ਅਕਾਲੀ ਦਲ-ਭਾਜਪਾ ਗਠਜੋੜ ਨਾਲ ਕੀ ਪੰਜਾਬ ਵਿੱਚ ਬਦਲਣਗੇ ਚੋਣਾਂ ਦੇ ਸਮੀਕਰਨ, ਸੀਐੱਮ ਦਾ ਚਿਹਰਾ ਕਿੰਨਾ ਮਾਅਨੇ ਰੱਖਦਾ ਹੈ?

ਅਮਿਤ ਸ਼ਾਹ, ਨਿਤਿਨ ਨਬੀਨ ਅਤੇ ਸੁਖਬੀਰ ਸਿੰਘ ਬਾਦਲ
ਤਸਵੀਰ ਕੈਪਸ਼ਨ, ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਅਮਿਤ ਸ਼ਾਹ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨੇ ਗਠਜੋੜ ਦਾ ਐਲਾਨ ਕੀਤਾ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 8 ਮਿੰਟ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ 24 ਨਵੰਬਰ 2026 ਨੂੰ ਅਮਿਤ ਸ਼ਾਹ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਇਕੱਠੇ ਆਉਣ (ਗਠਜੋੜ) ਦਾ ਫ਼ੈਸਲਾ ਕੀਤਾ ਹੈ।

2020 ਵਿੱਚ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਕਾਲੀ ਦਲ ਨੇ ਭਾਜਪਾ ਨਾਲ 24 ਸਾਲ ਪੁਰਾਣਾ ਗਠਜੋੜ ਤੋੜ ਦਿੱਤਾ ਸੀ।

ਇਸ ਤਾਜ਼ਾ ਪ੍ਰੈੱਸ ਕਾਨਫਰੰਸ ਵਿੱਚ ਅਮਿਤ ਸ਼ਾਹ ਨੇ ਕਿਹਾ ਕਿ ਅਕਾਲੀ ਦਲ ਗਠਜੋੜ ਵਿੱਚ ਵੱਡੇ ਭਰਾ ਦੀ ਭੂਮਿਕਾ ਵਿੱਚ ਰਹੇਗਾ ਅਤੇ ਮੁੱਖ ਮੰਤਰੀ ਵੀ ਵੱਡੇ ਭਰਾ ਦੀ ਪਾਰਟੀ ਵਿੱਚੋਂ ਹੀ ਹੋਵੇਗਾ। ਉਨ੍ਹਾਂ ਐਲਾਨ ਕੀਤਾ ਕਿ ਦੋਵੇਂ ਪਾਰਟੀਆਂ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਮਿਲ ਕੇ ਚੋਣ ਲੜਨਗੀਆਂ।

ਅਮਿਤ ਸ਼ਾਹ ਨੇ ਗਠਜੋੜ ਦੇ ਐਲਾਨ ਦੇ ਨਾਲ ਹੀ ਦਸੰਬਰ 2029 ਤੱਕ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਟੀਚਾ ਰੱਖਿਆ ਹੈ।

ਦੂਜੇ ਪਾਸੇ, ਕਾਂਗਰਸ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਸਭ ਤੋਂ ਵੱਧ 7 ਸੀਟਾਂ ਜਿੱਤੀਆਂ ਸਨ।

ਪੰਜਾਬ ਵਿੱਚ ਫ਼ਿਲਹਾਲ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ, ਜਿਸ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਪ੍ਰਦਰਸ਼ਨ ਕਰਦਿਆਂ 92 ਸੀਟਾਂ ਜਿੱਤੀਆਂ ਸਨ।

ਇਨ੍ਹਾਂ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਦੀ ਪਾਰਟੀ 'ਵਾਰਿਸ ਪੰਜਾਬ ਦੇ' ਵੀ ਚੋਣਾਂਵੀ ਮੈਦਾਨ 'ਚ ਰਹੇਗੀ ਅਤੇ ਚਰਚਾ ਹੈ ਕਿ ਉਹ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਵਿੱਚ ਚੋਣ ਲੜੇਗੀ।

ਖੇਤੀ ਕਾਨੂੰਨਾਂ ਤੋਂ ਬਾਅਦ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਆਈ ਖਟਾਸ, ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੀਆਂ ਆਪਣੀਆਂ ਅੰਦਰੂਨੀ ਚੁਣੌਤੀਆਂ ਅਤੇ ਭਗਵੰਤ ਮਾਨ ਵੱਲੋਂ ਖ਼ੁਦ ਨੂੰ ਸਾਬਤ ਕਰਨ ਦੇ ਵਿਚਕਾਰ ਸੂਬੇ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।

