"ਭਾਰਤ ਪਰਤਦੀ ਹਾਂ ਤਾਂ ਇੱਥੇ ਮੇਰੇ ਵਰਗ ਦੇ ਲੋਕ ਮੇਰੇ ਤੋਂ ਵੱਧ ਅਮਰੀਕਨ ਜਾਪਦੇ ਹਨ", ਭਾਰਤੀ ਮੂਲ ਦੀ ਅਮਰੀਕਨ ਲੇਖਿਕਾ ਕਿਰਨ ਦੇਸਾਈ ਅਜਿਹਾ ਕਿਉਂ ਮਹਿਸੂਸ ਕਰਦੀ ਹੈ ?

ਕਿਰਨ ਦੇਸਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਰਨ ਦੇਸਾਈ, 34 ਸਾਲ ਦੀ ਉਮਰ ਵਿੱਚ ਆਪਣੇ ਨਾਵਲ 'ਦ ਇਨਹੈਰੀਟੈਂਸ ਆਫ ਲੌਸ' ਲਈ ਵੱਕਾਰੀ ਬੂਕਰ ਪੁਰਸਕਾਰ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਲੇਖਿਕਾ ਬਣੀ ਸੀ।
    • ਲੇਖਕ, ਡੇਨੀਅਲ ਪਾਰਡੋ
    • ਰੋਲ, ਬੀਬੀਸੀ ਮੁੰਡੋ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਅਮਰੀਕਾ ਵਿੱਚ ਰਹਿਣ ਵਾਲੀ ਭਾਰਤੀ ਮੂਲ ਦੀ ਪੁਰਸਕਾਰ ਜੇਤੂ ਲੇਖਿਕਾ ਕਿਰਨ ਦੇਸਾਈ ਨੇ ਮੈਕਸੀਕੋ ਨੇ ਪੈਸੀਫਿਕ ਕੋਸਟ 'ਤੇ ਉਹ ਮੈਟਾਫਰ ਲੱਭਿਆ ਜਿਸ ਨੇ ਉਨ੍ਹਾਂ ਦੇ ਸਭ ਤੋਂ ਨਵੇਂ ਅਤੇ ਅਭਿਲਾਸ਼ੀ ਨਾਵਲ 'ਦ ਸੋਲੀਟਿਊਡ ਆਫ ਸੋਨੀਆ ਐਂਡ ਸੰਨੀ' ਨੂੰ ਰੂਪ ਦਿੱਤਾ।

ਕਿਰਨ ਨੇ ਆਪਣੀ ਮਾਂ ਅਨੀਤਾ ਦੇਸਾਈ(ਜੋ ਖੁਦ ਇੱਕ ਲੇਖਕ ਹੈ) ਨਾਲ ਜੀਵਨ ਦਾ ਲੰਬਾ ਸਮਾਂ ਮੈਕਸੀਕੋ ਦੇ ਓਆਹਾਕਾ, ਸੈਨ ਮਿਗੁਏਲ ਡੇ ਐਲੈਂਡੇ ਅਤੇ ਕੋਲੀਮਾ ਵਿੱਚ ਬਿਤਾਇਆ ਹੈ।

ਉਹ ਕਹਿੰਦੀ ਹੈ ਕਿ ਇੱਥੇ ਉਸ ਨੂੰ ਭਾਰਤ ਨਾਲ ਦਿਲਚਸਪ ਸਬੰਧ ਮਿਲਦੇ ਹਨ- ਪ੍ਰਾਚੀਨ ਸੱਭਿਅਤਾਵਾਂ ਦੀ ਮਾਨਤਾ, ਬਸਤੀਵਾਦ ਦਾ ਪੁਰਾਣਾ ਅਤੇ ਮੌਜੂਦ ਖਤਰਾ ਅਤੇ ਹੋਰ ਚੀਜ਼ਾਂ ਦੇ ਨਾਲ ਨਾਲ ਰੰਗਾਂ ਅਤੇ ਖੁਸ਼ਬੂਆਂ ਦੀ ਭਰਮਾਰ।

ਲੇਖਿਕਾ ਕਹਿੰਦੀ ਹੈ ਕਿ ਇਕੱਲਾਪਨ ਪਾਣੀ ਵਾਂਗ ਹੀ ਚੰਚਲ, ਮੂਲ ਅਤੇ ਪਰਿਵਰਤਨਸ਼ੀਲ ਹੁੰਦਾ ਹੈ ਜਿਸ ਦੀ ਖੋਜ ਉਸ ਨੇ ਵਿਸ਼ਾਲ ਪ੍ਰਸ਼ਾਂਤ ਮਹਾਂਸਾਗਰ ਦੇ ਸਾਹਮਣੇ ਕੀਤੀ ਹੈ।

ਬਾਹਰੋਂ ਦੇਖਣ ਨੂੰ ਸੰਨੀ ਅਤੇ ਸੋਨੀਆ ਦੀ ਕਹਾਣੀ ਪਿਆਰ ਦੀਆਂ ਉਲਝਣਾ ਬਾਰੇ ਹੈ ਪਰ ਗਹਿਰਾਈ ਵਿੱਚ ਇਹ ਇੱਕ ਅਜਿਹੀ ਗਲੋਬਲਜ਼ਾਈਡ ਦੁਨੀਆਂ ਦੀ ਤਸਵੀਰ ਹੈ ਜਿੱਥੇ ਪਰਵਾਸ, ਸੱਭਿਆਚਾਰ ਅਤੇ ਬਸਤੀਵਾਦ ਇੱਕ ਵਰਦਾਨ ਤੇ ਸਰਾਪ ਦੋਹੇਂ ਹੋ ਸਕਦੇ ਹਨ। ਇਕੱਲੇਪਣ ਦਾ ਸਰਾਪ।

