ਬੱਚਿਆਂ ਦੇ ਦਿਲ ਦੀ ਸਿਹਤ ਇਕਦਮ ਤੰਦਰੁਸਤ ਕਿਵੇਂ ਰਹੇ, ਕਾਰਡੀਐਕ ਅਰੈਸਟ ਤੇ ਹਾਰਟ ਅਟੈਕ ਵਿੱਚ ਫਰਕ ਕਿਵੇਂ ਸਮਝਿਆ ਜਾਵੇ

ਬੱਚਿਆਂ ਦੇ ਦਿਲ ਦੀ ਸਿਹਤ
    • ਲੇਖਕ, ਪ੍ਰਿਅੰਕਾ ਧੀਮਾਨ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਕੀ ਬੱਚਿਆਂ ਵਿੱਚ ਕਾਰਡੀਐਕ ਅਰੈਸਟ, ਹਾਰਟ ਫੇਲ੍ਹ ਹੋਣ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ?

ਬਹੁਤ ਵਾਰ ਅਸੀਂ ਛੋਟੇ ਬੱਚਿਆਂ ਦੇ ਦਿਲ ਵਿੱਚ ਸੁਰਾਖ਼ ਹੋਣ ਜਾਂ ਫਿਰ ਦਿਲ ਨਾਲ ਜੁੜੀਆਂ ਹੋਰ ਬਿਮਾਰੀਆਂ ਬਾਰੇ ਸੁਣਦੇ ਹਾਂ। ਕਈ ਬੱਚੇ ਜਨਮ ਤੋਂ ਹੀ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹੁੰਦੇ ਹਨ।

ਬੱਚਿਆਂ ਵਿੱਚ ਦਿਲ ਦੀ ਬਿਮਾਰੀ ਦੇ ਲੱਛਣ ਕੀ ਹੋ ਸਕਦੇ ਹਨ ਅਤੇ ਬੱਚਿਆਂ ਦੇ ਦਿਲ ਨੂੰ ਸਿਹਤਮੰਦ ਰੱਖਣ ਲਈ ਮਾਪਿਆਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

ਬੀਬੀਸੀ ਪੰਜਾਬੀ ਦੇ ਹੈਲਥ ਪੌਡਕਾਸਟ ਸਿਹਤ ਸੀਕ੍ਰੇਟਸ ਵਿੱਚ ਇਨ੍ਹਾਂ ਅਹਿਮ ਸਵਾਲਾਂ ਦੇ ਹੀ ਜਵਾਬ ਜਾਨਣ ਦੀ ਕੋਸ਼ਿਸ਼ ਕੀਤੀ।

ਇਸ ਬਾਰੇ ਅਸੀਂ ਗੱਲਬਾਤ ਕੀਤੀ ਡਾ. ਯਤਿਨ ਅਰੋੜਾ ਨਾਲ, ਜੋ ਇੱਕ ਕਾਰਡੀਓਵੈਸਕੁਲਰ ਸਰਜਨ ਹਨ ਤੇ ਮੌਜੂਦਾ ਵੇਲੇ ਏਸ਼ੀਅਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।

ਡਾ. ਯਤਿਨ ਅਰੋੜਾ
ਤਸਵੀਰ ਕੈਪਸ਼ਨ, ਡਾ. ਯਤਿਨ ਅਰੋੜਾ ਇੱਕ ਕਾਰਡੀਓਵੈਸਕੁਲਰ ਸਰਜਨ ਹਨ ਤੇ ਮੌਜੂਦਾ ਵੇਲੇ ਏਸ਼ੀਅਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ

ਸਵਾਲ- ਬੱਚਿਆਂ ਵਿੱਚ ਸਭ ਤੋਂ ਆਮ ਦਿਲ ਨਾਲ ਜੁੜੀਆਂ ਕਿਹੜੀਆਂ ਸਮੱਸਿਆਵਾਂ ਹੁੰਦੀਆਂ ਹਨ?

ਜਵਾਬ- ਬੱਚਿਆਂ ਦੀਆਂ ਦਿਲ ਦੀਆਂ ਬਿਮਾਰੀਆਂ ਨੂੰ 2 ਤਰੀਕਿਆਂ ਨਾਲ ਵੰਡਿਆ ਜਾਂਦਾ ਹੈ। ਇੱਕ ਉਹ ਹੈ ਜਿਸ ਵਿੱਚ ਬੱਚੇ ਨੀਲੇ ਪੈ ਜਾਂਦੇ ਹਨ ਤੇ ਇੱਕ ਉਹ ਹੈ ਜਿਸ ਵਿੱਚ ਬੱਚੇ ਨੀਲੇ ਨਹੀਂ ਪੈਂਦੇ। ਜਿਹੜੇ ਬੱਚੇ ਨੀਲੇ ਨਹੀਂ ਪੈਂਦੇ, ਉਨ੍ਹਾਂ ਵਿੱਚ ਸਭ ਤੋਂ ਆਮ ਬਿਮਾਰੀ ਹੁੰਦੀ ਹੈ ਦਿਲ ਵਿੱਚ ਸੁਰਾਖ਼ ਹੋਣਾ- ਜਿਸ ਨੂੰ ਏਐੱਸਜੀ ਜਾਂ ਵੀਐੱਸਜੀ ਕਿਹਾ ਜਾਂਦਾ ਹੈ।

