ਪ੍ਰਿੰਸੈੱਸ ਡਾਇਨਾ ਦੀ 'ਰਿਵੇਂਜ ਡ੍ਰੈੱਸ' ਕੀ ਹੈ, ਜਿਸ ਦੀ ਹੋਵੇਗੀ ਨਿਲਾਮੀ? ਡ੍ਰੈੱਸ ਦੇ ਪੈਸੇ ਕਿੱਥੇ ਖਰਚੇ ਜਾਣਗੇ?

ਪ੍ਰਿੰਸੈੱਸ ਡਾਇਨਾ

ਤਸਵੀਰ ਸਰੋਤ, Anwar Hussein/WireImage

ਤਸਵੀਰ ਕੈਪਸ਼ਨ, ਇਹ ਤਸਵੀਰ 20 ਨਵੰਬਰ 1994 ਦੀ ਹੈ, ਜਦੋਂ ਪ੍ਰਿੰਸੈੱਸ ਆਫ਼ ਵੇਲਜ਼ ਡਾਇਨਾ ਨੇ ਕਾਲੇ ਰੰਗ ਦੀ 'ਰਿਵੇਂਜ ਡਰੈੱਸ' ਪਹਿਨੀ ਸੀ
    • ਲੇਖਕ, ਬ੍ਰੈਂਡਨ ਲਿਵਸੇ ਅਤੇ ਐਲੈਕਸ ਫ਼ਿਲਿਪਸ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਪ੍ਰਿੰਸੈੱਸ ਡਾਇਨਾ ਵੱਲੋਂ ਪਹਿਨੀ ਗਈ ਇੱਕ ਡ੍ਰੈੱਸ ਨਿਲਾਮੀ ਲਈ ਰੱਖੀ ਜਾ ਰਹੀ ਹੈ। ਇਸ ਨੂੰ ਉਨ੍ਹਾਂ ਦੀ 'ਰਿਵੇਂਜ ਡ੍ਰੈੱਸ' ਕਿਹਾ ਜਾਂਦਾ ਹੈ।

ਮਰਹੂਮ ਪ੍ਰਿੰਸੈੱਸ ਆਫ਼ ਵੇਲਜ਼ ਨੇ ਬਿਨਾਂ ਸਟ੍ਰੈਪ ਵਾਲੀ ਇਹ ਕਾਲੀ ਸਿਲਕ ਇਵਨਿੰਗ ਡ੍ਰੈੱਸ ਲੰਡਨ ਦੀ ਇੱਕ ਪਾਰਟੀ ਵਿੱਚ ਪਹਿਨੀ ਸੀ। ਇਸ ਤੋਂ ਕੁਝ ਘੰਟੇ ਪਹਿਲਾਂ ਉਨ੍ਹਾਂ ਤੋਂ ਵੱਖ ਰਹਿ ਰਹੇ ਉਨ੍ਹਾਂ ਦੇ ਪਤੀ ਪ੍ਰਿੰਸ ਚਾਰਲਸ ਨੇ ਸਵੀਕਾਰ ਕੀਤਾ ਸੀ ਕਿ ਵਿਆਹ ਦੌਰਾਨ ਉਨ੍ਹਾਂ ਦੇ ਵਿਆਹ ਤੋਂ ਬਾਹਰ ਸਬੰਧ ਸਨ।

ਸਾਲ 1994 ਵਿੱਚ ਇਹ ਡ੍ਰੈੱਸ ਪਹਿਨ ਕੇ ਸਰਪੈਂਟਾਈਨ ਗੈਲਰੀ ਪਹੁੰਚਣ ਦਾ ਉਨ੍ਹਾਂ ਦਾ ਅੰਦਾਜ਼ ਪੌਪ ਕਲਚਰ ਦਾ ਇੱਕ ਯਾਦਗਾਰ ਪਲ ਬਣ ਗਿਆ ਸੀ।

ਨਿਲਾਮੀ ਘਰ ਸੋਦਬੀਜ਼ ਨੂੰ ਉਮੀਦ ਹੈ ਕਿ ਨੌਂ ਦਸੰਬਰ ਨੂੰ ਹੋਣ ਵਾਲੀ ਨਿਲਾਮੀ ਵਿੱਚ ਇਹ ਡ੍ਰੈੱਸ ਕਰੀਬ 2.85 ਕਰੋੜ ਰੁਪਏ ਤੱਕ ਵਿੱਚ ਵਿਕ ਸਕਦੀ ਹੈ।

