ਸਤਲੁਜ ਫ਼ਿਲਮ: ਬਲਜੀਤ ਕੌਰ ਦੀ ਕਹਾਣੀ, ਜਿਨ੍ਹਾਂ ਨੇ ਜ਼ਿੰਦਾ ਵਿਅਕਤੀ ਨੂੰ ਪੋਸਟਮਾਰਟਮ ਲਈ ਲਿਆਉਣ ਦੇ ਮਾਮਲੇ 'ਚ ਲੰਬੀ ਕਾਨੂੰਨੀ ਲੜਾਈ ਲੜੀ

- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
"ਡਰ ਤਾਂ ਹੁੰਦਾ ਹੈ, ਪਰ ਸਵਾਲ ਇਹ ਹੁੰਦਾ ਹੈ ਕਿ ਤੁਸੀਂ ਉਸ ਡਰ ਦੇ ਬਾਵਜੂਦ ਕੀ ਕਰਦੇ ਹੋ।"
ਇਹ ਸ਼ਬਦ ਹਨ ਬਲਜੀਤ ਕੌਰ ਦੇ, ਜਿਨ੍ਹਾਂ ਨੇ ਬਤੌਰ ਨਰਸ ਉਸ ਵੇਲੇ ਆਪਣੀਆਂ ਸੇਵਾਵਾਂ ਦਿੱਤੀਆਂ ਜਦੋਂ ਪੰਜਾਬ ਇੱਕ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਸੀ।
ਅੱਜ ਕੱਲ੍ਹ ਚਰਚਾ ਵਿੱਚ ਚੱਲ ਰਹੀ ਫਿਲਮ 'ਸਤਲੁਜ' ਜਿਸ ਨੂੰ ਪਹਿਲਾਂ ਓਟੀਟੀ ਪਲੇਟਫਾਰਮ ਜ਼ੀਫਾਈਵ ਉੱਤੇ ਰਿਲੀਜ਼ ਕੀਤਾ ਗਿਆ ਫਿਰ ਦੋ ਦਿਨਾਂ ਮਗਰੋਂ ਹਟਾ ਲਿਆ ਗਿਆ।
ਇਹ ਫਿਲਮ ਮਨੁੱਖੀ ਹੱਕਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਬਣੀ ਹੈ।
ਉਸ ਫਿਲਮ ਵਿੱਚ ਇੱਕ ਨਰਸ ਦਾ ਕਿਰਦਾਰ ਦਿਖਾਇਆ ਗਿਆ ਜਿਸ ਦੇ ਸਾਹਮਣੇ ਇੱਕ ਜ਼ਖਮੀ ਵਿਅਕਤੀ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਪੋਸਟਮਾਰਟਮ ਲਈ ਲਿਆਇਆ ਜਾਂਦਾ ਹੈ।
ਨਰਸ ਵਜੋਂ ਕੰਮ ਕਰ ਰਹੇ ਬਲਜੀਤ ਕੌਰ ਦੇ ਸਾਹਮਣੇ ਵੀ ਅਜਿਹਾ ਕੇਸ ਆਇਆ ਸੀ ਜਿਸ ਦੇ ਲਈ ਉਨ੍ਹਾਂ ਨੇ ਲੰਮੀ ਕਾਨੂੰਨੀ ਲੜਾਈ ਲੜੀ ਸੀ ਤੇ ਜਿਸ ਮਗਰੋਂ ਦੋਸ਼ੀ ਨੂੰ ਸਜ਼ਾ ਵੀ ਹੋਈ ਸੀ।
ਨਰਸ ਦੀ ਜ਼ਿੰਦਗੀ ਤੋਂ ਇਤਿਹਾਸ ਦੀ ਗਵਾਹੀ ਤੱਕ
ਬਲਜੀਤ ਕੌਰ ਆਮ ਪੇਂਡੂ ਪਰਿਵਾਰ ਤੋਂ ਸਨ। ਦੇਸੀ ਮਾਹੌਲ ਵਿੱਚ ਜੰਮੇ-ਪਲ਼ੇ, ਪਿੰਡ ਦੇ ਸਕੂਲ ਵਿੱਚ ਪੜ੍ਹੇ ਅਤੇ ਕਈ ਵਾਰ ਜ਼ਮੀਨ 'ਤੇ ਬੈਠ ਕੇ ਵੀ ਪੜ੍ਹਾਈ ਕੀਤੀ। ਬਾਅਦ ਵਿੱਚ ਨਰਸਿੰਗ ਦੀ ਟ੍ਰੇਨਿੰਗ ਲਈ ਸ਼ਹਿਰ ਦਾ ਮਾਹੌਲ ਨਵਾਂ ਸੀ, ਪਰ ਹੌਲੀ-ਹੌਲੀ ਉਸ ਵਿੱਚ ਢਲ ਗਏ।
ਉਨ੍ਹਾਂ ਮੁਤਾਬਕ, "ਜਦੋਂ ਤੱਕ ਅਸੀਂ ਰੋਟੀ ਖਾਣ ਜੋਗੇ ਹੋਏ, ਉਦੋਂ ਤੱਕ ਵੀ ਅਸੀਂ ਦੁੱਖਾਂ ਅਤੇ ਸੰਘਰਸ਼ਾਂ ਵਿੱਚੋਂ ਲੰਘਦੇ ਰਹੇ।"
