'ਮੈਂ ਆਪਣੇ ਪੁੱਤ ਨੂੰ ਜੰਗ 'ਚ ਨਹੀਂ ਭੇਜਣਾ, 12 ਸਾਲ ਦੇ ਬੱਚੇ ਤਾਂ ਇਸ ਨੂੰ ਗੇਮ ਸਮਝਦੇ', ਈਰਾਨ 'ਚ ਮਾਵਾਂ ਜੰਗ ਕਾਰਨ ਦਹਿਸ਼ਤ ਵਿੱਚ

ਤਸਵੀਰ ਸਰੋਤ, WANA via Reuters
- ਲੇਖਕ, ਫਰਗਲ ਕੀਨ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 7 ਮਿੰਟ
ਹੁਣ ਜੰਗ ਉਸਦੇ ਦਿਮਾਗ਼ ਦੇ ਅੰਦਰ ਚੱਲ ਰਹੀ ਹੈ। ਦਰਵਾਜ਼ਾ ਜ਼ੋਰ ਨਾਲ ਬੰਦ ਹੋਣ ਦੀ ਆਵਾਜ਼ ਜਾਂ ਭਾਂਡੇ ਡਿੱਗਣ ਦੀ ਆਵਾਜ਼ ਨਾਲ ਵੀ ਉਹ ਡਰ ਕੇ ਉੱਛਲ ਪੈਂਦਾ ਹੈ। ਸੰਘਰਸ਼-ਵਿਰਾਮ ਵੀ ਇਹ ਹਾਲਾਤ ਨਹੀਂ ਬਦਲ ਸਕਿਆ।
ਅਲੀ ਕਹਿੰਦਾ ਹੈ, "ਜੰਗ ਤੋਂ ਪਹਿਲਾਂ ਮੈਨੂੰ ਕੋਈ ਤਣਾਅ ਨਹੀਂ ਸੀ। ਪਰ ਹੁਣ ਥੋੜ੍ਹੀ ਜਿਹੀ ਆਵਾਜ਼ 'ਤੇ ਵੀ ਮੇਰਾ ਦਿਮਾਗ਼ ਬਹੁਤ ਤਿੱਖੀ ਪ੍ਰਤੀਕਿਰਿਆ ਕਰਦਾ ਹੈ।"
ਹਾਲਾਂਕਿ ਅਲੀ (ਬਦਲਿਆ ਹੋਇਆ ਨਾਮ) ਦੀ ਉਮਰ ਸਿਰਫ਼ 15 ਸਾਲ ਹੈ, ਫਿਰ ਵੀ ਉਹ ਸਮਝਦਾ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ 'ਤੇ ਕੀਤੇ ਹਵਾਈ ਹਮਲਿਆਂ ਦੀਆਂ ਆਵਾਜ਼ਾਂ ਨਾਲ ਪੈਦਾ ਹੋਇਆ ਡਰ ਕਿਵੇਂ ਮਨ ਵਿੱਚ ਵੱਸ ਜਾਂਦਾ ਹੈ ਅਤੇ ਫਿਰ ਪਿੱਛਾ ਨਹੀਂ ਛੱਡਦਾ।
ਕਿਸੇ ਵੀ ਤੇਜ਼ ਆਵਾਜ਼ 'ਤੇ ਆਪਣੇ ਆਪ ਡਰ ਜਾਣ ਵਾਲੀ ਇਹ ਪ੍ਰਤੀਕਿਰਿਆ ਸਰਗਰਮ ਹੋ ਜਾਂਦੀ ਹੈ।
ਉਹ ਕਹਿੰਦਾ ਹੈ, "ਧਮਾਕਿਆਂ ਦੀ ਆਵਾਜ਼, ਝਟਕੇ ਨਾਲ ਹੋਣ ਵਾਲੀ ਕੰਪਨ ਅਤੇ ਸ਼ਹਿਰ ਦੇ ਉੱਪਰੋਂ ਉੱਡਦੇ ਫਾਈਟਰ ਜੈੱਟਾਂ ਦੀ ਆਵਾਜ਼ ਬਹੁਤ ਗੰਭੀਰ ਅਸਰ ਪਾ ਸਕਦੀ ਹੈ।"
