ਇਸ ਮੱਛੀ ਦੀ ਪ੍ਰਜਾਤੀ 100,000 ਸਾਲ ਤੱਕ ਨਰਾਂ ਤੋਂ ਬਿਨਾਂ ਜਿਉਂਦੀ ਰਹੀ, ਵਿਗਿਆਨੀਆਂ ਨੇ ਸੋਚਿਆ, ਇਹ ਮਰ ਚੁੱਕੀ ਹੋਣੀ ਪਰ ਇਹ ਵਧ-ਫੁੱਲ ਰਹੀ ਹੈ

ਤਸਵੀਰ ਸਰੋਤ, Manfred Schartl/BBC
- ਲੇਖਕ, ਫਲੋਰੈਂਸ ਕਰੇਗ
- ਰੋਲ, ਬੀਬੀਸੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਮੈਕਸੀਕੋ ਅਤੇ ਦੱਖਣੀ ਟੈਕਸਾਸ ਦੀਆਂ ਨਦੀਆਂ ਵਿੱਚ ਇੱਕ ਅਜਿਹੀ ਮੱਛੀ ਤੈਰਦੀ ਹੈ ਜਿਸ ਦੀ ਕੋਈ ਹੋਂਦ ਨਹੀਂ ਹੋਣੀ ਚਾਹੀਦੀ।
ਉਹ ਸਿਰਫ਼ ਮਾਦਾ ਮੱਛੀਆਂ ਦੇ ਝੁੰਡ ਵਿੱਚ ਘੁੰਮਦੀ ਹੈ। ਉਸ ਦੇ ਚਾਂਦੀ ਰੰਗੇ ਖੰਭ ਆਪਣੇ ਨਾਲ ਮਿਲਦੀਆਂ ਜੁਲਦੀਆਂ ਪ੍ਰਜਾਤੀਆਂ ਦੇ ਨਰਾਂ ਨਾਲ ਖਹਿ ਕੇ ਲੰਘਦੇ ਹਨ। ਇੱਥੇ ਹੀ ਉਹ ਆਪਣੇ ਸਾਥੀ ਦੀ ਚੋਣ ਕਰਦੀ ਹੈ। ਪਰ ਇੱਕ ਅਨੋਖੇ ਵਿਕਾਸਵਾਦੀ ਟਵਿਸਟ ਵਿੱਚ, ਉਸ ਦੇ ਬੱਚਿਆਂ 'ਚ ਕਿਸੇ ਨਰ ਦੇ ਜੀਨਾਂ ਦੀ ਕੋਈ ਭੂਮਿਕਾ ਨਹੀਂ ਹੁੰਦੀ।
ਇਸ ਪ੍ਰਕਿਰਿਆ ਨੂੰ 'ਗਾਇਨੋਜੈਨੇਸਿਸ' ਵਜੋਂ ਜਾਣਿਆ ਜਾਂਦਾ ਹੈ ਜਿਸ ਵਿੱਚ ਆਂਡੇ ਦੇ ਵਿਕਾਸ ਨੂੰ ਸ਼ੁਰੂ ਕਰਨ ਲਈ ਨਰ ਦੇ ਸ਼ੁਕਰਾਣੂ ਦੀ ਵਰਤੋਂ ਕਰਦੀ ਹੈ, ਪਰ ਜਲਦੀ ਹੀ ਉਸ ਦੇ ਡੀਐਨ.ਏ ਨੂੰ ਬਾਹਰ ਕੱਢ ਦਿੰਦੀ ਹੈ। ਉਹ ਸਿਰਫ਼ ਧੀਆਂ ਨੂੰ ਹੀ ਜਨਮ ਦਿੰਦੀ ਹੈ ਜੋ ਕਿ ਉਸ ਦਾ ਆਪਣਾ ਹੀ ਇੱਕ ਕਲੋਨ ਹੁੰਦੀਆਂ ਹਨ।
ਇਹ ਮੱਛੀ ਐਮਾਜ਼ਾਨ ਮੌਲੀ ਹੈ, ਜਿਸ ਦਾ ਨਾਮ ਯੂਨਾਨੀ ਮਿਥਿਹਾਸ ਦੇ ਸਿਰਫ਼ ਮਹਿਲਾ ਯੋਧਿਆਂ ਦੇ ਕਬੀਲੇ ਦੇ ਨਾਮ 'ਤੇ ਰੱਖਿਆ ਗਿਆ ਹੈ ਅਤੇ ਇਹ ਲਗਭਗ ਇੱਕ ਸਦੀ ਤੋਂ ਵਿਗਿਆਨੀਆਂ ਨੂੰ ਹੈਰਾਨ ਕਰ ਰਹੀ ਹੈ।
