ਟਰੰਪ ਨੇ ਲੇਕ ਓਨਟਾਰੀਓ ਦਾ ਨਾਂ ਬਦਲ ਕੇ "ਲੇਕ ਅਮਰੀਕਾ" ਰੱਖਣ ਦੇ ਹੁਕਮ 'ਤੇ ਦਸਤਖ਼ਤ ਕੀਤੇ, ਕੀ ਕੈਨੇਡਾ ਤੇ ਅਮਰੀਕਾ 'ਚ ਦੂਰੀਆਂ ਵੱਧ ਰਹੀਆਂ ਹਨ

ਟਰੰਪ

ਤਸਵੀਰ ਸਰੋਤ, Reginald Mathalone/NurPhoto via Getty Images

ਤਸਵੀਰ ਕੈਪਸ਼ਨ, ਅਮਰੀਕਾ-ਕੈਨੇਡਾ ਵਪਾਰ ਵਾਰਤਾ ਨਾਕਾਮ ਹੋਣ ਤੋਂ ਬਾਅਦ ਟਰੰਪ ਦੇ ਇੱਕ ਫ਼ੈਸਲੇ ਨੇ ਨਵਾਂ ਵਿਵਾਦ ਸ਼ੁਰੂ ਕਰ ਦਿੱਤਾ ਹੈ
    • ਲੇਖਕ, ਜੈਸਿਕਾ ਮਰਫ਼ੀ
    • ਰੋਲ, ਕੈਨੇਡਾ ਡਿਜੀਟਲ ਐਡੀਟਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ 'ਲੇਕ ਓਂਟਾਰੀਓ' ਦਾ ਨਾਮ ਬਦਲ ਕੇ 'ਲੇਕ ਅਮਰੀਕਾ' ਕਰਨ ਦੇ ਹੁਕਮ 'ਤੇ ਦਸਤਖ਼ਤ ਕੀਤੇ ਹਨ। ਟਰੰਪ ਦਾ ਇਹ ਫ਼ੈਸਲਾ ਕੈਨੇਡਾ ਦੇ ਨਾਲ ਇੱਕ ਨਵਾਂ ਵਿਵਾਦ ਬਣ ਗਿਆ ਹੈ।

ਇਹ ਕਦਮ ਪਿਛਲੇ ਹਫ਼ਤੇ ਅਮਰੀਕਾ ਅਤੇ ਕੈਨੇਡਾ ਵਿਚਕਾਰ ਵਪਾਰ ਵਾਰਤਾ ਦੇ ਅਸਫ਼ਲ ਹੋਣ ਤੋਂ ਬਾਅਦ ਚੁੱਕਿਆ ਗਿਆ ਹੈ, ਜਿਸ ਤੋਂ ਬਾਅਦ ਅਮਰੀਕਾ ਨੇ 20 ਅਰਬ ਡਾਲਰ ਮੁੱਲ ਦੇ ਕੈਨੇਡਾਈ ਸਮਾਨ 'ਤੇ ਨਵਾਂ 50 ਫ਼ੀਸਦੀ ਟੈਰਿਫ ਲਗਾਇਆ ਹੈ।

ਕੈਨੇਡਾ ਅਗਲੇ ਮਹੀਨੇ "ਡਾਲਰ ਦੇ ਬਦਲੇ ਡਾਲਰ" ਦੇ ਹਿਸਾਬ ਨਾਲ ਜਵਾਬੀ ਟੈਰਿਫ ਲਾਗੂ ਕਰੇਗਾ।

ਇਸ ਵਿਚਾਲੇ ਟਰੰਪ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਸਥਿਤ ਝੀਲ ਦਾ ਨਾਮ ਬਦਲਣ ਦਾ ਫ਼ੈਸਲਾ ਤੁਰੰਤ ਪ੍ਰਭਾਵੀ ਹੋ ਗਿਆ ਹੈ।

