ਡੀਲਿਮਿਟੇਸ਼ਨ ਬਿੱਲ: 'ਜੇਕਰ ਸੀਟਾਂ ਦੀ ਗਿਣਤੀ 850 ਤੱਕ ਪਹੁੰਚ ਜਾਂਦੀ ਹੈ, ਤਾਂ ਭਾਜਪਾ ਨੂੰ ਬਲੈਂਕ ਚੈੱਕ ਮਿਲ ਜਾਵੇਗਾ'-ਰਾਹੁਲ ਗਾਂਧੀ

ਤਸਵੀਰ ਸਰੋਤ, congress
ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਹੱਦਬੰਦੀ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ।
ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਜੇ ਸੀਟਾਂ ਦੀ ਗਿਣਤੀ 850 ਹੋ ਗਈ ਤਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਬਲੈਂਕ ਚੈੱਕ ਮਿਲ ਜਾਵੇਗਾ।
ਰਾਹੁਲ ਨੇ ਸਵਾਲ ਚੁੱਕਿਆ ਕਿ ਸਰਕਾਰ ਨੂੰ ਅਜਿਹਾ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ ਹੈ।
ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਹੁਣ ਲੋਕ ਸਭਾ ਦੀਆਂ 850 ਸੀਟਾਂ ਕਰਨ ਦਾ ਨਵਾਂ ਪ੍ਰਸਤਾਵ ਲੈ ਕੇ ਆਏ ਹਨ।
ਉਨ੍ਹਾਂ ਨੇ ਇਸ ਨੂੰ ਭਾਰਤੀ ਲੋਕਤੰਤਰ ਲਈ ਖ਼ਤਰਾ ਦੱਸਦਿਆਂ ਕਿਹਾ ਕਿ ਇਸ ਨਾਲ ਲੋਕਤੰਤਰੀ ਵਿਵਸਥਾ ਕਮਜ਼ੋਰ ਹੋਵੇਗੀ। ਰਾਹੁਲ ਨੇ ਦਾਅਵਾ ਕੀਤਾ ਕਿ ਜੈੱਨ-ਜ਼ੀ ਦਾ ਮੰਨਣਾ ਹੈ ਕਿ ਦੇਸ਼ ਵਿੱਚ ਵੋਟਾਂ ਦੀ ਚੋਰੀ ਹੋ ਰਹੀ ਹੈ ਅਤੇ ਨੌਜਵਾਨ ਉਨ੍ਹਾਂ ਦੇ ਨਾਲ ਹਨ।
'ਭਾਜਪਾ ਦੇਸ਼ ਦਾ ਸਿਆਸੀ ਨਕਸ਼ਾ ਬਦਲਣਾ ਚਾਹੁੰਦੀ ਹੈ'

ਤਸਵੀਰ ਸਰੋਤ, ANI
ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਲੋਕ ਸਭਾ ਵਿੱਚ 543 ਮੈਂਬਰਾਂ ਦੀ ਥਾਂ 850 ਮੈਂਬਰ ਹੋਣੇ ਚਾਹੀਦੇ ਹਨ। ਇਸ ਲਈ ਉਹ ਮਹਿਲਾ ਰਾਖਵਾਂਕਰਨ ਦਾ ਤਰਕ ਦੇ ਰਹੇ ਹਨ।
ਰਾਹੁਲ ਗਾਂਧੀ ਨੇ ਕਿਹਾ, "ਅਜਿਹਾ ਕਰਕੇ ਉਨ੍ਹਾਂ ਕੋਲ ਭਾਰਤ ਦੇ ਨਕਸ਼ੇ ਵਿੱਚ ਵੱਡੇ ਸਿਆਸੀ ਬਦਲਾਅ ਕਰਨ ਦਾ ਮੌਕਾ ਹੋਵੇਗਾ। ਜਿਵੇਂ ਕੋਈ ਖਾਲੀ ਕੈਨਵਸ 'ਤੇ ਆਪਣੀ ਮਰਜ਼ੀ ਮੁਤਾਬਕ ਪੇਂਟਿੰਗ ਕਰ ਸਕਦਾ ਹੈ। ਬਿਲਕੁਲ ਉਸੇ ਤਰ੍ਹਾਂ ਵੱਡੀ ਗਿਣਤੀ ਵਿੱਚ ਸੰਸਦੀ ਸੀਟਾਂ ਵਾਲੇ ਦੇਸ਼ ਵਿੱਚ ਉਹ ਆਪਣੀ ਮਰਜ਼ੀ ਮੁਤਾਬਕ ਵਧੇਰੇ ਸਿਆਸੀ ਬਦਲਾਅ ਕਰ ਸਕਦੇ ਹਨ।"
"ਉਨ੍ਹਾਂ ਕੋਲ ਮੌਕਾ ਹੋਵੇਗਾ ਕਿ ਉਹ ਜਿਸ ਤਰ੍ਹਾਂ ਚਾਹੁਣ, ਭਾਰਤੀ ਲੋਕਤੰਤਰ ਦਾ ਨਵਾਂ ਖਾਕਾ ਤਿਆਰ ਕਰਕੇ ਉਸ ਨੂੰ ਢਾਹ ਦੇਣ।"
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹਲਕਿਆਂ ਦੀ ਮੁੜ ਹੱਦਬੰਦੀ ਕੀਤੀ ਜਾਵੇਗੀ, ਜਿਸ ਵਿੱਚ ਉਹ ਆਪਣੀ ਮਰਜ਼ੀ ਮੁਤਾਬਕ ਇਲਾਕਿਆਂ ਅਤੇ ਲੋਕਾਂ ਦੀ ਚੋਣ ਕਰਨਗੇ।
ਰਾਹੁਲ ਗਾਂਧੀ ਨੇ ਕਿਹਾ, "ਇਹ ਕਿਹਾ ਜਾ ਰਿਹਾ ਹੈ ਕਿ ਹਰ ਸੂਬੇ ਨੂੰ ਬਰਾਬਰ ਅਨੁਪਾਤ ਵਿੱਚ 50 ਫ਼ੀਸਦੀ ਵਧੀਆਂ ਹੋਈਆਂ ਸੀਟਾਂ ਮਿਲਣਗੀਆਂ। ਪਰ ਇਹ ਮੁੱਦਾ ਹੀ ਨਹੀਂ ਹੈ, ਕਿਉਂਕਿ ਜਦੋਂ ਸਰਕਾਰ ਨੂੰ ਸੀਟਾਂ ਦੀ ਗਿਣਤੀ 850 ਕਰਨ ਨਾਲ ਬਲੈਂਕ ਚੈੱਕ ਮਿਲ ਜਾਵੇਗਾ ਤਾਂ ਉਹ ਲੋਕਤੰਤਰ ਵਿੱਚ ਆਪਣੀ ਮਰਜ਼ੀ ਮੁਤਾਬਕ ਬਦਲਾਅ ਕਰਨਗੇ।"
ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸ਼ਨੀਵਾਰ ਨੂੰ ਦਿੱਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਕੈਬਨਿਟ ਨੇ ਸੰਵਿਧਾਨਕ ਸੋਧ ਦੇ ਜਿਸ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ, ਉਸ ਵਿੱਚ ਸੰਸਦ ਦੀਆਂ ਸੀਟਾਂ 650 ਕਰਨ ਦਾ ਪ੍ਰਸਤਾਵ ਸ਼ਾਮਲ ਹੈ।