ਵਿਕਾਸਵਾਦ ਦਾ ਸਿਧਾਂਤ ਇਹ ਦੱਸਦਾ ਹੈ ਕਿ ਬਿਨ੍ਹਾਂ ਨਰ-ਮਾਦਾ ਦੇ ਮੇਲ ਵਾਲੀਆਂ ਪ੍ਰਜਾਤੀਆਂ ਜਲਦੀ ਹੀ ਖ਼ਤਮ ਹੋ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਲਿੰਗੀ ਸੰਬੰਧਾਂ ਤੋਂ ਬਿਨ੍ਹਾਂ ਸਮੇਂ ਦੇ ਨਾਲ ਉਨ੍ਹਾਂ ਦੇ ਜੀਨੋਮ ਵਿੱਚ ਨੁਕਸਾਨਦੇਹ ਤਬਦੀਲੀਆਂ ਜਮ੍ਹਾ ਹੋ ਜਾਂਦੀਆਂ ਹਨ। ਪਰ ਇਹ ਸਿਰਫ਼ ਮਾਦਾਵਾਂ ਵਾਲੀ ਪ੍ਰਜਾਤੀ ਲਗਭਗ ਇੱਕ ਲੱਖ ਸਾਲ ਤੋਂ ਹੋਂਦ ਵਿੱਚ ਹੈ। ਤਾਂ ਫਿਰ ਐਮਾਜ਼ਾਨ ਮੌਲੀ ਕਿਵੇਂ ਬਚੀ ਰਹੀ, ਜਦਕਿ ਸਿਧਾਂਤ ਮੁਤਾਬਕ ਇਹ ਤਾਂ ਬਹੁਤ ਪਹਿਲਾਂ ਹੀ ਲੁਪਤ ਹੋ ਜਾਣੀ ਚਾਹੀਦੀ ਸੀ।
ਸੈਕਸ ਮਾਅਨੇ ਕਿਉਂ ਰੱਖਦਾ ਹੈ ?

ਤਸਵੀਰ ਸਰੋਤ, Oleg Kovtun via Getty Images
ਐਡਵਰਡ ਰਾਈਸਮੇਅਰ ਜੋ ਕਿ ਜਰਮਨੀ ਵਿਚ ਮਿਊਨਿਖ ਦੀ ਲੁਡਵਿਗ ਮੈਕਸੀਮਿਲੀਅਨ ਯੂਨੀਵਰਸਿਟੀ ਦੇ ਇੱਕ ਕੰਪਿਊਟੇਸ਼ਨਲ ਜੀਵ ਵਿਗਿਆਨੀ ਹਨ ਅਤੇ ਐਮਾਜ਼ਾਨ ਮੌਲੀ 'ਤੇ ਹੋਈ ਇੱਕ ਨਵੀਂ ਖੋਜ ਦੇ ਸਹਿ-ਲੇਖਕ ਹਨ- ਉਨ੍ਹਾਂ ਦਾ ਕਹਿਣਾ ਹੈ ਕਿ ਲਿੰਗੀ ਪ੍ਰਜਨਨ ਕਾਫ਼ੀ ਮਹਿੰਗਾ ਪੈਂਦਾ ਹੈ।
ਜੀਵਾਂ ਨੂੰ ਇੱਕ ਸਾਥੀ ਲੱਭਣਾ ਪੈਂਦਾ ਹੈ ਅਤੇ ਉਸ ਲਈ ਮੁਕਾਬਲਾ ਕਰਨਾ ਪੈਂਦਾ ਹੈ। ਹਰੇਕ ਮਾਤਾ-ਪਿਤਾ ਆਪਣੇ ਡੀ.ਐਨ.ਏ ਦਾ ਅੱਧਾ ਹਿੱਸਾ ਹੀ ਯੋਗਦਾਨ ਵਜੋਂ ਦਿੰਦੇ ਹਨ। ਪ੍ਰਜਨਨ ਅਕਸਰ ਅਸਮਾਨ ਹੁੰਦਾ ਹੈ ਜਿਸ ਵਿੱਚ ਬਹੁਤ ਸਾਰੀਆਂ ਪ੍ਰਜਾਤੀਆਂ ਦੀਆਂ ਮਾਦਾ ਬੱਚੇ ਪੈਦਾ ਕਰਨ, ਜਨਮ ਦੇਣ ਜਾਂ ਆਂਡੇ ਸੇਕਣ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਨਰਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਊਰਜਾ ਲਗਾਉਂਦੀਆਂ ਹਨ।