ਦੋ ਦਹਾਕੇ ਪਹਿਲਾਂ ਦੇਸਾਈ, 34 ਸਾਲ ਦੀ ਉਮਰ ਵਿੱਚ ਆਪਣੇ ਨਾਵਲ 'ਦ ਇਨਹੈਰੀਟੈਂਸ ਆਫ ਲੌਸ' ਲਈ ਵੱਕਾਰੀ ਬੂਕਰ ਪੁਰਸਕਾਰ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਲੇਖਿਕਾ ਬਣੀ ਸੀ। ਇਹ ਨਾਵਲ ਵੀ ਪਰਵਾਸ, ਸੱਭਿਆਚਾਰਕ ਝਟਕਿਆਂ ਅਤੇ ਵਿਸ਼ਵੀਕਰਨ ਦੀ ਦੁਨੀਆਂ ਦੇ ਤਣਾਅ ਬਾਰੇ ਹੈ।

ਅਸੀਂ ਕੁਏਰੇਤਾਰੋ ਵਿਖੇ ਹੋਣ ਵਾਲੇ 'ਹੇਅ ਫੈਸਟੀਵਲ 2026' ਦੀ ਆਪਣੀ ਕਵਰੇਜ ਦੇ ਹਿੱਸੇ ਵਜੋਂ ਦੇਸਾਈ ਦੀ ਇੰਟਰਵਿਊ ਕੀਤੀ ਜਿੱਥੇ ਲੇਖਿਕਾ ਨੇ ਉਸ ਦੇਸ਼ ਵਿੱਚ ਸਾਡੇ ਪੱਤਰਕਾਰ ਡੇਨੀਅਲ ਪਾਰਡੋ ਨਾਲ ਇਨ੍ਹਾਂ ਵਿੱਚੋਂ ਕੁਝ ਵਿਸ਼ਿਆਂ ਬਾਰੇ ਗੱਲਬਾਤ ਕੀਤੀ ਹੈ।

ਹੇਠਾਂ ਇੰਟਰਵਿਊ ਦਾ ਕੁਝ ਹਿੱਸਾ ਹੈ।

ਪੈਸਿਫਿਕ ਤੱਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਰਨ ਦੇਸਾਈ ਨੇ ਮੈਕਸੀਕੋ ਨੇ ਪੈਸੀਫਿਕ ਕੋਸਟ 'ਤੇ ਉਹ ਮੈਟਾਫਰ ਲੱਭਿਆ ਜਿਸ ਨੇ ਉਨ੍ਹਾਂ ਦੇ ਸਭ ਤੋਂ ਨਵੇਂ ਅਤੇ ਅਭਿਲਾਸ਼ੀ ਨਾਵਲ 'ਦ ਸੋਲੀਟਿਊਡ ਆਫ ਸੋਨੀਆ ਐਂਡ ਸੰਨੀ' ਨੂੰ ਰੂਪ ਦਿੱਤਾ।

ਆਪਣੀ ਨਵੀਂ ਕਿਤਾਬ ਵਿੱਚ ਮੈਕਸੀਕੋ ਕੇਂਦਰੀ ਭੂਮਿਕਾ ਵਿੱਚ ਹੈ ਅਤੇ ਤੁਸੀਂ ਮੈਕਸੀਕੋ ਅਤੇ ਭਾਰਤ ਦਰਮਿਆਨ ਗਹਿਰੇ ਸੰਬੰਧਾਂ ਵੱਲ ਇਸ਼ਾਰਾ ਕੀਤਾ ਹੈ, ਉਹ ਸਬੰਧ ਕੀ ਹਨ?

ਦੋਹਾਂ ਦੇਸ਼ਾਂ ਵਿੱਚ ਇੱਕ ਬਹੁਤ ਪ੍ਰਾਚੀਨ ਸੱਭਿਅਤਾ ਦੀ ਗਹਿਰਾਈ ਹੈ ਜੋ ਅੱਜ ਵੀ ਮੌਜੂਦ ਹੈ।

ਦੋਹਾਂ ਵਿੱਚ ਹੀ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਸਮੇਂ ਦੇ ਕਈ ਦੌਰ ਚੱਲ ਰਹੇ ਹੋਣ। ਅਜਿਹੀਆਂ ਥਾਂਵਾਂ ਹਨ ਜਿੱਥੇ ਤੁਸੀਂ ਪ੍ਰਾਚੀਨ ਕਾਲ ਨੂੰ ਮਹਿਸੂਸ ਕਰਦੇ ਹੋ, ਨਾ ਸਿਰਫ਼ ਆਰਕੀਟੈਕਚਰ ਕਰਕੇ, ਸਗੋਂ ਇਸ ਕਰਕੇ ਵੀ ਕਿ ਲੋਕ ਉੱਥੇ ਕੀ ਕਰਦੇ ਹਨ ਜਿਵੇਂ ਕਿ ਧਾਰਮਿਕ ਯਾਤਰਾਵਾਂ , ਪ੍ਰਾਰਥਨਾ ਅਤੇ ਹਜ਼ਾਰਾਂ ਸਾਲ ਪਹਿਲਾਂ ਵਾਂਗ ਖਾਣਾ ਖਾਣਾ।

ਪ੍ਰੀ-ਹਿਸਪੈਨਿਕ ਧਰਮਾਂ ਅਤੇ ਭਾਰਤੀ ਧਰਮਾਂ ਵਿਚਕਾਰ ਵੀ ਦਿਲਚਸਪ ਸਮਾਨਤਾਵਾਂ ਹਨ।

ਅਤੇ ਦੋਹੇਂ ਦੇਸ਼ ਅਜਿਹੇ ਹਨ ਜਿੱਥੇ ਬਸਤੀਵਾਦ ਦੇ ਨਤੀਜੇ ਹਾਲੇ ਤੱਕ ਦਿਖਾਈ ਦਿੰਦੇ ਹਨ ਅਤੇ ਅਜਿਹੇ ਦੇਸ਼ ਹਨ ਜਿਥੇ ਬਸਤੀਵਾਦ(ਕਲੋਨੀਅਜ਼ਿਮ) ਨਾ ਸਿਰਫ਼ ਬਾਹਰੋਂ ਆਉਂਦਾ ਹੈ ਸਗੋਂ ਅੰਦਰੂਨੀ ਤੌਰ 'ਤੇ ਜਮਾਤਾਂ ਦੇ ਵਿਚਕਾਰ ਵੀ ਵਿਕਸਤ ਹੁੰਦਾ ਹੈ।