ਜਦਕਿ ਅਪ੍ਰੈਲ ਵਿੱਚ ਸਰਕਾਰ ਨੇ ਸੰਸਦ ਵਿੱਚ ਜੋ ਪ੍ਰਸਤਾਵ ਪੇਸ਼ ਕੀਤਾ ਸੀ, ਉਸ ਵਿੱਚ ਸੰਸਦ ਦੀਆਂ ਸੀਟਾਂ ਵਧਾ ਕੇ 850 ਕਰਨ ਦੀ ਤਜਵੀਜ਼ ਸੀ, ਜੋ ਪਾਸ ਨਹੀਂ ਹੋ ਸਕੀ ਸੀ।
ਰਾਹੁਲ ਗਾਂਧੀ ਨੇ ਇੰਡੀਆ ਗਠਜੋੜ ਅਤੇ ਵਿਰੋਧੀ ਐੱਨਡੀਏ ਠਜੋੜ ਦੇ ਪ੍ਰਮੁੱਖ ਆਗੂਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਲੋਕਤੰਤਰ ਦੀ ਇਸ ਲੜਾਈ ਵਿੱਚ ਸਾਰਿਆਂ ਨੂੰ ਇਕੱਠੇ ਆਉਣਾ ਪਵੇਗਾ।
ਸੰਸਦ ਦਾ ਵਿਸ਼ੇਸ਼ ਸੈਸ਼ਨ 30 ਨਵੰਬਰ ਨੂੰ

ਤਸਵੀਰ ਸਰੋਤ, Getty Images
ਕੇਂਦਰ ਸਰਕਾਰ ਵੱਲੋਂ 30 ਨਵੰਬਰ ਤੋਂ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੇ ਐਲਾਨ ਤੋਂ ਬਾਅਦ, ਡੀਲਿਮਿਟੇਸ਼ਨ ਬਿੱਲ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਵਿੱਚ ਆ ਗਿਆ ਹੈ।
ਹਾਲਾਂਕਿ ਇਹ ਚਰਚਾ ਹੈ ਕਿ ਭਾਜਪਾ ਇਸ ਬਿੱਲ ਲਈ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਵਿਰੋਧੀ ਗਠਜੋੜ ਦੇ ਅੰਦਰ ਹੀ ਮਤਭੇਦ ਉੱਭਰਨੇ ਸ਼ੁਰੂ ਹੋ ਗਏ ਹਨ।
ਅਪ੍ਰੈਲ ਵਿੱਚ ਲੋਕ ਸਭਾ ਵਿੱਚ ਲੋੜੀਂਦਾ ਸਮਰਥਨ ਨਾ ਮਿਲਣ ਕਾਰਨ ਡਿੱਗਿਆ ਡੀਲਿਮਿਟੇਸ਼ਨ (ਹਲਕਿਆਂ ਦੀ ਹੱਦਬੰਦੀ) ਅਤੇ ਮਹਿਲਾ ਰਾਖਵਾਂਕਰਨ ਨਾਲ ਜੁੜਿਆ ਬਿੱਲ ਹੁਣ ਨਵੇਂ ਰੂਪ ਵਿੱਚ ਵਾਪਸ ਲਿਆਂਦਾ ਜਾ ਰਿਹਾ ਹੈ।
ਇਸ ਵਾਰ ਸਰਕਾਰ ਨੇ ਦੋ ਵੱਡੇ ਬਦਲਾਅ ਕੀਤੇ ਹਨ।
ਪਹਿਲਾ, ਹਲਕਿਆਂ ਦੀ ਹੱਦਬੰਦੀ ਨੂੰ ਨਵੀਂ ਜਨਗਣਨਾ ਤੋਂ ਵੱਖ ਕਰ ਦਿੱਤਾ ਗਿਆ ਹੈ ਅਤੇ ਦੂਜਾ, ਸਾਰੇ ਸੂਬਿਆਂ ਦੀਆਂ ਲੋਕ ਸਭਾ ਸੀਟਾਂ ਵਿੱਚ ਬਰਾਬਰ 50 ਫ਼ੀਸਦੀ ਵਾਧੇ ਦਾ ਪ੍ਰਸਤਾਵ ਰੱਖਿਆ ਗਿਆ ਹੈ।
ਨਵੇਂ ਬਿੱਲ ਪੇਸ਼ ਕੀਤੇ ਜਾਣ ਦੀਆਂ ਖ਼ਬਰਾਂ ਵਿਚਾਲੇ ਇਸ ਗੱਲ 'ਤੇ ਚਰਚਾ ਤੇਜ਼ ਹੋ ਗਈ ਹੈ ਕਿ ਕੀ ਭਾਜਪਾ ਦੀ ਅਗਵਾਈ ਵਾਲੇ ਸੱਤਾਧਾਰੀ ਗਠਜੋੜ ਐੱਨਡੀਏ ਕੋਲ ਸੰਵਿਧਾਨਕ ਸੋਧ ਬਿੱਲ ਪਾਸ ਕਰਵਾਉਣ ਲਈ ਦੋ-ਤਿਹਾਈ ਬਹੁਮਤ ਹੈ, ਕਿਉਂਕਿ ਇਸੇ ਸਾਲ ਅਪ੍ਰੈਲ ਵਿੱਚ ਹੋਈ ਵੋਟਿੰਗ ਦੌਰਾਨ ਦੋ-ਤਿਹਾਈ ਬਹੁਮਤ ਨਾ ਹੋਣ ਕਾਰਨ ਇਹ ਬਿੱਲ ਪਾਸ ਨਹੀਂ ਹੋ ਸਕਿਆ ਸੀ।
ਕੇਂਦਰੀ ਸੰਸਦ ਮੰਤਰੀ ਕਿਰੇਨ ਰਿਜਿਜੂ ਮੁਤਾਬਕ, ਲੋਕ ਸਭਾ ਦੀ ਬੈਠਕ 30 ਨਵੰਬਰ ਨੂੰ ਅਤੇ ਰਾਜ ਸਭਾ ਦੀ ਬੈਠਕ ਦੋ ਦਸੰਬਰ ਨੂੰ ਹੋਵੇਗੀ ਅਤੇ ਤਿੰਨ ਦਸੰਬਰ ਨੂੰ ਇਸ ਵਿਸ਼ੇਸ਼ ਇਜਲਾਸ ਦੀ ਸਮਾਪਤੀ ਹੋ ਸਕਦੀ ਹੈ।
ਕਾਂਗਰਸ ਦੇ ਸੀਨੀਅਰ ਆਗੂ ਕੇਸੀ ਵੇਣੂਗੋਪਾਲ ਨੇ ਸਰਕਾਰ 'ਤੇ 'ਸੰਸਦ ਦੀ ਚੋਰੀ' ਦਾ ਇਲਜ਼ਾਮ ਲਾਇਆ ਹੈ।
ਉਨ੍ਹਾਂ ਨੇ ਐਕਸ 'ਤੇ ਲਿਖਿਆ, "ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਨ੍ਹਾਂ ਦਾ ਡੀਲੀਮੀਟੇਸ਼ਨ ਬਿੱਲ ਸੰਸਦ ਦੀ ਚੋਰੀ ਦੀ ਇੱਕ ਕੋਸ਼ਿਸ਼ ਤੋਂ ਵੱਧ ਕੁਝ ਨਹੀਂ ਹੋਵੇਗਾ। ਅਸੀਂ ਇਸ ਨੂੰ ਪਾਸ ਨਹੀਂ ਹੋਣ ਦੇਵਾਂਗੇ।"
ਸ਼੍ਰੋਮਣੀ ਅਕਾਲੀ ਦਲ ਹੁਣ ਕਰੇਗਾ ਸਮਰਥਨ

ਤਸਵੀਰ ਸਰੋਤ, Getty Images
ਅਪ੍ਰੈਲ ਵਿੱਚ ਲਿਆਂਦੇ ਗਏ ਹਲਕਾਬੰਦੀ ਬਾਰੇ ਬਿੱਲ ਦਾ ਪੰਜਾਬ ਦੇ ਕਈ ਸਿਆਸੀ ਆਗੂਆਂ ਵੱਲੋਂ ਵਿਰੋਧ ਕੀਤਾ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਸ ਉੱਤੇ ਵਿਰੁੱਧ ਦਰਜ ਕਰਵਾਇਆ ਗਿਆ ਸੀ ਹਾਲਾਂਕਿ ਹੁਣ ਪਾਰਟੀ ਇਸ ਨੂੰ ਸਮਰਥਨ ਦੇ ਰਹੀ ਹੈ।
ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗਠਜੋੜ ਹੋਇਆ ਹੈ। ਲੋਕ ਸਭਾ ਵਿੱਚ ਬਠਿੰਡਾ ਤੋਂ ਐੱਮਪੀ ਹਰਸਿਮਰਤ ਕੌਰ ਬਾਦਲ ਪਾਰਟੀ ਦੀ ਇੱਕੋ-ਇੱਕ ਐੱਮਪੀ ਹਨ।
ਹਰਸਿਮਰਤ ਕੌਰ ਬਾਦਲ ਪਾਰਲੀਮੈਂਟ ਵਿੱਚ ਹਲਕਾਬੰਦੀ ਬਿੱਲ ਦੇ ਵਿਰੋਧ ਵਿੱਚ ਬੋਲੇ ਸਨ।
ਉਨ੍ਹਾਂ ਨੇ ਕਿਹਾ ਸੀ ਕਿ ਮਹਿਲਾ ਰਾਖਵਾਂਕਰਨ ਦੀ ਆੜ ਵਿੱਚ ਲਿਆਂਦੀ ਜਾ ਰਹੀ ਹਲਕਾਬੰਦੀ ਦੇ ਉਹ ਸਖ਼ਤ ਖ਼ਿਲਾਫ਼ ਹਨ।
ਹਾਲਾਂਕਿ ਇਸ ਮਗਰੋਂ ਅਗਸਤ 2026 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਹਲਕਾਬੰਦੀ ਦਾ ਸਮਰਥਨ ਕਰਨ ਦੀ ਗੱਲ ਕਹੀ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਆਬਾਦੀ ਵਧਣ ਨਾਲ ਸੀਟਾਂ ਦਾ ਵਧਣਾ ਸਮੇਂ ਦੀ ਲੋੜ ਹੈ ਇਸ ਲਈ ਅਕਾਲੀ ਦਲ ਇਸ ਦਾ ਸਮਰਥਨ ਕਰਦਾ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਆਗੂਆਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੇ ਸਮਰਥਨ ਦੇਣ ਬਾਰੇ ਫ਼ੈਸਲਾ ਨਹੀਂ ਲਿਆ ਹੈ। ਸਰਬਜੀਤ ਸਿੰਘ ਖਾਲਸਾ, ਖਡੂਰ ਸਾਹਿਬ ਤੋਂ ਐੱਮਪੀ ਅਮ੍ਰਿਤਪਾਲ ਸਿੰਘ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੀਆਂ ਸਿਆਸੀ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਂਦੇ ਹਨ।
ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਡੀਲਿਮੀਟੇਸ਼ਨ ਬਿੱਲ ਨੂੰ ਬੀਜੇਪੀ ਜਿਤਾਓ ਬਿੱਲ ਕਿਹਾ ਹੈ।
ਕਾਂਗਰਸ ਨੇ ਸ਼ਰਦ ਪਵਾਰ ਦੀ ਭੂਮਿਕਾ 'ਤੇ ਸਵਾਲ ਚੁੱਕੇ

ਤਸਵੀਰ ਸਰੋਤ, Getty Images
ਕਾਂਗਰਸ ਆਗੂ ਵਿਜੇ ਵਡੇਟੀਵਾਰ ਨੇ ਸ਼ਰਦ ਪਵਾਰ ਦੀ ਭੂਮਿਕਾ 'ਤੇ ਅਸੰਤੁਸ਼ਟੀ ਪ੍ਰਗਟ ਕੀਤੀ।
ਉਨ੍ਹਾਂ ਕਿਹਾ , "ਅਸੀਂ ਪਵਾਰ ਸਾਹਿਬ ਦੇ ਇਸ ਉਮਰ ਵਿੱਚ ਲਏ ਗਏ ਫੈਸਲੇ ਤੋਂ ਹੈਰਾਨ ਹਾਂ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਪ੍ਰਗਤੀਸ਼ੀਲ ਸੋਚ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ ਹੈ। ਸਾਨੂੰ ਲੱਗਾ ਕਿ ਇਸ ਉਮਰ ਵਿੱਚ ਉਨ੍ਹਾਂ ਨੂੰ ਪਾਸੇ ਕਰਨਾ ਉਚਿਤ ਨਹੀਂ ਹੋਵੇਗਾ।"
ਉਨ੍ਹਾਂ ਅੱਗੇ ਕਿਹਾ, "ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਨੇ ਵੀ ਇਹੀ ਸੋਚਿਆ ਸੀ। ਇਸੇ ਲਈ ਅਸੀਂ ਸਿਰਫ਼ 36 ਵਿਧਾਇਕ ਹੋਣ ਦੇ ਬਾਵਜੂਦ ਉਨ੍ਹਾਂ ਦਾ ਸਮਰਥਨ ਕੀਤਾ। ਪਰ ਉਹ ਸਮਰਥਨ ਸਾਨੂੰ ਧੋਖਾ ਦੇਣ ਲਈ ਨਹੀਂ ਦਿੱਤਾ ਗਿਆ ਸੀ। ਹੁਣ ਸਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ।"
ਉਨ੍ਹਾਂ ਕਿਹਾ, "ਸਾਨੂੰ ਜਾਣਕਾਰੀ ਮਿਲੀ ਹੈ ਕਿ ਸ਼ਰਦ ਪਵਾਰ ਧੜੇ ਦਾ ਕੋਈ ਵੀ ਮੈਂਬਰ ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵੇਗਾ । ਇਸਦਾ ਮਤਲਬ ਹੈ ਕਿ ਉਨ੍ਹਾਂ ਨੇ ਡੀਲੀਮੀਟੇਸ਼ਨ ਬਿੱਲ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੇ ਨਾਮ ਵੀ ਲੋਕਤੰਤਰ ਦੀ ਹੱਤਿਆ ਕਰਨ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾਣਗੇ।"
ਸ਼ਰਦ ਪਵਾਰ ਧੜੇ ਨੇ ਕੀ ਕਿਹਾ?

