ਮੁੱਖ ਮੰਤਰੀ ਨੂੰ ਕਾਲਾ ਝੰਡਾ ਦਿਖਾਉਣ ਵਾਲੇ ਨੌਜਵਾਨ ਵੱਲੋਂ ਲਾਏ ਕੁੱਟਮਾਰ ਦੇ ਇਲਜ਼ਾਮਾਂ 'ਤੇ ਕੀ ਬੋਲੀ ਪੁਲਿਸ, ਜਾਣੋ ਕੀ ਹੈ ਪੂਰਾ ਮਾਮਲਾ

ਸੀਐੱਮ ਮਾਨ ਨੂੰ ਕਾਲਾ ਝੰਡਾ ਦਿਖਾਉਣ ਵਾਲੇ ਨੌਜਵਾਨ ਮੋਹਣਜੀਤ ਸਿੰਘ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ

ਤਸਵੀਰ ਸਰੋਤ, Kulveer Singh/BBC

ਤਸਵੀਰ ਕੈਪਸ਼ਨ, ਸੀਐੱਮ ਮਾਨ ਨੂੰ ਕਾਲਾ ਝੰਡਾ ਦਿਖਾਉਣ ਵਾਲੇ ਨੌਜਵਾਨ ਮੋਹਣਜੀਤ ਸਿੰਘ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ
    • ਲੇਖਕ, ਕੁਲਵੀਰ ਸਿੰਘ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਕਾਲਾ ਝੰਡਾ ਦਿਖਾਉਣ ਵਾਲੇ ਨੌਜਵਾਨ ਵੱਲੋਂ ਲਾਏ ਕੁੱਟਮਾਰ ਦੇ ਇਲਜ਼ਾਮਾਂ 'ਤੇ ਸਿਆਸਤ ਗਰਮਾ ਗਈ ਹੈ।

ਮੋਹਣਜੀਤ ਸਿੰਘ ਵੱਲੋਂ ਕਥਿਤ ਤੌਰ 'ਤੇ ਸੁਨਾਮ ਪੁਲਿਸ ਅਫ਼ਸਰਾਂ 'ਤੇ ਹਿਰਾਸਤ ਦੌਰਾਨ ਉਸ ਨਾਲ ਅਣਮਨੁੱਖੀ ਵਤੀਰਾ ਕਰਨ ਦੇ ਇਲਜ਼ਾਮ ਲਗਾਏ ਹਨ। ਉਧਰ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਪੇਸ਼ੀ ਤੋਂ ਪਹਿਲਾਂ ਮੋਹਣਜੀਤ ਸਿੰਘ ਦਾ ਜਦੋਂ ਮੈਡੀਕਲ ਕਰਵਾਇਆ ਗਿਆ ਸੀ ਤਾਂ ਡਾਕਟਰਾਂ ਦੀ ਰਿਪੋਰਟ ਮੁਤਾਬਕ ਉਸ ਦੇ ਸਰੀਰ ਉੱਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ।

ਪਰ ਇਸ ਘਟਨਾਕ੍ਰਮ ਤੋਂ ਬਾਅਦ ਵਿਰੋਧੀ ਧਿਰਾਂ ਸਵਾਲ ਚੁੱਕ ਰਹੀਆਂ ਅਤੇ ਸਬੰਧਿਤ ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੀਆਂ ਹਨ।

ਉਧਰ ਮੋਹਣਜੀਤ ਸਿੰਘ ਨੇ ਇਨਸਾਫ ਦੀ ਮੰਗ ਨੂੰ ਲੈਕੇ 6 ਸਤੰਬਰ ਨੂੰ ਸੰਗਰੂਰ ਐੱਸਐੱਸਪੀ ਦਫ਼ਤਰ ਅੱਗੇ ਇਕੱਠ ਦਾ ਸੱਦਾ ਦਿੱਤਾ ਹੈ।

2 ਸਤੰਬਰ ਨੂੰ ਕੀ ਹੋਇਆ ਸੀ ?