ਈਰਾਨ ਦੀ ਆਬਾਦੀ ਦਾ 20 ਫੀਸਦ ਤੋਂ ਵੱਧ ਹਿੱਸਾ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਹੈ, ਭਾਵ ਲਗਭਗ 2 ਕਰੋੜ 4 ਲੱਖ ਬੱਚੇ। ਅਲੀ ਅਤੇ ਉਸ ਵਰਗੇ ਕਈ ਹੋਰ ਬੱਚਿਆਂ ਨਾਲ ਜੋ ਹੋ ਰਿਹਾ ਹੈ, ਉਸ ਨੂੰ ਮਨੋਵਿਗਿਆਨੀ "ਹਾਈਪਰ ਅਰਾਊਜ਼ਲ" ਕਹਿੰਦੇ ਹਨ ਅਤੇ ਇਹ ਪੋਸਟ ਟ੍ਰੌਮੈਟਿਕ ਸਟ੍ਰੈੱਸ ਡਿਸਆਰਡਰ (ਪੀਟੀਐੱਸਡੀ) ਦੀ ਸ਼ੁਰੂਆਤੀ ਚੇਤਾਵਨੀ ਹੋ ਸਕਦੀ ਹੈ।
ਆਸ-ਪਾਸ ਜੋ ਕੁਝ ਵੀ ਹੋ ਰਿਹਾ ਹੈ, ਅਲੀ ਉਸ 'ਤੇ ਆਪਣੇ ਮਾਤਾ-ਪਿਤਾ ਦੀਆਂ ਪ੍ਰਤੀਕਿਰਿਆਵਾਂ ਨੂੰ ਦੇਖਦਾ ਅਤੇ ਮਹਿਸੂਸ ਕਰਦਾ ਹੈ। ਉਹ ਘਰ ਦੇ ਅੰਦਰ ਮਿਲਣ ਵਾਲੀ ਉਸ ਜਾਣ-ਪਛਾਣ ਵਾਲੀ ਸੁਰੱਖਿਆ ਨੂੰ ਲੱਭਦਾ ਹੈ, ਪਰ ਉਹ ਨਹੀਂ ਮਿਲਦੀ। ਉਸ ਦੇ ਪਿਤਾ ਜੰਗ ਕਾਰਨ ਬੇਰੋਜ਼ਗਾਰ ਹਨ ਅਤੇ ਮਾਂ ਹਰ ਸਮੇਂ ਡਰੀ-ਸਹਿਮੀ ਰਹਿੰਦੀ ਹੈ।
ਉਹ ਕਹਿੰਦਾ ਹੈ, "ਮੇਰੀ ਮਾਂ ਘਰ ਵਿੱਚ ਹੀ ਰਹਿੰਦੀ ਹੈ ਅਤੇ ਜਿਵੇਂ ਹੀ ਫਾਈਟਰ ਜੈੱਟ ਉੱਪਰੋਂ ਉੱਡਦੇ ਹਨ, ਉਹ ਡਰ ਜਾਂਦੀ ਹੈ, ਤਣਾਅ ਵਿੱਚ ਆ ਜਾਂਦੀ ਹੈ। ਚਿੰਤਾ ਅਤੇ ਡਰ ਉਨ੍ਹਾਂ 'ਤੇ ਸਾਫ਼ ਦਿੱਸਦਾ ਹੈ ਅਤੇ ਆਪਣੀ ਗੱਲ ਕਰਾਂ ਤਾਂ ਮੈਂ ਖ਼ੁਦ ਵੀ ਬਹੁਤ ਡਰਿਆ ਹੋਇਆ ਹਾਂ।"
