ਕੀ ਕੁਝ ਔਰਤਾਂ ਅਜਿਹੇ ਰੰਗ ਦੇਖ ਸਕਦੀਆਂ ਹਨ ਜੋ ਬਾਕੀ ਨਹੀਂ ਦੇਖ ਸਕਦੇ, ਜਾਣੋ ਕੀ ਹੁੰਦੀ ਹੈ ਫੰਕਸ਼ਨਲ ਟੈਟਰਾਕ੍ਰੋਮੇਸੀ ?

ਮਨੁੱਖੀ ਅੱਖ ਦਾ ਰੰਗ ਬਿਰੰਗਾ ਕਲੋਜ਼ ਅਪ

ਤਸਵੀਰ ਸਰੋਤ, Roberto Machado Noa via Getty Images

ਤਸਵੀਰ ਕੈਪਸ਼ਨ, ਖ਼ਾਸ ਰੰਗ ਜੋ ਅਸੀਂ ਦੇਖਦੇ ਹਾਂ ਉਹ ਵੱਖ-ਵੱਖ ਕੋਨ ਸੈੱਲਾਂ ਵੱਲੋਂ ਦਿਮਾਗ਼ ਨੂੰ ਭੇਜੇ ਸਿਗਨਲਾਂ ਦੇ ਕੰਬੀਨੇਸ਼ਨ 'ਤੇ ਨਿਰਭਰ ਕਰਦਾ ਹੈ।
    • ਲੇਖਕ, ਡੇਜ਼ੀ ਸਟੀਫਨਜ਼
    • ਰੋਲ, ਬੀਬੀਸੀ ਵਰਲਡ ਸਰਵਿਸ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਲਲਿਤ ਕਲਾਕਾਰ ਕੋਂਚੇਟਾ ਐਂਟੀਕੋ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਵਿਦਿਆਰਥੀ ਉਹ ਰੰਗ ਨਹੀਂ ਦੇਖ ਸਕਦੇ ਜੋ ਉਹ ਦੇਖਦੇ ਸੀ ਤਾਂ ਉਨ੍ਹਾਂ ਨੂੰ 'ਚਿਹਰੇ 'ਤੇ ਠੰਡਾ ਪਾਣੀ' ਪੈਣ ਵਰਗਾ ਜਿਹਾ ਮਹਿਸੂਸ ਹੋਇਆ।

ਐਟੀਕੋ ਕਹਿੰਦੇ ਹਨ ਕਿ ਉਹ ਰੋਜ਼ਾਨਾਂ ਦੀਆਂ ਚੀਜ਼ਾਂ, ਜਿਵੇਂ ਕਿ ਪਰਛਾਂਵਿਆਂ ਵਿੱਚ 'ਅਣਗਿਣਤ ਰੰਗ' ਦੇਖਦੇ ਹਨ ਜਦਕਿ ਜ਼ਿਆਦਾਤਰ ਲੋਕ ਸਿਰਫ਼ ਇੱਕ ਹੀ ਰੰਗ ਦੇਖਣ ਬਾਰੇ ਦੱਸਦੇ ਹਨ।

ਉਹ ਸੋਚਦੇ ਸਨ ਕਿ ਹਰ ਕਿਸੇ ਨੂੰ ਦੁਨੀਆਂ ਉਵੇਂ ਹੀ ਦਿਸਦੀ ਹੈ ਜਿਵੇਂ ਕਿ ਉਨ੍ਹਾਂ ਨੂੰ ਦਿਸਦੀ ਹੈ, ਜਦੋਂ ਤੱਕ ਉਨ੍ਹਾਂ ਨੂੰ ਆਪਣੇ ਵਿਦਿਆਰਥੀਆਂ ਤੋਂ ਇਹ ਸਪਸ਼ਟ ਨਹੀਂ ਹੋ ਗਿਆ ਕਿ ਉਹ ਅਜਿਹਾ ਨਹੀਂ ਦੇਖਦੇ ਹਨ।

ਉਹ ਯਾਦ ਕਰਦੇ ਹਨ, "ਮੈਂ ਬਾਅਦ ਵਿੱਚ ਕਿਸੇ ਨੂੰ ਪੁੱਛਿਆ, 'ਤੁਸੀਂ ਕਦੇ ਕੁਝ ਕਿਹਾ ਕਿਉਂ ਨਹੀਂ?' "

ਉਨ੍ਹਾਂ ਨੇ ਕਿਹਾ, " ਤੁਸੀਂ ਅਧਿਆਪਕ ਹੋ। ਅਸੀਂ ਸੋਚਿਆ ਤੁਸੀਂ ਕੁਝ ਕਲਾਤਮਕ ਕਰ ਰਹੇ ਹੋ।"

ਬਾਅਦ ਵਿੱਚ ਜੈਨੇਟਿਕ ਟੈਸਟਿੰਗ ਜ਼ਰੀਏ ਐਂਟੀਕੋ ਨੂੰ ਪਤਾ ਲੱਗਿਆ ਕਿ ਉਨ੍ਹਾਂ ਵਿੱਚ ਟੈਟਰਾਕ੍ਰੋਮੇਸੀ ਦੀ ਜੈਵਿਕ ਸਮਰੱਥਾ ਹੈ ਜੋ ਕਿ ਇੱਕ ਪ੍ਰਕਾਰ ਦੀ ਵਧੀ ਹੋਈ ਰੰਗ ਦ੍ਰਿਸ਼ਟੀ ਹੈ। ਇਹ ਕਿਸੇ ਵਿਅਕਤੀ ਨੂੰ ਉਹ ਰੰਗ ਦੇਖਣ ਦੇ ਸਮਰੱਥ ਬਣਾਉਂਦੀ ਹੈ ਜੋ ਦੂਜੇ ਨਹੀਂ ਦੇਖ ਸਕਦੇ।