1997 ਤੋਂ ਬਾਅਦ ਪਹਿਲੀ ਵਾਰ ਨੀਲਾਮ ਹੋਵੇਗੀ

ਪ੍ਰਿੰਸੈੱਸ ਡਾਇਨਾ

ਤਸਵੀਰ ਸਰੋਤ, PA

ਤਸਵੀਰ ਕੈਪਸ਼ਨ, ਮਰਹੂਮ ਪ੍ਰਿੰਸੈੱਸ ਆਫ਼ ਵੇਲਜ਼ ਨੇ ਬਿਨਾਂ ਸਟ੍ਰੈਪ ਵਾਲੀ ਇਹ ਕਾਲੀ ਸਿਲਕ ਇਵਨਿੰਗ ਡ੍ਰੈੱਸ ਲੰਡਨ ਦੀ ਇੱਕ ਪਾਰਟੀ ਵਿੱਚ ਪਹਿਨੀ ਸੀ

ਸਾਲ 1997 ਤੋਂ ਬਾਅਦ ਇਹ ਪਹਿਲੀ ਵਾਰ ਨਿਲਾਮੀ ਲਈ ਰੱਖੀ ਜਾ ਰਹੀ ਹੈ। ਉਸ ਸਮੇਂ ਡਾਇਨਾ ਨੇ ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਚੈਰਿਟੀ ਲਈ ਪੈਸਾ ਇਕੱਠਾ ਕਰਨ ਦੇ ਮਕਸਦ ਨਾਲ ਆਪਣੀਆਂ 79 ਡ੍ਰੈੱਸਾਂ ਨੀਲਾਮ ਕੀਤੀਆਂ ਸਨ।

ਸੋਦਬੀਜ਼ ਵਿੱਚ ਹੈਂਡਬੈਗ ਅਤੇ ਫ਼ੈਸ਼ਨ ਵਿਭਾਗ ਦੀ ਗਲੋਬਲ ਹੈੱਡ ਮੌਰਗਨ ਹਲੀਮੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਿੰਸੈੱਸ ਡਾਇਨਾ ਇਹ ਗੱਲ ਸੁਭਾਵਿਕ ਤੌਰ 'ਤੇ ਸਮਝਦੀ ਸੀ ਕਿ ਫ਼ੈਸ਼ਨ ਦੀ ਆਪਣੀ ਇੱਕ ਭਾਸ਼ਾ ਹੋ ਸਕਦੀ ਹੈ।

ਉਨ੍ਹਾਂ ਕਿਹਾ, "ਪ੍ਰਿੰਸੈੱਸ ਡਾਇਨਾ ਨੇ ਆਪਣੇ ਤਰੀਕੇ ਨਾਲ ਇਸ ਡ੍ਰੈੱਸ ਨੂੰ ਆਪਣੇ ਸਭ ਤੋਂ ਤਾਕਤਵਰ ਸੰਦੇਸ਼ਾਂ ਵਿੱਚੋਂ ਇੱਕ ਬਣਾ ਦਿੱਤਾ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਅਜਿਹਾ ਦੌਰ ਸੀ, ਜਿਸ 'ਤੇ ਲੋਕਾਂ ਦੀ ਬਹੁਤ ਨਜ਼ਰ ਸੀ ਅਤੇ ਜਿਸ ਵਿੱਚ ਭਾਵਨਾਤਮਕ ਉਥਲ-ਪੁਥਲ ਵੀ ਬਹੁਤ ਜ਼ਿਆਦਾ ਸੀ।"

"ਉਹ ਅਜਿਹੇ ਸਮੇਂ ਲੋਕਾਂ ਦੇ ਸਾਹਮਣੇ ਆਈਆਂ, ਜਦੋਂ ਉਨ੍ਹਾਂ ਦੀ ਕਹਾਣੀ ਦੂਜੇ ਲੋਕ ਦੱਸ ਰਹੇ ਸਨ। ਪਰ ਉਨ੍ਹਾਂ ਨੇ ਜੋ ਕੱਪੜੇ ਪਹਿਨਣ ਦਾ ਫ਼ੈਸਲਾ ਕੀਤਾ, ਉਸ ਦੇ ਜ਼ਰੀਏ ਆਪਣੀ ਕਹਾਣੀ ਨੂੰ ਆਪਣੇ ਤਰੀਕੇ ਨਾਲ ਸਾਹਮਣੇ ਰੱਖਿਆ।"

