ਵਾਲ ਝੜਨ ਬਾਰੇ ਨਵੀਂ ਖੋਜ ਕੀ ਹੈ, ਔਰਤਾਂ ਲਈ ਕੀ ਮਾਅਨੇ ਰੱਖ ਸਕਦੀ ਹੈ

ਕੁੜੀਆਂ ਦੇ ਵੱਖ ਵੱਖ ਹੇਅਰ ਸਟਾਈਲਾਂ ਦੀ ਤਸਵੀਰ।
ਤਸਵੀਰ ਕੈਪਸ਼ਨ, ਹੁਣ ਜਪਾਨ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਉਹ ਲੱਖਾਂ ਲੋਕਾਂ ਲਈ ਗੰਜੇਪਨ ਦੀ ਹਕੀਕਤ ਨੂੰ ਬਦਲਣ ਦੇ ਇੱਕ ਕਦਮ ਹੋਰ ਨੇੜੇ ਪਹੁੰਚ ਗਏ ਹਨ।
    • ਲੇਖਕ, ਵਿਕਟੋਰੀਆ ਡਰਬੀਸ਼ਾਇਰ
    • ਰੋਲ, ਨਿਊਜ਼ਨਾਈਟ ਪਰੈਜ਼ੈਂਟਰ, ਬੀਬੀਸੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 12 ਮਿੰਟ

ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੇਰੇ ਵਾਲ ਝੜਨੇ ਸ਼ੁਰੂ ਹੋਏ ਸਨ।

ਮੈਂ ਸ਼ਨੀਵਾਰ ਦੀ ਰਾਤ ਨੂੰ ਇੱਕ ਹੋਟਲ ਦੇ ਕਮਰੇ ਵਿੱਚ ਆਪਣੀ ਸਹੇਲੀ ਦੇ ਚਾਲੀਵੇਂ ਜਨਮਦਿਨ ਦੀ ਪਾਰਟੀ ਲਈ ਤਿਆਰ ਹੋਣ ਵਾਸਤੇ ਗੋਡਿਆਂ ਭਾਰ ਬਹਿ ਕੇ ਬਾਥਟੱਬ ਅੱਗੇ ਆਪਣੇ ਵਾਲ ਧੋ ਰਹੀ ਸੀ।

ਸਤਾਰਾਂ ਦਿਨ ਪਹਿਲਾਂ ਮੈਨੂੰ ਬਰੈਸਟ ਕੈਂਸਰ ਦੇ ਇਲਾਜ ਲਈ ਛੇ ਕੀਮੋਥੈਰੇਪੀ ਸੈਸ਼ਨਾਂ ਵਿੱਚੋਂ ਪਹਿਲਾ ਸੈਸ਼ਨ ਮਿਲਿਆ ਸੀ, ਪਰ ਕਈ ਦਿਨ ਬਿਨ੍ਹਾਂ ਇੱਕ ਵੀ ਵਾਲ ਝੜੇ ਲੰਘ ਗਏ ਸਨ।

ਮੈਂ ਆਪਣੇ ਆਪ ਨੂੰ ਮਨਾ ਲਿਆ ਸੀ ਕਿ ਸ਼ਾਇਦ ਮੈਂ ਉਨ੍ਹਾਂ ਖੁਸ਼ਕਿਸਮਤ ਲੋਕਾਂ ਵਿੱਚੋਂ ਇੱਕ ਹਾਂ।

ਪਰ ਜਦੋਂ ਮੈਂ ਆਪਣੇ ਸਿਰ ਉੱਤੇ ਪਾਣੀ ਦਾ ਫੁਹਾਰਾ ਫੜਿਆ ਹੋਇਆ ਸੀ ਤਾਂ ਅਚਾਨਕ ਪਾਣੀ ਦੀ ਧਾਰਾ ਕਾਲੀ ਪੈ ਗਈ ਅਤੇ ਮੇਰੀਆਂ ਅੱਖਾਂ ਦੇ ਸਾਹਮਣੇ ਭੂਰੇ ਰੰਗ ਦੇ ਲੰਬੇ ਵਾਲਾਂ ਦੇ ਗੁੱਛੇ ਡ੍ਰੇਨ ਦੇ ਆਲੇ-ਦੁਆਲੇ ਇਕੱਠੇ ਹੋਣੇ ਸ਼ੁਰੂ ਹੋ ਗਏ। ਅਤੇ ਇਸ ਨੂੰ ਰੋਕਣ ਲਈ ਮੈਂ ਕੁਝ ਵੀ ਨਹੀਂ ਕਰ ਸਕਦੀ ਸੀ।

ਮੈਂ ਖ਼ੁਦ ਨੂੰ ਕਿਹਾ, "ਉਹ ਵਾਹ !" ਕਿਉਂਕਿ ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਇਸ ਦੀ ਉਮੀਦ ਨਹੀਂ ਸੀ।

ਕੀਮੋਥੈਰੇਪੀ ਦੌਰਾਨ, ਮੈਂ ਇੱਕ ਕੂਲੈਂਟ ਕੈਪ ਪਹਿਨੀ ਹੋਈ ਸੀ ਜੋ ਕਿ ਇਲਾਜ ਦੌਰਾਨ ਵਾਲਾਂ ਨੂੰ ਬਚਾਉਣ ਵਿੱਚ ਮਦਦ ਕਰਨ ਲਈ ਬਣਾਇਆ ਗਿਆ ਇੱਕ ਬਰਫ਼ ਜਿਹਾ ਠੰਡਾ ਹੈਲਮੇਟ ਹੁੰਦਾ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਇਹ ਹਰ ਕਿਸੇ ਲਈ ਕੰਮ ਨਹੀਂ ਕਰਦਾ।

ਇਹ ਸੁਣਨ ਵਿੱਚ ਸ਼ਾਇਦ ਬਹੁਤ ਨਾਟਕੀ ਜਾਪੇ ਪਰ ਮੇਰੇ ਲਈ ਮਾਸਟੈਕਟੋਮੀ ਕਾਰਨ ਆਪਣੀ ਛਾਤੀ ਗਵਾਉਣ ਨਾਲੋਂ ਵੀ ਵੱਧ ਮਾੜਾ ਆਪਣੇ ਵਾਲਾਂ ਨੂੰ ਗੁਆਉਣਾ ਸੀ। ਕਿਉਂਕਿ ਆਪਣੇ ਵਾਲਾਂ ਤੋਂ ਬਿਨ੍ਹਾਂ ਮੈਂ, ਮੈਂ ਨਹੀਂ ਰਹਿ ਗਈ ਸੀ।

ਜਦੋਂ ਤੱਕ ਮੈਂ ਆਪਣੇ ਵਾਲਾਂ ਨੂੰ ਖੋਹਣਾ ਸ਼ੁਰੂ ਨਹੀਂ ਕੀਤਾ, ਮੈਨੂੰ ਬਿਲਕੁਲ ਅਹਿਸਾਸ ਨਹੀਂ ਸੀ ਕਿ ਮੇਰੇ ਵਾਲ, ਮੇਰੀ ਪਛਾਣ ਦਾ ਇੱਕ ਹਿੱਸਾ ਹਨ।

ਹੁਣ ਜਪਾਨ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਉਹ ਲੱਖਾਂ ਲੋਕਾਂ ਲਈ ਗੰਜੇਪਨ ਦੀ ਹਕੀਕਤ ਨੂੰ ਬਦਲਣ ਦੇ ਇੱਕ ਕਦਮ ਹੋਰ ਨੇੜੇ ਪਹੁੰਚ ਗਿਆ ਹਨ।

