ਅੱਤ ਦੀ ਗਰਮੀ ਵਿੱਚ ਕੰਮ ਕਰਦੀ ਆਸ਼ਾ ਵਰਕਰ ਨਾਲ ਬੀਬੀਸੀ ਨੇ ਗੁਜ਼ਾਰਿਆ ਇੱਕ ਦਿਨ, ਜਾਣੋ ਗਰਮੀ ਦੇ ਪ੍ਰਕੋਪ ਨੂੰ ਝੱਲਦਿਆਂ ਇਹ ਔਰਤਾਂ ਕਿਵੇਂ ਕਰ ਰਹੀਆਂ ਕੰਮ ?

ਤਸਵੀਰ ਸਰੋਤ, Mayank Mongia/BBC
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਦੁਪਹਿਰ ਦੇ 2 ਵਜੇ ਪੰਜਾਬ ਦੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦਾ ਇਲਾਕਾ ਮੁਗਲ ਮਾਜਰਾ, 45 ਡਿਗਰੀ ਤਾਪਮਾਨ ਦੇ ਨਾਲ ਤੱਪ ਰਿਹਾ ਹੈ।
ਘਰਾਂ ਬਾਹਰ ਗਲੀਆਂ ਵਿੱਚ ਕੋਈ ਟਾਵਾਂ-ਟਾਵਾਂ ਵਿਅਕਤੀ ਹੀ ਨਜ਼ਰ ਆਉਂਦਾ ਹੈ। ਜੇ ਕੋਈ ਲੰਘ ਵੀ ਰਿਹਾ ਹੈ ਤਾਂ ਸਿਰ, ਮੂੰਹ ਨੂੰ ਕਿਸੇ ਕੱਪੜੇ ਨਾਲ ਚੰਗੀ ਤਰ੍ਹਾਂ ਢੱਕ ਕੇ ਲੰਘ ਰਿਹਾ ਹੈ।
ਅਜਿਹੀ ਕੜਕਦੀ ਧੁੱਪ ਵਿੱਚ ਹੱਥ ਵਿੱਚ ਰਜਿਸਟਰ ਫੜ੍ਹ, ਮੋਢੇ 'ਤੇ ਕਾਲਾ ਬੈਗ ਟੰਗ, ਗੁਲਾਬੀ ਸੂਟ ਪਾ ਘਰ-ਘਰ ਜਾ ਰਹੀ ਇੱਕ 27 ਸਾਲਾ ਆਸ਼ਾ ਵਰਕਰ ਆਪਣੇ ਆਪ ਨੂੰ ਗਰਮੀ ਤੋਂ ਬਚਾਉਣ ਦੀ ਹਰ ਕੋਸ਼ਿਸ਼ ਕਰ ਰਹੀ ਹੈ ਪਰ ਉਸਦੀ ਹਰ ਕੋਸ਼ਿਸ਼ ਨਾਕਾਮ ਸਾਬਿਤ ਹੋ ਰਹੀ ਹੈ।
ਕਈ ਘਰਾਂ ਵਿੱਚ ਸਰਵੇ ਕਰਨ ਅਤੇ ਲੋੜੀਂਦਾ ਸਮਾਨ ਲੋਕਾਂ ਨੂੰ ਦੇਣ ਮਗਰੋਂ ਇਸ ਔਰਤ ਨੇ ਇੱਕ ਛਾਂ ਵਾਲੀ ਥਾਂ ਲੱਭੀ ਅਤੇ ਆਪਣੇ ਬੈਗ ਵਿੱਚੋਂ ਪਾਣੀ ਦੀ ਬੋਤਲ ਕੱਢ ਪਹਿਲਾਂ ਪਾਣੀ ਪੀਤਾ ਅਤੇ ਫਿਰ ਕੁਝ ਛਿੱਟੇ ਆਪਣੇ ਮੂੰਹ 'ਤੇ ਮਾਰੇ ਅਤੇ ਕੰਧ ਦਾ ਸਹਾਰਾ ਲੈ ਖੜ੍ਹੀ ਹੋ ਗਈ।