ਅਮਰੀਕਾ ਵਿੱਚ ਥਾਵਾਂ ਨੂੰ ਕਿਸ ਨਾਮ ਨਾਲ ਮਾਨਤਾ ਦਿੱਤੀ ਜਾਵੇ, ਇਸ 'ਤੇ ਉਨ੍ਹਾਂ (ਅਮਰੀਕੀ ਰਾਸ਼ਟਰਪਤੀ) ਕੋਲ ਵਿਆਪਕ ਅਧਿਕਾਰ ਹਨ, ਪਰ ਦੂਜੇ ਦੇਸ਼ਾਂ ਲਈ ਇਸ ਦਾ ਪਾਲਣ ਕਰਨਾ ਜ਼ਰੂਰੀ ਨਹੀਂ ਹੈ।

ਜਵਾਬ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ, "ਚੀਜ਼ਾਂ ਨੂੰ ਉਨ੍ਹਾਂ ਦੇ ਨਾਮ ਨਾਲ ਹੀ ਬੁਲਾਇਆ ਜਾਣਾ ਚਾਹੀਦਾ ਹੈ ਅਤੇ ਇਸ ਝੀਲ ਦਾ ਨਾਮ 'ਲੇਕ ਓਂਟਾਰੀਓ' ਹੈ, ਅੱਜ ਵੀ ਅਤੇ ਹਮੇਸ਼ਾ ਲਈ।"

ਕੈਨੇਡਾ ਨੇ ਜਤਾਇਆ ਵਿਰੋਧ

ਟਰੰਪ

ਤਸਵੀਰ ਸਰੋਤ, Andrew Harnik/Getty Images

ਤਸਵੀਰ ਕੈਪਸ਼ਨ, 'ਲੇਕ ਓਂਟਾਰੀਓ' ਨੂੰ 'ਲੇਕ ਅਮਰੀਕਾ' ਨਾਮ ਨਾਲ ਦਿਖਾਉਂਦੇ ਹੋਏ ਇੱਕ ਨਕਸ਼ੇ ਦੇ ਨਾਲ ਟਰੰਪ

ਰਾਸ਼ਟਰਪਤੀ ਟਰੰਪ ਦੇ ਕਾਰਜਕਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਇਹ ਹੁਕਮ ਅਮਰੀਕੀ ਗ੍ਰਹਿ ਵਿਭਾਗ ਨੂੰ ਜਿਓਗ੍ਰਾਫਿਕ ਨੇਮਜ਼ ਇਨਫ਼ੋਰਮੇਸ਼ਨ ਸਰਵਿਸ ਵਿੱਚ ਨਾਮ ਬਦਲਣ ਲਈ 30 ਦਿਨ ਦਾ ਸਮਾਂ ਦਿੰਦਾ ਹੈ।

ਅਮਰੀਕਾ ਵਿੱਚ ਘਰੇਲੂ ਭੂਗੋਲਿਕ ਨਾਵਾਂ ਦਾ ਅਧਿਕਾਰਤ ਰਿਕਾਰਡ ਇਸੇ ਵਿਭਾਗ ਦੇ ਅਧੀਨ ਆਉਂਦਾ ਹੈ।

ਕਾਰਨੀ ਨੇ ਕਿਹਾ ਕਿ ਲੇਕ ਓਂਟਾਰੀਓ ਨਾਮ ਦਾ ਇਤਿਹਾਸ ਚਾਰ ਸੌ ਸਾਲ ਤੋਂ ਵੀ ਵੱਧ ਪੁਰਾਣਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨਾਮ ਕੈਨੇਡਾਈ ਕਨਫੈਡਰੇਸ਼ਨ ਦੇ ਗਠਨ ਅਤੇ ਅਮਰੀਕਾ ਦੀ ਆਜ਼ਾਦੀ ਦੇ ਐਲਾਨ ਤੋਂ ਵੀ ਪਹਿਲਾਂ ਦਾ ਹੈ।