ਖੋਜਕਰਤਾਵਾਂ ਨੇ ਜਿਸ ਨੂੰ ਇੱਕ ਵੱਡੀ ਸਫਲਤਾ ਕਿਹਾ ਹੈ, ਪ੍ਰੋਫੈਸਰ ਤਾਕਾਸ਼ੀ ਸੁਜੀ ਦੀ ਅਗਵਾਈ ਵਾਲੀ ਇੱਕ ਟੀਮ ਨੇ ਦਾਅਵਾ ਕੀਤਾ ਹੈ ਕਿ ਉਹ ਚੂਹਿਆਂ ਵਿੱਚ ਵਾਲ ਵਧਣ ਦੇ ਪੂਰੇ ਚੱਕਰ ਨੂੰ ਦੁਬਾਰਾ ਬਣਾਉਣ ਵਿੱਚ ਕਾਮਯਾਬ ਰਹੇ ਹਨ ਯਾਨੀ ਕਿ ਵਾਲ ਕੁਦਰਤੀ ਤੌਰ 'ਤੇ ਉੱਗ ਸਕਦੇ ਹਨ, ਝੜ ਸਕਦੇ ਹਨ ਅਤੇ ਦੁਬਾਰਾ ਉੱਗ ਸਕਦੇ ਹਨ।

ਹਾਲਾਂਕਿ ਟ੍ਰਾਂਸਪਲਾਂਟ ਕੀਤੇ ਗਏ ਵਾਲ ਪਹਿਲਾਂ ਹੀ ਉੱਗ ਸਕਦੇ ਹਨ, ਪਰ ਸਰੀਰ ਦੇ ਅੰਦਰ ਕੁਦਰਤੀ ਵਾਲਾਂ ਵਾਂਗ ਵਿਵਹਾਰ ਕਰਨ ਵਾਲੀਆਂ ਗ੍ਰੰਥੀਆਂ ਨੂੰ ਦੁਬਾਰਾ ਬਣਾਉਣਾ- ਜੋ ਸਮੇਂ ਦੇ ਨਾਲ ਵਾਰ-ਵਾਰ ਉੱਗਣ, ਝੜਨ ਅਤੇ ਦੁਬਾਰਾ ਉੱਗਣ- ਬਹੁਤ ਜ਼ਿਆਦਾ ਮੁਸ਼ਕਲ ਹੈ।

ਗੰਜੇਪਨ ਨਾਲ ਜਿਉਂ ਰਹੀਆਂ ਔਰਤਾਂ ਭਾਵੇਂ ਉਹ ਕੈਂਸਰ ਦੇ ਇਲਾਜ ਕਾਰਨ ਹੋਵੇ, ਐਲੋਪੇਸ਼ੀਆ ਕਾਰਨ ਜਾਂ ਉਮਰ ਵਧਣ ਦੇ ਕਾਰਨ- ਇਸ ਤਰ੍ਹਾਂ ਦੀਆਂ ਖੋਜਾਂ ਇੱਕ ਅਜਿਹੀ ਚੀਜ਼ ਵੱਲ ਇਸ਼ਾਰਾ ਕਰਦੀਆਂ ਹਨ ਜਿਸ ਨੂੰ ਪਹਿਲਾਂ ਅਸੰਭਵ ਮੰਨਿਆ ਜਾਂਦਾ ਸੀ ਕਿ ਵਾਲਾਂ ਦੇ ਝੜਨ ਨੂੰ ਦੁਬਾਰਾ ਠੀਕ ਕੀਤਾ ਜਾ ਸਕਦਾ ਹੈ।

ਇਹ ਸਮੱਸਿਆ ਦੁਨੀਆਂ ਭਰ ਦੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਅਧਿਐਨਾਂ ਤੋਂ ਪਤਾ ਲਗਦਾ ਹੈ ਕਿ ਲਗਭਗ ਇੱਕ ਤਿਹਾਈ ਔਰਤਾਂ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਮੋੜ 'ਤੇ ਵਾਲ ਝੜਨ ਦਾ ਸਾਹਮਣਾ ਕਰਦੀਆਂ ਹਨ।

ਵਾਲਾਂ ਦੇ ਝੜਨ ਦੇ ਭਾਵਨਾਤਮਕ ਪ੍ਰਭਾਵ ਨੂੰ ਅਕਸਰ ਘੱਟ ਕਿਉਂ ਆਂਕਿਆ ਜਾਂਦਾ ਹੈ, ਅਤੇ ਇਸ ਪ੍ਰਤੀ ਸਾਡੀ ਪ੍ਰਤੀਕਿਰਿਆ ਸਾਡੀ ਪਛਾਣ, ਸਾਡੇ ਕੰਟਰੋਲ ਦੀ ਭਾਵਨਾ ਅਤੇ ਸਾਡੇ ਸਵੈ-ਚਿੱਤਰ ਬਾਰੇ ਕੀ ਪ੍ਰਗਟ ਕਰਦੀ ਹੈ ?

ਇਤਿਹਾਸ ਵਿੱਚ ਵਾਲਾਂ ਦੀ ਅਹਿਮੀਅਤ

ਇੱਕ ਔਰਤ, ਉਸਦੇ ਬੱਚੇ ਅਤੇ ਉਸਦੀ ਮਾਂ ਦਾ ਚਾਰਟਰਸ ਵਿੱਚ ਸਿਰ ਮੁੰਨਣ ਦੀ ਸਜ਼ਾ ਦੇਣ ਤੋਂ ਬਾਅਦ ਭੀੜ ਦੁਆਰਾ ਮਜ਼ਾਕ ਉਡਾਇਆ ਗਿਆ ਅਤੇ ਉਨ੍ਹਾਂ ਨੂੰ ਜ਼ਲੀਲ ਕੀਤਾ ਗਿਆ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੌਬਰਟ ਕਾਪਾ ਨੇ ਉਸ ਪਲ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ ਜਦੋਂ ਇੱਕ ਨੌਜਵਾਨ ਫਰਾਂਸੀਸੀ ਮਾਂ ਦੇ ਸਿਰ ਨੂੰ ਨਾਜ਼ੀਆਂ ਨਾਲ ਮਿਲੀਭੁਗਤ ਦੀ ਸਜ਼ਾ ਵਜੋਂ ਮੁੰਨਿਆ ਗਿਆ ਸੀ।

ਪੂਰੇ ਇਤਿਹਾਸ ਦੌਰਾਨ, ਵਾਲ ਸ਼ਾਇਦ ਹੀ ਕਦੇ ਸਿਰਫ਼ ਵਾਲ ਰਹੇ ਹੋਣ।

ਪ੍ਰਾਚੀਨ ਮਿਸਰ ਵਿੱਚ ਫਿਰਔਨ ਅਤੇ ਕੁਲੀਨ ਔਰਤਾਂ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਗੁੰਝਲਦਾਰ ਗੁੰਦਵੀਆਂ ਵਿੱਗਾਂ ਪਹਿਨਦੀਆਂ ਸਨ ਅਤੇ ਫਿਰ ਮੱਧ ਯੁੱਗ ਵਿੱਚ ਔਰਤਾਂ ਦੇ ਲੰਬੇ ਵਾਲਾਂ ਨੂੰ ਨਾਰੀਤਵ ਅਤੇ ਸਦਾਚਾਰ ਨਾਲ ਜੋੜਿਆ ਜਾਂਦਾ ਸੀ।

17ਵੀਂ ਸਦੀ ਵਿੱਚ ਮਰਦਾਂ ਨੇ ਅਮੀਰੀ ਅਤੇ ਉੱਚੇ ਸਮਾਜਿਕ ਰੁਤਬੇ ਨੂੰ ਦਰਸਾਉਣ ਲਈ ਪੇਰੀਵਿਗ ਯਾਨੀ ਲੰਬੇ ਅਤੇ ਸੰਘਣੇ ਨਕਲੀ ਘੁੰਗਰਾਲੇ ਵਾਲਾਂ ਦੀ ਵਰਤੋਂ ਕੀਤੀ।

ਅਤੇ 1920 ਦੇ ਦਹਾਕੇ ਵਿੱਚ ਛੋਟੇ ਵਾਲਾਂ ਵਾਲੀਆਂ ਔਰਤਾਂ ਮਹਿਲਾ ਅਜ਼ਾਦੀ ਅਤੇ ਬਗਾਵਤ ਦਾ ਪ੍ਰਤੀਕ ਬਣ ਗਈਆਂ।

