ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਵਿੱਚ ਆਰਐਸਐਸ ਪ੍ਰਮੁੱਖ ਮੋਹਨ ਭਾਗਵਤ ਦੇ ਪ੍ਰੋਗਰਾਮ ਦਾ ਕੀਤਾ ਵਿਰੋਧ, ਪੀਐਮ ਮੋਦੀ ਦੇ ਵੀ ਅਲੋਚਕ ਰਹੇ ਹਨ ਮਮਦਾਨੀ

ਜ਼ੋਹਰਾਨ ਮਮਦਾਨੀ ਅਤੇ ਮੋਹਨ ਭਾਗਵਤ ਦੀਆਂ ਵੱਖੋ ਵੱਖਰੀਆਂ ਤਸਵੀਰਾਂ ਦਾ ਕੋਲਾਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਕੋਲੋਂ ਕਈ ਸਮੂਹ ਮੋਹਨ ਭਾਗਵਤ ਦਾ ਪ੍ਰੋਗਰਾਮ ਰੱਦ ਕਰਾਉਣ ਦੀ ਮੰਗ ਕਰ ਰਹੇ ਹਨ।
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਮੈਡੀਸਨ ਸਕੁਐਰ ਗਾਰਡਨ ਵਿੱਚ ਹੋਣ ਵਾਲੇ ਉਸ ਪ੍ਰਸਤਾਵਿਤ ਪ੍ਰੋਗਰਾਮ ਦਾ ਸਮਰਥਨ ਨਹੀਂ ਕਰਦੇ ਜਿਸ ਵਿੱਚ ਆਰਐਸਐਸ ਮੁਖੀ ਮੋਹਨ ਭਾਗਵਤ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਿਤ ਹੋਣਗੇ।

ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਨਿੱਜੀ ਪ੍ਰੋਗਰਾਮ ਨੂੰ ਰੱਦ ਕਰਨ ਦਾ ਅਧਿਕਾਰ ਵੀ ਹੋ ਸਕਦਾ ਹੈ ਅਤੇ ਨਹੀਂ ਵੀ। ਇਹ ਪ੍ਰੋਗਰਾਮ 29 ਅਗਸਤ ਨੂੰ ਹੋਣਾ ਹੈ।

ਮੋਹਨ ਭਾਗਵਤ ਮੰਗਲਵਾਰ ਨੂੰ ਦਿਨ ਵਿਚ ਹੀ ਅਮਰੀਕਾ ਪਹੁੰਚ ਗਏ ਸੀ। ਇਹ ਯਾਤਰਾ ਆਰਐਸਐਸ ਦੇ ਸ਼ਤਾਬਦੀ ਵਰ੍ਹੇ ਦੇ ਗਲੋਬਲ ਆਊਟਰੀਚ ਪ੍ਰੋਗਰਾਮ ਦਾ ਹਿੱਸਾ ਹੈ। ਨਿਊਯਾਰਕ ਪ੍ਰਵਾਸ ਦੌਰਾਨ ਉਹ ਯੂਨੀਵਰਸਲ ਵਨਨੈਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਅਤੇ ਸ਼ਨੀਵਾਰ ਨੂੰ ਮਸ਼ਹੂਰ ਮੈਡੀਸਨ ਸਕੁਐਰ ਗਾਰਡਨ ਵਿੱਚ ਕਰੀਬ 5000 ਲੋਕਾਂ ਦੀ ਸਭਾ ਨੂੰ ਸੰਬੋਧਨ ਕਰਨਗੇ।

ਨਿਊਯਾਰਕ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਮਮਦਾਨੀ ਨੇ ਕਿਹਾ, "ਮੈਂ ਇਸ ਰੈਲੀ ਦਾ ਸਮਰਥਨ ਨਹੀਂ ਕਰਦਾ, ਪਰ ਮੈਨੂੰ ਨਹੀਂ ਪਤਾ ਕਿ ਕਿਸੇ ਨਿੱਜੀ ਪ੍ਰੋਗਰਾਮ ਨੂੰ ਰੱਦ ਕਰਨ ਦਾ ਅਧਿਕਾਰ ਮੇਰੇ ਕੋਲ ਹੈ ਜਾਂ ਨਹੀਂ।"