ਉਨ੍ਹਾਂ ਨੇ ਕਿਹਾ, "ਅਸੀਂ ਜਾਣਦੇ ਹਾਂ ਕਿ ਅਮਰੀਕਾ ਬਦਲ ਰਿਹਾ ਹੈ। ਉਨ੍ਹਾਂ ਦੇ ਵਪਾਰਕ ਸਬੰਧ, ਉਨ੍ਹਾਂ ਦੀ ਵਿਦੇਸ਼ ਨੀਤੀ, ਉਨ੍ਹਾਂ ਦੇ ਰਾਸ਼ਟਰੀ ਸਮਾਰਕ, ਉਨ੍ਹਾਂ ਦੇ ਜਲ ਭੰਡਾਰਾਂ ਦੇ ਨਾਮ।"

"ਕੈਨੇਡਾ ਦੀਆਂ ਔਰਤਾਂ ਅਤੇ ਮਰਦ ਵੀ ਜਾਣਦੇ ਹਨ ਕਿ ਚੀਜ਼ਾਂ ਨੂੰ ਉਨ੍ਹਾਂ ਦੇ ਨਾਮ ਨਾਲ ਹੀ ਬੁਲਾਇਆ ਜਾਣਾ ਚਾਹੀਦਾ ਹੈ ਅਤੇ ਇਸ ਝੀਲ ਦਾ ਨਾਮ ਲੇਕ ਓਂਟਾਰੀਓ ਹੈ, ਅੱਜ ਵੀ ਅਤੇ ਹਮੇਸ਼ਾ ਲਈ।"

ਅੰਤਰਰਾਸ਼ਟਰੀ ਜਲ ਖੇਤਰਾਂ ਦੇ ਨਾਮ ਤੈਅ ਕਰਨ ਵਾਲੀ ਕੋਈ ਸਰਵਵਿਆਪੀ ਤੌਰ 'ਤੇ ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਸੰਸਥਾ ਨਹੀਂ ਹੈ।

ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਲਿਖਿਆ, "ਕੈਨੇਡਾਈ ਲੋਕਾਂ ਅਤੇ ਬਾਕੀ ਦੁਨੀਆ ਲਈ ਇਹ ਲੇਕ ਓਂਟਾਰੀਓ ਹੈ। ਹੁਣ ਵੀ ਅਤੇ ਹਮੇਸ਼ਾ ਲਈ।"

ਕੈਨੇਡਾ ਦੇ ਹੋਰ ਪ੍ਰੀਮੀਅਰਾਂ ਅਤੇ ਮੰਤਰੀਆਂ ਨੇ ਵੀ ਇਸੇ ਤਰ੍ਹਾਂ ਦੇ ਬਿਆਨ ਦਿੱਤੇ।

ਗ੍ਰੇਟ ਲੇਕਸ ਵਿੱਚੋਂ ਚਾਰ ਝੀਲਾਂ ਦੇ ਨਾਮ, ਓਂਟਾਰੀਓ, ਹਿਊਰੋਨ, ਮਿਸ਼ੀਗਨ ਅਤੇ ਏਰੀ, ਮੂਲ ਨਿਵਾਸੀਆਂ ਦੀਆਂ ਭਾਸ਼ਾਵਾਂ ਦੇ ਸ਼ਬਦਾਂ ਤੋਂ ਲਏ ਗਏ ਹਨ।

ਲੇਕ ਸੁਪੀਰੀਅਰ ਦਾ ਨਾਮ ਫ੍ਰੈਂਚ ਦੇ ਅੰਗਰੇਜ਼ੀ ਰੂਪ ਵਾਲੇ ਇੱਕ ਸ਼ਬਦ ਦੇ ਆਧਾਰ 'ਤੇ ਰੱਖਿਆ ਗਿਆ ਸੀ।

ਗ੍ਰੇਟ ਲੇਕਸ ਵਿੱਚ ਸਭ ਤੋਂ ਛੋਟੀ ਲੇਕ 'ਓਂਟਾਰੀਓ' ਦੀ ਸਰਹੱਦ ਕੈਨੇਡਾ ਦੇ ਇੱਕ ਸੂਬੇ ਅਤੇ ਅਮਰੀਕਾ ਦੇ ਨਿਊਯਾਰਕ ਰਾਜ, ਦੋਵਾਂ ਨਾਲ ਲੱਗਦੀ ਹੈ।

