ਤਾਮਿਲਨਾਡੂ 'ਚ ਅਦਾਕਾਰ ਵਿਜੈ ਕਿਵੇਂ ਬਣੇ 'ਹੀਰੋ', ਅਦਾਕਾਰੀ, ਸੰਘਰਸ਼, ਪਿਤਾ ਨਾਲ ਮਤਭੇਦ ਬਾਅਦ ਸਿਆਸਤ ਵਿੱਚ ਉਤਰਨ ਦਾ ਸਫ਼ਰ ਜਾਣੋ

ਪੜ੍ਹਨ ਦਾ ਸਮਾਂ: 7 ਮਿੰਟ

ਦੱਖਣੀ ਭਾਰਤੀ ਸਿਨੇਮਾ ਦੇ ਸੁਪਰਸਟਾਰ ਜੋਸੇਫ਼ ਵਿਜੈ ਨੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਵਿਜੈ ਨੂੰ ਉਨ੍ਹਾਂ ਦੇ ਫੈਨਜ਼ 'ਥਲਪਤੀ' ਦੇ ਨਾਮ ਨਾਲ ਵੀ ਜਾਣਦੇ ਹਨ। ਉਹਨਾਂ ਦੀ ਪਾਰਟੀ ਟੀਵੀਕੇ (ਤਾਮਿਲਗਾ ਵੇਟਰੀ ਕੜਗਮ) ਨੇ ਮੁੱਖ ਮੰਤਰੀ ਐੱਮਕੇ ਸਟਾਲਿਨ ਦੀ ਡੀਐਮਕੇ ਨੂੰ ਵੀ ਰੁਝਾਨਾਂ ਵਿੱਚ ਪਿੱਛੇ ਛੱਡ ਦਿੱਤਾ ਹੈ।

ਡੇਟਾਨੈਟ ਮੁਤਾਬਕ,ਰੁਝਾਨਾਂ 'ਚ ਟੀਵੀਕੇ ਇਸ ਸਮੇਂ 109 ਸੀਟਾਂ 'ਤੇ ਅੱਗੇ ਹੈ, ਜਦੋਂ ਕਿ ਏਆਈਏਡੀਐੱਮਕੇ 52 ਸੀਟਾਂ 'ਤੇ ਅੱਗੇ ਹੈ ਅਤੇ ਡੀਐੱਮਕੇ 73 ਸੀਟਾਂ 'ਤੇ ਅੱਗੇ ਹੈ।

ਖੁਦ ਵਿਜੈ ਪੇਰਾਂਬੂਰ ਸੀਟ ਤੋਂ ਆਪਣੇ ਨਜ਼ਦੀਕੀ ਵਿਰੋਧੀ ਆਰ ਡੀ ਸ਼ੇਖਰ ਤੋਂ ਲਗਭਗ ਤਿੰਨ ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ।

ਐਕਟਰ ਵਿਜੈ ਤਾਮਿਲਨਾਡੂ ਦੇ ਨਾਲ-ਨਾਲ ਹਿੰਦੀ ਭਾਸ਼ੀ ਇਲਾਕਿਆਂ ਵਿੱਚ ਵੀ ਬਹੁਤ ਪ੍ਰਸਿੱਧ ਹਨ।

ਐਗਜ਼ਿਟ ਪੋਲਜ਼ ਵਿੱਚ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਦੀ ਉਮੀਦ ਜਤਾਈ ਗਈ ਹੈ ਪਰ ਰੁਝਾਨ ਹੈਰਾਨ ਕਰਨ ਵਾਲੇ ਆ ਰਹੇ ਹਨ।