ਜ਼ੋਹਰਾਨ ਮਮਦਾਨੀ ਦੇ ਮਾਪੇ ਭਾਰਤੀ ਮੂਲ ਦੇ ਹਨ। ਉਨ੍ਹਾਂ ਦੀ ਮਾਂ ਮੰਨੀ ਪ੍ਰਮੰਨੀ ਫ਼ਿਲਮਕਾਰ ਮੀਰਾ ਨਾਇਰ ਹਨ। ਮੀਰਾ ਨਾਇਰ ਨੇ ਮਿਸਿਸਿਪੀ ਮਸਾਲਾ, ਮਾਨਸੂਨ ਵੈਡਿੰਗ, ਸਲਾਮ ਬੰਬੇ ਅਤੇ 9/11 ਦੀ ਪਿੱਠਭੂਮੀ ਵਿੱਚ 'ਦ ਰਿਲਕਟੈਂਟ ਫੰਡਾਮੈਂਟਲਿਸਟ' ਜਿਹੀਆਂ ਅਹਿਮ ਫ਼ਿਲਮਾਂ ਬਣਾਈਆਂ ਹਨ।

ਮੀਰਾ ਨਾਇਰ ਵੀ ਡੈਮੋਕ੍ਰੇਟਿਕ ਪਾਰਟੀ ਦੇ ਪ੍ਰੋਗਰੈਸਿਵ ਵਿੰਗ ਨਾਲ ਜੁੜੇ ਹਨ।

ਜ਼ੋਹਰਾਨ ਦੇ ਪਿਤਾ, ਮਹਿਮੂਦ ਮਮਦਾਨੀ ਕੋਲੰਬੀਆ ਯੂਨੀਵਰਸਿਟੀ ਦੇ ਚਰਚਿਤ ਪ੍ਰੋਫੈਸਰ ਰਹੇ ਹਨ। ਉਹ ਕੇਪਟਾਊਨ ਯੂਨੀਵਰਸਿਟੀ ਵਿਚ ਵੀ ਪ੍ਰੋਫੈਸਰ ਸਨ। ਕੇਪਟਾਊਨ ਵਿੱਚ ਹੀ 1848 ਵਿਚ ਸੁਰੂ ਹੋਏ ਦੱਖਣੀ ਅਫ਼ਰੀਕਾ ਦੇ ਸਭ ਤੋਂ ਪੁਰਾਣੇ ਸਕੂਲ ਸੇਂਟ ਜੌਰਜ ਗ੍ਰਾਮਰ ਵਿੱਚ ਉਨ੍ਹਾਂ ਨੇ ਸ਼ੁਰੂਆਤੀ ਪੜ੍ਹਾਈ ਲਿਖਾਈ ਕੀਤੀ ਸੀ।

ਜ਼ੋਹਰਾਨ ਮਮਦਾਨੀ ਨੇ ਕੀ ਕਿਹਾ ?

ਜ਼ੋਹਰਾਨ ਮਮਦਾਨੀ

ਤਸਵੀਰ ਸਰੋਤ, @NYCMAYOR

ਤਸਵੀਰ ਕੈਪਸ਼ਨ, ਜ਼ੋਹਰਾਨ ਮਮਦਾਨੀ ਭਾਰਤੀ ਮੂਲ ਨਾਲ ਸਬੰਧਤ ਹਨ।

ਮੰਗਲਵਾਰ ਨੂੰ ਮਮਦਾਨੀ ਤੋਂ ਆਰਐਸਐਸ ਦੇ ਮੈਡੀਸਨ ਸਕੁਐਰ ਗਾਰਡਨ ਵਿਚ ਪ੍ਰਸਤਾਵਿਤ ਪ੍ਰੋਗਰਾਮ ਅਤੇ ਇਸ ਦੇ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨਾਂ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਸੀ।

ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਐਮਐਸਜੀ ਵਿੱਚ ਮੋਹਨ ਭਾਗਵਤ ਦੀ ਹੋਣ ਵਾਲੀ ਰੈਲੀ ਨੂੰ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ ?

