You’re viewing a text-only version of this website that uses less data. View the main version of the website including all images and videos.
ਸ਼ੁਭੇਂਦੁ ਅਧਿਕਾਰੀ: ਪੱਛਮੀ ਬੰਗਾਲ ਵਿੱਚ ਛੇ ਸਾਲਾਂ ਅੰਦਰ ਬੀਜੇਪੀ ਨੂੰ ਟੌਪ 'ਤੇ ਪਹੁੰਚਾਉਣ ਵਾਲੇ ਨੇਤਾ ਜੋ ਕਦੇ ਮਮਤਾ ਬੈਨਰਜੀ ਦੇ ਕਰੀਬੀ ਸਨ
- ਲੇਖਕ, ਪ੍ਰਭਾਕਰ ਮਨੀ ਤਿਵਾਰੀ
- ਰੋਲ, ਬੀਬੀਸੀ ਹਿੰਦੀ ਲਈ
- ਪੜ੍ਹਨ ਦਾ ਸਮਾਂ: 6 ਮਿੰਟ
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ ਜੇ ਤ੍ਰਿਣਮੂਲ ਕਾਂਗਰਸ ਦੇ ਕਿਲ੍ਹੇ ਨੂੰ ਢਾਹੁਂਦਿਆਂ ਸੱਤਾ ਤੱਕ ਪਹੁੰਚਣ ਵਿਚ ਕਾਮਯਾਬੀ ਹਾਸਲ ਕੀਤੀ ਹੈ ਤਾਂ ਕਾਫ਼ੀ ਹੱਦ ਤੱਕ ਇਸ ਦਾ ਸਿਹਰਾ ਸ਼ੁਭੇਂਦੁ ਅਧਿਕਾਰੀ ਨੂੰ ਵੀ ਜਾਂਦਾ ਹੈ।
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਬੀਜੇਪੀ ਨੇ ਬਹੁਮਤ ਹਾਸਿਲ ਕਰ ਲਿਆ ਹੈ।
ਸਿਆਸੀ ਸਰਗਰਮੀ ਅਤੇ ਹਮਲਾਵਰ ਤੇਵਰਾਂ ਕਾਰਨ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀਆਂ ਅੱਖਾਂ ਦਾ ਤਾਰਾ ਬਣੇ ਸ਼ੁਭੇਂਦੁ ਹੁਣ ਮੁੱਖ ਮੰਤਰੀ ਅਹੁਦੇ ਦੇ ਸਭ ਤੋਂ ਵੱਡੇ ਦਾਅਵੇਦਾਰਾਂ ਵਜੋਂ ਸਾਹਮਣੇ ਆਏ ਹਨ।
ਸ਼ੁਭੇਂਦੁ ਨੂੰ ਸਾਲ 2020 ਤੱਕ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਨੰਬਰ ਦੋ ਮੰਨਿਆ ਜਾਂਦਾ ਸੀ। ਪਰ ਪਾਰਟੀ ਵਿੱਚ ਅਭਿਸ਼ੇਕ ਬੈਨਰਜੀ ਦੇ ਵਧਦੇ ਪ੍ਰਭਾਵ ਨੇ ਉਨ੍ਹਾਂ ਨੂੰ ਹੌਲੀ ਹੌਲੀ ਹਾਸ਼ੀਏ 'ਤੇ ਪਹੁੰਚਾ ਦਿੱਤਾ ਸੀ। ਉਸ ਤੋਂ ਬਾਅਦ 2021 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਬੀਜੇਪੀ ਦਾ ਪੱਲਾ ਫੜਿਆ ਸੀ।