ਤਸਵੀਰ ਸਰੋਤ, Facebook/Amol Kolhe
ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਪਵਾਰ ਧੜੇ) ਦੇ ਸੰਸਦ ਮੈਂਬਰ ਡਾ. ਅਮੋਲ ਕੋਲਹੇ ਨੇ ਬੀਬੀਸੀ ਮਰਾਠੀ ਨੂੰ ਦੱਸਿਆ, "ਅਸੀਂ ਅੱਜ ਇੰਡੀਆ ਅਘਾੜੀ ਮੀਟਿੰਗ ਵਿੱਚ ਸ਼ਾਮਲ ਹੋਣਾ ਸੀ। ਹਾਲਾਂਕਿ, ਕਾਂਗਰਸ ਆਗੂਆਂ ਵੱਲੋਂ ਸ਼ਰਦ ਪਵਾਰ ਵਿਰੁੱਧ ਦਿੱਤੇ ਗਏ ਗੈਰ-ਜ਼ਿੰਮੇਵਾਰਾਨਾ ਬਿਆਨਾਂ ਕਾਰਨ, ਅਸੀਂ ਵਿਰੋਧ ਵਿੱਚ ਅੱਜ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ।"
ਉਨ੍ਹਾਂ ਕਿਹਾ, "ਸਾਨੂੰ ਹੱਦਬੰਦੀ ਬਿੱਲ ਦਾ ਖਰੜਾ ਪ੍ਰਾਪਤ ਹੋ ਗਿਆ ਹੈ ਅਤੇ ਸਾਡੇ ਸੰਸਦ ਮੈਂਬਰ ਅਤੇ ਆਗੂ ਇਸਦਾ ਸਮਰਥਨ ਕਰਨ ਜਾਂ ਵਿਰੋਧ ਕਰਨ ਦਾ ਫੈਸਲਾ ਲੈਣ ਲਈ ਇਸਦਾ ਅਧਿਐਨ ਕਰ ਰਹੇ ਹਨ।"
"ਸਾਰੇ ਸੰਸਦ ਮੈਂਬਰ ਸੋਮਵਾਰ ਨੂੰ ਇਕੱਠੇ ਬੈਠ ਕੇ ਇਸ 'ਤੇ ਚਰਚਾ ਕਰਨਗੇ ਅਤੇ ਫੈਸਲਾ ਲੈਣਗੇ। ਇਹ ਮੰਦਭਾਗਾ ਹੈ ਕਿ ਕਾਂਗਰਸ ਆਗੂ ਪਾਰਟੀ ਵੱਲੋਂ ਕੋਈ ਅਧਿਕਾਰਤ ਫੈਸਲਾ ਲਏ ਬਿਨ੍ਹਾਂ ਆਪਣੇ ਆਪ ਇਸਦੀ ਆਲੋਚਨਾ ਕਰ ਰਹੇ ਹਨ।"
ਕੋਲਹੇ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਸੂਬੇ ਦੇ ਕਾਂਗਰਸੀ ਆਗੂਆਂ ਨੂੰ ਕੇਂਦਰੀ ਆਗੂਆਂ ਨਾਲ ਚਰਚਾ ਕਰਨ ਅਤੇ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ ਕਿ ਕੀ ਅਜਿਹੀ ਆਲੋਚਨਾ ਉਚਿਤ ਹੈ।
ਉਨ੍ਹਾਂ ਕਿਹਾ, "ਸਾਨੂੰ ਮੀਟਿੰਗ ਵਿੱਚ ਸ਼ਾਮਲ ਹੋਣਾ ਚਾਹੀਦਾ ਸੀ। ਸੁਪ੍ਰੀਆ ਨੇ ਖੁਦ ਜ਼ੂਮ ਕਾਲ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਣਾ ਸੀ। ਪਰ ਜੇਕਰ ਇਸ ਤੋਂ ਪਹਿਲਾਂ, ਮਹਾਰਾਸ਼ਟਰ ਦੇ ਕਾਂਗਰਸੀ ਨੇਤਾਵਾਂ ਨੇ ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਅਤੇ ਨਿੰਦਣਯੋਗ ਬਿਆਨ ਦਿੱਤੇ ਹਨ, ਤਾਂ ਸਾਨੂੰ ਮੀਟਿੰਗ ਵਿੱਚ ਕਿਉਂ ਸ਼ਾਮਲ ਹੋਣਾ ਚਾਹੀਦਾ ਹੈ?"
