇਸ਼ਾ ਬਿਹਤਰ ਹੀ ਹੋਵੇ।
ਮਾਧਵ ਨਾਰੰਗ ਮੁਤਾਬਕ, ਇਸ ਦੀ ਕੀਮਤ ਕਈ ਗੱਲਾਂ 'ਤੇ ਨਿਰਭਰ ਕਰਦੀ ਹੈ।
ਫਿਲਟਰ ਦੀ ਗੁਣਵੱਤਾ: ਫਿਲਟਰ ਦੀ ਗੁਣਵੱਤਾ, ਉਸ ਦੀ ਕਾਰਜਕੁਸ਼ਲਤਾ ਅਤੇ ਐਕਟੀਵੇਟਿਡ ਕਾਰਬਨ ਦੀ ਮੌਜੂਦਗੀ ਕੀਮਤ ਨੂੰ ਪ੍ਰਭਾਵਿਤ ਕਰਦੀ ਹੈ।
ਕਲੀਨ ਏਅਰ ਡਿਲੀਵਰੀ ਰੇਟ: ਇਹ ਦੱਸਦਾ ਹੈ ਕਿ ਮਸ਼ੀਨ ਕਿੰਨੀ ਤੇਜ਼ੀ ਨਾਲ ਸਾਫ਼ ਹਵਾ ਦੇ ਸਕਦੀ ਹੈ। ਆਮ ਤੌਰ 'ਤੇ ਜ਼ਿਆਦਾ ਸੀਏਡੀਆਰ ਵਾਲੀ ਮਸ਼ੀਨ ਵੱਡੇ ਕਮਰੇ ਲਈ ਢੁੱਕਵੀਂ ਹੁੰਦੀ ਹੈ।
ਕੁਝ ਮਾਡਲਾਂ ਵਿੱਚ ਏਕਿਊਆਈ ਡਿਸਪਲੇਅ, ਏਅਰ ਕੁਆਲਿਟੀ ਸੈਂਸਰ, ਆਟੋ ਮੋਡ ਅਤੇ ਮੋਬਾਈਲ ਐਪ ਵਰਗੀਆਂ ਸਹੂਲਤਾਂ ਹੁੰਦੀਆਂ ਹਨ।
ਸ਼ੋਰ ਅਤੇ ਬਿਜਲੀ ਦੀ ਖਪਤ: ਮਸ਼ੀਨ ਦੀ ਆਵਾਜ਼ ਅਤੇ ਬਿਜਲੀ ਦੀ ਖਪਤ ਵੀ ਉਸ ਦੀ ਕੀਮਤ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਇਸ ਤੋਂ ਇਲਾਵਾ, ਬਾਜ਼ਾਰ ਵਿੱਚ ਯੂਵੀ-ਸੀ, ਆਇਓਨਾਈਜ਼ਰ ਅਤੇ ਇਲੈਕਟ੍ਰੋਸਟੈਟਿਕ ਫਿਲਟਰੇਸ਼ਨ ਵਰਗੀਆਂ ਤਕਨੀਕਾਂ ਵਾਲੇ ਏਅਰ ਪਿਊਰੀਫਾਇਰ ਵੀ ਮਿਲਦੇ ਹਨ।
ਯੂਵੀ-ਸੀ ਤਕਨੀਕ ਦੀ ਵਰਤੋਂ ਕੁਝ ਸੂਖਮ ਜੀਵਾਂ ਨੂੰ ਨਸ਼ਟ ਕਰਨ ਲਈ ਕੀਤੀ ਜਾਂਦੀ ਹੈ। ਜਦਕਿ, ਆਇਓਨਾਈਜ਼ਰ ਹਵਾ ਵਿੱਚ ਮੌਜੂਦ ਕਣਾਂ ਨੂੰ ਚਾਰਜ ਕਰਕੇ ਉਨ੍ਹਾਂ ਨੂੰ ਸਤ੍ਹਾ 'ਤੇ ਜਮ੍ਹਾਂ ਹੋਣ ਵਿੱਚ ਮਦਦ ਕਰਦੇ ਹਨ।
ਹਾਲਾਂਕਿ, ਅਮਰੀਕੀ ਵਾਤਾਵਰਣ ਸੁਰੱਖਿਆ ਏਜੰਸੀ (ਈਪੀਏ) ਮੁਤਾਬਕ, ਕੁਝ ਆਇਓਨਾਈਜ਼ਰ ਅਤੇ ਇਲੈਕਟ੍ਰੋਸਟੈਟਿਕ ਉਪਕਰਣ ਓਜ਼ੋਨ ਪੈਦਾ ਕਰ ਸਕਦੇ ਹਨ। ਓਜ਼ੋਨ ਫੇਫੜਿਆਂ ਲਈ ਨੁਕਸਾਨਦੇਹ ਹੋ ਸਕਦਾ ਹੈ।