ਇਸ ਦੇ ਉਲਟ ਬਿਨ੍ਹਾਂ ਸੈਕਸ ਵਾਲਾ ਪ੍ਰਜਨਨ ਇੱਕ ਵਧੀਆ ਸੌਦਾ ਜਾਪਦਾ ਹੈ। ਨਾ ਕੋਈ ਸਾਥੀ ਲੱਭਣ ਦੀ ਲੋੜ ਹੁੰਦੀ ਹੈ ਅਤੇ ਤੁਸੀਂ ਆਪਣੇ ਜੀਨਾਂ ਦਾ ਸੌ ਫ਼ੀਸਦੀ ਹਿੱਸਾ ਅੱਗੇ ਪਹੁੰਚਾ ਸਕਦੇ ਹੋ।
ਫਿਰ ਵੀ ਜੀਵਨ ਦੇ ਇਤਿਹਾਸ ਵਿੱਚ ਸੈਕਸ ਜ਼ਰੀਏ ਪ੍ਰਜਨਨ ਹੀ ਪ੍ਰਮੁੱਖ ਹੈ। ਨੀਦਰਲੈਂਡ ਦੀ ਐਮਸਟਰਡੈਮ ਯੂਨੀਵਰਸਿਟੀ ਦੇ ਇੱਕ ਵਿਕਾਸਵਾਦੀ ਜੀਵ ਵਿਗਿਆਨੀ ਡੇਵ ਸਪਾਈਜ਼ਰ ਦਾ ਕਹਿਣਾ ਹੈ, "ਜੇਕਰ ਤੁਸੀਂ ਸਮੁੱਚੀ ਤਸਵੀਰ 'ਤੇ ਨਜ਼ਰ ਮਾਰੋ ਤਾਂ 99.9 ਫ਼ੀਸਦੀ ਪ੍ਰਜਨਨ ਹੀ ਹੈ।"
ਸੈਕਸ ਜ਼ਰੀਏ ਪ੍ਰਜਨਨ ਦੌਰਾਨ ਮਾਤਾ ਪਿਤਾ ਦੇ ਡੀ.ਐਨ.ਏ ਨੂੰ ਰੀਕੌਂਬੀਨੇਸ਼ਨ ਨਾਮੀ ਪ੍ਰਕਿਰਿਆ ਰਾਹੀਂ ਆਪਸ ਵਿੱਚ ਬਦਲਿਆ ਜਾਂਦਾ ਹੈ ਜਿਸ ਨਾਲ ਹਰੇਕ ਬੱਚੇ ਨੂੰ ਜੀਨਾਂ ਦਾ ਵਿਲੱਖਣ ਸੁਮੇਲ ਮਿਲਦਾ ਹੈ।

ਇਸ ਦਾ ਮਤਲਬ ਇਹ ਹੈ ਕਿ ਲਿੰਗੀ ਪ੍ਰਜਨਨ ਵਾਲੀਆਂ ਪ੍ਰਜਾਤੀਆਂ ਵਿੱਚ ਆਮ ਤੌਰ 'ਤੇ ਜ਼ਿਆਦਾ ਜੈਨੇਟਿਕ ਵਿਭਿੰਨਤਾ ਹੁੰਦੀ ਹੈ ਕਿਉਂਕਿ ਹਰ ਜੀਵ ਕੋਲ ਜੀਨਾਂ ਦਾ ਇੱਕ ਵੱਖਰਾ ਸੁਮੇਲ ਹੁੰਦਾ ਹੈ ਜੋ ਆਮ ਤੌਰ ਤੇ ਕਿਸੇ ਪ੍ਰਜਾਤੀ ਦੇ ਬਚਾਅ ਲਈ ਫਾਇਦੇਮੰਦ ਹੁੰਦਾ ਹੈ।
ਲਿੰਗੀ ਪ੍ਰਜਨਨ ਸੁਰੱਖਿਆ ਵੀ ਪ੍ਰਦਾਨ ਕਰਦਾ ਹੈ। ਇਸ ਜੈਨੇਟਿਕ ਅਦਲਾਂ-ਬਦਲੀ ਤੋਂ ਬਿਨ੍ਹਾਂ ਜੀਨੋਮ ਨੂੰ ਇੱਕ ਹੌਲੀ ਪਰ ਲਗਾਤਾਰ ਵਧਣ ਵਾਲੇ ਖ਼ਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਮੁਲਰਜ਼ ਰੈਚੇਟ ਕਿਹਾ ਜਾਂਦਾ ਹੈ। ਸਪਾਈਜਰ ਸਮਝਾਉਂਦੇ ਹਨ ਕਿ ਜਦੋਂ ਡੀ.ਐਨ.ਏ ਦੀ ਨਕਲ ਹੁੰਦੀ ਹਾ ਤਾਂ ਉਸ ਵਿੱਚ ਹਮੇਸ਼ਾ ਕੁਝ ਗਲਤੀਆਂ ਰਹਿ ਜਾਂਦੀਆਂ ਹਨ।