ਭਾਰਤ ਅਤੇ ਮੈਕਸੀਕੋ ਵਿਚਕਾਰ ਸਬੰਧਾਂ ਨੂੰ ਆਮ ਤੌਰ 'ਤੇ ਉੱਪਰੋਂ ਉਪਰੋਂ ਦੇਖਿਆ ਜਾਂਦਾ ਹੈ ਪਰ ਇਹ ਮਸਾਲੇਦਾਰ ਭੋਜਨ ਦੀ ਸਮਾਨਤਾ ਨਾਲੋਂ ਕਿਤੇ ਜ਼ਿਆਦਾ ਗਹਿਰੇ ਅਤੇ ਦਿਲਚਸਪ ਹਨ।

ਬਹੁਤ ਸਾਰੇ ਕਲਾਕਾਰ ਨੇ ਇਸ ਨੂੰ ਪਹਿਲਾਂ ਹੀ ਦੇਖ ਲਿਆ ਸੀ। ਇਹ ਓਕਤਾਵੀਓ ਪਾਜ਼ ਦੀਆਂ ਕਵਿਤਾਵਾਂ ਵਿੱਚ ਹੈ, ਇਹ ਗ੍ਰੇਸੀਏਲਾ ਇਤੁਰਬੀਦੇ ਦੀਆਂ ਤਸਵੀਰਾਂ ਵਿੱਚ ਹੈ।

ਤੁਸੀਂ ਕਹਿੰਦੇ ਹੋ ਕਿ ਹੁਆਨ ਰੁਲਫੋ ਅਤੇ ਗੈਬਰੀਲੀਅਲ ਗਾਰਸੀਆ ਮਾਰਕੇਜ਼ ਤੁਹਾਡੇ ਪ੍ਰੇਰਨਾ ਸ੍ਰੋਤ ਹਨ ਪਰ ਤੁਸੀਂ 'ਮੈਜੀਕਲ ਰੀਅਲਿਜ਼ਮ' ਦੀ ਧਾਰਨਾ ਦੀ ਅਲੋਚਨਾ ਵੀ ਕਰਦੇ ਹੋ। ਤੁਸੀਂ ਇਨ੍ਹਾਂ ਦੋਹਾਂ ਚੀਜ਼ਾਂ ਵਿੱਚ ਕਿਵੇਂ ਸੰਤੁਲਨ ਬਣਾਉਂਦੇ ਹੋ ਜੋ ਆਪਸ ਵਿੱਚ ਵਿਰੋਧੀ ਲਗਦੀਆਂ ਹਨ ?

ਤੁਸੀਂ ਇਕ ਵਾਰ ਜਦੋਂ ਕਿਸੇ ਦੇਸ਼ ਨੂੰ ਜਾਦੂਈ ਵਜੋਂ ਪੇਸ਼ ਕਰਦੇ ਹੋ ਤਾਂ ਉਸ ਨੂੰ ਤਬਾਹ ਕਰਨਾ ਸੌਖਾ ਹੋ ਜਾਂਦਾ ਹੈ ਕਿਉਂਕਿ ਤੁਸੀਂ ਆਖਿਰਕਾਰ ਭ੍ਰਿਸ਼ਟਾਚਾਰ ਜਾਂ ਤਾਨਾਸ਼ਾਹ ਦੀ ਇੱਕ ਆਮ ਜਿਹੀ ਸਮਝ ਨੂੰ ਸਹੀ ਠਹਿਰਾਉਣ ਲੱਗ ਪੈਂਦੇ ਹੋ।

ਮੈਨੂੰ ਨਹੀਂ ਲਗਦਾ ਕਿ ਮਾਰਕੇਜ਼ ਜਾਂ ਸਲਮਾਨ ਰਸ਼ਦੀ ਜਿਹੇ ਲੇਖਕਾਂ ਨੇ ਇਸ ਸ਼ਬਦ ਨੂੰ ਸਵੀਕਾਰ ਕੀਤਾ ਹੈ। ਇਹ ਇੱਕ ਜਰਮਨ ਅਕਾਦਮਿਕ ਵੱਲੋਂ ਘੜਿਆ ਗਿਆ ਸ਼ਬਦ ਹੈ। ਇਸ ਦੀ ਬਜਾਏ, ਮੈਂ ਮੰਨਦੀ ਹਾਂ ਕਿ ਇਹ ਇੱਕ ਅਜਿਹਾ ਲੇਬਲ ਸੀ ਜੋ ਵੈਸਟ ਨੂੰ ਇੱਕ ਅਜਿਹੀ ਸਾਹਿਤਕ ਲਹਿਰ ਨੂੰ ਦੇਣ ਦੀ ਲੋੜ ਸੀ ਜੋ ਅਦਿੱਖ ਚੀਜ਼ਾਂ ਬਾਰੇ ਚਿੰਤਤ ਸੀ।

ਇਹ ਸ਼ਬਦ ਲਾਤੀਨੀ ਅਮਰੀਕੀ, ਅਫਰੀਕੀ ਅਤੇ ਏਸ਼ੀਆਈ ਦੇਸ਼ਾਂ 'ਤੇ ਉਨ੍ਹਾਂ ਸੱਭਿਆਚਾਰਾਂ ਨੂੰ ਸ਼੍ਰੇਣੀਬੱਧ ਕਰਨ ਲਈ ਲਾਗੂ ਹੁੰਦਾ ਹੈ ਜੋ ਜ਼ਾਹਰਾ ਤੌਰ 'ਤੇ ਜਾਦੂ ਵਿੱਚ ਜੜੇ ਹੋਏ ਹਨ। ਤੁਸੀਂ ਆਈਸਲੈਂਡਿਕ ਲੇਖਿਕ ਹੋ ਸਕਦੇ ਹੋ ਅਤੇ ਉਸ ਸ਼ੈਲੀ ਵਿਚ ਲਿਖ ਸਕਦੇ ਹੋ ਜਿਸ ਨੂੰ ਅਸੀਂ ਜਾਦੂਈ ਯਦਾਰਥਵਾਦ ਕਹਿੰਦੇ ਹਾਂ ਜਾਂ ਤੁਸੀਂ ਭੂਤਾਂ ਬਾਰੇ ਲਿਖਣ ਵਾਲੇ ਹੈਨਰੀ ਜੇਮਜ਼ ਹੋ ਸਕਦੇ ਹੋ ਅਤੇ ਕੋਈ ਵੀ ਇਸ ਨੂੰ ਜਾਦੂਈ ਯਦਾਰਥਵਾਦ (ਮੈਜੀਕਲ ਰੀਅਲਿਜ਼ਮ) ਨਹੀਂ ਕਹਿੰਦੀ।