"ਮੇਰਾ ਆਪਣੇ ਦੋਸਤਾਂ ਨਾਲ ਕੋਈ ਸੰਪਰਕ ਨਹੀਂ ਹੈ… ਮੈਨੂੰ ਪੜ੍ਹਾਈ ਕਰਨ, ਕੰਮ ਕਰਨ ਦੇ ਕਾਬਿਲ ਹੋਣਾ ਚਾਹੀਦਾ ਹੈ ਅਤੇ ਅੱਗੇ ਚੱਲ ਕੇ ਇੱਕ ਆਤਮ-ਨਿਰਭਰ ਇਨਸਾਨ ਬਣਨਾ ਚਾਹੀਦਾ ਹੈ। ਮੈਨੂੰ ਲਗਾਤਾਰ ਰਾਜਨੀਤੀ ਦੀ ਚਿੰਤਾ ਨਹੀਂ ਕਰਨੀ ਚਾਹੀਦੀ, ਤਣਾਅ ਵਿੱਚ ਨਹੀਂ ਜੀਉਣਾ ਚਾਹੀਦਾ, ਬੰਬ ਡਿੱਗਣ ਦੇ ਖ਼ਿਆਲਾਂ ਵਿੱਚ ਨਹੀਂ ਡੁੱਬਿਆ ਰਹਿਣਾ ਚਾਹੀਦਾ… ਅੰਤਹੀਣ ਡਰ ਨਾਲ।"
ਬਹੁਤ ਸਾਰੇ ਮਾਪੇ ਚਿੰਤਾ ਵਿੱਚ ਹਨ

ਤਸਵੀਰ ਸਰੋਤ, Morteza Nikoubazl/NurPhoto via Getty Images
ਬੱਚਿਆਂ ਦੀ ਦੁਨੀਆ ਸਿਮਟ ਕੇ ਰਹਿ ਗਈ ਹੈ।
ਸਕੂਲ ਬੰਦ ਹਨ, ਸੰਘਰਸ਼-ਵਿਰਾਮ ਤੋਂ ਪਹਿਲਾਂ ਤੱਕ ਅਮਰੀਕਾ ਅਤੇ ਇਜ਼ਰਾਈਲ ਦੇ ਜਹਾਜ਼ਾਂ ਵੱਲੋਂ ਹਮਲੇ ਦਾ ਡਰ ਲਗਾਤਾਰ ਬਣਿਆ ਰਿਹਾ ਅਤੇ ਸੜਕਾਂ 'ਤੇ ਸਰਕਾਰ ਦੀ ਮਿਲਿਸ਼ੀਆ ਗਸ਼ਤ ਕਰ ਰਹੀ ਹੈ। ਅਜਿਹੇ ਹਾਲਾਤ ਵਿੱਚ ਈਰਾਨੀ ਪਰਿਵਾਰ ਆਪਣੇ ਹੀ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ। ਕਰਨ ਲਈ ਕੁਝ ਨਹੀਂ, ਸਿਰਫ਼ ਇੰਤਜ਼ਾਰ ਕਰਨਾ ਹੈ ਅਤੇ ਉਮੀਦ ਕਰਨੀ ਹੈ ਕਿ ਸੰਘਰਸ਼-ਵਿਰਾਮ ਕਾਇਮ ਰਹੇ।
ਪੂਰੇ ਇਲਾਕੇ ਵਿੱਚ ਈਰਾਨ ਤੋਂ ਲੈ ਕੇ ਇਜ਼ਰਾਈਲ, ਖਾੜੀ ਦੇਸ਼ਾਂ ਅਤੇ ਲੈਬਨਾਨ ਤੱਕ ਇਹ ਜੰਗ ਬੱਚਿਆਂ ਅਤੇ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਡਰ ਭਰ ਰਹੀ ਹੈ।
ਜ਼ਮੀਨ 'ਤੇ ਮੌਜੂਦ ਭਰੋਸੇਮੰਦ ਸਰੋਤਾਂ ਦੀ ਮਦਦ ਨਾਲ ਬੀਬੀਸੀ ਨੇ ਮਾਪਿਆਂ ਅਤੇ ਉਨ੍ਹਾਂ ਲੋਕਾਂ ਦੀਆਂ ਗਵਾਹੀਆਂ ਇਕੱਠੀਆਂ ਕੀਤੀਆਂ ਹਨ ਜੋ ਬੱਚਿਆਂ ਨੂੰ ਜੰਗ ਦੇ ਸਦਮੇ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਸੁਰੱਖਿਆ ਕਾਰਨਾਂ ਕਰਕੇ ਕੁਝ ਨਾਮ ਬਦਲੇ ਗਏ ਹਨ।