ਫ਼ਿਲਮਾਂ ਵਿੱਚ ਸਫਲਤਾ ਤੋਂ ਬਾਅਦ ਹੁਣ ਉਹ ਸਿਆਸਤ ਵਿੱਚ ਵੀ ਸਰਗਰਮ ਹੋ ਗਏ ਹਨ।

ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਉਨ੍ਹਾਂ ਦਾ ਨਾਮ ਇੱਕ ਵਾਰ ਫਿਰ ਉਸ ਵੇਲੇ ਸੁਰਖੀਆਂ ਵਿੱਚ ਆਇਆ ਸੀ ਜਦੋਂ ਤਾਮਿਲਨਾਡੂ ਦੇ ਕਰੂਰ ਵਿੱਚ ਉਨ੍ਹਾਂ ਦੀ ਪਾਰਟੀ ਤਮਿਲਗਾ ਵੇਟਰੀ ਕੜਗਮ (ਟੀਵੀਕੇ) ਦੀ ਰੈਲੀ ਦੌਰਾਨ ਭਗਦੜ ਮੱਚ ਗਈ ਸੀ, ਜਿਸ ਵਿੱਚ 41 ਲੋਕਾਂ ਦੀ ਮੌਤ ਹੋ ਗਈ ਸੀ।

ਇਸ ਘਟਨਾ ਬਾਰੇ ਵਿਜੈ ਨੇ ਸੋਸ਼ਲ ਮੀਡੀਆ 'ਤੇ ਡੂੰਘਾ ਦੁੱਖ ਅਤੇ ਸਦਮਾ ਜਤਾਇਆ ਸੀ। ਇਸ ਦੇ ਨਾਲ ਹੀ ਮਾਰੇ ਗਏ ਲੋਕਾਂ ਲਈ 20-20 ਲੱਖ ਰੁਪਏ ਅਤੇ ਜ਼ਖਮੀਆਂ ਲਈ ਦੋ-ਦੋ ਲੱਖ ਰੁਪਏ ਦੀ ਮਦਦ ਦਾ ਐਲਾਨ ਵੀ ਕੀਤਾ ਸੀ।

ਵਿਜੈ ਦੀ ਜ਼ਿੰਦਗੀ ਵੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਰਹੀ, ਫ਼ਿਲਮੀ ਮਾਹੌਲ ਵਿੱਚ ਜਨਮ, ਬਚਪਨ ਤੋਂ ਹੀ ਅਦਾਕਾਰੀ ਦੀ ਸ਼ੁਰੂਆਤ, ਸੰਘਰਸ਼ ਤੋਂ ਬਾਅਦ ਸਟਾਰਡਮ ਹਾਸਲ ਕਰਨਾ, ਪਿਤਾ ਨਾਲ ਮਤਭੇਦ ਅਤੇ ਫਿਰ ਸਿਆਸਤ ਵਿੱਚ ਉਤਰਨਾ।

ਚਾਇਲਡ ਐਕਟਰ ਵਜੋਂ ਸ਼ੁਰੂਆਤ ਤੇ ਪਰਿਵਾਰਕ ਪਿਛੋਕੜ

ਵਿਜੈ ਦਾ ਪੂਰਾ ਨਾਮ ਜੋਸੇਫ਼ ਵਿਜੈ ਚੰਦਰਸ਼ੇਖਰ ਹੈ। ਉਨ੍ਹਾਂ ਦਾ ਜਨਮ 22 ਜੂਨ 1974 ਨੂੰ ਚੇਨੱਈ ਵਿੱਚ ਹੋਇਆ।

ਪਿਤਾ ਐਸਏ ਚੰਦਰਸ਼ੇਖਰ ਤਮਿਲ ਸਿਨੇਮਾ ਦੇ ਜਾਣੇ-ਮਾਣੇ ਨਿਰਦੇਸ਼ਕ ਰਹੇ ਹਨ ਅਤੇ ਮਾਂ ਸ਼ੋਭਾ ਇੱਕ ਗਾਇਕਾ ਸਨ।

ਫ਼ਿਲਮੀ ਮਾਹੌਲ ਵਿੱਚ ਵੱਡੇ ਹੋਏ ਵਿਜੈ ਨੇ ਬਹੁਤ ਛੋਟੀ ਉਮਰ ਵਿੱਚ ਹੀ ਅਦਾਕਾਰੀ ਸ਼ੁਰੂ ਕਰ ਦਿੱਤੀ ਸੀ।

ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ 'ਵੇਟਰੀ' ਫ਼ਿਲਮ ਵਿੱਚ ਚਾਇਲਡ ਆਰਟਿਸਟ ਵਜੋਂ ਕੰਮ ਕਰਨ ਦਾ ਮੌਕਾ ਦਿੱਤਾ। ਬਚਪਨ ਤੋਂ ਹੀ ਵਿਜੈ ਨੇ ਤੈਅ ਕਰ ਲਿਆ ਸੀ ਕਿ ਉਨ੍ਹਾਂ ਦਾ ਭਵਿੱਖ ਸਿਨੇਮਾ ਵਿੱਚ ਹੀ ਹੈ।

ਕਾਲਜ ਵਿੱਚ ਉਨ੍ਹਾਂ ਨੇ ਵਿਜ਼ੂਅਲ ਮੀਡੀਆ ਦੀ ਪੜਾਈ ਸ਼ੁਰੂ ਕੀਤੀ ਸੀ, ਪਰ ਅਦਾਕਾਰੀ ਦਾ ਜਨੂੰਨ ਅਜਿਹਾ ਸੀ ਕਿ ਪੜ੍ਹਾਈ ਵਿਚਕਾਰ ਹੀ ਛੱਡ ਦਿੱਤੀ।

ਬਾਅਦ ਵਿੱਚ ਉਨ੍ਹਾਂ ਦੀ ਮਾਂ ਸ਼ੋਭਾ ਨੇ ਇੱਕ ਸਕ੍ਰਿਪਟ ਲਿਖੀ ਅਤੇ ਪਿਤਾ ਐਸਏ ਚੰਦਰਸ਼ੇਖਰ ਨੇ ਉਸ 'ਤੇ ਫ਼ਿਲਮ ਬਣਾਈ। ਇਸੇ ਫ਼ਿਲਮ 'ਨਾਲਇਆ ਥੀਰਪੂ' (1992) ਨਾਲ ਵਿਜੈ ਨੇ ਹੀਰੋ ਵਜੋਂ ਸ਼ੁਰੂਆਤ ਕੀਤੀ।

ਹਾਲਾਂਕਿ ਇਹ ਫ਼ਿਲਮ ਬਾਕਸ ਆਫ਼ਿਸ 'ਤੇ ਓਨੀ ਸਫਲਤਾ ਹਾਸਲ ਨਹੀਂ ਕਰ ਸਕੀ, ਜਿੰਨੀ ਇਸ ਤੋਂ ਉਮੀਦ ਸੀ। ਪਰ ਇਸ ਨੇ ਵਿਜੈ ਦੇ ਕਰੀਅਰ ਦੀ ਨੀਂਹ ਰੱਖ ਦਿੱਤੀ।

ਸ਼ੁਰੂਆਤੀ ਪਹਿਚਾਣ ਤੋਂ 'ਥਲਪਤੀ' ਤੱਕ

ਵਿਜੈ ਦੇ ਸ਼ੁਰੂਆਤੀ ਕਰੀਅਰ ਦੀ ਪਹਿਚਾਣ 'ਫ਼ਾਰਮੂਲਾ ਫ਼ਿਲਮਾਂ' ਨਾਲ ਜੁੜੀ ਰਹੀ, ਜੋ ਐਕਸ਼ਨ ਅਤੇ ਰੋਮਾਂਟਿਕ ਗਾਣਿਆਂ ਨਾਲ ਭਰਪੂਰ ਹੁੰਦੀਆਂ ਸਨ।

ਪਰ ਸਮੇਂ ਦੇ ਨਾਲ ਉਨ੍ਹਾਂ ਦੀ ਇਹ ਛਵੀ ਬਦਲ ਗਈ। ਕਾਮੇਡੀ, ਐਕਸ਼ਨ ਅਤੇ ਸਮਾਜਿਕ ਵਿਸ਼ਿਆਂ ਵਾਲੀਆਂ ਫ਼ਿਲਮਾਂ ਵਿੱਚ ਉਨ੍ਹਾਂ ਨੇ ਆਪਣੀ ਵੱਖਰੀ ਪਹਿਚਾਣ ਬਣਾਈ ਅਤੇ ਹੌਲੀ-ਹੌਲੀ ਸਧਾਰਣ ਹੀਰੋ ਤੋਂ 'ਥਲਪਤੀ' (ਸੈਨਾਪਤੀ) ਬਣ ਗਏ।

