ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਨੇ ਛੱਡੀ ਆਮ ਆਦਮੀ ਪਾਰਟੀ, ਭਾਜਪਾ ’ਚ ਹੋਏ ਸ਼ਾਮਿਲ, ਹਰਭਜਨ ਸਿੰਘ, ਵਿਕਰਮਜੀਤ ਸਾਹਨੀ ਬਾਰੇ ਵੀ ਕੀਤੇ ਦਾਅਵੇ

ਪੜ੍ਹਨ ਦਾ ਸਮਾਂ: 4 ਮਿੰਟ

ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਨੇ ਆਮ ਆਦਮੀ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਤਿੰਨੇ ਰਾਜ ਸਭਾ ਸਾਂਸਦਾਂ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਐਲਾਨ ਕੀਤਾ ਗਿਆ ਕਿ ਉਹ ਆਮ ਆਦਮੀ ਪਾਰਟੀ ਤੋਂ ਦੂਰ ਜਾ ਰਹੇ ਹਨ ਅਤੇ ਬੀਜੇਪੀ 'ਚ ਆਪਣੇ ਆਪ ਨੂੰ ਸ਼ਾਮਿਲ ਕਰ ਰਹੇ ਹਨ।

ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ 'ਚ ਦੋ-ਤਿਹਾਈ ਤੋਂ ਵੱਧ ਸੰਸਦ ਮੈਂਬਰਾਂ ਦਾ ਉਨ੍ਹਾਂ ਨੂੰ ਸਾਥ ਮਿਲਿਆ ਹੈ।

ਰਾਜ ਸਭਾ ਸਾਂਸਦ ਹਰਭਜਨ ਸਿੰਘ, ਵਿਕਰਮਜੀਤ ਸਾਹਨੀ, ਰਾਜਿੰਦਰ ਗੁਪਤਾ ਅਤੇ ਸਵਾਤੀ ਮਾਲੀਵਾਲ ਦਾ ਨਾਂਅ ਲੈਂਦਿਆਂ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਉਹ ਵੀ ਉਨ੍ਹਾਂ ਦੇ ਨਾਲ ਹਨ ਤੇ ਉਨ੍ਹਾਂ ਵੱਲੋਂ ਰਾਜ ਸਭਾ ਦੇ ਚੇਅਰਮੈਨ ਨੂੰ ਸਬੰਧਤ ਦਸਤਾਵੇਜ਼ ਦੇ ਦਿੱਤੇ ਗਏ ਹਨ।

ਰਾਘਵ ਚੱਢਾ ਨੇ 'ਆਪ' ਛੱਡਣ ਦਾ ਐਲਾਨ ਕਰਦਿਆਂ ਕੀ ਕਿਹਾ ?

ਰਾਜਸਭਾ ਸਾਂਸਦ ਰਾਘਵ ਚੱਢਾ ਨੇ ਆਮ ਆਦਮੀ ਪਾਰਟੀ ਛੱਡਣ ਦਾ ਐਲਾਨ ਕਰਦਿਆਂ ਕਿਹਾ, "ਮੈਂ ਉਨ੍ਹਾਂ ਦੀ ਦੋਸਤੀ ਦੇ ਕਾਬਲ ਨਹੀਂ ਸੀ ਕਿਉਂਕਿ ਮੈਂ ਉਨ੍ਹਾਂ ਦੇ ਗੁਨਾਹ 'ਚ ਸ਼ਾਮਿਲ ਨਹੀਂ ਸੀ। ਅੱਜ ਅਸੀਂ ਇੱਕ ਅਜਿਹੇ ਮੋੜ 'ਤੇ ਸੀ ਕਿ ਜਾਂ ਤਾਂ ਅਸੀਂ ਸਿਆਸਤ ਛੱਡ ਦੇਈਏ ਜਾਂ ਆਪਣੇ ਤਜ਼ਰਬੇ ਦੇ ਆਧਾਰ 'ਤੇ ਸਕਾਰਾਤਮਕ ਸਿਆਸਤ ਕਰੀਏ।”