ਇਸ ਲਈ ਅਜਿਹੇ ਏਅਰ ਪਿਊਰੀਫਾਇਰ ਖ਼ਰੀਦਣ ਸਮੇਂ ਉਨ੍ਹਾਂ ਵਿੱਚੋਂ ਨਿਕਲਣ ਵਾਲੇ ਓਜ਼ੋਨ ਦੀ ਜਾਣਕਾਰੀ ਜ਼ਰੂਰ ਦੇਖਣੀ ਚਾਹੀਦੀ ਹੈ।
ਏਅਰ ਪਿਊਰੀਫਾਇਰ ਸਿਹਤ ਲਈ ਕਿੰਨਾ ਅਸਰਦਾਰ ਹੈ?

ਤਸਵੀਰ ਸਰੋਤ, BYAMBASUREN BYAMBA-OCHIR / AFP
ਏਅਰ ਪਿਊਰੀਫਾਇਰ ਦੀ ਉਪਯੋਗਤਾ ਅਤੇ ਇਸ ਦੇ ਕੰਮ ਕਰਨ ਦੇ ਤਰੀਕੇ ਨੂੰ ਸਮਝਣ ਲਈ ਅਸੀਂ ਮੈਕਸ ਹੈਲਥਕੇਅਰ, ਸਾਕੇਤ ਦੇ ਵਾਈਸ ਚੇਅਰਮੈਨ ਅਤੇ ਪਲਮੋਨੋਲੋਜੀ ਵਿਭਾਗ ਦੇ ਮੁਖੀ ਡਾਕਟਰ ਵਿਵੇਕ ਨਾਗੀਆ ਨਾਲ ਗੱਲ ਕੀਤੀ।
ਡਾਕਟਰ ਨਾਗੀਆ ਮੁਤਾਬਕ, ਏਅਰ ਪਿਊਰੀਫਾਇਰ ਹਵਾ ਵਿੱਚ ਮੌਜੂਦ ਪਾਰਟੀਕੁਲੇਟ ਮੈਟਰ ਯਾਨੀ ਪ੍ਰਦੂਸ਼ਣ ਦੇ ਬਾਰੀਕ ਕਣਾਂ ਨੂੰ ਫਿਲਟਰ ਕਰਨ ਦਾ ਕੰਮ ਕਰਦਾ ਹੈ।
ਹਾਲਾਂਕਿ, ਏਅਰ ਪਿਊਰੀਫਾਇਰ ਹਰ ਤਰ੍ਹਾਂ ਦੇ ਪ੍ਰਦੂਸ਼ਕਾਂ ਨੂੰ ਨਹੀਂ ਹਟਾ ਸਕਦੇ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਮਸ਼ੀਨ ਵਿੱਚ ਕਿਸ ਤਰ੍ਹਾਂ ਦੇ ਫਿਲਟਰ ਲੱਗੇ ਹੋਏ ਹਨ।
ਮਿਸਾਲ ਵਜੋਂ, ਹੇਪਾ ਫਿਲਟਰ ਹਵਾ ਵਿੱਚ ਮੌਜੂਦ ਪੀਐੱਮ 2.5 ਅਤੇ ਪੀਐੱਮ 10 ਵਰਗੇ ਕਣਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ, ਜਦਕਿ ਗੈਸਾਂ ਨੂੰ ਹਟਾਉਣ ਲਈ ਢੁੱਕਵੇਂ ਐਕਟੀਵੇਟਿਡ ਕਾਰਬਨ ਫਿਲਟਰ ਦੀ ਲੋੜ ਹੁੰਦੀ ਹੈ।
ਅਮਰੀਕੀ ਈਪੀਏ ਮੁਤਾਬਕ, ਕੋਈ ਵੀ ਏਅਰ ਪਿਊਰੀਫਾਇਰ ਘਰ ਦੇ ਅੰਦਰ ਮੌਜੂਦ ਸਾਰੇ ਪ੍ਰਦੂਸ਼ਕਾਂ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਦਾ।
ਏਅਰ ਪਿਊਰੀਫਾਇਰ ਦੇ ਫਿਲਟਰ ਦੀ ਦੇਖਭਾਲ ਕਿੰਨੀ ਜ਼ਰੂਰੀ ਹੈ?