ਭਾਜਪਾ ਅਤੇ ਅਕਾਲੀ ਦਲ ਵਿਚਾਲੇ ਗਠਜੋੜ ਦਾ ਐਲਾਨ ਹੋਣ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਵਰਕਰਾਂ ਵਿੱਚ ਖ਼ੁਸ਼ੀ ਦੇਖਣ ਨੂੰ ਮਿਲੀ
ਤਸਵੀਰ ਕੈਪਸ਼ਨ, ਭਾਜਪਾ ਅਤੇ ਅਕਾਲੀ ਦਲ ਵਿਚਾਲੇ ਗਠਜੋੜ ਦਾ ਐਲਾਨ ਹੋਣ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਵਰਕਰਾਂ ਵਿੱਚ ਖ਼ੁਸ਼ੀ ਦੇਖਣ ਨੂੰ ਮਿਲੀ

'ਵਾਰਿਸ ਪੰਜਾਬ ਦੇ' ਪਾਰਟੀ ਦੇ ਆਉਣ ਤੋਂ ਬਾਅਦ ਅਕਾਲੀ ਦਲ ਨੂੰ ਆਪਣੇ ਵੋਟ ਬੈਂਕ ਦਾ ਕਿੰਨਾ ਖ਼ਤਰਾ ਹੈ?

ਕਾਂਗਰਸ ਦੀ ਲੀਡਰਸ਼ਿਪ ਵਿੱਚ ਸਮੱਸਿਆ ਉਨ੍ਹਾਂ ਲਈ ਕਿੰਨੀ ਵੱਡੀ ਚੁਣੌਤੀ ਹੈ ਅਤੇ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਕਿੰਨਾ ਮਾਇਨੇ ਰੱਖਦਾ ਹੈ?

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਤੋਂ ਬਾਅਦ ਉਨ੍ਹਾਂ ਦੀਆਂ ਵੋਟਾਂ ਇੱਕ-ਦੂਜੇ ਨੂੰ ਕਿੰਨੀਆਂ ਟਰਾਂਸਫ਼ਰ ਹੋ ਸਕਣਗੀਆਂ?

ਪੰਜਾਬ ਦੀ ਸਰਕਾਰ ਨੂੰ ਦਿੱਲੀ ਤੋਂ ਕੰਟਰੋਲ ਕੀਤੇ ਜਾਣ ਦੇ ਪਿੱਛੇ ਕੀ ਸੱਚਾਈ ਹੈ? ਅਤੇ ਪੰਜਾਬ ਦੇ ਵੋਟਰਾਂ ਸਾਹਮਣੇ 2027 ਵਿੱਚ ਅਸਲ ਬਦਲ ਕੀ ਹੋਣਗੇ?

ਇਨ੍ਹਾਂ ਹੀ ਸਵਾਲਾਂ ਦੇ ਜਵਾਬ ਜਾਣਨ ਲਈ ਕਲੈਕਟਿਵ ਨਿਊਜ਼ਰੂਮ ਦੇ ਡਾਇਰੈਕਟਰ ਆਫ਼ ਜਰਨਲਿਜ਼ਮ ਮੁਕੇਸ਼ ਸ਼ਰਮਾ ਨੇ ਇੰਡੀਅਨ ਐਕਸਪ੍ਰੈੱਸ ਦੇ ਅਸਿਸਟੈਂਟ ਐਡੀਟਰ ਰਾਖੀ ਜੱਗਾ, ਵੋਟ ਵਾਈਬ ਇੰਡੀਆ ਦੇ ਚੋਣ ਵਿਸ਼ਲੇਸ਼ਕ ਅਮਿਤਾਭ ਤਿਵਾਰੀ ਅਤੇ ਬੀਬੀਸੀ ਨਿਊਜ਼ ਪੰਜਾਬੀ ਦੇ ਸਾਬਕਾ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਅਤੁਲ ਸੰਗਰ ਨਾਲ ਗੱਲਬਾਤ ਕੀਤੀ।

ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਨੂੰ ਕਿਸ ਤਰ੍ਹਾਂ ਦੇਖਿਆ ਜਾਵੇ

ਰਾਖੀ ਜੱਗਾ
ਅਸਿਸਟੈਂਟ ਐਡੀਟਰ, ਇੰਡੀਅਨ ਐਕਸਪ੍ਰੈੱਸ

ਸਿਰਫ਼ 6 ਸਾਲ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਵੱਖ ਹੋਏ ਸਨ। ਇਸ ਗਠਜੋੜ ਦੀ ਸ਼ੁਰੂਆਤ 30 ਸਾਲ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਹੋਈ ਸੀ। ਪਰ ਜਦੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ, ਹਰਿਆਣਾ ਸਮੇਤ ਦੇਸ਼ ਭਰ ਦੇ ਕਿਸਾਨਾਂ ਦਾ ਵਿਰੋਧ ਸ਼ੁਰੂ ਹੋਇਆ, ਤਾਂ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਟੁੱਟ ਗਿਆ।

ਇਸ ਤੋਂ ਬਾਅਦ 2022 ਵਿੱਚ ਪਹਿਲੀ ਵਾਰ ਅਜਿਹਾ ਹੋਇਆ ਸੀ, ਜਦੋਂ ਦੋਵਾਂ ਨੇ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਵੱਖ-ਵੱਖ ਲੜਨ ਦਾ ਫ਼ੈਸਲਾ ਕੀਤਾ।

ਇਨ੍ਹਾਂ ਛੇ ਸਾਲਾਂ ਵਿੱਚ ਅਜਿਹੇ ਕੀ ਹਾਲਾਤ ਬਦਲੇ ਕਿ ਦੋਵੇਂ ਪਾਰਟੀਆਂ ਨੂੰ ਇਕੱਠੇ ਆਉਣਾ ਪਿਆ, ਇਸ ਸਵਾਲ 'ਤੇ ਇੰਡੀਅਨ ਐਕਸਪ੍ਰੈੱਸ ਦੇ ਅਸਿਸਟੈਂਟ ਐਡੀਟਰ ਰਾਖੀ ਜੱਗਾ ਕਹਿੰਦੇ ਹਨ, "2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ ਤਿੰਨ ਸੀਟਾਂ ਮਿਲੀਆਂ ਸਨ, ਜਦਕਿ ਭਾਜਪਾ ਦੇ ਖਾਤੇ ਵਿੱਚ ਮਹਿਜ਼ ਦੋ ਸੀਟਾਂ ਆਈਆਂ ਸਨ।"

"ਕਈ ਸੀਟਾਂ 'ਤੇ ਪਾਰਟੀ ਦੇ ਉਮੀਦਵਾਰਾਂ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ। ਭਾਜਪਾ ਵੀ ਇਕੱਲਿਆਂ ਚੋਣ ਲੜਦਿਆਂ ਕੋਈ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੀ। ਇਨ੍ਹਾਂ ਚੋਣ ਨਤੀਜਿਆਂ ਅਤੇ ਲਗਾਤਾਰ ਮਿਲ ਰਹੀਆਂ ਅਸਫ਼ਲਤਾਵਾਂ ਤੋਂ ਬਾਅਦ ਦੋਵਾਂ ਪਾਰਟੀਆਂ ਨੂੰ ਹੌਲੀ-ਹੌਲੀ ਇਹ ਅਹਿਸਾਸ ਹੋਇਆ ਕਿ ਇਕੱਲਿਆਂ ਚੋਣ ਲੜ ਕੇ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੋਣ ਵਾਲਾ।"

ਉਨ੍ਹਾਂ ਦੇ ਮੁਤਾਬਕ, ਇਸ ਗਠਜੋੜ ਦੀ ਕੋਸ਼ਿਸ਼ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਹੋਈ ਸੀ, ਪਰ ਉਸੇ ਦੌਰਾਨ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ। ਕਿਸਾਨ ਸ਼ੰਭੂ ਬਾਰਡਰ 'ਤੇ ਆ ਕੇ ਬੈਠ ਗਏ ਅਤੇ ਇਸ ਅੰਦੋਲਨ ਦਾ ਵਿਰੋਧ ਦੋਵਾਂ ਹੀ ਪਾਰਟੀਆਂ ਦੇ ਖ਼ਿਲਾਫ਼ ਗਿਆ।

ਉਹ ਕਹਿੰਦੇ ਹਨ, "ਅਜਿਹੇ ਵਿੱਚ ਦੋਵਾਂ ਪਾਰਟੀਆਂ ਨੂੰ ਗਠਜੋੜ ਦੀ ਕੋਸ਼ਿਸ਼ ਟਾਲਣੀ ਪਈ। ਇਸ ਤੋਂ ਇਲਾਵਾ, ਉਸ ਸਮੇਂ ਸੀਟਾਂ ਦੀ ਵੰਡ 'ਤੇ ਵੀ ਸਹਿਮਤੀ ਨਹੀਂ ਬਣ ਸਕੀ ਸੀ। ਹੁਣ ਗਠਜੋੜ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਵਰਕਰ ਇਸ ਤਰ੍ਹਾਂ ਖ਼ੁਸ਼ ਹਨ, ਜਿਵੇਂ ਵਿਛੜੇ ਹੋਏ ਦੋ ਭਰਾ ਦੁਬਾਰਾ ਮਿਲ ਰਹੇ ਹੋਣ।"