ਇੱਕ ਵਾਧੂ ਸੈੱਲ ਦੀ ਤਰ੍ਹਾਂ

ਡੰਡੀ ਵਰਗੇ ਅਤੇ ਕੋਨ ਵਰਗੇ ਸੈੱਲਾਂ ਦੀ ਇੱਕ ਕਤਾਰ ਦਾ ਚਿੱਤਰ, ਜਿਸ ਵਿੱਚ ਉਨ੍ਹਾਂ ਦੀਆਂ ਅੰਦਰੂਨੀ ਬਣਤਰਾਂ ਨੂੰ ਵੱਖ-ਵੱਖ ਰੰਗਾਂ ਵਿੱਚ ਉਭਾਰਿਆ ਗਿਆ ਹੈ।

ਤਸਵੀਰ ਸਰੋਤ, ROGER HARRIS/SCIENCE PHOTO LIBRARY via Getty Images

ਤਸਵੀਰ ਕੈਪਸ਼ਨ, ਥੀ ਕਿਸਮ ਦਾ ਕੋਨ ਸੈੱਲ ਹੋਣ ਨੂੰ ਰੈਟੀਨਲ ਟੈਟਰਾਕ੍ਰੋਮੇਸੀ ਕਹਿੰਦੇ ਹਨ

ਜ਼ਿਆਦਾਤਰ ਲੋਕਾਂ ਦੀਆਂ ਅੱਖਾਂ ਵਿੱਚ ਤਿੰਨ ਤਰ੍ਹਾਂ ਦੇ ਖ਼ਾਸ ਸੈੱਲ ਹੁੰਦੇ ਹਨ ਜਿਨ੍ਹਾਂ ਨੂੰ ਕੋਨਜ਼ ਕਿਹਾ ਜਾਂਦਾ ਹੈ।

ਹਰ ਸੈੱਲ ਰੌਸ਼ਨੀ ਦੀਆਂ ਵੱਖ-ਵੱਖ ਤਰੰਗਾਂ ਦੀ ਲੰਬਾਈ ਦੀ ਇੱਕ ਸੀਮਾ ਨਾਲ ਸਰਗਰਮ ਹੁੰਦਾ ਹੈ ਜੋ ਮੋਟੇ ਤੌਰ 'ਤੇ ਲਾਲ, ਹਰੇ ਅਤੇ ਨੀਲੇ ਰੰਗ ਨਾਲ ਸਬੰਧਤ ਹੁੰਦੀਆਂ ਹਨ।

ਫਿਰ ਕੋਨ ਸੈੱਲ ਦਿਮਾਗ਼ ਨੂੰ ਸਿਗਨਲ ਭੇਜਦੇ ਹਨ। ਖਾਸ ਰੰਗ ਜੋ ਅਸੀਂ ਦੇਖਦੇ ਹਾਂ ਉਹ ਵੱਖ ਵੱਖ ਕੋਨ ਸੈੱਲਾਂ ਵੱਲੋਂ ਦਿਮਾਗ਼ ਨੂੰ ਭੇਜੇ ਸਿਗਨਲਾਂ ਦੇ ਕੰਬੀਨੇਸ਼ਨ 'ਤੇ ਨਿਰਭਰ ਕਰਦਾ ਹੈ।

ਪਰ ਕਝ ਲੋਕਾਂ ਵਿੱਚ ਚੌਥੀ ਤਰ੍ਹਾਂ ਦਾ ਕੋਨ ਸੈੱਲ ਵੀ ਹੋ ਸਕਦਾ ਹੈ। ਸਿਧਾਂਤਿਕ ਰੂਪ ਵਿੱਚ ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਉਨ੍ਹਾਂ ਦੇ ਦਿਮਾਗ਼ ਨੂੰ ਜ਼ਿਆਦਾ ਵਿਭਿੰਨ ਜਾਣਕਾਰੀ ਮਿਲਦੀ ਹੈ ਜੋ ਦ੍ਰਿਸ਼ਮਾਨ ਰੌਸ਼ਨੀ ਦੇ ਪੂਰੇ ਸਪੈਕਟ੍ਰਮ ਵਿਚ ਰੰਗਾਂ ਪ੍ਰਤੀ ਸੰਵੇਦਨਸ਼ੀਲਤਾ ਨੂੰ ਵਧਾ ਸਕਦੀ ਹੈ।

ਦੋ ਜੀਨ ਵੇਰੀਐਂਟ

ਨੀਲੇ ਅਤੇ ਹਰੇ ਰੰਗ ਦੇ ਲੰਬੇ ਸੈੱਲਾਂ ਦਾ ਇੱਕ ਚਿੱਤਰ, ਜੋ ਲਾਲ, ਪੀਲੇ ਅਤੇ ਫਿਰੋਜ਼ੀ ਰੰਗ ਦੇ ਗੋਲਿਆਂ ਦੇ ਉੱਪਰ ਇੱਕ ਚਾਪ ਵਰਗਾ ਆਕਾਰ ਬਣਾ ਰਹੇ ਹਨ।

ਤਸਵੀਰ ਸਰੋਤ, NEMES LASZLO/SCIENCE PHOTO LIBRARY via Getty Images

ਤਸਵੀਰ ਕੈਪਸ਼ਨ, ਆਮ ਤੌਰ 'ਤੇ ਬਾਇਓਲੌਜੀਕਲ ਔਰਤਾਂ ਹੀ ਟੈਟਰਾਕ੍ਰੋਮੈਟਿਕ ਹੋ ਸਕਦੀਆਂ ਹਨ।

ਲਾਲ ਅਤੇ ਹਰੇ ਪ੍ਰਤੀ ਸੰਵੇਦਨਸ਼ੀਲਤਾ ਕੋਨ ਸੈੱਲਾਂ ਨੂੰ ਕੋਡ ਕਰਨ ਵਾਲੇ ਜੀਨ ਐਕਸ ਕ੍ਰੋਮੋਸੋਮ 'ਤੇ ਹੁੰਦੇ ਹਨ। ਟੈਟਰਾਕ੍ਰੋਮੈਟਿਕ ਹੋਣ ਲਈ ਇੱਕ ਇਨਸਾਨ ਅੰਦਰ ਇਨ੍ਹਾਂ ਵਿੱਚੋਂ ਕਿਸੇ ਵੀ ਜੀਨ ਦੇ ਦੋ ਵੱਖ-ਵੱਖ ਰੂਪਾਂ ਦਾ ਹੋਣਾ ਅਤੇ ਉਨ੍ਹਾਂ ਦਾ ਜ਼ਾਹਿਰ ਹੋਣਾ ਜ਼ਰੂਰੀ ਹੈ।