ਮਨੋਵਿਗਿਆਨੀ ਸਿਲਵੀਆ ਕਾਰਾਸੂ ਕਹਿੰਦੀ ਹੈ, "ਵਾਲ ਸਾਡੀ ਪਛਾਣ ਬਣਾਉਂਦੇ ਹਨ।"

ਉਹ ਅੱਗੇ ਕਹਿੰਦੀ ਹੈ, "ਇਹ ਸਾਡੀ ਜ਼ਿੰਦਗੀ ਦੇ ਪੜਾਵਾਂ ਦਾ ਇੱਕ ਜੈਵਿਕ, ਸਰੀਰਕ ਅਤੇ ਸਮਾਜਿਕ ਚਿੰਨ੍ਹ ਹੈ।"

ਅਤੇ ਬੇਸ਼ੱਕ, ਇਹ ਪਹਿਲੀ ਚੀਜ਼ ਹੋ ਸਕਦੀ ਹੈ ਜਿਸ ਵੱਲ ਅਸੀਂ ਦੂਜੇ ਲੋਕਾਂ ਵਿੱਚ ਧਿਆਨ ਦਿੰਦੇ ਹਾਂ।

ਉਹ ਸਮਝਾਉਂਦੀ ਹੈ, "ਇਹ ਲਿੰਗ, ਨਸਲ, ਅਤੇ ਧਰਮ ਵਿੱਚ ਫਰਕ ਕਰਨ ਦਾ ਇੱਕ ਤਰੀਕਾ ਹੈ। ਇਹ ਪਛਾਣ ਨਾਲ ਇੰਨਾ ਜੁੜਿਆ ਹੈ ਕਿ ਇਹ ਲੋਕਾਂ ਨੂੰ ਸ਼੍ਰੇਣੀਆਂ ਵਿੱਚ ਵੰਡਣ ਦੇ ਸਾਡੇ ਤਰੀਕੇ ਵਿੱਚ ਬਹੁਤ ਮਹੱਤਵਪੂਰਨ ਬਣ ਜਾਂਦਾ ਹੈ।"

ਵਾਲ ਸਾਡੀ ਇੱਜ਼ਤ ਨਾਲ ਵੀ ਜੁੜੇ ਹੋਏ ਹਨ।

ਯਹੂਦੀਆਂ ਤੋਂ ਉਨ੍ਹਾ ਦੀ ਪਛਾਣ ਅਤੇ ਇਨਸਾਨੀਅਤ ਖੋਹਣ ਲਈ ਅਕਸਰ ਜ਼ਬਰਦਸਤੀ ਉਨ੍ਹਾਂ ਦੇ ਵਾਲ ਕੱਟੇ ਜਾਂਦੇ ਸਨ।

ਜਰਮਨ ਨਜ਼ਰਬੰਦੀ ਕੈਂਪਾਂ ਵਿੱਚ ਯਹੂਦੀਆਂ ਦੇ ਸਿਰ ਮੁੰਨ ਦਿੱਤੇ ਜਾਂਦੇ ਸਨ ਅਤੇ ਉਨ੍ਹਾਂ ਦੇ ਕੱਪੜੇ ਬਦਲ ਕੇ ਜੇਲ੍ਹ ਦੀ ਵਰਦੀ ਪੁਆ ਦਿੱਤੀ ਜਾਂਦੀ ਸੀ।

1944 ਵਿੱਚ ਫਰਾਂਸ ਦੀ ਅਜ਼ਾਦੀ ਤੋਂ ਬਾਅਦ, ਜਰਮਨ ਕਬਜ਼ੇਦਾਰਾਂ ਨਾਲ ਮਿਲੀਭੁਗਤ ਦੇ ਦੋਸ਼ੀ ਹਜ਼ਾਰਾਂ ਔਰਤਾਂ ਦੇ ਸਿਰ ਸਜ਼ਾ ਅਤੇ ਅਪਮਾਨ ਵਜੋਂ ਜਨਤਕ ਤੌਰ 'ਤੇ ਮੁੰਨ ਦਿੱਤੇ ਗਏ।

ਰਾਬਰਟ ਕਾਪਾ ਵੱਲੋਂ ਖਿੱਚੀਆਂ ਗਈਆਂ ਸਭ ਤੋਂ ਮਸ਼ਹੂਰ ਤਸਵੀਰਾਂ ਵਿੱਚੋਂ ਇੱਕ, "ਦ ਸ਼ੇਵਡ ਵੂਮੈਨ ਆਫ਼ ਚਾਰਟਸ, ਇੱਕ ਨੌਜਵਾਨ ਮਾਂ ਨੂੰ ਇੱਕ ਅਜਿਹੀ ਭੀੜ ਵਿੱਚੋਂ ਲੰਘਦਿਆਂ ਦਿਖਾਉਂਦੀ ਹੈ ਜੋ ਉਸ ਦਾ ਮਜ਼ਾਕ ਉਡਾ ਰਹੀ ਹੈ ਅਤੇ ਉਸ ਦੇ ਮੱਥੇ 'ਤੇ ਸਵਸਤਿਕਾ ਦਾ ਨਿਸ਼ਾਨ ਬਣਿਆ ਹੋਇਆ ਹੈ।"

ਜੇਕਰ ਵਾਲਾਂ ਦਾ ਇੰਨਾ ਜ਼ਿਆਦਾ ਸਮਾਜਿਕ ਅਤੇ ਭਾਵਨਾਤਮਕ ਮਹੱਤਵ ਹੋ ਸਕਦਾ ਹੈ ਤਾਂ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਵਿਗਿਆਨੀਆਂ ਨੇ ਇਹ ਸਮਝਣ ਵਿਚ ਸਾਲਾਂ ਬਿਤਾ ਦਿੱਤੇ ਹਨ ਕਿ ਇਸ ਦਾ ਖੋਹਣਾ ਇੰਨਾ ਦੁਖਦਾਈ ਕਿਉਂ ਹੋ ਸਕਦਾ ਹੈ ਅਤੇ ਕੀ ਇਹ ਇੱਕ ਦਿਨ ਦੁਬਾਰਾ ਠੀਕ ਹੋਣ ਯੋਗ ਹੋਵੇਗਾ।

"ਇਹ ਸਿਰਫ਼ ਬਾਹਰੀ ਸੁੰਦਰਤਾ ਦਾ ਮਾਮਲਾ ਨਹੀਂ"

ਵਿਕਟੋਰੀਆ ਹਸਪਤਾਲ ਦੀ ਇੱਕ ਕੁਰਸੀ 'ਤੇ ਬੈਠੀ ਇਲਾਜ ਕਰਵਾ ਰਹੀ ਹੈ, ਅਤੇ ਉਸਨੇ ਸਿਰ ਢੱਕਿਆ ਹੋਇਆ ਹੈ ਤੇ ਕੰਬਲ ਲਿਆ ਹੋਇਆ ਹੈ।

ਤਸਵੀਰ ਸਰੋਤ, VICTORIA DERBYSHIRE

ਤਸਵੀਰ ਕੈਪਸ਼ਨ, ਬ੍ਰਿਟਿਸ਼ ਪੱਤਰਕਾਰ ਨੇ ਕਿਹਾ ਕਿ ਆਪਣੇ ਵਾਲਾਂ ਨੂੰ ਗਾਇਬ ਹੁੰਦੇ ਦੇਖਣਾ 'ਇੱਕ ਛਾਤੀ ਗੁਆਉਣ' ਨਾਲੋਂ ਵੀ ਵੱਧ ਮਾੜਾ ਸੀ।

ਮੈਂ ਚੈਰਿਟੀ ਸੰਸਥਾ 'ਫਿਊਚਰ ਡਰੀਮਜ਼ ਐਂਡ ਦੈਨ ਕੇਮ ਬ੍ਰੈਸਟ ਕੈਂਸਰ' ਦੇ ਨਾਲ ਆਪਣੇ ਪੌਡਕਾਸਟ ਲਈ ਔਰਤਾਂ ਦੇ ਆਪਣੇ ਵਾਲਾਂ ਨਾਲ ਸਬੰਧਾਂ ਬਾਰੇ ਇੰਟਰਵਿਊ ਲਏ।