ਬੀਜੇਪੀ ਵਿੱਚ ਸ਼ਾਮਲ ਹੋਣ ਦੇ ਤਕਰੀਬਨ ਚਾਰ ਮਹੀਨਿਆਂ ਦੇ ਅੰਦਰ ਹੋਈਆਂ ਉਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਸ਼ੁਭੇਂਦੁ ਅਧਿਕਾਰੀ ਨੇ ਪਾਰਟੀ ਨੂੰ ਤਿੰਨ ਤੋਂ 77 ਸੀਟਾਂ ਤੱਕ ਪਹੁੰਚਾ ਦਿੱਤਾ ਸੀ।
ਹਾਲਾਂਕਿ ਪਾਰਟੀ ਦੇ ਕੇਂਦਰੀ ਲੀਡਰਾਂ ਨੇ ਉਦੋਂ 'ਅਬ ਕੀ ਬਾਰ ਦੋ ਸੌ ਪਾਰ' ਦਾ ਨਾਅਰਾ ਦਿੱਤਾ ਸੀ। ਉਹ ਸੁਫਨਾ ਤਾਂ ਉਸ ਵੇਲੇ ਪੂਰਾ ਨਹੀਂ ਹੋ ਸਕਿਆ ਸੀ। ਪਰ ਤਿੰਨ ਤੋਂ 77 ਸੀਟਾਂ ਤੱਕ ਪਹੁੰਚਣਾ ਵੀ ਉਸ ਲਈ ਕਿਸੇ ਵੱਡੀ ਉਪਲਬਧੀ ਤੋਂ ਘੱਟ ਨਹੀਂ ਸੀ।
ਹੁਣ ਪੰਜ ਸਾਲ ਬਾਅਦ ਪਾਰਟੀ ਨੇ ਬੰਗਾਲ ਵਿੱਚ ਮਮਤਾ ਬੈਨਰਜੀ ਦੀ 15 ਸਾਲ ਪੁਰਾਣੀ ਸਰਕਾਰ ਨੂੰ ਸੱਤਾ 'ਚੋਂ ਹਟਾ ਕੇ ਉਸ ਅੰਕੜੇ ਦੇ ਕਾਫ਼ੀ ਨੇੜੇ ਪਹੁੰਚਣ ਦੇ ਨਾਲ ਹੀ ਪਹਿਲੀ ਵਾਰ ਬੰਗਾਲ ਵਿੱਚ ਸੱਤਾ ਹਾਸਿਲ ਕਰਨ ਦੀ ਰਾਹ ਫੜੀ ਹੈ।
ਜ਼ਮੀਨ 'ਤੇ ਰਹੇ ਸ਼ੁਭੇਂਦੁ ਅਧਿਕਾਰੀ
ਇਸ ਨਾਲ 'ਅੰਗ, ਬੰਗ ਅਤੇ ਕਲਿੰਗ' (ਬਿਹਾਰ, ਬੰਗਾਲ ਅਤੇ ਉੜੀਸਾ) 'ਤੇ ਕਾਬਜ਼ ਹੋਣ ਦਾ ਬੀਜੇਪੀ ਦਾ ਪੁਰਾਣਾ ਸੁਫਨਾ ਵੀ ਸਾਕਾਰ ਹੋ ਗਿਆ ਹੈ। ਇਨ੍ਹਾਂ ਵਿੱਚੋਂ ਅੰਗ ਅਤੇ ਕਲਿੰਗ 'ਤੇ ਤਾਂ ਉਹ ਪਹਿਲਾਂ ਤੋਂ ਕਾਬਜ਼ ਸੀ, ਪਰ ਪਹਿਲੀ ਵਾਰ ਬੰਗ 'ਤੇ ਵੀ ਉਸ ਦਾ ਕਬਜ਼ਾ ਹੋ ਗਿਆ ਹੈ।
ਪਾਰਟੀ ਦੇ ਇਸ ਸੁਫ਼ਨੇ ਨੂੰ ਪੂਰਾ ਕਰਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੇ ਦਿੱਗਜ ਨੇਤਾ ਤਾਂ ਲੱਗੇ ਹੀ ਸਨ, ਪਰ ਬੰਗਾਲ ਵਿੱਚ ਜ਼ਮੀਨ 'ਤੇ ਉਤਰ ਕੇ ਉਸ ਲਈ ਜ਼ਮੀਨ ਤਿਆਰ ਕਰਨ ਵਿੱਚ ਸ਼ੁਭੇਂਦੁ ਦੀ ਭੂਮਿਕਾ ਸਭ ਤੋਂ ਅਹਿਮ ਰਹੀ।
2021 ਵਿੱਚ ਚੋਣਾਂ ਜਿੱਤਣ ਬਾਅਦ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ ਸੀ। ਉਸ ਤੋਂ ਬਾਅਦ ਬੀਤੇ ਪੰਜ ਸਾਲਾਂ ਦੌਰਾਨ ਲਗਾਤਾਰ ਸਰਕਾਰ 'ਤੇ ਹਮਲਾਵਰ ਰਹੇ ਅਤੇ ਤ੍ਰਿਣਮੂਲ ਦੇ ਗੜ੍ਹ ਮੰਨੇ ਜਾਣ ਵਾਲੇ ਇਲਾਕਿਆਂ ਵਿੱਚ ਵੀ ਆਪਣੇ ਅੰਦੋਲਨਾਂ ਜ਼ਰੀਏ ਬੀਜੇਪੀ ਦੀ ਜ਼ਮੀਨ ਲਗਾਤਾਰ ਮਜ਼ਬੂਤ ਕਰਦੇ ਰਹੇ।
ਵਿਧਾਇਕ, ਦੋ ਵਾਰ ਸਾਂਸਦ ਅਤੇ ਫਿਰ ਨੰਦੀਗ੍ਰਾਮ ਸੀਟ ਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਮਮਤਾ ਬੈਨਰਜੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਟਰਾਂਸਪੋਰਟ ਮੰਤਰੀ ਬਣੇ ਸ਼ੁਭੇਂਦੁ ਅਧਿਕਾਰੀ ਦਾ ਨਾਮ ਦਸੰਬਰ 2020 ਤੋਂ ਪਹਿਲਾਂ ਪੱਛਮ ਬੰਗਾਲ ਤੋਂ ਬਾਹਰ ਸ਼ਾਇਦ ਹੀ ਕੋਈ ਜਾਣਦਾ ਹੋਵੇ।
ਪਰ ਉਸੇ ਮਹੀਨੇ ਵਿੱਚ ਬੀਜੇਪੀ ਦਾ ਪੱਲਾ ਫੜਨ ਅਤੇ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਚੋਣਾਂ ਵਿੱਚ ਨੰਦੀਗ੍ਰਾਮ ਸੀਟ 'ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਹਰਾਉਣ ਤੋਂ ਬਾਅਦ ਉਨ੍ਹਾਂ ਦੀ ਗਿਣਤੀ ਪਾਰਟੀ ਦੇ ਉੱਚ ਨੇਤਾਵਾਂ ਵਿੱਚ ਹੋਣ ਲੱਗੀ।
ਟੀਐਮਸੀ ਵਿੱਚ ਜਦੋਂ ਬਣੇ ਦੂਜੇ ਨੰਬਰ
ਹਾਲਾਂਕਿ ਉਨ੍ਹਾਂ ਦੀ ਕਾਰਜਸ਼ੈਲੀ 'ਤੇ ਵੀ ਸਵਾਲ ਉੱਠਦੇ ਰਹੇ ਹਨ। ਪਾਰਟੀ ਵਿੱਚ ਵੀ ਉਨ੍ਹਾਂ 'ਤੇ ਸਵਾਲ ਉੱਠਦੇ ਰਹੇ ਅਤੇ ਕੇਂਦਰੀ ਲੀਡਰਸ਼ਿਪ ਵੱਲੋਂ ਉਨ੍ਹਾਂ ਨੂੰ ਮਿਲਣ ਵਾਲੀ ਤਵੱਜੋ ਕਾਰਨ ਕਈ ਪੁਰਾਣੇ ਨੇਤਾਵਾਂ ਵਿੱਚ ਉਨ੍ਹਾਂ ਖ਼ਿਲਾਫ਼ ਨਰਾਜ਼ਗੀ ਵੀ ਵਧੀ।
ਪਰ ਕਿਹਾ ਜਾਂਦਾ ਹੈ ਕਿ ਕਾਮਯਾਬੀ ਆਪਣੇ ਪਿਛੇ ਸਾਰੇ ਔਗੁਣ ਲੁਕੋ ਲੈਂਦੀ ਹੈ। ਬੀਤੇ ਪੰਜ ਸਾਲਾਂ ਦੌਰਾਨ ਕੇਂਦਰੀ ਲੀਡਰਸ਼ਿਪ ਨੇ ਵੀ ਉਨ੍ਹਾਂ ਨੂੰ ਲਗਾਤਾਰ ਤਵੱਜੋ ਦਿੱਤੀ ਅਤੇ ਬੰਗਾਲ ਨਾਲ ਸਬੰਧਤ ਪਾਰਟੀ ਦੇ ਨੀਤੀਗਤ ਫ਼ੈਸਲਿਆਂ ਵਿੱਚ ਉਨ੍ਹਾਂ ਦੀ ਰਾਏ ਅਹਿਮ ਰਹੀ।