ਜਿਨ੍ਹਾਂ ਬਿਮਾਰੀਆਂ ਵਿੱਚ ਬੱਚੇ ਨੀਲੇ ਪੈਂਦੇ ਹਨ, ਉਨ੍ਹਾਂ ਵਿੱਚ ਫੇਫੜਿਆਂ ਵਿੱਚ ਖ਼ੂਨ ਘੱਟ ਰਿਹਾ ਹੈ ਜਾਂ ਫਿਰ ਨਸ ਛੋਟੀ ਹੋ ਗਈ ਹੁੰਦੀ ਹੈ। ਕਈ ਵਾਰ ਨਸ ਬਣੀ ਹੀ ਨਹੀਂ ਹੁੰਦੀ ਜਾਂ ਫਿਰ ਨਸਾਂ ਉਲਟੀਆਂ ਜੁੜੀਆਂ ਹੁੰਦੀਆਂ ਹਨ। ਕਈ ਵਾਰ ਦਿਲ ਦਾ ਅੱਧਾ ਹਿੱਸਾ ਬਣਿਆ ਹੀ ਨਹੀਂ ਹੁੰਦਾ।

ਵੀਡੀਓ ਕੈਪਸ਼ਨ, ਕੀ ਬੱਚਿਆਂ ਵਿੱਚ ਹੁੰਦਾ ਹੈ ਕਾਰਡੀਐਕ ਅਰੈਸਟ?

ਸਵਾਲ- ਬੱਚਿਆਂ ਵਿੱਚ ਦਿਲ ਦੀਆਂ ਬਿਮਾਰੀਆਂ ਉਭਰਨ ਦੇ ਕਾਰਨ ਕੀ ਹੁੰਦੇ ਹਨ?

ਜਵਾਬ- ਕਰੀਬ 5 ਫ਼ੀਸਦ ਬਿਮਾਰੀਆਂ ਪਰਿਵਾਰਕ ਹਿਸਟਰੀ ਜਾਂ ਫਿਰ ਜੈਨੇਟਿਕ ਹੁੰਦੀਆਂ ਹਨ। ਪਰ ਜ਼ਿਆਦਾਤਰ ਬਿਮਾਰੀਆਂ ਦਾ ਕੋਈ ਕਾਰਨ ਨਹੀਂ ਹੁੰਦਾ। ਇਹ ਕਿਸੇ ਨੂੰ ਵੀ ਹੋ ਸਕਦੀਆਂ ਹਨ।

ਇਹ ਬਿਮਾਰੀਆਂ ਉਦੋਂ ਵਧ ਜਾਂਦੀਆਂ ਹਨ ਜਦੋਂ ਪ੍ਰੈਗਨੈਂਸੀ ਦੇਰੀ ਨਾਲ ਹੋਵੇ। 35 ਸਾਲ ਤੋਂ ਬਾਅਦ ਗਰਭਧਾਰਨ ਦੇ ਵਿੱਚ ਕਈ ਵਾਰ ਇਸ ਤਰ੍ਹਾਂ ਦੇ ਮਾਮਲੇ ਵਧ ਜਾਂਦੇ ਹਨ। ਇਸ ਲਈ ਜਦੋਂ ਵੀ ਲੇਟ ਪ੍ਰੈਗਨੈਂਸੀ ਹੋਵੇ ਤਾਂ ਉਸਦਾ ਫੀਟਲ ਈਕੋ ਕਰਵਾਉਣਾ ਪੈਂਦਾ ਹੈ।

ਕੁਝ ਦਿਲ ਦੀਆਂ ਬਿਮਾਰੀਆਂ ਮਾਂ ਨੂੰ ਇਨਫੈਕਸ਼ਨ ਹੋਣ ਕਾਰਨ ਵੀ ਹੁੰਦੀਆਂ ਹਨ। ਜਿਸ ਨੂੰ ਰੁਬੇਲਾ ਕਿਹਾ ਜਾਂਦਾ ਹੈ, ਕੰਜਾਈਟਲ ਰੁਬੇਲਾ ਸਿੰਡਰੋਮ ਹੁੰਦਾ ਹੈ ਜਿਸ ਵਿੱਚ ਇੱਕ ਪੀਡੀਏ ਨਾਮਕ ਬਿਮਾਰੀ ਰਹਿ ਜਾਂਦੀ ਹੈ।