ਇਹ ਕਹਾਣੀ ਹੈ 27 ਸਾਲਾ ਪ੍ਰਿੰਸ ਰੋਜ਼ ਦੀ ਜੋ ਪੰਜਾਬ ਵਿੱਚ ਇੱਕ ਆਸ਼ਾ ਵਰਕਰ ਵਜੋਂ ਕੰਮ ਕਰਦੇ ਹਨ। ਪ੍ਰਿੰਸ ਰੋਜ਼ ਨੇ ਲਗਭਗ ਤਿੰਨ ਕੁ ਸਾਲ ਪਹਿਲਾਂ ਆਸ਼ਾ ਵਰਕਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ।
ਪ੍ਰਿੰਸ ਰੋਜ਼ ਆਪਣੇ ਪਤੀ ਅਤੇ ਬੇਟੀ ਨਾਲ ਮੰਡੀ ਗੋਬਿੰਦਗੜ੍ਹ ਵਿੱਚ ਹੀ ਰਹਿੰਦੇ ਹਨ।
ਮਈ ਮਹੀਨੇ ਵਿੱਚ ਪੰਜਾਬ ਭਿਆਨਕ ਗਰਮੀ ਨਾਲ ਜੂਝ ਰਿਹਾ ਸੀ। ਮੌਸਮ ਵਿਭਾਗ ਵੱਲੋਂ ਕਈ ਦਿਨ ਲਈ ਪੰਜਾਬ ਵਿੱਚ ਹੀਟ ਵੇਵ ਦਾ ਅਲਰਟ ਵੀ ਜਾਰੀ ਕੀਤਾ ਗਿਆ ਸੀ।
ਇਸ ਦੌਰਾਨ ਪੰਜਾਬ ਦੇ ਫਤਹਿਗੜ੍ਹ ਸਾਹਿਬ ਸਮੇਤ ਕਈ ਜ਼ਿਲ੍ਹਿਆਂ ਦਾ ਤਾਪਮਾਨ ਦਿਨ ਵੇਲੇ 45 ਡਿਗਰੀ ਤੱਕ ਪਹੁੰਚ ਜਾਂਦਾ ਸੀ।
ਹੀਟ ਵੇਵ ਦੇ ਇਨ੍ਹਾਂ ਦਿਨਾਂ ਵਿੱਚ ਬੀਬੀਸੀ ਪੰਜਾਬੀ ਦੀ ਟੀਮ ਨੇ ਤੱਪਦੀ ਧੁੱਪ ਵਿੱਚ ਕੰਮ ਕਰਦੀਆਂ ਆਸ਼ਾ ਵਰਕਰਾਂ ਵਿਚੋਂ ਇੱਕ ਆਸ਼ਾ ਵਰਕਰ ਪ੍ਰਿੰਸ ਰੋਜ਼ ਨਾਲ ਇੱਕ ਦਿਨ ਗੁਜ਼ਾਰਿਆ।
ਅਸੀਂ ਪ੍ਰਿੰਸ ਰੋਜ਼ ਨਾਲ ਬਿਤਾਏ ਇਕ ਦਿਨ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਏਅਰ ਕੰਡੀਸ਼ਨਰ ਦੇ ਜ਼ਮਾਨੇ ਵਿੱਚ ਸੜਕਾਂ 'ਤੇ ਕੰਮ ਕਰਦੀਆਂ ਔਰਤਾਂ ਆਖਰ ਕਿਵੇਂ ਏਨੀ ਗਰਮੀ ਨੂੰ ਸਹਿਣ ਕਰਦੀਆਂ ਹਨ।
ਅੱਤ ਦੀ ਗਰਮੀ ਵਿੱਚ ਕਿਵੇਂ ਕਰਦੇ ਕੰਮ ?