ਇਸ ਦੇ ਜਵਾਬ ਵਿਚ ਮਮਦਾਨੀ ਨੇ ਕਿਹਾ ਸੀ, "ਮੈਂ ਆਪਣੇ ਸ਼ਹਿਰ ਦੇ ਇਤਿਹਾਸ ਵਿੱਚ ਪਹਿਲੇ ਭਾਰਤੀ-ਅਮਰੀਕੀ ਮੇਅਰ ਵਜੋਂ ਖੜ੍ਹਾ ਹਾਂ ਅਤੇ ਮੇਰੀ ਮਾਂ ਦੀਆਂ ਸਾਰੀਆਂ ਰਿਸ਼ਤੇਦਾਰੀਆਂ ਹੁਣ ਵੀ ਭਾਰਤ ਵਿੱਚ ਹਨ।"

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਭਾਰਤ ਦੀ ਜਿਸ ਤਸਵੀਰ ਤੋਂ ਜਾਣੂ ਕਰਵਾਇਆ ਅਤੇ ਜਿਸ ਭਾਰਤ ਨੂੰ ਉਨ੍ਹਾਂ ਨੇ ਬਚਪਨ ਤੋਂ ਨੇੜਿਓਂ ਜਾਣਿਆ, ਉਹ ਇੱਕ ਬਹੁਲਵਾਦੀ ਸਮਾਜ ਅਤੇ ਇੱਕ ਧਰਮ ਨਿਰਪੱਖ ਗਣਰਾਜ ਦਾ ਭਾਰਤ ਸੀ ਜੋ ਭਾਰਤ ਨਾਲ ਜੁੜੇ ਹਰ ਵਿਅਕਤੀ ਨੂੰ ਅਪਣਾਉਣ ਵਿੱਚ ਭਰੋਸਾ ਰੱਖਦਾ ਸੀ।

ਮਮਦਾਨੀ ਨੇ ਕਿਹਾ, "ਇਸ ਲਈ ਕਿਸੇ ਵੀ ਦੇਸ਼ ਦੀ ਅਜਿਹੀ ਨਿਖੇੜੂ ਸੋਚ 'ਤੇ ਅਧਾਰਤ ਅੰਦੋਲਨ ਦੇ ਉਭਾਰ ਨੂੰ ਦੇਖਣਾ ਪਰੇਸ਼ਾਨ ਕਰਨ ਵਾਲਾ ਹੈ। ਮੈਂ ਇਸ ਦੇ ਸਖਤ ਵਿਰੋਧ ਵਿਚ ਹਾਂ। ਨਾ ਸਿਰਫ਼ ਇੱਕ ਭਾਰਤੀ-ਅਮਰੀਕੀ ਵਜੋਂ ਬਲਕਿ ਇੱਕ ਅਜਿਹੇ ਸ਼ਹਿਰ ਦੇ ਮੇਅਰ ਵਜੋਂ ਵੀ ਜੋ ਹਰ ਵਿਅਕਤੀ ਨੂੰ ਆਪਣੇਪਨ ਵਿੱਚ ਡੂੰਘਾ ਭਰੋਸਾ ਰੱਖਦਾ ਹੈ ਭਾਵੇਂ ਉਸ ਦਾ ਰੰਗ, ਵਿਚਾਰ, ਧਰਮ, ਆਸਥਾ ਜਾਂ ਮੂਲ ਸਥਾਨ ਕੁਝ ਵੀ ਹੋਵੇ।"

