ਹੋਰਮੁਜ਼ ਸਟ੍ਰੇਟ 'ਚ ਭਾਰਤੀ ਝੰਡੇ ਵਾਲੇ ਜਹਾਜ਼ਾਂ 'ਤੇ ਹਮਲਾ: ਭਾਰਤ ਕੋਲ ਕਿਹੜੇ ਬਦਲ ਹਨ

    • ਲੇਖਕ, ਦਿਲਨਵਾਜ਼ ਪਾਸ਼ਾ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 9 ਮਿੰਟ

ਹੋਰਮੁਜ਼ ਸਟ੍ਰੇਟ 'ਚ ਜਾਰੀ ਤਣਾਅ ਵਿਚਾਲੇ ਦੋ ਭਾਰਤੀ ਜਹਾਜ਼ਾਂ 'ਤੇ ਗੋਲੀਬਾਰੀ ਦੀ ਘਟਨਾ ਨੇ ਭਾਰਤ ਲਈ ਸਥਿਤੀ ਗੁੰਝਲਦਾਰ ਬਣਾ ਦਿੱਤੀ ਹੈ।

ਭਾਰਤ ਨੇ ਇਸ ਘਟਨਾਕ੍ਰਮ ਤੋਂ ਬਾਅਦ ਦਿੱਲੀ ਵਿੱਚ ਈਰਾਨ ਦੇ ਰਾਜਦੂਤ ਮੁਹੰਮਦ ਫ਼ਥਾਲੀ ਨੂੰ ਤਲਬ ਕੀਤਾ ਅਤੇ ਗੰਭੀਰ ਚਿੰਤਾ ਜਤਾਈ।

ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ, ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਈਰਾਨੀ ਰਾਜਦੂਤ ਨਾਲ ਮੀਟਿੰਗ ਦੌਰਾਨ ਸਮੁੰਦਰੀ ਸੁਰੱਖਿਆ ਅਤੇ ਨੈਵੀਗੇਸ਼ਨ ਦੀ ਆਜ਼ਾਦੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਭਾਰਤ ਨੇ ਈਰਾਨ ਨੂੰ ਅਪੀਲ ਵੀ ਕੀਤੀ ਹੈ ਕਿ ਭਾਰਤ ਵੱਲ ਆ ਰਹੇ ਜਹਾਜ਼ਾਂ ਲਈ ਹੋਰਮੁਜ਼ ਸਟ੍ਰੇਟ 'ਚ ਸੁਰੱਖਿਅਤ ਅਤੇ ਬਿਨ੍ਹਾਂ ਰੁਕਾਵਟ ਆਵਾਜਾਈ ਬਹਾਲ ਕੀਤੀ ਜਾਵੇ।

ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਆਪਣੇ ਜਹਾਜ਼ਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਈਰਾਨ ਅਤੇ ਹੋਰਨਾਂ ਦੇਸ਼ਾਂ ਨਾਲ ਸੰਪਰਕ ਵਿੱਚ ਹੈ।

ਉੱਧਰ ਭਾਰਤ ਵਿੱਚ ਈਰਾਨ ਦੇ ਸੁਪਰੀਮ ਲੀਡਰ ਦੇ ਨੁਮਾਇੰਦੇ ਡਾ. ਅਬਦੁੱਲ ਮਜੀਦ ਹਕੀਮ ਇਲਾਹੀ ਨੇ ਨਿਊਜ਼ ਏਜੰਸੀ ਏਐਨਆਈ ਨੂੰ ਕਿਹਾ, "ਈਰਾਨ ਅਤੇ ਭਾਰਤ ਦਾ ਰਿਸ਼ਤਾ ਬਹੁਤ ਮਜ਼ਬੂਤ ਹੈ ਅਤੇ ਮੈਨੂੰ ਇਸ ਘਟਨਾ ਬਾਰੇ ਜਾਣਕਾਰੀ ਨਹੀਂ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਭ ਠੀਕ ਹੋਵੇਗਾ ਅਤੇ ਇਹ ਮਾਮਲਾ ਸੁਲਝ ਜਾਵੇਗਾ।"

ਸ਼ਨੀਵਾਰ ਨੂੰ ਵ੍ਹਾਈਟ ਹਾਊਸ 'ਚ ਜਦੋਂ ਬੀਬੀਸੀ ਦੀ ਸਹਿਯੋਗੀ ਸੀਬੀਸੀ ਨਿਊਜ਼ ਨੇ ਇਸ ਘਟਨਾਕ੍ਰਮ 'ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਨੇ ਜਵਾਬ ਨਹੀਂ ਦਿੱਤਾ।

ਸਟ੍ਰੇਟ ਆਫ ਹੋਰਮੁਜ਼ 'ਚ ਕੀ ਹੋਇਆ ?

