'ਮੈਂ 96 ਸਾਲਾਂ ਦੀ ਹਾਂ ਅਤੇ ਮੇਰੇ 15 ਮਿਲੀਅਨ ਫਾਲੋਅਰਜ਼ ਹਨ': ਸੋਸ਼ਲ ਮੀਡੀਆ 'ਤੇ ਛਾ ਰਹੀਆਂ ਬਜ਼ੁਰਗ ਦਾਦੀਆਂ

ਗ੍ਰੈਂਡਮਾ ਡ੍ਰੋਨਿਆਕ
ਤਸਵੀਰ ਕੈਪਸ਼ਨ, ਗ੍ਰੈਂਡਮਾ ਡ੍ਰੋਨਿਆਕ ਸੋਸ਼ਲ ਮੀਡੀਆ 'ਤੇ ਬ੍ਰਾਂਡਾਂ ਨਾਲ ਕੀਤੇ ਸਮਝੌਤਿਆਂ ਤੋਂ ਕਮਾਈ ਗਈ ਰਕਮ ਨਾਲ ਆਪਣੇ ਕੇਅਰ ਹੋਮ ਦੇ ਖ਼ਰਚੇ ਅਦਾ ਕਰਦੀ ਹੈ
    • ਲੇਖਕ, ਯਾਸਮਿਨ ਰੂਫੋ
    • ਰੋਲ, ਬੀਬੀਸੀ ਨਿਊਜ਼
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

96 ਸਾਲਾ ਲਿਲੀਅਨ ਡ੍ਰੋਨਿਆਕ, ਜੋ ਸੋਸ਼ਲ ਮੀਡੀਆ 'ਤੇ ਗ੍ਰੈਂਡਮਾ ਡ੍ਰੋਨਿਆਕ ਦੇ ਨਾਂ ਨਾਲ ਜਾਣੇ ਜਾਂਦੇ ਹਨ, ਜੂਨ ਵਿੱਚ ਉਸ ਸਮੇਂ ਵਾਇਰਲ ਹੋ ਗਏ, ਜਦੋਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਰਟੀਆਂ ਕਰਨ ਕਾਰਨ ਉਸ ਦੇ ਰਿਟਾਇਰਮੈਂਟ ਹੋਮ ਨੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਧਮਕੀ ਦਿੱਤੀ ਸੀ।

ਬਾਅਦ ਵਿੱਚ ਹੋਮ ਨੇ ਇਸ ਧਮਕੀ ਦੀ ਪੁਸ਼ਟੀ ਕੀਤੀ, ਪਰ ਡ੍ਰੋਨਿਆਕ ਨਾਲ ਇੱਕ ਸਮਝੌਤਾ ਕੀਤਾ, ਜਿਸ ਤਹਿਤ ਉਨ੍ਹਾਂ ਨੂੰ ਪਾਰਟੀਆਂ ਕਰਦੇ ਰਹਿਣ ਦੀ ਇਜਾਜ਼ਤ ਦਿੱਤੀ ਗਈ, ਪਰ ਸ਼ਰਾਬ ਮੁਹੱਈਆ ਕਰਵਾਉਣ ਦੀ ਨਹੀਂ।

15 ਮਿਲੀਅਨ ਫਾਲੋਅਰਜ਼ ਦੇ ਨਾਲ, ਡ੍ਰੋਨਿਆਕ ਨੇ ਆਪਣੀ ਸ਼ਖ਼ਸੀਅਤ ਨੂੰ ਇੱਕ ਮੁਨਾਫ਼ੇ ਵਾਲੇ ਕਾਰੋਬਾਰ ਵਿੱਚ ਬਦਲ ਦਿੱਤਾ ਹੈ।

ਉਹ ਸੋਸ਼ਲ ਮੀਡੀਆ ਤੋਂ ਇੰਨੀ ਕਮਾਈ ਕਰ ਰਹੇ ਹਨ ਕਿ ਹਰ ਮਹੀਨੇ ਨਰਸਿੰਗ ਹੋਮ ਦੀ 12,000 ਡਾਲਰ (9,000 ਪੌਂਡ) ਦੀ ਫੀਸ ਭਰ ਸਕਦੇ ਹਨ।

