ਐੱਗ ਫ੍ਰੀਜ਼ਿੰਗ ਤੇ ਸਪਰਮ ਫ੍ਰੀਜ਼ਿੰਗ ਮਗਰੋਂ ਬੱਚਾ ਕਿਵੇਂ ਪੈਦਾ ਹੁੰਦਾ ਹੈ, ਇਸਦੀ ਸਹੀ ਉਮਰ ਕੀ ਹੈ ਤੇ ਖਰਚਾ ਕਿੰਨਾ ਆਉਂਦਾ ਹੈ

ਗਰਭਵਤੀ ਮਹਿਲਾ ਅਤੇ ਐੱਗ ਫ੍ਰੀਜ਼ਿੰਗ ਪ੍ਰਕਿਰਿਆ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐੱਗ ਫ੍ਰੀਜ਼ਿੰਗ ਵਿੱਚ ਮਹਿਲਾ ਆਪਣੇ ਵੱਧ ਤੋਂ ਵੱਧ ਚੰਗੀ ਕੁਆਲਿਟੀ ਦੇ ਐੱਗਸ ਨੂੰ ਰਿਜ਼ਰਵ ਕਰਵਾਉਂਦੀ ਹੈ (ਸੰਕੇਤਕ ਤਸਵੀਰ)
    • ਲੇਖਕ, ਪ੍ਰਿਅੰਕਾ ਧੀਮਾਨ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਅੱਜ ਦੇ ਸਮੇਂ ਵਿੱਚ ਜਦੋਂ ਔਰਤਾਂ ਆਪਣੇ ਕਰੀਅਰ ਨੂੰ ਲੈ ਕੇ ਬੇਹੱਦ ਸੰਜੀਦਾ ਹਨ ਅਤੇ ਸੋਚ ਸਮਝ ਕੇ ਮਾਂ ਬਣਨ ਦਾ ਫੈਸਲਾ ਲੈ ਰਹੀਆਂ ਹਨ ਤਾਂ ਅਜਿਹੇ ਵਿੱਚ ਐੱਗ ਫ੍ਰੀਜ਼ਿੰਗ ਦੀ ਪ੍ਰਕਿਰਿਆ ਉਨ੍ਹਾਂ ਲਈ ਇੱਕ ਆਪਸ਼ਨ ਬਣ ਰਹੀ ਹੈ।

ਐੱਗ ਫ੍ਰੀਜ਼ਿੰਗ ਦੀ ਪ੍ਰਕਿਰਿਆ ਕੀ ਹੁੰਦੀ ਹੈ, ਕਿੰਨੀ ਕਾਮਯਾਬ ਹੈ ਅਤੇ ਇਸ 'ਤੇ ਕਿੰਨਾ ਖਰਚਾ ਆਉਂਦਾ ਹੈ, ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਨਣ ਲਈ ਅਸੀਂ ਡਾ. ਸਿਮਰਨਦੀਪ ਕੌਰ ਨਾਲ ਗੱਲਬਾਤ ਕੀਤੀ ਜੋ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਸੀਨੀਅਰ ਆਈਵੀਐੱਫ ਕੰਸਲਟੈਂਟ ਹਨ।

ਬੀਬੀਸੀ ਪੰਜਾਬੀ ਦੇ ਹੈਲਥ ਪੌਡਕਾਸਟ ਸਿਹਤ ਸੀਕ੍ਰੇਟਸ ਵਿੱਚ ਇਸ ਨਾਲ ਜੁੜੇ ਤਮਾਮ ਸਵਾਲਾਂ ਦੇ ਜਵਾਬ ਜਾਨਣ ਦੀ ਕੋਸ਼ਿਸ਼ ਕਰਾਂਗੇ।

ਬੀਬੀਸੀ ਪੱਤਰਕਾਰ ਪ੍ਰਿਅੰਕਾ ਧੀਮਾਨ ਡਾ. ਸਿਮਰਨਦੀਪ ਕੌਰ ਨਾਲ ਗੱਲਬਾਤ ਕਰਦੇ ਹੋਏ
ਤਸਵੀਰ ਕੈਪਸ਼ਨ, ਬੀਬੀਸੀ ਪੱਤਰਕਾਰ ਪ੍ਰਿਅੰਕਾ ਧੀਮਾਨ ਨੇ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਸੀਨੀਅਰ ਆਈਵੀਐਫ ਕੰਸਲਟੈਂਟ ਡਾ. ਸਿਮਰਨਦੀਪ ਕੌਰ ਨਾਲ ਗੱਲਬਾਤ ਕੀਤੀ

ਸਵਾਲ- ਐੱਗ ਫ੍ਰੀਜ਼ਿੰਗ ਕੀ ਹੁੰਦੀ ਹੈ ਅਤੇ ਕਿਉਂ ਕੀਤੀ ਜਾਂਦੀ ਹੈ ?