ਜ਼ੋਹਰਾਨ ਮਮਦਾਨੀ ਦਾ ਬਿਆਨ

ਕੁਝ ਅੰਤਰ-ਧਾਰਮਿਕ ਅਤੇ ਨਾਗਰਿਕ ਅਧਿਕਾਰ ਸੰਗਠਨਾਂ ਨੇ ਨਿਊਯਾਰਕ ਸਿਟੀ ਹਾਲ ਦੇ ਬਾਹਰ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਨੇ ਐਮਐਸਜੀ ਵਿੱਚ ਮੋਹਨ ਭਾਗਵਤ ਦੀ ਮੌਜੂਦਗੀ ਦਾ ਵਿਰੋਧ ਕੀਤਾ ਅਤੇ ਇਸ ਨਾਮੀ ਸਥਾਨ ਤੋਂ ਪ੍ਰੋਗਰਾਮ ਰੱਦ ਕਰਨ ਦੀ ਅਪੀਲ ਕੀਤੀ।

ਇਨ੍ਹਾਂ ਸੰਗਠਨਾਂ ਵਿੱਚ ਹਿੰਦੂਜ਼ ਫਾਰ ਹਿਊਮਨ ਰਾਈਟਸ, ਇੰਡੀਅਨ ਅਮਰੀਕਨ ਮੁਸਲਿਮ ਕਾਉਂਸਿਲ ਅਤੇ ਇੰਟਰਫੇਥ ਸੈਂਟਰ ਆਫ ਨਿਊਯਾਰਕ ਸਮੇਤ ਕਈ ਹੋਰ ਸੰਗਠਨ ਸ਼ਾਮਿਲ ਸੀ।

ਭਾਗਵਤ ਦੀ ਮੇਜ਼ਬਾਨੀ ਕਰ ਰਹੇ ਅਹੇਡ ਫ਼ੋਰਮ ਵੱਲੋਂ ਕਰਵਾਏ ਯੂਨੀਵਰਸਲ ਵਨਨੈਸ ਸੈਲੀਬ੍ਰੇਸ਼ਨ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਆਰੈਸਐਸ ਮੁਖੀ 29 ਅਗਸਤ ਨੂੰ ਨਿਊਯਾਰਕ ਵਿੱਚ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।

ਪੋਸਟ ਵਿੱਚ ਕਿਹਾ ਗਿਆ ਹੈ, "ਇਸ ਪ੍ਰੋਗਰਾਮ ਦਾ ਸੰਦੇਸ਼ ਸਮੇਂ ਤੋਂ ਪਰ੍ਹੇ ਅਤੇ ਸਰਵ ਵਿਆਪੀ ਹੈ- ਵਸੂਧੈਵ ਕੁਟੁਬੰਕਮ। ਇਹ ਲੋਕਾਂ ਨੂੰ ਵੰਡਾਂ ਅਤੇ ਮਤਭੇਦਾਂ ਤੋਂ ਉੱਤੇ ਉੱਠ ਕੇ ਮਾਨਵਤਾ ਨੂੰ ਜੋੜਨ ਵਾਲੇ ਰਿਸ਼ਤਿਆਂ ਨੂੰ ਪਹਿਚਾਨਣ, ਆਪਸੀ ਸਨਮਾਨ, ਸਦਭਾਵ ਅਤੇ ਏਕਤਾ ਦੀ ਭਾਵਨਾ ਅਪਣਾਉਣ ਦੀ ਅਪੀਲ ਕਰਦਾ ਹੈ।"

ਮੋਹਨ ਭਾਗਵਤ ਆਰਐਸਐਸ ਦੇ ਸ਼ਤਾਬਦੀ ਵਰ੍ਹੇ ਦੇ ਗਲੋਬਲ ਸੰਪਰਕ ਪ੍ਰੋਗਰਾਮ ਤਹਿਤ ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਦੀ ਯਾਤਰਾ ਕਰ ਰਹੇ ਹਨ।

ਪੀਐਮ ਮੋਦੀ ਦੇ ਅਲੋਚਕ ਰਹੇ ਹਨ ਮਮਦਾਨੀ

ਜ਼ੋਹਰਾਨ ਮਮਦਾਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ੋਹਰਾਨ ਮਮਦਾਨੀ 2025 ਵਿੱਚ ਨਿਊਯਾਰਕ ਦੇ ਮੇਅਰ ਬਣੇ।