ਬਲਜੀਤ ਕੌਰ ਨੇ 1980 ਵਿੱਚ ਸਟਾਫ ਨਰਸ ਵਜੋਂ ਸਰਕਾਰੀ ਸੇਵਾ ਸ਼ੁਰੂ ਕੀਤੀ। ਤਰਨ ਤਾਰਨ ਵਿੱਚ ਦੋ ਸਾਲ ਸੇਵਾ ਕਰਨ ਤੋਂ ਬਾਅਦ 1983 ਵਿੱਚ ਉਹ ਪੱਟੀ ਸਿਵਲ ਹਸਪਤਾਲ ਆ ਗਏ। ਇੱਥੇ ਉਨ੍ਹਾਂ ਨੇ ਲਗਭਗ 18 ਸਾਲ ਸੇਵਾ ਕੀਤੀ।
ਉਨ੍ਹਾਂ ਦੀ ਡਿਊਟੀ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀ ਦੇਖਭਾਲ ਕਰਨੀ ਸੀ। ਉਸ ਸਮੇਂ ਹਸਪਤਾਲ ਦਾ ਸਟਾਫ ਤਿੰਨ ਸ਼ਿਫਟਾਂ ਵਿੱਚ ਕੰਮ ਕਰਦਾ ਸੀ ਅਤੇ ਮਰੀਜ਼ਾਂ ਦੀ ਸੇਵਾ ਹੀ ਸਭ ਤੋਂ ਵੱਡੀ ਜ਼ਿੰਮੇਵਾਰੀ ਸੀ।
ਪਰ 30 ਅਕਤੂਬਰ 1993 ਦਾ ਦਿਨ ਉਨ੍ਹਾਂ ਦੀ ਜ਼ਿੰਦਗੀ ਵਿੱਚ ਹਮੇਸ਼ਾ ਲਈ ਦਰਜ ਹੋ ਗਿਆ।
30 ਅਕਤੂਬਰ 1993: ਇੱਕ ਜ਼ਿੰਦਾ ਬਚੇ ਨੌਜਵਾਨ ਦੀ ਘਟਨਾ

ਤਸਵੀਰ ਸਰੋਤ, KHALRA MISSION ORGANISATION/FB & DILJIT DOSANJH/INSTA
ਬਲਜੀਤ ਕੌਰ ਦੱਸਦੇ ਹਨ ਕਿ ਉਹ ਸਮਾਂ ਬਹੁਤ ਡਰ ਅਤੇ ਤਣਾਅ ਵਾਲਾ ਸੀ, "ਉਹ ਖਾੜਕੂਆਂ ਦਾ ਦੌਰ ਸੀ। ਲੋਕ ਉਸਨੂੰ ਕਾਲਾ ਦੌਰ ਜਾਂ ਅੱਤਵਾਦ ਦਾ ਸਮਾਂ ਵੀ ਕਹਿੰਦੇ ਸਨ। ਘਰ ਤੋਂ ਬਾਹਰ ਨਿਕਲਣਾ, ਡਿਊਟੀ 'ਤੇ ਜਾਣਾ, ਹਰ ਸਮੇਂ ਇੱਕ ਡਰ ਬਣਿਆ ਰਹਿੰਦਾ ਸੀ। ਜੇ ਘਰੋਂ ਬਾਹਰ ਜਾਂਦੇ ਸੀ ਤਾਂ ਪਿੱਛੇ ਘਰ ਦੀ ਚਿੰਤਾ ਹੁੰਦੀ ਸੀ ਅਤੇ ਜੇ ਘਰ ਹੁੰਦੇ ਸੀ ਤਾਂ ਡਿਊਟੀ ਦੀ ਚਿੰਤਾ ਰਹਿੰਦੀ ਸੀ।"
ਉਨ੍ਹਾਂ ਮੁਤਾਬਕ 30 ਅਕਤੂਬਰ 1993 ਨੂੰ ਪੁਲਿਸ ਇੱਕ ਐਨਕਾਊਂਟਰ ਤੋਂ ਬਾਅਦ ਦੋ ਨੌਜਵਾਨਾਂ ਨੂੰ ਹਸਪਤਾਲ ਲੈ ਕੇ ਆਈ। ਉਨ੍ਹਾਂ ਵਿੱਚੋਂ ਇੱਕ ਨੌਜਵਾਨ ਜ਼ਿੰਦਾ ਸੀ।
ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਨੇ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਜੋ ਕਿ ਪੁਲਿਸ ਵਾਲੇ ਨਹੀਂ ਚਾਹੁੰਦੇ ਸੀ। ਪਰ "ਡਾਕਟਰ ਨੇ ਕਿਹਾ ਸੀ ਕਿ ਸਾਡੀ ਡਿਊਟੀ ਬੰਦੇ ਨੂੰ ਬਚਾਉਣਾ ਹੈ, ਨਾ ਕਿ ਮਾਰਨਾ।"
ਉਨ੍ਹਾਂ ਮੁਤਾਬਕ, ਐੱਸਐੱਚਓ ਅਤੇ ਉਨ੍ਹਾਂ ਦੀ ਟੀਮ ਨੇ ਜ਼ਬਰਦਸਤੀ ਹਸਪਤਾਲ ਦੇ ਸਟਾਫ ਅਤੇ ਡਾਕਟਰ ਤੋਂ ਮਰੀਜ਼ ਖੋਹ ਲਿਆ ਅਤੇ ਉਸਨੂੰ ਲੈ ਗਏ।