"ਇਸੇ ਕਰਕੇ ਅਸੀਂ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ।"
ਸਟਾਲਿਨ ਨੇ ਕੀ ਕਿਹਾ

ਤਸਵੀਰ ਸਰੋਤ, @mkstalin
ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਡੀਐੱਮਕੇ ਆਗੂ ਐੱਮਕੇ ਸਟਾਲਿਨ ਨੇ ਕਿਹਾ ਹੈ ਕਿ ਡੀਐੱਮਕੇ ਭਾਰਤ ਦੀ ਪਹਿਲੀ ਪਾਰਟੀ ਸੀ, ਜਿਸ ਨੇ ਡੀਲਿਮਿਟੇਸ਼ਨ ਦੇ ਸੰਭਾਵੀ ਨਤੀਜਿਆਂ ਨੂੰ ਲੈ ਕੇ ਆਵਾਜ਼ ਚੁੱਕੀ ਸੀ।
ਉਨ੍ਹਾਂ ਨੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ ਹੈ ਕਿ ਨਿਰਪੱਖ ਡੀਲਿਮਿਟੇਸ਼ਨ ਦੀ ਮੰਗ ਨੂੰ ਲੈ ਕੇ ਕੌਮੀ ਆਗੂਆਂ ਨੂੰ ਇੱਕ ਮੰਚ 'ਤੇ ਲਿਆਉਣ ਲਈ ਪਹਿਲੀ ਬੈਠਕ ਵੀ ਚੇਨਈ ਵਿੱਚ ਹੀ ਹੋਈ ਸੀ।
ਤਾਮਿਲਨਾਡੂ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਮਤੇ ਅਤੇ ਨਿਰਪੱਖ ਡੀਲਿਮਿਟੇਸ਼ਨ ਲਈ ਸਾਂਝੀ ਕਾਰਜ ਕਮੇਟੀ ਦੀ ਬੈਠਕ ਵਿੱਚ ਅਪਣਾਏ ਗਏ ਮਤਿਆਂ ਮੁਤਾਬਕ, ਸਾਡੀਆਂ ਦੋ ਸਪੱਸ਼ਟ ਮੰਗਾਂ ਸਨ-
"ਜੇ ਲੋਕ ਸਭਾ ਸੀਟਾਂ ਦੀ ਗਿਣਤੀ ਵਧਾਈ ਜਾਂਦੀ ਹੈ ਤਾਂ ਕਿਸੇ ਵੀ ਹਾਲਤ ਵਿੱਚ ਤਾਮਿਲਨਾਡੂ ਦੀ ਮੌਜੂਦਾ 7.18 ਫ਼ੀਸਦੀ ਹਿੱਸੇਦਾਰੀ ਘੱਟ ਨਹੀਂ ਹੋਣੀ ਚਾਹੀਦੀ ਅਤੇ ਸਾਲ 1971 ਦੀ ਮਰਦਮਸ਼ੁਮਾਰੀ ਦੇ ਆਧਾਰ 'ਤੇ ਤੈਅ ਕੀਤੇ ਗਏ ਅਤੇ ਪਹਿਲਾਂ ਤੋਂ ਸਥਿਰ ਸੂਬਿਆਂ ਵਿਚਾਲੇ ਲੋਕ ਸਭਾ ਵਿੱਚ ਨੁਮਾਇੰਦਗੀ ਦਾ ਮੌਜੂਦਾ ਅਨੁਪਾਤ ਅਗਲੇ 25 ਸਾਲਾਂ ਤੱਕ ਵੀ ਬਰਕਰਾਰ ਰਹਿਣਾ ਚਾਹੀਦਾ ਹੈ।"
ਸਟਾਲਿਨ ਨੇ ਲਿਖਿਆ, "ਡੀਐੱਮਕੇ ਅੱਜ ਵੀ ਇਨ੍ਹਾਂ ਦੋਵਾਂ ਮੰਗਾਂ 'ਤੇ ਕਾਇਮ ਹੈ ਅਤੇ ਅੱਗੇ ਵੀ ਕਾਇਮ ਰਹੇਗੀ। ਸਾਡੇ ਰੁਖ਼ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੀਡੀਆ ਵਿੱਚ ਫੈਲਾਈਆਂ ਜਾ ਰਹੀਆਂ ਕਿਆਸਅਰਾਈਆਂ ਅਤੇ ਵਿਸ਼ਵਾਸਘਾਤ ਕਰਨ ਵਾਲਿਆਂ ਦੀ ਬਿਆਨਬਾਜ਼ੀ ਸਾਡੇ ਰੁਖ਼ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਕਰ ਸਕਦੀ।"
ਹੋਰ ਵਿਰੋਧੀ ਧਿਰਾਂ ਨੇ ਕੀ ਕਿਹਾ?
ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਸੰਸਦ ਦਾ ਵਿਸ਼ੇਸ਼ ਇਜਲਾਸ ਮਹਿਲਾ ਰਾਖਵਾਂਕਰਨ ਲਈ ਨਹੀਂ ਹੈ, ਕਿਉਂਕਿ ਮਹਿਲਾ ਰਾਖਵਾਂਕਰਨ ਤਾਂ ਪਹਿਲਾਂ ਹੀ ਕਾਨੂੰਨ ਬਣ ਚੁੱਕਾ ਹੈ।
ਜੈਰਾਮ ਰਮੇਸ਼ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, "ਵਿਸ਼ੇਸ਼ ਇਜਲਾਸ ਦਾ ਅਸਲ ਮਕਸਦ ਚੋਣ ਹਲਕਿਆਂ ਦੀਆਂ ਹੱਦਾਂ ਮਨਮਰਜ਼ੀ ਨਾਲ ਤੈਅ ਕਰਨਾ ਹੈ, ਤਾਂ ਜੋ ਲੋਕਾਂ ਦੀ ਆਵਾਜ਼ ਦਬਾਈ ਜਾ ਸਕੇ।"
ਉਨ੍ਹਾਂ ਨੇ ਸਵਾਲ ਕੀਤਾ, "ਚੋਣ ਹਲਕਿਆਂ ਦੀਆਂ ਹੱਦਾਂ ਤੈਅ ਕਰਨ ਦੀ ਜ਼ਿੰਮੇਵਾਰੀ ਕਿਸ ਨੂੰ ਦਿੱਤੀ ਜਾਵੇਗੀ?
ਕਾਕਰੋਚ ਜਨਤਾ ਪਾਰਟੀ ਦੇ ਆਸ਼ੂਤੋਸ਼ ਰਾਂਕਾ ਨੇ ਕਿਹਾ ਹੈ ਕਿ 30 ਨਵੰਬਰ ਨੂੰ ਹੋਣ ਵਾਲੀ ਸੰਸਦ ਦੀ ਕਾਰਵਾਈ 'ਤੇ ਪੂਰੇ ਦੇਸ਼ ਦੀ ਨਜ਼ਰ ਰਹੇਗੀ।
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਡੀਲਿਮਿਟੇਸ਼ਨ ਬਿੱਲ ਨੂੰ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਭੁੱਲ ਕਰਾਰ ਦਿੱਤਾ ਹੈ।
ਉਨ੍ਹਾਂ ਨੇ ਐਕਸ 'ਤੇ ਲਿਖਿਆ, "ਡੀਲਿਮਿਟੇਸ਼ਨ ਭਾਜਪਾ ਦੀ ਸਿਆਸਤ ਦੀ ਸਭ ਤੋਂ ਵੱਡੀ ਭੁੱਲ ਸਾਬਤ ਹੋਵੇਗਾ।"