ਇਹ ਟਰਮ ਸਿਰਫ਼ ਸਾਡੇ 'ਤੇ ਲਾਗੂ ਹੁੰਦੀ ਹੈ, ਉਨ੍ਹਾਂ ਲੋਕਾਂ 'ਤੇ ਜੋ ਗਰੀਬ ਦੇਸ਼ਾਂ ਤੋਂ ਆਉਂਦੇ ਹਨ।

ਜਦੋਂ ਮੈਂ 'ਦ ਸੌਲੀਟਿਊਡ ਆਫ ਸੋਨੀਆ ਐਡ ਸੰਨੀ' ਲਿਖਣਾ ਸ਼ੁਰੂ ਕੀਤਾ ਤਾਂ ਮੈਂ ਜਾਣਦੀ ਸੀ ਕਿ ਇਸ ਲਈ ਮੇਰੀ ਅਲੋਚਨਾ ਹੋਵੇਗੀ ਕਿਉਂਕਿ ਭਾਰਤ ਵਿੱਚ ਮੈਜੀਕਲ ਰੀਅਲਿਜ਼ਮ ਖ਼ਿਲਾਫ਼ ਲਹਿਰ ਚੱਲ ਰਹੀ ਹੈ।

ਪਰ ਮੈਂ ਸਿਰਫ਼ ਅਦਿੱਖ ਦੁਨੀਆਂ ਅਤੇ ਇੱਕ ਅਜਿਹੇ ਗਹਿਰੇ, ਭ੍ਰਿਸ਼ਟ ਅਤੇ ਬਸਤੀਵਾਦੀ ਸਿਆਸੀ ਲਹਿਰ ਦੇ ਅਹਿਸਾਸ ਬਾਰੇ ਲਿਖ ਰਹੀ ਸੀ ਜੋ ਭਾਰਤੀ ਇਤਿਹਾਸ ਵਿੱਚ ਇੱਕ ਸੱਪ ਦੀ ਤਰ੍ਹਾਂ ਚਲਦਾ ਆ ਰਿਹਾ ਹੈ।

ਅਸਧਾਰਨ ਚੀਜ਼ਾਂ ਸਾਰਿਆਂ ਨਾਲ ਵਾਪਰਦੀਆਂ ਹਨ ਨਾ ਸਿਰਫ਼ ਉਨ੍ਹਾਂ ਨਾਲ ਜੋ ਗਰੀਬ ਦੇਸ਼ਾਂ ਵਿੱਚ ਰਹਿੰਦੇ ਹਨ। ਸਾਡੇ ਸਾਰਿਆਂ ਨੂੰ ਡਰਾਉਣੇ ਸੁਫ਼ਨੇ ਆਉਂਦੇ ਹਨ, ਅਸੀਂ ਸਾਰੇ ਭੂਤ ਦੇਖਦੇ ਹਾਂ। ਜ਼ਿੰਦਗੀ ਆਖਿਰਕਾਰ ਹਰ ਵਿਅਕਤੀ ਨੂੰ ਇੱਕ ਅਜਿਹੀ ਅਸਧਾਰਨ ਥਾਂ 'ਤੇ ਲੈ ਆਉਂਦੀ ਹੈ ਜੋ ਜਾਦੂਈ ਲਗਦੀ ਹੈ।

ਕਿਰਨ ਦੇਸਾਈ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਰਨ ਨੇ ਆਪਣੀ ਮਾਂ ਅਨੀਤਾ ਦੇਸਾਈ(ਜੋ ਖੁਦ ਇੱਕ ਲੇਖਕ ਹੈ) ਨਾਲ ਜੀਵਨ ਦਾ ਲੰਬਾ ਸਮਾਂ ਮੈਕਸੀਕੋ ਦੇ ਓਆਹਾਕਾ, ਸੈਨ ਮਿਗੁਏਲ ਡੇ ਐਲੈਂਡੇ ਅਤੇ ਕੋਲੀਮਾ ਵਿੱਚ ਬਿਤਾਇਆ ਹੈ।

ਤੁਸੀਂ ਲਾਤੀਨੀ ਅਮਰੀਕੀ ਦੇ ਨੇੜੇ ਕਿਵੇਂ ਹੋਏ ?

ਅਮਰੀਕਾ ਵਿਚ ਪਰਵਾਸੀ ਹੋਣ ਬਾਰੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਲਾਤੀਨੀ ਅਮਰੀਕਾ ਲਈ ਰਸਤੇ ਖੋਲ੍ਹਦਾ ਹੈ।

ਭਾਰਤ ਵਿੱਚ ਅਸੀਂ ਲਾਤੀਨੀ ਅਮਰੀਕੀ ਲੇਖਕਾਂ ਨੂੰ ਪੜ੍ਹਦਿਆਂ ਵੱਡੇ ਹੋਏ ਹਾਂ ਪਰ ਲਾਤੀਨੀ ਅਮਰੀਕਾ ਵਿੱਚ ਭਾਰਤੀ ਲੇਖਕਾਂ ਨੂੰ ਓਨਾ ਨਹੀਂ ਪੜ੍ਹਿਆ ਜਾਂਦਾ।