ਪ੍ਰਿੰਸੈੱਸ ਡਾਇਨਾ

ਤਸਵੀਰ ਸਰੋਤ, Sébastien DUPUY / AFP via Getty Images

ਤਸਵੀਰ ਕੈਪਸ਼ਨ, ਪੈਰਿਸ ਦੇ ਮਿਊਜ਼ੇ ਗ੍ਰੇਵੈਂ ਵਿੱਚ ਲਈ ਗਈ ਇਹ ਤਸਵੀਰ 20 ਨਵੰਬਰ 2025 ਦੀ ਹੈ, ਜਿੱਥੇ ਪ੍ਰਿੰਸੈੱਸ ਡਾਇਨਾ ਦੀ 'ਰਿਵੇਂਜ ਡਰੈੱਸ' ਪਹਿਨੀ ਮੋਮ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ ਗਿਆ ਸੀ

ਸਰਪੈਂਟਾਈਨ ਗੈਲਰੀ ਦੇ ਫ਼ੰਡਰੇਜ਼ਿੰਗ ਡਿਨਰ ਵਾਲੀ ਉਸੇ ਸ਼ਾਮ, ਇੱਕ ਡਾਕਿਊਮੈਂਟਰੀ ਟੀਵੀ 'ਤੇ ਪ੍ਰਸਾਰਿਤ ਹੋਈ ਸੀ, ਜਿਸ ਵਿੱਚ ਉਸ ਵੇਲੇ ਪ੍ਰਿੰਸ ਆਫ਼ ਵੇਲਜ਼ ਰਹੇ (ਜੋ ਹੁਣ ਰਾਜਾ ਹਨ) ਨੇ ਸਾਲਾਂ ਤੋਂ ਚੱਲ ਰਹੀਆਂ ਅਫ਼ਵਾਹਾਂ ਅਤੇ ਮੀਡੀਆ ਰਿਪੋਰਟਾਂ ਤੋਂ ਬਾਅਦ ਇਹ ਕਬੂਲ ਕੀਤਾ ਸੀ ਕਿ ਉਹ ਡਾਇਨਾ ਪ੍ਰਤੀ ਵਫ਼ਾਦਾਰ ਨਹੀਂ ਰਹੇ ਸਨ।

ਆਈਟੀਵੀ ਦੇ ਇਸ ਇੰਟਰਵਿਊ ਦੀ ਜਾਣਕਾਰੀ ਕੁਝ ਦਿਨ ਪਹਿਲਾਂ ਹੀ ਲੀਕ ਹੋ ਗਈ ਸੀ। ਇਸ ਲਈ ਡਾਕਿਊਮੈਂਟਰੀ ਦਿਖਾਏ ਜਾਣ ਤੋਂ ਬਾਅਦ ਡਾਇਨਾ ਦੇ ਪਹਿਲੀ ਵਾਰ ਜਨਤਕ ਤੌਰ 'ਤੇ ਸਾਹਮਣੇ ਆਉਣ ਨੂੰ ਵੱਡੇ ਪੱਧਰ 'ਤੇ ਉਨ੍ਹਾਂ ਦਾ ਜਵਾਬ ਮੰਨਿਆ ਗਿਆ।

ਉਸ ਸਮੇਂ ਡਾਇਨਾ ਦੀ ਸਟਾਈਲਿਸਟ ਰਹੀ ਐਨਾ ਹਾਰਵੀ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਪ੍ਰਿੰਸੈੱਸ "ਬੇਹੱਦ ਸ਼ਾਨਦਾਰ ਦਿਖਣਾ ਚਾਹੁੰਦੀ ਸੀ।"

ਪ੍ਰੋਗਰਾਮ ਵਿੱਚ ਜਾਣ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਆਪਣੀ ਡ੍ਰੈੱਸ ਬਦਲਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਘੱਟ ਆਕਰਸ਼ਕ ਵੈਲੈਂਟੀਨੋ ਗਾਊਨ ਪਹਿਨਣ ਦਾ ਵਿਚਾਰ ਛੱਡ ਦਿੱਤਾ ਅਤੇ ਮੋਢਿਆਂ ਤੋਂ ਹੇਠਾਂ ਵਾਲੀ ਇਹ ਡ੍ਰੈੱਸ ਪਹਿਨੀ।