ਤੇਹਰਾਨ ਦੇ ਇੱਕ ਮਨੁੱਖੀ ਅਧਿਕਾਰ ਕੇਂਦਰ ਵਿੱਚ ਆਇਸ਼ਾ (ਜਿਨ੍ਹਾਂ ਦਾ ਨਾਮ ਵੀ ਬਦਲਿਆ ਗਿਆ ਹੈ) ਫ਼ੋਨ 'ਤੇ ਇੱਕ ਪਰੇਸ਼ਾਨ ਮਾਂ ਨੂੰ ਸਲਾਹ ਦੇ ਰਹੀ ਹੈ।
ਉਹ ਕਹਿੰਦੀ ਹੈ, "ਮੈਂ ਜੋ ਗੱਲਾਂ ਤੁਹਾਨੂੰ ਦੱਸੀਆਂ ਹਨ, ਉਨ੍ਹਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰੋ ਤਾਂ ਜੋ ਉਸ (ਬੱਚੇ) ਲਈ ਵਧੇਰੇ ਸ਼ਾਂਤ ਮਾਹੌਲ ਬਣ ਸਕੇ। ਜੇ ਸੰਭਵ ਹੋਵੇ ਤਾਂ ਉਸਦੇ ਨਾਲ ਖੇਡੋ ਅਤੇ ਉਸਨੂੰ ਮਸਰੂਫ਼ ਰੱਖੋ ਅਤੇ ਜੇ ਫਿਰ ਵੀ ਹਾਲਾਤ ਨਹੀਂ ਸੁਧਰਦੇ, ਤਾਂ ਉਸਨੂੰ ਵਾਪਸ ਕੇਂਦਰ ਲਿਆਓ।"
ਆਇਸ਼ਾ ਦੱਸਦੀ ਹੈ ਕਿ ਬਹੁਤ ਸਾਰੇ ਪਰੇਸ਼ਾਨ ਅਤੇ ਚਿੰਤਤ ਮਾਪੇ ਇਸ ਕੇਂਦਰ 'ਤੇ ਫ਼ੋਨ ਕਰ ਰਹੇ ਹਨ ਅਤੇ ਲੋਕ ਖ਼ੁਦ ਆ ਕੇ ਵੀ ਮਿਲ ਰਹੇ ਹਨ।
"ਸਾਨੂੰ ਬਹੁਤੇ ਮਾਮਲੇ ਨੀਂਦ ਪੂਰੀ ਨਾ ਹੋਣ ਦੇ, ਡਰਾਵਨੇ ਸੁਪਨੇ ਆਉਣ ਦੇ, ਧਿਆਨ ਵਿੱਚ ਕਮੀ ਅਤੇ ਇੱਥੋਂ ਤੱਕ ਕਿ ਹਮਲਾਵਰ ਵਿਹਾਰ ਵੀ ਵੇਖਣ ਨੂੰ ਮਿਲ ਰਹੇ ਹਨ।"
"ਜਦੋਂ ਤੁਸੀਂ ਇੱਕ ਬੱਚੇ ਨੂੰ ਪਾਲਣ-ਪੋਸ਼ਣ ਲਈ ਇੰਨੀ ਮਿਹਨਤ ਕਰਦੇ ਹੋ ਅਤੇ ਅਖ਼ੀਰ ਵਿੱਚ ਉਹੀ ਬੱਚਾ ਭਾਵੇਂ ਪ੍ਰਦਰਸ਼ਨਾਂ ਵਿੱਚ ਜਾਂ ਅਜਿਹੀ ਜੰਗ ਵਿੱਚ ਮਾਰਿਆ ਜਾਂਦਾ ਹੈ, ਤਾਂ ਮੇਰਾ ਮੰਨਣਾ ਹੈ ਕਿ ਕੋਈ ਵੀ ਮਾਤਾ-ਪਿਤਾ ਇਸ ਦੁਨੀਆ ਵਿੱਚ ਬੱਚਾ ਲਿਆਉਣ ਲਈ ਤਿਆਰ ਨਹੀਂ ਹੋਵੇਗਾ।"