ਲਗਭਗ ਹਰ ਪੜ੍ਹੇ ਲਿਖੇ ਇਨਸਾਨ ਨੇ ਕਈ ਲਾਤੀਨੀ ਅਮਰੀਕੀ ਲੇਖਕਾਂ ਨੂੰ ਪੜ੍ਹਿਆ ਹੋਵੇਗਾ। ਅਸੀਂ ਹਰ ਚੀਜ਼ ਨੂੰ ਗਹਿਰਾਈ ਨਾਲ ਨਹੀਂ ਸਮਝ ਸਕੇ, ਪਰ ਪਰਿਵਾਰਕ ਢਾਂਚੇ, ਅੰਧ-ਵਿਸ਼ਵਾਸ, ਭੂਤਾਂ ਅਤੇ ਕਾਲਪਨਿਕ ਘਟਨਾਵਾਂ ਦੇ ਸੱਭਿਆਚਾਰ ਦਾ ਹਿੱਸਾ ਹੋਣ ਦੇ ਮਾਮਲੇ ਵਿੱਚ ਕੁਝ ਅਜਿਹਾ ਸੀ ਜੋ ਬਹੁਤ ਜਾਣਿਆ ਪਛਾਣਿਆ ਲਗਦਾ ਸੀ।

ਪਰ ਮੇਰੇ ਮੈਕਸੀਕੋ ਜਾਣ ਦਾ ਅਸਲ ਕਾਰਨ ਇਹ ਸੀ ਕਿ ਮੇਰੀ ਮਾਂ ਬੋਸਟਨ ਦੀ ਠੰਡ ਅਤੇ ਉੱਥੇ ਹੋਣ ਦੀ ਨੀਰਸਤਾ ਤੋਂ ਤੰਗ ਆ ਚੁੱਕੀ ਸੀ ਕਿ ਉਹ ਮੈਨੂੰ ਓਆਹਾਕਾ ਲੈ ਗਈ ਜਿੱਥੇ ਹਵਾਈ ਜਹਾਜ਼ ਤੋਂ ਉਤਰਦਿਆਂ ਹੀ ਜਦੋਂ ਉਸ ਨੇ ਹਵਾ ਨੂੰ ਸੁੰਘਿਆ ਅਤੇ ਬੋਗਨਵਿਲੀਆ ਦੇ ਫੁੱਲ ਦੇਖੇ ਤਾਂ ਉਸ ਨੂੰ ਇੱਕ ਆਪਣੇਪਣ ਦਾ ਅਹਿਸਾਸ ਹੋਇਆ।

ਇਹ ਦਰਖਤ, ਰੰਗ ਅਤੇ ਹਰਿਆਵਲ ਭਾਰਤ ਅਤੇ ਹਿਮਾਲਿਆ(ਜਿਸ ਦੇ ਨੇੜੇ ਪੰਜਾਬ ਵਿੱਚ ਮੈਂ ਵੱਡੀ ਹੋਈ ਹਾਂ) ਨਾਲ ਇੱਕ ਹੋਰ ਸਬੰਧ ਹਨ।

ਕਿਵੇਂ ਤੁਸੀਂ ਮੈਕਸੀਕੋ ਜਿਹੇ ਦੇਸ਼ ਵਿੱਚ ਆਉਂਦੇ ਹੋ ਅਤੇ ਇਸ ਨੂੰ ਵਿਕਸਿਤ ਦੁਨੀਆਂ ਤੋਂ ਆਉਣ ਵਾਲੇ ਇੱਕ ਵਿਦੇਸ਼ੀ ਦੇ ਨਜ਼ਰੀਏ ਨਾਲ ਨਹੀਂ ਦੇਖਦੇ ?

ਜਦੋਂ ਤੁਸੀਂ ਇੱਕ ਬਸਤੀਵਾਦ ਦੇ ਇਤਿਹਾਸ ਤੋਂ ਆਉਂਦੇ ਹੋ ਤਾਂ ਅਜਿਹੀ ਨਜ਼ਰ ਵਿਕਸਿਤ ਨਾ ਕਰਨਾ ਸਚਮੁਚ ਬਹੁਤ ਮੁਸ਼ਕਲ ਹੁੰਦਾ ਹੈ।

ਇਸ ਤੋਂ ਬਾਹਰ ਨਿਕਲਣ ਦਾ ਇੱਕ ਤਰੀਕਾ ਹੈ ਗਲਤੀਆਂ ਕਰਨਾ, ਇੱਕ ਲੇਖਿਕਾ ਅਤੇ ਪਾਠਕ ਵਜੋਂ। ਮੈਂ ਪਿੱਛੇ ਮੁੜ ਕੇ ਦੇਖਦੀ ਹਾਂ ਅਤੇ ਸੋਚਦੀ ਹਾਂ ਕਿ ਮੈਂ ਅਜਿਹੀਆਂ ਗਲਤੀਆਂ ਕੀਤੀਆਂ ਹਨ ਜੋ ਅਟਲ ਸਨ ਕਿਉਂਕਿ ਤੁਸੀਂ ਇੱਕ ਅਜਿਹੀ ਦੁਨੀਆਂ ਵਿੱਚ ਇੱਕ ਯਾਤਰੀ ਵੀ ਹੁੰਦੇ ਹਨ ਹੋ ਜਿਸ ਨੂੰ ਤੁਸੀਂ ਜਾਣਦੇ ਨਹੀਂ ਹੋ।

ਤੁਸੀਂ ਉਹ ਪੜ੍ਹ ਰਹੇ ਹੁੰਦੇ ਹੋ ਜੋ ਅਮਰੀਕਾ ਲਾਤੀਨੀ ਅਮਰੀਕਾ ਬਾਰੇ ਕਹਿ ਰਿਹਾ ਹੁੰਦਾ ਹੈ ਅਤੇ ਤੁਸੀਂ ਮੈਕਸੀਕੋ ਦੀ ਯਾਤਰਾ ਕਰਨ ਵਾਲੇ ਦੂਜੇ ਲੇਖਕਾਂ ਦੀਆਂ ਕਿਤਾਬਾਂ ਵੀ ਪੜ੍ਹ ਰਹੇ ਹੁੰਦੇ ਹੋ।