ਬੱਚਿਆਂ ਦੇ ਦਿਲ ਦੀ ਸਿਹਤ
ਤਸਵੀਰ ਕੈਪਸ਼ਨ, ਕਰੀਬ 5 ਫ਼ੀਸਦ ਬਿਮਾਰੀਆਂ ਪਰਿਵਾਰਕ ਹਿਸਟਰੀ ਜਾਂ ਫਿਰ ਜੈਨੇਟਿਕ ਹੁੰਦੀਆਂ ਹਨ। ਪਰ ਜ਼ਿਆਦਾਤਰ ਬਿਮਾਰੀਆਂ ਦਾ ਕੋਈ ਕਾਰਨ ਨਹੀਂ ਹੁੰਦਾ। ਇਹ ਕਿਸੇ ਨੂੰ ਵੀ ਹੋ ਸਕਦੀਆਂ ਹਨ

ਸਵਾਲ- ਕੀ ਬੱਚਿਆਂ ਨੂੰ ਕਾਰਡੀਐਕ ਅਰੈਸਟ ਦੀ ਸਮੱਸਿਆ ਹੁੰਦੀ ਹੈ?

ਜਵਾਬ- ਕਾਰਡੀਐਕ ਅਰੈਸਟ ਕਿਸੇ ਵੀ ਉਮਰ ਵਿੱਚ ਹੋ ਜਾਂਦਾ ਹੈ। ਕਾਰਡੀਐਕ ਅਰੈਸਟ ਦਾ ਮਤਲਬ ਕਿ ਹਾਰਟ ਰੁਕ ਗਿਆ ਹੈ। ਹਾਰਟ ਕਿਸੇ ਵੀ ਕਾਰਨ ਰੁਕ ਸਕਦਾ ਹੈ, ਉਹ ਫੇਫੜਿਆਂ ਦੀ ਬਿਮਾਰੀ ਜਾਂ ਫਿਰ ਕਿਸੇ ਹੋਰ ਕਾਰਨ ਵੀ ਹੋ ਸਕਦਾ ਹੈ। ਪਰ ਉਲਝਣ ਉਦੋਂ ਹੁੰਦੀ ਹੈ, ਜਦੋਂ ਅਸੀਂ ਕਾਰਡੀਐਕ ਅਰੈਸਟ ਤੇ ਹਾਰਟ ਅਟੈਕ ਨੂੰ ਇੱਕ ਹੀ ਸਮਝ ਲੈਂਦੇ ਹਾਂ।

ਹਾਰਟ ਅਟੈਕ ਵੱਡਿਆਂ ਦੀ ਬਿਮਾਰੀ ਹੈ, ਜਿਸ ਵਿੱਚ ਸਾਡੇ ਹਾਰਟ ਨੂੰ ਖੂਨ ਸਪਲਾਈ ਕਰਨ ਵਾਲੀ ਨਸ ਵਿੱਚ ਬਲੌਕੇਜ ਆ ਜਾਂਦੀ ਹੈ। ਇਸ ਨੂੰ ਹਾਰਟ ਅਟੈਕ ਕਿਹਾ ਜਾਂਦਾ ਹੈ। ਬੱਚਿਆਂ ਵਿੱਚ ਹਾਰਟ ਅਟੈਕ ਹੋ ਨਹੀਂ ਸਕਦਾ। ਹਮੇਸ਼ਾ ਲੱਗਦਾ ਹੈ ਕਿ ਹਾਰਟ ਰੁਕ ਗਿਆ ਹੈ ਤਾਂ ਉਹ ਹਾਰਟ ਅਟੈਕ ਹੈ- ਅਜਿਹਾ ਨਹੀਂ ਹੁੰਦਾ।

ਇਹ ਹੋਰ ਬਿਮਾਰੀਆਂ ਹੁੰਦੀਆਂ ਹਨ, ਜਿਸ ਕਾਰਨ ਹਾਰਟ ਰੁਕ ਜਾਂਦਾ ਹੈ।

ਸਵਾਲ- ਕਾਰਡੀਐਕ ਅਰੈਸਟ ਤੇ ਹਾਰਟ ਅਟੈਕ ਵਿੱਚ ਕੀ ਫਰਕ ਹੁੰਦਾ ਹੈ?

ਜਵਾਬ- ਜਿਹੜੀ ਹਾਰਟ ਨੂੰ ਖੂਨ ਪਹੁੰਚਾਉਣ ਵਾਲੀ ਨਸ ਹੁੰਦੀ ਹੈ- ਜਿਸ ਨੂੰ ਅਸੀਂ ਕੋਰਨਰੀ ਆਰਟਰੀ ਕਹਿੰਦੇ ਹਾਂ, ਉਸ ਵਿੱਚ ਜਦੋਂ ਬਲੌਕੇਜ ਆ ਜਾਂਦੀ ਹੈ, ਤਾਂ ਉਸ ਨੂੰ ਹਾਰਟ ਅਟੈਕ ਕਿਹਾ ਜਾਂਦਾ ਹੈ। ਇਹ ਵੱਡਿਆਂ ਦੀ ਬਿਮਾਰੀ ਹੁੰਦੀ ਹੈ ਤੇ ਇਸਦੇ ਲੱਛਣ ਹੁੰਦੇ ਹਨ ਛਾਤੀ ਵਿੱਚ ਦਰਦ ਹੋਣਾ, ਮੱਥੇ ਉੱਤੇ ਪਸੀਨੇ ਆਉਣਾ ਤੇ ਘਬਰਾਹਟ ਹੋਣਾ।