ਮੈਕਸੀਕੋ ਨਾਲ ਹੋ ਚੁੱਕਾ ਹੈ ਵਿਵਾਦ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ

ਤਸਵੀਰ ਸਰੋਤ, ANDREJ IVANOV / AFP via Getty Images

ਤਸਵੀਰ ਕੈਪਸ਼ਨ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਕਿਸੇ ਵੀ ਚੀਜ਼ ਨੂੰ ਉਸ ਦੇ ਨਾਮ ਨਾਲ ਹੀ ਬੁਲਾਇਆ ਜਾਣਾ ਚਾਹੀਦਾ ਹੈ

ਜਦੋਂ ਟਰੰਪ 2025 ਵਿੱਚ ਦੁਬਾਰਾ ਰਾਸ਼ਟਰਪਤੀ ਬਣੇ ਸਨ, ਉਦੋਂ ਉਨ੍ਹਾਂ ਨੇ ਇਸੇ ਤਰ੍ਹਾਂ ਦੇ ਇੱਕ ਹੁਕਮ 'ਤੇ ਦਸਤਖ਼ਤ ਕੀਤੇ ਸਨ, ਜਿਸ ਵਿੱਚ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ 'ਗਲਫ਼ ਆਫ਼ ਅਮਰੀਕਾ' ਕਰ ਦਿੱਤਾ ਗਿਆ ਸੀ।

ਮੈਕਸੀਕੋ ਨੇ ਨਾਮ ਬਦਲਣ ਨੂੰ ਖ਼ਾਰਜ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਕੋਈ ਇੱਕ ਦੇਸ਼ ਅੰਤਰਰਾਸ਼ਟਰੀ ਜਲ ਖੇਤਰ ਦੇ ਸਾਂਝੇ ਹਿੱਸੇ ਦਾ ਨਾਮ ਨਹੀਂ ਬਦਲ ਸਕਦਾ।

ਇਸ ਤੋਂ ਬਾਅਦ ਮੈਕਸੀਕੋ ਅਤੇ ਟੈਕਨੋਲੋਜੀ ਕੰਪਨੀ ਗੂਗਲ ਵਿਚਕਾਰ ਵੀ ਕਾਨੂੰਨੀ ਵਿਵਾਦ ਹੋਇਆ, ਕਿਉਂਕਿ ਗੂਗਲ ਨੇ ਆਪਣੇ ਮੈਪਸ ਐਪ ਵਿੱਚ ਖਾੜੀ ਦਾ ਨਾਮ ਬਦਲ ਦਿੱਤਾ ਸੀ।

ਉਸ ਮਾਮਲੇ ਵਿੱਚ ਅਮਰੀਕਾ ਵਿੱਚ ਗੂਗਲ ਮੈਪਸ ਦੇ ਉਪਭੋਗਤਾਵਾਂ ਨੂੰ "ਗਲਫ਼ ਆਫ਼ ਅਮਰੀਕਾ" ਦਿਖਾਈ ਦਿੰਦਾ ਹੈ, ਜਦਕਿ ਮੈਕਸੀਕੋ ਵਿੱਚ ਉਪਭੋਗਤਾਵਾਂ ਨੂੰ "ਗਲਫ਼ ਆਫ਼ ਮੈਕਸੀਕੋ" ਦਿਖਾਈ ਦਿੰਦਾ ਹੈ।

ਦੂਜੇ ਦੇਸ਼ਾਂ ਵਿੱਚ ਉਪਭੋਗਤਾਵਾਂ ਨੂੰ 'ਗਲਫ਼ ਆਫ਼ ਮੈਕਸੀਕੋ (ਗਲਫ਼ ਆਫ਼ ਅਮਰੀਕਾ)' ਦਿਖਾਈ ਦਿੰਦਾ ਹੈ।