ਸੀਐੱਮ ਮਾਨ ਦੇ ਪ੍ਰੋਗਰਾਮ ਦੀ ਤਸਵੀਰ

ਤਸਵੀਰ ਸਰੋਤ, Kulveer Singh/BBC

ਤਸਵੀਰ ਕੈਪਸ਼ਨ, 2 ਸਤੰਬਰ ਨੂੰ ਸੀਐੱਮ ਮਾਨ ਵੱਲੋਂ ਸੁਨਾਮ ਦੇ ਪਿੰਡ ਸ਼ੇਰੋਂ ਵਿਖੇ ਲੋਕ ਮਿਲਣੀ ਪ੍ਰੋਗਰਾਮ ਕੀਤਾ ਗਿਆ ਸੀ

ਬੀਬੀਸੀ ਸਹਿਯੋਗੀ ਕੁਲਵੀਰ ਸਿੰਘ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 2 ਸਤੰਬਰ ਨੂੰ ਸੰਗਰੂਰ ਦੇ ਹਲਕੇ ਸੁਨਾਮ ਦੇ ਪਿੰਡ ਸ਼ੇਰੋਂ 'ਚ ਲੋਕ ਮਿਲਣੀ ਪ੍ਰੋਗਰਾਮ ਕੀਤਾ ਗਿਆ ਸੀ। ਇਸ ਦੌਰਾਨ ਮੋਹਣਜੀਤ ਸਿੰਘ ਨਾਂਅ ਦੇ ਇੱਕ ਨੌਜਵਾਨ ਵੱਲੋਂ ਇੱਕ ਘਰ ਦੀ ਛੱਤ 'ਤੇ ਚੜ੍ਹ ਕੇ ਮੁੱਖ ਮੰਤਰੀ ਨੂੰ ਕਾਲਾ ਝੰਡਾ ਦਿਖਾਇਆ ਗਿਆ।

ਮੋਹਣਜੀਤ ਸਿੰਘ ਮੁਤਾਬਕ ਉਹ ਸੀਐੱਮ ਮਾਨ ਤੋਂ ਨਸ਼ਿਆਂ ਬਾਰੇ ਸਵਾਲ ਕਰਨਾ ਚਾਹੁੰਦਾ ਸੀ ਅਤੇ ਉਸ ਵੱਲੋਂ ਸ਼ਾਂਤਮਈ ਢੰਗ ਨਾਲ ਮੁੱਖ ਮੰਤਰੀ ਨੂੰ ਰੋਸ ਵਜੋਂ ਕਾਲਾ ਝੰਡਾ ਦਿਖਾਇਆ ਗਿਆ ਸੀ। ਮੋਹਣਜੀਤ ਸਿੰਘ ਦਾ ਇਲਜ਼ਾਮ ਹੈ ਕਿ ਸੁਨਾਮ ਪੁਲਿਸ ਦੇ ਅਫ਼ਸਰਾਂ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਹਿਰਾਸਤ ਦੌਰਾਨ ਉਸ ਨਾਲ ਅਣਮਨੁੱਖੀ ਵਤੀਰਾ ਕੀਤਾ ਗਿਆ।

ਪੁਲਿਸ ਵੱਲੋਂ ਰਾਤ ਭਰ ਮੋਹਣਜੀਤ ਸਿੰਘ ਨੂੰ ਥਾਣੇ ਰੱਖਣ ਤੋਂ ਬਾਅਦ ਅਗਲੀ ਸਵੇਰ ਐੱਸਡੀਐੱਮ ਅੱਗੇ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਜ਼ਮਾਨਤ ਮਿਲ ਗਈ।

ਮੋਹਣਜੀਤ ਸਿੰਘ ਦਾ ਇਲਜ਼ਾਮ ਹੈ ਕਿ ਜ਼ਮਾਨਤ ਮਿਲਣ ਦੇ ਬਾਵਜੂਦ ਪੁਲਿਸ ਵੱਲੋਂ ਉਸਨੂੰ ਡਰਾਇਆ ਧਮਕਾਇਆ ਗਿਆ। ਫਿਲਹਾਲ ਉਹ ਹਸਪਤਾਲ ਵਿੱਚ ਜ਼ੇਰ-ਏ-ਇਲਾਜ ਹੈ।

