ਬ੍ਰੈਸਟ ਕੈਂਸਰ ਦੇ ਲੱਖਾਂ ਮਰੀਜ਼ ਕਿਵੇਂ ਕੀਮੋਥੈਰੇਪੀ ਤੋਂ ਬਚ ਸਕਦੇ ਹਨ, ਜਾਣੋ ਨਵੀਂ ਖੋਜ ਕੀ ਕਹਿੰਦੀ ਹੈ

ਤਸਵੀਰ ਸਰੋਤ, Getty Images
- ਲੇਖਕ, ਐਲੀਸੀਆ ਕਰੀ
- ਰੋਲ, ਬੀਬੀਸੀ ਨਿਊਜ਼
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਦੁਨੀਆ ਭਰ ਵਿੱਚ ਛਾਤੀ ਦੇ ਕੈਂਸਰ ਭਾਵ ਬ੍ਰੈਸਟ ਕੈਂਸਰ ਦੇ ਲੱਖਾਂ ਮਰੀਜ਼ ਸੁਰੱਖਿਅਤ ਢੰਗ ਨਾਲ ਕੀਤੀ ਜਾਣ ਵਾਲੀ ਕੀਮੋਥੈਰੇਪੀ ਤੋਂ ਬਚ ਸਕਦੇ ਹਨ, ਕਿਉਂਕਿ ਵਿਗਿਆਨੀਆਂ ਨੇ ਇੱਕ ਅਜਿਹਾ ਡੀਐੱਨਏ ਟੈਸਟ ਵਿਕਸਿਤ ਕੀਤਾ ਹੈ ਜੋ ਇਹ ਪਛਾਣ ਸਕਦਾ ਹੈ ਕਿ ਕਿਹੜੇ ਮਰੀਜ਼ਾਂ ਨੂੰ ਇਸ ਇਲਾਜ ਤੋਂ ਫ਼ਾਇਦਾ ਹੋਵੇਗਾ ਅਤੇ ਕਿਹੜਿਆਂ ਨੂੰ ਨਹੀਂ।
ਇਹ ਗੱਲ ਟ੍ਰਾਇਲ ਦੇ ਨਤੀਜਿਆਂ ਤੋਂ ਸਾਹਮਣੇ ਆਈ ਹੈ।
ਇਸ ਅੰਤਰਰਾਸ਼ਟਰੀ ਅਧਿਐਨ ਵਿੱਚ ਪਾਇਆ ਗਿਆ ਕਿ ਟ੍ਰਾਇਲ ਵਿੱਚ ਸ਼ਾਮਲ ਦੋ-ਤਿਹਾਈ ਤੋਂ ਵੱਧ ਮਰੀਜ਼ਾਂ ਨੂੰ ਕੀਮੋਥੈਰੇਪੀ ਦੇ ਸਾਈਡ ਇਫ਼ੈਕਟਸ ਤੋਂ ਬਚਾਇਆ ਜਾ ਸਕਦਾ ਹੈ ਅਤੇ ਸਿਰਫ਼ ਹਾਰਮੋਨ ਥੈਰੇਪੀ ਨਾਲ ਉਨ੍ਹਾਂ ਦਾ ਇਲਾਜ ਕੀਤਾ ਜਾ ਸਕਦਾ ਹੈ।
ਕੀਮੋਥੈਰੇਪੀ ਕਾਰਨ ਥਕਾਵਟ, ਜੀਅ ਘਬਰਾਉਣਾ, ਵਾਲ ਝੜਨਾ, ਰੋਗ-ਰੋਧਕ ਸਮਰੱਥਾ ਘਟਣਾ ਅਤੇ ਪ੍ਰਜਨਨ ਸਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਯੂਨੀਵਰਸਿਟੀ ਕਾਲਜ ਲੰਦਨ ਦੀ ਅਗਵਾਈ ਵਿੱਚ ਕੀਤੇ ਗਏ ਇਸ ਅਧਿਐਨ ਵਿੱਚ ਯੂਕੇ, ਨਾਰਵੇ, ਸਵੀਡਨ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਥਾਈਲੈਂਡ ਵਿੱਚ 40 ਸਾਲ ਤੋਂ ਵੱਧ ਉਮਰ ਦੇ 4,000 ਤੋਂ ਜ਼ਿਆਦਾ ਨਵੇਂ ਮਰੀਜ਼ ਸ਼ਾਮਲ ਹੋਏ।