ਜ਼ੋਹਰਾਨ ਮਮਦਾਨੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਖੁੱਲ੍ਹ ਕੇ ਅਲੋਚਨਾ ਕਰਦੇ ਰਹੇ ਹਨ। 21 ਜੂਨ 2023 ਨੂੰ ਨਰਿੰਦਰ ਮੋਦੀ ਕੌਮਾਂਤਰੀ ਯੋਗ ਦਿਵਸ ਦੇ ਮੌਕੇ 'ਤੇ ਨਿਊਯਾਰਕ ਗਏ ਸੀ ਅਤੇ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਹੈਡਕੁਆਰਟਰ ਵਿੱਚ ਯੋਗ ਦਿਵਸ ਦੀ ਅਗਵਾਈ ਕੀਤੀ ਸੀ।

ਮੋਦੀ ਨੇ ਇਸ ਦੌਰੇ ਨੂੰ ਲੈ ਕੇ ਮਮਦਾਨੀ ਨੇ ਨਿਊਯਾਰਕ ਸਿਟੀ ਅਸੈਂਬਲੀ ਦੇ ਮੈਂਬਰ ਵਜੋਂ ਬਿਆਨ ਜਾਰੀ ਕੀਤਾ ਸੀ। ਇਹ ਤਿੰਨ ਲੋਕਾਂ ਦਾ ਸਾਂਝਾ ਬਿਆਨ ਸੀ।

ਜ਼ੋਹਰਾਨ ਮਮਦਾਨੀ ਤੋਂ ਇਲਾਵਾ ਸਿਟੀ ਕਾਉਂਸਿਲ ਮੈਂਬਰ ਬਹਾਨਾ ਹਨੀਫ ਅਤੇ ਸ਼ੇਖਰ ਕ੍ਰਿਸ਼ਨਾ ਵੀ ਸ਼ਾਮਲ ਸੀ। ਇਸ ਬਿਆਨ ਵਿੱਚ ਕਿਹਾ ਗਿਆ ਸੀ ਕਿ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਰਹਿੰਦਿਆਂ ਮੁਸਲਮਾਨਾਂ ਖ਼ਿਲਾਫ਼ ਜਾਨਲੇਵਾ ਦੰਗੇ ਹੋਣ ਦਿੱਤੇ ਸੀ। ਇਨ੍ਹਾਂ ਤਿੰਨਾਂ ਨੇ ਨਿਊਯਾਰਕ ਦੇ ਲੋਕਾਂ ਨੂੰ ਮੋਦੀ ਦੇ ਦੌਰੇ ਦੀ ਨਿੰਦਾ ਕਰਨ ਦੀ ਅਪੀਲ ਕੀਤੀ ਸੀ।

ਜ਼ੋਹਰਾਨ ਮਮਦਾਨੀ ਨੇ ਐਨਆਰਸੀ ਦੀ ਵੀ ਅਲੋਚਨਾ ਕੀਤੀ ਸੀ ਅਤੇ ਕਿਹਾ ਸੀ ਕਿ ਬੀਜੇਪੀ ਹਿੰਦੁਤਵ ਦੀ ਵਿਚਾਰਧਾਰਾ ਨਾਲ ਭਾਰਤ ਦੀ ਵਿਭਿੰਨਤਾ ਅਤੇ ਧਰਮ ਨਿਰਪੱਖਤਾ ਨੂੰ ਖਤਮ ਕਰਨਾ ਚਾਹੁੰਦੀ ਹੈ। ਮਮਦਾਨੀ ਨੇ ਉਦੋਂ ਆਪਣੇ ਟਵੀਟ ਵਿੱਚ ਕਿਹਾ ਸੀ, "ਭਾਰਤ ਵਿੱਚ ਵਿਰਾਸਤ ਇਹ ਰਹੀ ਹੈ ਕਿ ਮੇਰੀ ਹਿੰਦੂ ਨਾਨੀ ਉਰਦੂ ਵਿੱਚ ਕਵਿਤਾ ਪੜ੍ਹਦੀ ਸੀ ਅਤੇ ਮੁਸਲਿਮ ਦਾਦਾ ਗੁਜਰਾਤੀ ਵਿੱਚ ਭਜਨ ਗਾਉਂਦੇ ਸੀ।"