ਜਦੋਂ ਮੈਂ ਭਾਰਤੀ-ਨੇਪਾਲੀਆਂ ਬਾਰੇ ਲਿਖ ਰਹੀ ਸੀ ਤਾਂ ਉਸ ਅਬਾਦੀ ਵੱਲੋਂ ਇੱਕ ਪ੍ਰਤੀਕਿਰਿਆ ਆਈ ਸੀ ਕਿ ਮੈਂ ਇਹ ਗਲਤ ਢੰਗ ਨਾਲ ਲਿਖਿਆ ਹੈ ਅਤੇ ਜਦੋਂ ਮੈਂ ਨਿਊਯਾਰਕ ਵਿੱਚ ਅਫਰੀਕੀਆਂ ਬਾਰੇ ਲਿਖਿਆ ਤਾਂ ਮੈਨੂੰ ਲਗਦਾ ਹੈ ਕਿ ਮੈਂ ਉੱਥੇ ਵੀ ਥੋੜ੍ਹੀ ਗਲਤੀ ਕੀਤੀ। ਮੈਂ ਹੁਣ ਇਸ ਨੂੰ ਉਸੇ ਤਰ੍ਹਾਂ ਨਹੀਂ ਲਿਖਾਂਗੀ।

ਮੈਕਸੀਕੋ ਦੇ ਘਰ ਬਾਹਰ ਬੋਗਨਵਿਲਾ ਦੀ ਵੇਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਅਤੇ ਮੈਕਸੀਕੋ ਵਿਚਕਾਰ ਸਬੰਧਾਂ ਨੂੰ ਆਮ ਤੌਰ 'ਤੇ ਉੱਪਰੋਂ ਉਪਰੋਂ ਦੇਖਿਆ ਜਾਂਦਾ ਹੈ ਪਰ ਇਹ ਮਸਾਲੇਦਾਰ ਭੋਜਨ ਦੀ ਸਮਾਨਤਾ ਨਾਲੋਂ ਕਿਤੇ ਜ਼ਿਆਦਾ ਗਹਿਰੇ ਅਤੇ ਦਿਲਚਸਪ ਹਨ।

ਤੁਸੀਂ ਨਿਊਯਾਰਕ ਦੇ ਜੈਕਸਨ ਹਾਈਟਸ ਵਿੱਚ ਰਹਿੰਦੇ ਹੋ ਜੋ ਕਿ ਇੱਕ ਬਹੁਤ ਹੀ ਵਿਭਿੰਨਤਾ ਭਰਿਆ ਇਲਾਕਾ ਹੈ। ਕੀ ਬਸਤੀਵਾਦ ਅਤੇ ਪਰਵਾਸ ਬਾਰੇ ਗੱਲ ਕਰਨ ਦਾ ਤੁਹਾਡਾ ਇਹੀ ਹੈ ?

ਮੈਂ ਭਾਰਤ ਵਿਚ ਪਲੀ ਹਾਂ, ਇਸ ਲਈ ਬਸਤੀਵਾਦ ਦਾ ਇਤਿਹਾਸ ਮੇਰੇ ਅੰਦਰ ਮੌਜੂਦ ਰਿਹਾ ਹੈ।

ਜਦੋਂ ਮੈਂ ਵੱਡੀ ਹੋ ਰਹੀ ਸੀ ਤਾਂ ਭਾਰਤ ਵਿੱਚ ਕੋਈ ਵਿਦੇਸ਼ੀ ਕਾਰੋਬਾਰ ਨਹੀਂ ਸਨ। ਅਜ਼ਾਦੀ ਤੋਂ ਬਾਅਦ, ਦੇਸ਼ ਕੌਮਾਂਤਰੀ ਬਜ਼ਾਰ ਲਈ ਖੁੱਲ੍ਹਿਆ ਜਿਸ ਨਾਲ ਵਿਦੇਸ਼ ਕੰਪਨੀਆਂ ਵੱਲੋਂ ਅੰਨ੍ਹੇਵਾਹ ਸੋਸ਼ਣ ਸ਼ੁਰੂ ਹੋਇਆ। ਹੁਣ ਪਿਛਲੇ ਦਸ ਸਾਲਾਂ ਵਿੱਚ ਅਸੀਂ ਦੁਬਾਰਾ ਰਾਸ਼ਟਰਵਾਦ, ਤਾਨਾਸ਼ਾਹੀ, ਘੱਟ ਗਿਣਤੀਆਂ ਦੇ ਸੋਸ਼ਣ ਅਤੇ ਪਰਵਾਸੀਆਂ ਨੂੰ ਘਟੀਆ ਕਹਿਣ ਵੱਲ ਮੁੜ ਰਹੇ ਹਾਂ।

ਅਤੇ ਹਾਂ ਮੈਂ ਉਸ ਇਲਾਕੇ ਵਿੱਚ ਰਹਿੰਦੀ ਹਾਂ ਜਿੱਥੇ ਵੈਨੇਜ਼ੁਏਲਾ, ਕੋਲੰਬੀਆ, ਅਫ਼ਗਾਨਿਸਤਾਨ, ਮਿਸਰ, ਬੰਗਾਲ ਅਤੇ ਤਿੱਬਤ ਦੇ ਲੋਕ ਰਹਿੰਦੇ ਹਨ।