'ਗਿੱਲੀ' ਵਰਗੀ ਸੁਪਰਹਿੱਟ ਫ਼ਿਲਮ ਨੇ ਉਨ੍ਹਾਂ ਨੂੰ 'ਮਾਸ ਹੀਰੋ' (ਜਨਤਾ ਦਾ ਹੀਰੋ) ਦੀ ਛਵੀ ਦਿੱਤੀ ਅਤੇ ਛੋਟੇ ਬੱਚਿਆਂ ਤੱਕ ਨੂੰ ਉਨ੍ਹਾਂ ਦਾ ਪ੍ਰਸ਼ੰਸਕ ਬਣਾ ਦਿੱਤਾ।

ਇਸੇ ਤਰ੍ਹਾਂ 'ਕਥੀ' ਨੇ ਉਨ੍ਹਾਂ ਦੀ ਅਦਾਕਾਰੀ ਨੂੰ ਸਮਾਜਿਕ ਅਤੇ ਸਿਆਸੀ ਸੰਦੇਸ਼ਾਂ ਨਾਲ ਜੋੜਿਆ, ਜਦਕਿ 'ਥੇਰੀ', 'ਮਰਸਲ' ਅਤੇ 'ਬਿਗਿਲ' ਵਰਗੀਆਂ ਫ਼ਿਲਮਾਂ ਨੇ ਬਾਕਸ ਆਫ਼ਿਸ 'ਤੇ ਰਿਕਾਰਡ ਬਣਾਏ।

ਅਦਾਕਾਰੀ ਦੇ ਨਾਲ-ਨਾਲ ਵਿਜੈ ਨੂੰ ਬੇਹਤਰੀਨ ਡਾਂਸਰ ਵੀ ਮੰਨਿਆ ਜਾਂਦਾ ਹੈ।

ਨਿੱਜੀ ਜ਼ਿੰਦਗੀ

ਵਿਜੈ ਦੀ ਨਿੱਜੀ ਜ਼ਿੰਦਗੀ ਵਿੱਚ ਅਹਿਮ ਮੋੜ ਉਸ ਵੇਲੇ ਆਇਆ ਜਦੋਂ ਲੰਡਨ ਵਿੱਚ ਵੱਡੇ ਹੋਏ ਸੰਗੀਤਾ ਉਨ੍ਹਾਂ ਦੀਆਂ ਫ਼ਿਲਮਾਂ ਦੇਖ ਕੇ ਉਨ੍ਹਾਂ ਦੀ ਫੈਨ ਬਣੇ।

ਹੌਲੀ-ਹੌਲੀ ਦੋਵਾਂ ਵਿੱਚ ਦੋਸਤੀ ਹੋਈ ਅਤੇ ਫਿਰ ਇਹ ਰਿਸ਼ਤਾ ਅੱਗੇ ਵਧਿਆ।

25 ਅਗਸਤ 1999 ਨੂੰ ਪਰਿਵਾਰ ਦੀ ਸਹਿਮਤੀ ਨਾਲ ਵਿਜੈ ਨੇ ਸੰਗੀਤਾ ਨਾਲ ਵਿਆਹ ਕਰ ਲਿਆ।

ਵਿਆਹ ਤੋਂ ਬਾਅਦ ਸੰਗੀਤਾ ਉਨ੍ਹਾਂ ਦੇ ਨਿੱਜੀ ਕਾਸਟਿਊਮ ਡਿਜ਼ਾਈਨਰ ਬਣ ਗਏ ਅਤੇ ਕਿਹਾ ਜਾਂਦਾ ਹੈ ਕਿ ਅੱਜ ਵੀ ਵਿਜੈ ਉਹੀ ਕੱਪੜੇ ਪਹਿਨਦੇ ਹਨ, ਜੋ ਉਨ੍ਹਾਂ ਦੇ ਪਤਨੀ ਚੁਣਦੇ ਹਨ।