ਇੱਕ ਅੰਦਾਜ਼ੇ ਮੁਤਾਬਕ ਅਮਰੀਕਾ ਵਿੱਚ ਮੁਸਲਮਾਨ 30-40 ਲੱਖ ਹਨ। ਜ਼ੋਹਰਾਨ ਮਮਦਾਨੀ ਫ਼ਲਸਤੀਨੀ ਇਲਾਕੇ ਵਿੱਚ ਇਜ਼ਰਾਈਲੀ ਕਬਜ਼ੇ ਕਬਜ਼ੇ ਦੀ ਖੁੱਲ੍ਹ ਕੇ ਅਲੋਚਨਾ ਕਰਦੇ ਰਹੇ ਹਨ। ਜਦੋਂ ਮਮਦਾਨੀ ਨੇ ਪ੍ਰਾਇਮਰੀ ਜਿੱਤੀ ਤਾਂ ਇਜ਼ਰਾਈਲ ਦੇ ਮੀਡੀਆ ਵਿੱਚ ਕਿਹਾ ਜਾ ਰਿਹਾ ਸੀ ਕਿ ਇਜ਼ਰਾਈਲ ਵਿਰੋਧੀ ਜ਼ੋਹਰਾਨ ਮਮਦਾਨੀ ਨਿਊਯਾਰਕ ਦੇ ਮੇਅਰ ਬਣ ਸਕਦੇ ਹਨ।

ਮਮਦਾਨੀ ਨੇ ਝੱਲੇ ਹਨ ਨਸਲੀ ਹਮਲੇ

ਜ਼ੋਹਰਾਨ ਮਮਦਾਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ੋਹਰਾਨ ਦਾ ਜਨਮ ਯੁਗਾਂਡਾ ਵਿੱਚ ਹੋਇਆ ਸੀ ਅਤੇ ਉਹ 2018 ਵਿੱਚ ਅਮਰੀਕੀ ਨਾਗਰਿਕ ਬਣੇ ਸਨ।

ਜ਼ੋਹਰਾਨ ਮਮਦਾਨੀ 2018 ਵਿੱਚ ਅਮਰੀਕਾ ਦੇ ਨਾਗਰਿਕ ਬਣੇ, 2020 ਵਿੱਚ ਨਿਊਯਾਰਕ ਸਟੇਟ ਅਸੈਂਬਲੀ ਦੇ ਮੈਂਬਰ ਅਤੇ 2025 ਵਿੱਚ ਨਿਊਯਾਰਕ ਸਿਟੀ ਦੇ ਮੇਅਰ ਬਣ ਗਏ।

ਪਰ ਇਸ ਤੋਂ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ 34 ਸਾਲ ਦੇ ਮਮਦਾਨੀ ਨੇ ਅਮਰੀਕਾ ਦੀ ਸਿਆਸਤ ਵਿਚ ਨਵੀਂ ਬਹਿਸ ਛੇੜ ਦਿੱਤੀ ਸੀ।

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੱਕ ਮਮਦਾਨੀ ਨੂੰ ਨਿਸ਼ਾਨੇ 'ਤੇ ਲੈ ਰਹੇ ਸੀ। ਟਰੰਪ ਨੇ ਕਿਹਾ ਸੀ ਕਿ ਜੇ ਜ਼ੋਹਰਾਨ ਮਮਦਾਨੀ ਨਿਊਯਾਰਕ ਦੇ ਮੇਅਰ ਬਣਦੇ ਹਨ ਤਾਂ ਉਹ ਫੰਡ ਰੋਕ ਦੇਣਗੇ।