ਜਵਾਬ- ਐੱਗ ਫ੍ਰੀਜ਼ਿੰਗ ਉਹ ਪ੍ਰਕਿਰਿਆ ਹੈ ਜਦੋਂ ਇੱਕ ਨੌਜਵਾਨ ਮਹਿਲਾ ਆਪਣੇ ਵੱਧ ਤੋਂ ਵੱਧ ਚੰਗੀ ਕੁਆਲਿਟੀ ਦੇ ਐੱਗਸ ਨੂੰ ਰਿਜ਼ਰਵ ਕਰਵਾਏ ਤਾਂ ਜੋ ਭਵਿੱਖ ਵਿੱਚ ਜਦੋਂ ਉਸਦੀ ਕੁਦਰਤੀ ਤੌਰ 'ਤੇ ਮਾਂ ਬਣਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ ਤਾਂ ਉਹ ਇਨ੍ਹਾਂ ਫ੍ਰੀਜ਼ ਕਰਵਾਏ ਐਗਸ ਜ਼ਰੀਏ ਗਰਭ ਧਾਰਨ ਕਰ ਸਕੇ।

ਇਹ ਪ੍ਰਕਿਰਿਆ ਇੱਕ ਤਰ੍ਹਾਂ ਨਾਲ ਫਰਟੀਲਿਟੀ ਇੰਸ਼ੋਰੈਂਸ ਹੈ, ਜਿਵੇਂ ਲਾਈਫ ਇੰਸ਼ੋਰੈਂਸ ਹੁੰਦਾ, ਕਾਰ ਇੰਸ਼ੋਰੈਂਸ ਹੁੰਦਾ, ਉਵੇਂ ਹੀ ਇਹ ਵਡੇਰੀ ਉਮਰ ਵਿੱਚ ਮਾਂ ਬਣਨ ਲਈ ਇਛੁੱਕ ਮਹਿਲਾਵਾਂ ਲਈ ਇੰਸ਼ੋਰੈਂਸ ਦੀ ਤਰ੍ਹਾਂ ਕੰਮ ਕਰਦਾ ਹੈ।

ਐੱਗ ਫ੍ਰੀਜ਼ਿੰਗ ਕਰਵਾਉਣ ਪਿੱਛੇ ਤਿੰਨ ਮੁੱਖ ਕਾਰਨ ਹੋ ਸਕਦੇ ਹਨ:

ਪਹਿਲਾਂ ਤਾਂ ਇਹ ਕਿ ਅੱਜ ਕੱਲ੍ਹ ਔਰਤਾਂ ਆਪਣੇ ਕਰੀਅਰ ਨੂੰ ਲੈਕੇ ਕਾਫੀ ਗੰਭੀਰ ਹਨ। ਅਜਿਹੇ ਵਿੱਚ ਉਹ 30 ਸਾਲ ਦੀ ਉਮਰ ਤੋਂ ਪਹਿਲਾਂ ਗਰਭਵਤੀ ਨਹੀਂ ਹੋਣਾ ਚਾਹੁੰਦੀਆਂ ਕਿਉਂਕਿ ਇਹੀ ਸਮਾਂ ਹੁੰਦਾ ਜਦੋਂ ਉਹ ਆਪਣੇ ਕਰੀਅਰ 'ਤੇ ਫੋਕਸ ਕਰ ਰਹੀਆਂ ਹੁੰਦੀਆਂ ਹਨ।

ਪਰ ਉਮਰ ਦੇ ਨਾਲ-ਨਾਲ ਔਰਤਾਂ ਦੇ ਐੱਗਸ ਦੀ ਕੁਆਲਿਟੀ ਪ੍ਰਭਾਵਿਤ ਹੋਣ ਲੱਗਦੀ ਹੈ। ਅਜਿਹੇ 'ਚ 35 ਤੋਂ 40 ਸਾਲ ਦੀ ਉਮਰ ਤੱਕ ਗਰਭ ਧਾਰਨ ਦੇ ਯੋਗ ਹੋਣ ਲਈ ਸਹੀ ਉਮਰ ਵਿੱਚ ਹੀ ਔਰਤਾਂ ਐੱਗ ਫ੍ਰੀਜ਼ ਕਰਵਾਉਣ ਨੂੰ ਤਵੱਜੋ ਦੇ ਰਹੀਆਂ ਹਨ।

ਦੂਜਾ ਜੇਕਰ ਮਹਿਲਾ ਐਂਡੋਮੈਟ੍ਰਿਓਸਿਸ ਵਰਗੀ ਬਿਮਾਰੀ ਨਾਲ ਜੂਝ ਰਹੀ ਹੋਵੇ ਜਿਸ ਵਿੱਚ ਐੱਗਸ ਤੇਜ਼ੀ ਨਾਲ ਘੱਟਦੇ ਹਨ ਤਾਂ ਅਜਿਹੇ ਵਿੱਚ ਔਰਤਾਂ ਪਹਿਲਾਂ ਹੀ ਆਪਣੇ ਐੱਗਸ ਫ੍ਰੀਜ਼ ਕਰਵਾ ਸਕਦੀਆਂ ਹਨ।

ਤੀਜਾ ਜੇਕਰ ਮਹਿਲਾ ਕੈਂਸਰ ਪੀੜਤ ਹੋਵੇ ਕਿਉਂਕਿ ਕੀਮੋਥੈਰੇਪੀ ਐੱਗਸ ਨੂੰ ਬੁਰੀ ਨਸ਼ਟ ਕਰ ਦਿੰਦੀਆਂ ਹਨ। ਅਜਿਹੇ ਵਿੱਚ ਮਹਿਲਾ ਕੀਮੋਥੈਰੇਪੀ ਤੋਂ ਪਹਿਲਾਂ ਹੀ ਆਪਣੇ ਐੱਗਸ ਫ੍ਰੀਜ਼ ਕਰਵਾ ਸਕਦੀਆਂ ਹਨ।

ਵੀਡੀਓ ਕੈਪਸ਼ਨ, ਐੱਗ ਫ੍ਰੀਜ਼ਿੰਗ ਤੇ ਸਪਰਮ ਫ੍ਰੀਜ਼ਿੰਗ ਮਗਰੋਂ ਬੱਚਾ ਕਿਵੇਂ ਪੈਦਾ ਹੁੰਦਾ ਹੈ

ਸਵਾਲ- ਕੀ ਐੱਗ ਫ੍ਰੀਜ਼ਿੰਗ ਦੀ ਪ੍ਰਕਿਰਿਆ ਦੌਰਾਨ ਮਹਿਲਾ ਨੂੰ ਦਰਦ 'ਚੋਂ ਗੁਜ਼ਰਨਾ ਪੈਂਦਾ ਹੈ ?