ਵਿਗਿਆਨੀਆਂ ਨੇ 'ਪ੍ਰੋਸਿਗਨਾ' ਨਾਮ ਦੇ ਜੀਨ ਟੈਸਟ ਦੀ ਵਰਤੋਂ ਕੀਤੀ, ਜੋ ਬ੍ਰੈਸਟ ਕੈਂਸਰ ਦੇ ਵਾਧੇ ਨਾਲ ਜੁੜੇ 50 ਜੀਨਾਂ ਦੀ ਗਤੀਵਿਧੀ ਨੂੰ ਮਾਪਦਾ ਹੈ ਅਤੇ ਬਿਮਾਰੀ ਦੇ ਮੁੜ ਵਾਪਸ ਆਉਣ ਦੇ ਖ਼ਤਰੇ ਦਾ ਅੰਦਾਜ਼ਾ ਲਗਾਉਂਦਾ ਹੈ।
ਜਿਨ੍ਹਾਂ ਨੂੰ ਘੱਟ ਸਕੋਰ ਮਿਲਿਆ, ਮਤਲਬ ਸਮੂਹ ਦਾ ਦੋ-ਤਿਹਾਈ ਹਿੱਸਾ, ਉਨ੍ਹਾਂ ਨੂੰ ਕੀਮੋਥੈਰੇਪੀ ਨਹੀਂ ਦਿੱਤੀ ਗਈ।
ਪੰਜ ਸਾਲ ਬਾਅਦ ਉਨ੍ਹਾਂ ਦੀ ਜ਼ਿੰਦਾ ਰਹਿਣ ਦੀ ਦਰ 93.7% ਰਹੀ, ਜਦਕਿ ਕੀਮੋਥੈਰੇਪੀ ਲੈਣ ਵਾਲੇ ਮਰੀਜ਼ਾਂ ਵਿੱਚ ਇਹ ਦਰ 94.9% ਸੀ।
'ਤੁਸੀਂ ਸਿਰਫ਼ ਜਿਉਣਾ ਚਾਹੁੰਦੇ ਹੋ'
ਬ੍ਰੈਸਟ ਕੈਂਸਰ ਦਾ ਮੁੱਢਲਾ ਇਲਾਜ ਆਮ ਤੌਰ 'ਤੇ ਟਿਊਮਰ ਨੂੰ ਹਟਾਉਣ ਲਈ ਸਰਜਰੀ ਕਰਨਾ ਹੁੰਦਾ ਹੈ। ਇਸ ਤੋਂ ਬਾਅਦ ਬਿਮਾਰੀ ਦੇ ਮੁੜ ਵਾਪਸ ਆਉਣ ਦੇ ਖ਼ਤਰੇ ਨੂੰ ਘਟਾਉਣ ਲਈ ਅਕਸਰ ਕੀਮੋਥੈਰੇਪੀ ਦੀ ਸਲਾਹ ਦਿੱਤੀ ਜਾਂਦੀ ਹੈ।
ਇਹ ਸ਼ੁਰੂਆਤੀ ਪੜਾਅ ਦੇ ਉਨ੍ਹਾਂ ਮਰੀਜ਼ਾਂ ਨੂੰ ਵੀ ਦਿੱਤੀ ਜਾਂਦੀ ਹੈ, ਜਿਨ੍ਹਾਂ ਵਿੱਚ ਕੈਂਸਰ ਨੇੜਲੀਆਂ ਲਸਿਕਾ ਗ੍ਰੰਥੀਆਂ ਤੱਕ ਫੈਲ ਚੁੱਕਿਆ ਹੁੰਦਾ ਹੈ। ਯੂਸੀਐੱਲ ਨੇ ਕਿਹਾ ਕਿ ਡਾਕਟਰਾਂ ਨੂੰ ਚਿੰਤਾ ਹੈ ਕਿ ਬ੍ਰੈਸਟ ਕੈਂਸਰ ਦੇ ਸਭ ਤੋਂ ਆਮ ਪ੍ਰਕਾਰ ਵਿੱਚ ਇਹ ਇਲਾਜ ਬਹੁਤ ਘੱਟ ਫ਼ਾਇਦਾ ਦਿੰਦਾ ਹੈ।
ਯੂਨੀਵਰਸਿਟੀ ਦਾ ਕਹਿਣਾ ਹੈ ਕਿ ਇਸ ਟ੍ਰਾਇਲ ਦੇ ਨਤੀਜਿਆਂ ਨੂੰ ਦੇਖਦੇ ਹੋਏ ਹਰ ਸਾਲ ਐੱਨਐੱਚਐੱਸ ਦੇ 5,000 ਤੋਂ ਵੱਧ ਮਰੀਜ਼ ਕੀਮੋਥੈਰੇਪੀ ਤੋਂ ਬਚ ਸਕਦੇ ਹਨ।