ਕਨੈਕਟੀਕਟ ਦੇ ਰਹਿਣ ਵਾਲੇ ਇਹ ਦਾਦੀ ਉਨ੍ਹਾਂ ਕਈ ਬਜ਼ੁਰਗ ਔਰਤਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੂੰ ਆਨਲਾਈਨ ਅਚਾਨਕ ਪ੍ਰਸਿੱਧੀ ਮਿਲ ਰਹੀ ਹੈ। ਉਨ੍ਹਾਂ ਦੇ ਜ਼ਿਆਦਾਤਰ ਦਰਸ਼ਕ ਅਕਸਰ ਇੰਨੀ ਛੋਟੀ ਉਮਰ ਦੇ ਹੁੰਦੇ ਹਨ ਕਿ ਉਹ ਉਨ੍ਹਾਂ ਦੇ ਪੋਤੇ-ਪੋਤੀਆਂ ਦੀ ਉਮਰ ਦੇ ਹੋ ਸਕਦੇ ਹਨ।

ਫੈਸ਼ਨ ਅਤੇ ਖਾਣੇ ਤੋਂ ਲੈ ਕੇ ਡੇਟਿੰਗ ਅਤੇ ਘਰ ਸੰਭਾਲਣ ਤੱਕ, ਉਹ ਨਵੇਂ ਦਰਸ਼ਕਾਂ ਤੱਕ ਪਹੁੰਚ ਰਹੀ ਹੈ ਅਤੇ ਕੁਝ ਮਾਮਲਿਆਂ ਵਿੱਚ ਜ਼ਿੰਦਗੀ ਨੂੰ ਇੱਕ ਨਵਾਂ ਮੌਕਾ ਵੀ ਦੇ ਰਹੇ ਹਨ।

'ਮੈਂ ਦਿਖਾ ਰਹੀ ਹਾਂ ਕਿ ਬੁੱਢੇ ਹੋਣਾ ਇੰਨਾ ਵੀ ਮਾੜਾ ਨਹੀਂ ਹੈ'

ਵਿਵ ਟਰੂਰਨ
ਤਸਵੀਰ ਕੈਪਸ਼ਨ, ਵਿਵ ਟਰੂਰਨ ਆਪਣੇ 8 ਲੱਖ ਤੋਂ ਵੱਧ ਫਾਲੋਅਰਜ਼ ਨਾਲ ਆਪਣੇ ਰੰਗ-ਬਿਰੰਗੇ ਪਹਿਰਾਵੇ ਸਾਂਝੇ ਕਰਦੀ ਹੈ

ਡ੍ਰੋਨਿਆਕ ਮੈਨੂੰ ਦੱਸਦੇ ਹਨ, "ਮੈਨੂੰ ਹਮੇਸ਼ਾ ਪਤਾ ਸੀ ਕਿ ਮੇਰੇ ਅੰਦਰ ਮਸ਼ਹੂਰ ਹੋਣ ਦੀ ਕਾਬਲੀਅਤ ਹੈ, ਪਰ ਮੈਂ ਨਹੀਂ ਸੋਚਿਆ ਸੀ ਕਿ ਇਹ ਮੇਰੇ 90ਵੇਂ ਦਹਾਕੇ ਵਿੱਚ ਹੋਵੇਗਾ।"

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪੋਤੇ ਨੇ 2020 ਵਿੱਚ ਵੀਡੀਓਜ਼ ਪੋਸਟ ਕਰਨ ਵਿੱਚ ਮਦਦ ਕਰਨੀ ਸ਼ੁਰੂ ਕੀਤੀ ਸੀ, ਸ਼ੁਰੂ ਵਿੱਚ ਅਜਿਹਾ ਉਹ ਬੋਰੀਅਤ ਦੂਰ ਕਰਨ ਲਈ ਕਰਦਾ ਸੀ।

ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਪ੍ਰਸਿੱਧੀ ਦਾ ਕਾਰਨ ਇਹ ਦਿਖਾਉਣਾ ਹੈ ਕਿ ਉਮਰ ਵਧਣ ਨਾਲ ਜ਼ਿੰਦਗੀ ਰੁਕਦੀ ਨਹੀਂ ਹੈ।

"ਉਹ ਸੋਚਦੇ ਹਨ ਕਿ ਬਜ਼ੁਰਗ ਲੋਕ ਸਿਰਫ਼ ਬੈਠ ਕੇ ਕੰਧ ਵੱਲ ਦੇਖਦੇ ਰਹਿੰਦੇ ਹਨ, ਪਰ ਮੈਂ ਦਿਖਾ ਰਹੀ ਹਾਂ ਕਿ ਬੁੱਢੇ ਹੋਣਾ ਇੰਨਾ ਵੀ ਮਾੜਾ ਨਹੀਂ ਹੈ। ਅਸੀਂ ਇਸ ਨੂੰ ਅਪਣਾਉਂਦੇ ਹਾਂ, ਅਜੇ ਵੀ ਮੌਜ-ਮਸਤੀ ਕਰ ਸਕਦੇ ਹਾਂ ਅਤੇ ਮੈਂ ਅਜੇ ਵੀ ਪਾਰਟੀਆਂ ਕਰਦੀ ਹਾਂ ਅਤੇ ਕਦੇ-ਕਦੇ ਬਾਹਰ ਵੀ ਜਾਂਦੀ ਹਾਂ।"

ਉਨ੍ਹਾਂ ਦਾ ਪੋਤਾ ਉਨ੍ਹਾਂ ਦੀ ਸਪਾਂਸਰ ਕੀਤੀ ਸਮੱਗਰੀ ਨੂੰ ਐਡਿਟ ਕਰਦਾ ਹੈ, ਜਿਸ ਵਿੱਚ ਖਾਣ-ਪੀਣ ਅਤੇ ਸੁੰਦਰਤਾ ਨਾਲ ਸਬੰਧਤ ਬ੍ਰਾਂਡਾਂ ਨਾਲ ਭਾਈਵਾਲੀਆਂ ਸ਼ਾਮਲ ਹਨ।

ਨਰਸਿੰਗ ਹੋਮ ਦੀ ਫੀਸ ਭਰਨ ਤੋਂ ਇਲਾਵਾ, ਇਹ ਪੈਸਾ ਉਸ ਦੇ ਪੜਪੋਤੇ-ਪੜਪੋਤੀਆਂ ਦੀ ਕਾਲਜ ਦੀ ਪੜ੍ਹਾਈ ਲਈ ਬਣਾਏ ਫੰਡ ਵਿੱਚ ਵੀ ਜਾਂਦਾ ਹੈ।

ਹਾਲਾਂਕਿ ਜਨਤਕ ਥਾਵਾਂ 'ਤੇ ਪ੍ਰਸ਼ੰਸਕ ਉਨ੍ਹਾਂ ਨੂੰ ਪਛਾਣ ਲੈਂਦੇ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਰਿਟਾਇਰਮੈਂਟ ਹੋਮ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਦਾ ਅਹਿਸਾਸ ਵੱਖਰਾ ਹੈ।

"ਉਹ ਇਸ ਨੂੰ ਨਹੀਂ ਸਮਝਦੇ, ਕਿਉਂਕਿ ਉਹ ਟਿਕਟੌਕ 'ਤੇ ਨਹੀਂ ਜਾਂਦੇ।"

'ਮੈਂ ਬ੍ਰਾਂਡਾਂ ਨਾਲ ਭਾਈਵਾਲੀ ਕਰਨ ਦੇ ਮਾਮਲੇ ਵਿੱਚ ਬਹੁਤ ਚੋਣਵੀਂ ਹਾਂ'

ਨੌਨਾ ਗ੍ਰੇਸੀ
ਤਸਵੀਰ ਕੈਪਸ਼ਨ, ਨੌਨਾ ਗ੍ਰੇਸੀ ਨੂੰ "ਇੰਟਰਨੈੱਟ ਦੀ ਇਤਾਲਵੀ ਦਾਦੀ" ਦਾ ਖ਼ਿਤਾਬ ਦਿੱਤਾ ਗਿਆ ਹੈ