“ਇਸ ਲਈ ਅਸੀਂ ਫੈਸਲਾ ਲਿਆ ਹੈ ਕਿ ਆਮ ਆਦਮੀ ਪਾਰਟੀ ਦੇ ਰਾਜਸਭਾ 'ਚ ਦੋ ਤਿਹਾਈ ਮੈਂਬਰ ਆਪਣੇ ਸੰਵਿਧਾਨਕ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਬੀਜੇਪੀ 'ਚ ਮਰਜ ਹੋਣ ਜਾ ਰਹੇ ਹਨ।"

ਬੀਜੇਪੀ 'ਚ ਮਰਜ ਹੋਣ ਦਾ ਐਲਾਨ ਕਰਦਿਆਂ ਰਾਘਵ ਚੱਢਾ ਨੇ ਕਿਹਾ, "ਪਿਛਲੇ 12 ਸਾਲਾਂ 'ਚ ਬੀਜੇਪੀ ਦੀ ਕੇਂਦਰ ਸਰਕਾਰ ਨੇ ਕਈ ਮਜ਼ਬੂਤ ਕਦਮ ਚੁੱਕੇ ਹਨ।”

“ਬੀਜੇਪੀ ਦੇ ਕੰਮਾਂ 'ਤੇ ਜਨਤਾ ਨੇ ਤਿੰਨ ਵਾਰ ਮੋਹਰ ਲਗਾਈ। ਸਾਨੂੰ ਉਮੀਦ ਹੈ ਕਿ ਅਸੀਂ ਪੀਐੱਮ ਮੋਦੀ ਦੀ ਅਗਵਾਈ ਅਤੇ ਅਮਿਤ ਸ਼ਾਹ ਦੇ ਸੰਕਲਪ ਨਾਲ ਜੁੜ ਕੇ ਬਿਨਾਂ ਰੁਕੇ, ਬਿਨਾਂ ਥੱਕੇ ਦੇਸ਼ ਲਈ ਕੰਮ ਕਰਦੇ ਰਹਾਂਗੇ।"

ਸੰਦੀਪ ਪਾਠਕ ਨੇ 'ਆਪ' ਛੱਡਣ ਦੀ ਕੀ ਵਜ੍ਹਾ ਦੱਸੀ ?

ਰਾਜਸਭਾ ਮੈਂਬਰ ਸੰਦੀਪ ਪਾਠਕ ਨੇ ਕਿਹਾ, "ਮੇਰੇ ਸਾਹਮਣੇ ਤਿੰਨ ਰਾਹ ਸਨ। ਪਹਿਲਾ ਇਹ ਸੀ ਕਿ ਇਸੇ ਪਾਰਟੀ 'ਚ ਰਹਿ ਕੇ ਕੰਮ ਕਰਦੇ ਰਹਿਣਾ, ਦੂਜਾ ਸੀ ਸਿਆਸਤ ਛੱਡਣਾ ਅਤੇ ਤੀਜਾ ਸੀ ਕਿਸੇ ਹੋਰ ਪਾਰਟੀ 'ਚ ਸ਼ਾਮਿਲ ਹੋਣਾ।”

“ਜੋ ਹਾਲਾਤ ਬਣੇ ਉਸ ਤੋਂ ਤੈਅ ਸੀ ਕਿ ਇਸ ਪਾਰਟੀ 'ਚ ਰਹਿ ਕੇ ਕੰਮ ਕਰਨਾ ਸੰਭਵ ਨਹੀਂ ਸੀ ਕਿਉਂਕਿ ਤਮਾਮ ਸੰਭਾਵਨਾਵਾਂ ਮੇਰੇ ਲਈ ਖਤਮ ਹੋ ਚੁੱਕੀਆਂ ਸਨ। ਸਿਆਸਤ ਛੱਡਣ ਬਾਰੇ ਮੈਂ ਕਈ ਮਹੀਨਿਆਂ ਤੋਂ ਸੋਚ ਰਿਹਾ ਸੀ ਪਰ ਹੁਣ ਮੈਂ ਤੀਜੇ ਰਾਹ ਨੂੰ ਚੁਣਨ ਦਾ ਫੈਸਲਾ ਲਿਆ। ਆਮ ਆਦਮੀ ਪਾਰਟੀ ਨੂੰ ਛੱਡ ਕੇ ਮੈਂ ਹੁਣ ਬੀਜੇਪੀ 'ਚ ਸ਼ਾਮਿਲ ਹੋਣ ਜਾ ਰਿਹਾ ਹਾਂ।"