ਕਾਰਡੀਐਕ ਅਰੈਸਟ ਦਾ ਮਤਲਬ ਕਿ ਹਾਰਟ ਰੁਕ ਗਿਆ ਹੈ ਤੇ ਬੰਦਾ ਉਸੇ ਵੇਲੇ ਬੇਹੋਸ਼ ਹੋ ਜਾਂਦਾ ਹੈ। ਉਸ ਨੂੰ ਤੁਰੰਤ ਸੀਪੀਆਰ ਦੇਣ ਦੀ ਲੋੜ ਹੈ।

ਦੋਵਾਂ ਦੇ ਵਿੱਚ ਬਹੁਤ ਵੱਡਾ ਫਰਕ ਹੈ, ਹਾਰਟ ਅਟੈਕ ਦਾ ਇਲਾਜ ਹੋ ਸਕਦਾ ਹੈ ਤੇ ਪਰ ਕਾਰਡੀਐਕ ਅਰੈਸਟ ਵਿੱਚ ਸ਼ਖ਼ਸ ਕੋਲ ਇਲਾਜ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਇਸੇ ਲਈ ਅਸੀਂ ਸਭ ਨੂੰ ਸੀਪੀਆਰ ਬਾਰੇ ਜਾਗਰੂਕ ਕਰ ਰਹੇ ਹਾਂ। ਜਦੋਂ ਵੀ ਹਾਰਟ ਰੁਕ ਜਾਵੇ ਤਾਂ ਛਾਤੀ ਨੂੰ ਪ੍ਰੈੱਸ ਕਰੋ, ਫੇਫੜਿਆਂ ਨੂੰ ਵੈਂਟੀਲੇਟ ਕਰੋ- ਇਹ ਸਭ ਚੀਜ਼ਾਂ ਉਸ ਵੇਲੇ ਕਰਨੀਆਂ ਹੁੰਦੀਆਂ ਹਨ।

ਡਾ. ਯਤਿਨ ਅਰੋੜਾ
ਕਾਰਡੀਓਵੈਸਕੁਲਰ ਸਰਜਨ
ਏਸ਼ੀਅਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼

ਸਵਾਲ- ਇਸ ਤਰ੍ਹਾਂ ਦੇ ਬੱਚਿਆਂ ਵਿੱਚ ਕਿਸ ਤਰ੍ਹਾਂ ਦੇ ਲੱਛਣ ਹੁੰਦੇ ਹਨ, ਜਿਨ੍ਹਾਂ ਦਾ ਮਾਪਿਆਂ ਨੂੰ ਖਾਸ ਖਿਆਲ ਰੱਖਣਾ ਚਾਹੀਦਾ ਹੈ?

ਜਵਾਬ- ਜਦੋਂ ਬੱਚੇ ਛੋਟੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਵਾਰ-ਵਾਰ ਨਿਮੋਨੀਆ ਹੁੰਦਾ ਰਹਿੰਦਾ ਹੈ, ਇਨਫੈਕਸ਼ਨ ਹੁੰਦੀ ਰਹਿੰਦੀ ਹੈ, ਕਈ ਵਾਰ ਹਸਪਤਾਲ ਵੀ ਭਰਤੀ ਕਰਨਾ ਪੈਂਦਾ ਹੈ। ਜਾਂ ਫਿਰ ਜੋ ਬੱਚਾ ਮਾਂ ਦਾ ਦੁੱਧ ਪੀਂਦਾ ਹੈ ਉਸ ਨੂੰ ਪਸੀਨਾ ਆਉਂਦਾ ਹੈ, ਬੱਚੇ ਦਾ ਭਾਰ ਹੀ ਨਹੀਂ ਵਧਦਾ। ਆਮ ਤੌਰ 'ਤੇ ਬੱਚੇ ਦਾ ਭਾਰ ਇੱਕ ਸਾਲ ਵਿੱਚ 3 ਗੁਣਾ ਵਧ ਜਾਣਾ ਚਾਹੀਦਾ ਹੈ ਪਰ ਕਈ ਵਾਰ ਬੱਚੇ ਦਾ ਭਾਰ ਵਧਦਾ ਹੀ ਨਹੀਂ ਹੈ।

ਇਹ ਕੁਝ ਲੱਛਣ ਹੋ ਸਕਦੇ ਹਨ ਕਿ ਬੱਚੇ ਵਿੱਚ ਹਾਰਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਉਸ ਵੇਲੇ ਤੁਰੰਤ ਆਪਣੇ ਡਾਕਟਰ ਨੂੰ ਦਿਖਾਓ। ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।