 ਮੋਹਣਜੀਤ ਸਿੰਘ ਕਾਲਾ ਝੰਡਾ ਦਿਖਾਉਂਦੇ ਹੋਏ

ਤਸਵੀਰ ਸਰੋਤ, Kulveer Singh/BBC

ਤਸਵੀਰ ਕੈਪਸ਼ਨ, ਸੀਐੱਮ ਦੇ ਸਮਾਗਮ ਦੌਰਾਨ ਮੋਹਣਜੀਤ ਸਿੰਘ ਵੱਲੋਂ ਕੁਝ ਦੂਰੀ ਉੱਤੇ ਛੱਤ 'ਤੇ ਚੜ੍ਹ ਕੇ ਕਾਲਾ ਝੰਡਾ ਦਿਖਾਇਆ ਗਿਆ ਸੀ

ਇਲਜ਼ਾਮਾਂ 'ਤੇ ਕੀ ਬੋਲੀ ਸੰਗਰੂਰ ਪੁਲਿਸ ?

ਸੰਗਰੂਰ ਐੱਸਐੱਸਪੀ ਰਵਜੋਤ ਕੌਰ ਗਰੇਵਾਲ ਪ੍ਰੈਸ ਕਾਨਫਰੰਸ ਕਰਦੇ ਹੋਏ

ਤਸਵੀਰ ਸਰੋਤ, Charanjeev Kaushal/ BBC

ਤਸਵੀਰ ਕੈਪਸ਼ਨ, ਸੰਗਰੂਰ ਐੱਸਐੱਸਪੀ ਰਵਜੋਤ ਕੌਰ ਗਰੇਵਾਲ ਵੱਲੋਂ ਮੋਹਣਜੀਤ ਸਿੰਘ ਵੱਲੋਂ ਲਾਏ ਇਲਜ਼ਾਮਾਂ ਬਾਬਤ ਪ੍ਰੈਸ ਕਾਨਫਰੰਸ ਕੀਤੀ ਗਈ

ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਮੁਤਾਬਕ ਮੋਹਣਜੀਤ ਸਿੰਘ ਵੱਲੋਂ ਲਾਏ ਕੁੱਟਮਾਰ ਦੇ ਇਲਜ਼ਾਮਾਂ ਨੂੰ ਲੈ ਕੇ ਸੰਗਰੂਰ ਦੇ ਐੱਸਐੱਸਪੀ ਰਵਜੋਤ ਕੌਰ ਗਰੇਵਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ।

ਐੱਸਐੱਸਪੀ ਰਵਜੋਤ ਕੌਰ ਗਰੇਵਾਲ ਨੇ ਕਿਹਾ, "ਪੇਸ਼ੀ ਤੋਂ ਪਹਿਲਾਂ ਮੋਹਣਜੀਤ ਸਿੰਘ ਦਾ ਜਦੋਂ ਮੈਡੀਕਲ ਕਰਵਾਇਆ ਗਿਆ ਸੀ ਤਾਂ ਡਾਕਟਰਾਂ ਦੀ ਰਿਪੋਰਟ ਮੁਤਾਬਕ ਉਸ ਦੇ ਸਰੀਰ ਉੱਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ ਜਦੋਂਕਿ ਜ਼ਮਾਨਤ ਮਿਲਣ ਤੋਂ ਬਾਅਦ ਜਦੋਂ ਉਹ ਹਸਪਤਾਲ ਭਰਤੀ ਹੋਇਆ ਤਾਂ ਉਸ ਦੇ ਸਰੀਰ ਉੱਤੇ ਸੱਟਾਂ ਸਨ ਅਤੇ ਡਾਕਟਰਾਂ ਦੀ ਰਿਪੋਰਟ ਮੁਤਾਬਕ ਇਹ ਸੱਟਾਂ ਦੋ ਤੋਂ ਛੇ ਘੰਟੇ ਪਹਿਲਾਂ ਦੀਆਂ ਸਨ ਨਾ ਕਿ ਉਸ ਸਮੇਂ ਦੀਆਂ ਜਦੋਂ ਉਹ ਪੁਲਿਸ ਹਿਰਾਸਤ ਵਿੱਚ ਸੀ।"

ਐੱਸਐੱਸਪੀ ਮੁਤਾਬਕ ਮੋਹਣਜੀਤ ਸਿੰਘ ਦੇ ਬਿਆਨ ਅਤੇ ਡਾਕਟਰਾਂ ਦੀ ਰਿਪੋਰਟ ਆਪਸ ਵਿੱਚ ਮੇਲ ਨਹੀਂ ਖਾ ਰਹੀਆਂ। ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।

