'ਦਿ ਗ੍ਰੇਟ ਗਾਮਾ': ਪਟਿਆਲਾ ਨਾਲ ਜੁੜੇ ਉਸ ਭਲਵਾਨ ਦੀ ਕਹਾਣੀ, ਜੋ ਦਿਨ ਵਿੱਚ 6 ਕੁੱਕੜ ਖਾਂਦਾ ਤੇ 15 ਘੰਟੇ ਕਸਰਤ ਕਰਦਾ ਸੀ, ਪਰ ਕਦੇ ਨਹੀਂ ਹਾਰਿਆ

ਤਸਵੀਰ ਸਰੋਤ, Vintage poster
- ਲੇਖਕ, ਵਕਾਰ ਮੁਸਤਫ਼ਾ
- ਰੋਲ, ਪੱਤਰਕਾਰ ਅਤੇ ਖੋਜਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 14 ਮਿੰਟ
ਪੰਜਾਬ ਦੀ ਰਿਆਸਤ ਪਟਿਆਲਾ ਵਿੱਚ 28 ਜਨਵਰੀ 1928 ਨੂੰ ਹੋਣ ਵਾਲੀ ਉਸ ਕੁਸ਼ਤੀ ਦੀ ਅਜਿਹੀ ਧੂਮ ਸੀ ਕਿ ਕਈ ਹਿੰਦੁਸਤਾਨੀ ਰਿਆਸਤਾਂ ਦੇ ਰਾਜੇ ਅਤੇ ਬ੍ਰਿਟਿਸ਼ ਅਧਿਕਾਰੀਆਂ ਸਮੇਤ ਹਜ਼ਾਰਾਂ ਲੋਕਾਂ ਦਾ ਹਜੂਮ ਇਕੱਠਾ ਹੋ ਗਿਆ।
ਮੁਕਾਬਲੇ ਵਿੱਚ ਸਨ 'ਜ਼ਬਿਸ਼ਕੋ' ਕਹੇ ਜਾਣ ਵਾਲੇ ਪੋਲੈਂਡ ਦੇ ਭਲਵਾਨ ਸਟੈਨਿਸਲਾਵ ਸਾਇਗਾਨੀਵੋਵਿਚ ਅਤੇ 'ਗਾਮਾ' ਦੇ ਨਾਮ ਨਾਲ ਮਸ਼ਹੂਰ ਬ੍ਰਿਟਿਸ਼ ਭਾਰਤ ਦੇ ਭਲਵਾਨ ਗ਼ੁਲਾਮ ਹੁਸੈਨ ਜਾਂ ਗਾਮਾ।
ਹੋ ਸਕਦਾ ਹੈ ਕਿ ਕੁਝ ਪੜ੍ਹਨ ਵਾਲੇ ਕਹਿਣ ਕਿ ਗਾਮਾ ਦਾ ਅਸਲ ਨਾਮ ਗ਼ੁਲਾਮ ਮੁਹੰਮਦ ਸੀ। ਪਰ ਸਈਦ ਆਗ਼ਾ ਅਸ਼ਅਰ ਲਖਨਵੀ ਦੀ ਕਿਤਾਬ 'ਗਾਮਾ ਗਮਕ', ਫ਼ਹੀਮੁੱਦੀਨ ਫ਼ਹਮੀ ਦੀ ਲਿਖੀ ਗਾਮਾ ਦੀ ਜੀਵਨੀ 'ਰੁਸਤਮ-ਏ-ਜ਼ਮਾਂ ਗਾਮਾ' ਅਤੇ ਅਖ਼ਤਰ ਹੁਸੈਨ ਸ਼ੇਖ਼ ਦੀ ਕਿਤਾਬ 'ਦਾਸਤਾਨ-ਏ-ਤਾਰੀਖ਼-ਏ-ਪਹਿਲਵਾਨੀ' ਤੋਂ ਪਤਾ ਲੱਗਦਾ ਹੈ ਕਿ ਗਾਮਾ ਦਾ ਅਸਲ ਨਾਮ ਗ਼ੁਲਾਮ ਹੁਸੈਨ ਹੀ ਸੀ।
ਇਨ੍ਹਾਂ ਸਾਰੀਆਂ ਕਿਤਾਬਾਂ ਵਿੱਚ ਜੋ ਗੱਲਾਂ ਦਰਜ ਹਨ ਉਹ ਰਿਆਸਤ ਦੇ ਸਰਕਾਰੀ ਦਸਤਾਵੇਜ਼ਾਂ ਅਤੇ ਰੈਵੇਨਿਊ ਰਿਕਾਰਡਾਂ ਤੋਂ ਲਈਆਂ ਗਈਆਂ ਹਨ। ਇਸ ਤੋਂ ਇਲਾਵਾ ਖ਼ੁਦ ਗਾਮਾ, ਉਨ੍ਹਾਂ ਦੇ ਸਗੇ-ਸੰਬੰਧੀਆਂ ਅਤੇ ਉਨ੍ਹਾਂ ਦੇ ਹੋਰ ਚਾਹੁਣ ਵਾਲਿਆਂ ਤੋਂ ਮਿਲੀ ਜਾਣਕਾਰੀ ਅਤੇ ਜਾਂਚੀਆਂ-ਪਰਖੀਆਂ ਗੱਲਾਂ ਸ਼ਾਮਲ ਹਨ।
ਗ਼ੁਲਾਮ ਹੁਸੈਨ ਉਰਫ਼ ਗਾਮਾ 22 ਮਈ 1878 ਨੂੰ ਅਜ਼ੀਜ਼ (ਪੂਰਾ ਨਾਮ ਅਬਦੁਲ ਅਜ਼ੀਜ਼ ਜਾਂ ਅਜ਼ੀਜ਼ ਬਖ਼ਸ਼) ਦੇ ਘਰ ਰਿਆਸਤ ਦਤੀਆ ਵਿੱਚ ਪੈਦਾ ਹੋਏ ਜੋ ਹੁਣ ਮੌਜੂਦਾ ਮੱਧ ਪ੍ਰਦੇਸ਼ ਦਾ ਹਿੱਸਾ ਹੈ। ਅਜ਼ੀਜ਼ ਦੇ ਪਿਤਾ ਕਸ਼ਮੀਰ ਤੋਂ ਅੰਮ੍ਰਿਤਸਰ ਜਾ ਕੇ ਵੱਸ ਗਏ ਸਨ। ਗਾਮਾ ਦੇ ਜਨਮ ਵੇਲੇ ਅਜ਼ੀਜ਼ ਬਖ਼ਸ਼ ਰਿਆਸਤ ਦਤੀਆ ਨਾਲ ਬਤੌਰ ਭਲਵਾਨ ਜੁੜੇ ਹੋਏ ਸਨ।
ਅਖ਼ਤਰ ਸ਼ੇਖ਼ ਦੇ ਮੁਤਾਬਕ ਗਾਮਾ ਦੀ ਉਮਰ ਜਦੋਂ ਛੇ ਸਾਲ ਤੋਂ ਕੁਝ ਮਹੀਨੇ ਘੱਟ ਸੀ ਤਾਂ ਉਨ੍ਹਾਂ ਦੇ ਪਿਤਾ ਗੁਜ਼ਰ ਗਏ। ਉਦੋਂ ਤੱਕ ਉਨ੍ਹਾਂ ਨੇ ਗਾਮਾ ਨੂੰ ਕੁਸ਼ਤੀ ਨਾਲ ਰੂ-ਬ-ਰੂ ਕਰਾ ਦਿੱਤਾ ਸੀ।
ਗਾਮਾ ਦੇ ਛੋਟੇ ਭਰਾ ਇਮਾਮ ਬਖ਼ਸ਼ ਪਿਤਾ ਦੀ ਮੌਤ ਦੇ ਦੋ ਮਹੀਨੇ ਬਾਅਦ ਪੈਦਾ ਹੋਏ। ਆਪਣੇ ਨਾਨਾ ਨੂਨ (ਅਮੀਰ ਬਖ਼ਸ਼) ਭਲਵਾਨ ਕੋਲ ਪਲਣ ਕਰਕੇ ਗਾਮਾ ਨੂੰ 'ਗਾਮਾ ਨੂਨ ਵਾਲਾ' ਵੀ ਕਿਹਾ ਜਾਂਦਾ ਸੀ।
ਨੂਨ ਭਲਵਾਨ ਦਾ ਕਤਲ ਹੋਇਆ ਤਾਂ ਉਨ੍ਹਾਂ ਦੇ ਪੁੱਤਰ ਭਾਵ ਗਾਮਾ ਦੇ ਮਾਮੂ ਈਦਾ ਭਲਵਾਨ ਨੇ ਗਾਮਾ ਨੂੰ ਆਪਣੇ ਕੋਲ ਰੱਖਿਆ।
ਪ੍ਰਸ਼ਾਂਤ ਕਿਡਾਂਬੀ ਆਪਣੀ ਕਿਤਾਬ 'ਕ੍ਰਿਕਟ ਕੰਟਰੀ: ਐਨ ਇੰਡਿਅਨ ਓਡਿਸੀ ਇਨ ਦਿ ਏਜ ਆਫ਼ ਐਂਪਾਇਰ' ਵਿੱਚ ਲਿਖਦੇ ਹਨ ਕਿ ਕਿਹਾ ਜਾਂਦਾ ਹੈ ਕਿ ਈਦਾ ਭਲਵਾਨ ਨੇ ਵਾਅਦਾ ਕੀਤਾ ਸੀ ਕਿ ਉਹ ਗਾਮਾ ਨੂੰ "ਉਹੋ ਜਿਹਾ ਚੈਂਪੀਅਨ ਭਲਵਾਨ ਬਣਾਉਣਗੇ ਜਿਵੇਂ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਦੇਖਣਾ ਚਾਹੁੰਦੇ ਸਨ।"
