'ਹੀਟ ਵੇਵ' ਕਾਰਨ ਕੀ ਮੁਰਗੀਆਂ ਦੇ ਆਂਡੇ ਛੋਟੇ ਤੇ ਛਿੱਲੜ ਪਤਲੇ ਹੋ ਜਾਂਦੇ ਹਨ, ਕੀ ਗਰਮੀ ਆਂਡਿਆਂ ਦੇ ਪੌਸ਼ਟਿਕ ਤੱਤਾਂ ਨੂੰ ਵੀ ਘਟਾ ਸਕਦੀ ਹੈ?

ਤਸਵੀਰ ਸਰੋਤ, NOAH SEELAM/AFP via Getty Images
- ਲੇਖਕ, ਕੇ. ਸੁਭਾਗੁਣਮ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਦੇਸ਼ ਦੇ ਕੁਝ ਹਿੱਸਿਆ ਵਿੱਚ ਆਂਡਿਆਂ ਦੀਆਂ ਕੀਮਤਾਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵੱਧ ਰਹੀਆਂ ਹਨ। ਨੈਸ਼ਨਲ ਐੱਗ ਕੋਆਰਡੀਨੇਸ਼ਨ ਕਮੇਟੀ ਮੁਤਾਬਕ, ਪਿਛਲੇ ਇੱਕ ਹਫ਼ਤੇ ਵਿੱਚ ਇੱਕ ਆਂਡੇ ਦੀ ਕੀਮਤ ਵਿੱਚ 40 ਪੈਸੇ ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ 6.10 ਰੁਪਏ ਤੱਕ ਪਹੁੰਚ ਗਈ ਹੈ।
ਗਰਮੀਆਂ ਦੇ ਮੌਸਮ ਵਿੱਚ ਖਪਤਕਾਰਾਂ ਵੱਲੋਂ ਇਹ ਸਵਾਲ ਵੀ ਉਠਾਏ ਜਾ ਰਹੇ ਹਨ ਕਿ ਮੁਰਗੀਆਂ ਦੇ ਆਂਡਿਆਂ ਦਾ ਆਕਾਰ ਆਮ ਨਾਲੋਂ ਛੋਟਾ ਕਿਉਂ ਹੈ।
ਪੋਲਟਰੀ ਕਿਸਾਨਾਂ ਨੂੰ ਸਿਰਫ਼ ਆਂਡਿਆਂ ਦੇ ਆਕਾਰ ਦੀ ਹੀ ਨਹੀਂ, ਸਗੋਂ ਘੱਟ ਉਤਪਾਦਨ ਅਤੇ ਬਹੁਤ ਜ਼ਿਆਦਾ ਗਰਮੀ ਕਾਰਨ ਮੁਰਗੀਆਂ ਵੱਲੋਂ ਲੋੜੀਂਦੀ ਖੁਰਾਕ ਨਾ ਖਾ ਸਕਣ ਕਰਕੇ ਉਨ੍ਹਾਂ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਪੈਣ ਦੇ ਖ਼ਤਰੇ ਵਰਗੀਆਂ ਸਮੱਸਿਆਵਾਂ ਦੀ ਵੀ ਚਿੰਤਾ ਹੈ।
ਇਹ ਸਵਾਲ ਉੱਠਦਾ ਹੈ ਕਿ ਕੀ ਹੀਟ ਵੇਵ ਅਜਿਹੇ ਪ੍ਰਭਾਵਾਂ ਦੇ ਪਿੱਛੇ ਹੋ ਸਕਦੀ ਹੈ।
ਮਾਹਰਾਂ ਮੁਤਾਬਕ ਅੱਤ ਦੀ ਗਰਮੀ ਦਾ ਅਸਰ ਆਂਡਿਆਂ 'ਤੇ ਹੋ ਸਕਦਾ
ਬੀਬੀਸੀ ਤਮਿਲ ਨਾਲ ਗੱਲ ਕਰਦਿਆਂ, ਤਮਿਲਨਾਡੂ ਪੋਲਟਰੀ ਵਰਕਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਨੈਸ਼ਨਲ ਐਗ ਕੋਆਰਡੀਨੇਸ਼ਨ ਕਮੇਟੀ ਦੇ ਨਾਮੱਕਲ ਪ੍ਰਧਾਨ ਸਿੰਗਰਾਜ ਨੇ ਕਿਹਾ ਕਿ ਇਨ੍ਹਾਂ ਪ੍ਰਭਾਵਾਂ ਲਈ ਭਿਆਨਕ ਗਰਮੀ ਜ਼ਿੰਮੇਵਾਰ ਹੋ ਸਕਦੀ ਹੈ, ਖ਼ਾਸ ਕਰਕੇ ਨਾਮੱਕਲ ਜ਼ਿਲ੍ਹੇ ਵਿੱਚ, ਜੋ ਦੇਸ਼ ਦੇ ਪ੍ਰਮੁੱਖ ਪੋਲਟਰੀ ਅਤੇ ਅੰਡਾ ਉਤਪਾਦਨ ਕੇਂਦਰਾਂ ਵਿੱਚੋਂ ਇੱਕ ਹੈ।
ਕੀ ਵਧਦਾ ਤਾਪਮਾਨ ਸੱਚਮੁੱਚ ਅੰਡਿਆਂ ਦੇ ਆਕਾਰ ਨੂੰ ਘਟਾਉਂਦਾ ਹੈ? ਅਧਿਐਨ ਕੀ ਕਹਿੰਦੇ ਹਨ?