ਅਟਲਾਂਟਿਕ ਮਹਾਸਾਗਰ ਦੇ ਦੂਜੇ ਪਾਸੇ, ਕਾਰਡਿਫ ਦੇ 82 ਸਾਲਾ ਵਿਵ ਟਰੂਰਨ ਵੀ ਹਨ, ਜੋ ਉਨ੍ਹਾਂ ਵਾਂਗ ਹੀ ਹੱਸਮੁੱਖ ਅਤੇ ਸ਼ਰਾਰਤੀ ਸੁਭਾਅ ਦੇ ਹਨ।

ਉਨ੍ਹਾਂ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਇੰਸਟਾਗ੍ਰਾਮ 'ਤੇ ਵੀਡੀਓਜ਼ ਪੋਸਟ ਕਰਨੀਆਂ ਸ਼ੁਰੂ ਕੀਤੀਆਂ। ਉਨ੍ਹਾਂ ਦੀ ਗੁਆਂਢਣ ਨੇ ਉਨ੍ਹਾਂ ਨੂੰ ਆਪਣੇ ਰੰਗ-ਬਿਰੰਗੇ ਪਹਿਰਾਵਿਆਂ ਦੀਆਂ ਵੀਡੀਓਜ਼ ਬਣਾਉਣ ਦਾ ਸੁਝਾਅ ਦਿੱਤਾ ਸੀ।

ਹੁਣ ਉਹ ਆਪਣੇ ਬੈੱਡਰੂਮ ਨੂੰ ਸਟੂਡੀਓ ਵਿੱਚ ਬਦਲ ਕੇ ਹਰ ਰੋਜ਼ ਦੋ ਵੀਡੀਓਜ਼ ਬਣਾਉਂਦੀ ਹੈ, ਜਿਨ੍ਹਾਂ ਵਿੱਚ ਉਹ ਆਪਣੇ ਕੱਪੜੇ, ਐਨਕਾਂ ਦੇ 22 ਜੋੜੇ ਅਤੇ ਸਕਾਰਫ਼ਾਂ ਨਾਲ ਭਰੇ ਦੋ ਦਰਾਜ਼ ਦਿਖਾਉਂਦੇ ਹਨ।

ਉਹ ਕਹਿੰਦੇ ਹਨ, "ਮੈਂ ਸਵੇਰੇ ਉੱਠਦੀ ਹਾਂ ਅਤੇ ਆਪਣੀ ਸਵੇਰ ਦੀ ਵੀਡੀਓ ਬਣਾਉਣ ਤੱਕ ਕਦੇ ਵੀ ਹੇਠਾਂ ਨਹੀਂ ਆਉਂਦੀ। ਮੈਂ ਇਸ ਮਾਮਲੇ ਵਿੱਚ ਬਹੁਤ ਸਖ਼ਤ ਹਾਂ।"

ਉਹ ਆਪਣੇ ਫਾਲੋਅਰਜ਼ ਅਤੇ ਵੀਡੀਓਜ਼ ਦੇ ਵਿਊਜ਼ ਦਾ ਰਿਕਾਰਡ ਰੱਖਣ ਲਈ ਇੱਕ ਨੋਟਬੁੱਕ ਵੀ ਰੱਖਦੇ ਹਨ ਅਤੇ ਹੁਣ ਉਹ ਆਪਣੀ ਪੰਜਵੀਂ ਨੋਟਬੁੱਕ ਵਰਤ ਰਹੇ ਹਨ।