'ਰਿਵੇਂਜ ਡ੍ਰੈੱਸ' ਨੂੰ ਦੁਨੀਆ ਦੇ ਕਈ ਸ਼ਹਿਰਾਂ ਵਿੱਚ ਦਿਖਾਇਆ ਜਾਵੇਗਾ

ਯੂਨਾਨੀ ਡਿਜ਼ਾਈਨਰ ਕ੍ਰਿਸਟੀਨਾ ਸਟੈਂਬੋਲਿਅਨ ਵੱਲੋਂ ਬਣਾਈ ਇਸ ਡ੍ਰੈੱਸ ਦਾ ਹੇਠਲਾ ਹਿੱਸਾ ਇੱਕ ਪਾਸੇ ਤੋਂ ਛੋਟਾ ਅਤੇ ਦੂਜੇ ਪਾਸੇ ਤੋਂ ਲੰਬਾ ਸੀ। ਇਸ ਦੇ ਪਿੱਛੇ ਸ਼ਿਫ਼ੌਨ ਕੱਪੜੇ ਦਾ ਲੰਬਾ ਹਿੱਸਾ ਵੀ ਸੀ। ਡਾਇਨਾ ਨੇ ਇਸ ਦੇ ਨਾਲ ਸ਼ਾਹੀ ਹਾਰ, ਕਾਲਾ ਕਲੱਚ ਬੈਗ ਅਤੇ ਕਾਲੀ ਹੀਲਜ਼ ਪਹਿਨੀਆਂ ਸਨ।

ਇਸ ਦੀ ਵਿਕਰੀ ਤੋਂ ਪਹਿਲਾਂ 'ਰਿਵੇਂਜ ਡ੍ਰੈੱਸ' ਨੂੰ ਦੁਨੀਆ ਦੇ ਕਈ ਸ਼ਹਿਰਾਂ ਵਿੱਚ ਦਿਖਾਇਆ ਜਾਵੇਗਾ।

ਇਹ 18 ਤੋਂ 24 ਸਤੰਬਰ ਤੱਕ ਲੰਡਨ ਵਿੱਚ ਸੋਦਬੀਜ਼ ਦੇ ਸ਼ੋਅਰੂਮ ਵਿੱਚ ਰਹੇਗੀ। ਇਸ ਤੋਂ ਬਾਅਦ ਅਕਤੂਬਰ ਦੀ ਸ਼ੁਰੂਆਤ ਵਿੱਚ ਇਸ ਨੂੰ ਹਾਂਗਕਾਂਗ ਅਤੇ ਨਵੰਬਰ ਦੀ ਸ਼ੁਰੂਆਤ ਵਿੱਚ ਜਨੇਵਾ ਲਿਆਂਦਾ ਜਾਵੇਗਾ। ਆਖ਼ਿਰ ਵਿੱਚ ਇਸ ਨੂੰ ਨਿਊਯਾਰਕ ਲਿਆਂਦਾ ਜਾਵੇਗਾ, ਜਿੱਥੇ ਇਸ ਦੀ ਨਿਲਾਮੀ ਹੋਵੇਗੀ।

ਇਸ ਤੋਂ ਪਹਿਲਾਂ ਇਸ ਡ੍ਰੈੱਸ ਨੂੰ ਡਾਇਨਾ ਨੇ ਖ਼ੁਦ ਨੀਲਾਮ ਕੀਤਾ ਸੀ। ਇਹ ਉਨ੍ਹਾਂ ਦਰਜਨਾਂ ਚੀਜ਼ਾਂ ਵਿੱਚ ਸ਼ਾਮਲ ਸੀ, ਜਿਨ੍ਹਾਂ ਨੂੰ ਕੈਂਸਰ ਅਤੇ ਏਡਜ਼ ਨਾਲ ਜੁੜੀਆਂ ਚੈਰਿਟੀ ਸੰਸਥਾਵਾਂ ਲਈ ਪੈਸਾ ਇਕੱਠਾ ਕਰਨ ਦੇ ਮਕਸਦ ਨਾਲ ਵੇਚਿਆ ਗਿਆ ਸੀ।

ਇਹ ਡ੍ਰੈੱਸ ਉਸ ਸਮੇਂ ਗਲਾਸਗੋ ਵਿੱਚ ਰਹਿਣ ਵਾਲੀ ਬ੍ਰੀਜ ਮੈਕੈਂਜ਼ੀ ਅਤੇ ਉਨ੍ਹਾਂ ਦੇ ਪਤੀ ਗ੍ਰੇਮ ਨੇ ਖਰੀਦੀ ਸੀ। ਉਨ੍ਹਾਂ ਨੇ ਇਸ ਲਈ ਕਰੀਬ 50.6 ਲੱਖ ਰੁਪਏ ਚੁਕਾਏ ਸਨ।