ਆਪਣੇ ਪਿਤਾ ਦੀ ਖ਼ਾਹਿਸ਼ ਪੂਰੀ ਕਰਨ ਲਈ ਗਾਮਾ ਨੇ ਬਹੁਤ ਸਖ਼ਤ ਕਸਰਤ ਦਾ ਨਿਯਮ ਅਪਣਾਇਆ।

ਤਸਵੀਰ ਸਰੋਤ, The Daily Mirror
10 ਸਾਲ ਦੀ ਉਮਰ ਵਿੱਚ 400 ਭਲਵਾਨਾਂ ਵਿੱਚ ਸਭ ਤੋਂ ਵੱਧ ਉਠਕ-ਬੈਠਕ
ਜੋਸੇਫ਼ ਆਲਟਰ ਨੇ ਆਪਣੀ ਕਿਤਾਬ 'ਗਾਂਧੀਜ਼ ਬਾਡੀ' ਦੇ ਇੱਕ ਅਧਿਆਇ 'ਗਾਮਾ ਦਿ ਗ੍ਰੇਟ' ਵਿੱਚ ਲਿਖਿਆ ਕਿ ਗਾਮਾ ਨੇ ਸਿਰਫ਼ ਦੱਸ ਸਾਲ ਦੀ ਉਮਰ ਵਿੱਚ 400 ਭਲਵਾਨਾਂ ਦੇ ਵਿਚਕਾਰ ਸਭ ਤੋਂ ਵੱਧ ਬੈਠਕਾਂ ਲਗਾਈਆਂ।
ਰੋਨੋਜੋਏ ਸੇਨ ਲਿਖਦੇ ਹਨ ਕਿ ਇਸ ਮੁਕਾਬਲੇ ਵਿੱਚ 400 ਤੋਂ ਵੱਧ ਭਲਵਾਨਾਂ ਵਿੱਚੋਂ ਉਹ ਆਖ਼ਰੀ 15 ਭਲਵਾਨਾਂ ਵਿੱਚ ਸ਼ਾਮਲ ਸਨ। ਘੱਟ ਉਮਰ ਹੋਣ ਕਾਰਨ ਜੋਧਪੁਰ ਦੇ ਮਹਾਰਾਜਾ ਜਸਵੰਤ ਸਿੰਘ ਨੇ ਉਨ੍ਹਾਂ ਨੂੰ ਜੇਤੂ ਐਲਾਨ ਦਿੱਤੀ ਅਤੇ ਆਪਣੇ ਸਰਪਰਸਤੀ ਵਿੱਚ ਲੈ ਲਿਆ।
ਸ਼ੇਖ਼ ਅਤੇ ਫ਼ਹਮੀ ਦੇ ਮੁਤਾਬਕ ਉਮਰ ਦੇ ਆਖ਼ਰੀ ਹਿੱਸੇ ਵਿੱਚ ਗਾਮਾ ਨੇ ਕਿਹਾ ਸੀ, "ਮੈਨੂੰ ਇਹ ਤਾਂ ਅੰਦਾਜ਼ਾ ਨਹੀਂ ਕਿ ਕਿੰਨੇ ਸਪਾਟੇ ਲਗਾਏ ਪਰ ਮੇਰੀਆਂ ਤਮਾਮ ਮਾਸਪੇਸ਼ੀਆਂ ਅਕੜ ਗਈਆਂ ਸਨ ਅਤੇ ਮੈਂ ਇੱਕ ਹਫ਼ਤਾ ਮੰਜੇ ਤੋਂ ਨਾ ਉੱਠ ਸਕਿਆ ਸੀ।"
ਲਖਨਵੀ ਨੇ ਲਿਖਿਆ ਕਿ ਜੋਧਪੁਰ ਵਿੱਚ ਗਾਮਾ ਦੇ ਦੂਜੇ ਮਾਮੂ ਬੂਟਾ ਭਲਵਾਨ ਨੇ ਰਾਜਾ ਜਸਵੰਤ ਸਿੰਘ ਦੀ ਰਾਇ ਨਾਲ ਗਾਮਾ ਅਤੇ ਇਮਾਮ ਬਖ਼ਸ਼ ਦੋਵਾਂ ਨੂੰ ਉਸਤਾਦ ਮਾਧੋ ਸਿੰਘ ਦੀ ਸ਼ਾਗਿਰਦੀ ਵਿੱਚ ਦੇ ਦਿੱਤਾ। ਉੱਥੇ ਚਾਰ ਸਾਲ ਦੀ ਟ੍ਰੇਨਿੰਗ ਸੀ। ਜੋਧਪੁਰ ਦੇ ਰਾਜੇ ਦੀ ਮੌਤ ਤੋਂ ਬਾਅਦ ਗਾਮਾ ਫਿਰ ਦਤੀਆ ਵਾਪਸ ਆ ਗਏ।
15 ਘੰਟੇ ਕਸਰਤ
ਲਖਨਵੀ ਲਿਖਦੇ ਹਨ ਕਿ ਦਤੀਆ ਦੇ ਬਾਹਰ ਇੱਕ ਬਹੁਤ ਵੱਡੇ ਬਾਗ਼ ਵਿੱਚ ਮੌਜੂਦ ਸਰਕਾਰੀ ਪੀਲੀ ਕੋਠੀ ਵਿੱਚ ਗਾਮਾ ਨੇ ਅਖਾੜਾ ਬਣਾਇਆ ਸੀ।
"ਗਾਮਾ ਹਰ ਦਿਨ ਦੋ ਹਜ਼ਾਰ ਡੰਡ (ਪੁਸ਼-ਅਪਸ ਜਾਂ ਡਿਪਸ), ਕਰਦੇ ਜੋ ਟੰਗਾਂ ਅਤੇ ਕੂਲ੍ਹਿਆਂ ਦੇ ਮਸਲਜ਼ ਨੂੰ ਮਜ਼ਬੂਤ ਬਣਾਉਣ ਲਈ ਹੁੰਦੇ ਸਨ। ਉਹ ਪੰਜ ਹਜ਼ਾਰ ਬੈਠਕਾਂ (ਸਕਵਾਟਸ) ਕਰਦੇ ਅਤੇ ਦੋ ਹਜ਼ਾਰ ਹੱਥ ਮੁਗਦਰ (ਭਲਵਾਨੀ ਵਿੱਚ ਕਸਰਤ ਲਈ ਵਰਤਿਆ ਜਾਣ ਵਾਲਾ ਡੰਡਾ ਜੋ ਇੱਕ ਪਾਸੇ ਤੋਂ ਭਾਰੀ ਹੁੰਦਾ ਹੈ) ਫੇਰਦੇ ਸਨ।"
"ਪੱਥਰ ਦਾ ਇੱਕ ਪਾਟ, ਜਿਸਦਾ ਵਜ਼ਨ ਲਗਭਗ ਪੰਜ ਮਣ ਹੋਵੇਗਾ (ਜੋ ਮੈਂ ਵੇਖਿਆ), ਗਾਮਾ ਆਪਣੇ ਗਲ ਵਿੱਚ ਪਾ ਕੇ ਬਾਗ਼ ਦਾ ਪੂਰਾ ਚੱਕਰ ਦੌੜ ਕੇ ਲਗਾਉਂਦੇ ਸਨ ਜਿਸਦੀ ਦੂਰੀ ਇੱਕ ਮੀਲ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ। ਤੇਲ ਦੀ ਮਾਲਿਸ਼ ਬਹੁਤ ਘੱਟ ਕਰਾਉਂਦੇ ਸਨ।"
ਕਿਤਾਬ 'ਭਲਵਾਨਾਂ ਦੀ ਦੁਨੀਆ' ਦੇ ਲੇਖਕ ਅਤੇ ਭਾਰਤ ਦੇ ਭਲਵਾਨ ਬਰਕਤ ਅਲੀ ਲਿਖਦੇ ਹਨ ਕਿ ਸਵੇਰੇ ਦੋ ਤੋਂ ਦੱਸ ਵਜੇ ਤੱਕ ਹਰ ਦਿਨ ਗਾਮਾ ਸਰੀਰ ਦੇ ਹੇਠਲੇ ਹਿੱਸੇ ਦੀ ਅਤੇ ਦੁਪਹਿਰ ਦੋ ਵਜੇ ਤੋਂ ਸ਼ਾਮ ਸੱਤ ਵਜੇ ਤੱਕ ਸਰੀਰ ਦੇ ਉੱਪਰਲੇ ਹਿੱਸੇ ਦੀ ਕਸਰਤ ਕਰਦੇ ਸਨ।
"ਹਰ ਸ਼ਾਮ ਉਹ ਦੋ ਘੰਟੇ ਪੈਦਲ ਤੁਰਦੇ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਗਾਮਾ 24 ਘੰਟਿਆਂ ਵਿੱਚੋਂ 15 ਘੰਟੇ ਕਸਰਤ ਕਰਦੇ ਸਨ।"

ਖ਼ੁਰਾਕ: 20 ਲੀਟਰ ਦੁੱਧ, 6 ਕੁੱਕੜ ਅਤੇ ਬਹੁਤ ਕੁਝ
ਕਿਡਾਂਬੀ ਦੇ ਮੁਤਾਬਕ ਇੰਨੀ ਸਖ਼ਤ ਸਰੀਰਕ ਮਿਹਨਤ ਲਈ ਆਪਣੇ ਸਰੀਰ ਨੂੰ ਤਾਕਤ ਦੇਣ ਦੇ ਮਕਸਦ ਨਾਲ ਉਹ ਯਖ਼ਨੀ (ਜੋ ਗੋਸ਼ਤ ਅਤੇ ਹੱਡੀਆਂ ਤੋਂ ਤਿਆਰ ਕੀਤਾ ਗਿਆ ਸ਼ੋਰਬਾ ਸੀ), ਭਾਰੀ ਮਾਤਰਾ ਵਿੱਚ ਪੀਂਦੇ ਸਨ। ਇਸ ਤੋਂ ਇਲਾਵਾ ਹਰ ਦਿਨ 20 ਲੀਟਰ ਦੁੱਧ, ਅੱਧਾ ਲੀਟਰ ਘਿਉ, ਪੌਣ ਕਿਲੋ ਮੱਖਣ ਅਤੇ ਚਾਰ ਕਿਲੋ ਫਲ ਖਾਂਦੇ ਸਨ।