ਸਿਆਸਤ ਵਿੱਚ ਪੈਰ

ਫ਼ਰਵਰੀ 2024 ਵਿੱਚ ਵਿਜੈ ਨੇ ਸਿਆਸਤ ਵਿੱਚ ਅਧਿਕਾਰਤ ਤੌਰ 'ਤੇ ਕਦਮ ਰੱਖਿਆ ਅਤੇ ਆਪਣੀ ਪਾਰਟੀ ਤਮਿਲਗਾ ਵੇਟਰੀ ਕੜਗਮ (ਟੀਵੀਕੇ) ਦਾ ਐਲਾਨ ਕੀਤਾ।

ਉਨ੍ਹਾਂ ਨੇ ਸਪਸ਼ਟ ਕੀਤਾ ਕਿ ਉਹ ਸੰਸਦ (2024 ਲੋਕ ਸਭਾ) ਦੀ ਚੋਣ ਨਹੀਂ ਲੜਣਗੇ ਅਤੇ ਨਾ ਹੀ ਕਿਸੇ ਉਮੀਦਵਾਰ ਦਾ ਸਮਰਥਨ ਕਰਨਗੇ, ਬਲਕਿ ਉਨ੍ਹਾਂ ਦਾ ਧਿਆਨ 2026 ਦੀਆਂ ਵਿਧਾਨ ਸਭਾ ਚੋਣਾਂ 'ਤੇ ਰਹੇਗਾ।

ਇਸ ਐਲਾਨ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸਿਨੇਮਾ ਛੱਡ ਰਹੇ ਹਨ।

ਟੀਵੀਕੇ ਦੀ ਪਹਿਲੀ ਰੈਲੀ 27 ਅਕਤੂਬਰ 2024 ਨੂੰ ਤਾਮਿਲਨਾਡੂ ਦੇ ਵਿੱਲੁਪੁਰਮ ਜ਼ਿਲ੍ਹੇ ਦੇ ਵਿਕਰਵੰਡੀ ਵਿੱਚ ਹੋਈ, ਜਿੱਥੇ ਭਾਰੀ ਭੀੜ ਉੱਮੜੀ।

ਮੰਚ ਤੋਂ ਵਿਜੈ ਨੇ ਲੋਕਾਂ ਨੂੰ ਵੰਡਣ ਵਾਲੀ ਸਿਆਸਤ ਕਰਨ ਵਾਲੀਆਂ ਪਾਰਟੀਆਂ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਅਜਿਹੀਆਂ ਤਾਕਤਾਂ ਵਿਚਾਰਧਾਰਕ ਤੌਰ 'ਤੇ ਉਨ੍ਹਾਂ ਦੀ ਪਾਰਟੀ ਦੀਆਂ ਵਿਰੋਧੀ ਹਨ।

ਉਨ੍ਹਾਂ ਨੇ ਦ੍ਰਵਿੜ ਮਾਡਲ ਦੇ ਨਾਮ 'ਤੇ ਧੋਖਾਧੜੀ ਕਰਨ ਅਤੇ "ਇੱਕ ਪਰਿਵਾਰ 'ਤੇ ਸੂਬੇ ਨੂੰ ਲੁੱਟਣ" ਦਾ ਇਲਜ਼ਾਮ ਵੀ ਲਗਾਇਆ।

ਸਿਆਸਤ ਵਿੱਚ ਆਉਣ ਤੋਂ ਪਹਿਲਾਂ ਵਿਜੈ ਦੇ ਪਰਿਵਾਰ ਵਿੱਚ ਵੀ ਵਿਵਾਦ ਛਿੜ ਗਿਆ ਸੀ।

ਉਨ੍ਹਾਂ ਦੇ ਪਿਤਾ ਐਸਏ ਚੰਦਰਸ਼ੇਖਰ ਨੇ ਪਹਿਲਾਂ ਹੀ ਆਲ ਇੰਡੀਆ ਥਲਪਤੀ ਵਿਜੈ ਮੱਕਲ ਇਯੱਕਮ ਨਾਮ ਨਾਲ ਇੱਕ ਪਾਰਟੀ ਬਣਾਈ ਸੀ। ਇਸ ਨੂੰ ਲੈਕੇ ਵਿਜੈ ਅਤੇ ਉਨ੍ਹਾਂ ਦੇ ਪਿਤਾ ਦੇ ਵਿਚਕਾਰ ਮਤਭੇਦ ਸਾਹਮਣੇ ਆਏ।