ਤਸਵੀਰ ਸਰੋਤ, Smith Collection/Gado/Getty Images
ਸਿਰਫ਼ ਏਅਰ ਪਿਊਰੀਫਾਇਰ ਖ਼ਰੀਦਣਾ ਹੀ ਕਾਫ਼ੀ ਨਹੀਂ ਹੈ। ਇਸ ਦੇ ਫਿਲਟਰ ਦੀ ਨਿਯਮਤ ਦੇਖਭਾਲ ਵੀ ਜ਼ਰੂਰੀ ਹੈ।
ਸੇਲਜ਼ਮੈਨ ਰਾਜ ਮੁਤਾਬਕ, ਫਿਲਟਰ ਦੀ ਉਮਰ ਆਮ ਤੌਰ 'ਤੇ ਲਗਭਗ ਇੱਕ ਸਾਲ ਹੋ ਸਕਦੀ ਹੈ।
ਹਾਲਾਂਕਿ, ਇਹ ਵਰਤੋਂ, ਪ੍ਰਦੂਸ਼ਣ ਦੇ ਪੱਧਰ ਅਤੇ ਮਸ਼ੀਨ ਦੇ ਮਾਡਲ 'ਤੇ ਨਿਰਭਰ ਕਰਦਾ ਹੈ।
ਦਿੱਲੀ ਵਿੱਚ ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਦੇਖਦਿਆਂ ਉਹ ਹਰ ਤਿੰਨ ਦਿਨਾਂ ਵਿੱਚ ਫਿਲਟਰ ਦੀ ਬਾਹਰੀ ਸਤ੍ਹਾ ਨੂੰ ਸਾਫ਼ ਕਰਨ ਦੀ ਸਲਾਹ ਦਿੰਦੇ ਹਨ।
ਉਨ੍ਹਾਂ ਮੁਤਾਬਕ, ਫਿਲਟਰ ਬਦਲਣ 'ਤੇ ਸਾਲਾਨਾ ਲਗਭਗ ਦੋ ਹਜ਼ਾਰ ਤੋਂ ਪੰਜ ਹਜ਼ਾਰ ਰੁਪਏ ਤੱਕ ਦਾ ਖ਼ਰਚ ਆ ਸਕਦਾ ਹੈ। ਜੇਕਰ ਇਸ ਦੀ ਨਿਯਮਤ ਦੇਖਭਾਲ ਨਾ ਕੀਤੀ ਜਾਵੇ, ਤਾਂ ਮਸ਼ੀਨ ਦੀ ਕਾਰਜਕੁਸ਼ਲਤਾ ਪ੍ਰਭਾਵਿਤ ਹੋ ਸਕਦੀ ਹੈ।
ਹਾਲਾਂਕਿ, ਇਹ ਸਮਝਣਾ ਜ਼ਰੂਰੀ ਹੈ ਕਿ ਹਰ ਫਿਲਟਰ ਨੂੰ ਪਾਣੀ ਜਾਂ ਕੱਪੜੇ ਨਾਲ ਸਾਫ਼ ਨਹੀਂ ਕੀਤਾ ਜਾ ਸਕਦਾ।
ਕਈ ਮਸ਼ੀਨਾਂ ਵਿੱਚ ਲੱਗੇ ਫਿਲਟਰ ਨੂੰ ਸਾਫ਼ ਕੀਤਾ ਜਾ ਸਕਦਾ ਹੈ, ਪਰ ਹੇਪਾ ਫਿਲਟਰ ਨੂੰ ਸਾਫ਼ ਕਰਨ ਜਾਂ ਧੋਣ ਦਾ ਤਰੀਕਾ ਨਿਰਮਾਤਾ ਵੱਲੋਂ ਦਿੱਤੀਆਂ ਹਦਾਇਤਾਂ ਮੁਤਾਬਕ ਹੀ ਹੋਣਾ ਚਾਹੀਦਾ ਹੈ।
ਗ਼ਲਤ ਤਰੀਕੇ ਨਾਲ ਸਫ਼ਾਈ ਕਰਨ 'ਤੇ ਫਿਲਟਰ ਖ਼ਰਾਬ ਹੋ ਸਕਦਾ ਹੈ।
ਕਿਹੜੇ ਲੋਕਾਂ ਲਈ ਏਅਰ ਪਿਊਰੀਫਾਇਰ ਜ਼ਿਆਦਾ ਫ਼ਾਇਦੇਮੰਦ ਹੋ ਸਕਦਾ ਹੈ?