ਅਖ਼ਤਰ ਹੁਸੈਨ ਸ਼ੇਖ਼ ਦੇ ਮੁਤਾਬਕ ਗਾਮਾ ਬਚਪਨ ਵਿੱਚ ਰੋਜ਼ਾਨਾ 500 ਡੰਟਰ (ਡੰਡ) ਅਤੇ ਓਨੇ ਹੀ ਸਪਾਟੇ (ਬੈਠਕਾਂ) ਲਗਾਉਂਦੇ ਸਨ। 15 ਸਾਲ ਦੀ ਉਮਰ ਵਿੱਚ ਉਹ ਤਿੰਨ ਹਜ਼ਾਰ ਸਪਾਟੇ ਅਤੇ ਓਨੇ ਹੀ ਡੰਟਰ ਪੇਲਦੇ ਸਨ।
20 ਸਾਲ ਦੀ ਉਮਰ ਵਿੱਚ ਇਹ ਤਾਦਾਦ ਵੱਧ ਕੇ ਪੰਜ ਹਜ਼ਾਰ ਡੰਟਰ ਅਤੇ ਤਿੰਨ ਤੋਂ ਚਾਰ ਹਜ਼ਾਰ ਸਪਾਟਿਆਂ ਤੱਕ ਪਹੁੰਚ ਗਈ। 25 ਤੋਂ 50 ਸਾਲ ਦੀ ਉਮਰ ਤੱਕ ਉਹ ਆਮ ਤੌਰ 'ਤੇ ਹਰ ਦਿਨ ਛੇ ਹਜ਼ਾਰ ਸਪਾਟੇ ਅਤੇ ਪੰਜ ਹਜ਼ਾਰ ਡੰਟਰ ਪੇਲਦੇ ਸਨ।
"ਖ਼ੁਰਾਕ ਵਿੱਚ ਰੋਜ਼ਾਨਾ ਦੇ ਛੇ ਕੁੱਕੜ ਜਾਂ ਪੰਜ ਸੇਰ (ਲਗਭਗ 4.5 ਕਿਲੋ) ਛੋਟੇ ਗੋਸ਼ਤ (ਮਟਨ) ਦੀ ਯਖ਼ਨੀ ਦੇ ਨਾਲ ਪਾਈਆ ਘਿਓ, 10 ਸੇਰ ਦੁੱਧ, ਅੱਧਾ ਸੇਰ ਘਿਓ, ਪੌਣ ਸੇਰ ਬਾਦਾਮ ਅਤੇ ਕਈ ਤਰ੍ਹਾਂ ਦੇ ਮੁਰੱਬੇ ਹੁੰਦੇ ਸਨ।"
ਗਾਮਾ ਭੋਪਾਲ ਦੇ ਨੇੜੇ ਰਿਆਸਤ ਰੀਵਾਂ (ਰੀਵਾ) ਦੇ ਰਾਜਾ ਪ੍ਰਤਾਪ ਸਿੰਘ ਦੀ ਦੇਖ-ਰੇਖ ਵਿੱਚ ਵੀ ਰਹੇ ਜਿੱਥੇ ਮੀਰਾਂ ਸਿੰਘ ਭੱਖੀ ਵਾਲਾ ਨੇ ਉਨ੍ਹਾਂ ਦੇ ਹੁਨਰ ਨੂੰ ਤਰਾਸ਼ਿਆ।
ਕਿਡਾਂਬੀ ਨੇ ਲਿਖਿਆ ਕਿ ਸਦੀ ਦੇ ਸ਼ੁਰੂਆਤੀ ਸਾਲਾਂ ਵਿੱਚ ਗਾਮਾ ਦਤੀਆ ਦੇ ਦਰਬਾਰ ਵਿੱਚ ਭਲਵਾਨ ਰੱਖੇ ਗਏ। ਉਨ੍ਹਾਂ ਨੇ ਕਈ ਰਿਆਸਤਾਂ ਦੇ ਨਾਮੀ ਭਲਵਾਨਾਂ ਨੂੰ ਲਗਾਤਾਰ ਸ਼ਿਕਸਤ ਦਿੱਤੀ ਅਤੇ ਖ਼ੂਬ ਨਾਮ ਕਮਾਇਆ।
"ਉਨ੍ਹਾਂ ਦੀ ਸਭ ਤੋਂ ਵੱਡੀ ਜਿੱਤ ਗ਼ੁਲਾਮ ਮੋਹਿਉੱਦੀਨ 'ਤੇ ਸੀ, ਜੋ ਖ਼ੁਦ ਵੀ ਉਸ ਵੇਲੇ ਦੇ ਇੱਕ ਤੇਜ਼-ਤਰਾਰ ਭਲਵਾਨ ਸਨ।"
"ਇਨ੍ਹਾਂ ਵਰ੍ਹਿਆਂ ਵਿੱਚ ਸਿਰਫ਼ ਰਹੀਮ ਸੁਲਤਾਨੀ ਵਾਲਾ ਹੀ ਅਜਿਹੇ ਭਲਵਾਨ ਸਨ ਜੋ ਗਾਮਾ ਦੇ ਸਾਹਮਣੇ ਡਟ ਸਕੇ। 1907 ਤੋਂ 1909 ਦੇ ਵਿਚਕਾਰ ਇਨ੍ਹਾਂ ਦੋਵਾਂ ਭਲਵਾਨਾਂ ਵਿੱਚ ਤਿੰਨ ਮੁਕਾਬਲੇ ਹੋਏ ਪਰ ਕੋਈ ਵੀ ਸਪਸ਼ਟ ਜੇਤੂ ਨਾ ਬਣ ਸਕਿਆ। ਇਸਦੇ ਬਾਵਜੂਦ ਦਹਾਕੇ ਦੇ ਅੰਤ ਤੱਕ ਜ਼ਿਆਦਾਤਰ ਸਮੀਖ਼ਿਅਕ ਗਾਮਾ ਨੂੰ ਹਿੰਦੁਸਤਾਨ ਦਾ ਸਭ ਤੋਂ ਵੱਡਾ ਭਲਵਾਨ ਮੰਨਣ ਲੱਗੇ ਸਨ।"
ਲਖਨਵੀ ਦੇ ਮੁਤਾਬਕ ਖ਼ੁਦ ਗਾਮਾ ਨੇ ਆਪਣੀਆਂ 16 ਵੱਡੀਆਂ ਕੁਸ਼ਤੀਆਂ ਦੀ ਚਰਚਾ ਕਰਦੇ ਹੋਏ 12 ਸਾਲ ਦੀ ਉਮਰ ਵਿੱਚ ਪਹਿਲੀ ਕੁਸ਼ਤੀ ਜਿੱਤਣ ਦੀ ਗੱਲ ਦੱਸੀ।
ਸ਼ੇਖ਼ ਨੇ ਲਿਖਿਆ ਕਿ ਗ਼ੁਲਾਮ ਮੋਹਿਉੱਦੀਨ ਦੇ ਖ਼ਿਲਾਫ਼ ਇਸ ਕੁਸ਼ਤੀ ਨੂੰ ਉਸਤਾਦ ਲੋਕ 'ਅੱਧ-ਮਿੰਟੀ' ਕੁਸ਼ਤੀ ਦੱਸਦੇ ਹਨ। ਇਸ ਜਿੱਤ 'ਤੇ ਰਿਆਸਤ ਦਤੀਆ ਦੇ ਸ਼ਾਸਕ ਨੇ ਗਾਮਾ ਨੂੰ ਵੀਹ ਹਜ਼ਾਰ ਰੁਪਏ ਅਤੇ 22 ਸੇਰ ਵਜ਼ਨੀ ਚਾਂਦੀ ਦੀ ਗਦਾ ਇਨਾਮ ਵਿੱਚ ਦਿੱਤਾ।
'ਮੁਕਾਬਲਾ ਸਿਰਫ਼ ਰਹੀਮ ਸੁਲਤਾਨੀ ਵਾਲਾ ਕਰ ਸਕੇ'
ਗਾਮਾ ਨੇ ਰਹੀਮ ਸੁਲਤਾਨੀ ਵਾਲਾ ਨਾਲ ਪਹਿਲੀ ਵਾਰ ਮੁਕਾਬਲਾ ਬਰਾਬਰ ਰਹਿਣ ਨੂੰ 'ਇੱਕ ਤਰ੍ਹਾਂ ਦੀ ਜਿੱਤ' ਦੱਸਿਆ ਸੀ ਕਿਉਂਕਿ ਉਨ੍ਹਾਂ ਦੇ ਮੁਤਾਬਕ "ਹਿੰਦੁਸਤਾਨ ਵਿੱਚ ਉਸ ਵੇਲੇ ਦੂਜਾ ਉਨ੍ਹਾਂ ਦੀ ਟੱਕਰ ਦਾ ਭਲਵਾਨ ਨਹੀਂ ਸੀ।"
ਬਾਅਦ ਵਿੱਚ ਇੰਦੌਰ ਅਤੇ ਲਾਹੌਰ ਵਿੱਚ ਵੀ ਉਨ੍ਹਾਂ ਨਾਲ ਮੁਕਾਬਲਾ ਬਰਾਬਰ ਰਿਹਾ ਪਰ ਉਨ੍ਹਾਂ ਦੇ ਮੁਤਾਬਕ ਇਲਾਹਾਬਾਦ ਵਿੱਚ "ਖ਼ੁਦਾ ਨੇ ਮੈਨੂੰ ਫ਼ਤਹ ਦਿੱਤੀ ਅਤੇ ਰੁਸਤਮ-ਏ-ਹਿੰਦ ਦਾ ਗੁਰਜ਼ (ਗਦਾ) ਮੈਨੂੰ ਮਿਲ ਗਿਆ।"