ਮੇਰੇ ਲਈ ਸਭ ਤੋਂ ਵੱਡੀ ਲੜਾਈ ਇਹ ਹੈ ਕਿ ਤੁਸੀਂ ਕਿਸੇ ਇੱਕ ਨੈਰੇਟਿਵ ਵਾਲੇ ਨਾਵਲ ਵਜੋਂ ਇਨ੍ਹਾਂ ਸਾਰੀਆਂ ਕਹਾਣੀਆਂ ਨੂੰ ਕਿਵੇਂ ਫਿੱਟ ਕਰ ਸਕਦੇ ਹੋ। ਮੈਨੂੰ ਨਹੀਂ ਲਗਦਾ ਕਿ ਮੈਂ ਸਫਲ ਰਹੀ ਹਾਂ। ਇੱਕ ਨਾਵਲ ਨੂੰ ਉਸੇ ਤਰ੍ਹਾਂ ਅੱਗੇ ਵਧਾਉਣਾ ਜਿਸ ਤਰ੍ਹਾਂ ਇੱਕ ਅਬਾਦੀ ਅੱਗੇ ਵਧਦੀ ਹੈ, ਮੇਰੇ ਲਈ ਬਹੁਤ ਗੁੰਝਲਦਾਰ ਹੈ ਕਿਉਂਕਿ ਇਸ ਤਰ੍ਹਾਂ ਉਹ ਤੁਹਾਡੇ ਸਾਹਮਣੇ ਤਾਂ ਹੁੰਦੇ ਹਨ ਪਰ ਅਸਲ ਵਿੱਚ ਤੁਸੀਂ ਸਿਰਫ਼ ਉਨ੍ਹਾਂ ਲੋਕਾਂ ਦੇ ਸਿਰਫ਼ ਅੰਸ਼ ਹੀ ਦੇਖ ਪਾਉਂਦੇ ਹੋ ਜਿਨ੍ਹਾਂ ਨੂੰ ਤੁਸੀਂ ਮਿਲਦੇ ਹੋ।

ਤੁਸੀਂ ਕਦੇ ਵੀ ਪੂਰੀ ਤਸਵੀਰ ਨਹੀਂ ਦੇਖ ਸਕਦੇ, ਇੱਕ ਅਜਿਹੀ ਪੂਰੀ ਤਸਵੀਰ ਜੋ ਅਜਿਹੇ ਵਿਰੋਧਾਭਾਸਾਂ ਨਾਲ ਭਰੀ ਹੋਈ ਹੈ ਜਿਨ੍ਹਾਂ ਨੂੰ ਸਮਝਣਾ ਬਹੁਤ ਮੁਸ਼ਕਲ ਹੈ।

ਪਿਛਲੀਆਂ ਚੋਣਾਂ ਵਿੱਚ ਇਸ ਇਲਾਕੇ ਵਿੱਚ ਡੈਮੋਕ੍ਰੇਟਿਕ ਪਾਰਟੀ ਜਿੱਤੀ ਸੀ ਜਿਵੇਂ ਕਿ ਆਮ ਤੌਰ 'ਤੇ ਹੁੰਦਾ ਹੈ ਪਰ ਪਹਿਲੀ ਵਾਰ ਡੋਨਲਡ ਟਰੰਪ ਵੱਲ ਇੱਕ ਵੱਡਾ ਰੁਝਾਨ ਦੇਖਣ ਨੂੰ ਮਿਲਿਆ। ਪਰਵਾਸੀ ਅਕਸਰ ਬਹੁਤ ਜ਼ਿਆਦਾ ਰੂੜੀਵਾਦੀ ਹੁੰਦੇ ਹਨ। ਕਈਆਂ ਨੇ ਤਾਂ ਪੂਰੀ ਤਰ੍ਹਾਂ ਆਪਣੇ ਹਿਤਾਂ ਖ਼ਿਲਾਫ਼ ਵੋਟ ਪਾਈ।

ਤੁਹਾਨੂੰ ਕਿਉਂ ਲਗਦਾ ਹੈ ਕਿ ਪਰਵਾਸ ਡਰ ਪੈਦਾ ਕਰਦਾ ਹੈ ?

ਕਿਉਂਕਿ ਇੱਕ ਭਾਵਨਾ ਹੈ ਕਿ ਵਿਦੇਸ਼ੀ ਨੌਕਰੀਆਂ ਲੈਣ ਲਈ ਆ ਰਹੇ ਹਨ ਅਤੇ ਅਮਰੀਕੀਆਂ ਜਾਂ ਸਥਾਨਕ ਲੋਕਾਂ ਨੂੰ ਉਨ੍ਹਾਂ ਦੀ ਮੈਡੀਕਲ ਕੇਅਰ ਦਾ ਖ਼ਰਚਾ ਚੁੱਕਣਾ ਪੈਂਦਾ ਹੈ।

ਹੁਣ ਇੱਥੇ ਐਂਟੀ-ਇੰਡੀਅਨ ਭਾਵਨਾ ਹੈ ਕਿਉਂਕਿ ਉਹ ਮੰਨ ਰਹੇ ਹਨ ਕਿ ਭਾਰਤੀ ਇੱਥੇ ਡਾਕਟਰਾਂ, ਇੰਜੀਨੀਅਰਾਂ ਅਤੇ ਕੰਪਿਊਟਰ ਵਿਗਿਆਨੀਆਂ ਦੀਆਂ ਨੌਕਰੀਆਂ ਖੋਹਣ ਲਈ ਆ ਰਹੇ ਹਨ।

ਅਤੇ ਭਾਰਤ ਵਿੱਚ ਵੀ ਇਹੋ ਹੋ ਰਿਹਾ ਹੈ। ਸਥਾਨਕ ਲੋਕਾਂ ਨੂੰ ਲਗਦਾ ਹੈ ਕਿ ਪਰਵਾਸੀ ਇੱਕ ਖਤਰਾ ਹਨ ਜਦਕਿ ਉਹ ਦਹਾਕਿਆਂ ਤੋਂ ਵਿਕਾਸ ਦਾ ਵੱਡਾ ਸ੍ਰੋਤ ਰਹੇ ਹਨ।

ਜੈਕਸਨ ਹਾਈਟਸ ਇਲਾਕੇ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿਊਯਾਰਕ ਵਿੱਚ ਜੈਕਸਨ ਹਾਈਟਸ ਇਲਾਕੇ, ਲਾਤੀਨੀ ਅਮਰੀਕਾ ਲਈ ਇੱਕ ਦਰਵਾਜ਼ੇ ਵਾਂਗ ਹੈ।

ਮੈਨੂੰ ਯਾਦ ਹੈ ਕਿ ਮੈਂ ਭਾਰਤ ਵਿਚ ਮੈਕਡੋਨਲਡਸ ਗਈ ਸੀ ਅਤੇ ਦੇਖਿਆ ਸੀ ਕਿ ਇਹ ਇੱਕ ਹਾਈ ਕਲਾਸ ਦੀ ਜਗ੍ਹਾ ਹੈ, ਅਜਿਹਾ ਕਿਉਂ ?