ਪਾਰਟੀ ਛੱਡਣ ਵਾਲਿਆਂ 'ਤੇ ਭਗਵੰਤ ਮਾਨ ਨੇ ਲਾਇਆ ਨਿਸ਼ਾਨਾ

ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਛੱਡਣ ਵਾਲੇ ਸੰਸਦ ਮੈਂਬਰਾਂ ਅਤੇ ਬੀਜੇਪੀ 'ਤੇ ਨਿਸ਼ਾਨਾ ਲਗਾਇਆ ਹੈ। ਮਾਨ ਨੇ ਕਿਹਾ, "ਬੀਜੇਪੀ ਜਦੋਂ ਸਾਡੀ ਸਰਕਾਰ ਵੱਲੋਂ ਕੀਤੇ ਕੰਮਾਂ ਤੋਂ ਘਬਰਾ ਗਈ ਤਾਂ ਉਸ ਨੇ ਸਾਡੇ ਰਾਜ ਸਭਾ ਮੈਂਬਰਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਪੰਜਾਬ 'ਚ ਬੀਜੇਪੀ ਦਾ ਕੋਈ ਆਧਾਰ ਨਹੀਂ ਹੈ, ਇਸ ਲਈ ਉਹ ਆਮ ਆਦਮੀ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।"

ਬੀਜੇਪੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਭਗਵੰਤ ਮਾਨ ਨੇ ਕਿਹਾ, "ਭਾਰਤੀ ਜਨਤਾ ਪਾਰਟੀ, ਭਾਰਤੀ ਜਨਤਾ ਦੀ ਨਹੀਂ, ਸਗੋਂ ਕੱਟੇ-ਵੱਡੇ ਅਤੇ ਛੱਡੇ ਹੋਏ ਲੀਡਰਾਂ ਦੀ ਪਾਰਟੀ ਹੈ।"

ਆਪ ਛੱਡ ਕੇ ਬੀਜੇਪੀ 'ਚ ਜਾਣ ਵਾਲੇ ਰਾਜ ਸਭਾ ਮੈਂਬਰਾਂ 'ਤੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ, "ਇਹ ਛੇ-ਸੱਤ ਲੋਕ ਪੰਜਾਬ ਨਹੀਂ ਬਲਕਿ ਗੱਦਾਰ ਹਨ, ਜਿਨ੍ਹਾਂ ਨੂੰ ਪੰਜਾਬੀ ਕਦੇ ਮੁਆਫ ਨਹੀਂ ਕਰਨਗੇ।"

ਬੀਜੇਪੀ ਨੇ ਮੁੜ ਪੰਜਾਬੀਆਂ ਨਾਲ ਧੱਕਾ ਕੀਤਾ: ਕੇਜਰੀਵਾਲ

ਦੋ ਤਿਹਾਈ ਤੋਂ ਵੱਧ ਰਾਜਸਭਾ ਮੈਂਬਰਾਂ ਵੱਲੋਂ ਪਾਰਟੀ ਛੱਡਣ 'ਤੇ ਆਮ ਆਦਮੀ ਪਾਰਟੀ ਵੱਲੋਂ ਬੀਜੇਪੀ 'ਤੇ ਨਿਸ਼ਾਨਾ ਸਾਧਿਆ ਗਿਆ।

ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ 'ਤੇ ਲਿਖਿਆ," ਬੀਜੇਪੀ ਨੇ ਫਿਰ ਤੋਂ ਪੰਜਾਬੀਆਂ ਨਾਲ ਧੱਕਾ ਕੀਤਾ।"

ਆਪ ਤੋਂ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਪ੍ਰੈਸ ਕਾਨਫਰੰਸ ਕਰਦਿਆਂ ਇਲਜ਼ਾਮ ਲਗਾਇਆ ਕਿ ਪੰਜਾਬ 'ਚ ਭਗਵੰਤ ਮਾਨ ਦੀ ਸਰਕਾਰ ਦੇ ਕੰਮਾਂ ਨੂੰ ਰੋਕਣ ਲਈ ਬੀਜੇਪੀ ਨੇ 'ਆਪ੍ਰੇਸ਼ਨ ਲੌਟਸ' ਚਲਾਇਆ।

ਸੰਜੇ ਸਿੰਘ ਨੇ ਕਿਹਾ, "ਬੀਜੇਪੀ, ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਦੇ ਕੰਮਾਂ ਨੂੰ ਰੋਕਣ ਦੀ ਸਾਜ਼ਿਸ਼ ਵੱਡੇ ਪੱਧਰ 'ਤੇ ਸ਼ੁਰੂ ਹੋ ਗਈ ਹੈ। ਬੀਜੇਪੀ ਵੱਲੋਂ ਆਪ ਦੇ ਸੱਤ ਰਾਜਸਭਾ ਮੈਂਬਰਾਂ ਨੂੰ ਤੋੜ ਕੇ ਆਪਣੀ ਪਾਰਟੀ 'ਚ ਸ਼ਾਮਿਲ ਕੀਤਾ ਗਿਆ। ਇਨ੍ਹਾਂ ਸੱਤ ਨਾਵਾਂ ਨੂੰ ਪੰਜਾਬ ਦੀ ਜਨਤਾ ਕਦੇ ਮੁਆਫ ਨਹੀਂ ਕਰੇਗੀ। ਇਨ੍ਹਾਂ ਨੇ ਬੀਜੇਪੀ ਨਾਲ ਮਿਲ ਕੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ ਅਤੇ ਗੱਦਾਰੀ ਕੀਤੀ ਹੈ।

ਸੰਜੇ ਸਿੰਘ ਨੇ ਕਿਹਾ, "ਆਮ ਆਦਮੀ ਪਾਰਟੀ ਨੇ ਇਨ੍ਹਾਂ ਨੂੰ ਜ਼ਮੀਨ ਤੋਂ ਚੁੱਕ ਕੇ ਦੇਸ਼ ਦੀ ਸੰਸਦ ਤੱਕ ਪਹੁੰਚਾਇਆ ਅਤੇ ਇਹ ਬੀਜੇਪੀ ਦੀ ਗੋਦ 'ਚ ਪਹੁੰਚ ਗਏ।"

ਹਾਲ ਹੀ 'ਚ ਅਸ਼ੋਕ ਮਿੱਤਰ ਦੇ ਟਿਕਾਣਿਆਂ 'ਤੇ ਹੋਈ ਈਡੀ ਦੀ ਛਾਪੇਮਾਰੀ ਦਾ ਜ਼ਿਕਰ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਬੀਜੇਪੀ ਈਡੀ ਅਤੇ ਸੀਬੀਆਈ ਦਾ ਡਰ ਕੇ ਦਿਖਾ ਆਪ ਦੇ ਲੀਡਰਾਂ ਨੂੰ ਤੋੜਨ ਦਾ ਕੰਮ ਕਰ ਰਹੀ ਹੈ। ਪ੍ਰਸ਼ਾਸਨਿਕ ਤੰਤਰ ਦਾ ਇਸਤੇਮਾਲ ਕਰਕੇ ਬੀਜੇਪੀ ਵੱਲੋਂ ਆਪ੍ਰੇਸ਼ਨ ਲੌਟਸ ਚਲਾਇਆ ਜਾ ਰਿਹਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)