ਕਿਉਂਕਿ ਔਰਤਾਂ ਅੰਦਰ ਦੋ ਐਕਸ ਕ੍ਰੋਮੋਸੋਮ ਹੁੰਦੇ ਹਨ ਅਤੇ ਆਦਮੀ ਵਿੱਚ ਆਮ ਤੌਰ 'ਤੇ ਇੱਕ ਹੁੰਦਾ ਹੈ, ਇਸ ਲਈ ਆਮ ਤੌਰ 'ਤੇ ਬਾਇਓਲੌਜੀਕਲੀ ਔਰਤਾਂ ਹੀ ਟੈਟਰਾਕ੍ਰੋਮੈਟਿਕ ਹੋ ਸਕਦੀਆਂ ਹਨ। ਆਦਮੀਆਂ ਅੰਦਰ ਉਹੀ ਰੂਪ ਆਮ ਤੌਰ 'ਤੇ ਰੰਗ ਦ੍ਰਿਸ਼ਟੀ ਦੀ ਕਿਸੇ ਕਮੀ ਦਾ ਕਾਰਨ ਬਣਦਾ ਹੈ

ਚੌਥੀ ਕਿਸਮ ਦਾ ਕੋਨ ਸੈੱਲ ਹੋਣ ਨੂੰ ਰੈਟੀਨਲ ਟੈਟਰਾਕ੍ਰੋਮੇਸੀ ਕਹਿੰਦੇ ਹਨ ਅਤੇ ਜੈਨੇਟਿਕ ਟੈਸਟਿੰਗ ਉਨ੍ਹਾਂ ਲੋਕਾਂ ਦੀ ਪਛਾਣ ਕਰ ਸਕਦੀ ਹੈ ਜਿਨ੍ਹਾਂ ਕੋਲ ਇਹ ਚਾਰ ਕਿਸਮਾਂ ਬਣਾਉਣ ਵਾਲੇ ਜੀਨ ਵੇਰੀਐਂਟ ਮੌਜੂਦ ਹੁੰਦੇ ਹਨ।

ਯੂ.ਕੇ. ਦੀ ਨਿਉਕੈਸਲ ਯੁਨੀਵਰਸਿਟੀ ਦੇ ਟੈਟਰਾਕ੍ਰੋਮੇਸੀ ਮੁਤਾਬਕ, ਲਗਭਗ 12 ਫ਼ੀਸਦੀ ਔਰਤਾਂ ਵਿਚ ਇਹ ਜੈਨੇਟਿਕ ਸਮਰੱਥਾ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਖੋਜ ਕਹਿੰਦੀ ਹੈ ਕਿ ਇਹ ਅੰਕੜਾ ਵੱਖ ਵੱਖ ਅਬਾਦੀਆਂ ਵਿੱਚ ਵੱਖੋ ਵੱਖਰਾ ਹੋ ਸਕਦਾ ਹੈ।

ਪਰ ਇੱਕ ਵਾਧੂ ਸੈੱਲ ਹੋਣ ਦਾ ਮਤਲਬ ਜ਼ਰੂਰੀ ਨਹੀਂ ਕਿ ਵਿਅਕਤੀ ਕੋਲ ਵੱਧ ਰੰਗ ਦ੍ਰਿਸ਼ਟੀ ਹੈ।

ਕੋਂਚੇਟਾ ਐਂਟੀਕੋ ਦਾ ਬਿਆਨ

ਅਮਰੀਕਾ ਵਿੱਚ ਸੱਸੀ ਇਰਵਾਈਨ ਬ੍ਰੰਸਨ ਸੈਂਟਰ ਫਾਰ ਟ੍ਰਾਂਸਲੇਸ਼ਨ ਵਿਜ਼ਨ ਰਿਸਰਚ ਦੇ ਡਾ.ਕਿੰਬਰਲੀ ਏ ਜੇਮਸਨ ਮੁਤਾਬਕ ਇਸ ਨੂੰ ਫੰਕਸ਼ਨਲ ਟੈਟਰਾਕ੍ਰੋਮੇਸੀ ਕਿਹਾ ਜਾਏਗਾ ਅਤੇ ਇਸ ਨੂੰ ਸਾਬਿਤ ਕਰਨਾ ਬਹੁਤ ਮੁਸ਼ਕਿਲ ਹੈ।

ਹਾਲਾਂਕਿ ਇਹ ਵਿਸ਼ਵਾਸ ਕਰਨ ਦੇ ਕਾਰਨ ਹਨ ਕਿ ਇਹ ਜੈਨੇਟਿਕ ਸਮਰੱਥਾ ਰੰਗਾ ਨੂੰ ਬਿਹਤਰ ਤਰੀਕੇ ਨਾਲ ਦੇਖਣ ਦੀ ਸਮਰੱਥਾ ਵੱਲ ਲੈ ਜਾ ਸਕਦੀ ਹੈ।

