ਮੁਹਾਲੀ ਦੇ ਘੜੂੰਆਂ 'ਚ 'ਪੁਰਾਤਨ ਸਿੱਕੇ' ਮਿਲਣ ਦੀ ਖ਼ਬਰ ਬਾਅਦ ਜਦੋਂ ਲੋਕਾਂ ਨੇ ਆਪ ਮੁਹਾਰੇ ਪੁੱਟੀ ਮਿੱਟੀ, ਸਿੱਕਿਆਂ ਬਾਰੇ ਪ੍ਰਸ਼ਾਸਨ ਨੇ ਕੀ ਦੱਸਿਆ

- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਮੁਹਾਲੀ ਜ਼ਿਲ੍ਹੇ ਦਾ ਪਿੰਡ ਘੜੂੰਆਂ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿੱਚ ਹੈ, ਜਿਸਦਾ ਕਾਰਨ ਹੈ ਕਿ ਪਿੰਡ ਵਿੱਚ ਸਰਕਾਰ ਵੱਲੋਂ ਲਾਇਬ੍ਰੇਰੀ ਬਣਾਉਣ ਲਈ ਕੀਤੀ ਜਾ ਰਹੀ ਖੁਦਾਈ ਦੌਰਾਨ ਇੱਥੋਂ ਕੁਝ ਪੁਰਾਤਨ ਸਿੱਕੇ ਮਿਲੇ ਹਨ।
ਇਨ੍ਹਾਂ ਸਿੱਕਿਆਂ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਹਾਲਾਂਕਿ ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਖੁਦਾਈ ਦੌਰਾਨ ਸਿੱਕੇ ਪਿੰਡ ਵਾਲਿਆਂ ਨੂੰ ਮਿਲੇ ਹਨ, ਪ੍ਰਸ਼ਾਸਨ ਨੂੰ ਵੀ ਇਸ ਬਾਰੇ ਜਾਣਕਾਰੀ ਪਿੰਡ ਵਾਸੀਆਂ ਵੱਲੋਂ ਹੀ ਦਿੱਤੀ ਗਈ ਹੈ।
ਖੁਦਾਈ ਦੌਰਾਨ ਮਿਲ ਰਹੇ ਪੁਰਾਤਨ ਸਿੱਕਿਆਂ ਦੀ ਖ਼ਬਰ ਪਿੰਡ ਵਿੱਚ ਜਿਵੇਂ ਹੀ ਫ਼ੈਲੀ ਤਾਂ ਵੱਡੀ ਗਿਣਤੀ ਲੋਕਾਂ ਨੇ ਆਪ ਮੁਹਾਰੇ ਇਸ ਥਾਂ 'ਤੇ ਆ ਕੇ ਮਿੱਟੀ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ।
ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਇਸ ਦੌਰਾਨ ਕੁਝ ਲੋਕ ਸਿੱਕੇ ਆਪਣੇ ਨਾਲ ਲੈ ਗਏ।