ਉਹ ਦੱਸਦੇ ਹਨ, "ਅਸੀਂ ਕੀ ਕਹਿ ਸਕਦੇ ਸੀ? ਅਸੀਂ ਪੁਲਿਸ ਵਾਲਿਆਂ ਨੂੰ ਕੀ ਕਹਿ ਸਕਦੇ ਸੀ? ਅਸੀਂ ਸਿਰਫ਼ ਜ਼ਬਾਨੀ ਕਹਿ ਸਕਦੇ ਸੀ ਕਿ ਸਾਡੀ ਡਿਊਟੀ ਹੈ, ਜਾਂ ਅਸੀਂ ਮਰੀਜ਼ ਦੀ ਦੇਖਭਾਲ ਕਰਨੀ ਹੈ। ਪਰ ਉਨ੍ਹਾਂ ਨੇ ਉਸ ਨੂੰ ਚੁੱਕ ਲਿਆ। ਉਸਨੂੰ ਡ੍ਰਿਪ ਲੱਗੀ ਹੋਈ ਸੀ, ਉਹ ਵੀ ਖਿੱਚ ਕੇ ਲੈ ਗਏ। ਫਿਰ ਜਾ ਕੇ ਦੁਬਾਰਾ ਉਸਨੂੰ ਮਾਰਿਆ।"
"ਮਾਰਨ ਤੋਂ ਬਾਅਦ ਲਗਭਗ ਅੱਧੇ ਜਾਂ ਪੌਣੇ ਘੰਟੇ ਬਾਅਦ ਉਹ ਉਸ ਨੂੰ ਵਾਪਸ ਲੈ ਕੇ ਆਏ। ਫਿਰ ਉਸਦਾ ਦੁਬਾਰਾ ਪੋਸਟਮਾਰਟਮ ਕਰਵਾਇਆ ਗਿਆ।"
ਵਲਟੋਹੇ ਦੇ ਨੌਜਵਾਨ ਨਾਲ ਜੁੜਿਆ ਨਾਤਾ

ਇਸ ਮਾਮਲੇ ਨਾਲ ਬਲਜੀਤ ਕੌਰ ਦਾ ਨਿੱਜੀ ਸਬੰਧ ਇਸ ਲਈ ਬਣਿਆ ਕਿਉਂਕਿ ਉਹ ਨੌਜਵਾਨ ਉਨ੍ਹਾਂ ਦੇ ਆਪਣੇ ਪਿੰਡ ਵਲਟੋਹੇ ਨਾਲ ਸਬੰਧਤ ਸੀ।
ਉਨ੍ਹਾਂ ਨੇ ਦੱਸਿਆ, "ਜਦੋਂ ਉਸਨੇ ਵਲਟੋਹੇ ਦਾ ਨਾਮ ਦੱਸਿਆ ਤਾਂ ਸਾਡੇ ਕੰਨ ਖੜ੍ਹੇ ਹੋ ਗਏ। ਉਸ ਨੇ ਆਪਣਾ ਪਤਾ ਦੱਸਿਆ ਅਤੇ ਕਿਹਾ ਕਿ ਸਾਡੇ ਪਿੰਡ ਦੀ ਇੱਕ ਕੁੜੀ ਇੱਥੇ ਕੰਮ ਕਰਦੀ ਹੈ।" ਇਸ ਕਰਕੇ ਮੇਰੀ ਮੌਜੂਦਗੀ ਉਸ ਮਾਮਲੇ ਵਿੱਚ ਹੋ ਗਈ।”
“ਫਿਰ ਇਹ ਮਾਮਲਾ ਥੋੜ੍ਹਾ ਵੱਡਾ ਬਣ ਗਿਆ ਅਤੇ ਇਨ੍ਹਾਂ ਨੂੰ (ਮੇਰੇ ਪਤੀ ਨੂੰ) ਵੀ ਬੁਲਾਇਆ ਗਿਆ।”
ਬਲਜੀਤ ਕੌਰ ਅੱਗੇ ਦੱਸਦੇ ਹਨ, “ਜਦੋਂ ਮੇਰੇ ਪਤੀ ਨੂੰ ਬੁਲਾਇਆ ਗਿਆ ਤਾਂ ਡਾਕਟਰ ਨੇ ਕਿਹਾ ਕਿ "ਇਹ ਬੰਦਾ ਬਚ ਸਕਦਾ ਹੈ। ਜੇ ਤੁਸੀਂ ਇਸਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਜਾਂ ਕਿਸੇ ਵੱਡੇ ਹਸਪਤਾਲ ਲੈ ਜਾਓ ਤਾਂ ਬਿਹਤਰ ਹੋਵੇਗਾ।"
ਬਲਜੀਤ ਕੌਰ ਦੇ ਪਤੀ ਮਹਾਵੀਰ ਸਿੰਘ ਦਾ ਕਹਿਣਾ ਹੈ ਉਨ੍ਹਾਂ ਦੱਸਿਆ ਕਿ ਡਾਕਟਰ ਨੇ ਕਿਹਾ ਸੀ ਕਿ ਜੇ ਉਸ ਨੂੰ ਵੱਡੇ ਹਸਪਤਾਲ ਲੈ ਜਾਓ ਤਾਂ ਉਸਦੀ ਜਾਨ ਬਚ ਸਕਦੀ ਹੈ।
"ਇਸ ਲਈ ਅਸੀਂ ਮਨੁੱਖਤਾ ਦੇ ਨਾਤੇ ਉਸ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ। ਸਾਡਾ ਫਰਜ਼ ਸੀ ਕਿ ਇੱਕ ਇਨਸਾਨ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰੀਏ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਕੋਈ ਹੋਰ ਪ੍ਰਬੰਧ ਕਰਦਾ ਹਾਂ। ਤੁਸੀਂ ਐਂਬੂਲੈਂਸ ਦਾ ਪ੍ਰਬੰਧ ਕਰ ਦਿਓ ਅਤੇ ਕੋਈ ਰੈਫਰਲ ਸਲਿੱਪ ਬਣਾ ਦਿਓ।"