ਅਮਰੀਕਾ-ਆਧਾਰਿਤ ਹਿਊਮਨ ਰਾਈਟਸ ਐਕਟੀਵਿਟੀ ਨਿਊਜ਼ ਏਜੰਸੀ (ਐੱਚਆਰਏਐੱਨਏ) ਪੂਰੇ ਈਰਾਨ ਤੋਂ ਅੰਕੜੇ ਇਕੱਠੇ ਕਰਦੀ ਹੈ। ਉਸ ਦੇ ਅਨੁਸਾਰ, ਇਸ ਜੰਗ ਵਿੱਚ 3,636 ਲੋਕ ਮਾਰੇ ਗਏ ਹਨ। ਇਨ੍ਹਾਂ ਵਿੱਚ ਘੱਟੋ-ਘੱਟ 254 ਬੱਚੇ ਸ਼ਾਮਲ ਹਨ। ਇਸ ਤੋਂ ਇਲਾਵਾ, ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ ਵੀ ਹਜ਼ਾਰਾਂ ਵਿੱਚ ਹੈ।
ਈਰਾਨੀ ਸ਼ਾਸਨ 'ਤੇ ਇਲਜ਼ਾਮ

ਤਸਵੀਰ ਸਰੋਤ, Morteza Nikoubazl/NurPhoto via Getty Images
ਕਿਹਾ ਜਾ ਰਿਹਾ ਹੈ ਕਿ ਈਰਾਨੀ ਸ਼ਾਸਨ ਵੱਲੋਂ ਬੱਚਿਆਂ ਨੂੰ ਸਿੱਧੇ ਖ਼ਤਰੇ ਵਿੱਚ ਧੱਕਣ ਦੀ ਇੱਕ ਸੰਗਠਿਤ ਕੋਸ਼ਿਸ਼ ਵੀ ਕੀਤੀ ਗਈ ਹੈ। ਸਰਕਾਰ ਨੇ ਮਾਤਾ-ਪਿਤਾ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਸੀਜ ਸਵੈ-ਸੇਵੀ ਮਿਲਿਸ਼ੀਆ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ, ਜੋ ਰਾਜ ਦੀ ਤਾਕਤ ਲਾਗੂ ਕਰਨ ਵਾਲਾ ਇੱਕ ਮਹੱਤਵਪੂਰਨ ਹਿੱਸਾ ਹੈ, ਤਾਂ ਜੋ ਉਹ ਨਾਕਿਆਂ ਦੀ ਨਿਗਰਾਨੀ ਵਿੱਚ ਮਦਦ ਕਰ ਸਕਣ।
ਟੀਵੀ 'ਤੇ ਦਿੱਤੇ ਇੱਕ ਭਾਸ਼ਣ ਵਿੱਚ ਸ਼ਾਸਨ ਨਾਲ ਜੁੜੇ ਇੱਕ ਵਿਅਕਤੀ ਨੇ ਮਾਪਿਆਂ ਨੂੰ ਕਿਹਾ, "ਆਪਣੇ ਬੱਚਿਆਂ ਦਾ ਹੱਥ ਫੜੋ ਅਤੇ ਸੜਕਾਂ 'ਤੇ ਨਿਕਲ ਆਓ।"