ਜਵਾਬ- ਅੱਜ-ਕੱਲ੍ਹ ਐੱਗ ਫ੍ਰੀਜ਼ਿੰਗ ਦੀ ਪ੍ਰਕਿਰਿਆ ਦੌਰਾਨ ਮਹਿਲਾ ਨੂੰ ਜ਼ਿਆਦਾ ਦਰਦ ਵਿੱਚੋਂ ਨਹੀਂ ਗੁਜ਼ਰਨਾ ਪੈਂਦਾ ਕਿਉਂਕਿ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਮਹਿਲਾ ਨੂੰ ਆਮ ਵਾਂਗ ਕਰੀਬ 10 ਦਿਨ ਇੰਜੈਕਸ਼ਨ ਲਗਾਏ ਜਾਂਦੇ ਹਨ ਅਤੇ ਫਿਰ ਟਰਾਂਸ ਵੈਜਾਈਨਲ ਪ੍ਰਕਿਰਿਆ ਤਹਿਤ ਐੱਗਸ ਕੱਢ ਲਏ ਜਾਂਦੇ ਹਨ, ਇਸ ਦੌਰਾਨ ਸਰੀਰ ਵਿੱਚ ਕੋਈ ਕੱਟ-ਵੱਢ ਨਹੀਂ ਹੁੰਦਾ। ਇਸ ਦੇ ਬਹੁਤ ਘੱਟ ਸਾਈਡ ਇਫੈਕਟ ਹੁੰਦੇ ਹਨ।

ਸਵਾਲ- ਐੱਗ ਫ੍ਰੀਜ਼ ਕਰਵਾਉਣ ਵਾਲੀ ਮਹਿਲਾ ਨੂੰ ਕਿੰਨੀ ਵਾਰ ਡਾਕਟਰ ਕੋਲ ਜਾਣਾ ਪੈਂਦਾ ਹੈ ?

ਜਵਾਬ- ਜੇਕਰ ਕੋਈ ਮਹਿਲਾ ਐੱਗ ਫ੍ਰੀਜ਼ ਕਰਵਾਉਣ ਆਉਂਦੀ ਹੈ ਤਾਂ ਪਹਿਲਾਂ ਉਸਦੇ ਲੋੜੀਂਦੇ ਟੈਸਟ ਜਿਵੇਂ ਅਲਟ੍ਰਾਸਾਊਂਡ ਅਤੇ ਹੋਰ ਟੈਸਟ ਕੀਤੇ ਜਾਂਦੇ ਹਨ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਐੱਗ ਦੀ ਕੁਆਲਿਟੀ ਕੀ ਹੈ। ਫਿਰ ਚਾਰ ਦਿਨ ਇੱਕ ਇੰਜੈਕਸ਼ਨ ਲਗਾਇਆ ਜਾਂਦਾ, ਜਿਸ ਤੋਂ ਬਾਅਦ ਅਲਟ੍ਰਾਸਾਊਂਡ ਦੁਬਾਰਾ ਕੀਤਾ ਜਾਂਦਾ ਹੈ। ਪੰਜਵੇਂ ਦਿਨ ਤੋਂ ਦੋ ਇੰਜੈਕਸ਼ਨ ਲੱਗਣੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਬਾਅਦ ਮਹਿਲਾ ਦੇ ਸਰੀਰ ਵਿੱਚੋਂ ਐੱਗਸ ਕੱਢ ਕੇ ਫ੍ਰੀਜ਼ ਕਰ ਦਿੱਤੇ ਜਾਂਦੇ ਹਨ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਸਵਾਲ- ਐੱਗ ਫ੍ਰੀਜ਼ਿੰਗ ਨੂੰ ਲੈਕੇ ਲੋਕ ਕਿੰਨੇ ਜਾਗਰੂਕ ਹਨ ?

ਜਵਾਬ- ਪਿਛਲੇ ਕੁਝ ਸਾਲਾਂ ਵਿੱਚ ਐੱਗ ਫ੍ਰੀਜ਼ਿੰਗ ਨੂੰ ਲੈਕੇ ਲੋਕਾਂ ਵਿੱਚ, ਖਾਸ ਤੌਰ 'ਤੇ ਔਰਤਾਂ ਵਿੱਚ ਜਾਗਰੂਕਤਾ ਵਧੀ ਹੈ। ਅੱਜ-ਕੱਲ੍ਹ ਸਾਡੇ ਕੋਲ ਅਜਿਹੀਆਂ ਬਹੁਤ ਮਹਿਲਾਵਾਂ ਐੱਗ ਫ੍ਰੀਜ਼ ਕਰਵਾਉਣ ਆ ਰਹੀਆਂ ਹਨ ਜੋ ਅਜੇ ਪੜ੍ਹਾਈ, ਕਰੀਅਰ ਜਾਂ ਸਹੀ ਪਾਰਟਨਰ ਮਿਲਣ ਤੱਕ ਵਿਆਹ ਨਹੀਂ ਕਰਵਾਉਣਾ ਚਾਹੁੰਦੀਆਂ ਜਾਂ ਵਿਆਹ ਦੇ ਕੁਝ ਸਾਲਾਂ ਬਾਅਦ ਗਰਭ ਧਾਰਨ ਕਰਨਾ ਚਾਹੁੰਦੀਆਂ ਹਨ।

ਸਵਾਲ- ਐੱਗ ਫ੍ਰੀਜ਼ ਕਰਵਾਉਣ ਲਈ ਸਹੀ ਉਮਰ ਕੀ ਹੈ ?