ਸ਼ਨੀਵਾਰ ਨੂੰ ਟੈਂਕਰਾਂ ਦੀ ਆਵਾਜਾਈ 'ਤੇ ਨਿਗਰਾਨੀ ਰੱਖਣ ਵਾਲੀ ਵੈੱਬਸਾਈਟ ਟੈਂਕਰ ਟ੍ਰੈਕਰਜ਼ ਨੇ ਦਾਅਵਾ ਕੀਤਾ ਸੀ ਕਿ ਆਈਆਰਜੀਸੀ ਦੀ ਨੇਵੀ ਨੇ ਦੋ ਭਾਰਤੀ ਜਹਾਜ਼ਾਂ ਨੂੰ ਹੋਰਮੁਜ਼ ਸਟ੍ਰੇਟ ਤੋਂ ਪਿੱਛੇ ਹਟਣ ਲਈ ਮਜਬੂਰ ਕੀਤਾ ਸੀ। ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਇਸ ਘਟਨਾਕ੍ਰਮ ਦੌਰਾਨ 'ਗੋਲੀਬਾਰੀ' ਵੀ ਹੋਈ।

ਹਾਲਾਂਕਿ ਅਜਿਹੇ ਕੋਈ ਸੰਕੇਤ ਨਹੀਂ ਹਨ ਕਿ ਜਹਾਜ਼ਾਂ ਨੂੰ ਖਾਸ ਤੌਰ 'ਤੇ ਭਾਰਤੀ ਹੋਣ ਦੀ ਵਜ੍ਹਾ ਕਰਕੇ ਨਿਸ਼ਾਨਾ ਬਣਾਇਆ ਗਿਆ।

ਉੱਧਰ ਬੀਬੀਸੀ ਵੈਰੀਫਾਈ ਦੀ ਇੱਕ ਰਿਪੋਰਟ ਮੁਤਾਬਕ, ਜਦੋਂ ਹੋਰਮੁਜ਼ ਸਟ੍ਰੇਟ ਨੂੰ ਦੁਬਾਰਾ ਖੋਲ੍ਹਿਆ ਜਾ ਰਿਹਾ ਸੀ ਤਾਂ ਭਾਰਤੀ ਝੰਡਿਆਂ ਵਾਲੇ ਦੋ ਜਹਾਜ਼ਾਂ, ਕਾਰਗੋ ਸ਼ਿਪ ਜਗ ਅਰਨਵ ਅਤੇ ਤੇਲ ਟੈਂਕਰ ਸਨਮਾਰ ਹੇਰਾਲਡ ਨੂੰ ਈਰਾਨ ਦੀ ਆਈਆਰਜੀਸੀ ਨੇ ਆਪਣੇ ਤੈਅ ਮਾਰਗ ਤੋਂ ਹਟਣ ਦੇ ਆਦੇਸ਼ ਦਿੱਤੇ।

ਯੂਕੇ ਮੈਰੀਟਾਈਮ ਟ੍ਰੇਡ ਆਪ੍ਰੇਸ਼ਨਸ ਮੁਤਾਬਕ, ਆਈਆਰਜੀਸੀ ਨੇ ਇੱਕ ਜਹਾਜ਼ 'ਤੇ ਗੋਲੀਬਾਰੀ ਵੀ ਕੀਤੀ।