ਸੈਕਸ ਜ਼ਰੀਏ ਪ੍ਰਜਨਨ ਕਰਨ ਵਾਲੀਆਂ ਪ੍ਰਜਾਤੀਆਂ ਵਿੱਚ ਇਨ੍ਹਾਂ ਗਲਤੀਆਂ ਨੂੰ ਜੀਨ ਪੂਲ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ ਪਰ ਕਲੋਨਲ(ਬਿਨ੍ਹਾਂ ਸੈਕਸ ਪ੍ਰਜਨਨ ਵਾਲੀਆਂ) ਪ੍ਰਜਾਤੀਆਂ ਵਿਚ ਇਹ ਗਲਤੀਆਂ ਵਾਰ ਵਾਰ ਅਗਲੀ ਪੀੜ੍ਹੀ ਤੱਕ ਪਹੁੰਚਦੀਆਂ ਰਹਿੰਦੀਆਂ ਹਨ।
ਸਮੇਂ ਦੇ ਨਾਲ ਇਹ ਨੁਕਸਾਨਦੇਹ ਤਬਦੀਲੀਆਂ ਇੱਕ ਪਾਸੜ ਰੈਚੇਟ ਦੇ ਨਿਸ਼ਾਨਾਂ ਵਾਂਗ ਇਕੱਠੀਆਂ ਹੁੰਦੀਆਂ ਜਾਂਦੀਆਂ ਹਨ- ਜੋ ਜੀਨੋਮ ਨੂੰ ਇੱਕ ਇੱਕ ਕਲਿਕ ਕਰਕੇ ਤਬਾਹ ਕਰਦੀਆਂ ਹਨ ਜਦੋਂ ਤੱਕ ਉਹ ਪ੍ਰਜਾਤੀ ਅਲੋਪ ਨਹੀਂ ਹੋ ਜਾਂਦੀ।
ਸੈਕਸ ਤੋਂ ਬਿਨ੍ਹਾਂ ਪ੍ਰਫੁੱਲਿਤ ਹੋਣਾ

ਤਸਵੀਰ ਸਰੋਤ, Charles Krebs via Alamy
ਇਸ ਧਾਰਨਾ ਮੁਤਾਬਕ ਅਲਿੰਗੀ ਪ੍ਰਜਾਤੀਆਂ ਦਾ ਜੀਵਨ ਛੋਟਾ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਜੈਨੇਟਿਕ ਪਤਨ ਤੈਅ ਹੈ। ਫਿਰ ਵੀ ਕੁਝ ਪ੍ਰਜਾਤੀਆਂ ਜਿਵੇਂ ਕਿ ਐਮਾਜ਼ਾਨ ਮੌਲੀ ਨਾ ਸਿਰਫ਼ ਬਚੀਆਂ ਹੋਈਆਂ ਹਨ ਬਲਕਿ ਪ੍ਰਫੁੱਲਿਤ ਵੀ ਹੋ ਰਹੀਆਂ ਹਨ।
ਸਪਾਈਜਰ ਦਾ ਮੰਨਣਾ ਹੈ ਕਿ ਇਸ ਉਲਝਣ ਦਾ ਕੁਝ ਹਿੱਸਾ ਇਸ ਗੱਲ ਤੋਂ ਪੈਦਾ ਹੋ ਸਕਦਾ ਹੈ ਕਿ ਇਸ ਸਿਧਾਂਤ ਦੀ ਵਿਆਖਿਆ ਕਿਸ ਤਰ੍ਹਾਂ ਕੀਤੀ ਜਾਂਦੀ ਹੈ।
ਉਹ ਕਹਿੰਦੇ ਹਨ ਕਿ ਲਿੰਗੀ ਪ੍ਰਜਨਨ 'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਇਸ ਨੂੰ ਸਮੁੱਚੇ ਜੀਵਨ 'ਤੇ ਇੱਕ ਵਿਆਪਕ ਪਾਬੰਦੀ ਵਜੋਂ ਸਮਝਣਾ ਬਿਹਤਰ ਹੈ। ਕਿਸੇ ਵੀ ਪ੍ਰਣਾਲੀ ਕੋਲ ਜੈਨੇਟਿਕ ਗਲਤੀਆਂ ਦੇ ਪ੍ਰਬੰਧਨ ਦਾ ਇੱਕ ਤਰੀਕਾ ਹੋਣਾ ਚਾਹੀਦਾ ਹੈ ਅਤੇ ਲਿੰਗੀ ਪ੍ਰਜਨਨ ਅਜਿਹੀਆਂ ਰਣਨੀਤੀਆਂ ਵਿੱਚੋਂ ਸਿਰਫ਼ ਇੱਕ ਹੈ।