ਜੇਕਰ ਉਸ ਵੇਲੇ ਇਨ੍ਹਾਂ ਲੱਛਣਾ ਨੂੰ ਨਜ਼ਰਅੰਦਾਜ਼ ਕੀਤਾ, ਤਾਂ ਜਦੋਂ ਬੱਚਾ ਵੱਡਾ ਹੋ ਰਿਹਾ ਹੁੰਦਾ ਹੈ ਉਹ ਵਾਰ-ਵਾਰ ਥੱਕ ਜਾਂਦਾ ਹੈ, ਭੱਜਣ ਉੱਤੇ ਨੀਲਾ ਪੈ ਜਾਂਦਾ ਹੈ, ਇਹ ਵੀ ਇੱਕ ਲੱਛਣ ਹੈ ਕਿ ਹਾਰਟ ਨਾਲ ਜੁੜੀ ਸਮੱਸਿਆ ਹੋ ਸਕਦੀ ਹੈ।

ਸਵਾਲ- ਬੱਚਿਆਂ ਵਿੱਚ ਦਿਲ ਦਾ ਸੁਰਾਖ਼ ਹੋਣ ਦਾ ਕਾਰਨ ਕੀ ਹੁੰਦਾ ਹੈ ਤੇ ਇਸਦਾ ਇਲਾਜ ਕਿਵੇਂ ਹੁੰਦਾ ਹੈ?

ਜਵਾਬ- ਦਿਲ ਵਿੱਚ ਸੁਰਾਖ਼ ਹੋਣ ਦੀ ਕੋਈ ਵੀ ਪਰਿਵਾਰਕ ਹਿਸਟਰੀ ਨਹੀਂ ਹੁੰਦੀ। ਇਹ ਕਿਸੇ ਨੂੰ ਵੀ ਕਿਸੇ ਵੀ ਮਾਪੇ ਤੋਂ ਹੋ ਸਕਦਾ ਹੈ। ਇਸਦੇ ਇਲਾਜ ਵਿੱਚ ਕੁਝ ਗੱਲਾਂ ਬਹੁਤ ਮਾਅਨੇ ਰਖਦੀਆਂ ਹਨ - ਜਿਵੇਂ ਸੁਰਾਖ਼ ਕਿੰਨਾ ਵੱਡਾ ਹੈ, ਕਿਸ ਥਾਂ ਉੱਤੇ ਹੈ ਤੇ ਉਸ ਨਾਲ ਜੁੜੀਆਂ ਹੋਰ ਕੀ ਸਮੱਸਿਆਵਾਂ ਹਨ।

ਸਭ ਤੋਂ ਪਹਿਲਾ ਪੜਾਅ ਹੁੰਦਾ ਹੈ ਬਿਮਾਰੀ ਦਾ ਪਤਾ ਕਰਨਾ, ਇਹ ਅਸੀਂ ਉਸਦੇ ਲੱਛਣਾ ਤੋਂ ਪਤਾ ਲਗਾ ਸਕਦੇ ਹਾਂ। ਇਹ ਬਿਮਾਰੀ ਜਨਮ ਤੋਂ ਹੀ ਹੁੰਦੀ ਹੈ। ਕੁਝ ਸੁਰਾਖ਼ ਸਾਨੂੰ ਪਹਿਲੇ ਮਹੀਨੇ ਹੀ ਬੰਦ ਕਰਨੇ ਪੈਂਦੇ ਹਨ। ਕੁਝ ਸੁਰਾਖ਼ ਬਹੁਤ ਛੋਟੇ ਹੁੰਦੇ ਹਨ, ਜਿਨ੍ਹਾਂ ਦਾ ਇਲਾਜ ਸੌਖਾ ਹੀ ਹੋ ਜਾਂਦਾ ਹੈ ਜਦਕਿ ਕੁਝ ਕੇਸਾਂ ਵਿੱਚ ਸਾਨੂੰ ਆਪ੍ਰੇਸ਼ਨ ਕਰਨੇ ਪੈਂਦੇ ਹਨ।

ਬਹੁਤ ਵਾਰ ਹਾਰਟ ਕੰਡੀਸ਼ਨ ਜਿਵੇਂ ਏਐੱਸਜੀ ਤੇ ਵੀਐੱਸਜੀ- ਜੇਕਰ ਇਨ੍ਹਾਂ ਨੂੰ ਸਹੀ ਸਮੇਂ ਉੱਤੇ ਆਪ੍ਰੇਸ਼ਨ ਕਰਕੇ ਠੀਕ ਕੀਤਾ ਜਾਵੇ ਤਾਂ ਉਹ ਬੱਚਾ ਆਰਾਮ ਨਾਲ ਅੱਗੇ ਨਾਰਮਲ ਜ਼ਿੰਦਗੀ ਜੀਅ ਸਕਦਾ ਹੈ। ਮਾਪਿਆਂ ਨੂੰ ਡਰਨ ਦੀ ਲੋੜ ਨਹੀਂ ਹੈ।

