You’re viewing a text-only version of this website that uses less data. View the main version of the website including all images and videos.
ਪੱਛਮੀ ਬੰਗਾਲ ਚੋਣ ਨਤੀਜਿਆਂ ਦਾ ਪੰਜਾਬ 'ਤੇ ਕੀ ਪਵੇਗਾ ਅਸਰ, ਕੀ ਭਾਜਪਾ ਪੰਜਾਬ 'ਚ ਬਾਕੀ ਪਾਰਟੀਆਂ ਲਈ ਬਣੇਗੀ ਵੱਡੀ ਚੁਣੌਤੀ
- ਲੇਖਕ, ਰਾਹੁਲ ਕਾਲਾ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 7 ਮਿੰਟ
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਨੂੰ ਦੇਖਦਿਆਂ ਹੁਣ ਪੰਜਾਬ ਭਾਜਪਾ ਵੀ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ। ਪੰਜਾਬ ਭਾਜਪਾ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ ਇੱਕ ਨਵਾਂ ਨਾਅਰਾ ਸਾਂਝਾ ਕਰਦਿਆਂ ਸੂਬੇ ਦੀ ਸਿਆਸਤ ਵਿੱਚ ਹਲਚਲ ਤੇਜ਼ ਕਰ ਦਿੱਤੀ ਹੈ।
'ਬੰਗਾਲ ਤੋਂ ਬਾਅਦ ਪੰਜਾਬ ਦੀ ਵਾਰੀ, ਭਾਜਪਾ ਦੀ ਹੈ ਪੂਰੀ ਤਿਆਰੀ' ਇਸ ਨਾਅਰੇ ਨਾਲ ਭਾਜਪਾ ਨੇ ਪੰਜਾਬ 'ਚ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਹਾਸਲ ਕਰ ਕੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ।
ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਨਤੀਜਿਆਂ ਬਾਰੇ ਬੋਲਦਿਆਂ ਕਿਹਾ ਕਿ 'ਪੰਜਾਬ ਵਿੱਚ ਬਦਲਾਅ ਤਾਂ ਪਹਿਲਾਂ ਹੀ ਹੋਇਆ ਹੈ। ਭਾਜਪਾ ਸੋਚੇ ਨਾ ਕਿ ਅਸੀਂ ਪੰਜਾਬ ਵਿੱਚ ਵੋਟਾਂ ਇੰਝ ਕਰ ਲਵਾਂਗੇ ਜਾਂ ਉਂਝ ਕਰ ਲਵਾਂਗੇ।'
4 ਮਈ ਨੂੰ ਦੇਸ਼ ਦੇ ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ। ਇਨ੍ਹਾਂ ਵਿੱਚੋਂ ਪੱਛਮੀ ਬੰਗਲਾ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਾਰਿਆ ਦਾ ਧਿਆਨ ਆਪਣੇ ਵੱਲ ਖਿੱਚਿਆ। ਪੱਛਮੀ ਬੰਗਾਲ ਵਿੱਚ ਪਿਛਲੇ 15 ਸਾਲਾ ਤੋਂ ਤ੍ਰਿਣਮੂਲ ਕਾਂਗਰਸ ਸੱਤਾ ਵਿੱਚ ਸੀ ਅਤੇ ਹੁਣ ਭਾਜਪਾ ਨੇ ਮਮਤਾ ਬੈਨਰਜੀ ਦਾ ਕਿਲ੍ਹਾ ਢਾਹ ਦਿੱਤਾ ਹੈ।