ਉਸ ਸਮੇਂ ਵ੍ਹਾਈਟ ਹਾਊਸ ਨੇ ਐਸੋਸੀਏਟਿਡ ਪ੍ਰੈੱਸ ਦੇ ਪੱਤਰਕਾਰਾਂ ਨੂੰ ਰਾਸ਼ਟਰਪਤੀ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਤੋਂ ਵੀ ਰੋਕ ਦਿੱਤਾ ਸੀ, ਕਿਉਂਕਿ ਸਮਾਚਾਰ ਏਜੰਸੀ ਨੇ ਆਪਣੀਆਂ ਖ਼ਬਰਾਂ ਵਿੱਚ 'ਗਲਫ਼ ਆਫ਼ ਅਮਰੀਕਾ' ਨਾਮ ਅਪਨਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਇਸ ਦੇ ਜਵਾਬ ਵਿੱਚ ਏਪੀ ਨੇ ਟਰੰਪ ਪ੍ਰਸ਼ਾਸਨ 'ਤੇ ਮੁਕੱਦਮਾ ਕੀਤਾ ਸੀ ਅਤੇ ਇਹ ਕਾਨੂੰਨੀ ਲੜਾਈ ਅਜੇ ਵੀ ਜਾਰੀ ਹੈ।

ਟਰੰਪ ਦੇ ਫ਼ੈਸਲੇ ਦਾ ਅਮਰੀਕਾ ਵਿੱਚ ਵੀ ਵਿਰੋਧ

ਅਮਰੀਕਾ ਅਤੇ ਕੈਨੇਡਾ ਵਿਚਕਾਰ ਵਪਾਰ ਵਾਰਤਾ ਸਫ਼ਲ ਨਹੀਂ ਹੋ ਸਕੀ

ਤਸਵੀਰ ਸਰੋਤ, ANDREJ IVANOV / AFP via Getty Images

ਤਸਵੀਰ ਕੈਪਸ਼ਨ, ਅਮਰੀਕਾ ਅਤੇ ਕੈਨੇਡਾ ਵਿਚਕਾਰ ਵਪਾਰ ਵਾਰਤਾ ਸਫ਼ਲ ਨਹੀਂ ਹੋ ਸਕੀ

ਅਮਰੀਕੀ ਸਿਆਸਤਦਾਨਾਂ ਦੀ ਇਸ ਕਦਮ 'ਤੇ ਮਿਲੀ-ਜੁਲੀ ਪ੍ਰਤੀਕਿਰਿਆ ਰਹੀ।

ਟਰੰਪ ਦੇ ਗ੍ਰਹਿ ਮੰਤਰੀ ਡਗ ਬਰਗਮ ਨੇ ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਲਿਖਿਆ, "ਅਸੀਂ ਇਸ 'ਤੇ ਕੰਮ ਕਰ ਰਹੇ ਹਾਂ, ਸ਼੍ਰੀਮਾਨ ਰਾਸ਼ਟਰਪਤੀ।"

ਉਨ੍ਹਾਂ ਨੇ ਕਿਹਾ, "ਸਾਡੇ ਦੇਸ਼ ਦੀਆਂ ਸਰਹੱਦਾਂ ਨਾਲ ਲੱਗਣ ਵਾਲੀਆਂ ਅਤੇ ਸਾਡੀ ਅਰਥਵਿਵਸਥਾ ਨੂੰ ਸਹਾਰਾ ਦੇਣ ਵਾਲੀਆਂ ਥਾਵਾਂ ਅਤੇ ਜਲ ਖੇਤਰਾਂ ਵਿੱਚ ਅਮਰੀਕਾ ਦੀ ਮਹਾਨਤਾ ਝਲਕਣੀ ਚਾਹੀਦੀ ਹੈ।"