ਬੱਚਿਆਂ ਦੇ ਦਿਲ ਦੀ ਸਿਹਤ
ਤਸਵੀਰ ਕੈਪਸ਼ਨ, ਕੁਝ ਬਿਮਾਰੀਆਂ ਦਵਾਈਆਂ ਨਾਲ ਹੀ ਠੀਕ ਹੋ ਜਾਂਦੀਆਂ ਹਨ ਜਦਕਿ ਕੁਝ ਲਈ ਆਪ੍ਰੇਸ਼ਨ ਦੀ ਲੋੜ ਪੈਂਦੀ ਹੈ

ਸਵਾਲ- ਬੱਚਿਆਂ ਦਾ ਹਾਰਟ ਸਹੀ ਕੰਮ ਕਰ ਰਿਹਾ ਹੈ ਜਾਂ ਨਹੀਂ, ਇਸ ਬਾਰੇ ਕਿਹੜੇ ਟੈਸਟ ਕਰਵਾ ਕੇ ਪਤਾ ਲਗਾਇਆ ਜਾ ਸਕਦਾ ਹੈ?

ਜਵਾਬ- ਬੱਚਿਆਂ ਦਾ ਦਿਲ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ ਜਾਂ ਨਹੀਂ, ਉਸ ਵਿੱਚ ਕੋਈ ਸੁਰਾਖ਼ ਤਾਂ ਨਹੀਂ ਹੈ। ਉਸ ਲਈ ਇੱਕ ਹੀ ਟੈਸਟ ਹੈ - ਈਕੋ। ਈਕੋ ਇੱਕ ਤਰ੍ਹਾਂ ਨਾਲ ਹਾਰਟ ਦਾ ਅਲਟਰਾਸਾਊਂਡ ਹੁੰਦਾ ਹੈ। ਦਿਲ ਦੇ ਚਾਰ ਹਿੱਸੇ ਹੁੰਦੇ ਹਨ - ਦੋ ਹੇਠਾਂ ਵਾਲੇ ਤੇ ਦੋ ਉੱਪਰ ਵਾਲੇ। ਦੋ ਸੱਜੇ ਪਾਸੇ ਤੇ ਦੋ ਖੱਬੇ ਪਾਸੇ। ਇਹ ਸਭ ਕੁਝ ਸਾਨੂੰ ਇਸੇ ਟੈਸਟ ਤੋਂ ਹੀ ਪਤਾ ਲੱਗ ਜਾਂਦਾ ਹੈ।

ਸਵਾਲ- ਬੱਚਿਆਂ ਵਿੱਚ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਇਲਾਜ ਕਿਵੇਂ ਹੁੰਦਾ ਹੈ?

ਜਵਾਬ- ਕੁਝ ਬਿਮਾਰੀਆਂ ਦਵਾਈਆਂ ਨਾਲ ਹੀ ਠੀਕ ਹੋ ਜਾਂਦੀਆਂ ਹਨ। ਦੂਜੀ ਚੀਜ਼ ਹੈ ਕਿ ਬੱਚੇ ਨੂੰ ਦਵਾਈ ਦਿੱਤੀ ਤੇ ਸਹੀ ਸਮੇਂ ਉੱਤੇ ਉਸਦਾ ਆਪ੍ਰੇਸ਼ਨ ਕੀਤਾ। ਤੀਜਾ ਸਟੈੱਪ ਹੈ - ਇਹ ਡਿਵਾਈਸ ਆਉਂਦਾ ਹੈ ਜਿਸ ਨੂੰ ਅਸੀਂ ਹੱਥ ਜ਼ਰੀਏ ਪਾ ਕੇ ਦਿਲ ਦੇ ਸੁਰਾਖ਼ ਨੂੰ ਬੰਦ ਕਰਦੇ ਹਾਂ। ਪਰ ਇਹ ਤਰੀਕਾ ਹਾਲੇ ਬਹੁਤ ਹੀ ਘੱਟ ਮਾਮਲਿਆਂ ਵਿੱਚ ਵਰਤਿਆ ਜਾ ਰਿਹਾ ਹੈ।

ਸਵਾਲ- ਬੱਚਿਆਂ ਦਾ ਦਿਲ ਤੰਦਰੁਸਤ ਰਹੇ, ਇਸਦੇ ਲਈ ਮਾਪਿਆਂ ਨੂੰ ਪਹਿਲਾਂ ਹੀ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ?