ਅਕਾਲੀ ਦਲ ਨੂੰ ਆਪਣੇ ਵੋਟ ਬੈਂਕ ਦਾ ਖ਼ਤਰਾ

ਸੁਖਬੀਰ ਸਿੰਘ ਬਾਦਲ
ਤਸਵੀਰ ਕੈਪਸ਼ਨ, 'ਵਾਰਿਸ ਪੰਜਾਬ ਦੇ' ਨੇ ਸ਼੍ਰੋਮਣੀ ਅਕਾਲੀ ਦਲ ਦੇ ਜਨ ਆਧਾਰ ਨੂੰ ਪ੍ਰਭਾਵਿਤ ਕੀਤਾ ਹੈ

ਅਕਾਲੀ ਦਲ ਨੂੰ ਰਵਾਇਤੀ ਤੌਰ 'ਤੇ ਪੇਂਡੂ ਪੰਜਾਬ ਅਤੇ ਸਿੱਖ ਸਿਆਸਤ ਵਿੱਚ ਜ਼ਿਆਦਾ ਮਜ਼ਬੂਤ ਮੰਨਿਆ ਜਾਂਦਾ ਹੈ।

ਰਾਖੀ ਜੱਗਾ ਦੇ ਮੁਤਾਬਕ, ਇੱਕ ਸਮਾਂ ਅਜਿਹਾ ਸੀ ਜਦੋਂ ਸਿੱਖ ਪੰਥਕ ਵੋਟਰ ਇੱਕਜੁੱਟ ਵੋਟ ਬੈਂਕ ਦੇ ਰੂਪ 'ਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜ੍ਹੇ ਹੁੰਦੇ ਸਨ। ਹੁਣ ਇਹ ਸਥਿਤੀ ਨਹੀਂ ਹੈ। ਇਹ ਵੋਟ ਬੈਂਕ ਹੁਣ ਵੱਖ-ਵੱਖ ਸਮੂਹਾਂ ਅਤੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ।

ਅਮਿਤਾਭ ਤਿਵਾਰੀ ਨੇ ਕਿਹਾ, "ਵਾਰਿਸ ਪੰਜਾਬ ਦੇ ਨੇ ਵੀ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਜਨ ਆਧਾਰ ਨੂੰ ਪ੍ਰਭਾਵਿਤ ਕੀਤਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦਾ ਵੋਟ ਸ਼ੇਅਰ ਪਹਿਲਾਂ ਲਗਭਗ 20 ਫ਼ੀਸਦੀ ਸੀ, ਜੋ ਘਟ ਕੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ 12 ਤੋਂ 13 ਫ਼ੀਸਦੀ ਦੇ ਆਸ-ਪਾਸ ਰਹਿ ਗਿਆ।"

ਵਿਸ਼ਲੇਸ਼ਣ ਦੇ ਮੁਤਾਬਕ, ਇਸ ਗਿਰਾਵਟ ਦਾ ਇੱਕ ਵੱਡਾ ਹਿੱਸਾ 'ਵਾਰਿਸ ਪੰਜਾਬ ਦੇ' ਵੱਲ ਗਿਆ ਹੈ।

ਉਨ੍ਹਾਂ ਮੁਤਾਬਕ, ਪੰਜਾਬ ਦੀ ਇਹ ਚੋਣ ਚਾਰ ਮੁੱਖ ਧਿਰਾਂ ਵਿਚਾਲੇ ਲੜੀ ਜਾ ਰਹੀ ਹੈ, ਇਸ ਲਈ ਕੁਝ ਫ਼ੀਸਦੀ ਵੋਟਾਂ ਵੀ ਆਖ਼ਰ ਵਿੱਚ ਕਈ ਪਾਰਟੀਆਂ ਦਾ ਖੇਡ ਵਿਗਾੜਨ ਲਈ ਕਾਫ਼ੀ ਹਨ।