ਉਨ੍ਹਾਂ ਨੇ ਅੱਗੇ ਕਿਹਾ ਕਿ ਅਮਰੀਕੀ ਭੂ-ਵਿਗਿਆਨਕ ਸਰਵੇਖਣ "ਦੁਨੀਆ ਨੂੰ ਦਿਖਾਉਣ ਲਈ ਸਾਡੇ ਦੇਸ਼ ਦਾ ਨਕਸ਼ਾ ਤਿਆਰ ਕਰਦਾ ਹੈ ਅਤੇ ਸਾਨੂੰ ਲੇਕ ਅਮਰੀਕਾ ਦਾ ਨਾਮ ਬਦਲਣ ਦੇ ਤੁਹਾਡੇ ਕਾਰਜਕਾਰੀ ਹੁਕਮ ਨੂੰ ਲਾਗੂ ਕਰਨ 'ਤੇ ਮਾਣ ਹੈ।"

ਪਰ ਮਿਸ਼ਿਗਨ ਦੀ ਡੈਮੋਕ੍ਰੈਟਿਕ ਸੰਸਦ ਮੈਂਬਰ ਡੈਬੀ ਡਿੰਗਲ ਨੇ ਕਿਹਾ ਕਿ ਉਹ ਨਾਮ ਬਦਲਣ ਦੇ ਫ਼ੈਸਲੇ ਨੂੰ ਰੱਦ ਕਰਨ ਲਈ ਕਾਂਗਰਸ ਵਿੱਚ ਇੱਕ ਬਿੱਲ ਪੇਸ਼ ਕਰੇਗੀ। ਉਨ੍ਹਾਂ ਨੇ ਟਰੰਪ ਦੇ ਹੁਕਮ ਨੂੰ "ਬੇਵਕੂਫ਼ੀ ਭਰਿਆ" ਦੱਸਿਆ।

ਅਮਰੀਕੀ ਰਾਜ ਮਿਸ਼ਿਗਨ ਪੰਜ ਵਿੱਚੋਂ ਚਾਰ ਗ੍ਰੇਟ ਲੇਕਸ ਦੀ ਸਰਹੱਦ ਨਾਲ ਲੱਗਦਾ ਹੈ।

ਉਨ੍ਹਾਂ ਨੇ ਲਿਖਿਆ, "ਗ੍ਰੇਟ ਲੇਕਸ ਇੱਕ ਸਾਂਝੀ ਵਿਰਾਸਤ ਹਨ, ਜਿਸ ਦੀ ਰੱਖਿਆ ਲਈ ਅਮਰੀਕੀ ਅਤੇ ਕੈਨੇਡਾਈ ਲੋਕਾਂ ਦੀਆਂ ਕਈ ਪੀੜ੍ਹੀਆਂ ਨੇ ਮਿਲ ਕੇ ਕੰਮ ਕੀਤਾ ਹੈ।"

ਡੈਮੋਕ੍ਰੈਟਿਕ ਪਾਰਟੀ ਦੀ ਨਿਊਯਾਰਕ ਦੀ ਗਵਰਨਰ ਕੈਥੀ ਹੋਕੁਲ ਨੇ ਕਿਹਾ ਕਿ ਉਨ੍ਹਾਂ ਦਾ ਰਾਜ, ਜੋ ਲੇਕ ਓਂਟਾਰੀਓ ਦੀ ਸਰਹੱਦ ਨਾਲ ਲੱਗਣ ਵਾਲਾ ਇਕਲੌਤਾ ਅਮਰੀਕੀ ਰਾਜ ਹੈ, ਇਸ ਨੂੰ ਲੇਕ ਅਮਰੀਕਾ ਨਹੀਂ ਕਹੇਗਾ।

ਅਮਰੀਕਾ ਅਤੇ ਕੈਨੇਡਾ ਦਾ ਕਾਰੋਬਾਰੀ ਵਿਵਾਦ

ਟਰੰਪ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਝੀਲ ਦਾ ਨਾਮ ਬਦਲਣ ਲਈ ਸਾਰੇ ਲੋੜੀਂਦੇ ਦਸਤਾਵੇਜ਼ਾਂ 'ਤੇ ਦਸਤਖ਼ਤ ਕਰ ਦਿੱਤੇ ਹਨ