ਟਰੂਰਨ ਨੂੰ ਅਕਸਰ ਅਜਨਬੀ ਲੋਕ ਰੋਕ ਲੈਂਦੇ ਹਨ। ਉਨ੍ਹਾਂ ਵਿੱਚੋਂ ਕਈ 20 ਅਤੇ 30 ਸਾਲ ਦੀਆਂ ਔਰਤਾਂ ਹੁੰਦੀਆਂ ਹਨ, ਜੋ ਉਨ੍ਹਾਂ ਨੂੰ ਦੱਸਦੀਆਂ ਹਨ ਕਿ ਉਹ "ਬੁੱਢੇ ਹੋਣ ਤੋਂ ਡਰਦੀਆਂ ਹਨ" ਅਤੇ ਉਹ ਉਨ੍ਹਾਂ ਨੂੰ ਦਿਖਾਉਂਦੀ ਹੈ ਕਿ "ਇਹ ਇੰਨਾ ਵੀ ਮਾੜਾ ਨਹੀਂ ਹੈ।"

ਬ੍ਰਾਂਡਾਂ ਦਾ ਧਿਆਨ ਵੀ ਉਸ ਵੱਲ ਗਿਆ ਹੈ। ਟਰੂਰਨ ਦਾ ਕਹਿਣਾ ਹੈ ਕਿ ਬ੍ਰਾਂਡਾਂ ਨਾਲ ਭਾਈਵਾਲੀ ਨਾ ਕਰਨਾ "ਮੂਰਖਤਾ" ਹੋਵੇਗੀ, ਪਰ ਉਹ ਇਸ ਮਾਮਲੇ ਵਿੱਚ ਬਹੁਤ ਨਾਲ ਚੋਣ ਕਰਦੇ ਹਨ।

ਉਹ ਹਰ ਮਹੀਨੇ ਦੋ ਸਪਾਂਸਰਡ ਪੋਸਟਾਂ ਕਰਦੇ ਹਨ ਅਤੇ ਸਥਾਨਕ ਬ੍ਰਾਂਡਾਂ ਤੇ ਏਜ ਯੂਕੇ ਵਰਗੀਆਂ ਚੈਰਿਟੀਆਂ ਨੂੰ ਤਰਜੀਹ ਦਿੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਇਨੋਸੈਂਟ ਡ੍ਰਿੰਕਸ ਨਾਲ ਭਾਈਵਾਲੀ ਵਿੱਚ ਏਜ ਯੂਕੇ ਦੀ ਇੱਕ ਮੁਹਿੰਮ ਲਈ ਕੰਮ ਕੀਤਾ, ਜਿਸ ਲਈ ਉਨ੍ਹਾਂ ਨੂੰ ਕਈ ਹਜ਼ਾਰ ਪੌਂਡ ਮਿਲੇ।

ਉਹ ਕਹਿੰਦੇ ਹਨ, "ਮੈਂ ਕੁਝ ਵੱਡੇ ਸੌਦੇ ਠੁਕਰਾ ਦਿੱਤੇ ਹਨ, ਕਿਉਂਕਿ ਉਹ ਮੇਰੀ ਪਸੰਦ ਦੇ ਨਹੀਂ ਸਨ। ਮੈਂ ਇਸ ਬਾਰੇ ਬਹੁਤ ਧਿਆਨ ਨਾਲ ਚੋਣ ਕਰਦੀ ਹਾਂ ਕਿ ਮੈਂ ਕਿਸ ਨਾਲ ਕੰਮ ਕਰਦੀ ਹਾਂ। ਮੈਨੂੰ ਉਸ ਬ੍ਰਾਂਡ ਨੂੰ ਸੱਚਮੁੱਚ ਪਸੰਦ ਕਰਨਾ ਪੈਂਦਾ ਹੈ।"

ਵੀਡੀਓ ਕੈਪਸ਼ਨ, 'ਵਾਇਰਲ ਦਾਦੀ' ਜੋ ਕਾਰ ਤੋਂ ਲੈ ਕੇ ਜੇਸੀਬੀ ਤੱਕ ਸ਼ੌਂਕ ਨਾਲ ਚਲਾਉਂਦੇ

'ਜਦੋਂ ਦੁਨੀਆ ਭਰ ਤੋਂ ਲੋਕ ਮੈਨੂੰ ਸੁਨੇਹੇ ਭੇਜਦੇ ਹਨ ਤਾਂ ਮੇਰੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ'