ਪੱਛਮੀ ਬੰਗਾਲ 'ਚ ਵਿਧਾਨ ਸਭਾ ਦੀਆਂ 294 ਸੀਟਾਂ ਹਨ ਬਹੁਮਤ ਲਈ 148 ਚਾਹੀਦੀਆਂ ਹਨ। ਹਲਾਂਕਿ ਚੋਣ ਨਤੀਜੇ 293 ਸੀਟਾਂ ਦੇ ਜਾਰੀ ਹੋਏ ਹਨ ਇੱਕ ਸੀਟ 'ਤੇ ਚੋਣ ਕਮਿਸ਼ਨ ਨੇ ਮੁੜ ਤੋਂ ਵੋਟਿੰਗ ਕਰਨ ਦੇ ਹੁਕਮ ਜਾਰੀ ਕੀਤੇ ਸਨ।
ਇਸ ਵਾਰ ਭਾਜਪਾ ਨੇ ਪੱਛਮੀ ਬੰਗਾਲ 'ਚ 206 ਸੀਟਾਂ 'ਤੇ ਮਜ਼ਬੂਤੀ ਦਿਖਾਈ, ਜਦੋਂ ਕਿ ਸੱਤਾਧਿਰ ਪਾਰਟੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) 81 ਸੀਟਾਂ 'ਤੇ ਹੀ ਸਿਮਟ ਗਈ। ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਨਾਲੋਂ ਕਾਫ਼ੀ ਘੱਟ ਹੈ। ਹਲਾਂਕਿ ਕਾਂਗਰਸ ਨੇ ਇੱਥੇ ਆਪਣਾ ਖਾਤਾ ਜ਼ਰੂਰ ਖੋਲ੍ਹਿਆ ਹੈ। ਕਾਂਗਰਸ ਨੇ ਦੋ ਸੀਟ 'ਤੇ ਆਪਣੀ ਪਕੜ ਬਣਾਈ ਰੱਖੀ।
ਪੱਛਮੀ ਬੰਗਾਲ ਵਿੱਚ ਭਾਜਪਾ ਦੀ ਜਿੱਤ ਦੇ ਸਿਆਸੀ ਮਾਈਨੇ ਕੀ ਹਨ? ਇਸ ਜਿੱਤ ਦਾ ਪੰਜਾਬ 'ਤੇ ਕੀ ਅਸਰ ਪਵੇਗਾ ਕਿਉਂਕਿ ਅਗਲੇ ਸਾਲ 2027 ਵਿੱਚ ਪੰਜਾਬ ਤੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵੀ ਹੋਣ ਜਾ ਰਹੀਆਂ ਹਨ।
ਦੂਜੇ ਪਾਸੇ ਪੰਜਾਬ ਵਿੱਚ ਭਾਜਪਾ ਦੀ ਸਥਿਤੀ ਕੀ ਹੈ? ਜਿਹੜੇ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰ ਭਾਜਪਾ 'ਚ ਚਲੇ ਗਏ ਹਨ ਜਾਂ ਜਿਹੜੇ ਹੋਰਾਂ ਪਾਰਟੀਆਂ ਦੇ ਲੀਡਰ ਭਾਜਪਾ ਵਿੱਚ ਸ਼ਾਮਲ ਹੋਏ ਜਾਂ ਹੋਣਗੇ ਕੀ ਉਹ ਪਾਰਟੀ ਭਾਜਪਾ ਨੂੰ ਪੰਜਾਬ ਵਿੱਚ ਇੱਕ ਮਜ਼ਬੂਤ ਸਿਆਸੀ ਬਦਲ ਵਜੋਂ ਸਥਾਪਿਤ ਕਰ ਸਕਣਗੇ ਜਾਂ ਫਿਰ ਇਹ ਸਿਰਫ਼ ਜੋੜ ਤੋੜ ਦੀ ਸਿਆਸਤ ਤੱਕ ਹੀ ਸੀਮਤ ਰਹੇਗਾ? ਇਸ ਸਾਰੇ ਸਿਆਸੀ ਮਾਹਰ ਕੀ ਕਹਿੰਦੇ ਹਨ ਆਓ ਜਾਣਦੇ ਹਾਂ...