ਨਾਮੱਕਲ ਦਾ ਭਾਰਤ ਦੇ ਆਂਡਾ ਉਤਪਾਦਨ ਨਾਲ ਅਟੁੱਟ ਸਬੰਧ ਹੈ। ਇਸ ਜ਼ਿਲ੍ਹੇ ਵਿੱਚ ਹਜ਼ਾਰਾਂ ਪੋਲਟਰੀ ਫਾਰਮ, ਹੈਚਰੀਆਂ ਅਤੇ ਪਸ਼ੂ-ਚਾਰਾ ਤਿਆਰ ਕਰਨ ਵਾਲੀਆਂ ਇਕਾਈਆਂ ਹਨ।
ਇਹ ਸਾਰੇ ਸੂਬੇ ਦੇ ਆਂਡਾ ਉਤਪਾਦਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇੱਥੇ ਪੈਦਾ ਹੋਣ ਵਾਲੇ ਆਂਡੇ ਤਾਮਿਲਨਾਡੂ ਦੇ ਬਾਜ਼ਾਰਾਂ, ਗੁਆਂਢੀ ਸੂਬਿਆਂ ਅਤੇ ਵਿਦੇਸ਼ਾਂ ਤੱਕ ਵੀ ਭੇਜੇ ਜਾਂਦੇ ਹਨ।
ਨਾਮੱਕਲ ਸੂਬੇ ਵਿੱਚ ਆਂਡਾ ਉਤਪਾਦਨ ਦਾ ਕੇਂਦਰ ਹੈ, ਇਸ ਲਈ ਉੱਥੇ ਉਤਪਾਦਨ ਸਮਰੱਥਾ ਉੱਤੇ ਪੈਣ ਵਾਲਾ ਕੋਈ ਵੀ ਛੋਟਾ ਅਸਰ ਪੂਰੇ ਖੇਤਰ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਤਮਿਲਨਾਡੂ ਪੋਲਟਰੀ ਵਰਕਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਨੈਸ਼ਨਲ ਐਗ ਕੋਆਰਡੀਨੇਸ਼ਨ ਕਮੇਟੀ ਦੇ ਨਾਮੱਕਲ ਪ੍ਰਧਾਨ ਸਿੰਗਰਾਜ ਦਾ ਕਹਿਣਾ ਹੈ ਕਿ ਪੋਲਟਰੀ ਕਿਸਾਨਾਂ ਲਈ ਗਰਮੀਆਂ ਦੇ ਮੌਸਮ ਦੌਰਾਨ ਆਂਡਾ ਉਤਪਾਦਨ ਦੇ ਨਿਯਮਤ ਪੱਧਰ ਨੂੰ ਕਾਇਮ ਰੱਖਣਾ ਇੱਕ ਚੁਣੌਤੀ ਹੈ।
ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਇੱਥੇ ਸਿਰਫ਼ ਅੱਤ ਦੀ ਗਰਮੀ ਹੀ ਚੁਣੌਤੀ ਨਹੀਂ ਹੈ। ਤਾਪਮਾਨ ਦੇ ਨਾਲ-ਨਾਲ ਨਮੀ, ਪਾਣੀ ਦੀ ਉਪਲਬਧਤਾ ਅਤੇ ਗਰਮ ਮੌਸਮ ਦੌਰਾਨ ਮੁਰਗੀਆਂ ਨੂੰ ਪਾਲਣ ਦੀ ਵਧੀ ਹੋਈ ਲਾਗਤ ਸਮੇਤ ਹੋਰ ਵੀ ਕਈ ਕਾਰਕ ਹਨ, ਜੋ ਗਰਮੀ ਦੇ ਮੌਸਮ ਵਿੱਚ ਵਧ ਜਾਂਦਾ ਹੈ।"
ਸੇਵਾਮੁਕਤ ਪਸ਼ੂ ਪਾਲਣ ਅਧਿਕਾਰੀ ਬਾਲਮੁਰੁਗਨ ਨੇ ਬੀਬੀਸੀ ਤਮਿਲ ਨੂੰ ਸਮਝਾਉਂਦਿਆਂ ਕਿਹਾ, "ਅੰਡੇ ਦੇਣ ਵਾਲੀਆਂ ਮੁਰਗੀਆਂ ਦੇ ਸਰੀਰ 'ਤੇ ਪੈਣ ਵਾਲੀ ਬਹੁਤ ਜ਼ਿਆਦਾ ਗਰਮੀ ਦਾ ਅਸਰ ਇਸ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ।"