ਜਵਾਬ- ਆਮ ਤੌਰ 'ਤੇ 28 ਤੋਂ ਲੈਕੇ 34 ਸਾਲ ਦੀ ਉਮਰ ਤੱਕ ਆਸਾਨੀ ਨਾਲ ਚੰਗੀ ਕੁਆਲਿਟੀ ਦੇ ਐੱਗਸ ਸਹੀ ਮਾਤਰਾ ਵਿੱਚ ਮਿਲ ਜਾਂਦੇ ਹਨ। 35 ਸਾਲ ਦੀ ਉਮਰ ਪਾਰ ਕਰਦਿਆਂ ਹੀ ਮਹਿਲਾਵਾਂ ਵਿੱਚ ਐੱਗਸ ਦੀ ਕੁਆਲਿਟੀ ਅਤੇ ਮਾਤਰਾ ਤੇਜ਼ੀ ਨਾਲ ਡਿੱਗਣੀ ਸ਼ੁਰੂ ਹੋ ਜਾਂਦੀ ਹੈ।

ਹਾਲਾਂਕਿ ਫਿਰ ਵੀ 35 ਤੋਂ 37 ਸਾਲ ਦੀ ਉਮਰ ਤੱਕ ਢੁੱਕਵੀਂ ਕੁਆਲਿਟੀ ਦੇ ਐੱਗਸ ਮਿਲ ਜਾਂਦੇ ਹਨ ਪਰ ਜਿਵੇਂ ਹੀ ਮਹਿਲਾ ਦੀ ਉਮਰ 38 ਤੋਂ ਪਾਰ ਹੁੰਦੀ ਹੈ ਤਾਂ ਐੱਗਸ ਦੀ ਮਾਤਰਾ ਅਤੇ ਕੁਆਲਿਟੀ ਦਾ ਦਰਜਾ ਬੇਹੱਦ ਘੱਟ ਜਾਂਦੇ ਹਨ।

ਸਵਾਲ- ਕੀ ਐੱਗ ਫ੍ਰੀਜ਼ਿੰਗ ਤੋਂ ਬਾਅਦ ਵੀ ਪ੍ਰੈਗਨੈਂਸੀ ਵਿੱਚ ਸਮੱਸਿਆ ਆ ਸਕਦੀ ਹੈ ?

ਜਵਾਬ- ਸਾਡੇ ਕੋਲ ਇੱਕ ਕੇਸ ਆਇਆ ਸੀ ਜਿਸ ਵਿੱਚ ਮਹਿਲਾ ਨੇ 39 ਸਾਲ ਦੀ ਉਮਰ ਵਿੱਚ ਆਪਣੇ ਐੱਗਸ ਫ੍ਰੀਜ਼ ਕਰਵਾਏ ਸਨ ਪਰ ਜਦੋਂ ਗਰਭ ਧਾਰਨ ਕਰਨ ਲਈ ਐੱਗਸ ਦਾ ਇਸਤੇਮਾਲ ਕਰਨ ਲੱਗੇ ਤਾਂ ਕੁਆਲਿਟੀ ਸਹੀ ਨਾ ਹੋਣ ਕਾਰਨ ਗਰਭ ਧਾਰਨ ਨਹੀਂ ਕਰਵਾਇਆ ਜਾ ਸਕਿਆ।

38 ਤੋਂ 40 ਸਾਲ ਦੀ ਉਮਰ ਤੱਕ ਐੱਗਸ ਦਾ ਅਬਨਾਰਮਿਲਟੀ ਰੇਟ ਵੱਧ ਜਾਂਦਾ ਹੈ ਅਤੇ ਅਜਿਹੇ ਵਿੱਚ ਪ੍ਰੈਗਨੈਂਸੀ ਦੇ ਚਾਂਸ ਬਹੁਤ ਘੱਟ ਜਾਂਦੇ ਹਨ।

ਸਵਾਲ- ਕਿਹੜੀ ਉਮਰ ਤੱਕ ਐੱਗ ਫ੍ਰੀਜ਼ ਕਰਵਾਉਣ ਲਈ ਇਨਕਾਰ ਕੀਤਾ ਜਾਂਦਾ ਹੈ ?