ਸ਼ੁਭੇਂਦੁ ਨੇ ਸਾਲ 2006 ਦੀ ਵਿਧਾਨ ਸਭਾ ਵਿੱਚ ਪਹਿਲੀ ਵਾਰ ਕਾਂਥੀ ਦੱਖਣ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੀ ਟਿਕਟ 'ਤੇ ਚੋਣ ਜਿੱਤੀ ਸੀ।
ਉਸ ਤੋਂ ਬਾਅਦ ਸਾਲ 2009 ਵਿੱਚ ਉਨ੍ਹਾਂ ਨੇ ਤਮੁਲਕ ਸੀਟ ਤੋਂ ਲੋਕ ਸਭਾ ਦੀ ਚੋਣ ਲੜੀ ਅਤੇ ਜਿੱਤੀ। 2014 ਦੀਆਂ ਚੋਣਾਂ ਵਿੱਚ ਵੀ ਉਨ੍ਹਾਂ ਨੇ ਆਪਣੀ ਸੀਟ 'ਤੇ ਕਬਜ਼ਾ ਕਾਇਮ ਰੱਖਿਆ।
ਉਸ ਤੋਂ ਬਾਅਦ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਨੰਦੀਗ੍ਰਾਮ ਸੀਟ ਤੋਂ ਚੋਣ ਜਿੱਤੀ ਅਤੇ ਮਮਤਾ ਮੰਤਰੀਮੰਡਲ ਵਿੱਚ ਟਰਾਂਸਪੋਰਟ ਮੰਤਰੀ ਬਣਾਏ ਗਏ। ਹੌਲੀ-ਹੌਲੀ ਉਨ੍ਹਾਂ ਨੂੰ ਸਰਕਾਰ ਵਿੱਚ ਨੰਬਰ ਦੋ ਮੰਨਿਆ ਜਾਣ ਲੱਗਿਆ ਸੀ।
ਉਨ੍ਹਾਂ ਦੇ ਸਿਆਸੀ ਕਰੀਅਰ ਦੀ ਸ਼ੁਰੂਆਤ ਤਾਂ ਵਿਦਿਆਰਥੀ ਰਾਜਨੀਤੀ ਤੋਂ ਉਸੇ ਵੇਲੇ ਹੋ ਗਈ ਸੀ ਜਦੋਂ ਉਹ ਕਾਂਥੀ ਸਥਿਤ ਪੀ ਕੇ ਕਾਲਜ ਤੋਂ ਗ੍ਰੈਜੁਏਸ਼ਨ ਦੀ ਪੜ੍ਹਾਈ ਕਰ ਰਹੇ ਸਨ।
ਸਾਲ 1989 ਵਿੱਚ ਉਹ ਕਾਂਗਰਸ ਦੇ ਵਿਦਿਆਰਥੀ ਸੰਗਠਨ ਦੇ ਨੁਮਾਇੰਦੇ ਚੁਣੇ ਗਏ ਸੀ। ਸ਼ੁਭੇਂਦੁ 36 ਸਾਲ ਦੀ ਉਮਰ ਵਿੱਚ ਪਹਿਲੀ ਵਾਰ 2006 ਵਿੱਚ ਕਾਂਥੀ ਦੱਖਣ ਸੀਟ ਤੋਂ ਵਿਧਾਇਕ ਚੁਣੇ ਗਏ।
ਇਸ ਤੋਂ ਬਾਅਦ ਉਸੇ ਸਾਲ ਉਨ੍ਹਾਂ ਨੂੰ ਕਾਂਥੀ ਨਗਰ ਪਾਲਿਕਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸ਼ੁਭੇਂਦੁ ਸਾਲ 2009 ਅਤੇ 2014 ਵਿੱਚ ਤਮੁਲਕ ਲੋਕ ਸਭਾ ਸੀਟ ਤੋਂ ਚੋਣ ਜਿੱਤੇ ਸੀ।