ਬੁੱਧਵਾਰ ਨੂੰ ਇਲਾਕੇ ਦੇ ਐੱਸਡੀਓ ਹਰਮੇਲ ਸਿੰਘ, ਨਗਰ ਪੰਚਾਇਤ ਦੇ ਈਓ ਰਵੀ ਕੁਮਾਰ ਜਿੰਦਲ ਅਤੇ ਮੁਹਾਲੀ ਦੇ ਡੀਸੀ ਕੋਮਲ ਮਿੱਤਲ ਨੇ ਵੀ ਸਿੱਕੇ ਮਿਲਣ ਦੀ ਪੁਸ਼ਟੀ ਕੀਤੀ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਫਿਲਹਾਲ ਖੁਦਾਈ ਨੂੰ ਰੋਕ ਦਿੱਤਾ ਗਿਆ ਹੈ ਅਤੇ ਪਿੰਡ ਵਾਸੀਆਂ ਨੂੰ ਖੁਦਾਈ ਵਾਲੀ ਥਾਂ ਨੇੜੇ ਆਉਣ ਤੋਂ ਰੋਕਿਆ ਗਿਆ ਹੈ।
ਨਾਲ ਹੀ ਨਗਰ ਪੰਚਾਇਤ ਦੇ ਈਓ ਰਵੀ ਕੁਮਾਰ ਜਿੰਦਲ ਦਾ ਕਹਿਣਾ ਹੈ ਕਿ ਸਿੱਕੇ ਲੈ ਕੇ ਗਏ ਲੋਕਾਂ ਤੋਂ ਜਲਦੀ ਹੀ ਰਿਕਵਰੀ ਕੀਤੀ ਜਾਵੇਗੀ ਅਤੇ ਇਨ੍ਹਾਂ ਸਿੱਕਿਆਂ ਨੂੰ ਪੁਰਾਤਤਵ ਵਿਭਾਗ ਨੂੰ ਸੌਂਪਿਆ ਜਾਵੇਗਾ।
ਕਿੱਥੋਂ ਨਿਕਲੇ ਪੁਰਾਤਨ ਸਿੱਕੇ ?

ਘੜੂੰਆਂ ਪਿੰਡ ਚੰਡੀਗੜ੍ਹ ਤੋਂ 28 ਕੁ ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਪਿੰਡ ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ 'ਤੇ ਸਥਿਤ ਹੈ।
ਨਗਰ ਪੰਚਾਇਤ ਦੇ ਈਓ ਰਵੀ ਜਿੰਦਲ ਮੁਤਾਬਕ ਇਸ ਥਾਂ 'ਤੇ ਸੋਮਵਾਰ ਨੂੰ ਪੰਜਾਬ ਸਰਕਾਰ ਵੱਲੋਂ ਲਾਇਬ੍ਰੇਰੀ ਬਣਾਉਣ ਲਈ ਖੁਦਾਈ ਸ਼ੁਰੂ ਕੀਤੀ ਗਈ ਸੀ।
ਉਨ੍ਹਾਂ ਨੂੰ ਮੰਗਲਵਾਰ ਸ਼ਾਮ ਨੂੰ ਜਾਣਕਾਰੀ ਮਿਲੀ ਕਿ ਸੋਮਵਾਰ ਨੂੰ ਜਦੋਂ ਮਜ਼ਦੂਰ ਲਾਇਬ੍ਰੇਰੀ ਦੀ ਨੀਂਹ ਲਈ ਖੁਦਾਈ ਕਰਕੇ ਚਲੇ ਗਏ ਤਾਂ ਮੀਂਹ ਪੈਣ ਕਾਰਨ ਕੁਝ ਸਿੱਕੇ ਚਮਕੇ ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਦੇਖਿਆ।
"ਹੌਲੀ ਹੌਲੀ ਲੋਕਾਂ ਦੀ ਭੀੜ ਇੱਥੇ ਇਕੱਠੀ ਹੋਣ ਲੱਗੀ ਅਤੇ ਲੋਕਾਂ ਨੇ ਖੁਦ ਥਾਂ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਲੋਕਾਂ ਨੂੰ ਵੀ ਸਿੱਕੇ ਮਿਲੇ ਉਹ ਚੁੱਕ ਕੇ ਲੈ ਗਏ।"
ਮੌਕੇ 'ਤੇ ਕੀ-ਕੀ ਦੇਖਿਆ ?