ਕਇਨਫਲੂਐਂਸਰ ਮਾਰਕੀਟਿੰਗ ਏਜੰਸੀ ਵੀ ਆਰ ਸੋਸ਼ਲ ਦੀ ਨਾਓਮੀ ਬਾਰਕਰ ਦਾ ਕਹਿਣਾ ਹੈ ਕਿ ਬਜ਼ੁਰਗ ਕੰਟੈਂਟ ਕ੍ਰੀਏਟਰ ਬ੍ਰਾਂਡਾਂ ਲਈ ਆਕਰਸ਼ਕ ਹੁੰਦੇ ਹਨ, ਕਿਉਂਕਿ ਉਨ੍ਹਾਂ ਦੇ ਦਰਸ਼ਕਾਂ ਦੇ ਭਾਈਚਾਰੇ ਅਕਸਰ "ਬਹੁਤ ਮਜ਼ਬੂਤੀ ਨਾਲ ਸਥਾਪਿਤ ਅਤੇ ਬੇਹੱਦ ਵਫ਼ਾਦਾਰ" ਹੁੰਦੇ ਹਨ ਅਤੇ ਉਨ੍ਹਾਂ ਕੋਲ ਖ਼ਰੀਦਦਾਰੀ ਕਰਨ ਦੀ ਵਧੇਰੇ ਸਮਰੱਥਾ ਹੁੰਦੀ ਹੈ, ਜਿਸ ਦੀ ਬਾਜ਼ਾਰ ਵਿੱਚ "ਬਹੁਤ ਵੱਡੀ ਕੀਮਤ" ਹੈ।

83 ਸਾਲਾ ਗ੍ਰੇਸ ਗੇਰਾਮੀਟਾ ਦੇ ਲੱਖਾਂ ਫਾਲੋਅਰਜ਼ ਹਨ, ਜੋ ਉਨ੍ਹਾਂ ਵੱਲੋਂ ਦਹਾਕਿਆਂ ਤੋਂ ਬਣਾਈਆਂ ਜਾ ਰਹੀਆਂ ਪਕਵਾਨਾਂ ਦੀਆਂ ਵਿਧੀਆਂ ਦੇਖਦੇ ਹਨ।

ਨੋਨਾ ਗ੍ਰੇਸੀ ਦੇ ਨਾਂ ਨਾਲ ਜਾਣੇ ਜਾਂਦੇ ਗੇਰਾਮੀਟਾ 18 ਸਾਲ ਦੀ ਉਮਰ ਵਿੱਚ ਇਟਲੀ ਤੋਂ ਅਮਰੀਕਾ ਆ ਗਏ ਸਨ ਅਤੇ ਆਪਣੀਆਂ ਦੋ ਧੀਆਂ ਦੇ ਪਾਲਣ ਪੋਸ਼ਣ ਲਈ ਇੱਕੋ ਸਮੇਂ ਕਈ ਨੌਕਰੀਆਂ ਕਰਦੇ ਸਨ। ਹੁਣ ਉਹ ਆਪਣੀਆਂ ਪਿਛਲੀਆਂ ਨੌਕਰੀਆਂ ਨਾਲੋਂ ਵੱਧ ਕਮਾਈ ਕਰ ਰਹੇ ਹਨ।

ਉਨ੍ਹਾਂ ਦੇ ਪੋਤੇ ਮੈਥਿਊ ਨੇ ਛੇ ਸਾਲ ਪਹਿਲਾਂ ਉਨ੍ਹਾਂ ਨੂੰ ਖਾਣਾ ਬਣਾਉਂਦੇ ਹੋਏ ਵੀਡੀਓਜ਼ ਬਣਾਉਣ ਦਾ ਸੁਝਾਅ ਦਿੱਤਾ ਸੀ, ਪਰ ਗੇਰਾਮੀਟਾ ਇਸ ਲਈ ਉਤਸ਼ਾਹਿਤ ਨਹੀਂ ਸਨ, ਕਿਉਂਕਿ ਉਹ ਸੋਸ਼ਲ ਮੀਡੀਆ ਬਾਰੇ ਕੁਝ ਨਹੀਂ ਜਾਣਦੇ ਸਨ ਅਤੇ "ਬਹੁਤ ਚੰਗੀ ਅੰਗਰੇਜ਼ੀ ਨਹੀਂ ਬੋਲਦੇ" ਸੀ।