ਰਾਸ਼ਟਰੀ ਜਨਤਾ ਦਲ ਦੇ ਸੰਸਦ ਮੈਂਬਰ ਅਤੇ ਕੌਮੀ ਬੁਲਾਰੇ ਮਨੋਜ ਝਾਅ ਨੇ ਡੀਲਿਮਿਟੇਸ਼ਨ ਦੇ ਬਹਾਨੇ ਸਿਆਸੀ ਪੱਖਪਾਤ ਕਰਨ ਦਾ ਇਲਜ਼ਾਮ ਲਾਇਆ ਹੈ।
ਉਨ੍ਹਾਂ ਨੇ ਐਕਸ 'ਤੇ ਲਿਖਿਆ, "ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਪ੍ਰਸਤਾਵਿਤ ਡੀਲਿਮਿਟੇਸ਼ਨ ਦੀ ਪ੍ਰਕਿਰਿਆ ਸਿਰਫ਼ ਸੀਟਾਂ ਦੀ ਗਿਣਤੀ ਵਧਾਉਣ ਤੱਕ ਸੀਮਤ ਨਹੀਂ ਹੈ। ਇਸ ਤੋਂ ਵੱਡੀ ਚਿੰਤਾ ਸਿਆਸੀ ਮਕਸਦ ਨਾਲ ਚੋਣ ਹਲਕਿਆਂ ਦੀਆਂ ਹੱਦਾਂ ਬਦਲਣ ਦੀ ਸੰਭਾਵਨਾ ਹੈ।"
"ਜੇ ਇਹ ਪ੍ਰਕਿਰਿਆ ਸੰਵਿਧਾਨਕ ਸਿਧਾਂਤਾਂ ਅਤੇ ਜਮਹੂਰੀ ਨਿਰਪੱਖਤਾ ਦੀ ਬਜਾਏ ਸਿਆਸੀ ਪੱਖਪਾਤ ਦੇ ਆਧਾਰ 'ਤੇ ਕੀਤੀ ਜਾਂਦੀ ਹੈ ਤਾਂ ਇਸ ਨਾਲ ਨੁਮਾਇੰਦਾ ਲੋਕਤੰਤਰ, ਸੰਘੀ ਸੰਤੁਲਨ ਅਤੇ ਕੌਮੀ ਏਕਤਾ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ।"

ਮਮਤਾ ਬੈਨਰਜੀ ਧੜੇ ਦੀ ਟੀਐੱਮਸੀ ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਐਕਸ 'ਤੇ ਲਿਖਿਆ, "ਨਰਿੰਦਰ ਮੋਦੀ ਸਰਕਾਰ ਡੀਲਿਮਿਟੇਸ਼ਨ ਬਿੱਲ ਲਿਆ ਰਹੀ ਹੈ, ਜਿਸ ਦਾ ਮਕਸਦ ਭਾਜਪਾ ਨੂੰ ਸਾਰੇ ਚੋਣ ਹਲਕਿਆਂ ਦਾ ਨਕਸ਼ਾ ਆਪਣੇ ਚੋਣਾਵੀ ਫ਼ਾਇਦੇ ਮੁਤਾਬਕ ਨਵੇਂ ਸਿਰੇ ਤੋਂ ਤਿਆਰ ਕਰਨ ਦਾ ਮੌਕਾ ਦੇਣਾ ਹੈ। ਇਸ ਤੋਂ ਬਾਅਦ ਸਰਕਾਰ ਦਾਅਵਾ ਕਰ ਰਹੀ ਹੈ ਕਿ ਇਹ ਸਭ ਕਿਸੇ ਤਰ੍ਹਾਂ 'ਨਾਰੀ ਸ਼ਕਤੀ' ਜਾਂ 'ਔਰਤਾਂ ਦੀ ਨੁਮਾਇੰਦਗੀ' ਲਈ ਕੀਤਾ ਜਾ ਰਿਹਾ ਹੈ।"
ਉਨ੍ਹਾਂ ਨੇ ਲਿਖਿਆ, "ਡੀਲਿਮਿਟੇਸ਼ਨ ਬਿੱਲ ਹੋਰ ਕੁਝ ਨਹੀਂ, ਸਗੋਂ ਸੱਤਾ 'ਤੇ ਬੇਸ਼ਰਮੀ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਹੈ, ਜਿਸ ਨੂੰ ਸਾੜ੍ਹੀ ਵਿੱਚ ਲਪੇਟ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਨਾ ਸਿਰਫ਼ ਲੋਕਤੰਤਰ ਪ੍ਰਤੀ ਭਾਜਪਾ ਦੀ ਬੇਕਦਰੀ ਨੂੰ ਉਜਾਗਰ ਕਰਦਾ ਹੈ, ਸਗੋਂ ਔਰਤਾਂ ਪ੍ਰਤੀ ਉਸ ਦੀ ਨਫ਼ਰਤ ਅਤੇ ਅਪਮਾਨਜਨਕ ਰਵੱਈਏ ਨੂੰ ਵੀ ਦਰਸਾਉਂਦਾ ਹੈ।"
ਸਿਆਸੀ ਵਿਸ਼ਲੇਸ਼ਕ ਯੋਗੇਂਦਰ ਯਾਦਵ ਨੇ ਐਕਸ 'ਤੇ ਆਪਣਾ ਇੱਕ ਲੇਖ ਸਾਂਝਾ ਕਰਦਿਆਂ ਲਿਖਿਆ, "ਅਪ੍ਰੈਲ ਵਿੱਚ ਭਾਜਪਾ ਦੀ ਪਹਿਲੀ ਕੋਸ਼ਿਸ਼ ਨੂੰ ਵਿਰੋਧੀ ਧਿਰ ਨਾਕਾਮ ਕਰ ਚੁੱਕੀ ਹੈ। ਹੁਣ ਵਿਰੋਧੀ ਧਿਰ ਨੂੰ ਸੱਤਾਧਾਰੀ ਪਾਰਟੀ ਦੀ ਦੂਜੀ ਰਣਨੀਤੀ ਯਾਨੀ ਪਲਾਨ ਬੀ ਦਾ ਮੁਕਾਬਲਾ ਕਰਨ ਦੀ ਤਿਆਰੀ ਕਰਨੀ ਪਵੇਗੀ। ਇਸ ਤਹਿਤ ਸੂਬਿਆਂ ਦੀਆਂ ਲੋਕ ਸਭਾ ਸੀਟਾਂ ਵਿੱਚ ਹਿੱਸੇਦਾਰੀ ਨਹੀਂ ਬਦਲੀ ਜਾਵੇਗੀ, ਸਗੋਂ ਚੋਣਾਵੀ ਨਕਸ਼ੇ ਨੂੰ ਇਸ ਤਰ੍ਹਾਂ ਨਵੇਂ ਸਿਰੇ ਤੋਂ ਤਿਆਰ ਕੀਤਾ ਜਾਵੇਗਾ, ਜਿਸ ਨਾਲ ਭਾਜਪਾ ਨੂੰ ਲੰਬੇ ਸਮੇਂ ਤੱਕ ਚੋਣਾਵੀ ਫ਼ਾਇਦਾ ਮਿਲਦਾ ਰਹੇ।"
"ਅਸਾਮ ਅਤੇ ਜੰਮੂ-ਕਸ਼ਮੀਰ ਵਿੱਚ ਡੀਲੀਮੀਟੇਸ਼ਨ ਰਾਹੀਂ ਸੱਤਾਧਾਰੀ ਪਾਰਟੀ ਨੂੰ ਵੱਡੇ ਚੋਣਾਵੀ ਫ਼ਾਇਦੇ ਮਿਲਣ ਦੀ ਝਲਕ ਪਹਿਲਾਂ ਹੀ ਦੇਖਣ ਨੂੰ ਮਿਲ ਚੁੱਕੀ ਹੈ। ਇਸ ਨੂੰ ਚੋਣ ਹਲਕਿਆਂ ਦੀਆਂ ਹੱਦਾਂ ਵਿੱਚ ਜਾਣਬੁੱਝ ਕੇ ਇਸ ਤਰ੍ਹਾਂ ਬਦਲਾਅ ਕਰਨ ਦੀ ਪ੍ਰਕਿਰਿਆ ਕਿਹਾ ਜਾਂਦਾ ਹੈ, ਜਿਸ ਨਾਲ ਕਿਸੇ ਖ਼ਾਸ ਪਾਰਟੀ ਨੂੰ ਫ਼ਾਇਦਾ ਪਹੁੰਚੇ। ਇਸ ਨੂੰ ਗੈਰੀਮੈਂਡਰਿੰਗ (ਚੋਣ ਹਲਕੇ ਦੀ ਹੱਦ ਜਾਣਬੁੱਝ ਕੇ ਬਦਲਣਾ) ਕਹਿੰਦੇ ਹਨ।"
ਅਪ੍ਰੈਲ ਵਿੱਚ ਕੀ ਹੋਇਆ ਸੀ?