ਤਸਵੀਰ ਸਰੋਤ, Justin Sullivan/Getty Images
ਡਾਕਟਰ ਨਾਗੀਆ ਮੁਤਾਬਕ, ਏਅਰ ਪਿਊਰੀਫਾਇਰ ਉਨ੍ਹਾਂ ਲੋਕਾਂ ਲਈ ਖ਼ਾਸ ਤੌਰ 'ਤੇ ਲਾਭਦਾਇਕ ਹੋ ਸਕਦਾ ਹੈ, ਜਿਨ੍ਹਾਂ ਨੂੰ ਹਵਾ ਪ੍ਰਦੂਸ਼ਣ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਹੋਣ ਦਾ ਜ਼ਿਆਦਾ ਖ਼ਤਰਾ ਹੈ।
ਇਨ੍ਹਾਂ ਵਿੱਚ ਬਜ਼ੁਰਗ, ਬੱਚੇ ਅਤੇ ਦਮਾ ਜਾਂ ਸੀਓਪੀਡੀ (ਕ੍ਰੌਨਿਕ ਔਬਸਟਰਕਟਿਵ ਪਲਮਨਰੀ ਡਿਜ਼ੀਜ਼) ਵਰਗੀਆਂ ਫੇਫੜਿਆਂ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕ ਸ਼ਾਮਿਲ ਹਨ।
ਉਹ ਦੱਸਦੇ ਹਨ ਕਿ ਹਵਾ ਪ੍ਰਦੂਸ਼ਣ ਦਾ ਅਸਰ ਸਿਰਫ਼ ਸਾਹ ਲੈਣ ਵਿੱਚ ਹੋਣ ਵਾਲੀ ਤਕਲੀਫ਼ ਤੱਕ ਸੀਮਤ ਨਹੀਂ ਹੈ। ਇਹ ਕਿਸੇ ਦੀ ਸੰਭਾਵਿਤ ਉਮਰ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਗਰਭਵਤੀ ਮਹਿਲਾਵਾਂ ਅਤੇ ਗਰਭ ਵਿੱਚ ਪਲ ਰਹੇ ਬੱਚੇ 'ਤੇ ਵੀ ਪ੍ਰਦੂਸ਼ਣ ਦਾ ਅਸਰ ਪੈ ਸਕਦਾ ਹੈ। ਹਵਾ ਪ੍ਰਦੂਸ਼ਣ ਦੇ ਸੰਪਰਕ ਵਿੱਚ ਰਹਿਣ ਅਤੇ ਸਮੇਂ ਤੋਂ ਪਹਿਲਾਂ ਬੱਚੇ ਦੇ ਜਨਮ ਜਾਂ ਘੱਟ ਵਜ਼ਨ ਵਾਲੇ ਬੱਚਿਆਂ ਦੇ ਜਨਮ ਵਿਚਾਲੇ ਸਬੰਧ ਨੂੰ ਲੈ ਕੇ ਕਈ ਖੋਜਾਂ ਹੋਈਆਂ ਹਨ।