'ਰਿਵੇਂਜ ਡਰੈੱਸ'

ਤਸਵੀਰ ਸਰੋਤ, Sébastien DUPUY / AFP via Getty Images

ਤਸਵੀਰ ਕੈਪਸ਼ਨ, 'ਰਿਵੇਂਜ ਡਰੈੱਸ' ਨੂੰ ਪਹਿਲੀ ਵਾਰ 1997 ਵਿੱਚ ਖ਼ੁਦ ਰਾਜਕੁਮਾਰੀ ਡਾਇਨਾ ਨੇ ਨੀਲਾਮ ਕੀਤਾ ਸੀ

ਮੈਕੈਂਜ਼ੀ ਨੇ ਉਸ ਸਮੇਂ ਦਿ ਇੰਡੀਪੈਂਡੈਂਟ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਇਹ ਡ੍ਰੈੱਸ ਪਹਿਨਣ ਲਈ ਨਹੀਂ ਖਰੀਦੀ ਸੀ। ਉਨ੍ਹਾਂ ਨੇ ਕਿਹਾ ਸੀ, "ਮੈਂ ਇਸ ਵਿੱਚ ਫਿੱਟ ਨਹੀਂ ਹੋ ਸਕਦੀ।"

ਉਨ੍ਹਾਂ ਨੇ ਇਸ ਨੂੰ ਇਸ ਲਈ ਖਰੀਦਿਆ ਸੀ, ਕਿਉਂਕਿ ਇਸ ਤੋਂ ਮਿਲਣ ਵਾਲਾ ਪੈਸਾ ਚਿਲਡਰਨ ਫ਼ਰਸਟ ਨਾਮ ਦੀ ਚੈਰਿਟੀ ਨੂੰ ਦਿੱਤਾ ਜਾਣਾ ਸੀ।

ਸੋਦਬੀਜ਼ ਵੱਲੋਂ ਵੀਰਵਾਰ ਨੂੰ ਜਾਰੀ ਬਿਆਨ ਵਿੱਚ ਮੈਕੈਂਜ਼ੀ ਨੇ ਕਿਹਾ, "ਮੇਰੇ ਮਰਹੂਮ ਪਤੀ ਅਤੇ ਮੈਂ ਜਾਣਦੇ ਸੀ ਕਿ ਇਹ ਡ੍ਰੈੱਸ ਬੇਹੱਦ ਖ਼ਾਸ ਹੈ।"

"ਪ੍ਰਿੰਸੈੱਸ ਡਾਇਨਾ ਆਪਣੀ ਜ਼ਿੰਦਗੀ ਦੀ ਸਭ ਤੋਂ ਮੁਸ਼ਕਲ ਰਾਤ ਦਾ ਸਾਹਮਣਾ ਕਰਨ ਜਾ ਰਹੀ ਸੀ। ਪਰ ਉਨ੍ਹਾਂ ਨੂੰ ਦੇਖ ਕੇ ਇਸ ਦਾ ਬਿਲਕੁਲ ਪਤਾ ਨਹੀਂ ਲੱਗਦਾ ਸੀ। ਉਨ੍ਹਾਂ ਦੀ ਤਸਵੀਰ ਖਿੱਚੇ ਜਾਣ ਵਿੱਚ ਜਿੰਨਾ ਸਮਾਂ ਲੱਗਾ, ਉਨੇ ਵਿੱਚ ਇਹ ਇੱਕ ਕਾਕਟੇਲ ਡ੍ਰੈੱਸ ਤੋਂ ਇੱਕ ਬਿਆਨ ਬਣ ਗਈ।"

"30 ਸਾਲ ਬਾਅਦ ਵੀ ਤੁਸੀਂ ਦੁਨੀਆ ਵਿੱਚ ਕਿਤੇ ਵੀ 'ਰਿਵੇਂਜ ਡ੍ਰੈੱਸ' ਕਹੋ, ਤਾਂ ਹਰ ਵਿਅਕਤੀ ਜਾਣਦਾ ਹੈ ਕਿ ਤੁਸੀਂ ਕਿਸ ਡ੍ਰੈੱਸ ਦੀ ਗੱਲ ਕਰ ਰਹੇ ਹੋ।"