ਬੁੱਧਵਾਰ ਨੂੰ ਬੀਬੀਸੀ ਨਿਊਜ਼ ਪੰਜਾਬੀ ਦੀ ਟੀਮ ਨੇ ਘੜੂੰਆਂ ਪਿੰਡ ਪਹੁੰਚ ਕੇ ਖੁਦਾਈ ਵਾਲੀ ਥਾਂ ਦੇਖੀ ਅਤੇ ਪਿੰਡ ਵਾਸੀਆਂ ਨਾਲ ਗੱਲ ਕੀਤੀ। ਮੌਕੇ 'ਤੇ ਵੱਡੀ ਗਿਣਤੀ ਸਥਾਨਕ ਲੋਕ ਅਤੇ ਸਥਾਨਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਮੌਜੂਦ ਸੀ।
ਪੁਲਿਸ ਅਧਿਕਾਰੀ ਲੋਕਾਂ ਨੂੰ ਅਪੀਲ ਕਰ ਰਹੇ ਸਨ ਕਿ ਥਾਂ ਨੂੰ ਖਾਲੀ ਕਰ ਦਿੱਤਾ ਜਾਵੇ। ਕੋਈ ਵੀ ਖੁਦਾਈ ਵਾਲੀ ਥਾਂ 'ਤੇ ਨਾ ਜਾਵੇ।
ਪਹਿਲੀ ਵਾਰ 'ਚ ਲੋਕ ਸਿੱਕਿਆਂ ਬਾਰੇ ਗੱਲ ਕਰਨ ਤੋਂ ਗੁਰੇਜ਼ ਕਰ ਰਹੇ ਸਨ। ਕੁਝ ਪਿੰਡ ਵਾਲਿਆਂ ਨੇ ਸਾਨੂੰ ਦੱਸਿਆ ਕਿ "ਅਸੀਂ ਸਿੱਕੇ ਨਹੀਂ ਦੇਖੇ ਜੋ ਲੇਬਰ ਕੰਮ ਕਰ ਰਹੀ ਸੀ ਉਹ ਸਿੱਕੇ ਲੈ ਗਏ।"
ਪਰ ਉੱਥੇ ਮੌਜੂਦ ਕਈ ਲੋਕਾਂ ਨੇ ਮੰਗਲਵਾਰ ਨੂੰ ਸਿੱਕੇ ਮਿਲਣ ਦੀ ਗੱਲ ਦੱਸੀ। ਹਾਲਾਂਕਿ ਵੱਡੀ ਗਿਣਤੀ ਲੋਕਾਂ ਨੇ ਸਿੱਕੇ ਦਿਖਾਉਣ ਤੋਂ ਮਨ੍ਹਾਂ ਕਰ ਦਿੱਤਾ।ਬਹੁਤ ਸਾਰੇ ਨੌਜਵਾਨਾਂ ਦੇ ਮੋਬਾਈਲ ਫੋਨਾਂ 'ਚ ਸਿੱਕੇ ਮਿਲਣ ਦੀ ਵੀਡੀਓ ਅਤੇ ਫੋਟੋ ਮੌਜੂਦ ਸੀ ਜੋ ਉਨ੍ਹਾਂ ਨੇ ਸਾਨੂੰ ਦਿਖਾਈ।
ਫਿਰ ਇੱਕ ਪਿੰਡ ਵਾਸੀ ਨੇ ਆਪਣੇ ਘਰ ਤੋਂ ਇੱਕ ਸਿੱਕਾ ਲਿਆ ਕੇ ਵੀ ਸਾਨੂੰ ਦਿਖਾਇਆ। ਉਨ੍ਹਾਂ ਮੁਤਾਬਕ ਇਹ ਸਿੱਕਾ ਮੰਗਲਵਾਰ ਨੂੰ ਉਨ੍ਹਾਂ ਨੇ ਇਸੇ ਥਾਂ ਤੋਂ ਚੁੱਕਿਆ ਸੀ।
ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਿੱਕਾ ਉਨ੍ਹਾਂ ਨੇ ਪੁਰਾਤਨ ਹੋਣ ਕਾਰਨ ਰੱਖਿਆ ਹੈ। ਹਾਲਾਂਕਿ ਜੇ ਪ੍ਰਸ਼ਾਸਨ ਉਨ੍ਹਾਂ ਤੋਂ ਸਿੱਕਾ ਮੰਗੇਗਾ ਤਾਂ ਉਹ ਵਾਪਸ ਕਰਨ ਲਈ ਵੀ ਤਿਆਰ ਹਨ।
ਉੱਥੇ ਮੌਜੂਦ ਇੱਕ ਹੋਰ ਨੌਜਵਾਨ ਨੇ ਦੋ ਸਿੱਕੇ ਚੁੱਕਣ ਦੀ ਗੱਲ ਆਖੀ। ਪਰ ਉਸਨੇ ਇਹ ਵੀ ਦੱਸਿਆ ਕਿ ਇੱਕ ਸਿੱਕਾ ਉਸਨੇ ਕਿਸੇ ਹੋਰ ਨੂੰ ਦੇ ਦਿੱਤਾ ਹੈ।
