ਚਿਪਸ-ਬਿਸਕੁਟ ਦੇ ਪੈਕੇਟਾਂ 'ਤੇ ਹੁਣ ਲੱਗੇਗੀ ਇਹ ਚੇਤਾਵਨੀ, ਤੁਹਾਡੀ ਸਿਹਤ ਲਈ ਅਦਾਲਤ ਦਾ ਹੁਕਮ ਕਿੰਨਾ ਮਹੱਤਵਪੂਰਨ

ਸੁਪਰੀਮ ਕੋਰਟ ਆਫ਼ ਇੰਡੀਆ
ਤਸਵੀਰ ਕੈਪਸ਼ਨ, ਸੁਪਰੀਮ ਕੋਰਟ ਨੇ ਵੀਰਵਾਰ, 26 ਨਵੰਬਰ ਨੂੰ ਪੈਕ ਕੀਤੇ ਖਾਧ ਪਦਾਰਥਾਂ 'ਤੇ ਫਰੰਟ ਆਫ ਪੈਕ ਨਿਊਟ੍ਰੀਸ਼ਨ ਲੇਬਲਿੰਗ (ਐੱਫਓਪੀਐੱਲ) ਲਾਗੂ ਕਰਨ ਸਬੰਧੀ ਅਹਿਮ ਨਿਰਦੇਸ਼ ਦਿੱਤੇ ਹਨ
    • ਲੇਖਕ, ਗੁਰਪ੍ਰੀਤ ਕੌਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਚਿਪਸ, ਬਿਸਕੁਟ, ਇੰਸਟੈਂਟ ਨੂਡਲਜ਼ ਜਾਂ ਪੈਕੇਟਾਂ ਵਿੱਚ ਮਿਲਣ ਵਾਲੇ ਹੋਰ ਸਨੈਕਸ ਖ਼ਰੀਦਦੇ ਸਮੇਂ ਕੀ ਤੁਸੀਂ ਉਨ੍ਹਾਂ ਦੇ ਪਿੱਛੇ ਲਿਖੀ ਪੋਸ਼ਣ ਸਬੰਧੀ ਜਾਣਕਾਰੀ ਪੜ੍ਹਦੇ ਹੋ? ਕੀ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਜੋ ਚੀਜ਼ ਖਾ ਰਹੇ ਹੋ, ਉਸ ਵਿੱਚ ਕਿੰਨੀ ਖੰਡ, ਨਮਕ ਜਾਂ ਫੈਟ ਹੈ?

ਖਾਣ-ਪੀਣ ਦੀਆਂ ਚੀਜ਼ਾਂ ਦੇ ਪੈਕੇਟ ਦੇ ਪਿੱਛੇ ਦਿੱਤੀ ਜਾਣਕਾਰੀ ਵਿੱਚ ਅਕਸਰ ਪ੍ਰਤੀ 100 ਗ੍ਰਾਮ ਜਾਂ 100 ਮਿਲੀਲੀਟਰ ਉਤਪਾਦ ਵਿੱਚ ਮੌਜੂਦ ਪੋਸ਼ਕ ਤੱਤਾਂ ਦੀ ਮਾਤਰਾ ਲਿਖੀ ਹੁੰਦੀ ਹੈ। ਪਰ ਇਨ੍ਹਾਂ ਅੰਕੜਿਆਂ ਨੂੰ ਸਮਝਣਾ ਅਤੇ ਉਨ੍ਹਾਂ ਦੇ ਆਧਾਰ 'ਤੇ ਇਹ ਤੈਅ ਕਰਨਾ ਕਿ ਕੋਈ ਉਤਪਾਦ ਸਿਹਤ ਲਈ ਕਿੰਨਾ ਠੀਕ ਹੈ, ਹਰ ਖ਼ਪਤਕਾਰ ਲਈ ਆਸਾਨ ਨਹੀਂ ਹੁੰਦਾ।

ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਸੁਪਰੀਮ ਕੋਰਟ ਨੇ ਵੀਰਵਾਰ, 26 ਨਵੰਬਰ ਨੂੰ ਪੈਕ ਕੀਤੇ ਖਾਧ ਪਦਾਰਥਾਂ 'ਤੇ ਫਰੰਟ ਆਫ ਪੈਕ ਨਿਊਟ੍ਰੀਸ਼ਨ ਲੇਬਲਿੰਗ (ਐੱਫਓਪੀਐੱਲ) ਲਾਗੂ ਕਰਨ ਸਬੰਧੀ ਅਹਿਮ ਨਿਰਦੇਸ਼ ਦਿੱਤੇ।

ਅਦਾਲਤ ਨੇ ਭਾਰਤੀ ਭੋਜਨ ਸੁਰੱਖਿਆ ਅਤੇ ਮਿਆਰ ਅਥਾਰਟੀ (ਐੱਫਐੱਸਐੱਸਏਆਈ) ਨੂੰ ਕਿਹਾ ਹੈ ਕਿ ਜਿਨ੍ਹਾਂ ਪੈਕ ਕੀਤੇ ਖਾਧ ਪਦਾਰਥਾਂ ਵਿੱਚ ਖੰਡ, ਨਮਕ ਜਾਂ ਸੈਚੁਰੇਟਿਡ ਫੈਟ ਦੀ ਮਾਤਰਾ ਤੈਅ ਸੀਮਾ ਤੋਂ ਵੱਧ ਹੋਵੇ, ਉਨ੍ਹਾਂ ਦੇ ਪੈਕੇਟ ਦੇ ਅੱਗੇ ਵੱਖ-ਵੱਖ ਚੇਤਾਵਨੀ ਵਾਲੇ ਨਿਸ਼ਾਨ ਲਗਾਏ ਜਾਣ।

ਸੁਪਰੀਮ ਕੋਰਟ ਦੇ ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਕੇ ਵਿਨੋਦ ਚੰਦਰਨ ਦੀ ਬੈਂਚ ਨੇ ਇਹ ਫ਼ੈਸਲਾ '3S ਐਂਡ ਅਵਰ ਹੈਲਥ ਸੋਸਾਇਟੀ ਬਨਾਮ ਯੂਨੀਅਨ ਆਫ ਇੰਡੀਆ' ਮਾਮਲੇ ਵਿੱਚ ਸੁਣਾਇਆ।