ਹਾਲਾਂਕਿ ਅਤੁਲ ਸੰਗਰ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਪ੍ਰਭਾਵ ਮੁੱਖ ਤੌਰ 'ਤੇ ਸਿਰਫ਼ ਦੋ ਲੋਕ ਸਭਾ ਹਲਕਿਆਂ ਤੱਕ ਹੀ ਸੀਮਤ ਰਿਹਾ ਹੈ। ਪੂਰੇ ਪੰਜਾਬ ਵਿੱਚ ਉਨ੍ਹਾਂ ਦਾ ਇੰਨਾ ਵਿਆਪਕ ਪ੍ਰਭਾਵ ਨਹੀਂ ਹੈ, ਪਰ ਜਿਨ੍ਹਾਂ ਇਲਾਕਿਆਂ ਵਿੱਚ ਉਨ੍ਹਾਂ ਦੀ ਪਕੜ ਹੈ, ਉੱਥੇ ਉਹ ਸ਼੍ਰੋਮਣੀ ਅਕਾਲੀ ਦਲ ਸਮੇਤ ਦੂਜੀਆਂ ਸਿਆਸੀ ਪਾਰਟੀਆਂ ਨੂੰ ਸਖ਼ਤ ਟੱਕਰ ਦੇ ਸਕਦੇ ਹਨ।

'ਵਾਰਿਸ ਪੰਜਾਬ ਦੇ' ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ 2 ਸੀਟਾਂ ਜਿੱਤੀਆਂ ਸਨ, ਜਦਕਿ ਉਸ ਸਮੇਂ ਇਹ ਇੱਕ ਰਜਿਸਟਰਡ ਸਿਆਸੀ ਪਾਰਟੀ ਨਹੀਂ ਸੀ।

ਸੀਐੱਮ ਦਾ ਚਿਹਰਾ ਕਿੰਨਾ ਮਾਅਨੇ ਰੱਖਦਾ ਹੈ?

ਭਗਵੰਤ ਮਾਨ
ਤਸਵੀਰ ਕੈਪਸ਼ਨ, ਆਮ ਆਦਮੀ ਪਾਰਟੀ ਦੇ ਅੰਦਰ ਇੱਕ ਧੜੇ ਦਾ ਮੰਨਣਾ ਸੀ ਕਿ 2017 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨ ਨਾ ਕਰਨ ਕਾਰਨ ਉਸ ਨੂੰ ਨੁਕਸਾਨ ਝੱਲਣਾ ਪਿਆ ਸੀ

ਪੰਜਾਬ ਦੀਆਂ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਲੀਡਰਸ਼ਿਪ ਦੀ ਸਮੱਸਿਆ ਬਣੀ ਹੋਈ ਹੈ। ਪਾਰਟੀ ਪ੍ਰਧਾਨ ਦੇ ਨਾਲ-ਨਾਲ ਸੂਬੇ ਦੇ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਕੌਣ ਹੋਵੇਗਾ, ਇਸ ਨੂੰ ਲੈ ਕੇ ਵੀ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਅਕਸਰ ਖਿੱਚੋਤਾਣ ਦੇਖਣ ਨੂੰ ਮਿਲਦੀ ਹੈ। ਕੀ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਮਹੱਤਵਪੂਰਨ ਹੈ?

ਇਸ ਸਵਾਲ 'ਤੇ ਅਮਿਤਾਭ ਤਿਵਾਰੀ ਕਹਿੰਦੇ ਹਨ, "ਅੱਜ ਭਾਜਪਾ ਦੀ ਸਥਿਤੀ ਦੇਖੋ, ਤਾਂ ਪਾਰਟੀ ਨੇ ਪਹਿਲਾਂ ਆਪਣੇ ਸੂਬਾ ਪ੍ਰਧਾਨ ਵੀ ਦੋ-ਤਿੰਨ ਵਾਰ ਬਦਲੇ। ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਬਣਾਇਆ ਗਿਆ, ਜੋ ਹਿੰਦੂ ਭਾਈਚਾਰੇ ਤੋਂ ਆਉਂਦੇ ਹਨ। ਇਸ ਤੋਂ ਬਾਅਦ ਹੁਣ ਪਾਰਟੀ ਨੇ ਮੁੜ ਸਿੱਖ ਭਾਈਚਾਰੇ ਤੋਂ ਆਉਣ ਵਾਲੇ ਕੇਵਲ ਸਿੰਘ ਢਿੱਲੋਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਹਾਲਾਂਕਿ, ਉਨ੍ਹਾਂ ਦੀ ਉਮਰ ਵੀ 76 ਸਾਲ ਤੋਂ ਵੱਧ ਹੈ ਅਤੇ ਉਹ ਆਪਣੇ ਸਿਆਸੀ ਕਰੀਅਰ ਦੇ ਸਿਖਰ ਨੂੰ ਪਾਰ ਕਰ ਚੁੱਕੇ ਹਨ।"