ਸਾਲ 2026 ਵਿੱਚ 'ਇੰਡੀਅਨ ਜਰਨਲ ਆਫ਼ ਆਕਿਊਪੇਸ਼ਨਲ ਐਂਡ ਐਨਵਾਇਰਨਮੈਂਟਲ ਮੈਡੀਸਨ' ਵਿੱਚ ਪ੍ਰਕਾਸ਼ਿਤ ਇੱਕ ਸਿਸਟੈਮੈਟਿਕ ਰਿਵਿਊ ਅਤੇ ਮੈਟਾ-ਐਨਾਲਿਸਿਸ ਵਿੱਚ 27 ਰੈਂਡਮਾਈਜ਼ਡ ਕੰਟਰੋਲਡ ਟ੍ਰਾਇਲਜ਼ ਦਾ ਵਿਸ਼ਲੇਸ਼ਣ ਕੀਤਾ ਗਿਆ।
ਇਸ ਵਿੱਚ ਪਾਇਆ ਗਿਆ ਕਿ ਏਅਰ ਪਿਊਰੀਫਾਇਰ ਅਤੇ ਬਚਾਅ ਦੇ ਹੋਰ ਉਪਾਵਾਂ ਨਾਲ ਘਰ ਦੇ ਅੰਦਰ ਪੀਐੱਮ 2.5 ਅਤੇ ਪੀਐੱਮ 10 ਦਾ ਪੱਧਰ ਘਟ ਸਕਦਾ ਹੈ। ਹਾਲਾਂਕਿ, ਸਾਹ ਲੈਣ ਦੀ ਕਾਰਜਕੁਸ਼ਲਤਾ, ਸਾਹ ਸਬੰਧੀ ਲੱਛਣਾਂ ਅਤੇ ਬਲੱਡ ਪ੍ਰੈਸ਼ਰ ਵਿੱਚ ਸਪਸ਼ਟ ਸੁਧਾਰ ਹੋਣ ਦੇ ਪੁਖ਼ਤਾ ਸਬੂਤ ਨਹੀਂ ਮਿਲੇ।
ਡਾਕਟਰ ਨਾਗੀਆ ਮੁਤਾਬਕ, ਏਅਰ ਪਿਊਰੀਫਾਇਰ ਦੀ ਵਰਤੋਂ ਪ੍ਰਦੂਸ਼ਣ ਤੋਂ ਬਚਾਅ ਦੇ ਉਪਾਵਾਂ ਵਿੱਚੋਂ ਇੱਕ ਹੋ ਸਕਦੀ ਹੈ, ਪਰ ਸਿਰਫ਼ ਇਸ ਮਸ਼ੀਨ 'ਤੇ ਨਿਰਭਰ ਰਹਿਣਾ ਸਹੀ ਨਹੀਂ ਹੈ।
ਘਰ ਦੇ ਅੰਦਰ ਪ੍ਰਦੂਸ਼ਣ ਦੇ ਸਰੋਤਾਂ ਨੂੰ ਘਟਾਉਣਾ, ਲੋੜ ਮੁਤਾਬਕ ਬਾਹਰੋਂ ਸਾਫ਼ ਹਵਾ ਦੇ ਆਉਣ-ਜਾਣ ਲਈ ਹਵਾਦਾਰੀ ਦਾ ਪ੍ਰਬੰਧ ਕਰਨਾ ਅਤੇ ਬਾਹਰ ਹਵਾ ਪ੍ਰਦੂਸ਼ਣ ਘਟਾਉਣ ਦੇ ਉਪਾਅ ਕਰਨਾ ਵੀ ਓਨਾ ਹੀ ਜ਼ਰੂਰੀ ਹੈ।
ਇਸ ਲਈ ਏਅਰ ਪਿਊਰੀਫਾਇਰ ਘਰ ਦੇ ਅੰਦਰ ਹਵਾ ਦੀ ਗੁਣਵੱਤਾ ਬਿਹਤਰ ਬਣਾਉਣ ਦਾ ਇੱਕ ਸਾਧਨ ਹੋ ਸਕਦਾ ਹੈ, ਪਰ ਇਹ ਬਾਹਰਲੇ ਹਵਾ ਪ੍ਰਦੂਸ਼ਣ ਦਾ ਹੱਲ ਨਹੀਂ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