ਸ਼ੇਖ਼ ਨੇ ਲਿਖਿਆ, "ਰਹੀਮ, ਰੁਸਤਮ-ਏ-ਜ਼ਮਾਂ ਦੀ ਜ਼ਦ ਵਿੱਚ ਆ ਗਏ। ਦਾਅ ਇੰਨਾ ਕਾਮਯਾਬ ਸੀ, ਵਾਰ ਇੰਨਾ ਡੂੰਘਾ ਸੀ ਕਿ ਮੁਕਾਬਲੇਬਾਜ਼ ਆਪਣੇ ਬੇਮਿਸਾਲ ਹੁਨਰ ਦੇ ਬਾਵਜੂਦ ਧੜਾਮ ਨਾਲ ਅਖਾੜੇ ਵਿੱਚ ਡਿੱਗ ਪਿਆ ਅਤੇ ਵਰ੍ਹਿਆਂ ਦੀ ਕਸ਼ਮਕਸ਼ ਦਾ ਫ਼ੈਸਲਾ ਹੋ ਗਿਆ। ਇਹ ਕੁਸ਼ਤੀ ਦਾ 45ਵਾਂ ਮਿੰਟ ਸੀ। ਰਹੀਮ ਨੇ ਆਪਣੀ ਹਾਰ ਕਬੂਲ ਕਰ ਲਈ।"
ਗਾਮਾ ਦਾ ਕਹਿਣਾ ਸੀ, "ਮੇਰਾ ਮੁਕਾਬਲਾ ਜੇ ਕੋਈ ਕਰ ਸਕਿਆ ਤਾਂ ਉਹ ਰਹੀਮ ਬਖ਼ਸ਼ ਸਨ ਅਤੇ ਉਨ੍ਹਾਂ ਦੀ ਵਜ੍ਹਾ ਨਾਲ ਮੈਨੂੰ ਸ਼ੋਹਰਤ ਮਿਲੀ।"
"ਹੁਸੈਨ ਬਖ਼ਸ਼ ਮੁਲਤਾਨੀ ਨੂੰ ਇੱਕ ਤੋਂ ਵੱਧ ਵਾਰ ਹਰਾਇਆ। ਪ੍ਰਿੰਸ ਆਫ਼ ਵੇਲਜ਼ ਦੇ ਲਾਹੌਰ ਆਗਮਨ 'ਤੇ ਹਾਤੂ ਖ਼ਾਂ ਮੁਲਤਾਨੀ ਨਾਲ ਕੁਸ਼ਤੀ ਤੈਅ ਸੀ ਪਰ ਉਹ ਮੁਕਾਬਲੇ ਵਿੱਚ ਨਹੀਂ ਆਏ। ਪ੍ਰਿੰਸ ਬਹਾਦੁਰ ਨੇ ਰੁਸਤਮ-ਏ-ਹਿੰਦ ਦਾ ਗੁਰਜ਼ ਮੈਨੂੰ ਦਿੱਤਾ।"
ਵਿਦੇਸ਼ੀ ਮੁਕਾਬਲੇ ਵਿੱਚ ਵੀ ਕਦੇ ਨਹੀਂ ਹਾਰੇ
ਗਾਮਾ ਨੇ ਵਿਸ਼ਵ ਪੱਧਰ 'ਤੇ ਵੀ ਆਪਣਾ ਨਾਮ ਕਮਾਇਆ ਅਤੇ ਅਜੇਤੂ ਰਹੇ।
ਸਾਲ 1910 ਵਿੱਚ ਗਾਮਾ ਨੂੰ 'ਜੌਨ ਬੁਲ ਵਰਲਡ ਚੈਂਪੀਅਨਸ਼ਿਪ' ਵਿੱਚ ਹਿੱਸਾ ਲੈਣ ਲਈ ਲੰਡਨ ਭੇਜਿਆ ਗਿਆ। ਗਾਮਾ, ਉਨ੍ਹਾਂ ਦੇ ਭਰਾ ਅਤੇ ਦੋ ਦੂਜੇ ਭਲਵਾਨਾਂ ਲਈ ਸਾਰਾ ਇੰਤਜ਼ਾਮ ਇੱਕ ਬੰਗਾਲੀ ਕਰੋੜਪਤੀ, ਸਰਤ ਕੁਮਾਰ ਮਿਤ੍ਰਾ ਨੇ ਕੀਤਾ।
ਆਲਟਰ ਨੇ ਲਿਖਿਆ ਕਿ ਬਦਕਿਸਮਤੀ ਨਾਲ ਗਾਮਾ ਦਾ ਕੱਦ ਇੰਨਾ ਘੱਟ ਸੀ ਕਿ ਉਨ੍ਹਾਂ ਨੂੰ ਅਧਿਕਾਰਕ ਤੌਰ 'ਤੇ ਮੁਕਾਬਲੇ ਦਾ ਉਮੀਦਵਾਰ ਸਵੀਕਾਰ ਨਹੀਂ ਕੀਤਾ ਗਿਆ।
"ਹਾਲਾਂਕਿ ਇੱਕ ਸਥਾਨਕ ਥੀਏਟਰ ਨੇ ਉਨ੍ਹਾਂ ਨੂੰ ਹਫਤਾਵਾਰੀ 250 ਪਾਊਂਡ ਸਟਰਲਿੰਗ ਦੇ ਬਦਲੇ ਨੁਮਾਇਸ਼ੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੀ ਪੇਸ਼ਕਸ਼ ਕੀਤੀ। ਇਸੀ ਗ਼ੈਰ-ਰਸਮੀ ਮੰਚ ਤੋਂ ਗਾਮਾ ਨੇ ਲੰਡਨ ਦੇ ਤਮਾਮ ਵਿਸ਼ਵ ਪੱਧਰ ਦੇ ਭਲਵਾਨਾਂ ਨੂੰ ਮੁਕਾਬਲੇ ਦੀ ਚੁਣੌਤੀ ਦਿੱਤੀ।
ਉਨ੍ਹਾਂ ਨੇ ਐਲਾਨ ਕੀਤਾ ਕਿ ਜੋ ਵੀ ਪੰਜ ਮਿੰਟ ਤੱਕ ਉਨ੍ਹਾਂ ਦੇ ਸਾਹਮਣੇ ਟਿਕ ਗਿਆ, ਉਸਨੂੰ ਉਹ ਪੰਜ ਪਾਊਂਡ ਦੇਣਗੇ।"
"ਗਾਮਾ ਮੁਕਾਬਲੇ ਵਿੱਚ ਉਤਰੇ ਸਾਰੇ ਭਲਵਾਨਾਂ ਨੂੰ ਬਹੁਤ ਘੱਟ ਸਮੇਂ ਵਿੱਚ ਪਛਾੜਦੇ ਰਹੇ। ਇਸ ਤਰ੍ਹਾਂ ਉਨ੍ਹਾਂ ਨੂੰ ਅਧਿਕਾਰਤ ਟੂਰਨਾਮੈਂਟ ਵਿੱਚ ਜਗ੍ਹਾ ਮਿਲ ਗਈ ਜਿੱਥੇ ਉਨ੍ਹਾਂ ਦਾ ਮੁਕਾਬਲਾ ਵਰਲਡ ਚੈਂਪੀਅਨ ਜ਼ਬਿਸ਼ਕੋ ਨਾਲ ਹੋਇਆ।"
ਕਿਡਾਂਬੀ ਦੇ ਮੁਤਾਬਕ ਜਿਵੇਂ ਹੀ ਦੋਵੇਂ ਭਲਵਾਨ ਆਹਮੋ-ਸਾਹਮਣਏ ਆਏ, ਪੋਲਿਸ਼ ਭਲਵਾਨ ਤੁਰੰਤ ਜ਼ਮੀਨ 'ਤੇ ਲੇਟ ਗਿਆ ਅਤੇ ਬਾਕਾਇਦਾ ਕੁਸ਼ਤੀ ਲੜਨ ਦੀਆਂ ਤਮਾਮ ਕੋਸ਼ਿਸ਼ਾਂ ਤੋਂ ਬਚਦਾ ਰਿਹਾ।
"ਗਾਮਾ ਦੀ ਪੂਰੀ ਕੋਸ਼ਿਸ਼ਾਂ ਅਤੇ ਸਟੇਡੀਅਮ ਵਿੱਚ ਮੌਜੂਦ ਅੱਠ ਹਜ਼ਾਰ ਦਰਸ਼ਕਾਂ ਦੇ ਨਾਰਿਆਂ ਦੇ ਬਾਵਜੂਦ ਉਹ ਆਪਣੀ ਇਸ ਹਾਲਤ ਤੋਂ ਨਹੀਂ ਹਿਲਿਆ। ਆਖ਼ਿਰਕਾਰ ਢਾਈ ਘੰਟਿਆਂ ਤੋਂ ਕੁਝ ਵੱਧ ਸਮਾਂ ਬੀਤਣ ਤੋਂ ਬਾਅਦ ਇਸ 'ਬੇਨਤੀਜਾ' ਮੁਕਾਬਲੇ ਨੂੰ ਖ਼ਤਮ ਕਰ ਦਿੱਤਾ ਗਿਆ।"
"ਜਦੋਂ ਗੁੱਸੇ ਨਾਲ ਭਰੇ ਦਰਸ਼ਕਾਂ ਦੇ ਕੁਝ ਸਮੂਹ ਵਿਰੋਧ ਕਰਨ ਲਈ ਮੈਦਾਨ ਵਿੱਚ ਉਤਰ ਆਏ ਤਾਂ ਨਤੀਜਾ ਹਾਸਲ ਕਰਨ ਦੇ ਮਕਸਦ ਨਾਲ ਅਗਲੇ ਹਫ਼ਤੇ ਦੁਬਾਰਾ ਮੁਕਾਬਲਾ ਤੈਅ ਕੀਤਾ ਗਿਆ।"