ਇਸ ਨਜ਼ਰੀਏ ਤੋਂ ਦੇਖੀਏ ਤਾਂ ਲੰਮੇ ਸਮੇਂ ਤੱਕ ਜਿਉਂਦੀਆਂ ਰਹਿਣ ਵਾਲੀਆਂ ਅਲਿੰਗੀ ਪ੍ਰਜਾਤੀਆਂ ਜ਼ਰੂਰੀ ਨਹੀਂ ਕਿ ਵਿਕਾਸਵਾਦ ਦੇ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹੋਣ ਬਲਕਿ ਉਹ ਇਨ੍ਹਾਂ ਤੋਂ ਬਚਣ ਦੇ ਬਦਲ ਲੱਭ ਰਹੀਆਂ ਹਨ।
ਐਨੀਮਲ ਕਿੰਗਡਮ ਵਿੱਚ ਕਈ ਅਜਿਹੇ ਅਲਿੰਗੀ ਜੀਵ ਹਨ ਜੋ ਸਿਧਾਂਤ ਦੇ ਅਨੁਮਾਨ ਨਾਲੋਂ ਕਿਤੇ ਜ਼ਿਆਦਾ ਲੰਬੇ ਸਮੇਂ ਤੱਕ ਹੋਂਦ ਵਿੱਚ ਰਹੇ ਮਹਿਸੂਸ ਹੁੰਦੇ ਹਨ, ਝਾੜੀਆਂ ਵਿੱਚ ਰਹਿਣ ਵਾਲੇ ਸਟਿਕ-ਇਨਸੈਕਟਸ ਤੋਂ ਲੈ ਕੇ ਸੂਖਮ ਜੀਵਾਂ ਤੱਕ।
ਐਮਾਜ਼ਾਨ ਮੌਲੀ ਪ੍ਰਜਾਤੀਆਂ ਦੇ ਇੱਕ ਅਜਿਹੇ ਖਾਸ 'ਸਿਰਫ਼ ਮਾਦਾਵਾਂ ਵਾਲੇ ਕਲੱਬ' ਨਾਲ ਸਬੰਧਤ ਹੈ ਜੋ ਪੀੜ੍ਹੀ ਦਰ ਪੀੜੀ ਪਿਤਾ ਤੋਂ ਬਿਨ੍ਹਾਂ ਜਿਉਣ ਲਈ ਵਚਨਬੱਧ ਹੈ। ਇਹ ਲੰਬੇ ਸਮੇਂ ਤੱਕ ਜਿਉਂਦੀਆਂ ਰਹਿਣ ਵਾਲੀਆਂ ਅਲਿੰਗੀ ਪ੍ਰਜਾਤੀਆਂ ਮੁਲਰਜ਼ ਰੈਚੇਟ ਵੱਲੋਂ ਨਿਰਧਾਰਤ ਕਿਸਮਤ ਤੋਂ ਕਿਵੇਂ ਬਚਦੀਆਂ ਜਾਪਦੀਆਂ ਹਨ, ਇਹ ਹਾਲੇ ਵੀ ਬਹਿਸ ਦਾ ਵਿਸ਼ਾ ਹੈ।
ਇੱਕ ਕਾਪੀ-ਪੇਸਟ ਸਿਸਟਮ

ਤਸਵੀਰ ਸਰੋਤ, OsakaWayne Studios via Getty Images
ਰਾਈਸਮੇਅਰ ਦਾ ਕਹਿਣਾ ਹੈ ਕਿ ਨਵੀਂ ਖੋਜ ਇਸ ਉਲਝਣ ਦੇ ਪਹਿਲਾਂ ਤੋਂ ਗੁੰਮ ਹੋਏ ਇੱਕ ਹਿੱਸੇ 'ਤੇ ਰੌਸ਼ਨੀ ਪਾਉਂਦੀ ਹੈ।
ਉਹ ਕਹਿੰਦੇ ਹਨ,"ਅਤੇ ਇਹ ਹਿੱਸਾ ਸੀ ਜੀਨ ਕਨਵਰਸ਼ਨ"
