ਗੁਰੂਗ੍ਰਾਮ ਵਿੱਚ ਮਹਿਲਾ ਬਾਈਕਰ ਨੂੰ ਕਾਰ ਨਾਲ ਟੱਕਰ ਮਾਰਨ ਦੇ ਮਾਮਲੇ ਵਿੱਚ ਦੋ ਗ੍ਰਿਫ਼ਤਾਰ

ਤਸਵੀਰ ਸਰੋਤ, REBELWHEELS_SIA_/INSTAGRAM
ਹਰਿਆਣਾ ਦੇ ਗੁਰੂਗ੍ਰਾਮ ਵਿੱਚ ਮਹਿਲਾ ਬਾਈਕਰ ਨੂੰ ਕਾਰ ਨਾਲ ਟੱਕਰ ਮਾਰਨ ਦੇ ਮਾਮਲੇ ਵਿੱਚ ਹਰਿਆਣਾ ਪੁਲਿਸ ਨੇ ਰਾਜਸਥਾਨ ਦੇ ਦੌਸਾ ਤੋਂ ਦੋ ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੌਸਾ ਸਦਰ ਪੁਲਿਸ ਥਾਣੇ ਦੇ ਐੱਸਐੱਚਓ ਯੁਧਿਸ਼ਠਿਰ ਸਿੰਘ ਨੇ ਕਥਿਤ ਮੁਲਜ਼ਮ ਕਲਿਆਣ ਬੈਂਸਲਾ ਅਤੇ ਲਵਨੀਸ਼ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਸੋਹਣਾ ਤੋਂ ਏਐੱਸਆਈ ਅਤੇ ਹੈੱਡ ਕਾਂਸਟੇਬਲ ਦੀ ਇੱਕ ਟੀਮ ਨੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਉੱਥੇ ਹੀ ਕਥਿਤ ਮੁਲਜ਼ਮ ਕਲਿਆਣ ਬੈਂਸਲਾ ਦੇ ਵਕੀਲ ਨਵੀਨ ਬੈਂਸਲਾ ਨੇ ਇਸ ਘਟਨਾ ਨੂੰ ਹਿੱਟ ਐਂਡ ਰਨ ਨਹੀਂ, ਸਗੋਂ ਲਾਪਰਵਾਹੀ ਦਾ ਮਾਮਲਾ ਦੱਸਿਆ ਹੈ।
ਉਨ੍ਹਾਂ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਕਿਹਾ, "ਦੋਵੇਂ ਰੇਸ ਲਗਾ ਰਹੇ ਸਨ। ਬਾਈਕਰਾਂ ਦੇ ਗਰੁੱਪ ਵਿੱਚ 20-30 ਰਾਈਡਰ ਸ਼ਾਮਲ ਸਨ, ਜੋ ਸੜਕ 'ਤੇ ਬਹੁਤ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦੇ ਹੋਏ ਨਾਲ ਚੱਲ ਰਹੇ ਲੋਕਾਂ 'ਤੇ ਫ਼ਬਤੀਆਂ ਕੱਸ ਰਹੇ ਸਨ ਅਤੇ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਸਨ। ਉਹ ਰੇਸ ਲਗਾਉਣ ਲਈ ਉਕਸਾ ਰਹੇ ਸਨ। ਓਵਰਸਪੀਡ ਕਾਰਨ ਇਹ ਟੱਕਰ ਹੋਈ ਹੈ, ਜੋ ਕੁੱਲ ਮਿਲਾ ਕੇ ਲਾਪਰਵਾਹੀ ਦਾ ਮਾਮਲਾ ਹੈ।"
ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਇਸ ਘਟਨਾ ਦਾ ਵੀਡੀਓ ਵਾਇਰਲ ਹੈ ਅਤੇ ਕਈ ਲੋਕ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ।