"ਹਾਲਾਂਕਿ ਗਾਮਾ ਤੈਅ ਸਮੇਂ 'ਤੇ ਸਟੇਡੀਅਮ ਪਹੁੰਚ ਗਏ ਪਰ ਜ਼ਬਿਸ਼ਕੋ ਦਾ ਕਿਤੇ ਅਤਾ-ਪਤਾ ਨਹੀਂ ਸੀ। ਇਸ ਲਈ ਗਾਮਾ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ 250 ਪਾਊਂਡ ਦਾ ਇਨਾਮ ਦਿੱਤਾ ਗਿਆ। ਸੰਸਦ ਮੈਂਬਰ ਹੋਰੇਸ਼ਿਓ ਬਾਟਮਲੀ ਨੇ ਉਨ੍ਹਾਂ ਨੂੰ 'ਜੌਨ ਬੁਲ ਗੋਲਡਨ ਬੈਲਟ' ਵੀ ਭੇਟ ਕੀਤੀ ਜਿਸਨੂੰ ਰੁਸਤਮ-ਏ-ਜ਼ਮਾਨਾ ਦਾ ਪ੍ਰਮਾਣਪੱਤਰ ਮੰਨਿਆ ਜਾ ਚੁੱਕਾ ਸੀ।"
ਗਾਮਾ ਅਤੇ ਉਨ੍ਹਾਂ ਦੇ ਸਾਥੀ 1912 ਵਿੱਚ ਪਟਿਆਲਾ ਦੇ ਰਾਜਾ ਭੂਪਿੰਦਰ ਸਿੰਘ ਦੇ ਕੋਲ ਕੰਮ ਕਰਨ ਲੱਗੇ। ਉਨ੍ਹਾਂ ਦੀ ਤਨਖ਼ਾਹ 500 ਰੁਪਏ ਮਹੀਨਾ ਤੈਅ ਹੋਈ ਅਤੇ ਬਾਕੀ ਭਲਵਾਨਾਂ ਦੀ ਸੌ ਰੁਪਏ ਤੋਂ ਤੀਹ ਰੁਪਏ ਤੱਕ।

ਤਸਵੀਰ ਸਰੋਤ, Getty Images
ਅਠਾਰਾਂ ਸਾਲ ਬਾਅਦ ਜ਼ਬਿਸ਼ਕੋ ਦੀ ਫਿਰ ਲਲਕਾਰ
ਪਟਿਆਲਾ ਵਿੱਚ ਹੀ ਜ਼ਬਿਸ਼ਕੋ ਦੀ ਹਾਰ ਦੇ 18 ਸਾਲ ਬਾਅਦ ਉਸੇ ਦੀ ਚੁਣੌਤੀ 'ਤੇ ਫਿਰ ਤੋਂ ਕੁਸ਼ਤੀ ਰੱਖੀ ਗਈ।
ਉਸ ਸਮੇਂ 'ਹਿੰਦੁਸਤਾਨ ਟਾਈਮਜ਼' ਨੇ ਲਿਖਿਆ ਕਿ ਇਸ ਮੁਕਾਬਲੇ ਲਈ ਬਣਾਏ ਗਏ ਸਟੇਡੀਅਮ ਵਿੱਚ, 'ਇੱਕ ਲੱਖ ਤੋਂ ਵੱਧ ਲੋਕ' ਨਾਰੇ ਲਗਾ ਰਹੇ ਸਨ।
ਜੋਸੇਫ਼ ਆਲਟਰ ਨੇ ਆਪਣੀ ਕਿਤਾਬ 'ਗਾਂਧੀਜ਼ ਬਾਡੀ' ਦੇ ਇੱਕ ਅਧਿਆਇ 'ਗਾਮਾ ਦਿ ਗ੍ਰੇਟ' ਵਿੱਚ ਲਿਖਿਆ ਕਿ ਮੁਕਾਬਲਾ ਚਾਰ ਵਜੇ ਸ਼ੁਰੂ ਹੋਣਾ ਸੀ ਪਰ ਜ਼ਬਿਸ਼ਕੋ ਦੇ ਦੇਰ ਨਾਲ ਪਹੁੰਚਣ ਕਾਰਨ ਸਵਾ ਚਾਰ ਵਜੇ ਸ਼ੁਰੂ ਹੋਇਆ।
"ਸ਼ੁਰੂਆਤ ਹੋਈ ਹੀ ਸੀ ਕਿ ਗਾਮਾ ਨੇ ਤਿੰਨ ਸੌ ਪਾਊਂਡ ਵਜ਼ਨੀ ਪੋਲਿਸ਼ ਭਲਵਾਨ ਦੀ ਇੱਕ ਟੰਗ ਫੜੀ ਅਤੇ ਦੂਜੀ ਨੂੰ ਜ਼ਮੀਨ ਤੋਂ ਉਖਾੜ ਦਿੱਤਾ। ਪਲਾਂ ਵਿੱਚ ਜ਼ਬਿਸ਼ਕੋ ਹਾਰ ਪਏ ਸਨ।"
ਆਪਣੀ ਕਿਤਾਬ 'ਨੇਸ਼ਨ ਐਟ ਪਲੇ: ਏ ਹਿਸਟਰੀ ਆਫ਼ ਸਪੋਰਟ ਇਨ ਇੰਡੀਆ' ਵਿੱਚ ਰੋਨੋਜੋਏ ਸੇਨ ਲਿਖਦੇ ਹਨ, "ਗਾਮਾ ਸ਼ੇਰ ਵਾਂਗ ਝਪੱਟੇ ਅਤੇ ਸਿਰਫ਼ 30 ਸਕਿੰਟ ਵਿੱਚ ਜ਼ਬਿਸ਼ਕੋ ਨੂੰ ਜ਼ਮੀਨ 'ਤੇ ਸੁੱਟ ਦਿੱਤਾ।"
"ਚਾਰੋਂ ਪਾਸੇ ਜ਼ੋਰਦਾਰ ਅਤੇ ਲਗਾਤਾਰ ਨਾਰਿਆਂ ਦੀ ਗੂੰਜ ਸੀ। ਗਾਮਾ ਅੱਧਾ ਮਿੰਟ ਜ਼ਬਿਸ਼ਕੋ ਦੇ ਉੱਪਰ ਬੈਠੇ ਰਹੇ, ਫਿਰ ਰੈਫ਼ਰੀ ਨੇ ਉਨ੍ਹਾਂ ਨੂੰ ਜੇਤੂ ਅਤੇ ਵਰਲਡ ਚੈਂਪੀਅਨ ਐਲਾਨ ਦਿੱਤਾ।"
ਆਲਟਰ ਦੇ ਅਨੁਸਾਰ, "ਪਟਿਆਲਾ ਦੇ ਮਹਾਰਾਜਾ ਨੇ ਗਾਮਾ ਨੂੰ ਗਲੇ ਲਾ ਲਿਆ ਅਤੇ ਕੀਮਤੀ ਮੋਤੀਆਂ ਦਾ ਇੱਕ ਹਾਰ ਆਪਣੇ ਗਲ ਤੋਂ ਉਤਾਰ ਕੇ ਉਨ੍ਹਾਂ ਨੂੰ ਪਹਿਨਾ ਦਿੱਤਾ।"
ਫਿਰ ਇੱਕ ਜਲੂਸ ਦਾ ਪ੍ਰਬੰਧ ਕੀਤਾ ਗਿਆ ਜਿਸ ਦੇ ਅੱਗੇ ਮਹਾਰਾਜਾ ਦੇ ਹਾਥੀ 'ਤੇ ਸਵਾਰ ਗਾਮਾ ਸਨ। ਉਨ੍ਹਾਂ ਨੂੰ ਇੱਕ ਚਾਂਦੀ ਦਾ ਗੁਰਜ਼, ਛੇ ਹਜ਼ਾਰ ਰੁਪਏ ਸਾਲਾਨਾ ਵਜ਼ੀਫ਼ਾ ਅਤੇ ਇੱਕ ਪਿੰਡ ਇਨਾਮ ਵਿੱਚ ਦਿੱਤਾ ਗਿਆ।
ਇਸ ਜਿੱਤ 'ਤੇ ਅਖ਼ਬਾਰਾਂ ਵਿੱਚ ਗਾਮਾ ਦੀ ਧੂਮ ਸੀ। ਜ਼ਬਿਸ਼ਕੋ ਦੇ ਇਹ ਸ਼ਬਦ ਛਪੇ, "ਗਾਮਾ, ਤੁਸੀਂ ਵਾਕਈ ਸ਼ੇਰ ਹੋ।"
ਗਾਮਾ ਦੇ ਰੁਸਤਮ-ਏ-ਜ਼ਮਾਂ ਦੇ ਖ਼ਿਤਾਬ ਨੂੰ ਪੱਕਾ ਕਰਦਾ ਇਹ ਮੁਕਾਬਲਾ ਉਮੀਦ ਤੋਂ ਕਿਤੇ ਵੱਧ ਛੋਟਾ ਸਾਬਤ ਹੋਇਆ ਸੀ।
ਭਲਵਾਨੀ ਦੇ ਇਤਿਹਾਸਕਾਰ ਅਖ਼ਤਰ ਹੁਸੈਨ ਸ਼ੇਖ਼ ਦੇ ਮੁਤਾਬਕ ਖ਼ੁਦ ਗਾਮਾ ਕਹਿੰਦੇ ਹੁੰਦੇ ਸਨ, "ਜਿਸਨੇ ਘੜੀ ਵੇਖੀ, ਉਹ ਕੁਸ਼ਤੀ ਨਹੀਂ ਵੇਖ ਸਕਿਆ, ਜਿਸਨੇ ਸਿਗਰਟ ਸੁਲਗਾਈ, ਉਹ ਵੀ ਕੁਸ਼ਤੀ ਨਹੀਂ ਵੇਖ ਸਕਿਆ।"
ਸੇਨ ਨੇ ਲਿਖਿਆ ਕਿ ਪ੍ਰਬੰਧਕਾਂ ਨੇ ਬਿਜਲੀ ਦੇ ਬਲਬ ਅਤੇ ਸਰਚ ਲਾਈਟਾਂ ਲਗਾ ਰੱਖੀਆਂ ਸਨ ਕਿਉਂਕਿ ਉਨ੍ਹਾਂ ਨੂੰ ਲੱਗਿਆ ਸੀ ਕਿ ਜੇ ਮੁਕਾਬਲਾ 1910 ਦੇ ਲੰਡਨ ਦੇ ਮੁਕਾਬਲੇ ਵਾਂਗ ਦੋ ਘੰਟਿਆਂ ਤੋਂ ਵੱਧ ਜਾਰੀ ਰਿਹਾ ਤਾਂ ਰੌਸ਼ਨੀ ਦੀ ਲੋੜ ਪਵੇਗੀ।

ਤਸਵੀਰ ਸਰੋਤ, Google