ਤਸਵੀਰ ਸਰੋਤ, Mayank Mongia/BBC
ਪ੍ਰਿੰਸ ਰੋਜ਼ ਸਵੇਰ ਹੁੰਦੇ ਹੀ ਘਰ ਦੇ ਕੰਮ ਨਿਪਟਾ ਕੇ ਆਪਣੀ 4 ਸਾਲਾ ਧੀ ਨੂੰ ਤਿਆਰ ਕਰਦੇ ਹਨ ਅਤੇ ਸਕੂਲ ਛੱਡ ਕੇ ਆਉਂਦੇ ਹਨ। ਕਦੇ-ਕਦੇ ਬੱਚੀ ਨੂੰ ਉਨ੍ਹਾਂ ਦੇ ਪਤੀ ਵੀ ਸਕੂਲ ਛੱਡ ਦਿੰਦੇ ਹਨ।
ਬੱਚੀ ਨੂੰ ਸਕੂਲ ਛੱਡਣ ਮਗਰੋਂ ਉਹ ਆਟੋ ਕਰਕੇ ਆਪਣੇ ਆਂਗਨਵਾੜੀ ਸੈਂਟਰ ਪਹੁੰਚਦੇ ਹਨ ਅਤੇ ਉੱਥੋਂ ਦਿਨ ਦਾ ਸਾਰਾ ਕੰਮ ਸਮਝ ਕੇ, ਸਮਾਨ ਲੈ ਕੇ ਆਪਣੇ ਬਲਾਕ ਵਿੱਚ ਪਹੁੰਚ ਜਾਂਦੇ ਹਨ।
ਇੱਥੇ ਲਗਭਗ 1000 ਘਰਾਂ ਵਿੱਚ ਉਨ੍ਹਾਂ ਨੇ ਸਰਕਾਰੀ ਨੀਤੀਆਂ, ਯੋਜਨਾਵਾਂ ਤਹਿਤ ਬੱਚਿਆਂ, ਗਰਭਵਤੀ ਔਰਤਾਂ, ਮਹਿਲਾਵਾਂ, ਨਵ-ਵਿਆਹੁਤਾ, ਬਜ਼ੁਰਗਾਂ ਨਾਲ ਜੁੜੀਆਂ ਸੇਵਾਵਾਂ ਬਾਰੇ ਜਾਣਕਾਰੀ ਇਕੱਠੀ ਕਰਨੀ ਹੁੰਦੀ ਹੈ ਜਾਂ ਉਨ੍ਹਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣੀਆਂ ਹੁੰਦੀਆਂ ਹਨ।
ਆਸ਼ਾ ਵਰਕਰ ਭਾਰਤ ਸਰਕਾਰ ਦੀ ਨੈਸ਼ਨਲ ਹੈਲਥ ਮਿਸ਼ਨ (NHM) ਤਹਿਤ ਕੰਮ ਕਰਦੀਆਂ ਹਨ। ਪੰਜਾਬ ਵਿੱਚ ਲਗਭਗ 22 ਹਜ਼ਾਰ ਦੇ ਕਰੀਬ ਆਸ਼ਾ ਵਰਕਰ ਕੰਮ ਕਰ ਰਹੀਆਂ ਹਨ। ਇਹ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿੱਚ ਸਰਕਾਰੀ ਸਿਹਤ ਯੋਜਨਾਵਾਂ ਅਤੇ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰਦੀਆਂ ਹਨ।
ਪ੍ਰਿੰਸ ਰੋਜ਼ ਕਿਵੇਂ ਬਣੇ ਆਸ਼ਾ ਵਰਕਰ ?