ਪਰ ਉਨ੍ਹਾਂ ਦੀਆਂ ਵੀਡੀਓਜ਼ ਬਹੁਤ ਮਸ਼ਹੂਰ ਹੋ ਗਈਆਂ।

ਉਹ ਕਹਿੰਦੇ ਹਨ, "ਜਦੋਂ ਦੁਨੀਆ ਭਰ ਤੋਂ ਲੋਕ ਮੈਨੂੰ ਸੁਨੇਹੇ ਭੇਜਦੇ ਹਨ ਤਾਂ ਮੇਰੀਆਂ ਅੱਖਾਂ ਵਿੱਚ ਹਮੇਸ਼ਾ ਹੰਝੂ ਆ ਜਾਂਦੇ ਹਨ।"

ਉਨ੍ਹਾਂ ਦੀਆਂ ਜ਼ਿਆਦਾਤਰ ਵੀਡੀਓਜ਼ ਸਿਰਫ਼ ਖਾਣੇ ਬਾਰੇ ਹੀ ਨਹੀਂ ਹੁੰਦੀਆਂ। ਉਹ ਕਹਿੰਦੇ ਹਨ ਕਿ ਉਹ "ਪਰਿਵਾਰ ਨੂੰ ਮੇਜ਼ ਦੇ ਆਲੇ-ਦੁਆਲੇ ਇਕੱਠੇ ਬੈਠਣ ਦੀ ਰਵਾਇਤ" ਨੂੰ ਅੱਗੇ ਵਧਾਉਣਾ ਚਾਹੁੰਦੇ ਹਨ।

ਫਾਲੋਅਰਜ਼ ਲਈ 'ਵਰਚੁਅਲ ਦਾਦੀ'

ਬਾਰਬਰਾ ਕੋਸਟੈਲੋ
ਤਸਵੀਰ ਕੈਪਸ਼ਨ, ਬਾਰਬਰਾ ਕੋਸਟੈਲੋ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਅਜਿਹੀ ਮਾਂ ਜਾਂ ਦਾਦੀ ਵਜੋਂ ਦੇਖਦੇ ਹਨ, ਜੋ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਦੇ ਨਹੀਂ ਸੀ

ਵੀ ਆਰ ਸੋਸ਼ਲ ਦੀ ਬਾਰਕਰ ਦਾ ਕਹਿਣਾ ਹੈ ਕਿ ਇਹ ਵੀ ਟਿਕਟੌਕ 'ਤੇ ਦਾਦੀਆਂ ਦੀ ਪ੍ਰਸਿੱਧੀ ਦਾ ਇੱਕ ਕਾਰਨ ਹਨ ਕਿਉਂਕਿ ਉਹ "ਅਨਿਸ਼ਚਿਤਤਾ ਭਰੀ ਦੁਨੀਆ ਵਿੱਚ ਸਕੂਨ ਦਿੰਦੀਆਂ ਹਨ।"

ਉਹ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਸਾਫ਼-ਸੁਥਰੀਆਂ ਅਤੇ ਪਰਿਵਾਰਕ ਕਦਰਾਂ-ਕੀਮਤਾਂ ਵਾਲੀਆਂ ਵੀਡੀਓਜ਼ ਫਾਲੋਅਰਜ਼ ਲਈ "ਵਰਚੁਅਲ ਦਾਦੀ" ਦੀ ਭੂਮਿਕਾ ਵੀ ਨਿਭਾ ਸਕਦੀਆਂ ਹਨ।