ਪੀਟਰਸਨ ਦੀ ਸ਼ਿਕਸਤ
ਪਟਿਆਲਾ ਦੇ ਮੁਕਾਬਲੇ ਤੋਂ ਬਾਅਦ ਜੈਸ ਪੀਟਰਸਨ ਨੇ, ਜੋ ਖ਼ੁਦ ਨੂੰ ਦੁਨੀਆ ਦੇ ਤਮਾਮ ਚੈਂਪੀਅਨਾਂ ਦਾ ਚੈਂਪੀਅਨ ਕਹਿੰਦੇ ਸਨ, 'ਟਾਈਮਜ਼ ਆਫ਼ ਇੰਡੀਆ' ਦੇ ਸੰਪਾਦਕ ਦੇ ਨਾਮ ਖ਼ਤ ਲਿਖ ਕੇ ਗਾਮਾ ਨੂੰ ਚੁਣੌਤੀ ਦਿੱਤੀ।
ਪੈਰਿਸ ਵਿੱਚ ਰਹਿਣ ਵਾਲੇ ਪੀਟਰਸਨ ਦਾ ਦਾਅਵਾ ਸੀ ਕਿ ਉਹ ਜ਼ਬਿਸ਼ਕੋ ਨੂੰ ਤਿੰਨ ਵਾਰ ਹਰਾ ਚੁੱਕੇ ਹਨ ਅਤੇ ਉਨ੍ਹਾਂ ਨੇ ਮਹਾਰਾਜਾ ਨੂੰ ਮੁਕਾਬਲੇ ਦਾ ਇੰਤਜ਼ਾਮ ਕਰਨ ਦੀ ਅਪੀਲ ਕੀਤੀ।
ਇਹ ਮੁਕਾਬਲਾ 1929 ਦੀ ਸ਼ੁਰੂਆਤ ਵਿੱਚ ਪਟਿਆਲਾ ਵਿੱਚ ਦਸ ਹਜ਼ਾਰ ਦਰਸ਼ਕਾਂ ਅਤੇ ਪਟਿਆਲਾ ਤੇ ਉਸ ਦੇ ਆਸਪਾਸ ਦੀਆਂ ਰਿਆਸਤਾਂ ਦੇ ਸ਼ਾਹੀ ਪਰਿਵਾਰ ਦੇ ਸਾਹਮਣੇ ਹੋਇਆ।
ਗਾਮਾ ਨੇ ਇਸ ਵਿੱਚ ਵੀ ਆਸਾਨੀ ਨਾਲ ਕਾਮਯਾਬੀ ਹਾਸਲ ਕੀਤੀ।
ਇਸ ਤਰ੍ਹਾਂ ਦੀਆਂ ਚੁਣੌਤੀਆਂ ਦੇਸ਼ ਅਤੇ ਵਿਦੇਸ਼ ਤੋਂ ਗਾਮਾ ਨੂੰ ਮਿਲਦੀਆਂ ਰਹੀਆਂ ਪਰ ਗਾਮਾ ਹਮੇਸ਼ਾ ਅਜੇਤੂ ਰਹੇ।
ਇੱਕ ਅਪ੍ਰੈਲ 1912 ਨੂੰ ਸ਼ਾਹੀ ਕਿਲੇ ਦੇ ਸਾਹਮਣੇ ਮਿੰਟੋ ਪਾਰਕ ਵਿੱਚ ਗਾਮਾ ਅਤੇ ਬੁੱਧੂ ਬ੍ਰਾਹਮਣ ਦਾ ਮੁਕਾਬਲਾ ਹੋਇਆ।
ਅਖ਼ਤਰ ਸ਼ੇਖ਼ ਲਿਖਦੇ ਹਨ ਕਿ ਹੱਥਾਂ ਵਿੱਚ ਹੱਥ ਪਾਉਂਦੇ ਹੀ ਗਾਮਾ ਨੇ 'ਇਕਹਰਾ ਪਟ' ਖਿੱਚ ਲਿਆ ਅਤੇ ਆੜ ਲਗਾ ਕੇ ਮੁਕਾਬਲੇਬਾਜ਼ ਨੂੰ ਹੇਠਾਂ ਦਬਾ ਲਿਆ। ਫਿਰ ਗਰਦਨ 'ਤੇ ਹੱਥ ਰੱਖ ਕੇ ਬੁੱਧੂ ਦੀ ਪਲਟੀ ਪਵਾਈ।
ਉਸਤਾਦ ਲੋਕ ਇਸਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ ਕਿ ਗਾਮਾ ਨੇ "ਅੱਗੇ ਰੱਖਿਆ, ਕੁੰਡਾ ਪਾਇਆ ਅਤੇ ਸਿੱਧਾ ਕਰ ਦਿੱਤਾ।"
ਬਰਕਤ ਅਲੀ ਦੱਸਦੇ ਹਨ ਕਿ 55 ਤੋਂ 65 ਸਾਲ ਦੀ ਉਮਰ ਵਿੱਚ ਗਾਮਾ ਨੇ ਕੁਝ ਕਸਰਤਾਂ ਵਿੱਚ ਥੋੜ੍ਹੀ ਕਮੀ ਕਰ ਦਿੱਤੀ ਸੀ।
ਲਖਨਵੀ ਦੇ ਮੁਤਾਬਕ ਜੈਕ ਵੁਡ ਨੇ 1940 ਵਿੱਚ 'ਮੈਨਚੇਸਟਰ ਗਾਰਡੀਅਨ' ਵਿੱਚ ਲਿਖਿਆ ਕਿ ਗਾਮਾ ਮੌਜੂਦਾ ਸਮੇਂ ਦਾ ਸਭ ਤੋਂ ਵੱਡੇ ਭਲਵਾਨ ਹਨ। ਉਦੋਂ ਗਾਮਾ ਦੀ ਉਮਰ ਸੱਠ ਸਾਲ ਸੀ।
"ਉਹ ਤਿੰਨ ਹਜ਼ਾਰ ਕੁਸ਼ਤੀਆਂ ਲੜ ਚੁੱਕੇ ਹਨ ਪਰ ਕਦੇ ਸ਼ਿਕਸਤ ਨਹੀਂ ਖਾਦੀ।"
ਗਾਮਾ ਕੁਝ ਸਮੇਂ ਲਈ ਲਾਹੌਰ ਅਤੇ ਕੁਝ ਸਮੇਂ ਪਟਿਆਲਾ ਵਿੱਚ ਰਹਿੰਦੇ ਸਨ। ਸਾਲ 1947 ਵਿੱਚ ਜਦੋਂ ਉਪਮਹਾਦੀਪ ਦੀ ਵੰਡ ਹੋਈ ਤਾਂ ਗਾਮਾ ਪਟਿਆਲਾ ਤੋਂ ਲਾਹੌਰ ਚਲੇ ਗਏ।
ਸ਼ੇਖ਼ ਦੇ ਮੁਤਾਬਕ ਗਾਮਾ ਦੇ ਨਾਲ ਉਨ੍ਹਾਂ ਦੇ ਭਰਾ ਇਮਾਮ ਬਖ਼ਸ਼ ਅਤੇ ਭਤੀਜੇ ਭੋਲੂ ਭਰਾਵਾਂ ਨੇ ਵੀ ਲਾਹੌਰ ਵਿੱਚ ਹੀ ਡੇਰਾ ਜਮਾਇਆ। ਇੱਕ ਵੇਲਾ ਅਜਿਹਾ ਵੀ ਆਇਆ ਕਿ ਭਰਾ ਇਮਾਮ ਬਖ਼ਸ਼, ਗਾਮਾ ਦੀ ਰੁਸਤਮ-ਏ-ਜ਼ਮਾਨਾ ਦੇ ਰੱਖਿਅਕ ਬਣ ਗਏ।
ਗਾਮਾ ਲਾਹੌਰ ਆ ਗਏ ਤਾਂ ਉਨ੍ਹਾਂ ਦਾ ਮਕਾਨ ਕੇਸਰ ਸਿੰਘ ਭਲਵਾਨ ਨੂੰ ਮਿਲਿਆ ਜੋ ਬਾਅਦ ਵਿੱਚ ਰੁਸਤਮ-ਏ-ਹਿੰਦ ਬਣੇ।
ਗਾਮਾ ਦੇ ਆਖ਼ਰੀ ਸਾਲ
ਗਾਮਾ ਅਤੇ ਫ਼ਹੀਮੁੱਦੀਨ ਫ਼ਹਮੀ ਦੇ ਨਾਨਾ ਕਰੀਮ ਬਖ਼ਸ਼ ਵਿੱਚ ਡੂੰਘੀ ਦੋਸਤੀ ਸੀ। ਜਵਾਨੀ ਤੋਂ ਬਾਅਦ ਉਨ੍ਹਾਂ ਦੀ ਗਾਮਾ ਨਾਲ ਮੁਲਾਕਾਤ ਕਰਾਚੀ ਵਿੱਚ ਹੋਈ ਜਿੱਥੇ ਉਨ੍ਹਾਂ ਨੇ ਇੱਕ ਟਰਾਂਸਪੋਰਟ ਸਰਵਿਸ ਸ਼ੁਰੂ ਕੀਤੀ ਸੀ। ਇਸ ਲਈ ਉਨ੍ਹਾਂ ਨੇ ਫ਼ਹਮੀ ਨੂੰ ਮੈਨੇਜਰ ਬਣਾ ਲਿਆ ਸੀ।
ਫ਼ਹਮੀ ਲਿਖਦੇ ਹਨ, "ਕੁਝ ਲੋਕ ਕਹਿੰਦੇ ਹਨ ਉਨ੍ਹਾਂ ਦਾ ਨਾਮ ਗ਼ੁਲਾਮ ਮੁਹੰਮਦ ਸੀ, ਕੁਝ ਦਾ ਮੰਨਣਾ ਹੈ ਗ਼ੁਲਾਮ ਬਖ਼ਸ਼, ਪਰ ਉਨ੍ਹਾਂ ਦਾ ਨਾਮ ਗ਼ੁਲਾਮ ਹੁਸੈਨ ਸੀ।"