ਜੇਮਸਨ ਵੱਲੋਂ ਕੀਤੇ ਗਏ ਇੱਕ ਅਧਿਐਨ ਵਿੱਚ ਦੇਖਿਆ ਗਿਆ ਕਿ ਚਾਰ ਕਿਸਮਾਂ ਦੇ ਕੋਨ ਸੈੱਲਾਂ ਵਾਲੀਆਂ ਔਰਤਾਂ ਨੇ ਰੰਗਾਂ ਦੇ ਇੱਖ ਸਪੈਕਟ੍ਰਮ ਨੂੰ ਵਧੇਰੇ ਵੱਖੋ ਵੱਖ ਸ਼ੇਡਜ਼ ਵਿੱਚ ਵੰਡਿਆ। ਜੋ ਇਹ ਦਰਸਾਉਂਦਾ ਹੈ ਕਿ ਉਹ ਟ੍ਰਾਈਕ੍ਰੋਮੈਟਸ ਨਾਲੋਂ ਵਧੇਰੇ ਰੰਗਾਂ ਨੂੰ ਮਹਿਸੂਸ ਕਰ ਸਕਦੀਆਂ ਸਨ।

ਜਾਨਵਰਾਂ ਦੀ ਦੁਨੀਆਂ ਵਿੱਚੋਂ ਵੀ ਇਸ ਦੇ ਸਬੂਤ ਮਿਲਦੇ ਹਨ। ਨਿਊ ਵਰਲਡ ਮੰਕੀ ਦੀਆਂ ਕੁਝ ਪ੍ਰਜਾਤੀਆਂ ਵਿਚ ਨਰ ਡਾਈਕ੍ਰੋਮੈਟਸ ਹੁੰਦੇ ਹਨ ਜਿਨ੍ਹਾਂ ਕੋਲ ਦੋ ਕਿਸਮਾਂ ਦੇ ਕੋਨ ਸੈੱਲ ਹੁੰਦੇ ਹਨ ਜਦਕਿ ਮਾਦਾ ਤਿੰਨ ਕਿਸਮਾਂ ਦੇ ਕੋਨ ਸੈੱਲਾਂ ਵਾਲੀਆਂ ਟ੍ਰਾਈਕ੍ਰੋਮੈਟਸ ਹੁੰਦੀਆਂ ਹਨ।

ਵਿਗਿਆਨੀਆਂ ਨੇ ਦੇਖਿਆ ਹੈ ਕਿ ਟ੍ਰਾਈਕ੍ਰੇਮੈਟਸ ਡਾਈਕ੍ਰੋਮੈਟਸ ਦੇ ਮੁਕਾਬਲੇ ਲਾਲ ਫਲਾਂ ਨੂੰ ਜ਼ਿਆਦਾ ਤੇਜ਼ੀ ਨਾਲ ਖਾਂਦੇ ਹਨ ਜੋ ਇਹ ਦਰਸਾਉਂਦਾ ਹੈ ਕਿ ਉਹ ਸ਼ਾਇਦ ਇਸ ਰੰਗ ਨੂੰ ਜ਼ਿਆਦਾ ਸਾਫ਼ ਤੌਰ 'ਤੇ ਦੇਖ ਸਕਦੇ ਹਨ।

ਯੂ.ਕੇ. ਵਿੱਚ ਸਸੈਕਸ ਦੀ ਇੱਕ ਵਿਜ਼ੂਅਲ ਨਿਉਰੋ ਵਿਗਿਆਨੀ ਡਾ.ਜੈਨੀ ਬੋਸਟਨ ਮੁਤਾਬਕ, ਇਸ ਨੂੰ ਟੈਟਰਾਕ੍ਰੋਮੈਟਿਕ ਮਨੁੱਖਾਂ 'ਤੇ ਲਾਗੂ ਕੀਤਾ ਜਾਵੇ ਤਾਂ ਵਾਧੂ ਕਿਸਮ ਦੇ ਕੋਨ ਸੈੱਲ ਵਾਲੀਆਂ ਔਰਤਾਂ ਰੰਗਾਂ ਨੂੰ ਵੱਖਰੇ ਤਰੀਕੇ ਨਾਲ ਦੇਖ ਸਕਦੀਆਂ ਹਨ।

ਪਰ ਇਹ ਦੇਖਣ ਵਿੱਚ ਕਿਸ ਤਰ੍ਹਾਂ ਦੀ ਲੱਗੇਗੀ, ਇਹ ਹਾਲੇ ਵੀ ਬਹਿਸ ਦਾ ਵਿਸ਼ਾ ਹੈ।

ਨਾ-ਵਰਨਣ ਯੋਗ ਰੰਗ

ਇੱਕ ਚਿੱਤਰ ਜਿਸ ਵਿੱਚ ਪ੍ਰਕਾਸ਼ ਦੀ ਇੱਕ ਕਿਰਨ ਇੱਕ ਵਿਅਕਤੀ ਦੀ ਅੱਖ ਵਿੱਚ ਦਾਖਲ ਹੁੰਦੀ ਹੈ ਅਤੇ ਉਸਦੇ ਸਿਰ ਦੇ ਅੰਦਰ ਇੱਕ ਪ੍ਰਿਜ਼ਮ ਵਿੱਚੋਂ ਲੰਘਦੀ ਹੈ, ਜਿੱਥੇ ਇਹ ਇੱਕ ਇੰਦਰਧਨੁਸ਼ੀ ਸਪੈਕਟ੍ਰਮ ਵਿੱਚ ਵੰਡੀ ਜਾਂਦੀ ਹੈ ਜੋ ਉਸਦੇ ਸਿਰ ਦੇ ਪਿਛਲੇ ਹਿੱਸੇ ਵਿੱਚ ਦਿਖਾਈ ਦਿੰਦਾ ਹੈ।