ਤਸਵੀਰ ਸਰੋਤ, Mayank Mongia/BBC
ਪ੍ਰਿੰਸ ਰੋਜ਼ ਨੇ ਏਐਨਐੱਮ ਦਾ ਡਿਪਲੋਮਾ ਕੀਤਾ ਹੋਇਆ ਹੈ। ਉਹ ਦੱਸਦੇ ਹਨ ਕਿ ਉਹਨਾਂ ਦੀ ਮਾਂ ਵੀ ਇੱਕ ਆਸ਼ਾ ਵਰਕਰ ਸਨ, ਪਰ ਜਦੋਂ ਉਹਨਾਂ ਦੀ ਮਾਂ ਦੀ ਮੌਤ ਹੋਈ ਤਾਂ ਉਹਨਾਂ ਨੂੰ ਆਸ਼ਾ ਵਰਕਰ ਦਾ ਕੰਮ ਕਰਨ ਦੀ ਆਫਰ ਮਿਲੀ, ਜਿਸਨੂੰ ਉਹਨਾਂ ਨੇ ਇਹ ਸੋਚ ਕੇ ਸਵੀਕਾਰ ਕਰ ਲਿਆ ਕਿ ਉਹ ਆਪਣੀ ਮਾਂ ਵਾਲੇ ਕੰਮ ਨੂੰ ਹੀ ਅਪਣਾਉਣਗੇ।
ਪ੍ਰਿੰਸ ਰੋਜ਼ ਕਹਿੰਦੇ ਹਨ, "ਆਸ਼ਾ ਵਰਕਰ ਦੇ ਤੌਰ 'ਤੇ ਉਹਨਾਂ ਨੂੰ ਪ੍ਰਤੀ ਮਹੀਨਾ 2500 ਰੁਪਏ ਮੁੱਢਲੀ ਤਨਖ਼ਾਹ ਮਿਲਦੀ ਹੈ ਅਤੇ ਨਾਲ ਹਰ ਕੰਮ ਦੇ ਮੁਤਾਬਕ ਇੰਸੈਂਟਿਵ ਮਿਲਦਾ ਹੈ। ਜਿਸਨੂੰ ਮਿਲਾ ਕੇ ਪ੍ਰਤੀ ਮਹੀਨੇ 4-5 ਹਜ਼ਾਰ ਰੁਪਏ ਬਣ ਜਾਂਦੇ ਹਨ।"
ਜਿਸ ਦਿਨ ਅਸੀਂ ਪ੍ਰਿੰਸ ਰੋਜ਼ ਨਾਲ ਗੱਲ ਕੀਤੀ, ਉਸ ਦਿਨ ਉਨ੍ਹਾਂ ਦੇ ਕੁਦਰਤੀ ਗਰਭਪਾਤ ਨੂੰ ਲਗਭਗ 10 ਕੁ ਦਿਨ ਹੀ ਬੀਤੇ ਸਨ। ਪੰਜ ਕੁ ਦਿਨ ਅਰਾਮ ਕਰਨ ਮਗਰੋਂ ਉਹ ਮੁੜ ਆਪਣੇ ਕੰਮ 'ਤੇ ਲੱਗ ਗਏ ਸਨ।
ਏਨੀ ਜਲਦੀ ਮੁੜ ਕੰਮ 'ਤੇ ਆਉਣ ਦਾ ਕਾਰਨ ਪੁੱਛਣ 'ਤੇ ਪ੍ਰਿੰਸ ਰੋਜ਼ ਨੇ ਦੱਸਿਆ, "ਬੱਚਾ ਨਹੀਂ ਬਚ ਸਕਿਆ ਇਸ ਗੱਲ ਦਾ ਦੁੱਖ ਹੈ, ਰੋਜ਼ੀ ਰੋਟੀ ਕਮਾਉਣ ਲਈ ਕੰਮ ਤਾਂ ਕਰਨਾ ਹੀ ਪੈਣਾ ਹੈ। ਜਦੋਂ ਮੈਂ ਸਰੀਰਕ ਤੌਰ 'ਤੇ ਠੀਕ ਮਹਿਸੂਸ ਕਰਨ ਲੱਗੀ ਤਾਂ ਮੈਂ ਮੁੜ ਕੰਮ 'ਤੇ ਆਉਣਾ ਸ਼ੁਰੂ ਕਰ ਦਿੱਤਾ। ਜੇ ਜ਼ਿਆਦਾ ਛੁੱਟੀ ਕਰਦੀ ਤਾਂ ਪੈਸੇ ਕੱਟੇ ਜਾਣੇ ਸੀ।"
ਘੱਟ ਤਨਖਾਹ 'ਤੇ ਕੰਮ ਕਰਨ ਲਈ ਮਜਬੂਰ

ਤਸਵੀਰ ਸਰੋਤ, Mayank Mongia/BBC
ਪ੍ਰਿੰਸ ਰੋਜ਼ ਕਹਿੰਦੇ ਹਨ, "ਗਰਮੀ ਹੋਵੇ ਜਾਂ ਸਰਦੀ, ਆਸ਼ਾ ਵਰਕਰਾਂ ਨੂੰ ਹਰ ਤਰ੍ਹਾਂ ਦੇ ਮੌਸਮ ਵਿੱਚ ਕੰਮ ਕਰਨਾ ਪੈਂਦਾ ਹੈ। ਜੇਕਰ ਕਿਸੇ ਗਰਭਵਤੀ ਔਰਤ ਨੂੰ ਦੇਰ ਰਾਤ ਮੀਂਹ ਪੈਂਦੇ 'ਚ ਵੀ ਹਸਪਤਾਲ ਲੈ ਕੇ ਜਾਣਾ ਪੈਂਦਾ ਹੈ ਤਾਂ ਅਸੀਂ ਜਾਂਦੇ ਹਾਂ। ਫਿਰ ਗਰਮੀ 'ਚ ਕੰਮ ਕਰਨਾ ਤਾਂ ਕੋਈ ਵੱਡੀ ਚੁਣੌਤੀ ਨਹੀਂ ਹੈ।"
ਉਹ ਕਹਿੰਦੇ ਹਨ, "ਕਈ ਵਾਰ ਮਹਿਸੂਸ ਹੁੰਦਾ ਹੈ ਕਿ ਗਰਮੀ 'ਚ ਤੁਰਦੇ ਹੋਏ ਚੱਕਰ ਆ ਰਹੇ ਹਨ ਪਰ ਪਿੰਡ ਵਿੱਚ ਘੁੰਮਦੇ-ਘੁੰਮਦੇ ਕੋਈ ਪੱਕੀ ਬੈਠਣ ਲਈ ਥਾਂ ਹੀ ਨਹੀਂ ਮਿਲਦੀ। ਅਜਿਹੇ 'ਚ ਆਪਣੇ ਆਪ ਕਿਤੇ ਛਾਂ ਵਾਲੀ ਥਾਂ ਦੇਖ ਕੇ ਖੜ੍ਹਨਾ ਜਾਂ ਬੈਠਣਾ ਪੈਂਦਾ ਹੈ। ਕੋਈ ਪਿੰਡ ਵਾਸੀ ਪੀਣ ਲਈ ਪਾਣੀ ਦੇ ਦਿੰਦਾ ਹੈ ਨਹੀਂ ਤਾਂ ਕਈ ਘਰ ਦਾ ਦਰਵਾਜ਼ਾ ਵੀ ਨਹੀਂ ਖੋਲ੍ਹਦੇ। ਬਾਹਰੋਂ ਦਰਵਾਜ਼ਾ ਖੜ੍ਹਕਾ ਕੇ ਵਾਪਸ ਮੁੜਨਾ ਪੈਂਦਾ ਹੈ।"