"ਇਸੇ ਦੌਰਾਨ ਬਾਹਰ ਇਹ ਸੁਨੇਹਾ ਭੇਜਿਆ ਗਿਆ ਕਿ ਇੱਕ ਮੁੰਡਾ ਹੈ, ਜਿਸਨੂੰ ਪੁਲਿਸ ਮਾਰ ਕੇ ਲਿਆਈ ਸੀ, ਪਰ ਉਹ ਮਰਿਆ ਨਹੀਂ, ਉਹ ਜ਼ਿੰਦਾ ਬਚ ਗਿਆ ਹੈ। ਉਸ ਦੇ ਮਾਪਿਆਂ ਨੂੰ ਵੀ ਸੁਨੇਹਾ ਭੇਜਿਆ ਗਿਆ।"
'ਸਹਾਰਾ ਦੇਣ ਵਾਲੀ ਪੁਲਿਸ ਹੀ ਸਾਹਮਣੇ ਸੀ, ਇਸ ਲਈ ਲੜਾਈ ਹੋਰ ਔਖੀ ਹੋ ਗਈ'

ਬਲਜੀਤ ਕੌਰ ਦੱਸਦੇ ਹਨ ਕਿ ਆਪਣੇ ਪਤੀ ਨਾਲ ਮਿਲ ਕੇ ਉਨ੍ਹਾਂ ਨੇ ਉਸ ਨੌਜਵਾਨ ਲਈ ਲੰਬੀ ਲੜਾਈ ਲੜੀ, ਪਰ ਉਸ ਸਮੇਂ ਦੇ ਹਾਲਾਤ ਵਿੱਚ ਇਹ ਬਹੁਤ ਮੁਸ਼ਕਲ ਸੀ।
ਉਨ੍ਹਾਂ ਯਾਦ ਕਰਦਿਆਂ ਦੱਸਿਆ, "ਕਾਫ਼ੀ ਮੁਸ਼ਕਲ ਸੀ, ਕਿਉਂਕਿ ਉਹ ਅੱਤਵਾਦ ਅਤੇ ਖਾੜਕੂਆਂ ਦਾ ਦੌਰ ਸੀ। ਹਰ ਪਾਸੇ ਡਰ ਦਾ ਮਾਹੌਲ ਸੀ।"
"ਆਮ ਤੌਰ 'ਤੇ ਜਦੋਂ ਕਿਸੇ ਨਾਲ ਅਜਿਹੀ ਘਟਨਾ ਵਾਪਰਦੀ ਹੈ ਤਾਂ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਸਰਕਾਰ, ਪੁਲਿਸ ਜਾਂ ਹੋਰ ਭਾਈਚਾਰਿਆਂ ਵੱਲੋਂ ਕੋਈ ਸਹਾਰਾ ਮਿਲੇਗਾ, ਪਰ ਇਸ ਮਾਮਲੇ ਵਿੱਚ ਸਥਿਤੀ ਬਿਲਕੁਲ ਵੱਖਰੀ ਸੀ। ਜਦੋਂ ਸਹਾਰਾ ਦੇਣ ਵਾਲੀ ਪੁਲਿਸ ਹੀ ਸਾਹਮਣੇ ਹੋਵੇ, ਤਾਂ ਲੜਾਈ ਹੋਰ ਵੀ ਔਖੀ ਹੋ ਜਾਂਦੀ ਹੈ।"
ਉਨ੍ਹਾਂ ਮੁਤਾਬਕ ਉਹ ਸਮਾਂ ਪੁਲਿਸ ਦੇ ਦਬਦਬੇ ਦਾ ਸੀ। ਅੱਤਵਾਦ ਦਾ ਪ੍ਰਭਾਵ ਭਾਵੇਂ ਘੱਟ ਹੋ ਰਿਹਾ ਸੀ, ਪਰ ਪੁਲਿਸ ਵੱਲੋਂ ਵੀ ਸਖ਼ਤ ਕਾਰਵਾਈਆਂ ਅਤੇ ਦਬਾਅ ਦਾ ਦੌਰ ਚੱਲ ਰਿਹਾ ਸੀ।
ਇਸ ਲਈ ਪੁਲਿਸ ਤੋਂ ਕਿਸੇ ਮਦਦ ਦੀ ਉਮੀਦ ਕਰਨੀ ਮੁਸ਼ਕਲ ਸੀ। "ਉਹ ਬਹੁਤ ਭਿਆਨਕ ਸਮਾਂ ਸੀ। ਹਰ ਵੇਲੇ ਇੱਕ ਡਰ ਬਣਿਆ ਰਹਿੰਦਾ ਸੀ।"
ਉਹ ਦੱਸਦੇ ਹਨ, "ਅਸੀਂ ਡਰਦੇ ਨਹੀਂ ਸੀ, ਇਸ ਕਰਕੇ ਹੀ ਅਸੀਂ ਇਹ ਕੀਤਾ। ਪਰ ਜਦੋਂ ਕੋਈ ਵਿਅਕਤੀ ਕਿਸੇ ਸੰਘਰਸ਼ ਵਿੱਚ ਸ਼ਾਮਲ ਹੁੰਦਾ ਹੈ ਤਾਂ ਡਰ ਤਾਂ ਮਨ ਵਿੱਚ ਹੁੰਦਾ ਹੀ ਹੈ।"
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੱਛੇ ਕੋਈ ਵੱਡੀ ਤਾਕਤ ਨਹੀਂ ਸੀ। ਕੁਝ ਲੋਕਾਂ ਅਤੇ ਕਮਿਊਨਿਸਟ ਪਾਰਟੀ ਨਾਲ ਜੁੜੇ ਵਿਅਕਤੀਆਂ ਨੇ ਸਾਥ ਦਿੱਤਾ, ਪਰ ਸਰਕਾਰੀ ਮਸ਼ੀਨਰੀ ਅਤੇ ਵੱਡੇ ਅਧਿਕਾਰੀ ਉਨ੍ਹਾਂ ਦੇ ਸਾਹਮਣੇ ਸਨ।