ਮੈਰੀਟਾਈਮ ਟ੍ਰੈਫਿਕ 'ਤੇ ਰਿਪੋਰਟ ਕਰਨ ਵਾਲੀਆਂ ਵੈੱਬਸਾਈਟਾਂ ਮੁਤਾਬਕ, ਇਸ ਘਟਨਾ ਤੋਂ ਬਾਅਦ ਭਾਰਤੀ ਜਹਾਜ਼ ਹੋਰਮੁਜ਼ ਸਟ੍ਰੇਟ ਤੋਂ ਪਿੱਛੇ ਹੱਟ ਗਏ।

ਤੇਲ ਟੈਂਕਰ ਸਨਮਾਰ ਹੇਰਾਲਡ ਭਾਰਤ ਲਈ ਤੇਲ ਲੈਕੇ ਆ ਰਿਹਾ ਸੀ।

ਇਸ ਘਟਨਾਕ੍ਰਮ ਤੋਂ ਇੱਕ ਦਿਨ ਪਹਿਲਾਂ ਹੀ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਜਾਣਕਾਰੀ ਦਿੱਤੀ ਸੀ ਕਿ ਸਟ੍ਰੇਟ ਨੂੰ ਟ੍ਰੈਫਿਕ ਲਈ ਖੋਲ੍ਹ ਦਿੱਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਇਸ ਦਾ ਸਵਾਗਤ ਕੀਤਾ ਸੀ।

ਹਾਲਾਂਕਿ ਅਮਰੀਕਾ ਵੱਲੋਂ ਹੋਰਮੁਜ਼ ਸਟ੍ਰੇਟ 'ਚ ਨਾਕਾਬੰਦੀ ਜਾਰੀ ਰਹੀ। ਇਸ ਤੋਂ ਬਾਅਦ ਈਰਾਨ ਨੇ ਸਟ੍ਰੇਟ ਨੂੰ ਫਿਰ ਤੋਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ।

ਸੰਕਟ ਵਿਚਾਲੇ ਹੋਰਮੁਜ਼ ਸਟ੍ਰੇਟ 'ਚੋਂ ਲੰਘ ਚੁੱਕੇ ਹਨ ਭਾਰਤੀ ਜਹਾਜ਼

ਫਰਵਰੀ ਦੇ ਅਖੀਰ 'ਚ ਅਮਰੀਕਾ-ਇਜ਼ਰਾਇਲ ਦੇ ਈਰਾਨ 'ਤੇ ਹਮਲੇ ਤੋਂ ਬਾਅਦ ਸ਼ੁਰੂ ਹੋਏ ਹੋਰਮੁਜ਼ ਸੰਕਟ ਵਿਚਾਲੇ ਹੁਣ ਤੱਕ ਘੱਟੋ-ਘੱਟ ਦਸ ਭਾਰਤੀ ਜਹਾਜ਼ ਹੋਰਮੁਜ਼ ਪਾਰ ਕਰ ਚੁੱਕੇ ਹਨ।

ਭਾਰਤੀ ਮੀਡੀਆ ਰਿਪੋਰਟਾਂ ਮੁਤਾਬਕ ਸ਼ੁੱਕਰਵਾਰ ਨੂੰ ਵੀ ਭਾਰਤੀ ਝੰਡੇ ਵਾਲਾ ਇੱਕ ਤੇਲ ਟੈਂਕਰ ਹੋਰਮੁਜ਼ 'ਚੋਂ ਲੰਘਣ 'ਚ ਕਾਮਯਾਬ ਰਿਹਾ ਸੀ।

ਐਨਡੀਟੀਵੀ ਦੀ ਇੱਕ ਰਿਪੋਰਟ ਮੁਤਾਬਕ, ਚਾਲਕ ਦਲ ਦੇ 31 ਮੈਂਬਰਾਂ ਨਾਲ ਤੇਲ ਟੈਂਕਰ 'ਦੇਸ਼ ਗਰਿਮਾ' ਹੋਰਮੁਜ਼ 'ਚੋਂ ਨਿਕਲ ਕੇ ਮੁੰਬਈ ਵੱਲ ਵੱਧ ਰਿਹਾ ਹੈ।

ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਮੁਤਾਬਕ, ਇਸ ਸੰਕਟ ਦੌਰਾਨ ਹੋਰਮੁਜ਼ 'ਚੋਂ ਲੰਘਣ ਵਾਲਾ ਇਹ ਦਸਵਾਂ ਭਾਰਤੀ ਜਹਾਜ਼ ਹੈ।