ਜਵਾਬ- ਜੇਕਰ ਬੱਚੇ ਨੂੰ ਕਿਸੇ ਤਰ੍ਹਾਂ ਦੀ ਹਾਰਟ ਕੰਡੀਸ਼ਨ ਨਹੀਂ ਹੈ ਤਾਂ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ, ਬੱਚੇ ਦੀ ਸਿਹਤ ਚੰਗੀ ਹੀ ਰਹਿੰਦੀ ਹੈ। ਮਾਅਨੇ ਇਹ ਰੱਖਦਾ ਹੈ ਕਿ ਤੁਸੀਂ ਬੱਚੇ ਨੂੰ ਕਿਸ ਤਰ੍ਹਾਂ ਦੀਆਂ ਆਦਤਾਂ ਪਾ ਰਹੇ ਹੋ ਕਿਉਂਕਿ ਉਹ ਫਿਰ ਵੱਡੇ ਹੋਣ 'ਤੇ ਰਹਿੰਦੀਆਂ ਹਨ। ਜਿਵੇਂ ਜੰਕ ਫੂਡ ਇਕਦਮ ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਾਏਗਾ ਪਰ ਜਦੋਂ 30-40 ਸਾਲ ਦੀ ਉਮਰ ਤੱਕ ਪਹੁੰਚਣਗੇ ਤਾਂ ਉਦੋਂ ਉਨ੍ਹਾਂ ਨੂੰ ਇਸਦਾ ਨੁਕਸਾਨ ਹੋਵੇਗਾ।

ਇਸ ਲਈ ਬਚਪਨ ਵਿੱਚ ਹੀ ਚੰਗੀਆਂ ਆਦਤਾਂ ਪਾਉਣੀਆਂ ਬਹੁਤ ਜ਼ਰੂਰੀ ਹਨ। ਬੱਚਿਆਂ ਖੇਡਦਾ ਰਹੇ, ਐਕਟਿਵ ਰਹੇ, ਉਸਦਾ ਖਾਣਾ ਪੀਣਾ ਚੰਗਾ ਹੋਵੇ। ਕਿਉਂਕਿ ਇਕਦਮ ਨਹੀਂ ਪਰ ਬਾਅਦ ਵਿੱਚ ਵੀ ਮਾੜੀਆਂ ਆਦਤਾਂ ਦਾ ਬੱਚੇ ਦੀ ਦਿਲ ਦੀ ਸਿਹਤ ਨੂੰ ਨੁਕਸਾਨ ਹੁੰਦਾ ਹੈ।

ਬੱਚਿਆਂ ਦੇ ਦਿਲ ਦੀ ਸਿਹਤ
ਤਸਵੀਰ ਕੈਪਸ਼ਨ, ਜੋ ਬੱਚੇ ਬਿਲਕੁਲ ਤੰਦਰੁਸਤ ਹਨ- ਉਨ੍ਹਾਂ ਨੂੰ ਜੰਕ ਫੂਡ ਤੋਂ ਦੂਰ ਰੱਖਣਾ, ਜ਼ਿਆਦਾ ਹਰੀਆਂ ਤੇ ਪੱਤੇਦਾਰ ਸਬਜ਼ੀਆਂ, ਦਾਲਾਂ ਤੇ ਹੋਰ ਸਿਹਤਮੰਦ ਖਾਣਾ ਦੇਣਾ ਚਾਹੀਦਾ ਹੈ

ਸਵਾਲ- ਜੈਨੇਟਿਕ ਤੇ ਪਰਿਵਾਰਕ ਹਿਸਟਰੀ ਕਿਸ ਹੱਦ ਤੱਕ ਬੱਚਿਆਂ ਦੇ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ?

ਜਵਾਬ- ਜਦੋਂ ਵੀ ਸਾਨੂੰ ਬੱਚੇ ਵਿੱਚ ਦਿਲ ਦੀ ਬਿਮਾਰੀ ਦਾ ਪਤਾ ਲਗਦਾ ਹੈ ਤਾਂ ਅਸੀਂ ਜੈਨੇਟਿਕ ਤੇ ਪਰਿਵਾਰਕ ਹਿਸਟਰੀ ਬਾਰੇ ਪੁੱਛਦੇ ਹਾਂ, ਹਾਲਾਂਕਿ ਇਹ ਮਾਮਲੇ ਬੇਹੱਦ ਘੱਟ ਹੁੰਦੇ ਹਨ। ਪਰ ਜਿਨ੍ਹਾਂ ਵਿੱਚ ਅਜਿਹਾ ਹੁੰਦਾ ਹੈ ਉਨ੍ਹਾਂ ਦਾ ਵਾਧੂ ਖਿਆਲ ਰੱਖਣਾ ਪੈਂਦਾ ਹੈ।