ਉਨ੍ਹਾਂ ਦੇ ਅਨੁਸਾਰ, "ਜੋ ਮੁਰਗੀਆਂ ਲੰਬੇ ਸਮੇਂ ਤੱਕ ਉੱਚ ਤਾਪਮਾਨ ਦੇ ਸੰਪਰਕ ਵਿੱਚ ਰਹਿੰਦੀਆਂ ਹਨ, ਉਹ ਗਰਮੀ ਦੇ ਤਣਾਅ ਦਾ ਸ਼ਿਕਾਰ ਹੋ ਜਾਂਦੀਆਂ ਹਨ, ਜਿਸ ਕਾਰਨ ਉਨ੍ਹਾਂ ਦੀ ਖੁਰਾਕ ਦੀ ਖਪਤ ਘੱਟ ਜਾਂਦੀ ਹੈ ਅਤੇ ਇਸ ਦਾ ਅਸਰ ਉਨ੍ਹਾਂ ਦੇ ਹਾਜਮੇ, ਆਂਡਾ ਉਤਪਾਦਨ ਅਤੇ ਆਂਡਿਆਂ ਦੀ ਗੁਣਵੱਤਾ 'ਤੇ ਵੀ ਦੇਖਿਆ ਜਾ ਸਕਦਾ ਹੈ।"

ਤਸਵੀਰ ਸਰੋਤ, Getty Images
ਹੀਟ ਵੇਵ ਕੀ ਹੁੰਦੀ ਹੈ?
ਭਾਰਤੀ ਮੌਸਮ ਵਿਭਾਗ ਮੁਤਾਬਕ, ਕਿਸੇ ਖੇਤਰ ਦੇ ਆਮ ਤਾਪਮਾਨ ਦੇ ਹਾਲਾਤਾਂ ਦੇ ਅਧਾਰ ਉੱਤੇ ਜਦੋਂ ਤਾਪਮਾਨ ਕੁਝ ਤੈਅ ਹੱਦਾਂ ਤੋਂ ਪਾਰ ਹੋ ਜਾਂਦਾ ਹੈ, ਤਾਂ ਹੀਟ ਵੇਵ ਐਲਾਨੀ ਜਾਂਦੀ ਹੈ।
ਇੰਡੀਅਨ ਐਗਰੀਕਲਚਰ ਕੌਂਸਲ ਆਫ ਰਿਸਰਚ (ਆਈਸੀਏਆਰ) ਦੇ ਸੈਂਟ੍ਰਲ ਇੰਸਟੀਚਿਊਟ ਆਫ ਡ੍ਰਾਈਲੈਂਡ ਐਗਰੀਕਲਚਰ ਰਿਸਰਚ ਵੱਲੋਂ ਹੀਟ ਵੇਵ ਦੇ ਪ੍ਰਭਾਵ ਬਾਰੇ 2022 ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ, "ਹੀਟ ਵੇਵ ਦੀ ਪਛਾਣ ਆਮ ਤਾਪਮਾਨ ਤੋਂ ਭਟਕਾਅ ਅਤੇ ਅਸਲ ਵੱਧ ਤੋਂ ਵੱਧ ਤਾਪਮਾਨ ਦੇ ਪੱਧਰ ਵਰਗੇ ਕਾਰਕਾਂ ਦੇ ਅਧਾਰ ਉੱਤੇ ਕੀਤੀ ਜਾਂਦੀ ਹੈ।"
"ਮੈਦਾਨੀ ਖੇਤਰਾਂ ਵਿੱਚ, ਜਦੋਂ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਕਾਫ਼ੀ ਵੱਧ ਜਾਂਦਾ ਹੈ, ਤਾਂ ਇਸ ਨੂੰ ਦਰਮਿਆਨੀ ਹੀਟ ਵੇਵ ਮੰਨਿਆ ਜਾਂਦਾ ਹੈ। ਦੂਜੇ ਪਾਸੇ, ਹੋਰ ਵੱਧ ਗੰਭੀਰ ਹਾਲਾਤਾਂ ਵਿੱਚ ਤੀਬਰ ਹੀਟ ਵੇਵ ਐਲਾਨੀ ਜਾਂਦੀ ਹੈ।"
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹੀਟ ਵੇਵ ਦੀਆਂ ਤਿੰਨ ਮੁੱਖ ਵਿਸ਼ੇਸ਼ਤਾਵਾਂ ਹੁੰਦੀਆਂ ਹਨ: ਆਵਿਰਤੀ, ਤੀਬਰਤਾ ਅਤੇ ਮਿਆਦ।