ਜਿੱਤ ਦਾ ਪੰਜਾਬ 'ਤੇ ਕੀ ਅਸਰ
ਸਿਆਸੀ ਮਾਹਰ ਪ੍ਰੋਫੈਸਰ ਮੁਹੰਮਦ ਖ਼ਾਲਿਦ ਨੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੱਛਮੀ ਬੰਗਾਲ ਜਿੱਤਣਾ ਭਾਜਪਾ ਲਈ ਸਭ ਤੋਂ ਵੱਡੀ ਜਿੱਤ ਹੈ।
ਉਨ੍ਹਾਂ ਨੇ ਕਿਹਾ, "ਇਸ ਦਾ ਅਸਰ ਪੰਜਾਬ ਸਮੇਤ ਪੂਰੇ ਭਾਰਤ 'ਤੇ ਪਵੇਗਾ। ਇਸ ਜਿੱਤ ਨੇ ਅੱਜ ਪੰਜਾਬ ਵਿੱਚ ਹਰ ਵਰਗ ਨੂੰ ਚਰਚਾ ਕਰਨ ਲਗਾ ਦਿੱਤਾ ਹੈ ਕਿਉਂਕਿ ਅਜਿਹੀ ਜਿੱਤ ਦਾ ਅਸਰ ਲੋਕਾਂ 'ਤੇ ਮਨੋਵਿਗਿਆਨਕ ਤੌਰ 'ਤੇ ਤਾਂ ਪੈਦਾਂ ਹੀ ਹੈ। ਅਗਲੀਆਂ ਚੋਣਾਂ ਪੰਜਾਬ ਵਿੱਚ ਆ ਰਹੀਆਂ ਹਨ ਤਾਂ ਭਾਜਪਾ ਦੇ ਲੀਡਰਾਂ ਕੋਲ ਦਿਖਾਉਣ ਨੂੰ ਹੈ ਕਿ ਅਸੀਂ ਐਨੀ ਵੱਡੀ ਜਿੱਤ ਹਾਸਲ ਕਰਕੇ ਆਏ ਹਾਂ।"
ਪ੍ਰੋਫੈਸਰ ਖਾਲਿਦ ਨੇ ਕਿਹਾ ਕਿ ਕੇਂਦਰ ਦੀ ਵੱਖਰੀ ਸਿਆਸਤ ਹੁੰਦੀ ਹੈ ਅਤੇ ਸੂਬਿਆਂ ਦੀ ਵੱਖਰੀ ਸਿਆਸਤ ਹੁੰਦੀ ਹੈ।
"ਪੰਜਾਬ 'ਚ ਖੇਤਰੀ ਤੋਂ ਲੈ ਕੇ ਨੈਸ਼ਨਲ ਪਾਰਟੀਆਂ ਵੀ ਹਨ। ਇੱਥੇ ਕਾਂਗਰਸ ਦਾ ਬੇਸ ਮਜ਼ਬੂਤ ਹੈ ਜੇਕਰ ਪੰਜਾਬ ਵਿੱਚ ਕਾਂਗਰਸ ਹੇਠਾਂ ਜਾਂਦੀ ਹੈ ਤਾਂ ਇਸ ਦਾ ਫਾਇਦਾ ਭਾਜਪਾ ਨੂੰ ਹੋਵੇਗਾ। ਇਸ ਤੋਂ ਇਲਾਵਾ ਬਾਕੀ ਪਾਰਟੀਆਂ 'ਚੋਂ ਵੀ ਜਿਨ੍ਹਾਂ ਦੀਆਂ ਵੋਟਾਂ ਘਟਣਗੀਆਂ ਉਹ ਭਾਜਪਾ ਨਾਲ ਆਉਣਗੀਆਂ।"
ਸਿਆਸੀ ਮਾਹਰ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਕਹਿੰਦੇ ਹਨ ਕਿ ਜੇ ਪੱਛਮੀ ਬੰਗਾਲ ਨਾ ਵੀ ਜਿੱਤਦੀ ਤਾਂ ਵੀ ਭਾਜਪਾ ਦੀ ਸਥਿਤੀ ਪੰਜਾਬ ਵਿੱਚ ਮਜ਼ਬੂਤ ਹੀ ਹੈ।