ਇਹ ਇੱਕ ਜੈਨੇਟਿਕ ਰਿਪੇਅਰ ਦਾ ਰੂਪ ਹੈ ਅਤੇ ਸਿਰਫ਼ ਐਮਾਜ਼ਾਨ ਮੌਲੀ ਤੱਕ ਹੀ ਸੀਮਤ ਨਹੀਂ ਹੈ। ਇਹ ਮਨੁੱਖਾਂ ਸਮੇਤ ਕਈ ਜੀਵਾਂ ਵਿੱਚ ਹੁੰਦਾ ਹੈ।
ਸਾਡੇ ਜਿਹੀਆਂ ਲਿੰਗੀ ਪ੍ਰਜਨਨ ਵਾਲੀਆਂ ਪ੍ਰਜਾਤੀਆਂ ਵਿੱਚ ਹਰੇਕ ਜੀਵ ਕੋਲ ਆਮ ਤੌਰ 'ਤੇ ਜ਼ਿਆਦਾਤਰ ਜੀਨਾਂ ਦੀਆਂ ਦੋ ਕਾਪੀਆਂ ਹੁੰਦੀਆਂ ਹਨ- ਇੱਕ ਮਾਂ ਵੱਲੋਂ ਅਤੇ ਇੱਕ ਪਿਤਾ ਵੱਲੋਂ।
ਉਦਾਹਰਨ ਵਜੋਂ ਜਦੋਂ ਯੂ.ਵੀ ਰੇਡੀਏਸ਼ਨ ਕਾਰਨ ਡੀ.ਐਨ.ਏ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਸੈੱਲ ਕਦੇ-ਕਦਾਈਂ ਦੂਜੀ ਕਾਪੀ ਦੀ ਰਿਪੇਅਰ ਲਈ ਇੱਕ ਜੀਨ ਦੀ ਕਾਪੀ ਨੂੰ ਇੱਕ ਟੈਂਪਲੇਟ ਵਜੋਂ ਵਰਤ ਸਕਦੇ ਹਨ।
ਜੀਨ ਕਨਵਰਸ਼ਨ ਨਾਮੀ ਇਹ ਪ੍ਰਕਿਰਿਆ ਸਮੇਂ ਦੇ ਨਾਲ ਇੱਕ ਜੀਨ ਦੀਆਂ ਦੋਹਾਂ ਕਾਪੀਆਂ ਨੂੰ ਇੱਕ ਦੂਜੇ ਦੇ ਸਮਾਨ ਬਣਾ ਸਕਦੀ ਹੈ।
ਮਨੁੱਖਾਂ ਅਤੇ ਬਹੁਤ ਸਾਰੇ ਜਾਨਵਰਾਂ ਵਿੱਚ ਇਹ ਪ੍ਰਣਾਲੀ ਮੁੱਖ ਤੌਰ 'ਤੇ ਇੱਕ ਬੈਕਗਰਾਊਂਡ ਪ੍ਰਕਿਰਿਆ ਵਜੋਂ ਕੰਮ ਕਰਦੀ ਹੈ ਜੋ ਡੀ.ਐਨ.ਏ ਦੇ ਨੁਕਸਾਨ ਨੂੰ ਚੁੱਪਚਾਪ ਠੀਕ ਕਰਦੀ ਹੈ ਜਦੋਂ ਵੀ ਇਹ ਪੈਦਾ ਹੁੰਦਾ ਹੈ। ਪਰ ਐਮਾਜ਼ਾਨ ਮੌਲੀ ਵਿੱਚ ਇਹ ਇਸਦੇ ਜੀਨੋਮ ਨੂੰ ਬਣਾਈ ਰੱਖਣ ਵਿੱਚ ਕਿਤੇ ਜ਼ਿਆਦਾ ਪ੍ਰਮੁੱਖ ਅਤੇ ਮੁੱਖ ਭੂਮਿਕਾ ਨਿਭਾਉਂਦੀ ਜਾਪਦੀ ਹੈ।
ਇਸ ਲਈ ਹੁਣ ਹਰ ਐਮਾਜ਼ਾਨ ਮੌਲੀ ਵਿੱਚ ਦੋ ਪੂਰਵਜ ਪ੍ਰਜਾਤੀਆਂ ਦੇ ਜੀਨ ਹੁੰਦੇ ਹਨ। ਜੋ ਇਸ ਪ੍ਰਜਾਤੀ ਨੂੰ ਸ਼ੁਰੂਆਤ ਤੋਂ ਹੀ ਉੱਚ ਜੈਨੇਟਿਕ ਵਿਭਿੰਨਤਾ ਪ੍ਰਦਾਨ ਕਰਦੀ ਹੈ ਜੋ ਕਿ ਮੁਲਰਜ਼ ਰੈਚੇਟ ਖ਼ਿਲਾਫ਼ ਸੰਖ ਜੈਵਿਕ ਬੜ੍ਹਤ ਹੈ।