ਭਾਵ, ਹੀਟ ਵੇਵ ਦਾ ਵਰਗੀਕਰਨ ਸਿਰਫ਼ ਇਸ ਅਧਾਰ ਉੱਤੇ ਨਹੀਂ ਕੀਤਾ ਜਾਂਦਾ ਕਿ ਗਰਮੀ ਕਿੰਨੀ ਵਧੀ ਹੈ, ਸਗੋਂ ਇਸ ਅਧਾਰ ਉੱਤੇ ਵੀ ਕੀਤਾ ਜਾਂਦਾ ਹੈ ਕਿ ਅਜਿਹੀਆਂ ਘਟਨਾਵਾਂ ਕਿੰਨੀ ਵਾਰ ਵਾਪਰਦੀਆਂ ਹਨ ਅਤੇ ਕਿੰਨਾ ਸਮਾਂ ਜਾਰੀ ਰਹਿੰਦੀਆਂ ਹਨ।
ਪੋਲਟਰੀ ਫਾਰਮ ਚਲਾਉਣ ਵਾਲੇ ਸਰਵਣਨ ਨੇ ਸਮਝਾਇਆ ਕਿ ਪੋਲਟਰੀ ਫਾਰਮ ਦੇ ਸੰਦਰਭ ਵਿੱਚ, ਪੋਲਟਰੀ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸਮਾਂ ਮਹੱਤਵਪੂਰਨ ਹੁੰਦਾ ਹੈ ਕਿਉਂਕਿ, "ਇੱਕ ਗਰਮ ਦਿਨ ਸ਼ਾਇਦ ਜ਼ਿਆਦਾ ਨੁਕਸਾਨ ਨਾ ਕਰੇ। ਪਰ ਲਗਾਤਾਰ ਕਈ ਦਿਨਾਂ ਤੱਕ ਬਹੁਤ ਜ਼ਿਆਦਾ ਗਰਮੀ ਦੇ ਸੰਪਰਕ ਵਿੱਚ ਰਹਿਣ ਨਾਲ ਮੁਰਗੀਆਂ ਦੀ ਸਿਹਤ ਪ੍ਰਭਾਵਿਤ ਹੋ ਸਕਦੀ ਹੈ।"

ਤਸਵੀਰ ਸਰੋਤ, Getty Images
ਮੁਰਗੀਆਂ ਵਧਦੇ ਤਾਪਮਾਨ ਪ੍ਰਤੀ ਇੰਨੀਆਂ ਸੰਵੇਦਨਸ਼ੀਲ ਕਿਉਂ ਹੁੰਦੀਆਂ ਹਨ?
ਇਨਸਾਨਾਂ ਦੇ ਉਲਟ, ਮੁਰਗੀਆਂ ਦੇ ਸਰੀਰ ਨੂੰ ਠੰਢਾ ਰੱਖਣ ਵਿੱਚ ਮਦਦ ਕਰਨ ਲਈ ਪਸੀਨੇ ਵਾਲੀਆਂ ਗ੍ਰੰਥੀਆਂ ਨਹੀਂ ਹੁੰਦੀਆਂ।
ਉਹ ਮੁੱਖ ਤੌਰ 'ਤੇ ਆਪਣੀ ਸਾਹ ਲੈਣ ਦੀ ਦਰ ਵਧਾ ਕੇ ਆਪਣੇ ਸਰੀਰ ਦਾ ਤਾਪਮਾਨ ਕਾਬੂ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਬਹੁਤ ਜ਼ਿਆਦਾ ਗਰਮੀ ਦੌਰਾਨ, ਪੰਛੀ ਆਪਣੇ ਵਿਕਾਸ ਜਾਂ ਆਂਡਾ ਉਤਪਾਦਨ ਦੀ ਬਜਾਏ ਆਪਣੇ ਸਰੀਰ ਦਾ ਤਾਪਮਾਨ ਬਣਾਈ ਰੱਖਣ ਲਈ ਵੱਧ ਊਰਜਾ ਖਰਚ ਕਰਦੇ ਹਨ।
ਇਸ ਤਰ੍ਹਾਂ, ਆਈਸੀਸੀਏਆਰ ਦੇ ਇੱਕ ਅਧਿਐਨ ਵਿੱਚ ਸਮਝਾਇਆ ਗਿਆ ਹੈ ਕਿ "ਹੀਟ ਸਟ੍ਰੈੱਸ, ਜੋ ਮੁਰਗੀਆਂ ਵੱਲੋਂ ਆਪਣੇ ਸਰੀਰ ਵਿੱਚ ਗਰਮੀ ਦੇ ਉਤਪਾਦਨ ਅਤੇ ਗਰਮੀ ਦੇ ਨਿਕਾਸ ਵਿਚਕਾਰ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਦੌਰਾਨ ਪੈਦਾ ਹੁੰਦਾ ਹੈ, ਉਨ੍ਹਾਂ ਦੀ ਆਂਡਾ ਉਤਪਾਦਨ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ।"