"ਜਿਨ੍ਹਾਂ ਦਿਨਾਂ ਵਿੱਚ ਉਨ੍ਹਾਂ ਨੇ ਟਰਾਂਸਪੋਰਟ ਦੇ ਕਾਰੋਬਾਰ ਲਈ 'ਰਿਫ਼ਿਊਜੀ ਰਿਹੈਬਿਲਿਟੇਸ਼ਨ ਫ਼ਾਇਨੈਂਸ ਕਾਰਪੋਰੇਸ਼ਨ' ਤੋਂ ਦਸ ਹਜ਼ਾਰ ਰੁਪਏ ਦਾ ਕਰਜ਼ ਲਿਆ ਤਾਂ ਸਾਰੇ ਕਾਗ਼ਜ਼ਾਤ 'ਤੇ 'ਗ਼ੁਲਾਮ ਹੁਸੈਨ ਉਰਫ਼ ਗਾਮਾ' ਦੇ ਨਾਮ ਦੀ ਐਂਟਰੀ ਹੋਈ ਸੀ।"
1954 ਵਿੱਚ ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੋ ਗਈ। ਕਰਾਚੀ ਦਾ ਕਾਰੋਬਾਰ ਸਮੇਟ ਕੇ ਉਹ ਲਾਹੌਰ ਵਾਪਸ ਆ ਗਏ ਅਤੇ ਫ਼ਹਮੀ ਨੂੰ ਵੀ ਨਾਲ ਲੈ ਗਏ। ਗਾਮਾ ਫ਼ਹਮੀ ਨੂੰ ਪਿਆਰ ਨਾਲ ਚਾਚਾ ਕਹਿੰਦੇ ਸਨ।
ਦਿਲ ਦਾ ਪਹਿਲਾ ਦੌਰਾ ਪੈਣ ਤੋਂ ਪਹਿਲਾਂ ਆਖ਼ਰੀ ਵਾਰ ਦੁਨੀਆ ਦੇ ਸਾਰੇ ਭਲਵਾਨਾਂ ਨੂੰ ਕੁਸ਼ਤੀ ਦੀ ਖੁੱਲ੍ਹੀ ਚੁਣੌਤੀ ਲਾਹੌਰ ਤੋਂ ਹੀ ਦਿੱਤੀ ਗਈ ਸੀ।
ਫ਼ਹਮੀ ਨੇ ਗਾਮਾ ਭਲਵਾਨ ਦੇ ਨਾਲ ਲਾਹੌਰ ਵਿੱਚ ਹੀ ਰਹਿੰਦੇ ਹੋਏ ਉਨ੍ਹਾਂ ਦੀ ਜੀਵਨੀ ਪੂਰੀ ਕੀਤੀ।

ਤਸਵੀਰ ਸਰੋਤ, Newspaper archives
'ਕੱਚੀ ਪਾਸ, ਪੱਕੀ ਫ਼ੇਲ' ਪਰ ਸਾਹਿਤ ਅਤੇ ਸ਼ਾਇਰੀ ਨਾਲ ਲਗਾਵ
ਫ਼ਹਮੀ ਦੇ ਮੁਤਾਬਕ ਉਹ ਅਕਸਰ ਵੱਡੇ ਚੁਲਬੁਲੇ ਅਤੇ ਫ਼ਖ਼ਰ ਭਰੇ ਲਹਿਜ਼ੇ ਵਿੱਚ ਕਹਿੰਦੇ ਸਨ ਕਿ ਉਹ 'ਕੱਚੀ ਪਾਸ, ਪੱਕੀ ਫ਼ੇਲ' (ਪ੍ਰਾਈਮਰੀ ਫ਼ੇਲ) ਹਨ, ਪਰ ਉਰਦੂ ਬੋਲਦੇ ਤਾਂ ਗੁਲਾਬੀ ਅਤੇ ਪੰਜਾਬੀ ਬੋਲਦੇ ਤਾਂ ਬਿਲਕੁਲ ਠੇਠ।
ਖ਼ੁਦ ਗਾਮਾ ਦੇ ਮੁਤਾਬਕ ਚਾਰ ਮਹੀਨੇ ਲੰਡਨ ਵਿੱਚ ਰਹਿਣ ਦੀ ਵਜ੍ਹਾ ਨਾਲ ਅੰਗਰੇਜ਼ੀ ਭਾਸ਼ਾ ਦੀ ਵੀ ਥੋੜ੍ਹੀ-ਬਹੁਤ ਸਮਝ ਪੈਦਾ ਹੋ ਗਈ ਸੀ।
"ਜੇ ਅੱਜ ਸ਼ੇਰ-ਓ-ਸ਼ਾਇਰੀ ਦੀ ਮਹਫ਼ਿਲ ਸਜੀ ਹੈ ਤਾਂ ਕੱਲ੍ਹ ਕਿਸੇ ਚੰਗੇ ਅਫ਼ਸਾਨਾਨਿਗਾਰ (ਕਹਾਣੀਕਾਰ) ਦਾ ਅਫ਼ਸਾਨਾ ਮਜ਼ੇ ਲੈ-ਲੈ ਕੇ ਸੁਣਿਆ ਜਾ ਰਿਹਾ ਹੈ। ਕਦੇ ਇਕਬਾਲ ਦੀ 'ਬਾਂਗ-ਏ-ਦਰਾ' ਦਾ ਦੌਰ ਹੈ ਤਾਂ ਕਦੇ 'ਦੀਵਾਨ-ਏ-ਬੇਦਮ' ਦਾ! ਹਿੰਦੀ ਕਵੀਆਂ ਦੇ ਦੋਹੇ ਵੀ ਉਨ੍ਹਾਂ ਨੂੰ ਯਾਦ ਸਨ।"
ਫ਼ਹਮੀ ਦੇ ਮੁਤਾਬਕ, "ਮੈਂ ਜਦੋਂ ਤੱਕ ਰੁਸਤਮ-ਏ-ਜ਼ਮਾਂ ਦੇ ਨਾਲ ਰਿਹਾ ਤਾਂ ਸਵੇਰੇ ਚਾਰ ਵਜੇ ਉੱਠਣ ਦੇ ਆਦੀ ਸਨ। ਮੌਸਮ ਕਿਹੋ-ਜਿਹਾ ਵੀ ਹੋਵੇ, ਬਦਨ 'ਤੇ ਸਿਰਫ਼ ਇੱਕ ਲੰਗੋਟ ਪਹਿਨ ਕੇ ਅਖਾੜੇ ਪਹੁੰਚ ਜਾਂਦੇ, ਪ੍ਰੈਕਟਿਸ ਪੂਰੀ ਕਰ ਤਾਜ਼ਾ ਪਾਣੀ ਨਾਲ ਨਹਾਉਂਦੇ ਅਤੇ ਫਿਰ ਕਿਸੇ ਦੂਜੇ ਕੰਮ 'ਤੇ ਧਿਆਨ ਦਿੰਦੇ।"
ਲਖਨਵੀ ਲਿਖਦੇ ਹਨ ਕਿ ਬਾਅਦ ਵਿੱਚ ਰਾਵੀ ਦਰਿਆ ਦੇ ਕਿਨਾਰੇ ਇੱਕ ਫੂਸ ਦਾ ਬੰਗਲਾ ਬਣਵਾਇਆ ਸੀ। ਠੰਢੇ ਸਮੇਂ ਵਿੱਚ ਇੱਕ ਛਾਂ ਵਾਲੇ ਰੁੱਖ ਦੇ ਹੇਠਾਂ ਲੇਟੇ ਰਹਿੰਦੇ ਸਨ।
ਪਰ ਫਿਰ ਏਬੀ ਰਾਜਪੂਤ, ਜੋ ਲਾਹੌਰ ਜਾ ਕੇ ਬੀਮਾਰ ਗਾਮਾ ਨਾਲ ਮਿਲੇ, ਉਨ੍ਹਾਂ ਨੇ ਅੰਗਰੇਜ਼ੀ ਹਫ਼ਤਾਵਾਰੀ 'ਇਲਸਟ੍ਰੇਟਡ ਵੀਕਲੀ ਆਫ਼ ਬੌੰਬੇ' ਦੇ 7 ਫ਼ਰਵਰੀ 1960 ਦੇ ਅੰਕ ਵਿੱਚ ਲਿਖਿਆ ਕਿ ਆਪਣੀ ਕੁਸ਼ਤੀ ਦੀ ਕਲਾ ਨਾਲ ਦੁਨੀਆ ਭਰ ਨੂੰ ਚਕਾਚੌਂਧ ਕਰ ਦੇਣ ਵਾਲੀ ਸ਼ਮਾ ਆਪਣੀਆਂ ਆਖ਼ਰੀ ਹਿਚਕੀਆਂ ਲੈ ਰਹੀ ਹੈ।
ਗਾਮਾ ਦੀ ਬੀਮਾਰੀ ਦੀ ਖ਼ਬਰ ਸੁਣ ਕੇ ਜ਼ਬਿਸ਼ਕੋ ਨੇ ਹਾਲ-ਚਾਲ ਜਾਣਨ ਲਈ ਖ਼ਤ ਲਿਖਿਆ। ਉਨ੍ਹਾਂ ਨੇ ਲਿਖਿਆ, "ਮੈਂ ਹਜ਼ਾਰਾਂ ਬਲਵਾਨਾਂ ਨਾਲ ਮੁਕਾਬਲੇ ਕੀਤੇ ਪਰ ਜਿਸ ਆਸਾਨੀ ਨਾਲ ਗਾਮਾ ਨੇ ਮੈਨੂੰ ਲਾਚਾਰ ਕੀਤਾ, ਇਹੋ ਜਿਹਾ ਕੋਈ ਦੂਜਾ ਨਾ ਕਰ ਸਕਿਆ।"
ਗਾਮਾ ਨੇ ਜਵਾਬ ਵਿੱਚ ਖ਼ਤ ਲਿਖ ਕੇ ਹਾਲ-ਚਾਲ ਪੁੱਛਣ ਲਈ ਸ਼ੁਕਰੀਆ ਅਦਾ ਕੀਤਾ।

ਤਸਵੀਰ ਸਰੋਤ, Getty Images
ਗਾਮਾ ਦਾ ਕੁਲਸੁਮ ਨਵਾਜ਼ ਨਾਲ ਕੀ ਰਿਸ਼ਤਾ ਸੀ?