ਕਿਉਂਕਿ ਗੁਲਾਮ ਬਣਾਉਣ ਵਾਲੇ ਖੁਦ ਗੁਲਾਮ ਦੇਸ਼ ਦੇ ਉੱਚ ਵਰਗ ਦੇ ਲੋਕ ਹੁੰਦੇ ਹਨ। ਇਹ ਖਪਤਕਾਰ ਆਰਥਿਕਤਾ ਅਤੇ ਪੂੰਜੀਵਾਦ ਵੱਲੋਂ ਪੈਦਾ ਕੀਤੀ ਗਈ ਇੱਕ ਲਾਲਸਾ ਹੈ।

ਜਦੋਂ ਮੈਂ ਭਾਰਤ ਪਰਤਦੀ ਹਾਂ ਤਾਂ ਇਸ ਗੱਲ 'ਤੇ ਹੈਰਾਨ ਹੁੰਦੀ ਹਾਂ ਕਿ ਮੇਰੇ ਵਰਗ ਦੇ ਲੋਕ ਅਕਸਰ ਮੇਰੇ ਨਾਲੋਂ ਵਧੇਰੇ ਅਮਰੀਕਨ ਹੁੰਦੇ ਹਨ ਜਦਕਿ ਮੈਂ ਖੁਦ ਉੱਥੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਰਹਿ ਰਹੀ ਹਾਂ।

ਉਹ ਮੈਕਡੋਨਲਡਜ਼ 'ਤੇ ਖਾ ਰਹੇ ਹਨ, ਉਨ੍ਹਾਂ ਨੇ ਸਾਰਿਆਂ ਨਵੀਆਂ ਅਮਰੀਕੀ ਫ਼ਿਲਮਾਂ ਦੇਖੀਆਂ ਹਨ, ਉਹ ਅਮਰੀਕਨਾ ਵਾਂਗ ਕੱਪੜੇ ਪਾਉਂਦੇ ਹਨ।

ਅਤੇ ਫਿਰ ਵੀ ਉਹ ਪੂਰੀ ਤਰ੍ਹਾਂ ਰਾਸ਼ਟਰਵਾਦੀ ਸਰਕਾਰ (ਮੋਦੀ ਸਰਕਾਰ) ਨੂੰ ਸਮਰਥਨ ਦਿੰਦੇ ਹਨ ਜਿਨ੍ਹਾਂ ਨੇ ਕਿ ਅਮਰੀਕੀ ਸ਼ੈਲੀ ਦੇ ਹੋਟਲ ਅਤੇ ਸ਼ੌਪਿੰਗ ਸ਼ੈਟਰ ਬਣਾਏ ਹਨ ਜੋ ਕਿ ਕਾਰਪੋਰੇਟ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਦੇ ਹਨ।

ਇਹ ਇੱਕ ਅਜੀਬ ਵਰਤਾਰਾ ਹੈ ਜੋ ਸਮਕਾਲੀ ਦੁਨੀਆਂ ਦੇ ਕਈ ਹਿੱਸਿਆਂ ਵਿਚ ਦੁਹਰਾਇਆ ਜਾ ਰਿਹਾ ਹੈ- ਨਵੇਂ ਰਾਸ਼ਟਰਵਾਦੀ ਇੱਕ ਅਜਿਹੀ ਜੀਵਨ ਸ਼ੈਲੀ ਦੇ ਸਭ ਤੋਂ ਵੱਡੇ ਸੰਚਾਲਕ ਹਨ ਜੋ ਉਨ੍ਹਾਂ ਦੇ ਆਪਣੇ ਦੇਸ਼ ਦੇ ਹਿਤਾਂ ਖ਼ਿਲਾਫ਼ ਜਾਂਦੀ ਹੈ।

ਤੁਹਾਡੀਆਂ ਕਿਤਾਬਾਂ ਵਿੱਚ ਪਰਵਾਸੀ ਆਪਣੀਆਂ ਜੜ੍ਹਾਂ ਤੋਂ ਭੱਜ ਰਹੇ ਹੁੰਦੇ ਹਨ ਪਰ ਦਹਾਕਿਆਂ ਤੱਕ ਬਾਹਰ ਰਹਿਣ ਬਾਅਦ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਉਨ੍ਹਾਂ ਹੀ ਚੀਜ਼ਾਂ ਨੂੰ ਪੈਦਾ ਕਰ ਰਹੇ ਹਨ ਜਿਨ੍ਹਾਂ ਤੋਂ ਉਹ ਭੱਜੇ ਸਨ।

ਇਹ ਇਕ ਅਜੀਬ ਅਹਿਸਾਸ ਹੁੰਦਾ ਹੈ ਜਦੋਂ ਤੁਹਾਨੂੰ ਸਮਝ ਆਉਂਦੀ ਹੈ ਕਿ ਤੁਸੀਂ ਖੁਦ ਵੀ ਸਥਿਰ ਨਹੀਂ ਹੋ। ਇਹ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਬਾਰੇ ਤੁਸੀਂ ਉਦੋਂ ਸੋਚਦੇ ਹੋ ਜਦੋਂ ਤੁਸੀਂ ਆਪਣੇ ਭਾਈਚਾਰੇ ਦੇ ਅੰਦਰ ਰਹਿ ਰਹੇ ਹੁੰਦੇ ਹੋ।

ਜਦੋਂ ਤੁਸੀਂ ਪਰਵਾਸ ਕਰਦੇ ਹੋ ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਬਦਲ ਰਹੇ ਹੋ ਜਦਕਿ ਉਸੇ ਸਮੇਂ ਤੁਸੀਂ ਉਨ੍ਹਾਂ ਚੀਜ਼ਾਂ ਦੀ ਪਛਾਣ ਕਰਦੇ ਹੋ ਜਿਨ੍ਹਾਂ ਨੂੰ ਤੁਸੀਂ ਕਦੇ ਬਦਲ ਨਹੀਂ ਸਕਦੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)