ਤਸਵੀਰ ਸਰੋਤ, OsakaWayne Studios via Getty Images

ਤਸਵੀਰ ਕੈਪਸ਼ਨ, ਇੱਕ ਆਮ ਤਿੰਨ ਕੋਨ ਸੈੱਲਾਂ ਵਾਲੇ ਵਿਅਕਤੀ ਦੇ ਰੰਗ ਦੇ ਵਿਅਕਤੀਗਤ ਅਨੁਭਵ ਨੂੰ ਮਾਪਣਾ ਵੀ ਅਸੰਭਵ ਹੈ

'ਟੈਟਰਾਕ੍ਰੋਮੈਟਸ ਕੀ ਦੇਖਦੇ ਹਨ', ਇਸ ਵਿਸ਼ੇ 'ਤੇ ਇੱਕ ਪੇਪਰ ਲਿਖਣ ਐਡੀਲੇਡ ਯੂਨੀਵਰਸਿਟੀ ਦੇ ਇੱਕ ਫ਼ਿਲਾਸਫ਼ਰ ਡਾ.ਮਾਈਕਲ ਨਿਊਲ ਦਾ ਕਹਿਣਾ ਹੈ, "ਇੱਕ ਸੋਚ ਇਹ ਹੈ ਕਿ ਜੇਕਰ ਤੁਹਾਡੇ ਕੋਲ ਇੱਕ ਹੋਰ ਰੰਗ ਰੀਸੈਪਟਰ ਹੈ ਤਾਂ ਤੁਸੀਂ ਸ਼ਾਇਦ ਅਜਿਹੇ ਰੰਗ ਦੇਖ ਸਕਦੇ ਹੋ ਜੋ ਬਿਲਕੁਲ ਨਾ ਵਰਨਣ ਯੋਗ ਹੋਣਗੇ ਠੀਕ ਉਸੇ ਤਰ੍ਹਾਂ ਜਿਵੇਂ ਅਸੀਂ ਇੱਕ ਕਲਰ ਬਲਾਈਂਡ ਵਿਅਕਤੀ ਨੂੰ ਇਹ ਨਹੀਂ ਸਮਝਾਂ ਸਕਦੇ ਕਿ ਲਾਲ ਜਾਂ ਹਰਾ ਰੰਗ ਕਿਸ ਤਰ੍ਹਾਂ ਦਾ ਹੁੰਦਾ ਹੈ ਜੇਕਰ ਉਹ ਲਾਲ-ਹਰੇ ਪ੍ਰਤੀ ਬਲਾਈਂਡ ਹੈ।"

ਉਹ ਕਹਿੰਦੇ ਹਨ, "ਇੱਕ ਹੋਰ ਸੰਭਾਵਨਾ ਵੀ ਹੈ। ਹੋ ਸਕਦਾ ਹੈ ਕਿ ਉਹ ਆਮ ਰੰਗਾਂ ਦੇ ਹੋਰ ਬਾਰੀਕ ਸ਼ੇਡ ਦੇਖਣ ਦੇ ਯੋਗ ਹੋਣ।"

ਲੋਕ ਜਿਹੜੇ ਰੰਗ ਦੇਖਦੇ ਹਨ, ਉਨ੍ਹਾਂ ਦਾ ਵਿਗਿਆਨਕ ਤੌਰ 'ਤੇ ਮੁਲਾਂਕਣ ਕਰਨਾ ਮੁਸ਼ਕਲ ਹੈ।

ਬੋਸਟਨ ਦਾ ਕਹਿਣਾ ਹੈ, "ਇੱਕ ਆਮ ਤਿੰਨ ਕੋਨ ਸੈੱਲਾਂ ਵਾਲੇ ਵਿਅਕਤੀ ਦੇ ਰੰਗ ਦੇ ਵਿਅਕਤੀਗਤ ਅਨੁਭਵ ਨੂੰ ਮਾਪਣਾ ਵੀ ਅਸੰਭਵ ਹੈ।"

ਜੇਮਸਨ ਮੁਤਾਬਕ, ਇਹ ਗੱਲ ਇਸ ਤੱਥ ਕਾਰਨ ਹੋਰ ਗੁੰਝਲਦਾਰ ਹੋ ਜਾਂਦੀ ਹੈ ਕਿ ਟੈਟਰਾਕ੍ਰੋਮੇਸੀ ਦੀਆਂ ਕਈ ਵੱਖ ਵੱਖ ਕਿਸਮਾਂ ਹੋਣ ਦੀ ਸੰਭਾਵਨਾ ਹੈ ਜਿਸ ਵਿੱਚ ਵਾਧੂ ਕੋਨ ਸੈੱਲ ਦੀ ਸੰਵੇਦਨਸ਼ੀਲਤਾ ਦੇ ਅਧਾਰ 'ਤੇ ਵੱਡਾ ਫਰਕ ਦੇਖਣ ਨੂੰ ਮਿਲਦਾ ਹੈ।

ਬੋਸਟਨ ਦਾ ਕਹਿਣਾ ਹੈ ਕਿ ਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਵਿਸ਼ਲੇਸ਼ਣ ਕਰਨਾ ਕਿ ਲੋਕ ਰੰਗਾਂ ਵਿੱਚ ਕਿੰਨਾ ਚੰਗਾ ਫਰਕ ਕਰ ਸਕਦੇ ਹਨ ਜਾਂ ਉਹ ਵੱਖ ਵੱਖ ਸ਼ੇਡਾਂ ਵਿਚਕਾਰ ਫਰਕ ਨੂੰ ਕਿਵੇਂ ਰੇਟ ਕਰਦੇ ਹਨ ਖੋਜਕਰਤਾਵਾਂ ਨੂੰ ਲੋਕਾਂ ਦੇ ਦੇਖਣ ਦੇ ਤਰੀਕੇ ਦੇ ਫਰਕ ਨੂੰ ਸਮਝਣ ਵਿੱਚ ਮਦਦ ਕਰ ਸਕਦਾ ਹੈ।

ਇੱਕ ਟੈਟਰਾਕ੍ਰੋਮੈਟ ਨੂੰ ਕਿਵੇਂ ਪਛਾਣੀਏ ?