ਜਵਾਬ- ਜਦੋਂ ਕੋਈ ਮਹਿਲਾ ਜਿਸ ਦੀ ਉਮਰ 20ਵਿਆਂ ਵਿੱਚ ਹੋਵੇ ਤਾਂ ਉਸਨੂੰ ਅਜੇ ਇੰਤਜ਼ਾਰ ਕਰਨ ਲਈ ਕਿਹਾ ਜਾਂਦਾ ਹੈ। ਕਿਉਂਕਿ ਅਜੇ ਉਸ ਦੀ ਕੁਦਰਤੀ ਤੌਰ 'ਤੇ ਮਾਂ ਬਣਨ ਦੀ ਸਮਰੱਥਾ ਹੁੰਦੀ ਹੈ।

ਆਮ ਤੌਰ 'ਤੇ ਮਹਿਲਾਵਾਂ ਨੂੰ 28 ਤੋਂ 30 ਸਾਲ ਦੀ ਉਮਰ ਲਾਗੇ ਹੀ ਐੱਗ ਫ੍ਰੀਜ਼ਿੰਗ ਦੀ ਸਲਾਹ ਦਿੱਤੀ ਜਾਂਦੀ ਹੈ।

ਸਵਾਲ- ਕਿੰਨੇ ਸਮੇਂ ਤੱਕ ਐੱਗ ਫ੍ਰੀਜ਼ ਕਰਕੇ ਰੱਖੇ ਜਾ ਸਕਦੇ ਹਨ ?

ਜਵਾਬ- ਅਜੋਕੇ ਸਮੇਂ ਵਿੱਚ ਐੱਗਸ ਹਮੇਸ਼ਾ ਲਈ ਫ੍ਰੀਜ਼ ਕਰਕੇ ਰੱਖੇ ਜਾ ਸਕਦੇ ਹਨ। ਇਸ ਦੀ ਕੋਈ ਟਾਈਮ ਲਿਮਿਟ ਨਹੀਂ ਹੈ। ਕਿਉਂਕਿ ਅੱਜ-ਕੱਲ੍ਹ ਵਿਟ੍ਰੀਫਿਕੇਸ਼ਨ ਢੰਗ ਜ਼ਰੀਏ ਐੱਗ ਫ੍ਰੀਜ਼ ਕੀਤੇ ਜਾਂਦੇ ਹਨ ਅਤੇ ਇਸ ਦਾ ਸਰਵਾਈਵਲ ਰੇਟ 90 ਫੀਸਦ ਤੱਕ ਹੁੰਦਾ ਹੈ।

ਐੱਗ ਫ੍ਰੀਜ਼ਿੰਗ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਐੱਗਸ ਨੂੰ ਤਰਲ ਨਾਈਟ੍ਰੋਜਨ ਕੈਨਜ਼ ਵਿੱਚ ਮਾਈਨਸ 196 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਫ੍ਰੀਜ਼ ਕੀਤਾ ਜਾਂਦਾ ਹੈ (ਸੰਕੇਤਕ ਤਸਵੀਰ)

ਸਵਾਲ- ਐੱਗ ਫ੍ਰੀਜ਼ਿੰਗ ਦੀ ਪ੍ਰਕਿਰਿਆ ਵਿੱਚ ਕਿੰਨਾ ਖਰਚਾ ਆਉਂਦਾ ਹੈ ?

ਜਵਾਬ- ਐੱਗ ਫ੍ਰੀਜ਼ਿੰਗ ਦੀ ਪੂਰੀ ਪ੍ਰਕਿਰਿਆ ਵਿੱਚ ਕਾਫੀ ਖਰਚਾ ਆ ਜਾਂਦਾ ਹੈ।

ਸ਼ੁਰੂਆਤੀ ਜਾਂਚ ਦੌਰਾਨ ਜੋ ਟੈਸਟ ਕਰਵਾਏ ਜਾਂਦੇ ਹਨ ਉਸ ਵਿੱਚ ਕਰੀਬ ਪੰਜ ਤੋਂ ਦਸ ਹਜ਼ਾਰ ਤੱਕ ਦਾ ਖਰਚਾ ਆਉਂਦਾ ਹੈ। ਫਿਰ ਇਸ ਪ੍ਰਕਿਰਿਆ ਦੌਰਾਨ ਜੋ ਇੰਜੈਕਸ਼ਨ ਅਤੇ ਦਵਾਈਆਂ ਇਸਤੇਮਾਲ ਹੁੰਦੀਆਂ ਹਨ ਉਹ ਮਹਿੰਗੀਆਂ ਹੁੰਦੀਆਂ ਅਤੇ ਇਸ 'ਤੇ ਕਰੀਬ 75 ਤੋਂ 80 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੈ।

ਇਸ ਤੋਂ ਬਾਅਦ ਐੱਗ ਕੱਢਣ ਦੀ ਪ੍ਰਕਿਰਿਆ 'ਤੇ ਵੀ 80 ਤੋਂ 95 ਹਜ਼ਾਰ ਤੱਕ ਦੀ ਲਾਗਤ ਆਉਂਦੀ ਹੈ। ਇਸ ਤੋਂ ਬਾਅਦ ਐੱਗ ਫ੍ਰੀਜ਼ ਲਈ ਹਰ ਸਾਲ 30 ਤੋਂ 50 ਹਜ਼ਾਰ ਤੱਕ ਦੀ ਫੀਸ ਅਦਾ ਕਰਨੀ ਪੈਂਦੀ ਹੈ।

ਸਵਾਲ- ਐੱਗ ਫ੍ਰੀਜ਼ਿੰਗ ਤੋਂ ਬਾਅਦ ਗਰਭ ਧਾਰਨ ਕਰਨ ਦੀ ਕੀ ਪ੍ਰਕਿਰਿਆ ਹੈ ?