ਇਹ ਦੋਹਰੀ ਵਿਰਾਸਤ ਹੀ ਸ਼ਾਇਦ ਮੌਲੀ ਦੀ ਇਸ ਵੱਡੇ ਪੱਧਰ 'ਤੇ ਜੀਨ ਕਨਵਰਸ਼ਨ ਕਰਨ ਦੀ ਸਮਰੱਥਾ ਦੀ ਕੁੰਜੀ ਹੈ। ਕਿਉਂਕਿ ਉਸ ਦੀਆਂ ਮਾਤਾ-ਪਿਤਾ ਪ੍ਰਜਾਤੀਆਂ ਆਪਸ ਵਿੱਚ ਕਾਫ਼ੀ ਮਿਲਦੀਆਂ ਹਨ ਇਸ ਲਈ ਉਨ੍ਹਾਂ ਦੇ ਜੀਨ ਜ਼ਿਆਦਾਤਰ ਇੱਕੋ ਜਿਹੇ ਕੰਮ ਕਰਨ ਲਈ ਕਾਫ਼ੀ ਇੱਕੋ ਜਿਹੇ ਹਨ ਪਰ ਨਾਲ ਹੀ ਉਹ ਇੰਨੇ ਵੱਖਰੇ ਵੀ ਹਨ ਕਿ ਮੁਰੰਮਤ ਲਈ ਕਈ ਤਰ੍ਹਾਂ ਦੇ ਟੈਂਪਲੇਟ ਪ੍ਰਦਾਨ ਕਰ ਸਕਦੇ ਹਨ।
ਇਸ ਦੇ ਨਾਲ ਹੀ ਹੈਰਾਨੀਜਨਕ ਗੱਲ ਇਹ ਹੈ ਕਿ ਜੀਨੋਮ ਦੇ ਕੁਝ ਹਿੱਸਿਆਂ ਵਿੱਚ ਜੀਨ ਕਨਵਰਸ਼ਨ ਦੂਜੇ ਹਿੱਸਿਆਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਦਿਖਾਈ ਦਿੰਦੀ ਹੈ।
ਰਾਈਸਮੇਅਰ ਦਾ ਕਹਿਣਾ ਹੈ, "ਜਿਸ ਤਰ੍ਹਾਂ ਦੀਆਂ ਤਬਦੀਲੀਆਂ ਦੇ ਸਭ ਤੋਂ ਮਾੜੇ, ਸਭ ਤੋਂ ਖਤਰਨਾਕ ਅਤੇ ਸਭ ਤੋਂ ਨੁਕਸਾਨਦੇਹ ਹੋਣ ਦੀ ਉਮੀਦ ਹੈ, ਜੀਨੋਮ ਵਿੱਚ ਉਹੀ ਬਿਲਕੁਲ ਅਜਿਹੀਆਂ ਥਾਂਵਾਂ ਹਨ ਜਿੱਥੇ ਅਸੀਂ ਜੀਨ ਕਨਵਰਸ਼ਨ ਨੂੰ ਸਭ ਤੋਂ ਵੱਧ ਹੁੰਦੇ ਦੇਖਦੇ ਹਾਂ।"
ਇਸ ਦਾ ਨਤੀਜਾ ਇੱਕ ਅਜਿਹੀ ਪ੍ਰਜਾਤੀ ਵਜੋਂ ਸਾਹਮਣੇ ਆਉਂਦਾ ਹੈ ਜੋ ਇੱਕ ਲੱਖ ਸਾਲਾਂ ਤੱਕ ਬਿਨ੍ਹਾਂ ਲਿੰਗੀ ਸੰਬੰਧਾਂ ਦੇ ਰਹਿਣ ਦੇ ਬਾਵਜੂਦ ਸ਼ਾਨਦਾਰ ਰੂਪ ਵਿੱਚ ਚੰਗੀ ਜੈਨੇਟਿਕ ਸਿਹਤ ਵਿੱਚ ਦਿਖਾਈ ਦਿੰਦੀ ਹੈ।
ਮਨੁੱਖੀ ਜੀਵ ਵਿਗਿਆਨ ਲਈ ਪ੍ਰਭਾਵ

ਤਸਵੀਰ ਸਰੋਤ, DEA/C.DANI/De Agostini via Getty Images
ਜੈਨੇਟਿਕ ਗਲਤੀਆਂ ਨਾਲ ਨਜਿੱਠਣ ਦੇ ਇਨ੍ਹਾਂ ਬਦਲਾਂ ਨੂੰ ਸਮਝਣਾ ਸਿਰਫ਼ ਐਮਾਜ਼ਾਨ ਮੌਲੀ ਤੱਕ ਹੀ ਸੀਮਤ ਨਹੀਂ ਹੈ ਬਲਕਿ ਇਸ ਦੇ ਪ੍ਰਭਾਵ ਮਨੁੱਖੀ ਜੀਵ ਵਿਗਿਆਨ ਲਈ ਵੀ ਹੋ ਸਕਦੇ ਹਨ।