ਉਸ ਵਿਅਕਤੀ ਨੇ ਇਸ ਜੰਗ ਨੂੰ ਮੁੰਡਿਆਂ ਲਈ ਮਰਦਾਨਗੀ ਦੀ ਪਰਖ ਦੱਸਿਆ। ਉਸ ਨੇ ਕਿਹਾ, "ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪੁੱਤਰ ਮਰਦ ਬਣੇ? ਉਸਨੂੰ ਮਹਿਸੂਸ ਕਰਨ ਦਿਓ ਕਿ ਉਹ ਜੰਗ ਦੇ ਮੈਦਾਨ ਵਿੱਚ ਇੱਕ ਹੀਰੋ ਹੈ, ਲੜਾਈ ਦੀ ਅਗਵਾਈ ਕਰ ਰਿਹਾ ਹੈ। ਮਾਪੇ, ਆਪਣੇ ਬੱਚਿਆਂ ਨੂੰ ਰਾਤ ਨੂੰ ਬੈਰੀਕੇਡਾਂ 'ਤੇ ਭੇਜੋ। ਇਹ ਬੱਚੇ ਮਰਦ ਬਣ ਜਾਣਗੇ।"
11 ਸਾਲ ਦੇ ਅਲੀਰੇਜ਼ਾ ਜਾਫ਼ਰੀ ਲਈ ਹਥਿਆਰ ਚੁੱਕਣ ਦੀ ਇਹ ਅਪੀਲ ਮੌਤ ਸਾਬਤ ਹੋਈ। 29 ਮਾਰਚ ਨੂੰ ਤੇਹਰਾਨ ਵਿੱਚ ਉਹ ਆਪਣੇ ਪਿਤਾ ਨਾਲ ਇੱਕ ਚੈਕਪੋਇੰਟ 'ਤੇ ਡਿਊਟੀ ਕਰ ਰਿਹਾ ਸੀ, ਜਦੋਂ ਇੱਕ ਡਰੋਨ ਹਮਲੇ ਵਿੱਚ ਉਸਦੀ ਮੌਤ ਹੋ ਗਈ।
ਇੱਕ ਸਥਾਨਕ ਅਖ਼ਬਾਰ ਨੇ ਉਸਦੀ ਮਾਂ ਸਦਾਫ਼ ਮੋਨਫ਼ਰੇਦ ਦੇ ਹਵਾਲੇ ਨਾਲ ਲਿਖਿਆ ਕਿ ਉਸਦੇ ਪੁੱਤਰ ਨੇ ਕਿਹਾ ਸੀ ਕਿ ਉਹ "ਸ਼ਹੀਦ ਬਣਨਾ ਚਾਹੁੰਦਾ ਹੈ।"
ਐਮਨੇਸਟੀ ਇੰਟਰਨੈਸ਼ਨਲ ਨੇ ਈਰਾਨੀ ਅਧਿਕਾਰੀਆਂ 'ਤੇ ਇਲਜ਼ਾਮ ਲਗਾਇਆ ਹੈ ਕਿ ਉਹ ਬੱਚਿਆਂ ਨੂੰ ਫੌਜੀ ਸੇਵਾ ਵਿੱਚ ਭਰਤੀ ਕਰਕੇ "ਬੱਚਿਆਂ ਦੇ ਅਧਿਕਾਰਾਂ ਨੂੰ ਕੁਚਲ ਰਹੇ ਹਨ ਅਤੇ ਅੰਤਰਰਾਸ਼ਟਰੀ ਮਨੁੱਖੀ ਕਾਨੂੰਨ ਦਾ ਗੰਭੀਰ ਉਲੰਘਣ ਕਰ ਰਹੇ ਹਨ, ਜੋ ਜੰਗੀ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ।"
ਈਰਾਨ ਦੇ ਸੁਰੱਖਿਆ ਕਾਨੂੰਨਾਂ ਅਧੀਨ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਭਰਤੀ ਦੀ ਇਜਾਜ਼ਤ ਹੈ, ਜੋ ਅੰਤਰਰਾਸ਼ਟਰੀ ਕਾਨੂੰਨ ਦਾ ਸਿੱਧਾ ਉਲੰਘਣ ਹੈ।