ਉਨ੍ਹਾਂ ਨੇ ਕਿਹਾ, "ਭਾਜਪਾ ਦਾ ਫੋਕਸ ਉਮੀਦਵਾਰੀ ਲਈ ਚੇਹਰੇ ਲੱਭਣਾ ਨਹੀਂ ਹੈ ਭਾਜਪਾ ਪੰਜਾਬ ਦੇ ਵੋਟਰਾਂ ਦਾ ਵੋਟ ਕਿਵੇਂ ਹਾਸਲ ਕਰੇ ਇਸ 'ਤੇ ਫੋਕਸ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਪੱਛਮੀ ਬੰਗਾਲ ਦੀਆਂ ਚੋਣਾਂ ਜਿੱਤ ਕੇ 'ਚੜ੍ਹਦੀ ਕਲਾ' 'ਚ ਹੈ ਇਸੇ ਲਈ ਉਨ੍ਹਾਂ ਦੇ ਲੀਡਰ ਤੇ ਵਰਕਰ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੇ ਹਨ।"
ਜਗਰੂਪ ਸਿੰਘ ਨੇ ਕਿਹਾ ਕਿ ਇਹ ਭਾਜਪਾ ਦੀ ਜਿੱਤ ਨਹੀਂ ਸਮਝ ਸਕਦੇ ਇਸ ਨੂੰ ਬਾਕੀ ਪਾਰਟੀਆਂ ਦੀਆਂ ਗ਼ਲਤ ਨੀਤੀਆਂ ਕਰਕੇ ਮਿਲੀ ਜਿੱਤ ਕਹਿ ਸਕਦੇ ਹਾਂ। ਜਿਵੇਂ ਪੱਛਮੀ ਬੰਗਾਲ ਵਿੱਚ ਮਮਤਾ ਦੀ ਸਰਕਾਰ 15 ਸਾਲਾਂ ਤੋਂ ਹੈ ਅਜਿਹੇ ਵਿੱਚ ਉਨ੍ਹਾਂ ਤੋਂ ਬਤੌਰ ਮੁੱਖ ਮੰਤਰੀ ਸਰਕਾਰ ਅੰਦਰ ਅਤੇ ਪਾਰਟੀ ਅੰਦਰ ਕੁਝ ਅਜਿਹੇ ਫੈਸਲੇ ਹੋਏ ਹੋਣਗੇ ਜਿਸ ਤੋਂ ਜਨਤਾ ਨਾਰਾਜ਼ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਇਸ 'ਤੇ ਕੋਈ ਸ਼ੱਕ ਨਹੀਂ ਕਿ ਭਾਜਪਾ ਪੰਜਾਬ 'ਚ ਮਜ਼ਬੂਤ ਹੋਈ ਹੈ, ਪਰ ਸਰਕਾਰ ਬਣਾਉਣਾ ਜ਼ਮੀਨੀ ਪੱਧਰ 'ਤੇ ਕੀ ਸਥਿਤੀ ਇਹ ਤੈਅ ਕਰਦਾ ਹੈ।
ਸਿਆਸੀ ਮਾਹਰ ਗੁਰਦਰਸ਼ਨ ਸਿੰਘ ਢਿੱਲੋਂ ਪੱਛਮੀ ਬੰਗਾਲ ਦੀ ਜਿੱਤ ਬਾਰੇ ਕਹਿੰਦੇ ਹਨ, "ਹਰੇਕ ਸੂੱਬੇ ਦੀ ਆਪਣੀ ਸਿਆਸਤ ਹੁੰਦੀ ਹੈ। ਪੱਛਮੀ ਬੰਗਾਲ ਅਤੇ ਪੰਜਾਬ ਦੀ ਰਾਜਨੀਤੀ, ਸੱਭਿਆਚਰ ਅਤੇ ਇੱਥੋਂ ਦੇ ਲੋਕਾਂ 'ਚ ਬਹੁਤ ਫਰਕ ਹੈ।"