ਪਰ ਸਾਲ 2016 ਵਿੱਚ ਮਮਤਾ ਨੇ ਉਨ੍ਹਾਂ ਨੂੰ ਨੰਦੀਗ੍ਰਾਮ ਸੀਟ ਤੋਂ ਮੈਦਾਨ ਵਿੱਚ ਉਤਾਰਿਆ ਅਤੇ ਉਹ ਅਸਾਨੀ ਨਾਲ ਜਿੱਤ ਗਏ। ਸ਼ੁਭੇਂਦੁ ਦਾ ਸਿਆਸੀ ਕਰੀਅਰ ਭਾਵੇਂ ਹੀ 1990 ਦੇ ਦਹਾਕੇ ਵਿਚ ਸ਼ੁਰੂ ਹੋਇਆ ਹੋਵੇ ਪਰ ਸਾਲ 2007 ਵਿੱਚ ਨੰਦੀਗ੍ਰਾਮ ਦੇ ਅਧਿਗ੍ਰਹਿਣ ਵਿਰੋਧੀ ਅੰਦੋਲਨ ਨੇ ਇੱਕ ਕੱਦਾਵਰ ਨੇਤਾ ਵਜੋਂ ਉਨ੍ਹਾਂ ਦੀ ਪਛਾਣ ਸਥਾਪਿਤ ਕੀਤੀ।
ਨੰਦੀਗ੍ਰਾਮ ਅੰਦੋਲਨ ਦੇ ਮੁੱਖ ਵਾਸਤੂਕਾਰ
ਲੋ ਪ੍ਰੋਫਾਈਲ ਸਾਂਸਦ ਰਹੇ ਸ਼ੁਭੇਂਦੁ ਆਪਣੇ ਸੰਗਠਨਾਤਮਕ ਹੁਨਰ ਕਾਰਨ ਅੱਗੇ ਚੱਲ ਕੇ ਬਹੁਤ ਘੱਟ ਸਮੇਂ ਵਿੱਚ ਤ੍ਰਿਣਮੂਲ ਕਾਂਗਰਸ ਵਿੱਚ ਸੱਤਾ ਦਾ ਬਦਲਵਾਂ ਕੇਂਦਰ ਬਣ ਗਏ।
ਸਾਬਕਾ ਮੇਦਿਨੀਪੁਰ ਜ਼ਿਲ੍ਹੇ ਨੂੰ ਅਧਿਕਾਰੀ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ। ਸ਼ੁਭੇਂਦੁ ਦੇ ਪਿਤਾ ਅਤੇ ਭਰਾ ਵੀ ਤ੍ਰਿਣਮੂਲ ਕਾਂਗਰਸ ਦੀ ਟਿਕਟ 'ਤੇ ਲੋਕ ਸਭਾ ਅਤੇ ਵਿਧਾਨ ਸਭਾ ਚੋਣ ਜਿੱਤੇ ਹਨ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਤ੍ਰਿਣਮੂਲ ਕਾਂਗਰਸ ਨੂੰ ਸੱਤਾ ਤੱਕ ਪਹੁੰਚਾਉਣ ਵਿੱਚ ਜਿਸ ਨੰਦੀਗ੍ਰਾਮ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਉਸ ਦੇ ਮੁੱਖ ਵਾਸਤੂਕਾਰ ਸ਼ੁਭੇਂਦੁ ਹੀ ਸਨ।
ਸਾਲ 2007 ਵਿੱਚ ਕਾਂਥੀ ਦੱਖਣ ਸੀਟ ਤੋਂ ਵਿਧਾਇਕ ਹੋਣ ਦੇ ਨਾਤੇ ਤਤਕਾਲੀ ਵਾਮਮੋਰਚਾ ਸਰਕਾਰ ਖ਼ਿਲਾਫ਼ ਜ਼ਮੀਨ ਬੇਦਖਲੀ ਵਿਰੋਧ ਕਮੇਟੀ ਦੇ ਬੈਨਰ ਹੇਠ ਸਥਾਨਕ ਲੋਕਾਂ ਨੂੰ ਇਕਜੁੱਟ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਸਭ ਤੋਂ ਅਹਿਮ ਰਹੀ ਸੀ।
ਉਦੋਂ ਨੰਦੀਗ੍ਰਾਮ ਵਿੱਚ ਪ੍ਰਸਤਾਵਿਤ ਕੈਮੀਕਲ ਹੱਬ ਲਈ ਜ਼ਮੀਨ ਅਧਿਗ੍ਰਹਿਣ ਖ਼ਿਲਾਫ਼ ਅੰਦੋਲਨ ਦੀ ਘੁਸਰ ਮੁਸਰ ਸ਼ੁਰੂ ਹੋ ਗਈ ਸੀ। ਉਸ ਦੌਰ ਵਿੱਚ ਇਲਾਕੇ ਵਿੱਚ ਹਲਦੀਆਂ ਦੇ ਸੀਪੀਐਮ ਨੇਤਾ ਲਛਮਣ ਸੇਠ ਦੀ ਤੂਤੀ ਬੋਲਦੀ ਸੀ।