ਵਿਜੈ ਨੇ ਆਪਣੇ ਮਾਤਾ-ਪਿਤਾ ਸਮੇਤ 11 ਲੋਕਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਸੀ ਅਤੇ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਨਾਮ ਦਾ ਇਸਤੇਮਾਲ ਕਿਸੇ ਚੋਣ ਗਤੀਵਿਧੀ ਜਾਂ ਭੀੜ ਇਕੱਠੀ ਕਰਨ ਲਈ ਨਾ ਕੀਤਾ ਜਾਵੇ।

'ਇੰਡੀਆਨ ਐਕਸਪ੍ਰੈਸ' ਦੀ ਰਿਪੋਰਟ ਮੁਤਾਬਕ, ਚੰਦਰਸ਼ੇਖਰ ਨੇ ਇਸ ਤੋਂ ਪਹਿਲਾਂ ਵੀ ਵਿਜੈ ਦੇ ਫੈਨ ਕਲੱਬ ਨੂੰ ਆਲ ਇੰਡੀਆ ਥਲਪਤੀ ਵਿਜੈ ਮੱਕਲ ਇਯੱਕਮ ਦੇ ਤਹਿਤ ਇੱਕ ਸਿਆਸੀ ਪਾਰਟੀ ਵਜੋਂ ਰਜਿਸਟਰ ਕਰਨ ਦੀ ਕੋਸ਼ਿਸ਼ ਕੀਤੀ ਸੀ।

ਇਸ ਵਿਵਾਦ ਤੋਂ ਬਾਅਦ ਵਿਜੈ ਨੇ ਇੱਕ ਬਿਆਨ ਵਿੱਚ ਕਿਹਾ ਸੀ, "ਮੈਂ ਆਪਣੇ ਪ੍ਰਸ਼ੰਸਕਾਂ ਅਤੇ ਜਨਤਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਪਿਤਾ ਦੀ ਸਿਆਸੀ ਪਾਰਟੀ ਅਤੇ ਮੇਰੇ ਵਿਚਕਾਰ ਸਿੱਧੇ ਜਾਂ ਅਸਿੱਧੇ ਤੌਰ 'ਤੇ ਕੋਈ ਵੀ ਸੰਬੰਧ ਨਹੀਂ ਹੈ।"

ਸਿਨੇਮਾ ਛੱਡਣ ਦਾ ਐਲਾਨ

ਜਨਸਭਾ ਨੂੰ ਸੰਬੋਧਨ ਕਰਦੇ ਹੋਏ ਵਿਜੈ ਨੇ ਕਿਹਾ ਕਿ ਸਿਆਸਤ ਵਿੱਚ ਆਉਣ ਲਈ ਉਨ੍ਹਾਂ ਨੇ ਆਪਣਾ ਅਦਾਕਾਰੀ ਦਾ ਕਰੀਅਰ ਅਤੇ ਕਮਾਈ ਦੋਵੇਂ ਪਿੱਛੇ ਛੱਡ ਦਿੱਤੇ ਹਨ।

ਉਹ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਸਨ ਕਿ ਸਿਆਸਤ ਵਿੱਚ ਸਰਗਰਮ ਹੋਣ ਤੋਂ ਬਾਅਦ ਅਦਾਕਾਰੀ ਛੱਡ ਕੇ ਪੂਰੀ ਤਰ੍ਹਾਂ ਸਮਾਜ ਸੇਵਾ ਕਰਨਗੇ।

ਸਤੰਬਰ 2024 ਵਿੱਚ ਪ੍ਰੋਡਕਸ਼ਨ ਹਾਊਸ ਕੇਵੀਐਨ ਨੇ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਸੀ ਕਿ ਫ਼ਿਲਮ 'ਥਲਪਤੀ 69' ਵਿਜੈ ਦੀ ਆਖ਼ਰੀ ਫ਼ਿਲਮ ਹੋਵੇਗੀ।

ਪਾਰਟੀ ਦੀ ਵਿਚਾਰਧਾਰਾ ਬਾਰੇ ਕੀ ਕਿਹਾ ਸੀ?