ਇਸ ਦੇ ਬਾਵਜੂਦ ਬਲਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਨੇ ਹਿੰਮਤ ਨਹੀਂ ਹਾਰੀ ਅਤੇ ਇਨਸਾਫ਼ ਲਈ ਆਪਣੀ ਲੜਾਈ ਜਾਰੀ ਰੱਖੀ।
ਸੱਚ ਸਾਹਮਣੇ ਲਿਆਉਣ ਲਈ ਕਾਨੂੰਨੀ ਲੜਾਈ

ਮਹਾਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲੇ ਨੂੰ ਰਿਕਾਰਡ ਵਿੱਚ ਲਿਆਉਣ ਲਈ ਆਪਣੇ ਵਕੀਲ ਸਾਥੀ ਨਾਲ ਮਿਲ ਕੇ ਰਾਸ਼ਟਰਪਤੀ ਅਤੇ ਚੀਫ਼ ਜਸਟਿਸ ਆਫ਼ ਇੰਡੀਆ ਨੂੰ ਟੈਲੀਗ੍ਰਾਮ ਭੇਜੀ।
ਇਸ ਤੋਂ ਬਾਅਦ ਮਾਮਲਾ ਅਦਾਲਤ ਤੱਕ ਪਹੁੰਚਿਆ ਅਤੇ ਸੁਪਰੀਮ ਕੋਰਟ ਨੇ ਇਸ 'ਤੇ ਕਾਰਵਾਈ ਕੀਤੀ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਵੱਲੋਂ ਆਪਣੀ ਕਹਾਣੀ ਪੇਸ਼ ਕੀਤੀ ਗਈ, ਪਰ ਹਸਪਤਾਲ ਦੇ ਰਿਕਾਰਡ ਅਤੇ ਗਵਾਹੀਆਂ ਦੇ ਆਧਾਰ 'ਤੇ ਮਾਮਲਾ ਅੱਗੇ ਵਧਿਆ।
ਅਦਾਲਤੀ ਕਾਰਵਾਈ ਤੋਂ ਬਾਅਦ ਮੁਲਜ਼ਮ ਪੁਲਿਸ ਅਧਿਕਾਰੀ ਸੀਤਾ ਰਾਮ ਨੂੰ ਪਹਿਲਾਂ ਸਜ਼ਾ ਹੋਈ ਸੀ ਤੇ ਬਾਅਦ ਵਿੱਚ ਹਾਈ ਕੋਰਟ ਤੋਂ ਉਨ੍ਹਾਂ ਨੂੰ ਬੈਨਿਫਿਟ ਆਫ ਡਾਊਟ ਦੇ ਆਧਾਰ ਉੱਤੇ ਬਰੀ ਕਰ ਦਿੱਤਾ ਗਿਆ ਸੀ।
ਮਹਾਵੀਰ ਸਿੰਘ ਨੇ ਕਿਹਾ ਕਿ ਇਹ ਲੜਾਈ ਸਿਰਫ਼ ਇੱਕ ਵਿਅਕਤੀ ਲਈ ਨਹੀਂ ਸੀ, ਸਗੋਂ ਉਸ ਦੌਰ ਵਿੱਚ ਮਨੁੱਖੀ ਅਧਿਕਾਰਾਂ ਦੇ ਸਵਾਲ ਨਾਲ ਜੁੜੀ ਹੋਈ ਸੀ। "ਅਸੀਂ ਉਸ ਮੁੰਡੇ ਨੂੰ ਬਚਾ ਨਹੀਂ ਸਕੇ, ਪਰ ਉਸ ਦੀ ਮੌਤ ਅਤੇ ਕੁਰਬਾਨੀ ਨੇ ਅੱਗੇ ਕਈ ਜਾਨਾਂ ਬਚਾਉਣ ਦਾ ਕੰਮ ਕੀਤਾ।"
ਬਲਜੀਤ ਕੌਰ ਦੱਸਦੇ ਹਨ ਕਿ ਉਸ ਸਮੇਂ ਲੋਕਲ ਮੀਡੀਆ ਨੇ ਉਨ੍ਹਾਂ ਦੀ ਲੜਾਈ ਵਿੱਚ ਕੋਈ ਸਹਿਯੋਗ ਨਹੀਂ ਦਿੱਤਾ।
ਉਨ੍ਹਾਂ ਮੁਤਾਬਕ, "ਉਨ੍ਹਾਂ ਨੇ ਖ਼ਬਰ ਵੀ ਨਹੀਂ ਲਾਈ। ਪੁਲਿਸ ਦਾ ਡਰ ਸੀ। ਲੋਕ ਕਹਿੰਦੇ ਸਨ ਕਿ ਸਮੁੰਦਰ ਵਿੱਚ ਰਹਿ ਕੇ ਮਗਰਮੱਛ ਨਾਲ ਵੈਰ ਨਹੀਂ ਲਿਆ ਜਾ ਸਕਦਾ।"
ਆਪਣੇ ਪਤੀ ਦੇ ਸਾਥ ਬਾਰੇ ਉਹ ਦੱਸਦੇ ਹਨ ਕਿ ਇਹ ਸਿਰਫ਼ ਸਹਿਯੋਗ ਨਹੀਂ ਸੀ, ਸਗੋਂ ਦੋਵਾਂ ਦੀ ਸਾਂਝੀ ਲੜਾਈ ਸੀ। "ਅਸੀਂ ਤਾਂ ਇੱਕ ਹੀ ਸੀ। ਉਸ ਸਮੇਂ ਅਸੀਂ ਇੱਕ ਦੂਜੇ ਦਾ ਸਾਥ ਦਿੱਤਾ।"
ਉਹ ਕਹਿੰਦੇ ਹਨ ਕਿ ਹਾਲਾਤ ਇੰਨੇ ਖ਼ਤਰਨਾਕ ਸਨ ਕਿ ਉਹ ਹਸਪਤਾਲ ਦੇ ਕੁਆਰਟਰ ਵਿੱਚ ਇਕੱਲੇ ਰਹਿੰਦੇ ਸਨ। ਜਦੋਂ ਉਨ੍ਹਾਂ ਦੇ ਪਤੀ ਘਰ ਆਉਂਦੇ ਤਾਂ ਉਹ ਉਨ੍ਹਾਂ ਨੂੰ ਵੀ ਸੁਰੱਖਿਅਤ ਥਾਂ 'ਤੇ ਰਹਿਣ ਲਈ ਕਹਿੰਦੇ ਸੀ।