ਇੱਕ ਮਨੁੱਖੀ ਅੱਖ ਦਾ ਕਲੋਜ਼-ਅੱਪ ਜੋ ਬਹੁਰੰਗੀ ਪ੍ਰਕਾਸ਼ ਨਾਲ ਚਮਕ ਰਿਹਾ ਹੈ, ਜਿਸ ਨਾਲ ਆਇਰਿਸ ਦੇ ਆਲੇ-ਦੁਆਲੇ ਇੱਕ ਇੰਦਰਧਨੁਸ਼ੀ ਪੈਟਰਨ ਬਣ ਰਿਹਾ ਹੈ।

ਤਸਵੀਰ ਸਰੋਤ, A. Martin UW Photography via Getty Images

ਤਸਵੀਰ ਕੈਪਸ਼ਨ, ਮਾਹਿਰ ਕਹਿੰਦੇ ਹਨ ਕਿ ਆਨਲਾਈਨ ਟੈਸਟਾਂ ਨਾਲ ਟੈਟਰੋਕ੍ਰੋਮੈਟ ਦੀ ਪਛਾਣ ਕਰਨਾ ਅਸੰਭਵ ਹੈ

ਇੰਟਰਨੈੱਟ 'ਤੇ ਸਰਚ ਕਰਕੇ ਕਈ ਅਜਿਹੀਆਂ ਸਾਈਟਾਂ ਮਿਲ ਜਾਣਗੀਆਂ ਜੋ ਆਨਲਾਈਨ ਟੈਟਰਾਕ੍ਰੋਮੇਸੀ ਟੈਸਟਾਂ ਦੀ ਪੇਸ਼ਕਸ਼ ਕਰਦੀਆਂ ਹਨ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਕਿਸੇ ਟੈਟਰੋਕ੍ਰੋਮੈਟ ਦੀ ਪਛਾਣ ਕਰਨਾ ਅਸੰਭਵ ਹੈ।

ਜ਼ਿਆਦਾਤਰ ਆਧੁਨਿਕ ਸਕਰੀਨਾਂ ਵਿੱਚ ਸਿਰਫ਼ ਤਿੰਨ ਰੰਗ ਦੇ ਚੈਨਲ ਹੁੰਦੇ ਹਨ- ਹਰਾ, ਨੀਲਾ ਅਤੇ ਲਾਲ। ਜਿਸ ਦਾ ਮਤਲਬ ਹੈ ਕਿ ਜੇ ਟੈਟਰਾਕ੍ਰ੍ਰੋਮੈਟ ਨਵੇਂ ਰੰਗ ਦੇਖ ਸਕਦੇ ਹਨ ਤਾਂ ਉਹ ਸ਼ਾਇਦ ਉਨ੍ਹਾਂ ਨੂੰ ਸਕਰੀਨਾਂ 'ਤੇ ਉਸ ਤਰ੍ਹਾਂ ਨਹੀਂ ਦੇਖ ਸਕਣਗੇ।

ਨਿਊਲ ਮੁਤਾਬਕ, ਹਾਲਾਂਕਿ ਇਸ ਕਾਰਨ ਟੈਸਟ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਪਰ ਅਸਲ ਜ਼ਿੰਦਗੀ ਵਿੱਚ ਦੇਖੇ ਜਾਣ ਵਾਲੇ ਰੰਗਾਂ ਅਤੇ ਸਕਰੀਨਾਂ 'ਤੇ ਦਿਖਾਈ ਦੇਣ ਵਾਲੇ ਰੰਗਾਂ ਵਿਚਕਾਰ ਲਗਾਤਾਰ ਫਰਕ ਮਹਿਸੂਸ ਕਰਨਾ ਟੈਟਰਾਕ੍ਰੋਮੇਸੀ ਦਾ ਸੰਕੇਤ ਹੋ ਸਕਦਾ ਹੈ ਹਾਲਾਂਕਿ ਇਹ ਇਸ ਗੱਲ 'ਤੇ ਬਹੁਤ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੜੀ ਤਕਨੀਕ ਦੀ ਵਰਤੋਂ ਕਰ ਰਹੋ ਹੋ।

ਜੇਮਸਨ ਕਹਿੰਦੇ ਹਨ ਕਿ ਕਿਸੇ ਵਿਅਕਤੀ ਦੇ ਸੰਭਾਵਿਤ ਟੈਟਰਾਕ੍ਰੋਮੈਟ ਹੋਣ ਦਾ ਇੱਕ ਹੋਰ ਸੰਕੇਤ ਇਹ ਹੈ ਕਿ ਉਹ ਲਗਾਤਾਰ ਇਹ ਨੋਟ ਕਰਦੇ ਹਨ ਕਿ ਉਨ੍ਹਾਂ ਦਾ ਰੰਗਾਂ ਨੂੰ ਦੇਖਣ ਦਾ ਅਨੁਭਵ ਦੂਜੇ ਲੋਕਾਂ ਤੋਂ ਵੱਖਰਾ ਹੁੰਦਾ ਹੈ।

ਉਹ ਕਹਿੰਦੀ ਹੈ, "ਉਨ੍ਹਾਂ ਵਿੱਚ ਇੱਕ ਗਹਿਰੀ ਜਾਗਰੂਕਤਾ ਹੁੰਦੀ ਹੈ। ਬਚਪਨ ਤੋਂ ਉਨ੍ਹਾਂ ਦੀ ਰੰਗ ਦੇਖਣ ਦੀ ਸਮਰਥਾ ਦੂਜਿਆਂ ਤੋਂ ਤੀਬਰ ਅਤੇ ਵਧੇਰੇ ਸੰਵੇਦਨਸ਼ੀਲ ਸੀ।"