ਅਦਾਲਤ ਨੇ ਕਿਹਾ ਕਿ ਸਿਹਤ ਦਾ ਅਧਿਕਾਰ, ਭੋਜਨ ਦਾ ਅਧਿਕਾਰ ਅਤੇ ਖ਼ਪਤਕਾਰਾਂ ਨੂੰ ਸਹੀ ਜਾਣਕਾਰੀ ਦੇ ਆਧਾਰ 'ਤੇ ਫ਼ੈਸਲਾ ਲੈਣ ਦਾ ਅਧਿਕਾਰ ਇੱਕ-ਦੂਜੇ ਨਾਲ ਜੁੜੇ ਹੋਏ ਹਨ।

ਇਸ ਲਈ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਅਜਿਹੇ ਨਿਯਮ ਬਣਾਏ, ਜਿਨ੍ਹਾਂ ਨਾਲ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਬਾਰੇ ਜ਼ਰੂਰੀ ਜਾਣਕਾਰੀ ਮਿਲ ਸਕੇ।

ਪੈਕੇਟ 'ਤੇ ਕਿਹੋ ਜਿਹੀ ਚੇਤਾਵਨੀ ਲਗਾਉਣ ਲਈ ਕਿਹਾ ਗਿਆ ਹੈ?

ਮਕਸਦ ਇਹ ਹੈ ਕਿ ਲੋਕਾਂ ਨੂੰ ਪੈਕੇਟ ਦੇ ਪਿੱਛੇ ਲਿਖੀ ਛੋਟੀ-ਛੋਟੀ ਜਾਣਕਾਰੀ ਨੂੰ ਸਮਝਣ ਲਈ ਮੁਸ਼ੱਕਤ ਨਾ ਕਰਨੀ ਪਵੇ ਅਤੇ ਉਨ੍ਹਾਂ ਨੂੰ ਸਾਹਮਣੇ ਤੋਂ ਹੀ ਪਤਾ ਲੱਗ ਸਕੇ ਕਿ ਕਿਸੇ ਉਤਪਾਦ ਵਿੱਚ ਕਿਹੜੇ ਪੋਸ਼ਕ ਤੱਤ ਦੀ ਮਾਤਰਾ ਜ਼ਿਆਦਾ ਹੈ (ਸੰਕੇਤਕ ਤਸਵੀਰ)
ਤਸਵੀਰ ਕੈਪਸ਼ਨ, ਮਕਸਦ ਇਹ ਹੈ ਕਿ ਲੋਕਾਂ ਨੂੰ ਪੈਕੇਟ ਦੇ ਪਿੱਛੇ ਲਿਖੀ ਛੋਟੀ-ਛੋਟੀ ਜਾਣਕਾਰੀ ਨੂੰ ਸਮਝਣ ਲਈ ਮੁਸ਼ੱਕਤ ਨਾ ਕਰਨੀ ਪਵੇ ਅਤੇ ਉਨ੍ਹਾਂ ਨੂੰ ਸਾਹਮਣੇ ਤੋਂ ਹੀ ਪਤਾ ਲੱਗ ਸਕੇ ਕਿ ਕਿਸੇ ਉਤਪਾਦ ਵਿੱਚ ਕਿਹੜੇ ਪੋਸ਼ਕ ਤੱਤ ਦੀ ਮਾਤਰਾ ਜ਼ਿਆਦਾ ਹੈ (ਸੰਕੇਤਕ ਤਸਵੀਰ)

ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ, ਪੈਕੇਟ ਦੇ ਅੱਗੇ ਲਾਲ ਰੰਗ ਦੇ ਹੈਕਸਾਗਨ ਭਾਵ ਛੇ ਕੋਨਿਆਂ ਵਾਲੇ ਨਿਸ਼ਾਨ ਲਗਾਏ ਜਾਣਗੇ।

ਇਨ੍ਹਾਂ 'ਤੇ ਸਬੰਧਤ ਪੋਸ਼ਕ ਤੱਤ ਦੀ ਤਸਵੀਰ ਦੇ ਨਾਲ 'ਹਾਈ ਫੈਟ', 'ਹਾਈ ਸ਼ੂਗਰ' ਜਾਂ 'ਹਾਈ ਸਾਲਟ' ਲਿਖਿਆ ਹੋਵੇਗਾ।

ਜੇਕਰ ਕਿਸੇ ਉਤਪਾਦ ਵਿੱਚ ਇੱਕ ਤੋਂ ਵੱਧ ਪੋਸ਼ਕ ਤੱਤ ਤੈਅ ਹੱਦ ਤੋਂ ਜ਼ਿਆਦਾ ਹਨ, ਤਾਂ ਉਸ ਦੇ ਪੈਕੇਟ 'ਤੇ ਹਰ ਪੋਸ਼ਕ ਤੱਤ ਲਈ ਵੱਖਰੀ ਚੇਤਾਵਨੀ ਲਗਾਉਣੀ ਹੋਵੇਗੀ।

ਅਦਾਲਤ ਨੇ ਇਹ ਵੀ ਕਿਹਾ ਹੈ ਕਿ ਹਰ ਚੇਤਾਵਨੀ ਵਾਲੇ ਨਿਸ਼ਾਨ ਦਾ ਆਕਾਰ ਪੈਕੇਟ ਦੇ ਅੱਗੇ ਵਾਲੇ ਮੁੱਖ ਹਿੱਸੇ ਦਾ ਘੱਟੋ-ਘੱਟ 4 ਤੋਂ 5 ਫ਼ੀਸਦੀ ਹੋਣਾ ਚਾਹੀਦਾ ਹੈ।

ਉਸ ਦੇ ਅੰਦਰ ਲਿਖੇ ਸ਼ਬਦ ਵੀ ਇੰਨੇ ਸਪਸ਼ਟ ਅਤੇ ਵੱਡੇ ਹੋਣੇ ਚਾਹੀਦੇ ਹਨ ਕਿ ਖ਼ਰੀਦਦਾਰੀ ਦੌਰਾਨ ਖ਼ਪਤਕਾਰ ਉਨ੍ਹਾਂ ਨੂੰ ਆਸਾਨੀ ਨਾਲ ਪੜ੍ਹ ਸਕਣ।

ਇਸ ਦਾ ਮਕਸਦ ਇਹ ਹੈ ਕਿ ਲੋਕਾਂ ਨੂੰ ਪੈਕੇਟ ਦੇ ਪਿੱਛੇ ਲਿਖੀ ਛੋਟੀ-ਛੋਟੀ ਜਾਣਕਾਰੀ ਨੂੰ ਸਮਝਣ ਲਈ ਮੁਸ਼ੱਕਤ ਨਾ ਕਰਨੀ ਪਵੇ ਅਤੇ ਉਨ੍ਹਾਂ ਨੂੰ ਸਾਹਮਣੇ ਤੋਂ ਹੀ ਪਤਾ ਲੱਗ ਸਕੇ ਕਿ ਕਿਸੇ ਉਤਪਾਦ ਵਿੱਚ ਕਿਹੜੇ ਪੋਸ਼ਕ ਤੱਤ ਦੀ ਮਾਤਰਾ ਜ਼ਿਆਦਾ ਹੈ।

ਐਡਡ ਸ਼ੂਗਰ ਨਹੀਂ, ਟੋਟਲ ਸ਼ੂਗਰ ਨੂੰ ਆਧਾਰ ਕਿਉਂ ਬਣਾਇਆ ਗਿਆ?