ਵਾਰ-ਵਾਰ, ਔਰਤਾਂ ਨੇ ਮੈਨੂੰ ਇੱਕੋ ਕਹੀ: ਇਸ ਦਾ ਹੰਕਾਰ ਜਾਂ ਦਿਖਾਵੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।

ਹੇਅਰ ਡ੍ਰੈਸਰ ਨਿੱਕੀ ਐਲਕਿੰਗਟਨ ਨੇ ਮੈਨੂੰ ਦੱਸਿਆ ਕਿ ਉਹ ਪੱਕਾ ਇਰਾਦਾ ਕਰ ਚੁੱਕੀ ਸੀ ਕਿ ਕੀਮੋਥੈਰੇਪੀ ਦੌਰਾਨ ਆਪਣੇ ਵਾਲ ਨਹੀਂ ਗੁਆਏਗੀ।

ਉਹ ਕਹਿੰਦੀ ਹੈ, " ਇਹ ਦਿਖਾਵੇ ਦੀ ਗੱਲ ਨਹੀਂ ਹੈ ਅਤੇ ਮੈਨੂੰ ਲੱਗਦਾ ਹੈ ਕਿ ਲੋਕ ਅਜਿਹਾ ਸੋਚਦੇ ਹਨ, ਪਰ ਇਹ ਤੁਹਾਡੀ ਪਛਾਣ ਹੈ ਅਤੇ ਮੈਂ ਅਜਿਹੀ ਨਹੀਂ ਦਿਖਣਾ ਚਾਹੁੰਦੀ ਸੀ ਜਿਵੇਂ ਮੈਨੂੰ ਕੈਂਸਰ ਹੋਵੇ।"

ਉਸ ਦੇ ਲਈ, ਸਭ ਤੋਂ ਮਾੜੀ ਗੱਲ ਜੋ ਕੋਈ ਉਸ ਨੂੰ ਕਹਿ ਸਕਦਾ ਸੀ, ਉਹ ਇਹ ਸੀ: ' ਇਹ ਸਿਰਫ਼ ਵਾਲ ਹੀ ਤਾਂ ਹਨ, ਚਿੰਤਾ ਨਾ ਕਰੋ।'

ਦੋ ਬੱਚਿਆਂ ਦੀ ਮਾਂ ਅਤੇ ਸਕੂਲ ਨਰਸ ਨਤਾਸ਼ਾ ਐਡਰਸਨ ਨੇ ਦੱਸਿਆ ਕਿ ਉਸ ਨੂੰ ਬਚਪਨ ਵਿੱਚ ਆਪਣੇ ਵਾਲਾਂ ਨਾਲ ਖੇਡਣਾ ਬਹੁਤ ਪਸੰਦ ਸੀ। ' ਇੱਕ ਹਫ਼ਤੇ ਸ਼ਾਨਦਾਰ ਐਫਰੋ ਸਟਾਈਲ, ਅਤੇ ਹਫ਼ਤੇ ਹੇਅਰ ਐਕਸਟੈਂਸ਼ਨਾਂ', ਉਹ ਯਾਦ ਕਰਦੀ ਹੈ।

ਉਹ ਕਹਿੰਦੀ ਹੈ, "ਇਹ ਸਿਰਫ਼ ਵਾਲ ਨਹੀਂ ਸਨ, ਇਹ ਮੇਰਾ ਸੱਭਿਆਚਾਰ ਸੀ।"

ਕੀਮੋਥੈਰੇਪੀ ਕਾਰਨ ਵਾਲ ਝੜਨ ਦੀ ਸੰਭਾਵਨਾ ਨੂੰ ਦੇਖਦਿਆਂ, ਉਸ ਔਰਤ ਨੇ ਆਪਣੇ ਭਰਾ ਨੂੰ ਉਸ ਦਾ ਸਿਰ ਮੁੰਨਣ ਲਈ ਕਿਹਾ।

ਉਹ ਕਹਿੰਦੀ ਹੈ, " ਜਦੋਂ ਮੇਰਾ ਸਿਰ ਮੁੰਨਿਆ ਗਿਆ ਤਾਂ ਮੈਂ ਅਜ਼ਾਦ ਮਹਿਸੂਸ ਕੀਤਾ।"

ਉਹ ਅੱਗੇ ਕਹਿੰਦੀ ਹੈ, " ਉਸ ਨੇ ਸਥਿਤੀ 'ਤੇ ਕਾਬੂ ਪੈ ਲਿਆ ਸੀ, ਵਾਲਾਂ ਨੂੰ ਇਸ ਤਰ੍ਹਾਂ ਡਿੱਗਦੇ ਦੇਖਣਾ ਜ਼ਿਆਦਾ ਦੁਖਦਾਈ ਅਤੇ ਪ੍ਰੇਸ਼ਾਨ ਕਰਨ ਵਾਲਾ ਸੀ।"

ਨਿੱਕੀ ਐਲਕਿੰਗਟਨ

ਕੈਂਸਰ ਦੇ ਸਭ ਤੋਂ ਮੁਸ਼ਕਲ ਹਿੱਸਿਆਂ ਵਿੱਚੋਂ ਇੱਕ ਹੈ ਇਸ ਸਭ 'ਤੇ ਕੰਟਰੋਲ ਦੀ ਘਾਟ ਹੋਣਾ, ਭਾਵੇਂ ਉਹ ਬਿਮਾਰੀ ਦੀ ਪਛਾਣ ਹੋਵੇ, ਇਲਾਜ ਹੋਵੇ ਜਾਂ ਇਸ ਦੇ ਮਾੜੇ ਪ੍ਰਭਾਵ।

ਕੁਝ ਔਰਤਾਂ ਲਈ, ਵਾਲਾਂ ਦੇ ਆਪਣੇ ਆਪ ਝੜਨ ਤੋਂ ਪਹਿਲਾਂ ਉਨ੍ਹਾਂ ਨੂੰ ਮੁੰਨ ਦੇਣਾ ਆਪਣੀ ਜ਼ਿੰਦਗੀ 'ਤੇ ਕੁਝ ਹੱਦ ਤੱਕ ਮੁੜ ਕਾਬੂ ਪਾਉਣ ਦਾ ਇੱਕ ਤਰੀਕਾ ਬਣ ਜਾਂਦਾ ਹੈ।

ਮੇਰੇ ਇਲਾਜ ਦੌਰਾਨ ਜਿਸ ਚੀਜ਼ ਨੇ ਮੈਨੂੰ ਸਭ ਤੋਂ ਵੱਧ ਹੈਰਾਨ ਕੀਤਾ, ਉਹ ਇਹ ਸੀ ਕਿ ਵਾਲਾਂ ਦੇ ਸੜਨ ਦੀ ਚਿੰਤਾ ਨੂੰ ਕਿੰਨੀ ਅਸਾਨੀ ਨਾਲ ਇੱਕ ਸਤਹੀ ਗੱਲ ਕਹਿ ਕੇ ਖਾਰਜ ਕਰ ਦਿੱਤਾ ਜਾਂਦਾ ਸੀ।

'ਤੁਸੀਂ ਆਪਣੇ ਵਾਲਾਂ ਦੀ ਚਿੰਤਾ ਕਿਉਂ ਕਰ ਰਹੇ ਹੋ? ਤੁਸੀਂ ਜਿਊਂਦੇ ਤਾਂ ਹੋ।' ਇਹ ਇੱਕ ਜਾਇਜ਼ ਸਵਾਲ ਹੈ ਅਤੇ ਹਾਂ ਮੈਂ ਖੁਸ਼ਕਿਸਮਤ ਸੀ ਕਿ ਮੈਂ ਬਚ ਗਈ। ਪਰ ਕਿਸੇ ਬਿਮਾਰੀ ਤੋਂ ਬਚ ਜਾਣਾ ਅਤੇ ਆਪਣੀ ਪਛਾਣ ਦੇ ਇੱਕ ਹਿੱਸੇ ਨੂੰ ਗੁਆਉਣ ਦਾ ਅਫ਼ਸੋਸ ਹੋਣਾ, ਇਹ ਦੋਵੇਂ ਅਜਿਹੀਆਂ ਗੱਲਾਂ ਨਹੀਂ ਹਨ ਜੋ ਇੱਕ ਦੂਜੇ ਦੇ ਉਲਟ ਹੋਣ।