ਹਾਲਾਂਕਿ ਇਹ ਜਹਾਜ਼ ਰਹਿ-ਰਹਿ ਕੇ ਹੀ ਹੋਰਮੁਜ਼ 'ਚੋਂ ਲੰਘ ਸਕੇ ਹਨ ਅਤੇ ਇਸ ਅਹਿਮ ਸਮੁੰਦਰੀ ਮਾਰਗ 'ਤੇ ਈਰਾਨ ਦੀ ਸਖਤ ਨਾਕਾਬੰਦੀ ਹੈ।

ਭਾਰਤ ਆਪਣੀਆਂ ਕੁੱਲ ਤੇਲ ਜ਼ਰੂਰਤਾਂ ਦਾ ਲਗਭਗ 85 ਫੀਸਦ ਦਰਾਮਦ ਕਰਦਾ ਹੈ ਅਤੇ ਇਨ੍ਹਾਂ 'ਚੋਂ 55-60 ਫੀਸਦ ਤੱਕ ਕੱਚਾ ਤੇਲ ਖਾੜੀ ਮੁਲਕਾਂ ਤੋਂ ਆਉਂਦਾ ਹੈ, ਜਿਨ੍ਹਾਂ ਦਾ ਮੁੱਖ ਮਾਰਗ ਹੋਰਮੁਜ਼ ਸਟ੍ਰੇਟ ਹੀ ਹੈ।

ਹੋਰਮੁਜ਼ ਸਟ੍ਰੇਟ ਦੁਨੀਆ ਦੇ ਸਭ ਤੋਂ ਅਹਿਮ ਸਮੁੰਦਰੀ ਚੈੱਕਪੁਆਇੰਟਸ 'ਚੋਂ ਇੱਕ ਹੈ ਅਤੇ ਦੁਨੀਆ ਦਾ 20 ਫੀਸਦ ਕੱਚਾ ਤੇਲ ਇਸੇ ਮਾਰਗ 'ਚੋਂ ਲੰਘਦਾ ਹੈ।

ਅਜਿਹੇ 'ਚ ਹੋਰਮੁਜ਼ ਦਾ ਸਥਿਤੀ ਦਾ ਸਿੱਧਾ ਅਸਰ ਭਾਰਤ 'ਤੇ ਪੈਂਦਾ ਹੈ।

ਭਾਰਤ ਕੋਲ ਅੱਗੇ ਕੀ ਬਦਲ ਹੈ ?

ਭਾਰਤ ਨੇ ਸ਼ਨੀਵਾਰ ਦੇ ਘਟਨਾਕ੍ਰਮ ਤੋਂ ਬਾਅਦ ਈਰਾਨੀ ਰਾਜਦੂਤ ਨੂੰ ਤਲਬ ਕਰਕੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਪਰ ਇਹ ਸਵਾਲ ਬਣਿਆ ਹੋਇਆ ਹੈ ਕਿ ਅਜਿਹੀ ਸਥਿਤੀ 'ਚ ਭਾਰਤ ਕੋਲ ਹੋਰ ਕਿਹੜੇ ਬਦਲ ਹੋ ਸਕਦੇ ਹਨ।

ਮਾਹਰ ਮੰਨ ਰਹੇ ਹਨ ਕਿ ਭਾਰਤ ਨੇ ਸੋਚੀ-ਸਮਝੀ ਰਣਨੀਤੀ ਤਹਿਤ ਈਰਾਨ ਦੀ ਕਾਰਵਾਈ ਤੋਂ ਬਾਅਦ ਸੰਤੁਲਿਤ ਅਤੇ ਨਪੀ-ਤੁਲੀ ਪ੍ਰਤੀਕਿਰਿਆ ਦਿੱਤੀ ਹੈ। ਮਾਹਰਾਂ ਮੁਤਾਬਕ ਇਸ ਸਮੇਂ ਭਾਰਤ ਦੀ ਪਹਿਲ ਊਰਜਾ ਸੁਰੱਖਿਆ ਹੈ ਅਤੇ ਭਾਰਤ ਲਈ ਬਦਲ ਸੀਮਿਤ ਹਨ।