ਸੰਗਰੂਰ ਪੁਲਿਸ ਦੇ ਡੀਐੱਸਪੀ ਦਲਬੀਰ ਸਿੰਘ ਸਿੱਧੂ

ਤਸਵੀਰ ਸਰੋਤ, Charanjeev Kaushal/ BBC

ਤਸਵੀਰ ਕੈਪਸ਼ਨ, ਮੋਹਣਜੀਤ ਸਿੰਘ ਵੱਲੋਂ ਲਾਏ ਕੁੱਟਮਾਰ ਦੇ ਇਲਜ਼ਾਮਾਂ 'ਤੇ ਬੋਲਦੇ ਹੋਏ ਸੰਗਰੂਰ ਪੁਲਿਸ ਦੇ ਡੀਐੱਸਪੀ ਦਲਬੀਰ ਸਿੰਘ ਸਿੱਧੂ

ਇਸ ਤੋਂ ਪਹਿਲਾਂ ਸੰਗਰੂਰ ਪੁਲਿਸ ਦੇ ਡੀਐੱਸਪੀ ਦਲਬੀਰ ਸਿੰਘ ਸਿੱਧੂ ਨੇ ਮੋਹਣਜੀਤ ਵੱਲੋਂ ਲਾਏ ਕੁੱਟਮਾਰ ਦੇ ਇਲਜ਼ਾਮਾਂ 'ਤੇ ਬਿਆਨ ਦਿੱਤਾ ਸੀ। ਡੀਐੱਸਪੀ ਨੇ ਕਿਹਾ ਕਿ ਐੱਸਡੀਐੱਮ ਅੱਗੇ ਪੇਸ਼ ਕਰਨ ਤੋਂ ਪਹਿਲਾਂ ਮੋਹਣਜੀਤ ਸਿੰਘ ਦਾ ਮੈਡੀਕਲ ਕਰਵਾਇਆ ਗਿਆ ਸੀ। ਐੱਮਐੱਲਆਰ ਰਿਪੋਰਟ ਵਿੱਚ ਮੋਹਣਜੀਤ ਦੇ ਸਰੀਰ 'ਤੇ ਜੋ ਸੱਟਾਂ ਆਈਆਂ ਹਨ, ਇਸ ਬਾਬਤ ਜਾਂਚ ਦੀ ਜ਼ਿੰਮੇਵਾਰੀ ਸੰਗਰੂਰ ਪੁਲਿਸ ਦੇ ਅਫ਼ਸਰਾਂ ਨੂੰ ਸੌਂਪ ਦਿੱਤੀ ਗਈ ਹੈ। ਜਾਂਚ ਦੇ ਆਧਾਰ 'ਤੇ ਅੱਗੇ ਕਾਰਵਾਈ ਦਾ ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ।

ਹਾਲਾਂਕਿ ਡੀਐੱਸਪੀ ਨੇ ਕਿਹਾ ਕਿ ਮੋਹਣਜੀਤ 'ਤੇ ਪਹਿਲਾਂ ਵੀ ਅੱਠ ਦੇ ਕਰੀਬ ਮਾਮਲੇ ਦਰਜ ਹਨ, ਜਿਸ ਵਿੱਚ 307 ਸਣੇ ਹੋਰ ਕਈ ਧਾਰਾਵਾਂ ਹੇਠ ਮਾਮਲੇ ਦਰਜ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੋਹਣਜੀਤ ਦਾ ਡੋਪ ਟੈਸਟ ਵੀ ਕਰਵਾਇਆ ਗਿਆ ਸੀ ਜੋ ਪੌਜ਼ੀਟਿਵ ਆਇਆ ਹੈ।

ਹਾਲਾਂਕਿ ਮੋਹਣਜੀਤ ਸਿੰਘ ਦੇ ਪਰਿਵਾਰ ਮੁਤਾਬਕ ਉਸ ਨੂੰ ਜ਼ਬਰਨ ਨਸ਼ਾ ਖਵਾ ਕੇ ਡੋਪ ਟੈਸਟ ਕਰਵਾਇਆ ਗਿਆ ਸੀ, ਜਿਸ ਨੂੰ ਉਹ ਨਹੀਂ ਮੰਨਦੇ। ਪਰਿਵਾਰ ਦੁਬਾਰਾ ਮੈਡੀਕਲ ਅਤੇ ਡੋਪ ਟੈਸਟ ਕਰਵਾਉਣ ਦੀ ਗੱਲ ਆਖ ਰਿਹਾ।

ਜਥੇਦਾਰ ਨੇ ਕੀ ਕਿਹਾ?