ਜਿਵੇਂ ਕਿ ਸਿਲਵੀਆ ਕਾਰਾਸੂ ਨੇ ਮੈਨੂੰ ਦੱਸਿਆ, ਸਾਡੇ ਵਿੱਚੋਂ ਬਹੁਤਿਆਂ ਲਈ ਸਾਡੇ ਵਾਲਾਂ ਦਾ ਚਲੇ ਜਾਣਾ 'ਬੀਮਾਰ ਹੋਣ ਦੀ ਇੱਕ ਨਿਸ਼ਾਨੀ' ਹੈ।

ਨਕਲੀ ਵਾਲ

 ਵੱਖ-ਵੱਖ ਤਰ੍ਹਾਂ ਦੀਆਂ ਵਿੱਗਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਔਰਤਾਂ ਲਈ, ਵਾਲਾਂ ਦੇ ਆਪਣੇ ਆਪ ਝੜਨ ਤੋਂ ਪਹਿਲਾਂ ਉਨ੍ਹਾਂ ਨੂੰ ਮੁੰਨ ਦੇਣਾ ਆਪਣੀ ਜ਼ਿੰਦਗੀ 'ਤੇ ਕੁਝ ਹੱਦ ਤੱਕ ਮੁੜ ਕਾਬੂ ਪਾਉਣ ਦਾ ਇੱਕ ਤਰੀਕਾ ਬਣ ਜਾਂਦਾ ਹੈ।

ਕੀਮੋਥੈਰੇਪੀ ਦੌਰਾਨ ਮੇਰੇ 50-75 ਫ਼ੀਸਦੀ ਵਾਲ ਝੜ ਗਏ ਸਨ।

ਇਹ ਬਹੁਤ ਜ਼ਿਆਦਾ ਨਿਰਾਸ਼ਾਜਨਕ ਸੀ। ਮੈਨੂੰ ਯਾਦ ਹੈ ਕਿ ਮੈਂ ਰਿਚਮੰਡ ਦੇ ਇੱਕ ਹੇਅਰ ਸੈਲੂਨ ਵਿੱਚ ਬੈਠੀ ਸੀ ਜਦੋਂ ਉਸ ਦੀ ਮਾਲਕਣ, ਐਮੀ ਹੋਲਟ ਮੇਰੇ ਉਲਝੇ ਹੋਏ ਵਾਲਾਂ ਨੂੰ ਹੌਲੀ-ਹੌਲੀ ਬੁਰਸ਼ ਕਰ ਰਹੀ ਸੀ ਜੋ ਗੁੱਛਿਆਂ ਦੇ ਰੂਪ ਵਿੱਚ ਡਿੱਗ ਰਹੇ ਸਨ। ਮੈਂ ਰੋਣ ਲੱਗ ਗਈ।

ਨੌਟਿੰਘਮ ਯੂਨੀਵਰਸਿਟੀ ਦੀ ਇੱਕ ਮੈਡੀਕਲ ਖੋਜਕਰਤਾ ਡਾਇਨ ਟਰੂਸਨ ਮੁਤਾਬਕ, ਕੈਂਸਰ ਦੇ ਨਿਦਾਨ ਨਾਲ ਵਾਲਾਂ ਦਾ ਝੜਨਾ ਇੱਕ ਦੋਹਰੀ ਮਾਰ ਵਰਗਾ ਹੈ।

ਉਹ ਸਮਝਾਉਂਦੀ ਹੈ, "ਉਹ ਤੁਹਾਨੂੰ ਦੱਸਦੇ ਹਨ ਕਿ ਤੁਹਾਨੂੰ ਕੈਂਸਰ ਹੈ, ਤੁਸੀਂ ਇਲਾਜ ਸ਼ੁਰੂ ਕਰਦੇ ਹੋ ਅਤੇ ਫਿਰ ਤੁਹਾਡੇ ਨਾਲ ਅਜਿਹੀ ਮੁਸ਼ਕਲ ਚੀਜ਼ ਵਾਪਰਦੀ ਹੈ ਜੋ ਲੋਕਾਂ ਦੇ ਤੁਹਾਨੂੰ ਦੇਖਣ ਦੇ ਨਜ਼ਰੀਏ ਨੂੰ ਬਦਲ ਦਿੰਦੀ ਹੈ। ਸਰਜਰੀ ਅਤੇ ਸਖ਼ਤ ਇਲਾਜਾਂ ਤੋਂ ਇਲਾਵਾ ਇਹ ਇੱਕ ਵਾਧੂ ਬੋਝ ਹੈ।"

ਮੇਰੇ ਲਈ ਵਿੱਗ ਪਹਿਨਣਾ ਬਹੁਤ ਮਹੱਤਵਪੂਰਨ ਸੀ। ਇਸ ਨਾਲ ਮੈਂ ਟੈਲੀਵਿਜ਼ਨ 'ਤੇ ਰੋਜ਼ਾਨਾ ਖ਼ਬਰਾਂ ਪੇਸ਼ ਕਰ ਸਕਦੀ ਸੀ। ਮੈਂ ਨਹੀਂ ਚਾਹੁੰਦੀ ਸੀ ਕਿ ਦਰਸ਼ਕਾਂ ਦਾ ਧਿਆਨ ਖ਼ਬਰਾਂ ਤੋਂ ਭਟਕ ਕੇ ਮੇਰੇ ਗੰਜੇ ਸਿਰ ਜਾਂ ਸਿਰ 'ਤੇ ਬੰਨ੍ਹੇ ਰੁਮਾਲ ਵੱਲ ਜਾਵੇ। ਇਸ ਲਈ ਵਿੱਗ ਹੀ ਸਭ ਤੋਂ ਵਧੀਆ ਵਿਕਲਪ ਸੀ।

ਐਮੀ ਨੇ ਮੇਰੇ ਲਈ ਉਨ੍ਹਾਂ ਔਰਤਾਂ ਦੇ ਕੁਦਰਤੀ ਵਾਲਾਂ ਤੋਂ ਇੱਕ ਵਿੱਗ ਤਿਆਰ ਕੀਤੀ ਜਿਨ੍ਹਾਂ ਨੇ ਆਪਣੇ ਵਾਲ ਦਾਨ ਕੀਤੇ ਸਨ ਜਾਂ ਵੇਚੇ ਸਨ। ਉਸ ਵਿੱਗ ਨੂੰ ਪਹਿਲੀ ਵਾਰ ਦੇਖਣਾ ਇੱਕ ਅਜੀਬ ਅਹਿਸਾਸ ਸੀ।

ਇਹ ਬਿਲਕੁਲ ਮੇਰੇ ਆਪਣੇ ਵਾਲਾਂ ਵਰਗੀ ਲਗਦੀ ਸੀ- ਉਹੀ ਰੰਗ, ਉਹੀ ਕੱਟ ਅਤੇ ਉਹੀ ਲੰਬਾਈ। ਮੇਰੇ ਮਨ ਵਿੱਚ ਇੱਕ ਅਜੀਬ ਜਿਹੀ ਹੈਰਾਨੀ ਸੀ ਅਤੇ ਮੇਰੇ ਜਜ਼ਬਾਤ ਬਹੁਤ ਤੇਜ਼ੀ ਨਾਲ ਬਦਲ ਰਹੇ ਸਨ- ਇੱਕ ਪਲ ਮੈਂ ਰੋ ਪੈਂਦੀ ਅਤੇ ਅਗਲੇ ਹੀ ਪਲ ਮੈਂ ਬਹੁਤ ਖੁਸ਼ ਮਹਿਸੂਸ ਕਰਦੀ ਕਿਉਂਕਿ ਇਹ ਮੈਨੂੰ ਮੇਰੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵਾਪਸ ਪਰਤਣ ਵਿੱਚ ਮਦਦ ਕਰੇਗੀ।

ਵਿਗਿਆਨੀਆਂ ਲਈ ਹਾਲੇ ਵੀ ਇਹ ਮੁਸ਼ਕਿਲ ਕਿਉਂ ਬਣੀ ਹੋਈ ਹੈ ?