ਬਾਈਕਰ ਸੀਆ ਨੇ ਨਿਊਜ਼ ਏਜੰਸੀ ਨੂੰ ਕਿਹਾ ਕਿ ਉਹ ਕੇਸ ਨੂੰ ਅੰਜਾਮ ਤੱਕ ਪਹੁੰਚਾਉਣ ਤੱਕ ਪੈਰਵੀ ਕਰੇਗੀ। ਸੀਆ ਨੇ ਕੇਸ ਵਿੱਚ ਮਿਸਾਲੀ ਸਜ਼ਾ ਦੀ ਮੰਗ ਕੀਤੀ ਹੈ ਤਾਂ ਕਿ ਸੜਕੀ ਹਿੰਸਾ ਨੂੰ ਰੋਕਿਆ ਜਾ ਸਕੇ ਅਤੇ ਮਹਿਲਾ ਮੁਸਾਫਿਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਤਸਵੀਰ ਸਰੋਤ, ANI
ਦੂਜੇ ਪਾਸੇ, ਐਤਵਾਰ ਨੂੰ ਸੀਆ ਨਾਮ ਦੀ ਜਿਸ ਮਹਿਲਾ ਬਾਈਕਰ ਨੂੰ ਇੱਕ ਕਾਰ ਸਵਾਰ ਨੇ ਟੱਕਰ ਮਾਰੀ ਸੀ, ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਘਟਨਾ ਤੋਂ ਬਾਅਦ ਉਹ ਬਹੁਤ ਡਰ ਗਈ ਸੀ।
ਉਨ੍ਹਾਂ ਨੇ ਕਿਹਾ, "ਮੇਰੀ ਬਾਈਕ ਦੇ ਬ੍ਰੇਕ ਟੁੱਟ ਗਏ ਸਨ। ਉਹ ਬਾਈਕ ਚਲਾਉਣ ਦੇ ਲਾਇਕ ਨਹੀਂ ਰਹੀ ਸੀ। ਇੱਕ ਹੋਰ ਰਾਈਡਰ ਨੇ ਮੈਨੂੰ ਪਿੱਛੇ ਬਿਠਾ ਲਿਆ।"
ਸੀਆ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਫਸਟ ਏਡ ਲਈ। ਉਨ੍ਹਾਂ ਨੇ ਕਿਹਾ, "ਮੈਂ ਬਾਈਕ ਚਲਾ ਹੀ ਨਹੀਂ ਪਾ ਰਹੀ ਸੀ। ਮੈਂ ਬਹੁਤ ਡਰੀ ਹੋਈ ਸੀ ਅਤੇ ਕੰਬ ਰਹੀ ਸੀ।"

ਤਸਵੀਰ ਸਰੋਤ, ANI
ਇਹ ਘਟਨਾ ਐਤਵਾਰ ਨੂੰ ਗੁਰੂਗ੍ਰਾਮ ਦੇ ਗੋਲਫ਼ ਕੋਰਸ ਰੋਡ 'ਤੇ ਹੋਈ।
ਇਸ ਤੋਂ ਬਾਅਦ ਗੁਰੂਗ੍ਰਾਮ ਪੁਲਿਸ ਨੇ ਸੋਸ਼ਲ ਮੀਡੀਆ ਵੈੱਬਸਾਈਟ ਐਕਸ 'ਤੇ ਪੋਸਟ ਕਰਕੇ ਦੱਸਿਆ ਕਿ ਉਸ ਨੇ ਇਸ ਮਾਮਲੇ 'ਤੇ ਖ਼ੁਦ ਨੋਟਿਸ ਲੈਂਦਿਆਂ ਐੱਫਆਈਆਰ ਦਰਜ ਕੀਤੀ ਹੈ।
ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਸੀ ਕਿ ਉਸ ਨੇ ਮੁਲਜ਼ਮ ਦੀ ਪਛਾਣ ਕਰ ਲਈ ਹੈ ਅਤੇ ਤਿੰਨ ਟੀਮਾਂ ਬਣਾਈਆਂ ਗਈਆਂ ਹਨ।