ਜਥੇਦਾਰ ਕੁਲਦੀਪ ਸਿੰਘ ਗੜਗੱਜ

ਤਸਵੀਰ ਸਰੋਤ, Bimal Saini/BBC

ਤਸਵੀਰ ਕੈਪਸ਼ਨ, ਜਥੇਦਾਰ ਗੜਗੱਜ ਵੱਲੋਂ ਇਸ ਪੂਰੇ ਮਾਮਲੇ ਦੀ ਨਿਖੇਧੀ ਕੀਤੀ ਗਈ ਹੈ

ਬੀਬੀਸੀ ਸਹਿਯੋਗੀ ਬਿਮਲ ਸੈਣੀ ਦੀ ਰਿਪੋਰਟ ਮੁਤਾਬਕ ਮੋਹਣਜੀਤ ਸਿੰਘ ਵੱਲੋਂ ਲਾਏ ਇਲਜ਼ਾਮਾਂ 'ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵੀ ਬਿਆਨ ਸਾਹਮਣੇ ਆਇਆ। ਉਨ੍ਹਾਂ ਨੌਜਵਾਨ ਨਾਲ ਕਥਿਤ ਤੌਰ 'ਤੇ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਉਨ੍ਹਾਂ ਖ਼ਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।

ਜਥੇਦਾਰ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸ਼ਾਂਤਮਈ ਢੰਗ ਨਾਲ ਕਾਲਾ ਝੰਡਾ ਦਿਖਾਉਣਾ ਨੌਜਵਾਨ ਦਾ ਜਮਹੂਰੀ ਹੱਕ ਹੈ ਪਰ ਪੁਲਿਸ ਵੱਲੋਂ ਉਸ ਨਾਲ ਗੈਰ-ਕਾਨੂੰਨੀ ਢੰਗ ਨਾਲ ਸਲੂਕ ਕੀਤਾ ਗਿਆ।

ਮੋਹਣਜੀਤ ਨੂੰ ਹਸਪਤਾਲ ਮਿਲਣ ਪਹੁੰਚੇ ਸਿਆਸੀ ਆਗੂ ਕੀ ਬੋਲੇ

ਪ੍ਰਤਾਪ ਸਿੰਘ ਬਾਜਵਾ ਅਤੇ ਵਿਜੇਇੰਦਰ ਸਿੰਗਲਾ ਮੋਹਣਜੀਤ ਸਿੰਘ ਨੂੰ ਮਿਲਦੇ ਹੋਏ

ਤਸਵੀਰ ਸਰੋਤ, Charanjeev Kaushal/ BBC

ਤਸਵੀਰ ਕੈਪਸ਼ਨ, ਪ੍ਰਤਾਪ ਸਿੰਘ ਬਾਜਵਾ ਅਤੇ ਵਿਜੇਇੰਦਰ ਸਿੰਗਲਾ ਵੱਲੋਂ ਹਸਪਤਾਲ ਵਿੱਚ ਮੋਹਣਜੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ

ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਦੀ ਰਿਪੋਰਟ ਮੁਤਾਬਕ ਪੰਜਾਬ ਵਿਧਾਨ ਸਭਾ ਵਿੱਚ ਆਗੂ ਵਿਰੋਧੀ ਧਿਰ ਅਤੇ ਕਾਂਗਰਸ ਲੀਡਰ ਪ੍ਰਤਾਪ ਸਿੰਘ ਬਾਜਵਾ, ਵਿਜੇਇੰਦਰ ਸਿੰਗਲਾ ਸੰਗਰੂਰ ਹਸਪਤਾਲ ਵਿੱਚ ਦਾਖ਼ਲ ਮੋਹਣਜੀਤ ਸਿੰਘ ਨਾਲ ਮੁਲਾਕਾਤ ਕਰਨ ਪਹੁੰਚੇ।

ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਬਾਬਤ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਚਿੱਠੀ ਲਿਖ ਮਾਮਲੇ ਦੀ ਨਿਰਪੱਖ, ਪਾਰਦਰਸ਼ੀ ਅਤੇ ਸਮਾਂਬੱਧ ਜਾਂਚ ਦੀ ਮੰਗ ਕੀਤੀ ਗਈ ਹੈ।