ਸਰਜਨ ਗ੍ਰੈਗ ਵਿਲੀਅਮਜ਼ ਇੱਕ ਮਰੀਜ਼ 'ਤੇ ਹੇਅਰ ਟ੍ਰਾਂਸਪਲਾਂਟ ਕਰਦੇ ਹੋਏ।
ਤਸਵੀਰ ਕੈਪਸ਼ਨ, ਜ਼ਿਆਦਾਤਰ ਕੰਮ ਮਰਦਾਂ ਵਿੱਚ ਵਾਲਾਂ ਦੇ ਝੜਨ 'ਤੇ ਕੇਂਦਰਿਤ ਰਿਹਾ ਹੈ।

ਵਿਗਿਆਨੀ ਹਾਲੇ ਵੀ ਵਾਲ ਝੜਨ ਦੇ ਜੀਵ-ਵਿਗਿਆ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ ਹਨ।

ਇੰਪੀਰੀਅਲ ਕਾਲਜ ਲੰਡਨ ਵਿਖੇ ਟਿਸ਼ੂ ਇੰਜੀਨੀਅਰਿੰਗ ਦੀ ਪ੍ਰੋਫੈਸਰ ਕਲੇਅਰ ਹਿਗਿੰਸ ਮੁਤਾਬਕ, ਖੋਜ ਕੇਂਦਰਾਂ ਨੇ ਕਈ ਸਾਲਾਂ ਤੱਕ ਫੰਡ ਅਤੇ ਧਿਆਨ ਹਾਸਲ ਕਰਨ ਲਈ ਕਾਫ਼ੀ ਸੰਘਰਸ਼ ਕੀਤਾ ਹੈ, ਖਾਸ ਕਰਕੇ ਔਰਤਾਂ ਦੇ ਮਾਮਲੇ ਵਿੱਚ।

ਉਹ ਕਹਿੰਦੀ ਹੈ, "ਔਰਤਾਂ ਦੇ ਗੰਜੇਪਨ ਦੀ ਸਮੱਸਿਆ ਬਾਰੇ ਸਪਸ਼ਟ ਤੌਰ 'ਤੇ ਬਹੁਤ ਘੱਟ ਖੋਜ ਹੋਈ ਹੈ।"

ਉਹ ਸਮਝਾਉਂਦੀ ਹੈ ਕਿ ਜ਼ਿਆਦਾਤਰ ਕੰਮ ਮਰਦਾਂ ਵਿੱਚ ਵਾਲਾਂ ਦੇ ਝੜਨ 'ਤੇ ਕੇਂਦਰਿਤ ਰਿਹਾ ਹੈ। ਕੁਝ ਹੱਦ ਤੱਕ ਇਸ ਲਈ ਕਿਉਂਕਿ ਮਰਦਾਂ ਵਿੱਚ ਹੇਅਰ ਟਰਾਂਸਪਲਾਂਟ ਕਰਵਾਉਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਵਿਗਿਆਨੀਆਂ ਲਈ ਖੋਪੜੀ ਦੇ ਸੈਂਪਲ ਹਾਸਲ ਕਰਨਾ ਅਸਾਨ ਹੋ ਗਿਆ ਸੀ।

ਉਹ ਕਹਿੰਦੀ ਹੈ, "ਮਰਦਾਂ ਅਤੇ ਔਰਤਾਂ ਨਾਲ ਅਕਸਰ ਇੱਕੋ ਜਿਹਾ ਵਿਵਹਾਰ ਕੀਤਾ ਜਾਂਦਾ ਹੈ ਕਿਉਂਕਿ ਇਹ ਮੰਨ ਲਿਆ ਜਾਂਦਾ ਹੈ ਕਿ ਇਹ ਸਮੱਸਿਆ ਦੋਵਾਂ ਵਿੱਚ ਇੱਕੋ ਜਿਹੀ ਹੈ ਪਰ ਮੈਨੂੰ ਨਹੀਂ ਲਗਦਾ ਕਿ ਅਜਿਹਾ ਹੋਣਾ ਚਾਹੀਦਾ ਹੈ।"

ਉਹ ਮਰਦਾਂ ਵਿੱਚ ਹੋਣ ਵਾਲੇ ਐਂਡਰੋਜੈਨਿਕ ਐਲੋਪੇਸ਼ੀਆ 'ਤੇ ਕੀਤੇ ਗਏ ਵੱਡੇ ਜੈਨੇਟਿਕ ਅਧਿਐਨਾਂ ਵੱਲ ਇਸ਼ਾਰਾ ਕਰਦੀ ਹੈ, ਜਿਸ ਵਿੱਚ ਹੇਅਰ ਲਾਈਨ ਦਾ ਪਿੱਛੇ ਜਾਣਾ ਅਤੇ ਸਿਰ ਦੇ ਵਿਚਕਾਰਲੇ ਹਿੱਸੇ ਤੋਂ ਵਾਲਾਂ ਦਾ ਪਤਲਾ ਹੋਣਾ ਸ਼ਾਮਲ ਹੈ। ਇਨ੍ਹਾਂ ਅਧਿਐਨਾਂ ਨੂੰ ਕੰਪਲੀਟ ਜੀਨੋਮ ਐਸੋਸੀਏਸ਼ਨ ਸਟੱਡੀਜ਼ ਵਜੋਂ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਇਸ ਸਮੱਸਿਆ ਨਾਲ ਜੁੜੇ ਕਈ ਜੀਨਾਂ ਦੀ ਪਛਾਣ ਕੀਤੀ ਹੈ।

ਪਰ ਇਹ ਸਾਰੇ ਅਧਿਐਨ ਸਿਰਫ਼ ਮਰਦਾਂ 'ਤੇ ਹੀ ਕੀਤੇ ਗਏ ਸਨ।

ਹਾਲ ਹੀ ਵਿੱਚ, ਜਰਮਨੀ ਦੇ ਖੋਜਕਰਤਾਵਾਂ ਨੇ ਮਹਿਲਾ ਐਲੋਪੇਸ਼ੀਆ ਦੇ ਜੈਨੇਟਿਕਸ ਦਾ ਅਧਿਐਨ ਕੀਤਾ ਹੈ, ਜਿਸ ਵਿੱਚ ਆਮ ਤੌਰ 'ਤੇ ਸਿਰ ਦੇ ਉੱਪਰਲੇ ਹਿੱਸੇ ਦੇ ਵਾਲ ਝੜਦੇ ਹਨ।

ਵਿਗਿਆਨੀਆਂ ਨੂੰ ਉਮੀਦ ਸੀ ਕਿ ਇਸ ਵਿੱਚ ਸ਼ਾਮਲ ਜੀਨਾਂ ਵਿੱਚ ਘੱਟੋ ਘੱਟ ਕੁਝ ਸਮਾਨਤਾ ਜ਼ਰੂਰ ਮਿਲੇਗੀ।

ਹਿਗਿੰਸ ਕਹਿੰਦੇ ਹਨ, " ਪਰ ਅਜਿਹਾ ਕੁਝ ਨਹੀਂ ਸੀ।"

ਖੋਜ ਦੇ ਨਤੀਜਿਆਂ ਨੇ ਦਿਖਾਇਆ ਕਿ ਮਰਦਾਂ ਅਤੇ ਔਰਤਾਂ ਵਿੱਚ ਐਲੋਪੇਸ਼ੀਆ ਦੇ ਵੱਖ-ਵੱਖ ਕਾਰਨ ਹੋ ਸਕਦੇ ਹਨ।