ਉਨ੍ਹਾਂ ਨੇ ਕਿਹਾ ਕਿ ਪੱਛਮੀ ਬੰਗਾਲ 'ਚ ਭਾਜਪਾ ਦੀ ਜਿੱਤ ਦਾ ਜ਼ਿਆਦਾ ਅਸਰ ਪੰਜਾਬ 'ਤੇ ਨਹੀਂ ਪਵੇਗਾ। ਪੰਜਾਬੀਆਂ ਦੇ ਆਪਣੇ ਬਹੁਤ ਮੁੱਦੇ ਹਨ ਜਿਨ੍ਹਾਂ 'ਤੇ ਹਾਲੇ ਕੇਂਦਰੀ ਪੱਧਰ 'ਤੇ ਚਰਚਾ ਨਹੀਂ ਹੋਈ। ਇਸ ਲਈ ਪੰਜਾਬ ਅਤੇ ਪੱਛਮੀ ਬੰਗਾਲ ਦੀਆਂ ਚੋਣਾਂ ਨੂੰ ਆਪਸ 'ਚ ਜੋੜਨਾ ਠੀਕ ਵੀ ਨਹੀਂ ਹੈ।
ਭਾਜਪਾ 'ਚ ਲੀਡਰਾਂ ਦੀ ਸ਼ਮੂਲੀਅਤ
ਪ੍ਰੋਫੈਸਰ ਖਾਲਿਦ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਭਾਜਪਾ ਦੀ ਸਥਿਤੀ ਅਜਿਹੀ ਹੈ ਕਿ ਜੇਕਰ ਅਕਾਲੀ ਦਲ ਨਾਲ ਗਠਜੋੜ ਦੀ ਗੱਲਬਾਤ ਚੱਲੀ ਵੀ ਤਾਂ ਭਾਜਪਾ ਅੱਧੀਆਂ ਸੀਟਾਂ ਦੀ ਮੰਗ ਕਰੇਗੀ।
"ਪਹਿਲਾਂ ਵਾਂਗ ਨਹੀਂ ਕਿ ਅਕਾਲੀ ਦਲ ਨੂੰ ਜ਼ਿਆਦਾ ਤੇ ਆਪ ਘੱਟ ਸੀਟਾਂ 'ਤੇ ਸਹਿਮਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਭਾਵੇਂ ਭਾਜਪਾ ਤੋਂ 117 ਸੀਟਾਂ 'ਤੇ ਉਤਾਰਨ ਲਈ ਉਮੀਦਵਾਰ ਨਾ ਹੋਣ ਪਰ ਚੋਣਾਂ ਦੇ ਨੇੜੇ ਆ ਕੇ ਜੋੜ ਤੋੜ ਦੀ ਰਾਜਨੀਤੀ ਵੀ ਦੇਖਣ ਨੂੰ ਮਿਲ ਸਕਦੀ ਹੈ।"
ਦੂਜੇ ਪਾਸੇ ਸਿਆਸੀ ਮਾਹਰ ਜਗਰੂਪ ਸਿੰਘ ਸੇਖੋਂ ਨੇ ਕਿਹਾ, "ਇੱਸ ਜਿੱਤ ਨੇ ਭਾਜਪਾ ਨੂੰ ਹੋਰ ਮਜ਼ਬੂਤ ਕੀਤਾ ਹੈ। ਭਾਜਪਾ ਕੋਲ ਚਿਹਰਿਆ ਦੀ ਘਾਟ ਨਹੀਂ ਹੈ, ਸੁਨੀਲ ਜਾਖੜ ਅਤੇ ਉਨ੍ਹਾਂ ਦੇ ਸਮੇਂ 'ਤੇ ਜਿਹੜੇ ਲੀਡਰ ਭਾਜਪਾ 'ਚ ਗਏ ਹਨ ਉਹ ਪੰਜਾਬ ਦੀ ਸਿਆਸਤ 'ਚ ਵੱਡੇ ਨਾਮ ਹਨ, ਜਿਸ ਦਾ ਫਾਇਦਾ ਭਾਜਪਾ ਨੂੰ ਹੋ ਸਕਦਾ ਹੈ।"
ਸਿਆਸੀ ਮਾਹਰ ਗੁਰਦਰਸ਼ਨ ਸਿੰਘ ਢਿੱਲੋਂ ਕਹਿੰਦੇ ਹਨ ਕਿ ਇਸ ਵਿੱਚ ਕੋਈ ਦੋ ਰਾਇ ਨਹੀਂ ਹੈ, ਜਿਹੜਾ ਵੀ ਲੀਡਰ ਭਾਜਪਾ 'ਚ ਸ਼ਾਮਲ ਹੋਇਆ ਹੈ ਉਹ ਆਪਣਾ ਵੋਟ ਬੈਂਕ ਵੀ ਤਾਂ ਨਾਲ ਲੈ ਕੇ ਗਿਆ ਹੀ ਹੈ।