ਚਿੱਠੀ ਵਿੱਚ ਉਨ੍ਹਾਂ ਮੰਗ ਕੀਤੀ ਹੈ ਕਿ ਮੋਹਣਜੀਤ ਸਿੰਘ ਦਾ ਨਿਰਪੱਖ ਤੌਰ 'ਤੇ ਮੈਡੀਕਲ ਕਰਵਾਇਆ ਜਾਵੇ ਅਤੇ ਮੁਲਜ਼ਮ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਹੋਣ ਤੱਕ ਸਸਪੈਂਡ ਕੀਤੇ ਜਾਣ।

ਸੁਖਬੀਰ ਸਿੰਘ ਬਾਦਲ ਨੇ ਵੀ ਮੋਹਣਜੀਤ ਸਿੰਘ ਨਾਲ ਮੁਲਾਕਾਤ ਕੀਤੀ

ਤਸਵੀਰ ਸਰੋਤ, Charanjeev Kaushal/ BBC

ਤਸਵੀਰ ਕੈਪਸ਼ਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮੋਹਣਜੀਤ ਸਿੰਘ ਨਾਲ ਮੁਲਾਕਾਤ ਕੀਤੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਸਪਤਾਲ ਵਿੱਚ ਜ਼ੇਰ-ਏ-ਇਲਾਜ ਮੋਹਣਜੀਤ ਸਿੰਘ ਨਾਲ ਮੁਲਾਕਾਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਲੋਕਤੰਤਰ ਵਿੱਚ ਵਿਰੋਧ ਕਰਨਾ ਕਿਸੇ ਵੀ ਨਾਗਰਿਕ ਦਾ ਹੱਕ ਹੈ। ਮੋਹਣਜੀਤ ਸਿੰਘ ਨੇ ਦੂਰ ਤੋਂ ਹੀ ਮੁੱਖ ਮੰਤਰੀ ਦਾ ਵਿਰੋਧ ਕੀਤਾ ਸੀ। ਉਹ ਨੇੜੇ ਨਹੀਂ ਗਿਆ।"

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਡੀਜੀਪੀ ਨਾਲ ਗੱਲ ਕਰ ਸੁਨਾਮ ਦੇ ਡੀਐੱਸਪੀ ਨੂੰ ਡਿਸਮਿਸ ਕਰਨ ਦੀ ਮੰਗ ਕੀਤੀ ਹੈ।

ਬੀਜੇਪੀ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਚੁੱਕਿਆ ਮੁੱਦਾ

ਬੀਜੇਪੀ ਲੀਡਰਸ਼ਿਪ ਮੋਹਣਜੀਤ ਸਿੰਘ ਨਾਲ ਮੁਲਾਕਾਤ ਕਰਦੇ ਹੋਏ

ਤਸਵੀਰ ਸਰੋਤ, Charanjeev Kaushal/ BBC

ਤਸਵੀਰ ਕੈਪਸ਼ਨ, ਸੀਐੱਮ ਮਾਨ ਦੇ ਚਚੇਰੇ ਭਰਾ ਅਤੇ ਬੀਜੇਪੀ ਆਗੂ ਗਿਆਨ ਮਾਨ ਸਣੇ ਹੋਰ ਬੀਜੇਪੀ ਲੀਡਰਸ਼ਿਪ ਵੀ ਹਸਪਤਾਲ ਪਹੁੰਚੀ

ਬੀਜੇਪੀ ਆਗੂ ਅਤੇ ਰਾਜ ਸਭਾ ਮੈਂਬਰ ਤਰੁਣ ਚੁਘ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਚਿੱਠੀ ਲਿਖ ਇਸ ਮਾਮਲੇ ਦਾ ਸੂ-ਮੋਟੋ ਨੋਟਿਸ ਲੈਣ ਦੀ ਮੰਗ ਕੀਤੀ ਹੈ।