ਉਹ ਮੰਨਦੇ ਹਨ, "ਅਸੀਂ ਜਾਣਦੇ ਹਾਂ ਕਿ ਵਾਲਾਂ ਦੀਆਂ ਜੜ੍ਹਾਂ ਵਿੱਚ ਸੈੱਲ ਖਤਮ ਹੋ ਜਾਂਦੇ ਹਨ, ਪਰ ਅਸੀਂ ਇਹ ਨਹੀਂ ਜਾਣਦੇ ਕਿ ਉਹ ਮਰ ਜਾਂਦੇ ਹਨ ਜਾਂ ਸਿਰਫ਼ ਆਪਣੀ ਜਗ੍ਹਾ ਬਦਲ ਲੈੰਦੇ ਹਨ। ਅਸੀਂ ਉਸ ਪ੍ਰਕਿਰਿਆ ਬਾਰੇ ਬਹੁਤ ਘੱਟ ਜਾਣਦੇ ਹਾਂ ਜਿਸ ਵੱਲੋਂ ਐਲੋਪੇਸ਼ੀਆ ਹੁੰਦਾ ਹੈ।"

ਐਲੋਪੇਸ਼ੀਆ ਲਈ ਇੱਕ ਨਵੀਂ ਉਮੀਦ

ਇੱਕ ਗੁਲਾਬੀ ਹੇਅਰ-ਬੁਰਸ਼ ਦੇ ਕੋਲ ਵਿਕਟੋਰੀਆ ਦੇ ਝੜੇ ਹੋਏ ਵਾਲਾਂ ਦਾ ਢੇਰ ਇਕੱਠਾ ਹੋਇਆ ਪਿਆ ਹੈ।

ਤਸਵੀਰ ਸਰੋਤ, Victoria Derbyshire

ਤਸਵੀਰ ਕੈਪਸ਼ਨ, ਕੀਮੋਥੈਰੇਪੀ ਦੌਰਾਨ ਵਿਕਟੋਰੀਆ ਦੇ 50-75 ਫ਼ੀਸਦੀ ਵਾਲ ਝੜ ਗਏ ਸਨ।

ਇਹੀ ਕਾਰਨ ਹੈ ਕਿ ਜਪਾਨ ਵਿੱਚ ਪ੍ਰੋਫੈਸਰ ਸੁਜੀ ਦਾ ਕੰਮ ਮਹੱਤਵਪੂਰਨ ਹੈ। ਉਹ ਅਤੇ ਉਨ੍ਹਾਂ ਦੀ ਟੀਮ ਮੰਨਦੇ ਹਨ ਕਿ ਉਨ੍ਹਾਂ ਨੇ ਇਸ ਗੁੰਝਲਦਾਰ ਸਮੱਸਿਆ ਦਾ ਇੱਕ ਮੁੱਖ ਹੱਲ ਲੱਭ ਲਿਆ ਹੈ।

ਲੰਬੇ ਸਮੇਂ ਤੱਕ, ਵਿਗਿਆਨੀ ਇਹ ਮੰਨਦੇ ਸਨ ਕਿ ਵਾਲਾਂ ਦੇ ਵਧਣ ਲਈ ਮੁੱਖ ਤੌਰ 'ਤੇ ਦੋ ਕਿਸਮਾਂ ਦੇ ਸੈੱਲ ਜ਼ਿੰਮੇਵਾਰ ਹੁੰਦੇ ਹਨ- ਐਪੀਥੀਲੀਅਲ ਸਟੈਮ ਸੈੱਲ ਜੋ ਵਾਲਾਂ ਦੀਆਂ ਜੜ੍ਹਾਂ ਬਣਾਉਂਦੇ ਹਨ ਅਤੇ ਡਰਮਲ ਪੈਪਿਲਾ ਦੇ ਸੈੱਲ ਜੋ ਵਾਲਾਂ ਨੂੰ ਵਧਣ ਦਾ ਸੰਕੇਤ ਦਿੰਦੇ ਹਨ।

ਇਹ ਸੈੱਲ ਲੈਬਾਰਟਰੀ ਦੇ ਅੰਦਰ ਵਾਲ ਪੈਦਾ ਨਹੀਂ ਕਰ ਸਕਦੇ, ਇਹ ਕੇਵਲ ਉਦੋਂ ਹੀ ਕੰਮ ਕਰਦੇ ਹਨ ਜਦੋਂ ਇਨ੍ਹਾਂ ਨੂੰ ਚਮੜੀ ਵਿੱਚ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ ਅਤੇ ਹੇਠਲੇ ਟਿਸ਼ੂਆਂ ਨਾਲ ਜੋੜਿਆ ਜਾਂਦਾ ਹੈ।

ਪਰ ਸੁਜੀ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਅਧਿਐਨ ਨੇ ਇੱਕ ਨਵੇਂ ਤੀਜੀ ਕਿਸਮ ਦੇ ਸੈੱਲ ਦੀ ਪਛਾਣ ਕੀਤੀ ਹੈ, ਜਿਸ ਨੂੰ ਵਾਲਾਂ ਦੀ ਜੜ੍ਹ ਨੂੰ ਮੁੜ ਸੁਰਜੀਤ ਕਰਨ ਵਾਲਾ ਸਹਾਇਕ ਸੈੱਲ ਕਿਹਾ ਜਾਂਦਾ ਹੈ।

ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਨਵਾਂ ਸੈੱਲ ਵਿਗਿਆਨੀਆਂ ਨੂੰ ਲੈਬਾਰਟਰੀ ਵਿੱਚ ਵਾਲ ਉਗਾਉਣ ਦੀ ਸੰਭਾਵਨਾ ਦੇ ਹੋਰ ਨੇੜੇ ਲੈ ਜਾ ਸਕਦਾ ਹੈ।

ਸੁਜੀ ਕਹਿੰਦੇ ਹਨ, "ਸੰਖੇਪ ਵਿੱਚ ਸਾਡੇ ਅਧਿਐਨ ਨੇ ਇੱਕ ਅਜਿਹੇ ਸੈੱਲ ਦੀ ਪਛਾਣ ਕੀਤੀ ਹੈ ਜੋ ਵਾਲਾਂ ਦੀਆਂ ਜੜ੍ਹਾਂ ਦੇ ਵਿਕਾਸ, ਵਾਧੇ ਅਤੇ ਉਨ੍ਹਾਂ ਨੂੰ ਦੁਬਾਰਾ ਸੁਰਜੀਤ ਕਰਨ ਵਿੱਚ ਮਦਦ ਕਰਦਾ ਹੈ।"

ਸੁਜੀ ਦਾ ਕਹਿਣਾ ਹੈ ਕਿ ਇਹ ਨਤੀਜੇ ਵਿੱਚ ਵੱਡੀ ਸਫਲਤਾ ਹਨ ਅਤੇ ਐਲੋਪੇਸ਼ੀਆ ਦੇ ਇਲਾਜ ਵਿੱਚ ਇੱਕ ਸੰਭਾਵਿਤ ਨਵਾਂ ਮੋੜ ਸਾਬਿਤ ਹੋ ਸਕਦੇ ਹਨ।

ਇੱਕ ਕੱਚ ਦੀ ਪਲੇਟ ਵਿੱਚ ਬੈਠੇ ਗੰਜੇ ਗੁਲਾਬੀ ਚੂਹੇ ਦੀ ਇੱਕ ਬਹੁਤ ਨੇੜਿਓਂ ਖਿੱਚੀ ਗਈ ਤਸਵੀਰ

ਤਸਵੀਰ ਸਰੋਤ, Takashi Tsuji

ਤਸਵੀਰ ਕੈਪਸ਼ਨ, ਪ੍ਰੋਫੈਸਰ ਸੁਜੀ ਦੀ ਖੋਜ ਹੁਣ ਤੱਕ ਚੂਹਿਆਂ 'ਤੇ ਕੀਤੀ ਗਈ ਹੈ, ਜਿੱਥੇ ਇਸ ਦੇ ਬਹੁਤ ਹੀ ਉਮੀਦ ਜਗਾਉਣ ਵਾਲੇ (ਸ਼ਾਨਦਾਰ) ਨਤੀਜੇ ਸਾਹਮਣੇ ਆਏ ਹਨ।