ਸੜਕ ਕਿਨਾਰੇ ਵਿਕਰੀ ਲਈ ਰੱਖੇ ਲਾਲ ਢੱਕਣ ਵਾਲੇ ਪਲਾਸਟਿਕ ਦੇ ਜਾਰ (ਸੰਕੇਤਕ ਤਸਵੀਰ)
ਤਸਵੀਰ ਕੈਪਸ਼ਨ, ਅਦਾਲਤ ਨੇ ਕਿਹਾ ਕਿ ਸਿਹਤ ਦਾ ਅਧਿਕਾਰ, ਭੋਜਨ ਦਾ ਅਧਿਕਾਰ ਅਤੇ ਖ਼ਪਤਕਾਰਾਂ ਨੂੰ ਸਹੀ ਜਾਣਕਾਰੀ ਦੇ ਆਧਾਰ 'ਤੇ ਫ਼ੈਸਲਾ ਲੈਣ ਦਾ ਅਧਿਕਾਰ ਇੱਕ-ਦੂਜੇ ਨਾਲ ਜੁੜੇ ਹੋਏ ਹਨ (ਸੰਕੇਤਕ ਤਸਵੀਰ)

ਸੁਪਰੀਮ ਕੋਰਟ ਦੇ ਹੁਕਮ ਦਾ ਇੱਕ ਅਹਿਮ ਪਹਿਲੂ ਇਹ ਹੈ ਕਿ ਭੋਜਨ ਉਤਪਾਦਾਂ ਵਿੱਚ ਖੰਡ ਦੀ ਮਾਤਰਾ ਤੈਅ ਕਰਨ ਲਈ ਸਿਰਫ਼ ਐਡਡ ਸ਼ੂਗਰ ਯਾਨੀ ਵੱਖਰੇ ਤੌਰ 'ਤੇ ਮਿਲਾਈ ਗਈ ਖੰਡ ਨੂੰ ਨਹੀਂ, ਸਗੋਂ ਟੋਟਲ ਸ਼ੂਗਰ ਯਾਨੀ ਕੁੱਲ ਖੰਡ ਨੂੰ ਆਧਾਰ ਬਣਾਇਆ ਜਾਵੇ।

ਇਸ ਨੂੰ ਇੱਕ ਉਦਾਹਰਨ ਨਾਲ ਸਮਝ ਸਕਦੇ ਹਾਂ।

ਮੰਨ ਲਓ ਤੁਸੀਂ ਫਲੇਵਰਡ ਯੋਗਰਟ ਖ਼ਰੀਦਿਆ। ਇਸ ਵਿੱਚ ਦੁੱਧ ਤੋਂ ਕੁਦਰਤੀ ਤੌਰ 'ਤੇ ਮੌਜੂਦ ਖੰਡ ਯਾਨੀ ਲੈਕਟੋਜ਼ ਹੋ ਸਕਦਾ ਹੈ। ਇਸ ਤੋਂ ਇਲਾਵਾ, ਸੁਆਦ ਵਧਾਉਣ ਲਈ ਇਸ ਵਿੱਚ ਵੱਖਰੇ ਤੌਰ 'ਤੇ ਖੰਡ ਵੀ ਮਿਲਾਈ ਜਾ ਸਕਦੀ ਹੈ।

ਉਤਪਾਦ ਬਣਾਉਂਦੇ ਸਮੇਂ ਵੱਖਰੇ ਤੌਰ 'ਤੇ ਮਿਲਾਈ ਗਈ ਖੰਡ ਨੂੰ ਐਡਡ ਸ਼ੂਗਰ ਕਹਿੰਦੇ ਹਨ, ਜਦਕਿ ਕੁਦਰਤੀ ਤੌਰ 'ਤੇ ਮੌਜੂਦ ਅਤੇ ਮਿਲਾਈ ਗਈ ਖੰਡ ਨੂੰ ਮਿਲਾ ਕੇ ਟੋਟਲ ਸ਼ੂਗਰ ਕਿਹਾ ਜਾਂਦਾ ਹੈ।

ਡਾ. ਅਰੁਣ ਗੁਪਤਾ ਬਾਲ ਰੋਗਾਂ ਦੇ ਮਾਹਰ ਹਨ ਅਤੇ ਨਿਊਟ੍ਰੀਸ਼ਨ ਐਡਵੋਕੇਸੀ ਇਨ ਪਬਲਿਕ ਇੰਟਰੈਸਟ (ਐੱਨਏਪੀਆਈ) ਦੇ ਕਨਵੀਨਰ ਹਨ। ਉਹ ਕਹਿੰਦੇ ਹਨ ਕਿ ਭੋਜਨ ਉਤਪਾਦਾਂ ਵਿੱਚ ਟੋਟਲ ਸ਼ੂਗਰ ਦੀ ਮਾਤਰਾ ਮਾਪਣਾ ਵਧੇਰੇ ਵਿਹਾਰਕ ਹੈ।

ਉਨ੍ਹਾਂ ਮੁਤਾਬਕ, ਲੈਬ ਵਿੱਚ ਕਿਸੇ ਉਤਪਾਦ ਦੀ ਜਾਂਚ ਕਰਨ 'ਤੇ ਕੁੱਲ ਖੰਡ ਦੀ ਮਾਤਰਾ ਦਾ ਪਤਾ ਲਗਾਇਆ ਜਾ ਸਕਦਾ ਹੈ, ਪਰ ਇਸ ਵਿੱਚੋਂ ਕਿੰਨੀ ਖੰਡ ਵੱਖਰੇ ਤੌਰ 'ਤੇ ਮਿਲਾਈ ਗਈ ਹੈ ਅਤੇ ਕਿੰਨੀ ਕੁਦਰਤੀ ਤੌਰ 'ਤੇ ਮੌਜੂਦ ਹੈ, ਇਸ ਦੀ ਵੱਖ-ਵੱਖ ਪਛਾਣ ਕਰਨਾ ਮੁਸ਼ਕਿਲ ਹੁੰਦਾ ਹੈ।