ਕੁਝ ਨੌਜਵਾਨ ਅਤੇ ਔਰਤਾਂ ਸਿੱਕਿਆਂ ਨੂੰ ਵੇਚਣ ਦੀ ਗੱਲ ਵੀ ਕਰ ਰਹੇ ਸਨ।
ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਬੱਚਿਆਂ ਸਮੇਤ ਪਿੰਡ ਦੇ ਵੱਡੀ ਗਿਣਤੀ ਲੋਕ ਮੰਗਲਵਾਰ ਦੇਰ ਰਾਤ ਤੱਕ ਮਿੱਟੀ ਵਿੱਚ ਹੋਰ ਸਿੱਕੇ ਲੱਭਦੇ ਰਹੇ।

ਬੁੱਧਵਾਰ ਨੂੰ ਖੁਦਾਈ ਵਾਲੀ ਥਾਂ 'ਤੇ ਐੱਸਡੀਓ ਹਰਮੇਲ ਸਿੰਘ ਵੀ ਪਹੁੰਚੇ। ਉਨ੍ਹਾਂ ਨੇ ਲੋਕਾਂ ਨੂੰ ਤੁਰੰਤ ਜਗ੍ਹਾ ਨੂੰ ਖਾਲੀ ਕਰਨ ਲਈ ਕਿਹਾ।
ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਖੁਦਾਈ ਸਮੇਂ ਜੋ ਵੀ ਸਿੱਕੇ ਨਿਕਲੇ ਹਨ, ਉਨ੍ਹਾਂ ਨੂੰ ਵਾਪਸ ਲੈਣ ਲਈ ਪ੍ਰਸ਼ਾਸਨ ਹਰ ਕਾਰਵਾਈ ਕਰੇਗਾ। ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਸਿੱਕੇ ਆਪਣੇ ਆਪ ਵਾਪਸ ਕਰਕੇ ਜਾਣ। ਫਿਲਹਾਲ ਖੁਦਾਈ ਰੋਕ ਦਿੱਤੀ ਗਈ ਹੈ, ਖੁਦਾਈ ਵਾਲੇ ਸਥਾਨ ਨੂੰ ਸੀਲ ਕਰ ਦਿੱਤਾ ਗਿਆ ਹੈ।
ਬੁੱਧਵਾਰ ਨੂੰ ਘੜੂੰਆਂ ਨਗਰ ਪੰਚਾਇਤ ਦੇ ਐਗਜ਼ੀਕਿਊਟਿਵ ਅਫਸਰ ਰਵੀ ਕੁਮਾਰ ਜਿੰਦਲ ਨੇ ਵੀ ਬੀਬੀਸੀ ਨੂੰ ਸਿੱਕੇ ਮਿਲਣ ਦੀ ਪੁਸ਼ਟੀ ਕੀਤੀ।
ਉਨ੍ਹਾਂ ਨੇ ਆਪਣੇ ਫੋਨ ਵਿੱਚ ਸਿੱਕਿਆਂ ਦੀਆਂ ਤਸਵੀਰਾਂ ਵੀ ਦਿਖਾਈਆਂ ਜੋ ਉਨ੍ਹਾਂ ਮੁਤਾਬਕ ਉਨ੍ਹਾਂ ਦੀ ਟੀਮ ਵੱਲੋਂ ਭੇਜੀਆਂ ਗਈਆਂ ਸਨ।
ਉਨ੍ਹਾਂ ਨੇ ਦੱਸਿਆ ਕਿ ਥਾਂ 'ਤੇ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ, ਲੋਕਾਂ ਨੂੰ ਖੁਦਾਈ ਸਥਾਨ 'ਤੇ ਆਉਣ ਦੀ ਮਨਾਹੀ ਹੈ।