ਕਈ ਵਾਰ ਕਮਿਊਨਿਸਟ ਪਾਰਟੀ ਦੇ ਸਾਥੀ ਉਨ੍ਹਾਂ ਦੇ ਨਾਲ ਰਹਿੰਦੇ ਸਨ ਤਾਂ ਜੋ ਉਹ ਇਕੱਲੇ ਨਾ ਹੋਣ।
ਧਮਕੀਆਂ, ਦਬਾਅ ਅਤੇ ਲੰਬਾ ਸੰਘਰਸ਼
ਬਲਜੀਤ ਕੌਰ ਦੇ ਪਤੀ ਮਹਾਵੀਰ ਸਿੰਘ ਨੇ ਦੱਸਿਆ ਕਿ ਇਸ ਲੜਾਈ ਦੌਰਾਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਾਫੀ ਦਬਾਅ ਦਾ ਸਾਹਮਣਾ ਕਰਨਾ ਪਿਆ। ਕਈ ਲੋਕ ਉਨ੍ਹਾਂ ਤੋਂ ਦੂਰ ਹੋ ਗਏ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ, ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕਈ ਵਾਰ ਉਨ੍ਹਾਂ ਨੂੰ ਚੁੱਕਣ ਦੀ ਕੋਸ਼ਿਸ਼ ਵੀ ਹੋਈ।
ਬਲਜੀਤ ਕੌਰ ਮੁਤਾਬਕ ਇਸ ਤੋਂ ਬਾਅਦ ਜਦੋਂ ਪੁਲਿਸ ਦੇ ਖ਼ਿਲਾਫ਼ ਕੇਸ ਬਣਿਆ ਤਾਂ ਇਹ ਲੋਕਾਂ ਲਈ ਬਹੁਤ ਹੈਰਾਨ ਕਰਨ ਵਾਲੀ ਘਟਨਾ ਸੀ।
ਉਹ ਦੱਸਦੇ ਹਨ, "ਉਸ ਸਮੇਂ ਦਾ ਮਾਹੌਲ ਕਿਹੋ ਜਿਹਾ ਸੀ, ਇਹ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ। ਉਸ ਦੌਰ ਵਿੱਚ ਅਜਿਹੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਸਨ, ਪਰ ਇਸ ਮਾਮਲੇ ਵਿੱਚ ਇੱਕ ਜ਼ਿੰਦਾ ਬਚਿਆ ਨੌਜਵਾਨ ਸਾਹਮਣੇ ਸੀ, ਜੋ ਪੂਰੀ ਘਟਨਾ ਦਾ ਸਬੂਤ ਬਣ ਗਿਆ।"
ਇਸ ਤੋਂ ਬਾਅਦ ਪੁਲਿਸ ਨਾਲ ਕਾਨੂੰਨੀ ਲੜਾਈ, ਅਦਾਲਤਾਂ ਦੇ ਚੱਕਰ ਅਤੇ ਹਰ ਵੇਲੇ ਬਣਿਆ ਡਰ ਉਨ੍ਹਾਂ ਲਈ ਲੰਬੇ ਸਮੇਂ ਤੱਕ ਮਾਨਸਿਕ ਦਬਾਅ ਦਾ ਕਾਰਨ ਬਣਿਆ।
ਬਲਜੀਤ ਕੌਰ ਮੁਤਾਬਕ, ਇਸ ਮਾਮਲੇ ਦੀ ਕਾਨੂੰਨੀ ਲੜਾਈ ਲਗਭਗ ਲੰਬੇ ਸਮੇਂ ਤੱਕ ਚੱਲੀ। ਸ਼ੁਰੂ ਵਿੱਚ ਮਾਮਲਾ ਪੁਲਿਸ ਪੱਧਰ 'ਤੇ ਸੀ, ਫਿਰ ਜਾਂਚ ਸੀਬੀਆਈ ਤੱਕ ਪਹੁੰਚੀ।
ਇਸ ਤੋਂ ਬਾਅਦ ਅੰਮ੍ਰਿਤਸਰ ਸੈਸ਼ਨ ਕੋਰਟ ਤੋਂ ਲੈ ਕੇ ਦਿੱਲੀ ਅਤੇ ਸੁਪਰੀਮ ਕੋਰਟ ਤੱਕ ਕੇਸ ਦੀ ਕਾਰਵਾਈ ਚੱਲੀ। ਇਸ ਪੂਰੀ ਲੜਾਈ ਦਾ ਖਰਚਾ ਮੁੱਖ ਤੌਰ 'ਤੇ ਘਰ ਤੋਂ ਹੀ ਚਲਾਇਆ ਗਿਆ।
ਪੈਸੇ ਦੇ ਪ੍ਰਬੰਧ ਬਾਰੇ ਉਹ ਦੱਸਦੇ ਹਨ ਕਿ ਕੁਝ ਪਰਿਵਾਰ ਵੱਲੋਂ ਮਦਦ ਮਿਲੀ ਅਤੇ ਕੁਝ ਸਹਾਇਤਾ ਪਾਰਟੀ ਨਾਲ ਜੁੜੇ ਲੋਕਾਂ ਵੱਲੋਂ ਵੀ ਕੀਤੀ ਗਈ।