ਉਸ ਕੇਸ ਵਿੱਚ ਪ੍ਰੈਗਨੈਂਸੀ ਵਿੱਚ ਹੀ ਵਧੇਰੇ ਖਿਆਲ ਰੱਖਿਆ ਜਾਣਾ ਚਾਹੀਦਾ ਹੈ, ਅਸੀਂ ਮਾਂ ਦੀ ਵੀ ਹਿਸਟਰੀ ਲੈਂਦੇ ਹਾਂ ਕਿ ਮਾਂ ਨੂੰ ਕੋਈ ਇਨਫੈਕਸ਼ਨ ਤਾਂ ਨਹੀਂ ਸੀ ਖਾਸ ਕਰਕੇ ਰੁਬੇਲਾ। ਇਸ ਤੋਂ ਇਲਾਵਾ ਪ੍ਰੈਗਨੈਂਸੀ ਦੌਰਾਨ ਸਿਗਰੇਟ ਤੇ ਸ਼ਰਾਬ ਦਾ ਸੇਵਨ ਤਾਂ ਨਹੀਂ ਕੀਤਾ ਜਾ ਰਿਹਾ ਸੀ। ਇਹ ਸਭ ਚੀਜ਼ਾਂ ਬੱਚੇ ਦੀ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰਦੀਆਂ ਹਨ।

ਜਿਵੇਂ ਪਿੱਛੇ ਸਾਡੇ ਕੋਲ ਇੱਕ ਕੇਸ ਆਇਆ ਸੀ, ਜਿੱਥੇ ਇੱਕ ਪੇਰੈਂਟ ਤੇ ਉਸਦੇ ਦੋਹਾਂ ਬੱਚਿਆਂ ਦੇ ਦਿਲ ਵਿੱਚ ਸੁਰਾਖ਼ ਸੀ, ਜੋ ਕਿ ਬਹੁਤ ਘੱਟ ਹੀ ਵੇਖਣ ਨੂੰ ਮਿਲਦਾ ਹੈ।

ਸਵਾਲ- ਬੱਚਿਆਂ ਦੇ ਦਿਲ ਦੀ ਚੰਗੀ ਸਿਹਤ ਲਈ ਖਾਣਾ-ਪੀਣਾ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ?

ਜਵਾਬ- ਜਿਨ੍ਹਾਂ ਬੱਚਿਆਂ ਨੂੰ ਹਾਰਟ ਦੀ ਕੰਡੀਸ਼ਨ ਹੈ ਤੇ ਆਪ੍ਰੇਸ਼ਨ ਹੋਣਾ ਹੈ- ਤਾਂ ਸਰਜਰੀ ਤੋਂ ਪਹਿਲਾਂ ਉਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਇੱਕੋਦਮ ਬੱਚੇ ਨੂੰ ਜ਼ਿਆਦਾ ਦੁੱਧ ਨਹੀਂ ਦੇਣਾ ਤੇ ਆਪ੍ਰੇਸ਼ਨ ਤੋਂ ਬਾਅਦ ਵੀ ਡਾਈਟ ਵਿੱਚ ਕਈ ਤਰ੍ਹਾਂ ਦੇ ਬਦਲਾਅ ਕਰਨੇ ਪੈਂਦੇ ਹਨ।

ਜੋ ਬੱਚੇ ਬਿਲਕੁਲ ਤੰਦਰੁਸਤ ਹਨ- ਉਨ੍ਹਾਂ ਨੂੰ ਜੰਕ ਫੂਡ ਤੋਂ ਦੂਰ ਰੱਖਣਾ, ਜ਼ਿਆਦਾ ਹਰੀਆਂ ਤੇ ਪੱਤੇਦਾਰ ਸਬਜ਼ੀਆਂ, ਦਾਲਾਂ ਤੇ ਹੋਰ ਸਿਹਤਮੰਦ ਖਾਣਾ ਦੇਣਾ ਚਾਹੀਦਾ ਹੈ। ਉਨ੍ਹਾਂ ਦੀਆਂ ਆਦਤਾਂ ਨੂੰ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਰੱਖਣਾ ਚਾਹੀਦਾ ਹੈ ਕਿ ਵੱਡੇ ਹੋ ਕੇ ਵੀ ਉਨ੍ਹਾਂ ਵਿੱਚ ਉਹੀ ਆਦਤਾਂ ਰਹਿਣ।

ਸਵਾਲ- ਬੱਚਿਆਂ ਦੀ ਚੰਗੀ ਸਿਹਤ ਲਈ ਕੁਝ ਟਿਪਸ ਦਿਓ।

ਜਵਾਬ- ਬੱਚਿਆਂ ਨੂੰ ਖੁਸ਼ ਰਹਿਣ ਦਿਓ। ਜੇਕਰ ਬੱਚਿਆਂ ਨੂੰ ਕੋਈ ਹਾਰਟ ਦੀ ਕੰਡੀਸ਼ਨ ਨਹੀਂ ਹੈ ਤਾਂ ਉਨ੍ਹਾਂ ਨੂੰ ਬਾਹਰ ਜਾ ਕੇ ਖੇਡਣ ਦਿਓ। ਜਿੰਨਾ ਹੋ ਸਕੇ ਬੱਚਿਆਂ ਨੂੰ ਸਕ੍ਰੀਨ ਤੋਂ ਅਤੇ ਜੰਕ ਫੂਡ ਤੋਂ ਦੂਰ ਰੱਖੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)