ਅਧਿਐਨ ਮੁਤਾਬਕ, "ਜਿਵੇਂ-ਜਿਵੇਂ ਤਾਪਮਾਨ ਵਧਦਾ ਹੈ, ਮੁਰਗੀਆਂ ਮੈਟਾਬੋਲਿਕ ਗਰਮੀ ਦੇ ਉਤਪਾਦਨ ਨੂੰ ਘਟਾਉਣ ਲਈ ਖੁਰਾਕ ਦੀ ਖਪਤ ਘਟਾ ਦਿੰਦੀਆਂ ਹਨ। 32 ਡਿਗਰੀ ਸੈਲਸੀਅਸ ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਤਾਪਮਾਨ ਵਿੱਚ ਹਰ ਇੱਕ ਡਿਗਰੀ ਵਾਧੇ ਨਾਲ, ਮੁਰਗੀਆਂ ਆਪਣੀ ਖੁਰਾਕ ਦੀ ਖਪਤ ਲਗਭਗ 5% ਤੱਕ ਘਟਾ ਸਕਦੀਆਂ ਹਨ।"
ਇਸ ਤੋਂ ਇਲਾਵਾ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦਾ ਕਹਿਣਾ ਹੈ ਕਿ "ਗਰਮੀ ਦੇ ਤਣਾਅ ਕਾਰਨ ਪ੍ਰਜਨਨ ਕਰਨ ਵਾਲੇ ਨਰ ਪੰਛੀਆਂ ਵਿੱਚ ਆਂਡੇ ਦੇ ਵਜ਼ਨ, ਆਂਡੇ ਦੇ ਛਿਲਕੇ ਦੀ ਮੋਟਾਈ ਅਤੇ ਸ਼ੁਕਰਾਣੂ ਉਤਪਾਦਨ ਸਮੇਤ ਸਾਰੇ ਮਾਪਦੰਡਾਂ ਵਿੱਚ ਮਹੱਤਵਪੂਰਨ ਕਮੀ ਆਉਂਦੀ ਹੈ।"
ਅਧਿਐਨ ਅਨੁਸਾਰ, ਗਰਮੀਆਂ ਦੌਰਾਨ, "ਕਾਰਗੁਜ਼ਾਰੀ ਵਿੱਚ ਕਮੀ ਦਾ ਸਿੱਧਾ ਸਬੰਧ ਖੁਰਾਕ ਦੀ ਘੱਟ ਖਪਤ ਨਾਲ ਹੈ। ਖੁਰਾਕ ਦੀ ਘੱਟ ਖਪਤ ਕਾਰਨ ਆਂਡਿਆਂ ਦਾ ਵਜ਼ਨ 3-5 ਗ੍ਰਾਮ ਘੱਟ ਹੋ ਜਾਂਦਾ ਹੈ।"
ਪਸ਼ੂ ਪਾਲਣ ਵਿਭਾਗ ਦੇ ਸੇਵਾਮੁਕਤ ਵਧੀਕ ਨਿਰਦੇਸ਼ਕ ਬਾਲਮੁਰੁਗਨ ਦੱਸਦੇ ਹਨ ਕਿ ਭਾਵ, "ਗਰਮੀ ਦੇ ਮੌਸਮ ਵਿੱਚ, ਮੁਰਗੀਆਂ ਦੇ ਸਰੀਰ ਨੂੰ ਠੰਢਾ ਰੱਖਣ ਲਈ ਵੱਧ ਊਰਜਾ ਦੀ ਖਪਤ ਅਤੇ ਉਨ੍ਹਾਂ ਦੇ ਚਾਰੇ ਦੀ ਖਪਤ ਵਿੱਚ ਕਮੀ ਕਾਰਨ, ਉਨ੍ਹਾਂ ਦਾ ਸਮੁੱਚਾ ਆਕਾਰ, ਵਜ਼ਨ ਅਤੇ ਆਂਡੇ ਦੇ ਛਿਲਕੇ ਦੀ ਮੋਟਾਈ ਘੱਟ ਹੋ ਜਾਂਦੀ ਹੈ।"
"ਆਂਡਾ ਉਤਪਾਦਨ ਲਈ ਪ੍ਰੋਟੀਨ, ਖਣਿਜ ਅਤੇ ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤਾਂ ਦੀ ਲਗਾਤਾਰ ਸਪਲਾਈ ਦੀ ਲੋੜ ਹੁੰਦੀ ਹੈ। ਜੇਕਰ ਮੁਰਗੀਆਂ ਲੋੜੀਂਦੀ ਖੁਰਾਕ ਨਹੀਂ ਖਾਂਦੀਆਂ, ਤਾਂ ਆਂਡਾ ਉਤਪਾਦਨ ਲਈ ਲੋੜੀਂਦੇ ਪੌਸ਼ਟਿਕ ਤੱਤਾਂ ਦੀ ਮਾਤਰਾ ਘਟ ਜਾਂਦੀ ਹੈ। ਇਸ ਦੀ ਭਰਪਾਈ ਲਈ ਅਸੀਂ ਵਿਟਾਮਿਨ ਅਤੇ ਪੌਸ਼ਟਿਕ ਤੱਤ ਮੁਹੱਈਆ ਕਰਵਾਉਂਦੇ ਹਾਂ।"