"ਆਰਕੀਓਲਾਜੀਕਲ ਸਰਵੇ ਆਫ ਇੰਡੀਆ (ਏਐੱਸਆਈ) ਨੂੰ ਪੱਤਰ ਲਿਖ ਕੇ ਸੂਚਿਤ ਕਰ ਦਿੱਤਾ ਗਿਆ ਹੈ। ਸਿੱਕਿਆਂ ਦੀ ਉਮਰ, ਧਾਤ ਅਤੇ ਇਤਿਹਾਸਕ ਮਹੱਤਤਾ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ । ਮਾਹਿਰਾਂ ਦੀ ਜਾਂਚ ਬਾਅਦ ਹੀ ਇਹ ਸਾਫ਼ ਹੋਵੇਗਾ ਕਿ ਸਿੱਕੇ ਕਿੰਨੇ ਪੁਰਾਣੇ ਹਨ ਅਤੇ ਇਹਨਾਂ ਉੱਤੇ ਕੀ ਲਿਖਿਆ ਗਿਆ ਹੈ।"
ਆਰਕੀਓਲਾਜੀਕਲ ਸਰਵੇ ਆਫ ਇੰਡੀਆ ਨੂੰ ਭੇਜੇ ਪੱਤਰ ਵਿੱਚ ਕੀ ਲਿਖਿਆ ?

ਤਸਵੀਰ ਸਰੋਤ, Getty Images
ਐਗਜ਼ੀਕਿਊਟਿਵ ਅਫਸਰ ਰਵੀ ਕੁਮਾਰ ਜਿੰਦਲ ਵੱਲੋਂ ਆਰਕੀਓਲਾਜੀਕਲ ਸਰਵੇ ਆਫ ਇੰਡੀਆ ਨੂੰ ਭੇਜੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਨਗਰ ਪੰਚਾਇਤ ਘੜੂੰਆਂ ਦੇ ਏਰੀਆ ਵਿੱਚ ਸ਼ਾਮਲ ਪਿੰਡ ਘੜੂੰਆਂ ਦੇ ਵਾਰਡ ਨੰ 3 ਵਿੱਚ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਅਤੇ ਉਦੋਂ ਸਿੱਕੇ ਮਿਲੇ ਹਨ।
ਉਨ੍ਹਾਂ ਮੁਤਾਬਕ ਪੱਤਰ ਵਿੱਚ ਅੱਗੇ ਲਿਖਿਆ ਗਿਆ,"24 ਅਗਸਤ 2026 ਨੂੰ ਖੁਦਾਈ ਸ਼ੁਰੂ ਕੀਤੀ ਗਈ ਸੀ। 25 ਅਗਸਤ 2026 ਨੂੰ ਖੁਦਾਈ ਦੇ ਦੌਰਾਨ ਕੁੱਝ ਚਾਂਦੀ ਦੇ ਸਿੱਕਿਆਂ ਦੇ ਪ੍ਰਾਪਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।"
"ਮੌਕੇ 'ਤੇ ਪੁਰਾਤਨ ਸਿੱਕਿਆਂ ਸਬੰਧੀ ਕੀਤੀ ਜਾਣ ਵਾਲੀ ਜਾਂਚ ਅਤੇ ਰਿਪੋਰਟ ਤੁਹਾਡੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ। ਇਸ ਪੱਤਰ ਰਾਹੀਂ ਬੇਨਤੀ ਹੈ ਕਿ ਜੇਕਰ ਤੁਹਾਡੇ ਵਿਭਾਗ ਵੱਲੋਂ ਕੋਈ ਕਾਰਵਾਈ ਕੀਤੀ ਜਾਣੀ ਹੈ ਤਾਂ ਉਹ ਕਾਰਵਾਈ ਕਰ ਲਈ ਜਾਵੇ ਅਤੇ ਕਾਰਵਾਈ ਦੀ ਸੂਚਨਾ ਤੁਰੰਤ ਨਿਮਨ ਹਸਤਾਖ਼ਰ ਨੂੰ ਭੇਜੀ ਜਾਵੇ।"
ਪ੍ਰਸ਼ਾਸਨ ਨੇ ਇਨ੍ਹਾਂ ਸਿੱਕਿਆਂ ਬਾਰੇ ਕੀ ਦੱਸਿਆ ?