ਆਪਣੀ ਪਹਿਲੀ ਰੈਲੀ ਵਿੱਚ ਵਿਜੈ ਨੇ ਟੀਵੀਕੇ ਦੀ ਵਿਚਾਰਧਾਰਾ ਬਾਰੇ ਵਿਸਥਾਰ ਨਾਲ ਗੱਲ ਕੀਤੀ ਸੀ।

ਉਨ੍ਹਾਂ ਕਿਹਾ ਸੀ, "ਅਸੀਂ ਦ੍ਰਵਿੜ ਰਾਸ਼ਟਰਵਾਦ ਅਤੇ ਤਮਿਲ ਰਾਸ਼ਟਰਵਾਦ ਨੂੰ ਵੱਖ ਨਹੀਂ ਕਰਾਂਗੇ। ਇਹ ਦੋਵੇਂ ਇਸ ਮਿੱਟੀ ਦੀਆਂ ਦੋ ਅੱਖਾਂ ਹਨ। ਸਾਨੂੰ ਆਪਣੇ ਆਪ ਨੂੰ ਕਿਸੇ ਖਾਸ ਪਛਾਣ ਤੱਕ ਸੀਮਿਤ ਨਹੀਂ ਰੱਖਣਾ ਚਾਹੀਦਾ।"

ਵਿਜੈ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਧਰਮ ਨਿਰਪੱਖ ਅਤੇ ਸਮਾਜਿਕ ਨਿਆਂ ਦੇ ਸਿਧਾਂਤਾਂ 'ਤੇ ਆਧਾਰਿਤ ਹੋਵੇਗੀ।

ਉਨ੍ਹਾਂ ਕਿਹਾ ਕਿ ਟੀਵੀਕੇ ਪੇਰੀਆਰ ਵੱਲੋਂ ਦਿਖਾਏ ਰਾਹ 'ਤੇ ਚੱਲੇਗੀ, ਜਿਸ ਵਿੱਚ ਮਹਿਲਾ ਸਸ਼ਕਤੀਕਰਨ ਅਤੇ ਸਮਾਜਿਕ ਨਿਆਂ ਦੀ ਗੱਲ ਸ਼ਾਮਲ ਹੈ। ਹਾਲਾਂਕਿ, ਉਨ੍ਹਾਂ ਸਪਸ਼ਟ ਕੀਤਾ ਕਿ ਪੇਰੀਆਰ ਦੇ ਨਾਸਤਿਕਤਾ ਵਾਲੇ ਵਿਚਾਰ ਨੂੰ ਉਹ ਸਵੀਕਾਰ ਨਹੀਂ ਕਰਦੇ।

ਇਸ ਤੋਂ ਇਲਾਵਾ ਵਿਜੈ ਨੇ ਇਹ ਵੀ ਸਪਸ਼ਟ ਕੀਤਾ ਕਿ ਟੀਵੀਕੇ ਸੂਬੇ ਵਿੱਚ ਦੋ ਭਾਸ਼ਾਵਾਂ ਦੀ ਨੀਤੀ ਨੂੰ ਸਮਰਥਨ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਕੰਮਕਾਜ ਤਮਿਲ ਅਤੇ ਅੰਗਰੇਜ਼ੀ ਦੋਵੇਂ ਵਿੱਚ ਹੋਣਾ ਚਾਹੀਦਾ ਹੈ।

ਵਿਜੈ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਜਾਤੀ ਅਧਾਰਿਤ ਜਨਗਣਨਾ ਦਾ ਸਮਰਥਨ ਕਰਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)