ਤਸਵੀਰ ਸਰੋਤ, ANI
ਮਹਿਲਾ ਰਾਖਵਾਂਕਰਨ ਕਾਨੂੰਨ ਅਤੇ ਡੀਲਿਮਿਟੇਸ਼ਨ ਨਾਲ ਜੁੜਿਆ 131ਵਾਂ ਸੰਵਿਧਾਨਕ ਸੋਧ ਬਿੱਲ 17 ਅਪ੍ਰੈਲ 2026 ਨੂੰ ਲੋਕ ਸਭਾ ਵਿੱਚ ਡਿੱਗ ਗਿਆ ਸੀ।
ਸੰਸਦ ਵਿੱਚ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਵਾਲੇ ਕਾਨੂੰਨ ਵਿੱਚ ਸੋਧ ਅਤੇ ਡੀਲਿਮਿਟੇਸ਼ਨ ਨਾਲ ਜੁੜੇ ਬਿੱਲਾਂ ਦੇ ਸਮਰਥਨ ਵਿੱਚ ਜਦੋਂ ਵੋਟਿੰਗ ਹੋਈ ਤਾਂ ਪੱਖ ਵਿੱਚ 298 ਵੋਟਾਂ ਪਈਆਂ, ਜਦਕਿ ਇਸ ਦੇ ਵਿਰੋਧ ਵਿੱਚ 230 ਵੋਟਾਂ ਪਈਆਂ। 11 ਸੰਸਦ ਮੈਂਬਰ ਗ਼ੈਰ-ਹਾਜ਼ਰ ਰਹੇ ਸਨ।
ਸੰਵਿਧਾਨਕ ਸੋਧ ਬਿੱਲ ਪਾਸ ਕਰਨ ਲਈ ਲੋਕ ਸਭਾ ਵਿੱਚ ਘੱਟੋ-ਘੱਟ ਦੋ-ਤਿਹਾਈ ਬਹੁਮਤ ਹੋਣਾ ਚਾਹੀਦਾ ਹੈ। ਪਿਛਲੇ ਅਪ੍ਰੈਲ ਵਿੱਚ ਲੋਕ ਸਭਾ ਵਿੱਚ 528 ਮੈਂਬਰ ਸਨ ਅਤੇ ਬਿੱਲ ਪਾਸ ਕਰਵਾਉਣ ਲਈ 352 ਵੋਟਾਂ ਦੀ ਲੋੜ ਸੀ। ਯਾਨੀ ਬਿੱਲ ਪਾਸ ਕਰਵਾਉਣ ਲਈ 55 ਵੋਟਾਂ ਘੱਟ ਸਨ।
ਇਸ ਤੋਂ ਬਾਅਦ ਸਰਕਾਰ ਨੇ ਡੀਲਿਮਿਟੇਸ਼ਨ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਜੁੜੇ ਦੋ ਹੋਰ ਬਿੱਲਾਂ ਨੂੰ ਵੀ ਅੱਗੇ ਨਹੀਂ ਵਧਾਇਆ।
ਪਰ ਇਸ ਵਾਰ ਮੋਦੀ ਸਰਕਾਰ ਨਵੇਂ ਸਿਰੇ ਤੋਂ ਇਸ ਨੂੰ ਪਾਸ ਕਰਵਾਉਣ ਲਈ ਪੂਰਾ ਜ਼ੋਰ ਲਗਾਏਗੀ।
ਇੰਡੀਅਨ ਐਕਸਪ੍ਰੈੱਸ ਦੀ ਇੱਕ ਰਿਪੋਰਟ ਮੁਤਾਬਕ, ਕੇਂਦਰ ਸਰਕਾਰ ਨੂੰ ਦੋ-ਤਿਹਾਈ ਬਹੁਮਤ ਮਿਲਣ ਦਾ ਭਰੋਸਾ ਇਸ ਲਈ ਹੈ ਕਿਉਂਕਿ ਪਹਿਲਾਂ ਇੰਡੀਆ ਗੱਠਜੋੜ ਦਾ ਹਿੱਸਾ ਰਹੀ ਡੀਐੱਮਕੇ ਵੱਲੋਂ ਇਸ ਬਿੱਲ ਦੇ ਸਮਰਥਨ ਦੇ ਸੰਕੇਤ ਮਿਲੇ ਹਨ।
ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਡੀਐੱਮਕੇ ਚਾਹੁੰਦੀ ਹੈ ਕਿ ਤਾਮਿਲਨਾਡੂ ਦੀਆਂ ਲੋਕ ਸਭਾ ਸੀਟਾਂ ਵਿੱਚ ਮੌਜੂਦਾ ਲਗਭਗ 7.2 ਫ਼ੀਸਦੀ ਹਿੱਸੇਦਾਰੀ ਬਰਕਰਾਰ ਰੱਖਣ ਦੀ ਗਾਰੰਟੀ ਦਿੱਤੀ ਜਾਵੇ।
ਮੌਜੂਦਾ ਗਣਿਤ ਕੀ ਕਹਿੰਦਾ ਹੈ?