ਜਵਾਬ- ਐੱਗਸ ਨੂੰ ਤਰਲ ਨਾਈਟ੍ਰੋਜਨ ਕੈਨਜ਼ ਵਿੱਚ ਮਾਈਨਸ 196 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਫ੍ਰੀਜ਼ ਕੀਤਾ ਜਾਂਦਾ ਹੈ। ਜਦੋਂ ਮਹਿਲਾ ਗਰਭ ਧਾਰਨ ਲਈ ਤਿਆਰ ਹੁੰਦੀ ਹੈ ਤਾਂ ਇਨ੍ਹਾਂ ਐੱਗਸ ਨੂੰ ਤਰਲ ਨਾਈਟ੍ਰੋਜਨ ਵਿੱਚੋਂ ਕੱਢ ਕੇ ਸਧਾਰਨ ਤਾਪਮਾਨ 'ਤੇ ਲਿਆਇਆ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਆਮ ਤੌਰ 'ਤੇ ਥੋਇੰਗ ਕਿਹਾ ਜਾਂਦਾ ਹੈ। ਫਿਰ ਐੱਗਸ ਵਿੱਚ ਸਪਰਮ ਨੂੰ ਇੰਜੈਕਟ ਕੀਤਾ ਜਾਂਦਾ ਤਾਂ ਜੋ ਐਂਬ੍ਰਿਓ ਯਾਨੀ ਬੱਚਾ ਬਣਾਇਆ ਜਾ ਸਕੇ।

ਅਤੇ ਫਿਰ ਪੰਜ ਦਿਨਾਂ ਬਾਅਦ ਐਂਬ੍ਰਿਓ ਨੂੰ ਟੈਸਟਿੰਗ ਲਈ ਭੇਜਿਆ ਜਾਂਦਾ। ਜੇਕਰ ਬੱਚਾ ਬਣਨ ਦੀ ਪ੍ਰਕਿਰਿਆ ਵਿੱਚ ਕੋਈ ਦਿੱਕਤ ਨਹੀਂ ਤਾਂ ਐਂਬ੍ਰਿਓ ਨੂੰ ਮਹਿਲਾ ਅੰਦਰ ਟਰਾਂਸਫਰ ਕਰ ਦਿੱਤਾ ਜਾਂਦਾ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਰਸ਼ ਵੀ ਆਪਣੇ ਸਪਰਮਸ ਫ੍ਰੀਜ਼ ਕਰਵਾ ਸਕਦੇ ਹਨ ਹਾਲਾਂਕਿ ਉਮਰ ਦਾ ਮਰਦਾਂ ਦੇ ਸ਼ੁਕਰਾਣੂਆਂ 'ਤੇ ਔਰਤਾਂ ਮੁਕਾਬਲੇ ਘੱਟ ਅਸਰ ਹੁੰਦਾ ਹੈ: ਡਾ. ਸਿਮਰਨਦੀਪ ਕੌਰ (ਸੰਕੇਤਕ ਤਸਵੀਰ)

ਸਵਾਲ- ਕੀ ਪੁਰਸ਼ ਵੀ ਸਪਰਮ ਫ੍ਰੀਜ਼ ਕਰਵਾ ਸਕਦੇ ਹਨ ?

ਜਵਾਬ- ਪੁਰਸ਼ ਵੀ ਆਪਣੇ ਸਪਰਮ ਫ੍ਰੀਜ਼ ਕਰਵਾ ਸਕਦੇ ਹਨ। ਹਾਲਾਂਕਿ ਉਮਰ ਦਾ ਮਰਦਾਂ ਦੇ ਸਪਰਮਸ ਦੀ ਕੁਆਲਿਟੀ 'ਤੇ ਉਨਾ ਅਸਰ ਨਹੀਂ ਹੁੰਦਾ ਜਿਨਾ ਮਹਿਲਾਵਾਂ ਵਿੱਚ ਹੁੰਦਾ ਹੈ।

ਬਾਇਲੋਜੀਕਲ ਕਲਾਕ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਔਰਤਾਂ ਦੀ ਗੱਲ ਕਰਦੇ ਹਾਂ ਕਿਉਂਕਿ 45 ਸਾਲ ਦੀ ਉਮਰ ਤੋਂ ਬਾਅਦ ਮੀਨੋਪੋਜ਼ ਹੋ ਜਾਂਦਾ ਹੈ ਅਤੇ ਮਹਿਲਾਵਾਂ ਦੇ ਐੱਗਸ ਲਗਭਗ ਖਤਮ ਹੋ ਜਾਂਦੇ ਹਨ। ਜਦੋਂਕਿ ਪੁਰਸ਼ਾਂ ਵਿੱਚ 50 ਸਾਲ ਦੀ ਉਮਰ ਤੱਕ ਵੀ ਸਪਰਮਸ ਦੀ ਕੁਆਲਿਟੀ ਠੀਕ ਰਹਿੰਦੀ ਹੈ ਜੇਕਰ ਉਨ੍ਹਾਂ ਦੀ ਜੀਵਨਸ਼ੈਲੀ ਸਹੀ ਹੁੰਦੀ ਹੈ।

ਸਵਾਲ- ਐੱਗਸ ਜਾਂ ਸਪਰਮਸ ਦੀ ਕੁਆਲਿਟੀ ਨੂੰ ਜੀਵਨਸ਼ੈਲੀ ਕਿਵੇਂ ਪ੍ਰਭਾਵਿਤ ਕਰਦੀ ਹੈ ?