ਸੁਪਰੀਮ ਕੋਰਟ ਨੇ ਵੀ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਐਡਡ ਸ਼ੂਗਰ ਦੀ ਵੱਖਰੇ ਤੌਰ 'ਤੇ ਜਾਂਚ ਕਰਨਾ ਅਤੇ ਇਸ ਦੀ ਪੁਸ਼ਟੀ ਕਰਨਾ ਮੁਸ਼ਕਿਲ ਹੈ।

ਇਸ ਨਾਲ ਕੰਪਨੀਆਂ ਲਈ ਅਜਿਹੇ ਤਰੀਕੇ ਅਪਣਾਉਣ ਦੀ ਗੁੰਜਾਇਸ਼ ਰਹਿ ਸਕਦੀ ਹੈ, ਜਿਨ੍ਹਾਂ ਨਾਲ ਉਤਪਾਦ ਵਿੱਚ ਖੰਡ ਦੀ ਮਾਤਰਾ ਜ਼ਿਆਦਾ ਹੋਣ ਦੇ ਬਾਵਜੂਦ ਚੇਤਾਵਨੀ ਤੋਂ ਬਚਿਆ ਜਾ ਸਕੇ।

ਇਸੇ ਕਾਰਨ ਅਦਾਲਤ ਨੇ ਟੋਟਲ ਸ਼ੂਗਰ ਨੂੰ ਆਧਾਰ ਬਣਾਉਣ ਦਾ ਨਿਰਦੇਸ਼ ਦਿੱਤਾ ਹੈ।

ਸੈਚੁਰੇਟਿਡ ਫੈਟ ਕੀ ਹੈ ਅਤੇ ਇਸ ਨੂੰ ਲੈ ਕੇ ਚਿੰਤਾ ਕਿਉਂ ਹੈ?

ਡਾ. ਅਰੁਣ ਗੁਪਤਾ

ਖੰਡ ਤੋਂ ਇਲਾਵਾ ਸੁਪਰੀਮ ਕੋਰਟ ਨੇ ਫੈਟ ਦੇ ਮਾਮਲੇ ਵਿੱਚ ਵੀ ਬਦਲਾਅ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਚੇਤਾਵਨੀ ਤੈਅ ਕਰਨ ਲਈ ਐਡਡ ਫੈਟ ਦੀ ਥਾਂ ਸੈਚੁਰੇਟਿਡ ਫੈਟ ਨੂੰ ਆਧਾਰ ਬਣਾਇਆ ਜਾਵੇ।

ਫੈਟ ਯਾਨੀ ਚਰਬੀ ਖਾਣੇ ਦਾ ਇੱਕ ਜ਼ਰੂਰੀ ਪੋਸ਼ਕ ਤੱਤ ਹੈ, ਪਰ ਇਸ ਦੀਆਂ ਵੱਖ-ਵੱਖ ਕਿਸਮਾਂ ਹੁੰਦੀਆਂ ਹਨ। ਸੈਚੁਰੇਟਿਡ ਫੈਟ ਇਨ੍ਹਾਂ ਵਿੱਚੋਂ ਇੱਕ ਹੈ। ਇਹ ਘਿਓ, ਮੱਖਣ, ਪਾਮ ਆਇਲ, ਨਾਰੀਅਲ ਤੇਲ ਅਤੇ ਕੁਝ ਪਸ਼ੂ ਉਤਪਾਦਾਂ ਵਿੱਚ ਪਾਇਆ ਜਾਂਦਾ ਹੈ।

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਮੁਤਾਬਕ, ਖਾਣੇ ਵਿੱਚ ਸੈਚੁਰੇਟਿਡ ਫੈਟ ਦੀ ਜ਼ਿਆਦਾ ਮਾਤਰਾ ਐੱਲਡੀਐੱਲ ਯਾਨੀ ਖ਼ਰਾਬ ਕੋਲੈਸਟ੍ਰੋਲ ਨੂੰ ਵਧਾ ਸਕਦੀ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧਦਾ ਹੈ।

ਡਬਲਯੂਐੱਚਓ ਦੀ ਸਲਾਹ ਹੈ ਕਿ ਬਾਲਗਾਂ ਦੀ ਰੋਜ਼ਾਨਾ ਕੁੱਲ ਊਰਜਾ ਵਿੱਚ ਸੈਚੁਰੇਟਿਡ ਫੈਟ ਦੀ ਹਿੱਸੇਦਾਰੀ 10 ਫ਼ੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ। ਡਬਲਯੂਐੱਚਓ ਇਹ ਵੀ ਕਹਿੰਦਾ ਹੈ ਕਿ ਸੈਚੁਰੇਟਿਡ ਫੈਟ ਦੀ ਥਾਂ ਅਨਸੈਚੁਰੇਟਿਡ ਫੈਟ ਲੈਣ ਨਾਲ ਸਿਹਤ ਨੂੰ ਫ਼ਾਇਦਾ ਹੋ ਸਕਦਾ ਹੈ।

ਚੇਤਾਵਨੀ ਦੀ ਹੱਦ ਕਿੰਨੀ ਹੋਵੇਗੀ?

ਇਸੇ ਤਰ੍ਹਾਂ ਖਾਣ-ਪੀਣ ਦੀਆਂ ਚੀਜ਼ਾਂ ਦੇ ਪੈਕੇਟ 'ਤੇ ਵੀ ਚੇਤਾਵਨੀ ਲਗਾਉਣ ਦਾ ਮਕਸਦ ਖ਼ਪਤਕਾਰਾਂ ਨੂੰ ਕਿਸੇ ਉਤਪਾਦ ਨਾਲ ਜੁੜੇ ਸਿਹਤ ਸਬੰਧੀ ਖ਼ਤਰਿਆਂ ਬਾਰੇ ਖ਼ਰੀਦਦਾਰੀ ਦੇ ਸਮੇਂ ਜਾਣਕਾਰੀ ਦੇਣਾ ਹੈ
ਤਸਵੀਰ ਕੈਪਸ਼ਨ, ਇਸੇ ਤਰ੍ਹਾਂ ਖਾਣ-ਪੀਣ ਦੀਆਂ ਚੀਜ਼ਾਂ ਦੇ ਪੈਕੇਟ 'ਤੇ ਵੀ ਚੇਤਾਵਨੀ ਲਗਾਉਣ ਦਾ ਮਕਸਦ ਖ਼ਪਤਕਾਰਾਂ ਨੂੰ ਕਿਸੇ ਉਤਪਾਦ ਨਾਲ ਜੁੜੇ ਸਿਹਤ ਸਬੰਧੀ ਖ਼ਤਰਿਆਂ ਬਾਰੇ ਖ਼ਰੀਦਦਾਰੀ ਦੇ ਸਮੇਂ ਜਾਣਕਾਰੀ ਦੇਣਾ ਹੈ