ਉਨ੍ਹਾਂ ਦੇ ਮੁਤਾਬਕ, "ਕਾਂਗਰਸ ਪਾਰਟੀ ਸਾਹਮਣੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਹੜੀਆਂ ਚੁਣੌਤੀਆਂ ਸਨ, ਉਹ ਅੱਜ ਵੀ ਬਣੀਆਂ ਹੋਈਆਂ ਹਨ। ਲੋਕ ਸਭਾ ਚੋਣਾਂ ਵਿੱਚ ਤਾਂ ਪਾਰਟੀ ਦੀ ਕੌਮੀ ਲੀਡਰਸ਼ਿਪ ਸਪਸ਼ਟ ਹੈ। ਪਰ ਪੰਜਾਬ ਵਿੱਚ ਸਿਰਫ਼ ਚੰਨੀ ਹੀ ਇੱਕ ਪ੍ਰਮੁੱਖ ਚਿਹਰੇ ਵਜੋਂ ਬਚੇ ਹਨ।"

"ਹੁਣ ਪਾਰਟੀ ਦੇ ਅੰਦਰ ਲੀਡਰਸ਼ਿਪ ਨੂੰ ਲੈ ਕੇ ਖਿੱਚੋਤਾਣ ਹੋਰ ਡੂੰਘੀ ਹੋ ਗਈ ਹੈ। ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਕੋਈ ਇੱਕ ਅਜਿਹਾ ਆਗੂ ਨਹੀਂ ਹੈ, ਜਿਸ ਦਾ ਪਾਰਟੀ ਵਿੱਚ ਬਹੁਤ ਵੱਡਾ ਕੱਦ ਹੋਵੇ। ਇਸ ਖਿੱਚੋਤਾਣ ਵਿੱਚ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਰਾਜਾ ਵੜਿੰਗ ਅਤੇ ਪਰਗਟ ਸਿੰਘ ਵਰਗੇ ਆਗੂ ਵੀ ਸ਼ਾਮਿਲ ਹਨ।"

ਜਿੱਥੋਂ ਤੱਕ 'ਵਾਰਿਸ ਪੰਜਾਬ ਦੇ' ਦੀ ਗੱਲ ਹੈ, ਉਸ ਦੀ ਲੀਡਰਸ਼ਿਪ ਸਪਸ਼ਟ ਹੈ, ਪਰ ਉਸ ਦੇ ਆਗੂ ਜੇਲ੍ਹ ਵਿੱਚ ਹਨ।

ਅਤੁਲ ਸੰਗਰ ਦਾ ਵੀ ਮੰਨਣਾ ਹੈ ਕਿ ਕਾਂਗਰਸ ਲਈ ਲੀਡਰਸ਼ਿਪ ਦਾ ਇਹ ਸੰਕਟ ਪੰਜਾਬ ਵਿੱਚ ਇੱਕ ਵੱਡਾ ਮੁੱਦਾ ਬਣ ਗਿਆ ਹੈ। ਪਿਛਲੇ ਪੰਜ ਤੋਂ ਸੱਤ ਸਾਲਾਂ ਤੋਂ ਇਹ ਸਵਾਲ ਸੂਬੇ ਦੀ ਸਿਆਸਤ ਵਿੱਚ ਲਗਾਤਾਰ ਬਣਿਆ ਹੋਇਆ ਹੈ।

ਆਮ ਆਦਮੀ ਪਾਰਟੀ ਨੇ ਵੀ 2022 ਦੀਆਂ ਚੋਣਾਂ ਵਿੱਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਇਸੇ ਵਜ੍ਹਾ ਨਾਲ ਬਣਾਇਆ ਸੀ।

ਉਨ੍ਹਾਂ ਦੇ ਮੁਤਾਬਕ, ਪਾਰਟੀ ਦੇ ਅੰਦਰ ਇੱਕ ਵਰਗ ਦਾ ਮੰਨਣਾ ਸੀ ਕਿ 2017 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨ ਨਾ ਕਰਨ ਕਾਰਨ ਉਸ ਨੂੰ ਨੁਕਸਾਨ ਝੱਲਣਾ ਪਿਆ ਸੀ।

ਇਸ ਲਈ 2022 ਵਿੱਚ ਪਾਰਟੀ ਨੇ ਇਹ ਰਣਨੀਤੀ ਬਦਲੀ ਅਤੇ ਭਗਵੰਤ ਮਾਨ ਨੂੰ ਸੀਐੱਮ ਫੇਸ ਐਲਾਨਿਆ।

ਕੀ ਪੰਜਾਬ ਨੂੰ ਦਿੱਲੀ ਤੋਂ ਕੰਟਰੋਲ ਕੀਤਾ ਜਾਂਦਾ ਹੈ?