ਜਵਾਬ- ਅੱਜ-ਕੱਲ੍ਹ ਦਾ ਲਾਈਫਸਟਾਈਲ ਐੱਗਸ ਜਾਂ ਸਪਰਮਸ ਦੀ ਕੁਆਲਿਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਲੋਕ ਜ਼ਿਆਦਾਤਰ ਜੰਕ ਫੂਡ ਖਾਂਦੇ ਹਨ, ਨਾਈਟ ਸ਼ਿਫਟ ਕਰਦੇ ਹਨ, ਸਹੀ ਢੰਗ ਨਾਲ ਨੀਂਦ ਨਹੀਂ ਲੈਂਦੇ। ਅਜਿਹੇ ਲਾਈਫਸਟਾਈਲ ਕਾਰਨ ਮਹਿਲਾਵਾਂ ਅਤੇ ਪੁਰਸ਼ਾਂ ਦੀ ਪ੍ਰਜਨਨ ਸਮਰੱਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।

ਡਾ. ਸਿਮਰਨਦੀਪ ਕੌਰ ਦੀ ਟਿੱਪਣੀ

ਸਵਾਲ- ਕੀ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੀਆਂ ਮਹਿਲਾਵਾਂ ਵੀ ਐੱਗ ਫ੍ਰੀਜ਼ ਕਰਵਾ ਸਕਦੀਆਂ ਹਨ ?

ਜਵਾਬ- ਜੇਕਰ ਕਿਸੇ ਮਹਿਲਾ ਨੂੰ ਕੈਂਸਰ ਹੈ ਅਤੇ ਡਾਕਟਰਾਂ ਮੁਤਾਬਕ ਉਨ੍ਹਾਂ ਦਾ ਸਰਵਾਈਵਲ ਰੇਟ ਚੰਗਾ ਹੈ ਅਤੇ ਜੇਕਰ ਉਹ ਮਹਿਲਾ ਅਜੇ ਮਾਂ ਨਹੀਂ ਬਣੀ ਤਾਂ ਕੀਮੋਥੈਰੇਪੀ ਕਰਵਾਉਣ ਤੋਂ ਪਹਿਲਾਂ ਉਸ ਨੂੰ ਐੱਗ ਫ੍ਰੀਜ਼ ਕਰਵਾ ਲੈਣੇ ਚਾਹੀਦੇ ਹਨ। ਕੀਮੋਥੈਰੇਪੀ ਵਰਗੇ ਇਲਾਜ ਵਿੱਚ ਮਹਿਲਾਵਾਂ ਦੇ ਐੱਗਸ ਦੀ ਕੁਆਲਿਟੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। 90 ਫੀਸਦ ਤੱਕ ਐੱਗਜ਼ ਨਸ਼ਟ ਹੋ ਜਾਂਦੇ ਹਨ।

ਚਾਹੇ ਐੱਗਜ਼ ਦੀ ਕੁਆਲਿਟੀ ਘੱਟ ਹੋਵੇ, ਫਿਰ ਵੀ ਮਹਿਲਾ ਨੂੰ ਐੱਗ ਫ੍ਰੀਜ਼ ਕਰਵਾ ਲੈਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਉਸ ਕੋਲ ਗਰਭ ਧਾਰਨ ਕਰਨ ਦੀ ਆਪਸ਼ਨ ਹੋਵੇ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫ੍ਰੀਜ਼ ਕੀਤੇ ਐੱਗਸ ਦੀ ਮਦਦ ਨਾਲ ਐਂਬ੍ਰਿਓ ਬਣਾਇਆ ਜਾਂਦਾ ਹੈ ਜਿਸਨੂੰ ਬਾਅਦ ਵਿੱਚ ਮਹਿਲਾ ਦੇ ਸਰੀਰ ਅੰਦਰ ਟਰਾਂਸਫਰ ਕਰ ਦਿੱਤਾ ਜਾਂਦਾ ਹੈ (ਸੰਕੇਤਕ ਤਸਵੀਰ)

ਸਵਾਲ- ਜੇ ਕੋਈ ਐੱਗ ਫ੍ਰੀਜ਼ ਕਰਵਾਉਣਾ ਚਾਹ ਰਿਹਾ ਤਾਂ ਤੁਸੀਂ ਕੀ ਸਲਾਹ ਦੇਣਾ ਚਾਹੋਗੇ ?

ਜਵਾਬ- ਔਰਤਾਂ ਐੱਗ ਫ੍ਰੀਜ਼ਿੰਗ ਕਰਵਾਉਣ ਲਈ 38 ਤੋਂ 40 ਸਾਲ ਤੱਕ ਦਾ ਇੰਤਜ਼ਾਰ ਨਾ ਕਰਨ ਕਿਉਂਕਿ ਉਦੋਂ ਤੱਕ ਐੱਗਸ ਅਬਨਾਰਮਲ ਹੋ ਜਾਂਦੇ ਹਨ ਅਤੇ ਪ੍ਰੈਗਨੈਂਸੀ ਦੇ ਚਾਂਸ ਬਹੁਤ ਘੱਟ ਜਾਂਦੇ ਹਨ। ਅਜਿਹੇ ਵਿੱਚ ਡਾਕਟਰ ਲਈ ਵੀ ਪੌਜ਼ੀਟਿਵ ਪ੍ਰੈਗਨੈਂਸੀ ਰਿਜ਼ਲਟ ਦੇ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ।