ਸਿੰਗਾਰਾਜ ਨੇ ਸਮਝਾਇਆ, "ਹਾਲਾਂਕਿ, ਗਰਮ ਮੌਸਮ ਦੌਰਾਨ ਮੁਰਗੀਆਂ ਵੱਲੋਂ ਖਾਧੀ ਜਾਣ ਵਾਲੀ ਖੁਰਾਕ ਦੀ ਮਾਤਰਾ ਵਿੱਚ ਕਾਫ਼ੀ ਕਮੀ ਆ ਜਾਂਦੀ ਹੈ, ਜਿਸ ਕਾਰਨ ਨਾ ਸਿਰਫ਼ ਆਂਡਾ ਉਤਪਾਦਨ ਪ੍ਰਭਾਵਿਤ ਹੁੰਦਾ ਹੈ, ਸਗੋਂ ਇਸ ਦੀ ਮਾਤਰਾ ਵੀ ਘਟ ਜਾਂਦੀ ਹੈ।"
"ਦੇਸ਼ ਭਰ ਵਿੱਚ ਆਂਡਿਆਂ ਦੀ ਮੰਗ ਵੱਧ ਰਹੀ ਹੈ। ਪਰ ਜਿੱਥੇ ਗਰਮੀਆਂ ਦੇ ਮੌਸਮ ਵਿੱਚ ਆਂਡਾ ਉਤਪਾਦਨ ਅਤੇ ਮਾਤਰਾ ਵਿੱਚ ਕੁਝ ਕਮੀ ਆਉਣਾ ਆਮ ਗੱਲ ਹੈ, ਇਸ ਵਾਰ ਬਹੁਤ ਜ਼ਿਆਦਾ ਗਰਮੀ ਕਾਰਨ ਇਹ ਸਥਿਤੀ ਕੁਝ ਹੋਰ ਗੰਭੀਰ ਹੈ। ਇਹ ਵੀ ਇੱਕ ਮੁੱਖ ਕਾਰਨ ਹੈ ਕਿ ਆਂਡਿਆਂ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਹੋ ਰਿਹਾ ਹੈ।"
ਸਾਲ 2024 ਵਿੱਚ 'ਐਨੀਮਲਜ਼' ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਆਂਡੇ ਦੇਣ ਵਾਲੀਆਂ ਮੁਰਗੀਆਂ ਵਿੱਚ ਹੀਟ ਸਟ੍ਰੈੱਸ ਉਤਪਾਦਕਤਾ, ਸਰੀਰਕ ਪ੍ਰਤੀਕਿਰਿਆਵਾਂ ਅਤੇ ਆਂਡਿਆਂ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ।
ਅਧਿਐਨ ਦੇ ਨਤੀਜੇ ਸਿੰਗਾਰਾਜ ਦੇ ਇਸ ਦਾਅਵੇ ਦੀ ਪੁਸ਼ਟੀ ਕਰਦੇ ਹਨ ਕਿ "ਬਹੁਤ ਜ਼ਿਆਦਾ ਤਾਪਮਾਨ ਵਾਲੀਆਂ ਸਥਿਤੀਆਂ ਮੁਰਗੀਆਂ ਵਿੱਚ ਖੁਰਾਕ ਦੀ ਖਪਤ ਘਟਾ ਸਕਦੀਆਂ ਹਨ ਅਤੇ ਆਂਡਾ ਉਤਪਾਦਨ ਅਤੇ ਗੁਣਵੱਤਾ ਦੇ ਮਾਪਦੰਡਾਂ ਉੱਤੇ ਨਕਾਰਾਤਮਕ ਅਸਰ ਪਾ ਸਕਦੀਆਂ ਹਨ।"

ਤਸਵੀਰ ਸਰੋਤ, Getty Images
ਹੀਟ ਵੇਵ ਕਾਰਨ ਆਂਡਿਆਂ ਦੇ ਛਿਲਕੇ ਕਮਜ਼ੋਰ ਹੋ ਜਾਂਦੇ ਹਨ
ਹੀਟ ਵੇਵ ਮੁਰਗੀ ਦੇ ਆਂਡਾ ਦੇਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੀ ਹੈ।
ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਪ੍ਰਭਾਵ ਨਾ ਸਿਰਫ਼ ਵਿਕਸਤ ਹੋ ਰਹੇ ਆਂਡੇ ਦੇ ਆਕਾਰ ਨੂੰ ਘਟਾ ਸਕਦਾ ਹੈ, ਸਗੋਂ ਇਸ ਦੀ ਛਿੱਲੜ ਦੀ ਮੋਟਾਈ ਨੂੰ ਵੀ ਘਟਾ ਸਕਦਾ ਹੈ।
ਪੋਲਟਰੀ ਕਿਸਾਨਾਂ ਲਈ ਮੁੱਖ ਸਮੱਸਿਆ ਆਂਡੇ ਦੀ ਗਿਣਤੀ ਨਾਲੋਂ ਆਂਡੇ ਦੀ ਗੁਣਵੱਤਾ ਹੈ।
ਪਸ਼ੂ ਪਾਲਣ ਵਿਭਾਗ ਦੇ ਸੇਵਾਮੁਕਤ ਵਧੀਕ ਨਿਰਦੇਸ਼ਕ ਬਾਲਮੁਰੁਗਨ ਨੇ ਬੀਬੀਸੀ ਤਮਿਲ ਨੂੰ ਦੱਸਿਆ, "ਆਂਡੇ ਦੇ ਛਿੱਲੜ ਦੇ ਨਿਰਮਾਣ ਅਤੇ ਮੁਰਗੀ ਦੇ ਸਰੀਰਕ ਕਾਰਜਾਂ ਦੇ ਸਹੀ ਢੰਗ ਨਾਲ ਚੱਲਣ ਲਈ ਕੈਲਸ਼ੀਅਮ ਦੀ ਲੋੜ ਹੁੰਦੀ ਹੈ।"
"ਹਾਲਾਂਕਿ, ਜਦੋਂ ਕੋਈ ਮੁਰਗੀ ਹੀਟ ਸਟ੍ਰੈੱਸ ਦਾ ਸਾਹਮਣਾ ਕਰਦੀ ਹੈ, ਤਾਂ ਉਸ ਦੇ ਸਾਹ ਲੈਣ ਦੇ ਢੰਗ ਵਿੱਚ ਤਬਦੀਲੀਆਂ ਆ ਜਾਂਦੀਆਂ ਹਨ। ਇਸ ਨਾਲ ਉਸ ਦੇ ਸਰੀਰ ਵਿੱਚ ਕੈਲਸ਼ੀਅਮ ਵਰਗੇ ਖਣਿਜਾਂ ਦਾ ਸੰਤੁਲਨ ਵਿਗੜ ਸਕਦਾ ਹੈ ਅਤੇ ਆਂਡੇ ਦੀ ਛਿੱਲੜ ਦੇ ਨਿਰਮਾਣ ਵਿੱਚ ਰੁਕਾਵਟ ਪੈ ਸਕਦੀ ਹੈ।"
ਆਈਸੀਏਆਰ 2022 ਦੀ ਇੱਕ ਰਿਪੋਰਟ ਮੁਤਾਬਕ, ਹੀਟ ਸਟ੍ਰੈੱਸ ਮੁਰਗੀਆਂ ਵਿੱਚ ਪਲਾਜ਼ਮਾ ਪ੍ਰੋਟੀਨ ਅਤੇ ਕੈਲਸ਼ੀਅਮ ਦੇ ਪੱਧਰ ਨੂੰ ਘਟਾ ਸਕਦਾ ਹੈ।
ਇਸ ਦੇ ਨਤੀਜੇ ਵਜੋਂ "ਆਂਡਿਆਂ ਦੇ ਛਿੱਲੜ ਦੀ ਮੋਟਾਈ ਘੱਟ ਜਾਂਦੀ ਹੈ ਅਤੇ ਆਂਡੇ ਵਧੇਰੇ ਭੁਰਭੁਰੇ ਹੋ ਜਾਂਦੇ ਹਨ। ਇਸ ਨਾਲ ਆਂਡਾ ਉਤਪਾਦਕਾਂ ਨੂੰ ਸਿੱਧਾ ਆਰਥਿਕ ਨੁਕਸਾਨ ਹੁੰਦਾ ਹੈ ਕਿਉਂਕਿ ਇਹ ਨਾਜ਼ੁਕ ਆਂਡੇ ਸੰਭਾਲ ਅਤੇ ਢੋਆ-ਢੁਆਈ ਦੌਰਾਨ ਟੁੱਟ ਜਾਂਦੇ ਹਨ।"
ਇਸ ਦੇ ਨਾਲ ਹੀ, "ਸਬੂਤ ਦਰਸਾਉਂਦੇ ਹਨ ਕਿ ਹੀਟ ਵੇਵ ਆਂਡਿਆਂ ਦੇ ਆਕਾਰ ਅਤੇ ਉਤਪਾਦਨ ਨੂੰ ਅਸਥਾਈ ਤੌਰ ਉੱਤੇ ਘਟਾ ਸਕਦੀ ਹੈ ਅਤੇ ਆਂਡਿਆਂ ਦੀ ਗੁਣਵੱਤਾ ਨੂੰ ਕਮਜ਼ੋਰ ਕਰ ਸਕਦੀ ਹੈ। ਹਾਲਾਂਕਿ, ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਸਾਰੇ ਮੁਰਗੀਆਂ ਦੇ ਆਂਡੇ ਸਥਾਈ ਤੌਰ ਉੱਤੇ ਛੋਟੇ ਹੋ ਰਹੇ ਹਨ।"