ਫਿਲਮ ਬਾਰੇ ਉਨ੍ਹਾਂ ਦੀ ਪ੍ਰਤੀਕਿਰਿਆ

ਤਸਵੀਰ ਸਰੋਤ, ZEE5/INSTA
ਸਤਲੁਜ ਫਿਲਮ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਬਲਜੀਤ ਕੌਰ ਕਹਿੰਦੇ ਹਨ ਕਿ ਫਿਲਮ ਨੇ ਭਾਵੇਂ ਪੁਰਾਣੀਆਂ ਯਾਦਾਂ ਨੂੰ ਲੋਕਾਂ ਸਾਹਮਣੇ ਲਿਆਉਣ ਦਾ ਕੰਮ ਕੀਤਾ ਹੈ, ਪਰ ਉਨ੍ਹਾਂ ਦੇ ਜ਼ਖ਼ਮ ਪਹਿਲਾਂ ਹੀ ਮੌਜੂਦ ਹਨ। "ਇਹ ਫਿਲਮ ਸਾਨੂੰ ਕੀ ਯਾਦ ਕਰਵਾਏਗੀ? ਸਾਡੇ ਜ਼ਖ਼ਮ ਤਾਂ ਪਹਿਲਾਂ ਹੀ ਮੌਜੂਦ ਹਨ।"
ਉਨ੍ਹਾਂ ਕਿਹਾ, "ਇਤਿਹਾਸ ਨੂੰ ਬਦਲਿਆ ਨਹੀਂ ਜਾ ਸਕਦਾ, ਪਰ ਅੱਜ ਲੋੜ ਹੈ ਕਿ ਉਸ ਤੋਂ ਸਬਕ ਲਿਆ ਜਾਵੇ। ਅੱਜ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਲੋਕ ਆਪਣੇ ਇਤਿਹਾਸ ਅਤੇ ਪੁਰਾਣੀਆਂ ਕਦਰਾਂ-ਕੀਮਤਾਂ ਤੋਂ ਦੂਰ ਹੁੰਦੇ ਜਾ ਰਹੇ ਹਨ।"
"ਜਿਹੜਾ ਇਤਿਹਾਸ ਅਸੀਂ ਪੜ੍ਹਿਆ ਸੀ, ਅਸੀਂ ਆਪਣੀਆਂ ਹਰਕਤਾਂ ਨਾਲ ਉਸਨੂੰ ਝੂਠਾ ਸਾਬਤ ਕਰ ਰਹੇ ਹਾਂ।"
ਫਿਲਮ ਦੀ ਹਕੀਕਤ ਦੇ ਨੇੜਤਾ ਬਾਰੇ ਉਹ ਕਹਿੰਦੇ ਹਨ ਕਿ ਫਿਲਮ ਆਖ਼ਰ ਫਿਲਮ ਹੀ ਹੁੰਦੀ ਹੈ ਅਤੇ ਉਸ ਵਿੱਚ ਕੁਝ ਕਮੀਆਂ ਹੋ ਸਕਦੀਆਂ ਹਨ, ਪਰ ਇਸ ਨੇ ਇੱਕ ਦੌਰ ਦੀ ਸੱਚਾਈ ਨੂੰ ਦੁਨੀਆ ਸਾਹਮਣੇ ਰੱਖਣ ਦਾ ਕੰਮ ਕੀਤਾ ਹੈ।
ਉਹ ਆਖਦੇ ਹਨ, "ਫਿਲਮ ਤਾਂ ਫਿਲਮ ਹੈ, ਪਰ ਅਸਲੀ ਫਿਲਮ ਉਹ ਹੈ ਜੋ ਲੋਕਾਂ ਨੇ ਆਪਣੇ ਪਿੰਡੇ 'ਤੇ ਹੰਢਾਈ ਹੈ।"
"ਸਤਲੁਜ ਵਰਗੀਆਂ ਕੋਸ਼ਿਸ਼ਾਂ ਪੁਰਾਣੇ ਇਤਿਹਾਸ ਨੂੰ ਦਿਖਾਉਣ ਦਾ ਇੱਕ ਜ਼ਰੀਆ ਹਨ, ਪਰ ਇਸ ਦੌਰ ਦੀ ਕਹਾਣੀ ਸਿਰਫ਼ ਇੱਕ ਜਾਂ ਦੋ ਲੋਕਾਂ ਦੀ ਨਹੀਂ, ਸਗੋਂ ਪੂਰੇ ਪੰਜਾਬ ਅਤੇ ਖਾਸ ਕਰਕੇ ਮਾਝੇ ਦੇ ਲੋਕਾਂ ਦੇ ਤਜਰਬਿਆਂ ਨਾਲ ਜੁੜੀ ਹੋਈ ਹੈ।"
ਉਹ ਕਹਿੰਦੇ ਹਨ, "ਖਡੂਰ ਸਾਹਿਬ, ਅੰਮ੍ਰਿਤਸਰ ਅਤੇ ਤਰਨਤਾਰਨ ਵਰਗੇ ਇਲਾਕਿਆਂ ਵਿੱਚ ਤਾਂ ਹਰ ਇੱਕ ਜੀਅ ਇਸ ਇਤਿਹਾਸ ਨੂੰ ਜਾਣਦਾ ਹੈ।"