ਕਾਰਡਿਫ਼ ਦੇ ਕੈਰਨ ਬੋਨਹੈਮ ਨੇ ਇਸ ਟ੍ਰਾਇਲ ਵਿੱਚ ਹਿੱਸਾ ਲਿਆ ਅਤੇ ਕਿਹਾ ਕਿ ਨਤੀਜੇ "ਬੇਹੱਦ ਰਾਹਤ ਦੇਣ ਵਾਲੇ ਹਨ ਅਤੇ 'ਕ੍ਰਿਸਮਸ ਵਰਗਾ' ਮਹਿਸੂਸ ਹੋ ਰਿਹਾ ਹੈ।" ਪ੍ਰੋਸਿਗਨਾ ਟੈਸਟ ਦੀ ਬਦੌਲਤ 64 ਸਾਲਾ ਬੋਨਹੈਮ ਕੀਮੋਥੈਰੇਪੀ ਤੋਂ ਬਚ ਗਏ ਅਤੇ ਪਿਛਲੇ ਅੱਠ ਸਾਲਾਂ ਤੋਂ ਰੇਡੀਓਥੈਰੇਪੀ ਅਤੇ ਹਾਰਮੋਨ ਥੈਰੇਪੀ ਲੈ ਰਹੇ ਹਨ।
ਉਨ੍ਹਾਂ ਕਿਹਾ, "ਕੈਂਸਰ ਦੀ ਪਛਾਣ ਅਤੇ ਇਲਾਜ ਹੈਰਾਨ ਕਰ ਦੇਣ ਵਾਲਾ ਹੁੰਦਾ ਹੈ। ਇਹ ਤੁਹਾਨੂੰ ਅਨਿਸ਼ਚਿਤਤਾ ਦੀ ਦੁਨੀਆ ਵਿੱਚ ਧੱਕ ਦਿੰਦਾ ਹੈ। ਜ਼ਿੰਦਗੀ ਦੀਆਂ ਤਰਜੀਹਾਂ ਬਦਲ ਜਾਂਦੀਆਂ ਹਨ, ਤੁਸੀਂ ਸਿਰਫ਼ ਜਿਉਣਾ ਚਾਹੁੰਦੇ ਹੋ।"
ਇਸ ਅਧਿਐਨ ਦੇ ਨਤੀਜੇ ਦੁਨੀਆ ਦੇ ਸਭ ਤੋਂ ਵੱਡੇ ਕੈਂਸਰ ਸੰਮੇਲਨ, ਅਮਰੀਕਨ ਸੁਸਾਇਟੀ ਆਫ਼ ਕਲੀਨਿਕਲ ਓਨਕੋਲੋਜੀ ਦੀ ਸਾਲਾਨਾ ਮੀਟਿੰਗ ਵਿੱਚ ਸ਼ਨੀਵਾਰ ਨੂੰ ਸ਼ਿਕਾਗੋ, ਅਮਰੀਕਾ ਵਿੱਚ ਪੇਸ਼ ਕੀਤੇ ਜਾਣਗੇ।
ਇੱਕ ਪ੍ਰਮੁੱਖ ਕੈਂਸਰ ਮਾਹਰ, ਡੇਵਿਸ ਮਾਇਲਸ ਨੇ ਇਨ੍ਹਾਂ ਨਤੀਜਿਆਂ ਨੂੰ "ਇਲਾਜ ਦਾ ਤਰੀਕਾ ਬਦਲਣ ਵਾਲੇ" ਕਰਾਰ ਦਿੱਤਾ।
ਉਨ੍ਹਾਂ ਬੀਬੀਸੀ ਨਿਊਜ਼ਆਵਰ ਨੂੰ ਦੱਸਿਆ, "ਹੁਣ ਅਸੀਂ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਮਰੀਜ਼ਾਂ ਨੂੰ ਇਸ ਤੋਂ ਕੋਈ ਫ਼ਾਇਦਾ ਨਹੀਂ ਮਿਲੇਗਾ ਅਤੇ ਇਸ ਲਈ ਉਨ੍ਹਾਂ ਨੂੰ ਕੀਮੋਥੈਰੇਪੀ ਦੀ ਲੋੜ ਨਹੀਂ ਹੈ।"