ਅਜਿਹਾ ਬਿਲਕੁੱਲ ਨਹੀਂ ਹੈ ਕਿ ਤੁਸੀਂ ਜੇ ਦੇਰੀ ਨਾਲ ਵਿਆਹ ਕੀਤਾ ਤਾਂ ਕੁਦਰਤੀ ਤੌਰ 'ਤੇ ਪ੍ਰੈਗਨੈਂਸੀ ਨਹੀਂ ਹੋ ਸਕਦੀ। ਪਹਿਲਾਂ ਨੈਚੁਰਲ ਪ੍ਰੈਗਨੈਂਸੀ ਵੱਲ ਹੀ ਜਾਣਾ ਚਾਹੀਦਾ ਪਰ ਐੱਗ ਫ੍ਰੀਜ਼ਿੰਗ ਨੂੰ ਇੱਕ ਬਦਲ ਵੱਜੋਂ ਜ਼ਰੂਰ ਰੱਖਣਾ ਚਾਹੀਦਾ ਤਾਂ ਜੋ ਜੇਕਰ ਲੋੜ ਪਵੇ ਤਾਂ ਇਸਤੇਮਾਲ ਕੀਤਾ ਜਾ ਸਕੇ।

ਅਜਿਹਾ ਨਹੀਂ ਹੈ ਕਿ ਐੱਗ ਫ੍ਰੀਜ਼ਿੰਗ ਤੋਂ ਬਾਅਦ ਆਈਵੀਐੱਫ ਹੀ ਕਰਵਾਉਣਾ ਹੁੰਦਾ। ਤੁਸੀਂ ਨੈਚੁਰਲ ਪ੍ਰੈਗਨੈਂਸੀ ਵੀ ਪਲਾਨ ਕਰ ਸਕਦੇ ਹੋ।

ਸਵਾਲ- ਐੱਗ ਫ੍ਰੀਜ਼ਿੰਗ ਦਾ ਸਕਸੈੱਸ ਰੇਟ ਕੀ ਹੈ ?

ਜਵਾਬ- ਅੱਜ-ਕੱਲ੍ਹ ਐੱਗਸ ਨੂੰ ਵਿਟ੍ਰੀਫਿਕੇਸ਼ਨ ਤਕਨੀਕ ਜ਼ਰੀਏ ਫ੍ਰੀਜ਼ ਕੀਤਾ ਜਾਂਦਾ ਹੈ ਅਤੇ ਜਦੋਂ ਇਨ੍ਹਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ 90 ਤੋਂ 95 ਫੀਸਦ ਤੱਕ ਇਸ ਦਾ ਸਰਵਾਈਵਲ ਰੇਟ ਰਹਿੰਦਾ ਹੈ ਪਰ ਕਾਮਯਾਬ ਪ੍ਰੈਗਨੈਂਸੀ ਇਸ 'ਤੇ ਨਿਰਭਰ ਕਰਦੀ ਹੈ ਕਿ ਮਹਿਲਾ ਦੇ ਐੱਗਸ ਕਿਹੜੀ ਉਮਰ ਵਿੱਚ ਅਤੇ ਕਿੰਨੀ ਮਾਤਰਾ ਵਿੱਚ ਫ੍ਰੀਜ਼ ਕੀਤੇ ਗਏ। ਕਿਉਂਕਿ ਹਰੇਕ ਐੱਗ ਐਂਬ੍ਰਿਊ ਵਿੱਚ ਤਬਦੀਲ ਨਹੀਂ ਹੁੰਦਾ।

ਜਦੋਂ ਸਹੀ ਉਮਰ ਵਿੱਚ ਐੱਗ ਫ੍ਰੀਜ਼ ਕੀਤੇ ਜਾਂਦੇ ਹਨ ਤਾਂ ਸਕਸੈੱਸ ਰੇਟ ਵੱਧ ਹੁੰਦਾ ਹੈ ਪਰ ਜਿਵੇਂ-ਜਿਵੇਂ ਵਡੇਰੀ ਉਮਰ ਵਿੱਚ ਐੱਗ ਫ੍ਰੀਜ਼ ਕੀਤੇ ਜਾਂਦੇ ਹਨ ਤਾਂ ਪ੍ਰੈਗਨੈਂਸੀ ਦਾ ਸਕਸੈੱਸ ਰੇਟ ਘੱਟਦਾ ਜਾਂਦਾ ਹੈ।

100 ਫੀਸਦ ਪ੍ਰੈਗਨੈਂਸੀ ਦੀ ਗਾਰੰਟੀ ਨਹੀਂ ਲਈ ਜਾ ਸਕਦੀ ਹੈ ਪਰ ਨੌਜਵਾਨ ਮਹਿਲਾਵਾਂ ਦੀ ਐੱਗ ਫ੍ਰੀਜ਼ਿੰਗ ਦਾ ਰਿਜ਼ਲਟ 90 ਫੀਸਦ ਤੱਕ ਦੇਖਣ ਨੂੰ ਮਿਲਦਾ ਹੈ।

ਸਿਹਤ ਸੀਕ੍ਰੇਟਸ ਬੀਬੀਸੀ ਪੰਜਾਬੀ ਵੱਲੋਂ ਚਲਾਇਆ ਜਾ ਰਿਹਾ ਇੱਕ ਅਜਿਹਾ ਹੈਲਥ ਪੌਡਕਾਸਟ ਹੈ, ਜਿੱਥੇ ਤੁਹਾਨੂੰ ਮਰਦਾਂ, ਔਰਤਾਂ ਤੇ ਬੱਚਿਆਂ ਦੀ ਸਿਹਤ ਨਾਲ ਜੁੜੀ ਅਹਿਮ ਜਾਣਕਾਰੀ ਮਿਲੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)