ਉੱਥੇ ਹੀ ਕਾਰ ਦੇ ਕਥਿਤ ਮਾਲਕ ਨੇ ਨਿਊਜ਼ ਏਜੰਸੀ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਦੋਸਤ ਨੇ ਦੋ ਦਿਨਾਂ ਲਈ ਕਾਰ ਉਧਾਰ ਲਈ ਸੀ।
ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਇਸ ਘਟਨਾ ਦਾ ਵੀਡੀਓ ਵਾਇਰਲ ਹੈ ਅਤੇ ਕਈ ਲੋਕ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉਠਾ ਰਹੇ ਹਨ।
'ਰੈਸ਼ ਡ੍ਰਾਈਵਿੰਗ ਕਰ ਰਹੇ ਕਾਰ ਸਵਾਰਾਂ 'ਤੇ ਕੋਈ ਐਕਸ਼ਨ ਕਿਉਂ ਨਹੀਂ'

ਤਸਵੀਰ ਸਰੋਤ, rebelwheels_sia
ਪੱਤਰਕਾਰਾਂ ਨੇ ਸੀਆ ਤੋਂ ਮੁਲਜ਼ਮ ਦੇ ਇਸ ਦਾਅਵੇ ਬਾਰੇ ਵੀ ਪੁੱਛਿਆ, ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਸੀਆ ਬਾਈਕ ਚਲਾਉਂਦੇ ਹੋਏ ਉਸ ਨੂੰ ਪਿੰਚ ਕਰ ਰਹੀ ਸੀ।
ਸੀਆ ਨੇ ਕਿਹਾ, "ਮੈਂ ਬਾਈਕ ਚਲਾ ਰਹੀ ਹਾਂ ਤਾਂ ਮੈਨੂੰ ਆਪਣੀ ਸੇਫ਼ਟੀ ਦੇਖਣੀ ਹੈ। ਮੈਂ ਫ਼ਾਲਤੂ ਵਿੱਚ ਕਿਸੇ ਨਾਲ ਪੰਗਾ ਕਿਉਂ ਲਵਾਂਗੀ। ਸਾਰਾ ਦੇਸ਼ ਦੇਖ ਰਿਹਾ ਹੈ ਕਿ ਕਿਸ ਦੀ ਗ਼ਲਤੀ ਸੀ।
"ਉਹ ਜਾਣ-ਬੁੱਝ ਕੇ ਮੈਨੂੰ ਹਿੱਟ ਕਰਕੇ ਗਏ ਹਨ। ਇਹ ਅਟੈਂਪਟ ਟੂ ਮਰਡਰ ਦਾ ਕੇਸ ਹੈ।"
ਉਨ੍ਹਾਂ ਨੇ ਕਿਹਾ, "ਜਦੋਂ ਮੈਂ ਉਹ ਵੀਡੀਓ ਪੋਸਟ ਕੀਤਾ ਤਾਂ ਗੁਰੂਗ੍ਰਾਮ ਪੁਲਿਸ ਨੇ ਮੇਰੇ ਨਾਲ ਇੰਸਟਾਗ੍ਰਾਮ ਦੇ ਜ਼ਰੀਏ ਸੰਪਰਕ ਕੀਤਾ ਸੀ।"
ਸੀਆ ਮੁਤਾਬਕ, "ਮੈਂ ਉਹ ਵੀਡੀਓ ਇਸ ਲਈ ਪਾਇਆ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਉਹ ਸੜਕ 'ਤੇ ਬਾਈਕ ਨੂੰ ਜਾਂ ਕਿਸੇ ਕੁੜੀ ਨੂੰ ਟੱਕਰ ਮਾਰ ਕੇ ਚਲੇ ਜਾਣਗੇ ਅਤੇ ਉਨ੍ਹਾਂ ਦਾ ਕੁਝ ਨਹੀਂ ਹੋਵੇਗਾ। ਲੋਕਾਂ ਨੂੰ ਡਰ ਨਹੀਂ ਹੈ। ਤਾਂ ਮੇਰਾ ਮਕਸਦ ਹੈ ਕਿ ਲੋਕਾਂ ਵਿੱਚ ਅਜਿਹਾ ਕੰਮ ਕਰਨ ਪ੍ਰਤੀ ਡਰ ਪੈਦਾ ਹੋਵੇ।"