ਜ਼ੋਹਰਾਨ ਮਮਦਾਨੀ ਨੇ ਜਦੋਂ ਤੋਂ ਨਿਊਯਾਰਕ ਸਿਟੀ ਦੇ ਮੇਅਰ ਲਈ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਾਇਮਰੀ ਜਿੱਤੀ ਸੀ ਉਦੋਂ ਤੋਂ ਉਨ੍ਹਾਂ 'ਤੇ ਇਸਲਾਮੋਫੋਬਿਕ ਹਮਲੇ ਹੋਰ ਵਧ ਗਏ ਸੀ।

ਜ਼ੋਹਰਾਨ ਮਮਦਾਨੀ ਦੀ ਮੁਸਲਿਮ ਪਛਾਣ 'ਤੇ ਯੂਐਸ ਕਾਂਗਰਸ ਦੇ ਮੈਂਬਰਾਂ ਨੇ ਤੰਜ ਕੀਤਾ ਸੀ। ਮਮਦਾਨੀ 'ਤੇ ਜਿਸ ਤਰ੍ਹਾਂ ਖੁਲ੍ਹੇਆਮ ਨਸਲੀ ਹਮਲੇ ਹੋਏ ਸੀ, ਉਸ ਨੂੰ ਕਈ ਲੋਕ ਅਮਰੀਕੀ ਸਿਆਸਤ ਵਿੱਚ ਅਜਿਹੇ ਹਮਲੇ ਆਮ ਹੋਣ ਵਾਂਗ ਵੀ ਦੇਖ ਰਹੇ ਸੀ।

ਰਿਪਬਲਿਕਨ ਸਾਂਸਦ ਐਂਡੀ ਓਗਲਸ ਨੇ ਤਾਂ ਜਸਟਿਸ ਡਿਪਾਰਟਮੈਂਟ ਨੂੰ ਪੱਤਰ ਲਿਖ ਕੇ ਜ਼ੋਹਰਾਨ ਮਮਦਾਨੀ ਦੀ ਨਾਗਰਿਕਤਾ ਰੱਦ ਕਰਕੇ ਵਾਪਸ ਭੇਜਣ ਦੀ ਮੰਗ ਕੀਤੀ ਸੀ। ਜ਼ੋਹਰਾਨ ਦਾ ਜਨਮ ਯੁਗਾਂਡਾ ਵਿੱਚ ਹੋਇਆ ਸੀ ਅਤੇ 2018 ਵਿੱਚ ਅਮਰੀਕਾ ਦੇ ਨਾਗਰਿਕ ਬਣੇ ਸੀ।

ਅਮਰੀਕੀ ਫੈਡਰਲ ਕਾਨੂੰਨ ਮੁਤਾਬਕ ਅਮਰੀਕਾ ਵਿੱਚ ਕਿਸੇ ਨੂੰ ਨਾਗਰਿਕਤਾ ਤੋਂ ਵਾਂਝਾ ਕਰਨਾ ਇੱਕ ਗੁੰਝਲਦਾਰ ਪ੍ਰਕਿਰਿਆ ਹੈ। ਇਹ ਤਾਂ ਸੰਭਵ ਹੋ ਸਕਦਾ ਹੈ, ਜਦੋਂ ਨਾਗਰਿਕਤਾ ਹਾਸਲ ਕਰਨ ਦੌਰਾਨ ਉਹ ਵਿਅਕਤੀ ਕਿਸੇ ਧੋਖਾਧੜੀ ਵਿੱਚ ਸ਼ਾਮਿਲ ਰਿਹਾ ਹੋਵੇ।

ਐਂਡੀ ਓਗਲਜ਼ ਜ਼ੋਹਰਾਨ ਨੂੰ 'ਛੋਟਾ ਮੁਹੰਮਦ' ਕਹਿ ਕੇ ਸੰਬੋਧਿਤ ਕਰਦੇ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)