ਇਸ ਸਬੰਧੀ ਪੰਜਾਬ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ, ਅਜਾਇਬ ਘਰ ਅਤੇ ਪੁਰਾਲੇਖ ਵਿਭਾਗ ਦੇ ਡਾਇਰੈਕਟਰ ਸ੍ਰੀ ਸੰਜੀਵ ਕੁਮਾਰ ਨੇ ਬੀਬੀਸੀ ਨੂੰ ਦੱਸਿਆ ਕਿ ਸਾਡੀ ਟੀਮ ਖੁਦਾਈ ਵਾਲੀ ਥਾਂ 'ਤੇ ਪਹੁੰਚੀ ਹੋਈ ਹੈ, ਪੁਲਿਸ ਨਾਲ ਮਿਲ ਕੇ ਲੋਕਾਂ ਤੋਂ ਸਿੱਕੇ ਵਾਪਸ ਕਰਵਾਏ ਜਾ ਰਹੇ ਹਨ, ਇਸਤੋਂ ਬਾਅਦ ਰਿਪੋਰਟ ਤਿਆਰ ਕਰਕੇ ਆਰਕੀਓਲਾਜੀਕਲ ਸਰਵੇ ਆਫ ਇੰਡੀਆ ਨਾਲ ਸਾਂਝੀ ਕੀਤੀ ਜਾਵੇਗੀ ਅਤੇ ਤੈਅ ਕੀਤਾ ਜਾਵੇਗਾ ਕਿ ਸਿੱਕਿਆਂ ਦਾ ਕੀ ਕਰਨਾ ਹੈ।
ਮੁਹਾਲੀ ਦੇ ਡੀਸੀ ਕੋਮਲ ਮਿੱਤਲ ਨੇ ਬੁੱਧਵਾਰ ਨੂੰ ਮੀਡੀਆ ਨਾਲ ਗੱਲ ਕਰਦਿਆਂ ਕਿਹਾ, "ਫਿਲਹਾਲ ਖੁਦਾਈ ਰੋਕ ਦਿੱਤੀ ਗਈ ਹੈ। ਕੁਝ ਪੁਰਾਣੇ ਸਿੱਕੇ ਮਿਲੇ ਹਨ, ਸਿੱਕਿਆਂ 'ਤੇ ਸ਼ਾਇਦ ਉਰਦੂ ਭਾਸ਼ਾ ਵਿੱਚ ਕੁਝ ਲਿਖਿਆ ਹੋਇਆ ਹੈ। ਸਿੱਕਿਆਂ ਬਾਰੇ ਪੂਰੀ ਜਾਣਕਾਰੀ ਜਾਂਚ ਤੋਂ ਬਾਅਦ ਹੀ ਸਾਂਝੀ ਕੀਤੀ ਜਾ ਸਕੇਗੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ




