ਕਲੇਅਰ ਹਿਗਿੰਸ ਜੋ ਕਿ ਅਧਿਐਨ ਵਿੱਚ ਸ਼ਾਮਲ ਨਹੀਂ ਸਨ, ਇਸ ਖੋਜ ਨੂੰ ਇੱਕ ਵੱਡਾ ਕਦਮ ਮੰਨਦੇ ਹਨ ਕਿਉਂਕਿ ਪਹਿਲੀ ਵਾਰ ਲੈਬ ਵਿੱਚ ਪੂਰੇ ਚੱਕਰ ਵਾਲੇ ਵਾਲਾਂ ਦੇ ਫੋਲੀਕਲਜ਼ ਬਣਾਏ ਗਏ ਹਨ।

ਉਹ ਕਹਿੰਦੇ ਹਨ, " ਪਹਿਲਾਂ ਕਦੇ ਵੀ ਕੋਈ ਇਸ ਤਰ੍ਹਾਂ ਦੇ 'ਫੁੱਲ ਸਾਈਕਲ' ਵਾਲੇ ਵਾਲਾਂ ਦੀਆਂ ਜੜ੍ਹਾਂ ਤਿਆਰ ਕਰਨ ਵਿੱਚ ਕਾਮਯਾਬ ਨਹੀਂ ਹੋਇਆ ਸੀ। ਇਹ ਇੱਕ ਬਹੁਤ ਵੱਡਾ ਕਦਮ ਹੈ।"

ਦੂਜੇ ਸ਼ਬਦਾਂ ਵਿੱਚ, ਇਹ ਫੌਲੀਕਲਜ਼ ਕੁਦਰਤੀ ਵਾਲਾਂ ਵਾਂਗ ਵਾਰ-ਵਾਰ ਉੱਗਣ, ਝੜਨ ਅਤੇ ਦੁਬਾਰਾ ਵਾਲ ਪੈਦਾ ਕਰਨ ਦੇ ਯੋਗ ਸਨ।

ਇਹ ਅਧਿਐਨ ਸਿਰਫ਼ ਚੂਹਿਆਂ 'ਤੇ ਕੀਤਾ ਗਿਆ ਸੀ, ਜਿਸ ਵਿੱਚ ਮੁੱਖ ਤੌਰ 'ਤੇ ਉਨ੍ਹਾਂ ਦੀਆਂ ਮੁੱਛਾਂ ਵਿੱਚੋਂ ਕੱਢੇ ਗਏ ਸੈੱਲਾਂ ਦੀ ਵਰਤੋਂ ਕੀਤੀ ਗਈ ਸੀ।

ਇਸ ਖੋਜ ਦੇ ਨਤੀਜਿਆਂ ਨੂੰ ਇਨਸਾਨਾਂ 'ਤੇ ਲਾਗੂ ਕਰਨਾ ਹਾਲੇ ਵੀ ਮੁਸ਼ਕਲ ਹੈ, ਕਿਉਂਕਿ ਇਨਸਾਨੀ ਵਾਲਾਂ ਦਾ ਵਿਕਾਸ ਬਹੁਤ ਜ਼ਿਆਦਾ ਗੁੰਝਲਦਾਰ ਹੁੰਦਾ ਹੈ।

ਇਸ ਦੇ ਬਾਵਜੂਦ, ਸੁਜੀ ਆਸ਼ਾਵਾਦੀ ਹਨ।

ਉਹ ਕਹਿੰਦੇ ਹਨ, "ਸਾਡਾ ਮੰਨਣਾ ਹੈ ਕਿ ਹੁਣ ਅਸੀਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਨੇੜੇ ਹਾਂ।"

ਉਮੀਦ ਦੀ ਇੱਕ ਕਿਰਨ

ਪਿਛਲੇ ਸਾਲ ਮੈਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਦੇਖੀ ਜਿਸ ਵਿੱਚ ਇੱਕ ਈਵੈਂਟ ਦੌਰਾਨ ਵੇਲਜ਼ ਦੀ ਰਾਜਕੁਮਾਰੀ ਕੈਥਰੀਨ ਦੀ ਇੱਕ ਬਹੁਤ ਨੇੜਿਓਂ ਖਿੱਚੀ ਗਈ ਤਸਵੀਰ ਸੀ।

ਉਸ ਵਿੱਚ ਬੜੀ ਸਾਦਗੀ ਨਾਲ ਲਿਖਿਆ ਸੀ, ' ਕਿੰਨੀ ਭੱਦੀ ਵਿੱਗ ਹੈ।' ਮੈਨੂੰ ਇਹ ਗੱਲ ਬਹੁਤ ਜ਼ਾਲਮਾਨਾ ਅਤੇ ਦੁਖਦਾਈ ਲੱਗੀ।

ਕੋਈ ਨਹੀਂ ਜਾਣਦਾ ਕਿ ਉਨ੍ਹਾਂ ਨੇ ਕੈਂਸਰ ਦਾ ਕਿਹੜਾ ਇਲਾਜ ਕਰਵਾਇਆ, ਕੀ ਉਨ੍ਹਾਂ ਦੇ ਵਾਲ ਝੜ ਗਏ ਸਨ ਜਾਂ ਕੀ ਉਨ੍ਹਾਂ ਨੇ ਸਚਮੁਚ ਕੋਈ ਵਿੱਗ ਪਹਿਨੀ ਹੋਈ ਸੀ।

ਜੇਕਰ ਕਿਸੇ ਨੇ ਕੀਮੋਥੈਰੇਪੀ ਦੌਰਾਨ ਮੈਨੂੰ ਇਹ ਗੱਲ ਕਹੀ ਹੁੰਦੀ ਤਾਂ ਸ਼ਾਇਦ ਮੈਂ ਘਰ ਵਿੱਚ ਹੀ ਲੁਕ ਕੇ ਬੈਠਾਂ ਚਾਹੁੰਦੀ।

ਅਸਲ ਵਿੱਚ ਬਿਮਾਰੀ ਦੇ ਕਾਰਨ ਵਾਲਾਂ ਦਾ ਝੜਨਾ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਕੋਈ ਆਪਣੀ ਮਰਜ਼ੀ ਨਾਲ ਚੁਣਦਾ ਹੈ। ਇਹ ਸਾਡੇ ਉੱਤੇ ਜ਼ਬਰਦਸਤੀ ਥੋਪਿਆ ਜਾਂਦਾ ਹੈ ਅਤੇ ਇਹੀ ਕਾਰਨ ਹੈ ਕਿ ਇਸ ਨੂੰ ਸਵੀਕਾਰ ਕਰਨਾ, ਘੱਟੋ ਘੱਟ ਮੇਰੇ ਲਈ ਬਹੁਤ ਮੁਸ਼ਕਿਲ ਸੀ।

ਅਤੇ ਇਹ ਗੱਲ ਮਾਅਨੇ ਰੱਖਦੀ ਹੈ, ਕਿਉਂਕਿ ਵਾਲ ਕਦੇ ਵੀ ਸਿਰਫ਼ ਵਾਲ ਨਹੀਂ ਹੁੰਦੇ।

ਸਾਡੇ ਵਿੱਚੋਂ ਬਹੁਤਿਆਂ ਲਈ ਵਾਲ ਸਾਡੀ ਪਛਾਣ ਹਨ, ਸਾਡੀ ਨਿੱਜਤਾ ਹਨ ਅਤੇ ਸਾਡੇ ਆਪਣੇ ਆਪ 'ਤੇ ਕਾਬੂ ਰੱਖਣ ਤੇ ਖੁਦ ਵਿੱਚ ਭਰੋਸਾ ਕਰਨ ਦਾ ਇੱਕ ਤਰੀਕਾ ਹਨ।

ਇਸ ਲਈ ਜੇਕਰ ਮੈਂ ਇਹ ਕਹਾਂ ਕਿ ਇਹ ਬਹੁਤ ਮਹੱਤਵਪੂਰਨ ਹੈ, ਤਾਂ ਮੈਨੂੰ ਮਾਫ਼ ਕਰਨਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)