ਉਨ੍ਹਾਂ ਮੁਤਾਬਕ, "ਭਾਵੇਂ ਥੋੜ੍ਹੀਆਂ ਭਾਵੇਂ ਜ਼ਿਆਦਾ ਵੋਟਾਂ ਹੋਣ, ਜਦੋਂ ਕੋਈ ਛੋਟੇ ਤੋਂ ਛੋਟਾ ਲੀਡਰ ਪਾਰਟੀ ਬਦਲਦਾ ਹੈ ਤਾਂ ਘੱਟੋ ਘੱਟ ਆਪਣੇ ਘਰ ਦੀਆਂ ਵੋਟਾਂ ਤਾਂ ਲੈ ਕੇ ਜਾਂਦਾ ਹੀ ਹੈ। ਇਸੇ ਤਰ੍ਹਾਂ ਜਿਹੜੇ ਲੀਡਰ ਭਾਜਪਾ ਵਿੱਚ ਆ ਰਹੇ ਹਨ ਉਨ੍ਹਾਂ ਦਾ ਫਾਇਦਾ ਭਾਜਪਾ ਨੂੰ ਹੋਵੇਗਾ ਉਹਨਾਂ ਦੇ ਵੋਟ ਬੈਂਕ 'ਚ ਵਾਧਾ ਹੋ ਸਕਦਾ ਹੈ।"
ਪ੍ਰੋਫੈਸਰ ਮੁਹੰਮਦ ਖਾਲਿਦ ਕਹਿੰਦੇ ਹਨ ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀ ਦਲ ਨੂੰ ਨਵੀਂ ਰਣਨੀਤੀ ਬਣਾਉਣ ਦੀ ਲੋੜ ਹੈ ਕਿ ਉਨ੍ਹਾਂ ਨੇ ਭਾਜਪਾ ਲਈ ਆਪਣੇ ਦਰਵਾਜ਼ੇ ਖੋਲ੍ਹ ਕੇ ਰੱਖਣ ਹਨ ਜਾਂ ਬੰਦ ਕਰਕੇ ਰੱਖਣੇ ਹਨ।
ਪੱਛਮੀ ਬੰਗਾਲ ਦਾ ਚੋਣ ਇਤਿਹਾਸ
ਪਿਛਲੇ ਕਰੀਬ 50 ਸਾਲਾਂ ਤੋਂ ਪੱਛਮੀ ਬੰਗਾਲ ਵਿੱਚ ਜ਼ਿਆਦਾਤਰ ਇੱਕਤਰਫ਼ਾ ਚੋਣਾਂ ਹੁੰਦੀਆਂ ਰਹੀਆਂ ਹਨ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਚਾਹੇ ਕਾਂਗਰਸ ਹੋਵੇ, ਲੈਫ਼ਟ (ਖੱਬੇ ਪੱਖੀ) ਹੋਵੇ ਜਾਂ ਫਿਰ ਟੀਐੱਮਸੀ, ਜਿਸ ਵੀ ਪਾਰਟੀ ਨੂੰ ਜਿੱਤ ਮਿਲੀ, ਉਸ ਨੂੰ ਭਾਰੀ ਬਹੁਮਤ ਵੀ ਹਾਸਲ ਹੋਇਆ। ਜਿਵੇਂ ਹੁਣ ਭਾਜਪਾ ਨੂੰ ਬਹੁਮਤ ਮਿਲਿਆ ਤੇ ਜਿਵੇਂ 2021 ਵਿੱਚ ਮਮਤਾ ਬੈਨਰਜੀ ਦੀ ਪਾਰਟੀ ਨੂੰ ਮਿਲਿਆ ਸੀ।