ਕੌਮਾਂਤਰੀ ਮਾਮਲਿਆਂ ਦੇ ਜਾਣਕਾਰ ਹਰਸ਼ ਵੀ ਪੰਤ ਇਸ ਸਥਿਤੀ ਦੀ ਅਸਲੀਅਤ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ, "ਹੋਰਮੁਜ਼ ਸਟ੍ਰੇਟ ਦੀ ਮੌਜੂਦਾ ਸਥਿਤੀ 'ਚ ਸਿਰਫ਼ ਭਾਰਤ ਹੀ ਨਹੀਂ ਬਲਕਿ ਦੁਨੀਆ ਦੇ ਕਿਸੇ ਵੀ ਦੇਸ਼ ਕੋਲ ਬਦਲ ਬਹੁਤ ਸੀਮਿਤ ਹਨ। ਅਮਰੀਕਾ ਅਤੇ ਈਰਾਨ ਨੂੰ ਛੱਡ ਕੇ ਦੁਨੀਆ ਦੇ ਬਾਕੀ ਦੇਸ਼ ਇੱਥੇ ਬਹੁਤ ਕੁਝ ਕਰਨ ਦੀ ਸਥਿਤੀ 'ਚ ਨਹੀਂ ਹਨ।"

ਮਾਹਰ ਮੰਨ ਰਹੇ ਹਨ ਕਿ ਮੌਜੂਦਾ ਟਕਰਾਅ 'ਚ ਬਹੁਤ ਕੁਝ ਸਿਰਫ਼ ਅਮਰੀਕਾ ਅਤੇ ਈਰਾਨ ਦੇ ਹੱਥ 'ਚ ਹੈ ਅਤੇ ਭਾਰਤ ਸਣੇ ਦੁਨੀਆ ਦੇ ਬਾਕੀ ਦੇਸ਼ ਨਾ ਹੀ ਇਸਦੇ ਪ੍ਰਭਾਵ ਨੂੰ ਘੱਟ ਕਰਨ ਦੀ ਸਥਿਤੀ 'ਚ ਹਨ ਅਤੇ ਨਾ ਹੀ ਇਸਨੂੰ ਕਾਬੂ ਕਰਨ ਦੀ ਸਥਿਤੀ 'ਚ ਹਨ।

ਰੱਖਿਆ ਮਾਹਰ ਉਦੇ ਭਾਸਕਰ ਮੰਨਦੇ ਹਨ ਕਿ ਮੌਜੂਦਾ ਸਥਿਤੀ 'ਚ ਕੂਟਨੀਤੀ ਹੀ ਭਾਰਤ ਦੇ ਕੋਲ ਸਭ ਤੋਂ ਵੱਧ ਸੰਭਾਵਨਾਵਾਂ ਵਾਲਾ ਬਦਲ ਹੈ।

ਉਦੇ ਭਾਸਕਰ ਕਹਿੰਦੇ ਹਨ, "ਭਾਰਤ ਕੋਲ ਸਭ ਤੋਂ ਬਿਹਤਰ ਬਦਲ ਕੂਟਨੀਤੀ ਦਾ ਹੈ। ਮੌਜੂਦਾ ਹਾਲਾਤਾਂ 'ਚ ਗੱਲਬਾਤ ਹੀ ਭਾਰਤ ਲਈ ਇੱਕ ਮਾਤਰ ਰਾਹ ਦਿਖਾਈ ਦਿੰਦਾ ਹੈ।"

ਨੇਵੀਗੇਸ਼ਨ ਲਈ ਆਜ਼ਾਦੀ ਦੀ ਮੰਗ

ਹੋਰਮੁਜ਼ ਸੰਕਟ ਵਿਚਾਲੇ ਭਾਰਤ ਨੇ ਲਗਾਤਾਰ ਈਰਾਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਈਰਾਨ ਤੋਂ ਫ੍ਰੀਡਮ ਆਫ ਨੈਵੀਗੇਸ਼ਨ ਯਾਨੀ ਸਮੁੰਦਰੀ ਮਾਰਗ ਦੇ ਇਸਤੇਮਾਲ ਦੀ ਮੰਗ ਕੀਤੀ ਹੈ।