ਇਹ ਕੰਮ ਕਿਉਂ ਕਰਦੇ ਹੋ ਇਸਦੇ ਜਵਾਬ ਵਿੱਚ ਉਹ ਕਹਿੰਦੇ ਹਨ, "ਇਹ ਕੰਮ ਕਰਨਾ ਚੰਗਾ ਵੀ ਲੱਗਦਾ, ਪੈਸੇ ਭਾਵੇਂ ਘੱਟ ਬਣਦੇ ਹਨ ਪਰ ਲੋਕਾਂ ਦੀ ਸੇਵਾ ਕਰਕੇ ਚੰਗਾ ਲੱਗਦਾ ਹੈ। ਜੇ ਅਸੀਂ ਨਹੀਂ ਕਰਾਂਗੇ ਫਿਰ ਕੌਣ ਕਰੇਗਾ। ਲੋਕਾਂ ਨੂੰ ਸਾਡੀ ਮਦਦ ਚਾਹੀਦੀ ਹੁੰਦੀ ਹੈ। ਸਸਤੀਆਂ ਦਵਾਈਆਂ, ਸਸਤੇ ਟੀਕੇ ਸਾਡੇ ਰਾਹੀਂ ਹੀ ਆਮ ਲੋਕਾਂ ਤੱਕ ਪਹੁੰਚਦੇ ਹਨ। ਫਿਰ ਅਸੀਂ ਧੁੱਪ ਦੇਖ ਕੇ ਕੰਮ ਕਰਨਾ ਕਿਵੇਂ ਛੱਡ ਸਕਦੇ ਹਾਂ।"
"ਸਾਨੂੰ ਮਿਲਦੀ ਤਨਖਾਹ 'ਚ ਸਰਦਾ ਨਹੀਂ, ਇਸ ਲਈ ਵੱਧ ਕੰਮ ਕਰਦੇ ਹਾਂ ਕਿ ਇੰਸੈਂਟਿਵ ਚੰਗਾ ਮਿਲ ਸਕੇ ਤਾਂ ਜੋ ਪ੍ਰਤੀ ਮਹੀਨਾ ਚੰਗੀ ਆਮਦਨ ਹੋ ਸਕੇ।"
ਅੱਗੇ ਉਹ ਦੱਸਦੇ ਹਨ ਕਿ ਹੁਣ ਮਰਦਮਸ਼ੁਮਾਰੀ ਦਾ ਕੰਮ ਵੀ ਆਸ਼ਾ ਵਰਕਰਾਂ ਤੋਂ ਕਰਵਾਇਆ ਜਾ ਰਿਹਾ ਹੈ ਹਾਲਾਂਕਿ ਮਰਦਮਸ਼ੁਮਾਰੀ ਲਈ ਵੱਖਰੇ ਤੌਰ 'ਤੇ ਤਨਖਾਹ ਮਿਲੇਗੀ ਪਰ ਦੋਵੇਂ ਕੰਮਾਂ ਦਾ ਬੋਝ ਵੱਧ ਗਿਆ ਹੈ। 3-4 ਵਜੇ ਵੀ ਜੇਕਰ ਮਰਦਮਸ਼ੁਮਾਰੀ ਦਾ ਕੰਮ ਕਰਨਾ ਹੈ ਤਾਂ ਉਸ ਵੇਲੇ ਵੀ ਧੁੱਪ ਸਿਖਰ 'ਤੇ ਹੁੰਦੀ ਹੈ ਅਤੇ ਏਨੀ ਗਰਮੀ ਵਿੱਚ ਦੋ-ਦੋ ਵਾਰ ਪੈਦਲ ਸੜਕਾਂ 'ਤੇ ਤੁਰਨਾ ਬਹੁਤ ਮੁਸ਼ਕਲ ਲੱਗਦਾ ਹੈ।
ਗਰਮੀ ਤੋਂ ਖੁਦ ਨੂੰ ਕਿਵੇਂ ਬਚਾਉਂਦੇ ਹਨ ?