"ਟ੍ਰੈਫ਼ਿਕ ਪੁਲਿਸ ਫਟਾਫਟ ਬਾਈਕ ਚਲਾਉਣ ਵਾਲਿਆਂ ਦਾ ਚਲਾਨ ਕਰ ਦਿੰਦੀ ਹੈ ਪਰ ਜੋ ਲੋਕ ਬਾਈਕ ਨੂੰ ਟੱਕਰ ਮਾਰ ਕੇ ਚਲੇ ਜਾਂਦੇ ਹਨ। ਕਈ ਵਾਰ ਬਾਈਕ ਵਾਲਿਆਂ ਦੀ ਡੈਥ ਹੋ ਜਾਂਦੀ ਹੈ, ਉਨ੍ਹਾਂ ਦਾ ਕੀ? ਰੈਸ਼ ਡ੍ਰਾਈਵਿੰਗ ਕਰਨ ਵਾਲੇ ਕਾਰ ਸਵਾਰਾਂ 'ਤੇ ਕੋਈ ਐਕਸ਼ਨ ਕਿਉਂ ਨਹੀਂ।"
ਇਸ ਮਾਮਲੇ ਵਿੱਚ ਪੁਲਿਸ ਦੇ ਬਿਆਨ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਮਹਿਲਾ ਬਾਈਕਰ ਸੀਆ ਨੇ ਇੰਸਟਾਗ੍ਰਾਮ 'ਤੇ ਦੱਸਿਆ ਕਿ ਉਹ ਆਪਣੀ ਪਛਾਣ ਉਜਾਗਰ ਨਹੀਂ ਕਰਨਾ ਚਾਹੁੰਦੀ।
ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ ਕਿ ਉਹ ਆਪਣੇ ਵਕੀਲ ਦੇ ਨਾਲ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰਵਾਏਗੀ ਅਤੇ ਕਾਨੂੰਨੀ ਕਾਰਵਾਈ ਕਰੇਗੀ।
ਕੌਣ ਹੈ ਮਹਿਲਾ ਬਾਈਕਰ ?

ਤਸਵੀਰ ਸਰੋਤ, REBELWHEELS_SIA_/INSTAGRAM
ਸੀਆ ਨਾਮ ਦੀ ਮਹਿਲਾ ਬਾਈਕਰ ਨੇ ਐਤਵਾਰ ਸ਼ਾਮ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪੋਸਟ ਕੀਤਾ।
ਇਸ ਵੀਡੀਓ ਵਿੱਚ ਬਾਈਕ 'ਤੇ ਲੱਗੇ ਕੈਮਰੇ ਵਿੱਚ ਕਾਰ ਵੱਲੋਂ ਬਾਈਕ ਨੂੰ ਟੱਕਰ ਮਾਰਨ ਦੀ ਘਟਨਾ ਦਰਜ ਹੋਈ ਹੈ।
ਸੀਆ ਦਾ ਦਾਅਵਾ ਹੈ ਕਿ ਉਹ ਐਤਵਾਰ ਦੀ ਸਵੇਰ 'ਸੰਡੇ ਰਾਈਡ' ਦੌਰਾਨ ਆਪਣੇ ਦੋਸਤਾਂ ਨਾਲ ਬਾਈਕ ਚਲਾ ਰਹੀ ਸੀ ਤਾਂ ਇੱਕ ਕਾਰ ਨੇ ਉਨ੍ਹਾਂ ਦਾ ਪਿੱਛਾ ਕੀਤਾ।
ਉਨ੍ਹਾਂ ਨੇ ਕਿਹਾ, "ਗੋਲਫ ਕੋਰਸ ਰੋਡ ਤੋਂ ਜਾਂਦੇ ਸਮੇਂ ਇੱਕ ਗੱਡੀ ਵਾਲਾ ਸ਼ੁਰੂ ਤੋਂ ਉਨ੍ਹਾਂ ਦਾ ਪਿੱਛਾ ਕਰ ਰਿਹਾ ਸੀ। ਉਸ ਨੇ ਗੱਡੀ ਨਾਲ ਕੋਈ ਐਕਸ਼ਨ ਕੀਤਾ ਤਾਂ ਮੈਂ ਉਸ ਨੂੰ ਕਿਹਾ ਕਿ ਥੋੜ੍ਹਾ ਦੂਰ ਚਲਾਓ। ਉਸ ਨੇ ਕਿਹਾ, ਬਾਈਕ ਰੋਕੋ। ਮੇਰੇ 'ਤੇ ਯਕੀਨ ਕਰੋ ਉਸ ਨੇ ਦਾਰੂ ਪੀਤੀ ਹੋਈ ਸੀ।"
"ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਉਸ ਤੋਂ ਥੋੜ੍ਹਾ ਅੱਗੇ ਚੱਲਾਂ ਤਾਂ ਕਿ ਉਹ ਆਪਣੀ ਗੱਡੀ ਮੇਰੇ ਬਾਈਕ ਦੇ ਅੱਗੇ ਲਿਆ ਕੇ ਨਾ ਲਗਾਏ। ਇਸੇ ਵੇਲੇ ਮੇਰਾ ਫਰੈਂਡ ਮੇਰੇ ਪਿੱਛੇ ਆਉਂਦਾ ਹੈ ਅਤੇ ਮੈਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਹਾਲਾਂਕਿ ਕਾਰ ਵਾਲੇ ਨੇ ਮੇਰਾ ਲਗਾਤਾਰ ਪਿੱਛਾ ਕੀਤਾ ਅਤੇ ਕੱਟ ਮਾਰਦਿਆਂ ਮੈਨੂੰ ਟੱਕਰ ਮਾਰ ਕੇ ਨਿਕਲ ਜਾਂਦਾ ਹੈ।"
"ਜਦੋਂ ਉਸ ਨੇ ਮੈਨੂੰ ਟੱਕਰ ਮਾਰੀ ਤਾਂ ਮੇਰੇ ਦੋਸਤ ਨੇ ਉਸ ਨੂੰ ਕਾਰ ਰੋਕਣ ਲਈ ਕਿਹਾ। ਮੇਰੇ ਦੋਸਤ ਨੇ ਉਸ ਨੂੰ ਰੈਡ ਲਾਈਟ 'ਤੇ ਦੁਬਾਰਾ ਰੋਕਿਆ ਅਤੇ ਗੱਡੀ ਵਿੱਚੋਂ ਨਿਕਲਣ ਲਈ ਕਿਹਾ ਪਰ ਉਸ ਨੇ ਕਿਹਾ ਕਿ 'ਮੇਰੀ ਗਲਤੀ ਨਹੀਂ ਹੈ' ਅਤੇ ਉਹ ਉੱਥੋਂ ਭੱਜ ਗਿਆ।"
ਇਸ ਦੇ ਨਾਲ ਹੀ ਮਹਿਲਾ ਬਾਈਕਰ ਨੇ ਗੁਰੂਗ੍ਰਾਮ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਉਸ ਇਸ ਮਾਮਲੇ ਉੱਤੇ ਕਾਰਵਾਈ ਕਰੇ।
ਮਹਿਲਾ ਬਾਈਕਰ ਸੀਆ ਨੇ ਸੋਮਵਾਰ ਸ਼ਾਮ ਨੂੰ ਇੰਸਟਾਗ੍ਰਾਮ 'ਤੇ ਇੱਕ ਬਿਆਨ ਦਿੱਤਾ। ਉਨ੍ਹਾਂ ਨੇ ਲਿਖਿਆ, "ਸਾਰਿਆਂ ਨੂੰ ਨਮਸਤੇ ਅਤੇ ਤੁਹਾਡੇ ਸਾਰਿਆਂ ਦੇ ਸਮਰਥਨ ਲਈ ਬਹੁਤ-ਬਹੁਤ ਧੰਨਵਾਦ। ਮੈਂ ਦੇਖਿਆ ਹੈ ਕਿ ਕਈ ਲੋਕ ਉਸ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਮੈਨੂੰ ਐੱਫਆਈਆਰ ਬਾਰੇ ਪੁੱਛਣ ਵਾਲੇ ਮੈਸੇਜ ਵੀ ਮਿਲ ਰਹੇ ਹਨ। ਮੈਂ ਅੱਜ ਸ਼ਾਮ ਤੱਕ ਆਪਣੇ ਵਕੀਲ ਨਾਲ ਮਿਲ ਕੇ ਐੱਫਆਈਆਰ ਦਰਜ ਕਰਵਾਵਾਂਗੀ ਅਤੇ ਕਾਨੂੰਨੀ ਕਾਰਵਾਈ ਕਰਾਂਗੀ।"
"ਮੈਨੂੰ ਨਿਊਜ਼ ਚੈਨਲਾਂ ਅਤੇ ਪੱਤਰਕਾਰਾਂ ਵੱਲੋਂ ਇੰਟਰਵਿਊ ਲਈ ਬਹੁਤ ਸਾਰੀਆਂ ਬੇਨਤੀਆਂ ਵੀ ਮਿਲ ਰਹੀਆਂ ਹਨ। ਕਿਰਪਾ ਕਰਕੇ ਸਬਰ ਰੱਖੋ ਅਤੇ ਸ਼ਾਂਤ ਰਹੋ। ਮੈਂ ਆਪਣੀ ਪਛਾਣ ਜਾਂ ਚਿਹਰਾ ਉਜਾਗਰ ਨਹੀਂ ਕਰਨਾ ਚਾਹੁੰਦੀ ਅਤੇ ਇਸ ਸਮੇਂ ਮੈਂ ਕੋਈ ਇੰਟਰਵਿਊ ਨਹੀਂ ਦੇਵਾਂਗੀ।"