ਇੱਕ ਹੋਰ ਦਿਲਚਸਪ ਗੱਲ ਜੋ ਕਿਸੇ ਵਿਅਕਤੀ ਦੇ ਟੈਟਰੋਕ੍ਰੋਮੈਟ ਹੋਣ ਬਾਰੇ ਸੰਕੇਤ ਦਿੰਦੀ ਹੈ ਉਹ ਹੈ ਗਰਮ ਸ਼ੇਡਜ਼ ਦੇ ਮੁਕਾਬਲੇ ਤੇਜ਼ ਐਲਈਡੀ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋਣਾ।

ਉਨ੍ਹਾਂ ਕਿਹਾ, "'ਟੈਟਰਾਕ੍ਰੋਮੈਟ ਔਰਤਾਂ ਅਜਿਹੇ ਲਾਈਟ ਬਲਬ ਬਰਦਾਸ਼ਤ ਨਹੀਂ ਕਰ ਸਕਦੀਆਂ ਦਿਨ੍ਹਾਂ ਵਿੱਚ ਇੱਕ ਮਜ਼ਬੂਤ ਲੰਬੀ ਵੇਵਲੈਂਥ ਵਾਲਾ ਹਿੱਸਾ ਨਹੀਂ ਹੁੰਦਾ। "

ਉਨ੍ਹਾਂ ਕਿਹਾ ਕਿ ਉਹ ਆਪਣੇ ਘਰਾਂ ਦੇ ਮੈਂਬਰਾਂ ਨਾਲ ਬਹਿਸ ਕਰਨਗੀਆਂ- "ਮੈਂ ਇਸ ਲਾਈਟ ਨੂੰ ਬਰਦਾਸ਼ਤ ਨਹੀਂ ਕਰ ਸਕਦੀ, ਮੈਂ ਇਨ੍ਹਾਂ ਫਲੋਰੋਸੈਂਟਾ ਟਿਊਬਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਇਹ ਮੈਨੂੰ ਦੁੱਕੀ ਕਰਦੀਆਂ ਹਨ, ਮੈਨੂੰ ਬਿਮਾਰ ਮਹਿਸੂਸ ਕਰਵਾਉਂਦੀਆਂ ਹਨ।"

ਜਿਨ੍ਹਾਂ ਦੇ ਪਿਤਾ ਨੂੰ ਮਾਮੂਲੀ ਰੰਗ ਦ੍ਰਿਸ਼ਟੀ ਕਮੀ ਹੈ ਉਨ੍ਹਾਂ ਦੇ ਟੈਟਰਾਕ੍ਰੋਮੈਟ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ।

ਪਰ ਇਹ ਤਰੀਕੇ ਸੰਕੇਤ ਦੇ ਸਕਦੇ ਹਨ, ਇੱਕ ਜੈਨੇਟਿਕ ਟੈਸਟ ਅਤੇ ਲੈਬ ਅਧਾਰਿਤ ਅਧਿਐਨ ਹੀ ਵਧੇਰੇ ਭਰੋਸੇਯੋਗ ਤਰੀਕੇ ਹਨ।

ਰੈਟੀਨਲ ਤੋਂ ਫੰਕਸ਼ਨਲ

ਕੈਨਵਸ 'ਤੇ ਪੇਂਟ ਕਰ ਰਹੀ ਲੰਬੇ ਵਾਲਾਂ ਵਾਲੀ ਔਰਤ

ਤਸਵੀਰ ਸਰੋਤ, Concetta Antico

ਤਸਵੀਰ ਕੈਪਸ਼ਨ, ਐਂਟੀਕੋ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੀ ਰੰਗ ਦ੍ਰਿਸ਼ਟੀ ਵਧਾ ਲਈ ਹੈ।

ਟੈਟਰਾਕ੍ਰੋਮੇਸੀ ਬਾਰੇ ਇੱਕ ਹੋਰ ਚੀਜ਼ ਜੋ ਹਾਲੇ ਤੱਕ ਖੋਜਕਰਤਾ ਨਹੀਂ ਸਮਝ ਸਕੇ ਹਨ ਉਹ ਇਹ ਕਿ ਕਿਹੜੀ ਚੀਜ਼ ਹੈ ਜੋ ਰੈਟੀਨਲ ਨੂੰ ਫ਼ੰਕਸ਼ਨਲ ਟੈਟਰਾਕ੍ਰੋਮੇਸੀ ਵਿੱਚ ਬਦਲ ਦਿੰਦੀ ਹੈ।

ਬੋਸਟਨ ਕਹਿੰਦੇ ਹਨ, "ਕੀ ਉਨ੍ਹਾਂ ਕੋਲ ਇੱਕ ਬਹੁਤ ਹੀ ਖਾਸ ਕਿਸਮ ਦਾ ਕੋਨ ਸੈੱਲ ਹੋਣਾ ਜ਼ਰੂਰੀ ਹੈ ? ਜਾਂ ਇਹ ਇਸ ਬਾਰੇ ਕੁਝ ਹੈ ਕਿ ਉਨ੍ਹਾਂ ਨੇ ਸਿਗਨਲਾਂ ਦੀ ਵਰਤੋਂ ਕਰਨਾ ਕਿਵੇਂ ਸਿਖਿਆ ਹੈ ? ਜੋ ਇਹ ਸੰਕੇਤ ਦਿੰਦਾ ਹੈ ਕਿ ਇਹ ਦ੍ਰਿਸ਼ਟੀ ਸਿਸਟਮ ਦੇ ਹੋਰ ਹਿੱਸਿਆਂ ਦੀ ਲਚਕਤਾ ਨਾਲ ਵੀ ਸਬੰਧਤ ਹੋ ਸਕਦਾ ਹੈ।"