ਉਨ੍ਹਾਂ ਨੇ ਦੱਸਿਆ ਕਿ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਇਸ ਡ੍ਰੈੱਸ ਨੂੰ ਵੇਚਣ ਦਾ ਫ਼ੈਸਲਾ ਕੀਤਾ। ਆਪਣੇ ਪਤੀ ਦੇ ਨਾਲ ਇਸ ਡ੍ਰੈੱਸ ਲਈ ਬੋਲੀ ਲਗਾਉਣਾ ਉਨ੍ਹਾਂ ਦੀ ਇਕੱਠੇ ਬਿਤਾਈ ਜ਼ਿੰਦਗੀ ਦੇ ਸਭ ਤੋਂ ਸ਼ਾਨਦਾਰ ਦਿਨਾਂ ਵਿੱਚੋਂ ਇੱਕ ਸੀ।

ਇਸ ਹਸਪਤਾਲ ਨੂੰ ਜਾਵੇਗਾ ਚੈਰਿਟੀ ਦਾ ਪੈਸਾ

ਸੋਦਬੀਜ਼ ਨੇ ਦੱਸਿਆ ਕਿ ਸਾਲ 1997 ਦੀ ਨਿਲਾਮੀ ਦੇ ਕੈਟਾਲੌਗ ਦੀ ਇੱਕ ਦੁਰਲੱਭ ਕਾਪੀ ਵੀ ਇਸ ਡ੍ਰੈੱਸ ਦੇ ਨਾਲ ਵੇਚੀ ਜਾਵੇਗੀ। ਇਸ 'ਤੇ ਡਾਇਨਾ ਅਤੇ ਸਟੈਂਬੋਲਿਅਨ ਦੇ ਦਸਤਖ਼ਤ ਹਨ।

ਕੈਟਾਲੌਗ ਵਿੱਚ ਦੱਸਿਆ ਗਿਆ ਹੈ ਕਿ ਡ੍ਰੈੱਸ ਨੂੰ ਨੀਲਾਮ ਕਰਨ ਦਾ ਵਿਚਾਰ ਪ੍ਰਿੰਸ ਵਿਲੀਅਮ ਨੇ ਦਿੱਤਾ ਸੀ।

ਵਿਕਰੀ ਤੋਂ ਮਿਲਣ ਵਾਲੀ ਰਕਮ ਦਾ ਇੱਕ ਹਿੱਸਾ ਐੱਨਐੱਚਐੱਸ ਲੋਥੀਅਨ ਚੈਰਿਟੀ ਰਾਹੀਂ ਰੌਇਲ ਐਡਿਨਬਰਾ ਹਸਪਤਾਲ ਨੂੰ ਦਿੱਤਾ ਜਾਵੇਗਾ।

ਹਾਲਾਂਕਿ, ਉਮੀਦ ਹੈ ਕਿ ਇਹ ਡ੍ਰੈੱਸ ਕਾਫ਼ੀ ਉੱਚੀ ਕੀਮਤ 'ਤੇ ਵਿਕੇਗੀ। ਪਰ ਇਹ ਪਹਿਲੀ ਵਾਰ ਨਹੀਂ ਹੋਵੇਗਾ, ਜਦੋਂ ਪ੍ਰਿੰਸੈੱਸ ਡਾਇਨਾ ਵੱਲੋਂ ਪਹਿਨੀ ਹੋਈ ਕੋਈ ਚੀਜ਼ ਇੰਨੀ ਵੱਡੀ ਰਕਮ ਵਿੱਚ ਵੇਚੀ ਜਾਵੇਗੀ।

ਡਾਇਨਾ ਦਾ ਇੱਕ ਸਵੈਟਰ ਸਾਲ 2023 ਵਿੱਚ ਨਿਊਯਾਰਕ ਵਿੱਚ ਸੋਦਬੀਜ਼ ਦੀ ਨਿਲਾਮੀ ਵਿੱਚ ਕਰੀਬ 11.9 ਕਰੋੜ ਰੁਪਏ ਵਿੱਚ ਵਿਕਿਆ ਸੀ। ਇਸ ਸਵੈਟਰ 'ਤੇ ਚਿੱਟੀਆਂ ਭੇਡਾਂ ਦੀਆਂ ਕਈ ਕਤਾਰਾਂ ਵਿਚਕਾਰ ਇੱਕ ਕਾਲੀ ਭੇਡ ਬਣੀ ਹੋਈ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)