ਸੁਪਰੀਮ ਕੋਰਟ ਨੇ ਐੱਫਐੱਸਐੱਸਏਆਈ ਨੂੰ ਖੰਡ, ਨਮਕ ਅਤੇ ਸੈਚੁਰੇਟਿਡ ਫੈਟ ਲਈ ਤੈਅ ਕੀਤੀ ਜਾਣ ਵਾਲੀ ਹੱਦ ਯਾਨੀ ਥ੍ਰੈਸ਼ਹੋਲਡ 'ਤੇ ਵੀ ਮੁੜ ਵਿਚਾਰ ਕਰਨ ਲਈ ਕਿਹਾ ਹੈ।

ਅਦਾਲਤ ਮੁਤਾਬਕ, ਇਹ ਹੱਦ ਨਾ ਤਾਂ ਇੰਨੀ ਘੱਟ ਹੋਣੀ ਚਾਹੀਦੀ ਹੈ ਕਿ ਲਗਭਗ ਹਰ ਪੈਕੇਟ 'ਤੇ ਚੇਤਾਵਨੀ ਲਗ ਜਾਵੇ ਅਤੇ ਨਾ ਹੀ ਇੰਨੀ ਜ਼ਿਆਦਾ ਕਿ ਜਿਨ੍ਹਾਂ ਉਤਪਾਦਾਂ 'ਤੇ ਚੇਤਾਵਨੀ ਹੋਣੀ ਚਾਹੀਦੀ ਹੈ, ਉਹ ਵੀ ਇਸ ਤੋਂ ਬਚ ਨਿਕਲਣ।

ਜੇਕਰ ਹੱਦ ਬਹੁਤ ਘੱਟ ਰੱਖੀ ਜਾਂਦੀ ਹੈ, ਤਾਂ ਬਾਜ਼ਾਰ ਵਿੱਚ ਵੱਡੀ ਗਿਣਤੀ ਵਿੱਚ ਉਤਪਾਦਾਂ 'ਤੇ ਚੇਤਾਵਨੀ ਦਿਖਾਈ ਦੇਵੇਗੀ।

ਅਜਿਹੇ ਵਿੱਚ ਹੋ ਸਕਦਾ ਹੈ ਹੌਲੀ-ਹੌਲੀ ਲੋਕ ਇਨ੍ਹਾਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨ ਲੱਗ ਪੈਣ। ਇਸ ਨੂੰ 'ਲੇਬਲ ਫੈਟੀਗ' ਕਿਹਾ ਜਾਂਦਾ ਹੈ।

ਦੂਜੇ ਪਾਸੇ, ਜੇਕਰ ਹੱਦ ਬਹੁਤ ਜ਼ਿਆਦਾ ਰੱਖੀ ਜਾਂਦੀ ਹੈ, ਤਾਂ ਵੱਧ ਖੰਡ, ਨਮਕ ਜਾਂ ਸੈਚੁਰੇਟਿਡ ਫੈਟ ਵਾਲੇ ਕਈ ਉਤਪਾਦਾਂ 'ਤੇ ਚੇਤਾਵਨੀ ਲੱਗੇਗੀ ਹੀ ਨਹੀਂ ਅਤੇ ਫਿਰ ਖ਼ਪਤਕਾਰ ਉਨ੍ਹਾਂ ਨਾਲ ਜੁੜੇ ਖ਼ਤਰਿਆਂ ਤੋਂ ਅਣਜਾਣ ਰਹਿ ਸਕਦੇ ਹਨ।

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਐੱਫਐੱਸਐੱਸਏਆਈ ਨੂੰ ਵਿਗਿਆਨਕ ਸਬੂਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਹੱਦਾਂ ਤੈਅ ਕਰਨੀਆਂ ਹੋਣਗੀਆਂ।

ਡਾ. ਅਰੁਣ ਗੁਪਤਾ ਕਹਿੰਦੇ ਹਨ ਕਿ ਉਨ੍ਹਾਂ ਦੀ ਸੰਸਥਾ ਦਾ ਸੁਝਾਅ ਹੈ ਕਿ ਟੋਟਲ ਸ਼ੂਗਰ ਲਈ ਕੁੱਲ ਊਰਜਾ ਦਾ 10 ਫ਼ੀਸਦੀ, ਸੈਚੁਰੇਟਿਡ ਫੈਟ ਲਈ ਕੁੱਲ ਊਰਜਾ ਦਾ 10 ਫ਼ੀਸਦੀ ਅਤੇ ਸੋਡੀਅਮ ਲਈ ਪ੍ਰਤੀ ਕਿਲੋ ਕੈਲੋਰੀ ਇੱਕ ਮਿਲੀਗ੍ਰਾਮ ਦੇ ਆਧਾਰ 'ਤੇ ਹੱਦ ਤੈਅ ਕੀਤੀ ਜਾ ਸਕਦੀ ਹੈ।

ਹਾਲਾਂਕਿ, ਇਹ ਉਨ੍ਹਾਂ ਵੱਲੋਂ ਸੁਝਾਏ ਗਏ ਮਾਪਦੰਡ ਹਨ। ਸੁਪਰੀਮ ਕੋਰਟ ਨੇ ਇਨ੍ਹਾਂ ਅੰਕੜਿਆਂ ਨੂੰ ਅੰਤਿਮ ਹੱਦ ਵਜੋਂ ਤੈਅ ਨਹੀਂ ਕੀਤਾ ਹੈ। ਅੰਤਿਮ ਹੱਦ ਐੱਫਐੱਸਐੱਸਏਆਈ ਨੂੰ ਵਿਗਿਆਨਕ ਆਧਾਰ 'ਤੇ ਤੈਅ ਕਰਨੀ ਹੋਵੇਗੀ।

ਕੀ ਚੇਤਾਵਨੀ ਵਾਲੇ ਲੇਬਲ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਬਦਲਣਗੇ?

ਮੋਨਿਕਾ ਅਰੋੜਾ

ਸਿਹਤ ਮਾਹਰ ਉਦਾਹਰਨ ਦਿੰਦੇ ਹਨ ਕਿ ਸਿਗਰਟ ਦੇ ਪੈਕੇਟ 'ਤੇ ਸਿਹਤ ਸਬੰਧੀ ਚੇਤਾਵਨੀਆਂ ਅਤੇ ਤਸਵੀਰਾਂ ਛਾਪੀਆਂ ਜਾਂਦੀਆਂ ਹਨ।

ਇਸੇ ਤਰ੍ਹਾਂ ਖਾਣ-ਪੀਣ ਦੀਆਂ ਚੀਜ਼ਾਂ ਦੇ ਪੈਕੇਟ 'ਤੇ ਵੀ ਚੇਤਾਵਨੀ ਲਗਾਉਣ ਦਾ ਮਕਸਦ ਖ਼ਪਤਕਾਰਾਂ ਨੂੰ ਕਿਸੇ ਉਤਪਾਦ ਨਾਲ ਜੁੜੇ ਸਿਹਤ ਸਬੰਧੀ ਖ਼ਤਰਿਆਂ ਬਾਰੇ ਖ਼ਰੀਦਦਾਰੀ ਦੇ ਸਮੇਂ ਜਾਣਕਾਰੀ ਦੇਣਾ ਹੈ।

ਪਰ ਕੀ ਅਜਿਹੀਆਂ ਚੇਤਾਵਨੀਆਂ ਅਸਲ ਵਿੱਚ ਲੋਕਾਂ ਦੇ ਖ਼ਰੀਦਦਾਰੀ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ?

ਪ੍ਰੋਫ਼ੈਸਰ ਮੋਨਿਕਾ ਅਰੋੜਾ, ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ (ਪੀਐੱਚਐੱਫਆਈ) ਵਿੱਚ ਰਿਸਰਚ ਅਤੇ ਹੈਲਥ ਪ੍ਰਮੋਸ਼ਨ ਦੇ ਉਪ ਪ੍ਰਧਾਨ ਹਨ। ਉਨ੍ਹਾਂ ਮੁਤਾਬਕ, ਸੁਪਰੀਮ ਕੋਰਟ ਦੇ ਨਿਰਦੇਸ਼ ਖ਼ਪਤਕਾਰਾਂ ਨੂੰ ਸਹੀ ਜਾਣਕਾਰੀ ਦੇਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹਨ।

ਉਹ ਕਹਿੰਦੇ ਹਨ, "ਫਰੰਟ ਆਫ ਪੈਕ ਨਿਊਟ੍ਰੀਸ਼ਨ ਲੇਬਲਿੰਗ ਬਾਰੇ ਸੁਪਰੀਮ ਕੋਰਟ ਦੇ ਨਿਰਦੇਸ਼ ਖ਼ਪਤਕਾਰਾਂ ਨੂੰ ਸੋਚ-ਸਮਝ ਕੇ ਅਤੇ ਬਿਹਤਰ ਖਾਣ-ਪੀਣ ਨਾਲ ਜੁੜੇ ਫ਼ੈਸਲੇ ਲੈਣ ਦੇ ਯੋਗ ਬਣਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਅਤੇ ਸਵਾਗਤ ਕਰਨ ਯੋਗ ਕਦਮ ਹਨ।"

ਪ੍ਰੋਫ਼ੈਸਰ ਅਰੋੜਾ ਮੁਤਾਬਕ, ਵੱਖ-ਵੱਖ ਪੋਸ਼ਕ ਤੱਤਾਂ ਲਈ ਵੱਖਰੀ ਚੇਤਾਵਨੀ ਅਤੇ ਉਸ ਦੇ ਨਾਲ ਤਸਵੀਰ ਹੋਣ ਨਾਲ ਖ਼ਪਤਕਾਰ ਨੂੰ ਪੈਕੇਟ 'ਤੇ ਮੌਜੂਦ ਜਾਣਕਾਰੀ ਇੱਕ ਨਜ਼ਰ ਵਿੱਚ ਸਮਝਣ ਵਿੱਚ ਮਦਦ ਮਿਲੇਗੀ।

ਉਹ ਕਹਿੰਦੇ ਹਨ ਕਿ ਚਿਲੀ ਅਤੇ ਮੈਕਸੀਕੋ ਵਰਗੇ ਦੇਸ਼ਾਂ ਵਿੱਚ ਕੀਤੇ ਗਏ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਲਾਜ਼ਮੀ ਫਰੰਟ ਆਫ ਪੈਕ ਵਾਰਨਿੰਗ ਲੇਬਲ ਨਾਲ ਵੱਧ ਖੰਡ, ਨਮਕ ਅਤੇ ਸੈਚੁਰੇਟਿਡ ਫੈਟ ਵਾਲੇ ਉਤਪਾਦਾਂ ਪ੍ਰਤੀ ਖ਼ਪਤਕਾਰਾਂ ਦੀ ਜਾਗਰੂਕਤਾ ਵਧੀ ਹੈ ਅਤੇ ਉਨ੍ਹਾਂ ਦੀ ਖ਼ਰੀਦਦਾਰੀ ਵਿੱਚ ਕਮੀ ਦੇਖੀ ਗਈ ਹੈ।

ਡਾ. ਮੋਨਿਕਾ ਅਰੋੜਾ ਮੁਤਾਬਕ, ਮੋਟਾਪੇ ਅਤੇ ਗ਼ੈਰ-ਸਿਹਤਮੰਦ ਖਾਣ-ਪੀਣ ਨਾਲ ਨਜਿੱਠਣ ਲਈ ਸਿਰਫ਼ ਚੇਤਾਵਨੀ ਵਾਲੇ ਲੇਬਲ ਹੀ ਨਹੀਂ, ਸਗੋਂ ਵੱਧ ਫੈਟ, ਨਮਕ ਅਤੇ ਖੰਡ (ਐੱਚਐੱਫਐੱਸਐੱਸ) ਵਾਲੇ ਖਾਧ ਪਦਾਰਥਾਂ 'ਤੇ ਵੱਧ ਟੈਕਸ, ਸਿਹਤਮੰਦ ਖਾਧ ਪਦਾਰਥਾਂ ਦੇ ਬਦਲਾਂ (ਆਪਸ਼ਨਾਂ) 'ਤੇ ਸਬਸਿਡੀ ਅਤੇ ਅਲਟਰਾ-ਪ੍ਰੋਸੈਸਡ ਫੂਡ ਦੇ ਇਸ਼ਤਿਹਾਰਾਂ 'ਤੇ ਸਖ਼ਤ ਕੰਟਰੋਲ ਵਰਗੇ ਕਦਮ ਵੀ ਜ਼ਰੂਰੀ ਹਨ।

ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਸਿਹਤਮੰਦ ਭੋਜਨ ਦੀ ਬਿਹਤਰ ਉਪਲਬਧਤਾ ਯਕੀਨੀ ਬਣਾਉਣਾ ਵੀ ਲੋਕਾਂ ਦੇ ਪੱਧਰ 'ਤੇ ਅਪਣਾਈਆਂ ਜਾਣ ਵਾਲੀਆਂ ਅਹਿਮ ਰਣਨੀਤੀਆਂ ਵਿੱਚ ਸ਼ਾਮਿਲ ਹੈ।

ਉਹ ਕਹਿੰਦੇ ਹਨ, "ਕੌਮਾਂਤਰੀ ਤਜਰਬਾ ਦੱਸਦਾ ਹੈ ਕਿ ਅਜਿਹੇ ਚੇਤਾਵਨੀ ਵਾਲੇ ਲੇਬਲ ਖ਼ਪਤਕਾਰਾਂ ਦੇ ਖ਼ਰੀਦਦਾਰੀ ਦੇ ਵਿਹਾਰ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਦੇ ਨਾਲ ਹੀ, ਇਹ ਖਾਧ ਕੰਪਨੀਆਂ ਨੂੰ ਆਪਣੇ ਉਤਪਾਦਾਂ ਦੀ ਸਮੱਗਰੀ ਵਿੱਚ ਬਦਲਾਅ ਕਰਨ ਲਈ ਵੀ ਉਤਸ਼ਾਹਿਤ ਕਰ ਸਕਦੇ ਹਨ।"

ਹਾਲਾਂਕਿ, ਮਾਹਰਾਂ ਦਾ ਮੰਨਣਾ ਹੈ ਕਿ ਸਿਰਫ਼ ਪੈਕੇਟ 'ਤੇ ਚੇਤਾਵਨੀ ਲਗਾਉਣ ਨਾਲ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਬਦਲਣ ਦੀ ਗਾਰੰਟੀ ਨਹੀਂ ਹੈ। ਇਸ ਲਈ ਲੋਕਾਂ ਨੂੰ ਇਨ੍ਹਾਂ ਚੇਤਾਵਨੀਆਂ ਦਾ ਮਤਲਬ ਸਮਝਾਉਣਾ ਅਤੇ ਜਾਗਰੂਕਤਾ ਵਧਾਉਣਾ ਵੀ ਜ਼ਰੂਰੀ ਹੈ।

ਪ੍ਰੋਫ਼ੈਸਰ ਅਰੋੜਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਨ੍ਹਾਂ ਨਿਯਮਾਂ ਦੇ ਨਾਲ ਜਨ-ਜਾਗਰੂਕਤਾ ਮੁਹਿੰਮਾਂ ਵੀ ਚਲਾਉਣੀਆਂ ਚਾਹੀਦੀਆਂ ਹਨ, ਤਾਂ ਜੋ ਖ਼ਪਤਕਾਰ ਇਨ੍ਹਾਂ ਨਿਸ਼ਾਨਾਂ ਨੂੰ ਸਮਝ ਸਕਣ ਅਤੇ ਸਹੀ ਬਦਲ ਚੁਣ ਸਕਣ।

ਕੰਪਨੀਆਂ ਨੂੰ ਪੈਕੇਜਿੰਗ ਕਦੋਂ ਤੱਕ ਬਦਲਣੀ ਪਵੇਗੀ?

ਫੈਕਟਰੀ ਦੀ ਪੈਕੇਜਿੰਗ ਯੂਨਿਟ ਵਿੱਚ ਪੈਕੇਟ ਤਿਆਰ ਕਰਦੀਆਂ ਮਹਿਲਾ ਕਰਮਚਾਰੀ (ਸੰਕੇਤਕ ਤਸਵੀਰ)
ਤਸਵੀਰ ਕੈਪਸ਼ਨ, ਅਦਾਲਤ ਨੇ ਇਹ ਵੀ ਕਿਹਾ ਹੈ ਕਿ ਹਰ ਚੇਤਾਵਨੀ ਵਾਲੇ ਨਿਸ਼ਾਨ ਦਾ ਆਕਾਰ ਪੈਕੇਟ ਦੇ ਅੱਗੇ ਵਾਲੇ ਮੁੱਖ ਹਿੱਸੇ ਦਾ ਘੱਟੋ-ਘੱਟ 4 ਤੋਂ 5 ਫ਼ੀਸਦੀ ਹੋਣਾ ਚਾਹੀਦਾ ਹੈ (ਸੰਕੇਤਕ ਤਸਵੀਰ)

ਸੁਪਰੀਮ ਕੋਰਟ ਨੇ ਐੱਫਐੱਸਐੱਸਏਆਈ ਨੂੰ ਨਵੇਂ ਨਿਯਮਾਂ ਦਾ ਖਰੜਾ ਤਿਆਰ ਕਰਨ ਅਤੇ ਉਸ ਨੂੰ ਅੰਤਿਮ ਰੂਪ ਦੇਣ ਲਈ ਲਗਭਗ ਚਾਰ ਮਹੀਨਿਆਂ ਦੀ ਸਮਾਂ-ਸੀਮਾ ਦੇ ਪ੍ਰਸਤਾਵ 'ਤੇ ਕੰਮ ਕਰਨ ਲਈ ਕਿਹਾ ਹੈ।

ਐੱਫਐੱਸਐੱਸਏਆਈ ਨੇ ਅਦਾਲਤ ਨੂੰ ਦੱਸਿਆ ਹੈ ਕਿ ਨਵੇਂ ਨਿਯਮਾਂ ਦਾ ਖਰੜਾ 60 ਦਿਨਾਂ ਲਈ ਜਨਤਕ ਟਿੱਪਣੀਆਂ ਅਤੇ ਸੁਝਾਆਂ ਵਾਸਤੇ ਜਾਰੀ ਕੀਤਾ ਜਾਵੇਗਾ।

ਇਸ ਤੋਂ ਬਾਅਦ ਮਿਲੇ ਸੁਝਾਆਂ 'ਤੇ ਵਿਚਾਰ ਕਰਕੇ ਨਿਯਮਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।