ਵੀਰਵਾਰ ਨੂੰ ਓਵਲ ਆਫ਼ਿਸ ਵਿੱਚ ਹੁਕਮ 'ਤੇ ਦਸਤਖ਼ਤ ਕਰਦੇ ਸਮੇਂ ਟਰੰਪ ਨੇ ਕਿਹਾ ਕਿ ਇਹ ਕੈਨੇਡਾ ਨੂੰ ਸਿੱਧਾ ਸੰਦੇਸ਼ ਨਹੀਂ ਹੈ, ਪਰ ਅਮਰੀਕਾ ਦਾ ਉੱਤਰੀ ਗੁਆਂਢੀ "ਕਾਫ਼ੀ ਲੰਬੇ ਸਮੇਂ ਤੋਂ ਵਪਾਰ ਦੇ ਮਾਮਲੇ ਵਿੱਚ ਸਾਡਾ ਨੁਕਸਾਨ ਕਰ ਰਿਹਾ ਹੈ।"

ਪਿਛਲੇ ਇੱਕ ਹਫ਼ਤੇ ਤੋਂ ਇੱਕ-ਦੂਜੇ 'ਤੇ ਦੋਸ਼-ਪ੍ਰਤੀਦੋਸ਼ ਦੇ ਵਿਚਕਾਰ ਅਮਰੀਕਾ ਅਤੇ ਕੈਨੇਡਾ ਦੇ ਸਬੰਧ ਨਵੇਂ ਹੇਠਲੇ ਪੱਧਰ 'ਤੇ ਪਹੁੰਚ ਗਏ ਹਨ।

ਹਾਲਾਂਕਿ, ਵੀਰਵਾਰ ਨੂੰ ਅਜਿਹੇ ਸੰਕੇਤ ਮਿਲੇ ਕਿ ਗੱਲਬਾਤ ਦੀ ਮੇਜ਼ 'ਤੇ ਮੁੜ ਪਰਤਣ ਦੀ ਗੁੰਜਾਇਸ਼ ਹੈ।

ਕੈਨੇਡਾ ਦੇ ਅਮਰੀਕੀ ਵਪਾਰ ਮੰਤਰੀ ਡੋਮਿਨਿਕ ਲੇਬਲਾਂਕ ਨੇ ਕਿਹਾ ਕਿ ਅਮਰੀਕਾ ਨੇ ਫ੍ਰੈਂਚ ਭਾਸ਼ਾ ਵਿੱਚ ਲੇਬਲਿੰਗ ਦੀਆਂ ਜ਼ਰੂਰਤਾਂ ਨੂੰ ਲੈ ਕੇ ਆਪਣੀਆਂ ਕੁਝ ਮੰਗਾਂ ਵਾਪਸ ਲੈ ਲਈਆਂ ਹਨ।

ਇਹ ਉਨ੍ਹਾਂ ਮੁੱਦਿਆਂ ਵਿੱਚੋਂ ਇੱਕ ਸੀ, ਜਿਨ੍ਹਾਂ 'ਤੇ ਦੋਵਾਂ ਧਿਰਾਂ ਵਿਚਕਾਰ ਮਤਭੇਦ ਸਨ। ਅਮਰੀਕਾ ਦਾ ਕਹਿਣਾ ਹੈ ਕਿ ਉਸ ਨੇ ਭਾਸ਼ਾ ਨੂੰ ਲੈ ਕੇ ਕਦੇ ਕੋਈ ਮੰਗ ਨਹੀਂ ਕੀਤੀ।

ਦੋਵਾਂ ਧਿਰਾਂ ਨੇ ਇੱਕ-ਦੂਜੇ 'ਤੇ ਆਖ਼ਰੀ ਸਮੇਂ ਵਿੱਚ ਬਦਲਾਅ ਦੀ ਮੰਗ ਕਰਨ ਦਾ ਇਲਜ਼ਾਮ ਲਗਾਇਆ ਹੈ, ਜਿਸ ਕਾਰਨ ਵਪਾਰ ਵਾਰਤਾ ਟੁੱਟ ਗਈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)