ਆਖਿਰਕਾਰ, ਨੁਕਸਾਨਦੇਹ ਤਬਦੀਲੀਆਂ ਸਿਰਫ਼ ਅਲਿੰਗੀ ਪ੍ਰਜਾਤੀਆਂ ਵਿੱਚ ਹੀ ਨਹੀਂ ਹੁੰਦੀਆਂ।
ਰਾਈਸਮੇਅਰ ਕਹਿੰਦੇ ਹਨ, "ਕੈਂਸਰ ਤਬਦੀਲੀਆਂ ਦੀ ਹੀ ਇੱਕ ਬਿਮਾਰੀ ਹੈ।"
ਹਾਲਾਂਕਿ ਉਹ ਆਪਣੀ ਖੋਜ ਦੇ ਪ੍ਰਭਾਵ ਨੂੰ ਬਹੁਤ ਵਧਾ-ਚੜ੍ਹਾ ਕੇ ਨਾ ਦੱਸਣ ਬਾਰੇ ਸਾਵਧਾਨ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਅਜਿਹੀ ਚੀਜ਼ ਜੋ ਜੈਨੇਟਿਕ ਤਬਦੀਲੀਆਂ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਕੁਦਰਤ ਦੀਆਂ ਰਣਨੀਤੀਆਂ ਬਾਰੇ ਸਾਡੀ ਸਮਝ ਨੂੰ ਵਧਾ ਸਕਦੀ ਹੈ ਉਹ ਲੰਬੇ ਸਮੇਂ ਮਦਦਗਾਰ ਸਾਬਤ ਹੋਵੇਗੀ।
ਕੀ ਐਮਾਜ਼ਾਨ ਮੌਲੀ ਨੇ ਲਿੰਗੀ ਪ੍ਰਜਨਨ ਦੀ ਅਦਲਾ-ਬਦਲੀ ਕਰਨ ਦੀ ਸ਼ਕਤੀ ਦਾ ਇੱਕ ਸਥਿਰ ਬਦਲ ਵਿਕਸਿਤ ਕਰ ਲਿਆ ਹੈ, ਇਹ ਹਾਲੇ ਵੀ ਇੱਕ ਖੁੱਲ੍ਹਾ ਸਵਾਲ ਹੈ। ਵਿਗਿਆਨੀ ਹਾਲੇ ਵੀ ਇਹ ਨਹੀਂ ਜਾਣਦੇ ਕਿ ਜੀਨ ਕਨਵਰਸ਼ਨ ਕਿੰਨੇ ਸਮੇਂ ਤੱਕ ਮੁਲਰਜ਼ ਰੈਚੇਟ ਨੂੰ ਰੋਕ ਕੇ ਰੱਖ ਸਕਦੀ ਹੈ।
ਪਰ ਜਿਸ ਮੱਛੀ ਬਾਰੇ ਵਿਕਾਸਵਾਦ ਸਿਧਾਂਤ ਨੇ ਕਦੇ ਇਹ ਕਿਹਾ ਸੀ ਕਿ ਉਸ ਦਾ ਕੋਈ ਵਜੂਦ ਨਹੀਂ ਹੋਣਾ ਚਾਹੀਦਾ, ਉਸ ਦੀ ਜੈਨੇਟਿਕ ਸਿਹਤ ਦੀ ਤਸਵੀਰ ਉਮੀਦ ਤੋਂ ਕਿਤੇ ਜ਼ਿਆਦਾ ਮਜ਼ਬੂਤ ਹੈ।
ਰਾਈਸਮੇਅਰ ਕਹਿੰਦੇ ਹਨ, " ਅਸੀਂ ਸੋਚਦੇ ਸੀ ਕਿ ਜੀਨੋਮ ਨੂੰ ਸਿਹਤਮੰਦ ਰੱਖਣ ਦਾ ਇੱਕੋ ਇੱਕ ਸਹੀ ਤਰੀਕਾ ਲਿੰਗੀ ਪ੍ਰਜਨਨ ਹੀ ਹੈ ਪਰ ਹੁਣ ਸਾਨੂੰ ਪਤਾ ਲੱਗਿਆ ਹੈ ਕਿ ਨਹੀਂ, ਇੱਕ ਹੋਰ ਤਰੀਕਾ ਵੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