ਅੰਤਿਮ ਨਿਯਮਾਂ ਦੀ ਅਧਿਸੂਚਨਾ ਜਾਰੀ ਹੋਣ ਤੋਂ ਬਾਅਦ ਖਾਧ ਕੰਪਨੀਆਂ ਨੂੰ ਨਵੀਂ ਲੇਬਲਿੰਗ ਵਿਵਸਥਾ ਅਪਣਾਉਣ ਲਈ 365 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ।

ਹਾਲਾਂਕਿ, ਅਦਾਲਤ ਨੇ ਐੱਫਐੱਸਐੱਸਏਆਈ ਨੂੰ ਇਹ ਨਿਰਦੇਸ਼ ਵੀ ਦਿੱਤਾ ਹੈ ਕਿ ਕੰਪਨੀਆਂ ਇਸ ਸਮੇਂ ਦੀ ਦੁਰਵਰਤੋਂ ਨਾ ਕਰਨ। ਮਿਸਾਲ ਵਜੋਂ, ਉਹ ਵੱਡੀ ਮਾਤਰਾ ਵਿੱਚ ਬਿਨ੍ਹਾਂ ਚੇਤਾਵਨੀ ਵਾਲੇ ਪੈਕੇਟ ਪਹਿਲਾਂ ਹੀ ਛਪਵਾ ਕੇ ਜਾਂ ਮੌਜੂਦਾ ਉਤਪਾਦਾਂ ਦਾ ਉਤਪਾਦਨ ਵਧਾ ਕੇ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਵੀ ਬਿਨਾਂ ਚੇਤਾਵਨੀ ਵਾਲੇ ਉਤਪਾਦ ਬਾਜ਼ਾਰ ਵਿੱਚ ਉਪਲੱਬਧ ਨਾ ਰੱਖਣ।

ਸੁਪਰੀਮ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਦਸ ਹਫ਼ਤਿਆਂ ਬਾਅਦ ਤੈਅ ਕੀਤੀ ਹੈ। ਉਸ ਸਮੇਂ ਐੱਫਐੱਸਐੱਸਏਆਈ ਨੂੰ ਨਵੇਂ ਨਿਯਮਾਂ ਬਾਰੇ ਹੋਈ ਪ੍ਰਗਤੀ ਦੀ ਜਾਣਕਾਰੀ ਅਦਾਲਤ ਨੂੰ ਦੇਣੀ ਪਵੇਗੀ।

ਬੱਚਿਆਂ ਵਿੱਚ ਪੋਸ਼ਣ ਸਬੰਧੀ ਜਾਗਰੂਕਤਾ 'ਤੇ ਵੀ ਜ਼ੋਰ

ਅਦਾਲਤ ਨੇ ਸਿਰਫ਼ ਖਾਧ ਉਤਪਾਦਾਂ ਦੀ ਪੈਕੇਜਿੰਗ ਬਦਲਣ ਦੀ ਗੱਲ ਨਹੀਂ ਕਹੀ, ਸਗੋਂ ਬੱਚਿਆਂ ਵਿੱਚ ਪੋਸ਼ਣ ਸਬੰਧੀ ਜਾਗਰੂਕਤਾ ਵਧਾਉਣ 'ਤੇ ਵੀ ਜ਼ੋਰ ਦਿੱਤਾ ਹੈ।

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਸਕੂਲਾਂ ਵਿੱਚ ਸੁਰੱਖਿਅਤ ਭੋਜਨ ਅਤੇ ਸੰਤੁਲਿਤ ਖੁਰਾਕ ਨਾਲ ਜੁੜੇ ਮੌਜੂਦਾ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।

ਇਸ ਦੇ ਨਾਲ ਹੀ ਬੱਚਿਆਂ ਨੂੰ ਪੋਸ਼ਣ ਬਾਰੇ ਸਿਰਫ਼ ਕਿਤਾਬਾਂ ਰਾਹੀਂ ਪੜ੍ਹਾਉਣ ਦੀ ਬਜਾਏ ਵਰਕਸ਼ਾਪਾਂ ਅਤੇ ਹੋਰ ਗਤੀਵਿਧੀਆਂ ਰਾਹੀਂ ਵਿਹਾਰਕ ਜਾਣਕਾਰੀ ਵੀ ਦਿੱਤੀ ਜਾਵੇ।

ਵਿਸ਼ਵ ਸਿਹਤ ਸੰਗਠਨ ਮੁਤਾਬਕ, ਬਚਪਨ ਅਤੇ ਕਿਸ਼ੋਰ ਅਵਸਥਾ ਦੌਰਾਨ ਵਿਕਸਿਤ ਹੋਣ ਵਾਲੀਆਂ ਖਾਣ-ਪੀਣ ਦੀਆਂ ਆਦਤਾਂ ਅਕਸਰ ਬਾਲਗ ਹੋਣ ਤੋਂ ਬਾਅਦ ਵੀ ਬਣੀਆਂ ਰਹਿੰਦੀਆਂ ਹਨ।

ਇਸ ਲਈ ਛੋਟੀ ਉਮਰ ਤੋਂ ਹੀ ਸੰਤੁਲਿਤ ਅਤੇ ਸਿਹਤਮੰਦ ਖਾਣ-ਪੀਣ ਬਾਰੇ ਜਾਗਰੂਕਤਾ ਵਧਾਉਣਾ ਮਹੱਤਵਪੂਰਨ ਹੈ।

ਪੈਕੇਟ ਦੇ ਅੱਗੇ ਲੱਗਣ ਵਾਲੀ ਚੇਤਾਵਨੀ ਖ਼ਪਤਕਾਰਾਂ ਨੂੰ ਕਿਸੇ ਉਤਪਾਦ ਵਿੱਚ ਮੌਜੂਦ ਪੋਸ਼ਕ ਤੱਤਾਂ ਦੀ ਵੱਧ ਮਾਤਰਾ ਪਛਾਣਨ ਵਿੱਚ ਮਦਦ ਕਰ ਸਕਦੀ ਹੈ।

ਪਰ ਇਸ ਦਾ ਅਸਰ ਕਿੰਨਾ ਹੋਵੇਗਾ, ਇਹ ਇਸ ਗੱਲ 'ਤੇ ਵੀ ਨਿਰਭਰ ਕਰੇਗਾ ਕਿ ਨਿਯਮ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੁੰਦੇ ਹਨ ਅਤੇ ਲੋਕ ਇਨ੍ਹਾਂ ਚੇਤਾਵਨੀਆਂ ਨੂੰ ਕਿੰਨਾ ਸਮਝ ਪਾਉਂਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)