ਫ੍ਰੀਡਮ ਆਫ ਨੈਵੀਗੇਸ਼ਨ ਸਮੁੰਦਰੀ ਕਾਨੂੰਨ ਦਾ ਇੱਕ ਮੁੱਢਲਾ ਸਿਧਾਂਤ ਹੈ ਜਿਸ ਦਾ ਮਤਲਬ ਹੈ ਕਿ ਕਿਸੇ ਸੁੰਤਤਰ ਦੇਸ਼ ਦਾ ਜਹਾਜ਼ ਦੂਜੇ ਦੇਸ਼ ਦੇ ਗੈਰ-ਕਾਨੂੰਨੀ ਦਖਲ ਤੋਂ ਬਿਨ੍ਹਾਂ ਸਮੁੰਦਰ 'ਚ ਆਵਾਜਾਈ ਕਰ ਸਕਦਾ ਹੈ।

ਇਹ ਸੰਵਿਧਾਨ ਸੰਯੁਕਤ ਰਾਸ਼ਟਰ ਸਮੁੰਦਰੀ ਕਾਨੂੰਨ ਸਮਝੌਤੇ (ਯੂਐਨਸੀਐਨਓਐਸ-1982) 'ਤੇ ਆਧਾਰਿਤ ਹੈ।

ਯੂਐਨਸੀਐਲਓਐਸ ਤਹਿਤ ਸਮੁੰਦਰ ਨੂੰ ਵੱਖ-ਵੱਖ ਹਿੱਸਿਆਂ 'ਚ ਵੰਡਿਆ ਗਿਆ ਹੈ। ਖੁੱਲ੍ਹੇ ਸਮੁੰਦਰ ਯਾਨੀ 'ਹਾਈ ਸੀਜ਼' ਕਿਸੇ ਵੀ ਦੇਸ਼ ਦੀ ਸਰਹੱਦ ਤੋਂ ਬਾਹਰ ਹੁੰਦੇ ਹਨ ਅਤੇ ਇਸ 'ਚ ਸਾਰੇ ਦੇਸ਼ਾਂ ਨੂੰ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਹੁੰਦੀ ਹੈ।

ਇਸ ਤੋਂ ਬਾਅਦ ਐਕਸਕਲੂਸਿਵ ਇਕੋਨਾਮਿਕ ਜ਼ੋਨ ਯਾਨੀ ਈਈਜ਼ੈਡ ਆਉਂਦੇ ਹਨ। ਇਹ ਦੇਸ਼ ਦੇ ਤੱਟੀ ਇਲਾਕਿਆਂ ਤੋਂ ਸਮੁੰਦਰ 'ਚ 200 ਨੌਟੀਕਲ ਮੀਲ ਤੱਕ ਹੁੰਦਾ ਹੈ। ਇਸ ਖੇਤਰ 'ਚ ਤੱਟੀ ਦੇਸ਼ ਨੂੰ ਮੱਛੀ ਫੜ੍ਹਨ, ਤੇਲ-ਗੈਸ ਵਰਗੇ ਸੰਸਾਧਨ ਕੱਢਣ ਦੀ ਆਜ਼ਾਦੀ ਹੁੰਦੀ ਹੈ।

ਉੱਧਰ ਪ੍ਰਾਦੇਸ਼ਿਕ ਜਲ ਯਾਨੀ ਟੈਰੀਟੋਰੀਅਲ ਵਾਟਰਸ, ਸਮੁੰਦਰ 'ਚ ਉਹ ਇਲਾਕਾ ਹੁੰਦਾ ਹੈ ਜੋ ਤੱਟ ਤੋਂ 12 ਨੌਟੀਕਲ ਮੀਲ ਤੱਕ ਹੁੰਦਾ ਹੈ। ਇੱਥੇ ਅਧਿਕਾਰ ਤਾਂ ਤੱਟੀ ਦੇਸ਼ ਦਾ ਹੁੰਦਾ ਹੈ ਪਰ ਵਿਦੇਸ਼ੀ ਜਹਾਜ਼ਾਂ ਨੂੰ ਇੱਥੋਂ ਨਿਕਲਣ ਦਾ ਅਧਿਕਾਰ ਹੁੰਦਾ ਹੈ ਜਿਸ ਨੂੰ ਇਨੋਸੈਂਟ ਪੈਸੇਜ ਕਿਹਾ ਜਾਂਦਾ ਹੈ।