ਤਸਵੀਰ ਸਰੋਤ, Mayank Mongia/BBC
ਪ੍ਰਿੰਸ ਕਹਿੰਦੇ ਹਨ, "ਆਪਣੇ ਆਪ ਨੂੰ ਗਰਮੀ ਤੋਂ ਬਚਾਉਣ ਦਾ ਸਾਧਨ ਸਾਡੇ ਕੋਲ ਬਸ ਪਾਣੀ ਹੈ। ਪਾਣੀ ਪੀ ਕੇ ਆਪਣੇ ਆਪ ਨੂੰ ਗਰਮੀ ਤੋਂ ਬਚਾਉਂਦੇ ਹਾਂ। ਓਆਰਐੱਸ ਦੇ ਪੈਕਟ ਸਾਡੇ ਕੋਲ ਹੁੰਦੇ ਹਨ, ਪਰ ਉਹਨਾਂ ਨੂੰ ਆਪਣੇ ਲਈ ਵਰਤਣਾ ਭੁੱਲ ਜਾਂਦੀ ਹਾਂ। ਐਵੇਂ ਹੁੰਦਾ ਕਿ ਕਿਸੇ ਲੋੜਵੰਦ ਲਈ ਨਾ ਘੱਟ ਜਾਵੇ, ਪਹਿਲਾਂ ਲੋਕਾਂ ਨੂੰ ਦੇ ਦਈਏ।"
ਗਰਮੀ ਤੋਂ ਆਪਣੀ ਚਮੜੀ ਨੂੰ ਬਚਾਉਣ ਲਈ ਕੋਈ ਕਰੀਮ ਜਾਂ ਸਨਸਕ੍ਰੀਨ ਦੀ ਵਰਤੋਂ ਕਰਦੇ ਹੋ ?
ਇਸ ਬਾਰੇ ਉਹ ਖੁੱਲ੍ਹ ਕੇ ਹੱਸਦੇ ਹੋਏ ਕਹਿੰਦੇ ਹਨ, 'ਬੈਗ ਤਾਂ ਹੋਰ ਸਮਾਨ ਨਾਲ ਹੀ ਪੂਰਾ ਭਰਿਆ ਹੁੰਦਾ ਹੈ, ਸਨਸਕ੍ਰੀਨ ਰੱਖਣ ਦੀ ਥਾਂ ਵੀ ਨਹੀਂ ਹੁੰਦੀ ਅਤੇ ਕਦੇ ਵਰਤਿਆ ਵੀ ਨਹੀਂ ਹੈ। ਸਨਸਕ੍ਰੀਨ ਦਾ ਤਾਂ ਕਦੇ ਖਿਆਲ ਵੀ ਨਹੀਂ ਆਇਆ।"
ਮਹਿੰਗਾ ਪੈਟਰੋਲ ਪਾ ਰਿਹਾ ਜੇਬ 'ਤੇ ਬੋਝ
ਪ੍ਰਿੰਸ ਕਹਿੰਦੇ ਹਨ ਪਿਛਲੇ ਦਿਨੀਂ ਭਾਰਤ ਵਿੱਚ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਉਹਨਾਂ ਦੇ ਜੀਵਨ 'ਤੇ ਵੀ ਡੂੰਘਾ ਅਸਰ ਪਾਇਆ ਹੈ।
ਉਹ ਦੱਸਦੇ ਹਨ, 'ਘਰ ਵਿੱਚ ਇਕ ਹੀ ਦੋ ਪਹੀਆ ਵਾਹਨ ਹੈ, ਜਿਸਨੂੰ ਮੈਂ ਤੇ ਮੇਰੇ ਪਤੀ-ਪਤਨੀ ਦੋਵੇਂ ਵਰਤਦੇ ਹਾਂ। ਪਰ ਪੈਟਰੋਲ ਦੀ ਕੀਮਤ ਵਧਣ ਕਾਰਨ ਉਸਦੀ ਵਰਤੋਂ ਵੀ ਘਟ ਕਰ ਦਿੱਤੀ ਗਈ ਹੈ। ਹੁਣ ਕੋਸ਼ਿਸ਼ ਕਰਦੇ ਹਾਂ ਕਿ ਪੈਦਲ ਜਾਂ ਆਟੋ 'ਤੇ ਹੀ ਸਫ਼ਰ ਕਰ ਲਈਏ।"