ਪਰ ਇਹ ਸ਼ੁਭੇਂਦੁ ਹੀ ਸਨ ਜਿਨ੍ਹਾਂ ਕਰਕੇ ਇਲਾਕੇ ਦੇ ਸਭ ਤੋਂ ਤਾਕਤਵਰ ਨੇਤਾ ਰਹੇ ਸੇਠ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਜੰਗਲ ਮਹਿਲ ਦੇ ਨਾਮ ਤੋਂ ਮਸ਼ਹੂਰ ਰਹੇ ਪੱਛਮ ਮੇਦਿਨੀਪੁਰ, ਪੁਰੂਲੀਆ ਅਤੇ ਬਾਂਕੁੜਾ ਜ਼ਿਲ੍ਹੇ ਵਿੱਚ ਤ੍ਰਿਣਮੂਲ ਕਾਂਗਰਸ ਦਾ ਮਜ਼ਬੂਤ ਅਧਾਰ ਬਣਾਉਣ ਵਿੱਚ ਵੀ ਸ਼ੁਭੇਂਦੁ ਦਾ ਹੀ ਹੱਥ ਸੀ। ਹੁਣ ਉਨ੍ਹਾਂ ਕਾਰਨ ਹੀ ਬੀਜੇਪੀ ਨੇ ਉਨ੍ਹਾਂ ਇਲਾਕਿਆਂ ਵਿੱਚ ਹੁਣ ਤੱਕ ਦਾ ਸਭ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ।
ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸ਼ੁਭੇਂਦੁ ਨੇ ਆਪਣੀ ਤਮੰਨਾ ਕਰਕੇ ਹੀ ਤ੍ਰਿਣਮੂਲ ਕਾਂਗਰਸ ਨਾਲੋਂ ਨਾਤਾ ਤੋੜਿਆ ਸੀ।
ਹਾਲਾਂਕਿ, ਉਨ੍ਹਾਂ ਦੇ ਵਿਰੋਧੀਆਂ ਦੀ ਦਲੀਲ ਹੈ ਕਿ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਹੋਣ ਦੇ ਕਾਰਨ ਈਡੀ ਅਤੇ ਸੀਬੀਆਈ ਦੀ ਕਾਰਵਾਈ ਤੋਂ ਬਚਣ ਲਈ ਉਹ ਮਜਬੂਰਨ ਬੀਜੇਪੀ ਵਿੱਚ ਸ਼ਾਮਲ ਹੋਏ ਸਨ।
ਪਰ ਬੀਤੇ ਪੰਜ ਸਾਲ ਵਿੱਚ ਆਪਣੀ ਸਰਗਰਮੀ ਕਾਰਨ ਬੀਜੇਪੀ ਨੇ ਤ੍ਰਿਣਮੂਲ ਦੇ ਗੜ੍ਹ ਸਮਝੇ ਜਾਂਦੇ ਇਲਾਕਿਆਂ ਵਿੱਚ ਸੇਂਧ ਲਾਉਂਦਿਆਂ ਉਸ ਕੋਲੋਂ ਕਈ ਸੀਟਾਂ ਖੋਹਣ ਦੀ ਕਾਮਯਾਬੀ ਹਾਸਿਲ ਕੀਤੀ ਹੈ। ਇਸ ਵਿੱਚ ਸ਼ੁਭੇਂਦੁ ਅਧਿਕਾਰੀ ਦਾ ਅਹਿਮ ਯੋਗਦਾਨ ਰਿਹਾ ਹੈ।
ਹੁਣ ਛੇ ਸਾਲ ਪਹਿਲਾਂ ਤੱਕ ਮਮਤਾ ਬੈਨਰਜੀ ਸਰਕਾਰ ਵਿੱਚ ਨੰਬਰ ਦੋ ਰਹੇ ਸ਼ੁਭੇਂਦੁ ਕੀ ਬੀਜੇਪੀ ਦੀ ਸਰਕਾਰ ਵਿੱਚ ਨੰਬਰ ਇੱਕ ਯਾਨੀ ਮੁੱਖ ਮੰਤਰੀ ਬਣਨਗੇ ? ਇਸ ਸਵਾਲ ਦਾ ਜਵਾਬ ਵੀ ਸ਼ਾਇਦ ਇਸੇ ਹਫਤੇ ਮਿਲ ਜਾਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