ਗਾਮਾ ਦੀ ਪਹਿਲੀ ਪਤਨੀ ਦੇ ਦੇਹਾਂਤ ਤੋਂ ਬਾਅਦ ਦੂਜੀ ਪਤਨੀ ਵਜ਼ੀਰ ਬੇਗਮ ਤੋਂ ਪੰਜ ਪੁੱਤਰ ਪੈਦਾ ਹੋਏ ਪਰ ਕੋਈ ਜ਼ਿੰਦਾ ਨਾ ਬਚਿਆ। ਚਾਰ ਧੀਆਂ ਸਨ।
ਗਾਮਾ ਦੀ ਇੱਕ ਧੀ ਰਜ਼ੀਆ ਬੇਗ਼ਮ ਦਾ ਵਿਆਹ ਡਾਕਟਰ ਮੁਹੰਮਦ ਹਫ਼ੀਜ਼ ਨਾਲ ਹੋਇਆ। ਉਨ੍ਹਾਂ ਦੀ ਧੀ, ਭਾਵ ਗਾਮਾ ਦੀ ਦੋਹਤੀ ਕੁਲਸੁਮ ਦਾ ਵਿਆਹ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਹੋਇਆ।
ਅਖ਼ਤਰ ਸ਼ੇਖ਼ ਲਿਖਦੇ ਹਨ ਕਿ 22 ਮਈ 1960 ਨੂੰ ਬੇਗ਼ਮ ਗਾਮਾ ਨੂੰ ਰਾਵੀ ਪਾਰ ਵਾਲੇ ਬਾਗ਼ ਜਾਣਾ ਪਿਆ। ਗਾਮਾ ਦੇ ਕੋਲ ਉਨ੍ਹਾਂ ਦੀ ਧੀ ਗੀਤੀ ਆਰਾ ਮੌਜੂਦ ਸਨ। ਉਨ੍ਹਾਂ ਤੋਂ ਵਾਅਦਾ ਲਿਆ ਕਿ ਉਨ੍ਹਾਂ ਤੋਂ ਬਾਅਦ ਮਾਂ ਦਾ ਖ਼ਿਆਲ ਰੱਖਣਗੀਆਂ ਅਤੇ ਉਨ੍ਹਾਂ ਦੇ ਸਾਹਮਣੇ ਹੰਝੂ ਨਹੀਂ ਵਹਾਉਣਗੀਆਂ। ਗਾਮਾ ਨੇ ਹੱਥ ਚੁੱਕ ਕੇ ਉਨ੍ਹਾਂ ਨੂੰ ਦੁਆ ਦਿੱਤੀ।
ਦੋ ਲੱਡੂ ਖਾਧੇ
ਇੱਨੀ ਦੇਰ ਵਿੱਚ ਵਜ਼ੀਰ ਬੇਗ਼ਮ ਵੀ ਆ ਗਈ। ਗਾਮਾ ਨੇ ਕਿਹਾ ਕਿ ਬਹੁਤ ਲੰਮਾ ਸਫ਼ਰ ਹੈ, ਨਹਾ-ਧੋ ਲੈਣਾ ਚਾਹੀਦਾ ਹੈ। ਗਾਮਾ ਵੀ ਨਹਾਤੇ, ਪਰਿਵਾਰ ਵਾਲਿਆਂ ਦੀ ਮਦਦ ਨਾਲ ਕੱਪੜੇ ਬਦਲੇ, ਲੰਗੋਟ ਵਿਸ਼ੇਸ਼ ਤੌਰ 'ਤੇ ਬਦਲਿਆ (ਉਹ ਹਰ ਵੇਲੇ ਲੰਗੋਟ ਪਹਿਨੇ ਰਹਿੰਦੇ ਸਨ)। ਗੀਤੀ ਆਰਾ ਨੇ ਵਾਲਾਂ ਵਿੱਚ ਕੰਗੀ ਕੀਤੀ। ਦਵਾਈਆਂ ਬੰਦ ਕਰਨ ਲਈ ਕਿਹਾ ਅਤੇ ਦੋ ਲੱਡੂ ਬੜੇ ਚਾਅ ਨਾਲ ਖਾਧੇ।
23 ਮਈ 1960 ਨੂੰ ਗਾਮਾ ਨੇ ਹਰ ਦਿਨ ਵਾਂਗ ਫ਼ਜਰ (ਸਵੇਰ) ਦੀ ਅਜ਼ਾਨ ਤੋਂ ਪਹਿਲਾਂ ਉੱਠ ਕੇ ਗਟਾਗਟ ਪਾਣੀ ਪੀਤਾ। ਫਿਰ ਧੀ ਨੂੰ ਕਿਹਾ, "ਹੁਣ ਜਾ ਕੇ ਸੋ ਜਾਓ, ਮੈਂ ਹੁਣ ਹੋਰ ਕਿਸੇ ਨੂੰ ਪਰੇਸ਼ਾਨ ਨਹੀਂ ਕਰਾਂਗਾ।"
ਇਹ ਰੁਸਤਮ-ਏ-ਜ਼ਮਾਂ ਦੇ ਆਖ਼ਰੀ ਸ਼ਬਦ ਸਨ। ਤਿੰਨ ਵਾਰ ਲੰਬੀਆਂ-ਲੰਬੀਆਂ ਸਾਹਾਂ ਲਈਆਂ। ਵਜ਼ੀਰ ਬੇਗ਼ਮ ਅਚਾਨਕ ਨੇੜੇ ਆ ਗਈ। ਕਿਹਾ ਕਿ ਜੇ ਤਕਲੀਫ਼ ਮਹਿਸੂਸ ਹੋ ਰਹੀ ਹੋਵੇ ਤਾਂ ਚਿੱਤ ਲੇਟ ਜਾਓ।
ਇਹ ਉਸ ਸ਼ਖ਼ਸ ਨੂੰ ਚਿੱਤ ਲੇਟਣ ਦੀ ਸਲਾਹ ਸੀ ਜਿਸਨੇ ਕਦੇ ਚਿੱਤ ਹੋਣਾ ਸਿੱਖਿਆ ਹੀ ਨਹੀਂ ਸੀ ਪਰ ਹੁਣ ਉਹ ਅਜਿਹਾ ਚਿੱਤ ਹੋਇਆ ਕਿ ਫਿਰ ਕਦੇ ਨਾ ਉੱਠ ਸਕਿਆ।
ਲਾਹੌਰ ਵਿੱਚ ਦਰਬਾਰ ਪੀਰ ਮੱਕੀ ਦੇ ਕੋਲ ਇੱਕ ਛੋਟੇ ਜਿਹੇ ਕਬਰਿਸਤਾਨ ਵਿੱਚ ਗ਼ੁਲਾਮ ਹੁਸੈਨ ਉਰਫ਼ ਗਾਮਾ ਨੂਨ ਵਾਲਾ, ਰੁਸਤਮ-ਏ-ਜ਼ਮਾਂ ਸੁਪੁਰਦ-ਏ-ਖ਼ਾਕ ਹੋਏ। ਇੱਕ ਪਾਸੇ ਸ਼ੇਰ-ਏ-ਬੱਬਰ ਇਮਾਮ ਬਖ਼ਸ਼ ਰੁਸਤਮ ਹਨ ਤਾਂ ਦੂਜੇ ਪਾਸੇ ਹਮੀਦਾ ਰਹਮਾਨੀ ਵਾਲਾ ਰੁਸਤਮ-ਏ-ਹਿੰਦ।
ਨੇੜੇ ਹੀ ਗਾਮਾ ਕੱਲੂ ਵਾਲਾ ਦੀ ਕਬਰ ਵੀ ਹੈ। ਗਾਮਾ ਕੱਲੂ ਵਾਲਾ ਹੀ ਉਹ ਗਾਮਾ ਹਨ ਜਿਨ੍ਹਾਂ ਦਾ ਅਸਲ ਨਾਮ ਗ਼ੁਲਾਮ ਮੁਹੰਮਦ ਸੀ।
ਸਾਲ 1879 ਵਿੱਚ ਪੈਦਾ ਹੋਣ ਵਾਲੇ ਜ਼ਬਿਸ਼ਕੋ ਗਾਮਾ ਦੇ ਲਗਭਗ ਹਮਉਮਰ ਹੀ ਸਨ ਪਰ ਉਨ੍ਹਾਂ ਦਾ ਦੇਹਾਂਤ 1967 ਵਿੱਚ ਹੋਇਆ, ਗਾਮਾ ਦੇ ਇੰਤਕਾਲ ਦੇ ਸੱਤ ਸਾਲ ਬਾਅਦ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