ਉਨ੍ਹਾਂ ਕਿਹਾ ਕਿ ਇਹ ਟੈਸਟ ਡਾਕਟਰਾਂ ਨੂੰ "ਸਪਸ਼ਟ ਤੌਰ 'ਤੇ ਉਨ੍ਹਾਂ ਵੱਡੀ ਗਿਣਤੀ ਵਾਲੀਆਂ ਔਰਤਾਂ ਦੀ ਪਛਾਣ ਕਰਨ ਵਿੱਚ ਮਦਦ ਕਰੇਗਾ, ਜਿਨ੍ਹਾਂ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ ਅਤੇ ਜਿਨ੍ਹਾਂ ਨੂੰ ਬਿਨਾਂ ਮਤਲਬ ਹੀ ਤਕਲੀਫ਼ ਵਿੱਚੋਂ ਨਹੀਂ ਲੰਘਣਾ ਪਵੇਗਾ।"
ਉਨ੍ਹਾਂ ਕਿਹਾ, "ਪਹਿਲਾਂ ਅਸੀਂ 100 ਔਰਤਾਂ ਨੂੰ ਕੀਮੋਥੈਰੇਪੀ ਦਿੰਦੇ ਸੀ ਤਾਂ ਜੋ 10 ਨੂੰ ਫ਼ਾਇਦਾ ਮਿਲ ਸਕੇ, ਜਦਕਿ ਸਾਨੂੰ ਪਤਾ ਹੁੰਦਾ ਸੀ ਕਿ 90 ਨੂੰ ਇਸ ਦੀ ਲੋੜ ਨਹੀਂ ਹੈ।"
ਇਲਾਜ ਦਾ ਤਰੀਕਾ ਬਦਲ ਜਾਵੇਗਾ

ਤਸਵੀਰ ਸਰੋਤ, Getty Images
ਤਾਨਿਆ ਹਟਸਨ ਨੂੰ 2022 ਵਿੱਚ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਸੀ ਅਤੇ ਇਲਾਜ ਦੇ ਹਿੱਸੇ ਵਜੋਂ ਉਨ੍ਹਾਂ ਨੂੰ ਕੀਮੋਥੈਰੇਪੀ ਦਿੱਤੀ ਗਈ ਸੀ। ਉਨ੍ਹਾਂ ਨੇ ਨਵੇਂ ਡੀਐੱਨਏ ਟੈਸਟ ਨੂੰ "ਬਿਲਕੁਲ ਅਦਭੁੱਤ" ਦੱਸਿਆ।
ਉਨ੍ਹਾਂ ਕਿਹਾ, "ਇਹ ਸਾਬਿਤ ਕਰਦਾ ਹੈ ਕਿ ਜਦੋਂ ਖੋਜ ਵਿੱਚ ਪੈਸਾ ਲਗਾਇਆ ਜਾਂਦਾ ਹੈ ਤਾਂ ਕੀ ਨਤੀਜੇ ਨਿਕਲਦੇ ਹਨ।"
ਉਨ੍ਹਾਂ ਇਹ ਵੀ ਕਿਹਾ ਕਿ ਕੀਮੋਥੈਰੇਪੀ "ਬੇਹੱਦ ਤਕਲੀਫ਼ਦੇਹ" ਰਹੀ। "ਉਨ੍ਹਾਂ ਸਾਰੇ ਲੋਕਾਂ ਲਈ ਜਿਨ੍ਹਾਂ ਨੂੰ ਇਸ ਦੀ ਲੋੜ ਨਹੀਂ ਹੈ ਪਰ ਫਿਰ ਵੀ ਦਿੱਤੀ ਜਾ ਰਹੀ ਹੈ, ਇਹ ਇੱਕ ਵੱਡਾ ਬਦਲਾਅ ਹੈ।"
ਯੂਨੀਵਰਸਿਟੀ ਕਾਲਜ ਲੰਦਨ ਮੁਤਾਬਕ, ਅਜੇ ਇਹ ਸਪਸ਼ਟ ਨਹੀਂ ਹੈ ਕਿ ਇਹ ਨਤੀਜੇ 40 ਸਾਲ ਤੋਂ ਘੱਟ ਉਮਰ ਦੇ ਲੋਕਾਂ 'ਤੇ ਲਾਗੂ ਹੋਣਗੇ ਜਾਂ ਨਹੀਂ। ਇਸ ਦਾ ਨਤੀਜਾ ਸਾਹਮਣੇ ਆਉਣ ਵਿੱਚ ਅਜੇ ਕਈ ਸਾਲ ਲੱਗਣਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