ਤਸਵੀਰ ਸਰੋਤ, ANI
ਫਿਲਹਾਲ ਲੋਕ ਸਭਾ ਵਿੱਚ ਕੁੱਲ 540 ਸੰਸਦ ਮੈਂਬਰ ਹਨ। ਅਜਿਹੇ ਵਿੱਚ ਦੋ-ਤਿਹਾਈ ਬਹੁਮਤ ਦਾ ਅੰਕੜਾ 360 ਤੱਕ ਪਹੁੰਚਦਾ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਐੱਨਡੀਏ ਨੂੰ 293 ਸੀਟਾਂ ਮਿਲੀਆਂ ਸਨ।
ਪਰ ਤ੍ਰਿਣਮੂਲ ਕਾਂਗਰਸ ਦੇ 20 ਬਾਗ਼ੀ ਸੰਸਦ ਮੈਂਬਰਾਂ ਦੇ ਵੱਖ ਹੋਣ ਅਤੇ ਐੱਨਡੀਏ ਨੂੰ ਸਮਰਥਨ ਦੇਣ ਦਾ ਐਲਾਨ ਕਰਨ ਨਾਲ ਇਹ ਅੰਕੜਾ ਬਦਲ ਗਿਆ ਹੈ।
ਇਸੇ ਸਾਲ ਜੂਨ ਵਿੱਚ ਊਧਵ ਠਾਕਰੇ ਦੀ ਸ਼ਿਵ ਸੈਨਾ ਦੇ ਛੇ ਸੰਸਦ ਮੈਂਬਰਾਂ ਨੇ ਪਾਲਾ ਬਦਲ ਲਿਆ ਅਤੇ ਸ਼ਿੰਦੇ ਧੜੇ ਵਿੱਚ ਸ਼ਾਮਲ ਹੋ ਗਏ, ਜੋ ਪਹਿਲਾਂ ਤੋਂ ਹੀ ਐੱਨਡੀਏ ਦਾ ਭਾਈਵਾਲ ਹੈ। ਇਸ ਤਰ੍ਹਾਂ ਐੱਨਡੀਏ ਦੀ ਗਿਣਤੀ ਵੱਧ ਕੇ 319 ਹੋ ਗਈ ਸੀ।
ਡੀਐੱਮਕੇ ਨੇ ਪਿਛਲੀ ਵਾਰ ਡੀਲਿਮਿਟੇਸ਼ਨ ਬਿੱਲ ਦਾ ਵਿਰੋਧ ਕੀਤਾ ਸੀ। ਪਰ ਇਸ ਵਾਰ ਉਸ ਨੇ ਸਮਰਥਨ ਦੇਣ ਦੇ ਸੰਕੇਤ ਦਿੱਤੇ ਹਨ।
ਸ਼ੁੱਕਰਵਾਰ ਨੂੰ ਡੀਐੱਮਕੇ ਦੇ ਬੁਲਾਰੇ ਟੀਕੇਐੱਸ ਇਲਾਂਗੋਵਨ ਨੇ ਏਐੱਨਆਈ ਨੂੰ ਕਿਹਾ, "ਜੇ ਇਹ (ਨਵਾਂ) ਬਿੱਲ ਸਾਨੂੰ ਮਨਜ਼ੂਰ ਹੋਵੇਗਾ ਤਾਂ ਅਸੀਂ ਇਸ ਦਾ ਸਮਰਥਨ ਕਰਾਂਗੇ।"
ਲੋਕ ਸਭਾ ਵਿੱਚ ਡੀਐੱਮਕੇ ਦੇ 22 ਸੰਸਦ ਮੈਂਬਰ ਹਨ। ਤਾਮਿਲਨਾਡੂ ਵਿੱਚ ਹਾਰ ਤੋਂ ਬਾਅਦ ਕਾਂਗਰਸ ਦੇ ਵੱਖ ਹੋ ਜਾਣ ਕਾਰਨ ਡੀਐੱਮਕੇ ਨੇ ਇੰਡੀਆ ਗੱਠਜੋੜ ਦਾ ਸਾਥ ਛੱਡ ਦਿੱਤਾ।
ਇੰਡੀਅਨ ਐਕਸਪ੍ਰੈੱਸ ਮੁਤਾਬਕ, ਡੀਐੱਮਕੇ ਦੇ ਇੱਕ ਆਗੂ ਨੇ ਮੰਨਿਆ ਕਿ ਸਰਕਾਰ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਅਤੇ ਜੇ ਤਾਮਿਲਨਾਡੂ ਦੀਆਂ ਲੋਕ ਸਭਾ ਸੀਟਾਂ ਵਿੱਚ ਮੌਜੂਦਾ ਲਗਭਗ 7.2 ਫ਼ੀਸਦੀ ਹਿੱਸੇਦਾਰੀ ਬਰਕਰਾਰ ਰੱਖਣ ਦੀ ਗਾਰੰਟੀ ਮਿਲਦੀ ਹੈ ਤਾਂ ਪਾਰਟੀ ਡੀਲਿਮਿਟੇਸ਼ਨ ਦਾ ਸਮਰਥਨ ਕਰ ਸਕਦੀ ਹੈ।
ਐੱਨਸੀਪੀ (ਸ਼ਰਦ ਪਵਾਰ) ਦੀ ਆਗੂ ਸੁਪ੍ਰਿਆ ਸੁਲੇ ਨੇ ਬਿੱਲ ਦੇ ਸਮਰਥਨ ਦੇ ਸੰਕੇਤ ਦਿੱਤੇ ਸਨ, ਹਾਲਾਂਕਿ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਲੋਕ ਸਭਾ ਵਿੱਚ ਪਾਰਟੀ ਦੇ ਅੱਠ ਸੰਸਦ ਮੈਂਬਰ ਹਨ।
ਸੁਪ੍ਰਿਆ ਸੁਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿਛਲੇ ਬੁੱਧਵਾਰ ਨੂੰ ਕਿਹਾ ਸੀ, "ਵਿਰੋਧੀ ਧਿਰ ਨੇ ਅਤੀਤ ਵਿੱਚ ਕਈ ਮੁੱਦਿਆਂ ਦਾ ਸਮਰਥਨ ਕੀਤਾ ਹੈ, ਜਿਵੇਂ ਪਹਿਲਗਾਮ ਮਾਮਲਾ, ਜੀਐੱਸਟੀ ਬਿੱਲ, ਮਹਿਲਾ ਰਾਖਵਾਂਕਰਨ ਬਿੱਲ, ਜਿਸ ਨੂੰ ਅਸੀਂ ਸਰਬਸੰਮਤੀ ਨਾਲ ਪਾਸ ਕੀਤਾ ਸੀ। ਦੇਸ਼ ਦੇ ਹਿੱਤ ਵਿੱਚ ਚਰਚਾ ਹੋਣੀ ਚਾਹੀਦੀ ਹੈ।"
ਜੇ ਲੋਕ ਸਭਾ ਵਿੱਚ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਬਿੱਲ ਰਾਜ ਸਭਾ ਦੀ ਬੈਠਕ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ। 245 ਮੈਂਬਰਾਂ ਵਾਲੀ ਰਾਜ ਸਭਾ ਵਿੱਚ ਐੱਨਡੀਏ ਦੇ 142 ਸੰਸਦ ਮੈਂਬਰ ਹਨ। ਸੰਵਿਧਾਨਕ ਸੋਧ ਲਈ 161 ਮੈਂਬਰਾਂ ਦਾ ਸਮਰਥਨ ਜ਼ਰੂਰੀ ਹੋਵੇਗਾ। ਅਜਿਹੇ ਵਿੱਚ ਸੱਤਾਧਾਰੀ ਗੱਠਜੋੜ ਨੂੰ 19 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੈ।
ਰਾਜ ਸਭਾ ਵਿੱਚ ਡੀਐੱਮਕੇ ਦੇ ਅੱਠ ਅਤੇ ਐੱਨਸੀਪੀ (ਸ਼ਰਦ ਪਵਾਰ) ਦਾ ਇੱਕ ਸੰਸਦ ਮੈਂਬਰ ਹੈ। ਖੇਤਰੀ ਪਾਰਟੀਆਂ ਸਮੇਤ ਐੱਨਡੀਏ ਤੋਂ ਬਾਹਰ ਦੀਆਂ ਪਾਰਟੀਆਂ ਦੇ ਲਗਭਗ 100 ਸੰਸਦ ਮੈਂਬਰ ਹਨ। ਭਾਜਪਾ ਨੂੰ ਭਰੋਸਾ ਹੈ ਕਿ ਉਹ ਲੋੜੀਂਦੀ ਗਿਣਤੀ ਜੁਟਾਉਣ ਵਿੱਚ ਸਫ਼ਲ ਹੋਵੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