'ਕਿਸੇ ਵੀ ਹਾਲ ਵਿੱਚ ਆਪਣੇ ਪੁੱਤਰ ਨੂੰ ਜੰਗ ਵਿੱਚ ਸ਼ਾਮਲ ਨਹੀਂ ਹੋਣ ਦੇਵਾਂਗੀ'

ਤਸਵੀਰ ਸਰੋਤ, Morteza Nikoubazl/NurPhoto via Getty Images
ਤੇਹਰਾਨ ਦੀ ਇੱਕ ਰਹਿਣ ਵਾਲੀ ਜਿਸਨੂੰ ਅਸੀਂ ਨੂਰ ਕਹਿ ਰਹੇ ਹਾਂ, ਦਾ ਇੱਕ ਪੁੱਤਰ ਹੈ ਜਿਸਦੀ ਕਿਸ਼ੋਰ ਅਵਸਥਾ ਹੁਣੇ ਹੀ ਸ਼ੁਰੂ ਹੋਈ ਹੈ। ਉਹ ਸਹੁੰ ਖਾਂਦੀ ਹੈ ਕਿ ਆਪਣੇ ਪੁੱਤਰ ਨੂੰ ਫੌਜ ਤੋਂ ਦੂਰ ਹੀ ਰੱਖੇਗੀ।
ਉਹ ਕਹਿੰਦੀ ਹੈ, "12 ਸਾਲ ਦਾ ਬੱਚਾ ਕਦੇ ਵੀ ਸਹੀ ਫ਼ੈਸਲੇ ਨਹੀਂ ਲੈ ਸਕਦਾ। ਅਸਲ ਵਿੱਚ ਉਸਨੂੰ ਸਮਝ ਹੀ ਨਹੀਂ ਹੁੰਦੀ ਕਿ ਕੀ ਹੋ ਰਿਹਾ ਹੈ। ਹੋ ਸਕਦਾ ਹੈ ਕਿ ਉਹ ਇਸਨੂੰ ਕਿਸੇ ਖੇਡ ਵਾਂਗ ਲਏ।"
"ਜਦੋਂ ਬੱਚਿਆਂ ਨੂੰ ਹਥਿਆਰ ਦੇ ਦਿੱਤੇ ਜਾਂਦੇ ਹਨ ਅਤੇ ਕਿਹਾ ਜਾਂਦਾ ਹੈ ਕਿ ਜਾਓ, ਜੰਗ ਕਰੋ, ਤਾਂ ਉਹ ਸੋਚਦੇ ਹਨ ਕਿ ਜਿਵੇਂ ਕੋਈ ਵੀਡੀਓ ਗੇਮ ਖੇਡ ਰਹੇ ਹੋਣ… ਅਤੇ ਜੇ ਕੋਈ ਬੱਚਾ ਉਸ ਰਾਹ 'ਤੇ ਚੱਲ ਪੈਂਦਾ ਹੈ, ਤਾਂ ਵਾਪਸ ਮੁੜਨ ਦਾ ਕੋਈ ਰਸਤਾ ਨਹੀਂ ਰਹਿੰਦਾ।"
ਜੰਗ ਸ਼ੁਰੂ ਹੋਣ ਤੋਂ ਪੰਜ ਹਫ਼ਤੇ ਬਾਅਦ ਨੂਰ ਆਪਣੇ ਪੁੱਤਰ ਨੂੰ ਤੇਹਰਾਨ ਤੋਂ ਬਾਹਰ ਲੈ ਗਈ। ਉਹ ਉਸ ਦਾ ਇਕਲੌਤਾ ਬੱਚਾ ਹੈ।
ਉਹ ਕਹਿੰਦੀ ਹੈ, "ਮੈਂ ਕਦੇ ਵੀ, ਕਿਸੇ ਵੀ ਹਾਲਤ ਵਿੱਚ ਆਪਣੇ ਪੁੱਤਰ ਨੂੰ ਜੰਗ ਵਿੱਚ ਸ਼ਾਮਲ ਨਹੀਂ ਹੋਣ ਦੇਵਾਂਗੀ। ਬੱਚਿਆਂ ਦਾ ਇਸ ਤਰ੍ਹਾਂ ਇਸਤੇਮਾਲ ਕਿਉਂ ਕੀਤਾ ਜਾ ਰਿਹਾ ਹੈ?"