ਇਸ ਦਾ ਮਤਲਬ ਇਹ ਹੈ ਕਿ ਜਹਾਜ਼ ਇੱਥੋਂ ਸ਼ਾਂਤੀ ਨਾਲ ਯਾਨੀ ਤੱਟੀ ਦੇਸ਼ ਦੀ ਸੁਤੰਤਰਤਾ ਜਾਂ ਸੰਪ੍ਰਭੂਤਾ ਨੂੰ ਖਤਰਾ ਪਹੁੰਚਾਏ ਬਿਨ੍ਹਾਂ ਲੰਘ ਸਕਦੇ ਹਨ।

ਕੌਮਾਂਤਰੀ ਸਟ੍ਰੇਟ ਜਿਵੇਂ ਕਿ ਹੋਰਮੁਜ਼ ਸਟ੍ਰੇਟ ਲਈ ਨਿਯਮ ਵੱਖਰੇ ਹਨ। ਦੋ ਈਈਜ਼ੈਡ ਨੂੰ ਜੋੜਨ ਵਾਲੇ ਸਟ੍ਰੇਟ 'ਚ ਟ੍ਰਾਂਜ਼ਿਟ ਪੈਸੇਜ ਲਾਗੂ ਹੁੰਦਾ ਹੈ ਯਾਨੀ ਸਾਰੇ ਜਹਾਜ਼ਾਂ ਨੂੰ ਇੱਥੇ ਲਗਾਤਾਰ ਅਤੇ ਤੇਜ਼ੀ ਨਾਲ ਲੰਘਣ ਦਾ ਅਧਿਕਾਰ ਹੁੰਦਾ ਹੈ।

ਹੋਰਮੁਜ਼ ਸਟ੍ਰੇਟ ਦੇ ਮਾਮਲੇ 'ਚ, ਕੌਮਾਂਤਰੀ ਕਾਨੂੰਨ ਦੇ ਤਹਿਤ ਤੱਟੀ ਦੇਸ਼ਾਂ ਈਰਾਨ ਜਾਂ ਓਮਾਨ ਨੂੰ ਕਿਸੇ ਜਹਾਜ਼ ਨੂੰ ਰੋਕਣ ਜਾਂ ਆਵਾਜਾਈ ਨੂੰ ਸਸਪੈਂਡ ਜਾਂ ਇਸ 'ਚ ਰੁਕਾਵਟ ਪਾਉਣ ਦਾ ਅਧਿਕਾਰ ਨਹੀਂ ਹੈ।

ਹੋਰਮੁਜ਼ ਸਟ੍ਰੇਟ ਦੇ ਮਾਮਲੇ 'ਚ ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜ਼ੇਸ਼ਨ ਨੇ ਕਿਹਾ ਹੈ ਕਿ ਕੋਈ ਵੀ ਦੇਸ਼ ਕੌਮਾਂਤਰੀ ਜਲ ਮਾਰਗਾਂ 'ਚ ਸੁਤੰਤਰ ਆਵਾਜਾਈ 'ਤੇ ਪਾਬੰਦੀਆਂ ਨਹੀਂ ਲਗਾ ਸਕਦਾ ਹੈ।

ਪਰ ਈਰਾਨ ਨੇ ਜੰਗ ਸ਼ੁਰੂ ਹੋਣ ਤੋਂ ਬਾਅਦ ਤੋਂ ਹੋਰਮੁਜ਼ ਸਟ੍ਰੇਟ ਨੂੰ ਬੰਦ ਕਰ ਦਿੱਤਾ ਹੈ ਅਤੇ ਇਸ ਕਦਮ ਦਾ ਅਸਰ ਕੌਮਾਂਤਰੀ ਊਰਜਾ ਬਾਜ਼ਾਰ 'ਤੇ ਪਿਆ ਹੈ।

ਮਾਹਰ ਮੰਨਦੇ ਹਨ ਕਿ ਭਾਰਤ ਜੇਕਰ ਕੌਮਾਂਤਰੀ ਕਾਨੂੰਨ ਲਾਗੂ ਕਰਨ ਦੀ ਮੰਗ ਕਰਦਾ ਵੀ ਹੈ ਤਾਂ ਇਹ ਸਵਾਲ ਉੱਠੇਗਾ ਕਿ ਇਸ ਨੂੰ ਲਾਗੂ ਕੌਣ ਕਰੇਗਾ ?