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ
ਤਸਵੀਰ ਕੈਪਸ਼ਨ, ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਲੋਕਾਂ ਵਿੱਚ ਇਹ ਧਾਰਨਾ ਬਣ ਗਈ ਕਿ ਸਰਕਾਰ ਦੇ ਫ਼ੈਸਲੇ ਦਿੱਲੀ ਦੇ ਆਗੂ ਹੀ ਤੈਅ ਕਰ ਰਹੇ ਹਨ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕਈ ਅਜਿਹੇ ਮੌਕੇ ਆਏ, ਜਦੋਂ ਕਿਹਾ ਗਿਆ ਕਿ ਇਸ ਨੂੰ ਦਿੱਲੀ ਤੋਂ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ 'ਤੇ ਚਲਾਇਆ ਜਾ ਰਿਹਾ ਹੈ।

ਇਸ 'ਤੇ ਅਤੁਲ ਸੰਗਰ ਨੇ ਕਿਹਾ, "ਅਕਾਲੀ ਦਲ ਦੇ ਇਤਿਹਾਸ 'ਤੇ ਨਜ਼ਰ ਮਾਰੀਏ, ਤਾਂ ਉਸ ਦੇ ਆਗੂ ਰਹੇ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਵਰਗੇ ਆਗੂ ਕਾਫ਼ੀ ਪ੍ਰਭਾਵਸ਼ਾਲੀ ਸ਼ਖਸੀਅਤਾਂ ਮੰਨੇ ਜਾਂਦੇ ਸਨ। ਉਨ੍ਹਾਂ ਦੀ ਕੌਮੀ ਪੱਧਰ ਦੇ ਆਗੂਆਂ ਨਾਲ ਸਿੱਧੀ ਗੱਲਬਾਤ ਹੁੰਦੀ ਸੀ। ਭਾਵੇਂ ਲਾਲ ਕ੍ਰਿਸ਼ਨ ਅਡਵਾਨੀ ਹੋਣ, ਅਟਲ ਬਿਹਾਰੀ ਵਾਜਪਾਈ ਹੋਣ ਜਾਂ ਬਾਅਦ ਵਿੱਚ ਨਰਿੰਦਰ ਮੋਦੀ।"

"ਇਸ ਲਈ 2007 ਤੋਂ 2017 ਦੇ ਵਿਚਕਾਰ ਜਦੋਂ ਪੰਜਾਬ ਵਿੱਚ ਗਠਜੋੜ ਦੀ ਸਰਕਾਰ ਸੀ, ਉਦੋਂ ਵੀ ਇਹ ਧਾਰਨਾ ਨਹੀਂ ਬਣੀ ਕਿ ਸਰਕਾਰ ਦਿੱਲੀ ਤੋਂ ਚਲਾਈ ਜਾ ਰਹੀ ਹੈ ਜਾਂ ਦਿੱਲੀ ਤੋਂ ਉਸ ਦੇ ਫ਼ੈਸਲੇ ਤੈਅ ਹੁੰਦੇ ਹਨ।"

ਹਾਲਾਂਕਿ, ਉਹ ਮੰਨਦੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਲੋਕਾਂ ਵਿਚਕਾਰ ਅਜਿਹੀ ਧਾਰਨਾ ਬਣ ਗਈ ਕਿ ਦਿੱਲੀ ਦੇ ਆਗੂ ਹੀ ਸਰਕਾਰ ਦੇ ਫ਼ੈਸਲੇ ਤੈਅ ਕਰ ਰਹੇ ਹਨ ਅਤੇ ਉਹੀ ਦੱਸ ਰਹੇ ਹਨ ਕਿ ਕੀ ਕਰਨਾ ਹੈ ਅਤੇ ਕਿਵੇਂ ਕਰਨਾ ਹੈ। ਇਹ ਧਾਰਨਾ ਕਾਫ਼ੀ ਮਜ਼ਬੂਤ ਹੋ ਚੁੱਕੀ ਸੀ।