"ਲਗਭਗ ਇੱਕ ਮਹੀਨਾ ਪਹਿਲਾਂ ਜਿਵੇਂ ਹੀ ਲੜਾਈ ਸ਼ੁਰੂ ਹੋਈ, ਮੈਂ ਸਭ ਤੋਂ ਪਹਿਲਾਂ ਇਹੀ ਕੀਤਾ ਕਿ ਸ਼ਹਿਰ ਛੱਡ ਦਿੱਤਾ ਕਿਉਂਕਿ ਮੈਂ ਤਣਾਅ ਵਿੱਚ ਸੀ ਅਤੇ ਮੈਨੂੰ ਡਰ ਸੀ ਕਿ ਮੇਰਾ ਪੁੱਤਰ ਕਿਤੇ ਸੜਕਾਂ 'ਤੇ ਨਾ ਨਿਕਲ ਜਾਵੇ ਅਤੇ ਉਸ ਦੇ ਨਾਲ ਕੁਝ ਨਾ ਹੋ ਜਾਵੇ, ਜੰਗ ਵਿੱਚ ਭੇਜਣ ਦੀ ਤਾਂ ਗੱਲ ਹੀ ਵੱਖਰੀ ਹੈ।"
ਫਿਲਹਾਲ ਉਮੀਦ ਇਹ ਹੈ ਕਿ ਪਾਕਿਸਤਾਨ ਦੀ ਵਿਚੋਲਗੀ ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀਆਂ ਗੱਲਬਾਤਾਂ ਕਿਸੇ ਸਥਾਈ ਸੰਘਰਸ਼-ਵਿਰਾਮ ਤੱਕ ਪਹੁੰਚ ਜਾਣ।
ਪਰ ਜੇ ਅਜਿਹਾ ਹੋ ਵੀ ਜਾਂਦਾ ਹੈ, ਤਾਂ ਵੀ ਬੰਬਾਰੀ ਨਾਲ ਹੋਈ ਹਿੰਸਾ, ਬਚਪਨ ਦਾ ਫੌਜੀਕਰਨ ਅਤੇ ਸੁਰੱਖਿਆ ਦੇ ਅਹਿਸਾਸ ਦੇ ਗਵਾਚ ਜਾਣ ਕਾਰਨ ਬੱਚਿਆਂ ਦੇ ਦਿਮਾਗ਼ ਅਤੇ ਸਰੀਰ 'ਤੇ ਪਿਆ ਨੁਕਸਾਨ ਲੰਬੇ ਸਮੇਂ ਤੱਕ ਰਹੇਗਾ।
ਐਲਿਸ ਡੋਯਾਰਡ ਦੀ ਵਾਧੂ ਰਿਪੋਰਟਿੰਗ ਨਾਲ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