ਆਸ਼ਾ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਕਹਿੰਦੇ ਹਨ ਕਿ ਹਜ਼ਾਰਾਂ ਆਸ਼ਾ ਵਰਕਰ ਪੰਜਾਬ ਵਿੱਚ ਇਸ ਤਪਦੀ ਧੁੱਪ ਵਿੱਚ ਨਿਰੰਤਰ ਕੰਮ ਕਰ ਰਹੀਆਂ ਹਨ, ਵਿਭਾਗ ਨੇ ਗਰਮੀ ਤੋਂ ਬਚਣ ਲਈ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ, ਜਿਵੇਂ ਪਾਣੀ ਦੀ ਬੋਤਲ, ਓਆਰਐੱਸ ਕੋਲ ਰੱਖੋ, ਛੱਤਰੀ ਕੋਲ ਰੱਖੋ।
ਪਰ ਫਿਰ ਵੀ ਤੱਪਦੀ ਧੁੱਪ ਵਿੱਚ ਔਰਤਾਂ ਲਈ ਕੰਮ ਕਰਨਾ ਬਹੁਤ ਮੁਸ਼ਕਲ ਹੈ। ਬਹੁਤ ਸਾਰੀਆਂ ਇਹ ਸਮਾਨ ਚੱਕਣਾ ਭੁੱਲ ਜਾਂਦੀਆਂ ਹਨ।
ਕੀ ਕੰਮ ਕਰਨ ਦਾ ਸਮਾਂ ਆਪਣੇ ਮੁਤਾਬਕ ਬਦਲਿਆ ਜਾ ਸਕਦਾ ?

ਇਸ ਬਾਰੇ ਗੱਲ ਕਰਦੇ ਕਿਰਨਦੀਪ ਕਹਿੰਦੇ ਹਨ, "ਧੁੱਪ ਜਿੰਨੀ ਮਰਜ਼ੀ ਹੋਵੇ, ਆਸ਼ਾ ਵਰਕਰ ਦਾ ਕੰਮ ਨਹੀਂ ਰੁਕ ਸਕਦਾ। ਜੇਕਰ ਕੋਈ ਗਰਭਵਤੀ ਔਰਤ ਦਾ ਚੈੱਕਅੱਪ ਹੋਣਾ, ਜੱਚਾ-ਬੱਚਾ ਦਾ ਟੀਕਾਕਰਨ ਕਰਵਾਉਣ ਦਾ ਸਮਾਂ ਕੋਈ ਵੀ ਹੋ ਸਕਦਾ, ਸਵੇਰ ਜਾਂ ਸ਼ਾਮ ਵੇਲੇ ਇਹ ਕੰਮ ਨਹੀਂ ਹੋ ਸਕਦੇ। ਇਸ ਲਈ ਆਸ਼ਾ ਵਰਕਰਾਂ ਨੂੰ ਧੁੱਪ ਵਿੱਚ ਹੀ ਘਰਾਂ ਤੋਂ ਬਾਹਰ ਨਿਕਲਣਾ ਪੈਂਦਾ ਹੈ।
ਕਿਰਨਦੀਪ ਪੰਜੋਲਾ ਦੱਸਦੇ ਹਨ ਕਿ ਆਸ਼ਾ ਵਰਕਰਾਂ ਲਈ ਆਵਾਜਾਈ ਦਾ ਕੋਈ ਸਾਧਨ ਉਪਲਬਧ ਨਹੀਂ ਹੈ। ਜੇਕਰ ਉਹ ਆਪਣੇ ਵਾਹਨ ਵਰਤਦੇ ਹਨ ਤਾਂ ਪੈਟਰੋਲ-ਡੀਜ਼ਲ ਦਾ ਭੱਤਾ ਵੀ ਨਹੀਂ ਮਿਲਦਾ। ਇਸ ਕਰਕੇ ਆਸ਼ਾ ਵਰਕਰਾਂ ਦਾ ਕੰਮ ਕਰਨਾ ਮੁਸ਼ਕਲ ਹੈ ਪਰ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਲਈ ਨੂੰ ਆਪਣਾ ਕੰਮ ਜਾਰੀ ਰੱਖਣਾ ਪੈਂਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