ਬਾਰਬਰਾ ਕੋਸਟੈਲੋ ਦੇ ਮਾਮਲੇ ਵਿੱਚ ਇਹ ਗੱਲ ਬਿਲਕੁਲ ਸਹੀ ਸਾਬਤ ਹੁੰਦੀ ਹੈ। 77 ਸਾਲਾ ਸਾਬਕਾ ਅਧਿਆਪਿਕਾ ਹੁਣ ਆਪਣੇ 'ਬ੍ਰੰਚ ਵਿਦ ਬੈਬਜ਼' ਅਕਾਊਂਟਾਂ 'ਤੇ ਖਾਣਾ ਬਣਾਉਣ, ਸਫ਼ਾਈ ਕਰਨ ਅਤੇ ਘਰ ਸੰਭਾਲਣ ਦੇ ਤਰੀਕਿਆਂ ਬਾਰੇ ਵੀਡੀਓਜ਼ ਸਾਂਝੀਆਂ ਕਦੇ ਹਨ।

ਉਸ ਦੇ ਫਾਲੋਅਰਜ਼ ਉਸ ਨੂੰ ਆਪਣੀਆਂ ਮਾਵਾਂ ਅਤੇ ਦਾਦੀਆਂ ਦੀ ਯਾਦ ਦਿਵਾਉਣ ਵਾਲੀ ਦੱਸਦੇ ਹਨ। ਕੁਝ ਲੋਕ ਤਾਂ ਉਨ੍ਹਾਂ ਨੂੰ "ਉਹ ਮਾਂ ਜੋ ਮੇਰੇ ਕੋਲ ਕਦੇ ਨਹੀਂ ਸੀ" ਵੀ ਕਹਿੰਦੇ ਹਨ।

ਉਹ ਕਹਿੰਦੇ ਹਨ, "ਹਾਲ ਹੀ ਵਿੱਚ ਇੱਕ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਇੱਕ ਰੈਸਟੋਰੈਂਟ ਵਿੱਚ ਮੇਰੇ ਕੋਲ ਆ ਕੇ ਦੱਸਿਆ ਕਿ ਮੇਰੀ ਕੁੱਕਬੁੱਕ ਨੇ ਸੁਤੰਤਰ ਤੌਰ 'ਤੇ ਰਹਿਣ ਦੇ ਉਸ ਦੇ ਪਹਿਲੇ ਸਾਲ ਦੌਰਾਨ ਉਸ ਦੀ ਬਹੁਤ ਮਦਦ ਕੀਤੀ ਸੀ। ਇਹ ਜਾਣ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ।"

ਕੋਸਟੈਲੋ ਬ੍ਰਾਂਡਾਂ ਨਾਲ ਵੀ ਕੰਮ ਕਰਦੇ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਧਿਆਨ ਨਾਲ ਸੋਚਣਾ ਪੈਂਦਾ ਹੈ ਕਿ ਕੀ ਉਹ ਕਿਸੇ ਚੀਜ਼ ਨਾਲ ਆਪਣਾ ਨਾਂ ਜੋੜਨਾ ਚਾਹੁੰਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਕੰਟੈਂਟ ਕ੍ਰੀਏਟਰ ਹੋਣ ਦਾ ਸਭ ਤੋਂ ਵਧੀਆ ਹਿੱਸਾ ਆਪਣੀਆਂ ਕਿਤਾਬਾਂ 'ਤੇ ਦਸਤਖ਼ਤ ਕਰਨ ਵਾਲੇ ਸਮਾਗਮਾਂ ਵਿੱਚ ਆਪਣੇ ਸਾਬਕਾ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਪਣੇ ਬੱਚਿਆਂ ਨਾਲ ਮਿਲਣਾ ਹੈ।

ਉਹ ਕਹਿੰਦੇ ਹਨ, "ਇਹ ਇੱਕ ਅਜਿਹਾ ਪਲ ਹੈ ਜਦੋਂ ਜ਼ਿੰਦਗੀ ਦਾ ਚੱਕਰ ਪੂਰਾ ਹੁੰਦਾ ਮਹਿਸੂਸ ਹੁੰਦਾ ਹੈ। ਮੈਨੂੰ ਸੱਚਮੁੱਚ ਯਕੀਨ ਨਹੀਂ ਹੁੰਦਾ ਕਿ ਇਹ ਮੇਰੀ ਜ਼ਿੰਦਗੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)