"ਮੈਨੂੰ ਉਮੀਦ ਹੈ ਕਿ ਹਰ ਕੋਈ ਮੇਰੇ ਫ਼ੈਸਲੇ ਦਾ ਸਨਮਾਨ ਕਰੇਗਾ। ਮੈਂ ਤੁਹਾਨੂੰ ਅਪਡੇਟ ਦਿੰਦੀ ਰਹਾਂਗੀ। ਕਿਸੇ ਵੀ ਜਾਣਕਾਰੀ ਲਈ, ਕਿਰਪਾ ਕਰਕੇ ਮੈਨੂੰ ਇੰਸਟਾਗ੍ਰਾਮ 'ਤੇ ਡੀਐੱਮ ਕਰੋ। ਮੇਰੇ ਨਾਲ ਖੜ੍ਹੇ ਰਹਿਣ ਲਈ ਧੰਨਵਾਦ।"
ਗੁਰੂਗ੍ਰਾਮ ਪੁਲਿਸ ਨੇ ਕੀ ਕਿਹਾ ?

ਤਸਵੀਰ ਸਰੋਤ, REBELWHEELS_SIA_/INSTAGRAM
ਸੋਸ਼ਲ ਮੀਡੀਆ ਐਕਸ 'ਤੇ ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਬਾਅਦ ਗੁਰੂਗ੍ਰਾਮ ਪੁਲਿਸ ਨੇ ਉਨ੍ਹਾਂ ਪੋਸਟਾਂ 'ਤੇ ਕਮੈਂਟ ਕਰਕੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਸ਼ੁਰੂ ਕੀਤੀ ਹੈ।
ਗੁਰੂਗ੍ਰਾਮ ਪੁਲਿਸ ਨੇ ਐਕਸ ਤੇ ਲਿਖਿਆ, " ਕੁੜੀ ਵੱਲੋਂ ਹਾਲੇ ਤੱਕ ਕੋਈ ਲਿਖਤੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਹਾਲਾਂਕਿ, ਗੁਰੂਗ੍ਰਾਮ ਪੁਲਿਸ ਨੇ ਵਾਇਰਲ ਵੀਡੀਓ ਦਾ ਨੋਟਿਸ ਲੈਂਦਿਆਂ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ। ਮੁਲਜ਼ਮਾਂ ਦੀ ਜਲਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।"
ਇਸ ਤੋਂ ਬਾਅਦ ਇੱਕ ਹੋਰ ਐਕਸ ਪੋਸਟ ਵਿੱਚ ਗੁਰੂਗ੍ਰਾਮ ਪੁਲਿਸ ਨੇ ਲਿਖਿਆ, "ਇਸ ਘਟਨਾਕ੍ਰਮ ਵਿੱਚ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ। ਤਿੰਨ ਟੀਮਾਂ ਲਗਾਈਆਂ ਗਈਆਂ ਹਨ। ਮੁਲਜ਼ਮ ਦੇ ਟਿਕਾਣਿਆਂ 'ਤੇ ਰੇਡ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।"