ਉਨ੍ਹਾਂ ਮਾਮਲੇ ਦੀ ਜਾਂਚ ਲਈ ਇੱਕ ਟੀਮ ਦਾ ਗਠਨ ਕਰਨ ਅਤੇ ਸਬੰਧਿਤ ਪੁਲਿਸ ਮੁਲਾਜ਼ਮਾਂ ਖਿਲਾਫ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ। ਨਾਲ ਹੀ ਮੋਹਣਜੀਤ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਅਤੇ ਜ਼ਰੂਰੀ ਮੈਡੀਕਲ ਮਦਦ ਮੁਹੱਈਆ ਕਰਵਾਉਣ ਦੀ ਵੀ ਮੰਗ ਰੱਖੀ।

ਉਧਰ ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਇਸ ਮਾਮਲੇ ਦੀ ਨਿੰਦਾ ਕੀਤੀ। ਸੀਐੱਮ ਮਾਨ ਦੇ ਚਚੇਰੇ ਭਰਾ ਅਤੇ ਬੀਜੇਪੀ ਆਗੂ ਗਿਆਨ ਮਾਨ ਸਣੇ ਹੋਰ ਬੀਜੇਪੀ ਲੀਡਰਸ਼ਿਪ ਨੇ ਵੀ ਹਸਪਤਾਲ ਵਿੱਚ ਮੋਹਣਜੀਤ ਸਿੰਘ ਨਾਲ ਮੁਲਾਕਾਤ ਕੀਤੀ।

ਕੌਣ ਹੈ ਮੋਹਣਜੀਤ ਸਿੰਘ ?

ਮੋਹਣਜੀਤ ਸਿੰਘ

ਤਸਵੀਰ ਸਰੋਤ, Mohanjeet Singh Sidhu/fb

ਤਸਵੀਰ ਕੈਪਸ਼ਨ, ਮੋਹਣਜੀਤ ਸਿੰਘ ਆਪਣੇ ਫੇਸਬੁੱਕ ਪੇਜ ਉੱਤੇ ਕਾਫੀ ਸਰਗਰਮ ਹੈ

ਸੁਨਾਮ ਦੇ ਪਿੰਡ ਸ਼ੇਰੋਂ ਦਾ ਰਹਿਣ ਵਾਲਾ ਹੈ। ਉਸ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਤੋਂ ਹੀ ਕੀਤੀ ਹੈ ਜਦੋਂਕਿ ਗ੍ਰੈਜੂਏਸ਼ਨ ਮਸਤੂਆਣਾ ਕਾਲਜ ਤੋਂ ਕੀਤੀ ਹੈ।

ਪਰਿਵਾਰ ਵਿੱਚ ਮਾਤਾ-ਪਿਤਾ, ਪਤਨੀ ਅਤੇ ਦੋ ਪੁੱਤਰ ਹਨ। ਮੋਹਣਜੀਤ ਸਿੰਘ ਮੁਤਾਬਕ ਉਸ ਉੱਪਰ ਕਈ ਅਪਰਾਧਿਕ ਮਾਮਲੇ ਦਰਜ ਹੋਏ ਸਨ ਪਰ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਸਮਾਜਸੇਵਾ ਦੇ ਕੰਮਾਂ ਨਾਲ ਜੁੜਿਆ ਹੋਇਆ ਹੈ।

ਉਸ ਵੱਲੋਂ ਆਪਣੇ ਇਲਾਕੇ ਵਿੱਚ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਉਹ ਲਗਾਤਾਰ ਸੋਸ਼ਲ ਮੀਡੀਆ ਉੱਤੇ ਇਸ ਬਾਬਤ ਵੀਡੀਓਜ਼ ਪਾਉਂਦਾ ਹੈ। ਮੋਹਣਜੀਤ ਸਿੰਘ ਮੁਤਾਬਕ ਉਹ ਮੁੱਖ ਮੰਤਰੀ ਮਾਨ ਤੋਂ ਨਸ਼ਿਆਂ ਦੇ ਮੁੱਦੇ ਉੱਤੇ ਸਵਾਲ ਪੁੱਛਣਾ ਚਾਹੁੰਦਾ ਸੀ। ਉਸ ਦਾ ਇਲਜ਼ਾਮ ਹੈ ਕਿ ਪੁਲਿਸ ਵੱਲੋਂ ਉਸ ਉੱਤੇ ਵੀਡੀਓਜ਼ ਹਟਾਉਣ ਦਾ ਦਬਾਅ ਪਾਇਆ ਜਾ ਰਿਹਾ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)