ਇਸ ਅਕਸ ਨੂੰ ਬਦਲਣ ਲਈ ਭਗਵੰਤ ਮਾਨ ਨੂੰ ਕਾਫ਼ੀ ਮਿਹਨਤ ਕਰਨੀ ਪਈ। ਆਪਣੇ ਕਈ ਫ਼ੈਸਲਿਆਂ ਰਾਹੀਂ ਉਨ੍ਹਾਂ ਨੂੰ ਇਹ ਸਾਬਤ ਕਰਨਾ ਪਿਆ ਕਿ ਸਰਕਾਰ ਦੇ ਫ਼ੈਸਲੇ ਉਹ ਖ਼ੁਦ ਲੈ ਰਹੇ ਹਨ ਅਤੇ ਇਹ ਉਨ੍ਹਾਂ ਦੇ ਆਪਣੇ ਮੰਤਰੀ ਮੰਡਲ ਦੇ ਫ਼ੈਸਲੇ ਹਨ।

ਪਾਰਟੀਆਂ ਲਈ ਕੀ ਹਨ ਚੁਣੌਤੀਆਂ?

ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨਾਲ ਪੰਜਾਬ ਪੁਲਿਸ ਦੇ ਵਿਸ਼ੇਸ਼ ਨਾਰਕੋਟਿਕਸ ਸੈੱਲ ਦੇ ਇੱਕ ਪੁਲਿਸ ਅਧਿਕਾਰੀ
ਤਸਵੀਰ ਕੈਪਸ਼ਨ, ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਅਜੇ ਵੀ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ

ਰਾਖੀ ਜੱਗਾ ਦੇ ਮੁਤਾਬਕ, ਅਕਾਲੀ ਦਲ ਅਤੇ ਭਾਜਪਾ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਵੋਟ ਟ੍ਰਾਂਸਫਰ ਦੀ ਹੈ।

ਉਹ ਕਹਿੰਦੇ ਹਨ, "ਕਿਸਾਨ ਅੰਦੋਲਨ ਤੋਂ ਬਾਅਦ ਭਾਜਪਾ ਪ੍ਰਤੀ ਨਾਰਾਜ਼ਗੀ ਅਜੇ ਵੀ ਮੌਜੂਦ ਹੈ। ਇਸ ਤੋਂ ਇਲਾਵਾ, 'ਵਾਰਿਸ ਪੰਜਾਬ ਦੇ' ਅਤੇ ਦੂਜੇ ਪੰਥਕ ਸਮੂਹਾਂ ਦਾ ਪ੍ਰਭਾਵ ਲਗਭਗ 20-25 ਵਿਧਾਨ ਸਭਾ ਸੀਟਾਂ 'ਤੇ ਹੈ।"

ਅਮਿਤਾਭ ਤਿਵਾਰੀ ਨੇ ਕਿਹਾ ਕਿ ਗਠਜੋੜ ਤੋਂ ਬਾਅਦ ਦੋਵਾਂ ਪਾਰਟੀਆਂ ਦੀਆਂ ਵੋਟਾਂ ਪੂਰੀ ਤਰ੍ਹਾਂ ਇੱਕ-ਦੂਜੇ ਨੂੰ ਮਿਲਣਗੀਆਂ, ਇਹ ਤੈਅ ਨਹੀਂ ਹੈ। ਕਾਂਗਰਸ ਸਾਹਮਣੇ ਅੰਦਰੂਨੀ ਧੜੇਬੰਦੀ ਅਤੇ ਮੁੱਖ ਮੰਤਰੀ ਦੇ ਚਿਹਰੇ ਦੀ ਅਸਪਸ਼ਟਤਾ ਚੁਣੌਤੀ ਹੈ।

ਅਤੁਲ ਸੰਗਰ ਨੇ ਕਿਹਾ ਕਿ ਕਾਂਗਰਸ ਦਾ ਲੀਡਰਸ਼ਿਪ ਸੰਕਟ, ਅਕਾਲੀ ਦਲ ਦੀ ਸਿੱਖ ਵੋਟਰਾਂ ਵਿੱਚ ਘਟਦੀ ਪਕੜ ਅਤੇ ਆਮ ਆਦਮੀ ਪਾਰਟੀ ਸਾਹਮਣੇ ਪੰਜ ਸਾਲਾਂ ਦੇ ਕੰਮਕਾਜ ਦਾ ਹਿਸਾਬ ਦੇਣ ਦੀ ਚੁਣੌਤੀ ਹੈ। ਪੰਜਾਬ ਵਿੱਚ ਅਜੇ ਵੀ ਨਸ਼ਿਆਂ ਦੀ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)