ਵਿਧਾਨ ਸਭਾ ਚੋਣਾਂ 2021 ਦੇ ਚੋਣ ਨਤੀਜੇ ਦੇਖੀਏ ਤਾਂ ਪੱਛਮੀ ਬੰਗਾਲ ਵਿੱਚ ਟੀਐੱਮਸੀ ਨੇ 215 ਸੀਟਾਂ ਹਾਸਲ ਕੀਤੀਆਂ ਸੀ। ਜਦਕਿ ਭਾਜਪਾ ਨੂੰ 77 ਸੀਟਾਂ ਹੀ ਉਦੋਂ ਮਿਲੀਆਂ ਸਨ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਕਾਂਗਰਸ ਅਤੇ ਸੀਪੀਆਈ (ਐੱਮ) 2021 'ਚ ਖਾਤਾ ਵੀ ਨਹੀਂ ਖੋਲ੍ਹ ਸਕੀਆਂ ਸੀ ਅਤੇ ਅਜਿਹਾ ਹੋਇਆ ਵੀ ਪਹਿਲੀ ਵਾਰ ਸੀ ਜਦੋਂ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਕਾਂਗਰਸ ਅਤੇ ਸੀਪੀਆਈ (ਐੱਮ) ਦਾ ਕੋਈ ਵੀ ਮੈਂਬਰ ਨਹੀਂ ਸੀ।
ਸਾਲ 2021 ਵਿੱਚ ਮਮਤਾ ਬੈਨਰਜੀ ਨੰਦੀਗ੍ਰਾਮ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਗਏ ਸਨ, ਪਰ ਉਨ੍ਹਾਂ ਨੂੰ ਭਾਜਪਾ ਦੇ ਸੁਵੇਂਦੂ ਅਧਿਕਾਰੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਮਮਤਾ ਫਿਰ ਭਬਾਨੀਪੁਰ ਆਏ ਅਤੇ ਜ਼ਿਮਨੀ ਚੋਣ ਵਿੱਚ ਉਨ੍ਹਾਂ ਨੂੰ ਜਿੱਤ ਮਿਲੀ ਸੀ।
ਇਸ ਵਾਰ ਦੀਆਂ ਚੋਣਾਂ ਦੇ ਦੋਵਾਂ ਪੜਾਵਾਂ ਵਿੱਚ ਕੁੱਲ ਵੋਟਿੰਗ 92.47% ਰਹੀ। ਇਹ ਭਾਰਤ ਦੀ ਆਜ਼ਾਦੀ ਤੋਂ ਬਾਅਦ ਪੱਛਮੀ ਬੰਗਾਲ ਵਿੱਚ ਕਿਸੇ ਵੀ ਚੋਣ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਵੋਟਿੰਗ ਫੀਸਦ ਹੈ।
ਚੋਣ ਕਮਿਸ਼ਨ ਦੇ ਅਨੁਸਾਰ, ਇਸ ਤੋਂ ਪਹਿਲਾਂ ਸਭ ਤੋਂ ਵੱਧ ਵੋਟਿੰਗ 2011 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦਰਜ ਕੀਤੀ ਗਈ ਸੀ। ਉਸ ਚੋਣ ਵਿੱਚ 84.72% ਵੋਟਿੰਗ ਹੋਈ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