ਇੱਕ ਹੋਰ ਸੰਭਾਵਨਾ ਇਹ ਹੈ ਕਿ ਉਨ੍ਹਾਂ ਨੂੰ ਰੰਗਾਂ ਦੇ ਸਿਗਨਲਾਂ ਵਿੱਚ ਫਰਕ ਕਰਨ ਦੀ ਸਮਰਥਾ ਵਿਕਸਿਤ ਕਰਨ ਦੇ ਯੋਗ ਹੋਣ ਲਈ ਆਪਣੀ ਜ਼ਿੰਦਗੀ ਵਿੱਚ ਕਿਸੇ ਮਹੱਤਵਪੂਰਨ ਤੀਜ ਲਈ ਉਨ੍ਹਾਂ ਨੂੰ ਇਸਤੇਮਾਲ ਕਰਨ ਦੀ ਲੋੜ ਹੋ ਸਕਦੀ ਹੈ।

ਪੇਂਟਰ ਐਂਟੀਕੋ ਮੰਨਦੀ ਹੈ ਕਿ ਉਸ ਨਾਲ ਇਹੀ ਹੋਇਆ।

ਉਹ ਕਹਿੰਦੀ ਹੈ, "ਮੈਂ ਆਪਣੀ ਰੰਗ ਦ੍ਰਿਸ਼ਟੀ ਵਧਾ ਲਈ। ਤਾਂ ਇਹ ਇੱਕ ਮਾਸਪੇਸ਼ੀ ਦੀ ਤਰ੍ਹਾਂ ਹੈ।"

ਉਸ ਨੇ ਕਿਹਾ, "ਮੈਂ ਉਦੋਂ ਤੋਂ ਪੇਂਟਰ ਹਾਂ ਜਦੋਂ ਮੈਂ ਛੋਟੀ ਬੱਚੀ ਸੀ। ਮੈਂ 100,000 ਘੰਟੇ ਰੰਗ ਮਿਕਸ ਕਰਨ ਵਿੱਚ ਬਿਤਾਏ ਹਨ। ਮੈਂ ਇਹ ਹਰ ਰੋਜ਼ ਕਰਦੀ ਹਾਂ, ਹਰ ਵਖਤ।"

ਇੱਕ ਵੱਡਾ ਦਾਅਵਾ

ਕੈਨਵਸ 'ਤੇ ਮੋਰ ਵਿੱਚ ਰੰਗ ਭਰ ਰਹੀ ਲੰਬੇ ਵਾਲਾਂ ਵਾਲੀ ਔਰਤ

ਤਸਵੀਰ ਸਰੋਤ, Concetta Antico

ਤਸਵੀਰ ਕੈਪਸ਼ਨ, ਐਂਟੀਕੋ ਕਹਿੰਦੀ ਹੈ ਕਿ ਉਸ ਦੀ ਰੰਗ ਦ੍ਰਿਸ਼ਟੀ ਨੇ ਉਸ ਦੀ ਜ਼ਿੰਦਗੀ ਨੂੰ ਸ਼ਾਨਦਾਰ ਬਣਾ ਦਿੱਤਾ ਹੈ।

ਬਹਿਸ ਜਾਰੀ ਹੈ ਕਿ ਕੀ ਫੰਕਸ਼ਨਲ ਟੈਟਰਾਕ੍ਰੋਮੇਸੀ ਹੁੰਦੀ ਹੈ ?

ਕੁਝ ਲੋਕਾਂ ਅੰਦਰ ਵਾਧੂ ਰੰਗ ਦ੍ਰਿਸ਼ਟੀ ਹੁੰਦੀ ਹੈ, ਇਸ ਵਿਚਾਰ ਨੂੰ ਬੋਸਟਨ ਇੱਕ ਵੱਡਾ ਦਾਅਵਾ ਕਰਾਰਦੇ ਹਨ।

ਉਹ ਕਹਿੰਦੀ ਹੈ, "ਇੱਕ ਪੁਖਤਾ ਪ੍ਰੀਖਣ ਤੋਂ ਬਿਨ੍ਹਾਂ ਤੁਸੀਂ ਬਸ ਵੱਖ ਵੱਖ ਟੈਸਟਾਂ, ਕੇਸ ਸਟੱਡੀਜ਼ ਤੋਂ ਵੱਧ ਤੋਂ ਵੱਧ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕਰਦੇ ਹੋ ਅਤੇ ਇੱਕ ਵਾਰ ਜਦੋਂ ਤੁਸੀਂ ਇਸ ਸਭ ਨੂੰ ਇਕੱਠਾ ਕਰ ਲੈੰਦੇ ਹੋ ਤਾਂ ਕਹਿੰਦੇ ਹੋ-ਖੈਰ, ਸਬੂਤ ਬਹੁਤ ਹੱਦ ਤੱਕ ਇਸ ਦੇ ਪੱਖ ਵਿੱਚ ਹਨ।"

ਐਂਟੀਕੋ ਦੂਜਿਆਂ ਦੇ ਸ਼ੱਕ ਨੂੰ ਆਪਣਾ ਹੌਂਸਲਾ ਕਮਜ਼ੋਰ ਕਰਨ ਨਹੀਂ ਦਿੰਦੀ ਅਤੇ ਕਹਿੰਦੀ ਹੈ, "ਉਹ ਖੁਸ਼ਕਿਸਮਤ ਹੈ ਕਿ ਉਸ ਕੋਲ ਇਹ ਜੈਨੇਟਕ ਪਰਿਵਰਤਨ ਹੈ"

ਉਹ ਕਹਿੰਦੀ ਹੈ, "ਇਹ ਕਮਾਲ ਹੈ ਕਿ ਮੈਂ ਉਹ ਚੀਜ਼ਾਂ ਦੇਖ ਸਕਦੀ ਹਾਂ ਜੋ ਦੂਜੇ ਨਹੀਂ ਦੇਖ ਸਕਦੇ। ਇਸ ਨੇ ਮੇਰੀ ਜ਼ਿੰਦਗੀ ਸ਼ਾਨਦਾਰ ਬਣਾ ਦਿੱਤੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)