ਬਾਲਮੁਰੁਗਨ ਨੇ ਬੀਬੀਸੀ ਤਮਿਲ ਨੂੰ ਸਮਝਾਇਆ,"ਇਹ ਸਮੱਸਿਆ ਸਿਰਫ਼ ਗਰਮੀ ਦੇ ਮੌਸਮ ਵਿੱਚ ਹੀ ਨਿਯਮਿਤ ਤੌਰ 'ਤੇ ਹੁੰਦੀ ਹੈ। ਇਹ ਕੋਈ ਸਥਾਈ ਬਦਲਾਅ ਨਹੀਂ ਹੈ। ਮੁਰਗੀ ਪਾਲਕਾਂ ਨੂੰ ਇਸ ਨਾਲ ਨਜਿੱਠਣ ਅਤੇ ਇਸ ਦੇ ਪ੍ਰਭਾਵਾਂ ਨੂੰ ਕੁਝ ਹੱਦ ਤੱਕ ਘੱਟ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।"

ਤਸਵੀਰ ਸਰੋਤ, Getty Images
ਕੀ ਆਂਡਿਆਂ ਵਿੱਚ ਪੌਸ਼ਟਿਕ ਤੱਤ ਘੱਟ ਜਾਣਗੇ?
ਸਿੰਗਾਰਾਜ ਦਾ ਕਹਿਣਾ ਹੈ ਕਿ ਵਧਦੀ ਹੀਟ ਵੇਵ, ਮੁਰਗੀਆਂ ਦੀ ਵਧੀ ਹੋਈ ਪਾਣੀ ਦੀ ਲੋੜ, ਹਵਾ ਦੀ ਜ਼ਰੂਰਤ, ਬਿਜਲੀ ਦੀ ਵਧੀ ਹੋਈ ਖਪਤ ਅਤੇ ਠੰਢਕ ਪ੍ਰਬੰਧਾਂ ਦੀ ਲੋੜ, ਨਾਲ ਹੀ ਉਤਪਾਦਨ ਪੱਧਰ ਵਿੱਚ ਕਮੀ, ਪੋਲਟਰੀ ਫਾਰਮ ਮਾਲਕਾਂ ਲਈ ਕਈ ਵਾਧੂ ਚੁਣੌਤੀਆਂ ਪੈਦਾ ਕਰ ਰਹੇ ਹਨ।
ਹਾਲਾਂਕਿ, ਮਾਹਰ ਕਹਿੰਦੇ ਹਨ ਕਿ ਇਸ ਦਾ ਸਿਹਤ ਲਾਭਾਂ ਨਾਲ ਕੋਈ ਸਬੰਧ ਨਹੀਂ ਹੈ।
ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਅਧੀਨ ਚੱਲ ਰਹੀਆਂ ਸੰਸਥਾਵਾਂ ਦੇ ਖੋਜਕਰਤਾਵਾਂ ਵੱਲੋਂ ਕੀਤੇ ਗਏ ਅਤੇ ਇੰਡੀਅਨ ਜਰਨਲ ਆਫ਼ ਪੋਲਟਰੀ ਸਾਇੰਸ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਇਹ ਜਾਂਚ ਕੀਤੀ ਗਈ ਕਿ ਭੰਡਾਰਨ ਦਾ ਤਾਪਮਾਨ ਆਂਡੇ ਦੀ ਗੁਣਵੱਤਾ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ।
ਇਸ ਅਨੁਸਾਰ, "ਇਹ ਪਾਇਆ ਗਿਆ ਕਿ ਕਮਰੇ ਦੇ ਤਾਪਮਾਨ 'ਤੇ ਸਟੋਰ ਕੀਤੇ ਗਏ ਆਂਡਿਆਂ ਦੀ ਗੁਣਵੱਤਾ ਨਿਯੰਤਰਿਤ, ਠੰਢੀਆਂ ਸਥਿਤੀਆਂ ਵਿੱਚ ਰੱਖੇ ਗਏ ਆਂਡਿਆਂ ਦੀ ਤੁਲਨਾ ਵਿੱਚ ਵਧੇਰੇ ਤੇਜ਼ੀ ਨਾਲ ਖਰਾਬ ਹੋ ਜਾਂਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