ਮਹਾਵੀਰ ਸਿੰਘ ਨੇ ਕਿਹਾ ਕਿ ਇਹ ਸਿਰਫ਼ ਇੱਕ ਫਿਲਮ ਨਹੀਂ, ਸਗੋਂ ਇੱਕ ਜੀਵਨ ਕਥਾ ਹੈ। ਉਨ੍ਹਾਂ ਮੁਤਾਬਕ ਇਸ ਵਿੱਚ ਉਸ ਦੌਰ ਦੀਆਂ ਘਟਨਾਵਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਲੋਕਾਂ ਦੇ ਵਿਚਾਰਾਂ ਨਾਲ ਸਹਿਮਤੀ ਜਾਂ ਅਸਹਿਮਤੀ ਹੋ ਸਕਦੀ ਹੈ, ਪਰ ਉਨ੍ਹਾਂ ਦਾ ਸੰਘਰਸ਼ ਅਹਿੰਸਕ ਸੀ। ਖਾਲੜਾ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ, ਕੋਈ ਹਥਿਆਰ ਨਹੀਂ ਚੁੱਕਿਆ, ਉਹ ਸਿਰਫ਼ ਤੱਥ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦਾ ਰਿਹਾ।"
ਉਨ੍ਹਾਂ ਫਿਲਮ ਵਿੱਚ ਧਾਰਮਿਕ ਵੰਡ ਦੀ ਬਜਾਏ ਮਨੁੱਖਤਾ ਦੇ ਪੱਖ ਨੂੰ ਵੀ ਉਭਾਰਿਆ।
ਉਨ੍ਹਾਂ ਕਿਹਾ ਕਿ ਜੇ ਮਾਮਲਾ ਧਰਮ ਦੇ ਆਧਾਰ 'ਤੇ ਹੁੰਦਾ ਤਾਂ ਵੱਖ-ਵੱਖ ਭਾਈਚਾਰਿਆਂ ਦੇ ਲੋਕ ਇੱਕ ਦੂਜੇ ਦੀ ਮਦਦ ਨਾ ਕਰਦੇ। ਉਨ੍ਹਾਂ ਦੇ ਅਨੁਸਾਰ, ਅਸਲ ਵੰਡ ਲੋਕਾਂ ਵਿੱਚ ਨਹੀਂ, ਸਗੋਂ ਰਾਜਨੀਤੀ ਵੱਲੋਂ ਪੈਦਾ ਕੀਤੀ ਜਾਂਦੀ ਹੈ।
'ਪੰਜਾਬ ਦੀ ਸਾਂਝ ਨੂੰ ਰਾਜਨੀਤੀ ਨੇ ਵੰਡਿਆ'

ਫਿਲਮ ਵਿੱਚ ਸਿਰਫ਼ ਇੱਕ ਭਾਈਚਾਰੇ ਨੂੰ ਹੋਏ ਨੁਕਸਾਨ ਬਾਰੇ ਚਰਚਾ 'ਤੇ ਨਰਸ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਹਮੇਸ਼ਾ ਸਾਂਝੀ ਧਰਤੀ ਰਿਹਾ ਹੈ। ਹਿੰਦੂ ਅਤੇ ਸਿੱਖਾਂ ਦੇ ਰਿਸ਼ਤੇ, ਰਿਸ਼ਤੇਦਾਰੀਆਂ ਅਤੇ ਆਪਸੀ ਸਾਂਝ ਬਹੁਤ ਪੁਰਾਣੀ ਹੈ।
ਉਨ੍ਹਾਂ ਕਿਹਾ, "ਇਹ ਵੰਡਾਂ ਲੋਕਾਂ ਨੇ ਨਹੀਂ ਬਣਾਈਆਂ, ਇਹ ਰਾਜਨੀਤੀ ਨੇ ਪੈਦਾ ਕੀਤੀਆਂ ਹਨ। ਪਿੰਡਾਂ ਵਿੱਚ ਹਰ ਭਾਈਚਾਰੇ ਦੇ ਲੋਕ ਇੱਕ ਦੂਜੇ ਨੂੰ ਤਾਇਆ, ਚਾਚਾ, ਤਾਈ ਅਤੇ ਚਾਚੀ ਕਹਿ ਕੇ ਬੁਲਾਉਂਦੇ ਸਨ ਅਤੇ ਅੱਜ ਵੀ ਇਹ ਆਪਣਾਪਣ ਕਈ ਥਾਵਾਂ 'ਤੇ ਮੌਜੂਦ ਹੈ।"
ਉਨ੍ਹਾਂ ਇਹ ਵੀ ਕਿਹਾ ਕਿ ਉਸ ਦੌਰ ਵਿੱਚ ਹਸਪਤਾਲ ਆਉਣ ਵਾਲੀਆਂ ਲਾਸ਼ਾਂ ਕਿਸੇ ਇੱਕ ਧਰਮ ਨਾਲ ਸਬੰਧਤ ਨਹੀਂ ਹੁੰਦੀਆਂ ਸਨ, ਸਗੋਂ ਹਰ ਭਾਈਚਾਰੇ ਦੇ ਲੋਕ ਹੁੰਦੇ ਸਨ।
"ਸਿੱਖਾਂ ਦੀ ਗਿਣਤੀ ਇਲਾਕੇ ਦੀ ਬਣਤਰ ਕਾਰਨ ਵੱਧ ਹੋ ਸਕਦੀ ਸੀ, ਪਰ ਹਿੰਦੂ ਅਤੇ ਹੋਰ ਭਾਈਚਾਰਿਆਂ ਦੇ ਲੋਕ ਵੀ ਮੌਜੂਦ ਸਨ।"
ਉਨ੍ਹਾਂ ਦੇ ਅਨੁਸਾਰ, ਲੋਕਾਂ ਦੇ ਅਸਲ ਰਿਸ਼ਤੇ ਹਮੇਸ਼ਾ ਸਾਂਝ ਵਾਲੇ ਰਹੇ ਹਨ, ਜਦਕਿ ਵੰਡ ਦੀਆਂ ਗੱਲਾਂ ਵੱਡੇ ਪੱਧਰ 'ਤੇ ਪ੍ਰਚਾਰ ਦਾ ਨਤੀਜਾ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