ਉਧਰ, ਗੁਰੂਗ੍ਰਾਮ ਏਸੀਪੀ ਅਭਿਲਕਸ਼ ਜੋਸ਼ੀ ਨੇ ਸਮਾਚਾਰ ਏਜੰਸੀ ਏਐਨਆਈ ਨੂੰ ਦੱਸਿਆ ਕਿ ਸਬੰਧਿਤ ਮਹਿਲਾ ਨਾਲ ਸੰਪਰਕ ਸਾਧਿਆ ਗਿਆ ਹੈ ਅਤੇ ਸਵੈ ਨੋਟਿਸ ਲੈਂਦਿਆਂ ਸੈਕਟਰ 56 ਵਿੱਚ ਐਫਆਈਆਰ ਰਜਿਸਟਰ ਕਰ ਲਈ ਗਈ ਹੈ।
ਉਨ੍ਹਾਂ ਨੇ ਦੱਸਿਆ, "ਮੁਲਜ਼ਮ ਦੀ ਜਾਣਕਾਰੀ ਗੱਡੀ ਜ਼ਰੀਏ ਦੇਖੀ ਜਾ ਰਹੀ ਹੈ। ਅਤੇ ਮਹਿਲਾ ਨੂੰ ਜਾਂਚ ਵਿਚ ਸ਼ਾਮਲ ਕਰਕੇ ਜੋ ਵੀ ਮਾਮਲਾ ਆਉਂਦਾ ਹੈ ਉਸ ਮੁਤਾਬਕ ਅੱਗੇ ਕਾਰਵਾਈ ਹੋਵੇਗੀ। ਮਹਿਲਾ ਨੇ ਜੋ ਵੀਡੀਓ ਵਿੱਚ ਇਲਜ਼ਾਮ ਲਗਾਇਆ ਹੈ, ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।"
ਕਾਰ ਦੇ ਕਥਿਤ ਮਾਲਿਕ ਦਾ ਕੀ ਕਹਿਣਾ ਹੈ ?

ਤਸਵੀਰ ਸਰੋਤ, REBELWHEELS_SIA_/INSTAGRAM
ਮਹਿਲਾ ਬਾਈਕਰ ਦੇ ਵੀਡੀਓ ਵਿਚ ਦਿਸ ਰਹੀ ਕਾਰ ਮਾਰੂਤੀ ਸਜ਼ੂਕੀ ਦੀ ਸਿਆਜ਼ ਮਾਡਲ ਹੈ।
ਇਸ ਕਾਰ ਦੇ ਕਥਿਤ ਮਾਲਿਕ ਮਨੀਸ਼ ਨੇ ਸਮਾਚਾਰ ਏਜੰਸੀ ਏਐਨਆਈ ਨਾਲ ਗੱਲ ਕੀਤੀ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਆਪਣੀ ਕਾਰ ਕਲਿਆਣ ਸਿੰਘ ਨਾਮ ਦੇ ਦੋਸਤ ਨੂੰ ਦਿੱਤੀ ਸੀ।
ਸਮਾਚਾਰ ਏਜੰਸੀ ਏਐਨਆਈ ਨੂੰ ਮਨੀਸ਼ ਨੇ ਕਿਹਾ, "ਇਹ ਮੇਰੀ ਗੱਡੀ ਹੈ। ਮੈਂ ਕੰਮ 'ਤੇ ਸੀ ਅਤੇ ਮੇਰੇ ਦੋਸਤ ਨੇ ਕਾਰ ਉਧਾਰੀ ਲਈ ਸੀ। ਕਲਿਆਣ ਸਿੰਘ ਨੇ ਕਿਹਾ ਸੀ ਕਿ ਉਸ ਨੇ ਕਿਤੇ ਜਾਣਾ ਸੀ, ਉਸ ਨੇ ਦੋ ਦਿਨਾਂ ਲਈ ਕਾਰ ਲਈ ਸੀ।"
"ਮੈਨੂੰ ਐਕਸੀਡੈਂਟ ਬਾਰੇ ਸੋਮਵਾਰ ਸਵੇਰੇ ਪਤਾ ਲੱਗਿਆ। ਮੈਂ ਉਨ੍ਹਾਂ ਨੂੰ ਫੋਨ ਕੀਤਾ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਮੈਂ ਆਪਣੇ ਪਿਤਾ ਅਤੇ ਹੋਰ ਲੋਕਾਂ ਨੂੰ ਉਨ੍ਹਾਂ ਦੇ ਘਰ ਭੇਜਿਆ। ਉਹ ਹਰਿਆਣਾ ਦੇ ਪਲਵਲ ਜ਼ਿਲ੍ਹੇ ਤੋਂ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