ਉਦੇ ਭਾਸਕਰ ਕਹਿੰਦੇ ਹਨ, "ਜੇਕਰ ਕੌਮਾਂਤਰੀ ਕਾਨੂੰਨ ਨੂੰ ਲਾਗੂ ਕਰਵਾਉਣ ਦਾ ਰਾਹ ਅਪਣਾਇਆ ਜਾਂਦਾ ਹੈ ਤਾਂ ਇਸ ਦਾ ਕੋਈ ਨਤੀਜਾ ਨਹੀਂ ਨਿਕਲੇਗਾ ਕਿਉਂਕਿ ਈਰਾਨ ਜੰਗ ਦੇ ਮਾਮਲੇ 'ਚ ਅਮਰੀਕਾ ਅਤੇ ਇਜ਼ਰਾਇਲ ਨੇ ਖੁੱਲ੍ਹ ਕੇ ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਕੀਤਾ ਹੈ। ਅਜਿਹੇ 'ਚ ਈਰਾਨ ਤੋਂ ਕੌਮਾਂਤਰੀ ਕਾਨੂੰਨਾਂ ਨੂੰ ਮੰਨਣ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਇੱਕ ਸਵਾਲ ਇਹ ਵੀ ਹੈ ਕਿ ਇਸ ਸਮੇਂ ਕੌਮਾਂਤਰੀ ਕਾਨੂੰਨ ਨੂੰ ਲਾਗੂ ਕਰੇਗਾ ਕੌਣ? "

ਉਧਰ ਮਾਹਰ ਇਹ ਵੀ ਮੰਨ ਰਹੇ ਹਨ ਕਿ ਅਮਰੀਕਾ-ਈਰਾਨ ਵਿਚਾਲੇ ਜਾਰੀ ਤਣਾਅ 'ਚ ਦੁਨੀਆ ਦੇ ਬਾਕੀ ਦੇਸ਼ਾਂ ਦੀ ਭੂਮਿਕਾ ਬਹੁਤ ਸੀਮਿਤ ਹੋ ਗਈ ਹੈ।

ਹਰਸ਼ ਵੀ ਪੰਤ ਕਹਿੰਦੇ ਹਨ ਕਿ ਇਸ ਸੰਕਟ 'ਚ ਸਿਰਫ਼ ਭਾਰਤ ਹੀ ਨਹੀਂ ਬਲਕਿ ਦੁਨੀਆ ਦੇ ਬਾਕੀ ਦੇਸ਼ ਵੀ ਬਹੁਤ ਕੁਝ ਨਹੀਂ ਕਰ ਪਾ ਰਹੇ ਹਨ।

ਪੰਤ ਕਹਿੰਦੇ ਹਨ, "ਅਮਰੀਕਾ ਅਤੇ ਈਰਾਨ ਵਿਚਾਲੇ ਮੌਜੂਦਾ ਟਕਰਾਅ 'ਚ ਦੁਨੀਆ ਦੇ ਹੋਰਨਾਂ ਦੇਸ਼ਾਂ ਦੀ ਭੂਮਿਕਾ ਜ਼ਿਆਦਾ ਦਿਖਾਈ ਨਹੀਂ ਦਿੰਦੀ ਹੈ। ਜਦੋਂ ਤੱਕ ਅਮਰੀਕਾ ਅਤੇ ਈਰਾਨ ਇਸ ਮਸਲੇ ਦਾ ਹੱਲ ਨਹੀਂ ਕੱਢਣਗੇ, ਬਾਕੀ ਦੇਸ਼ਾਂ ਲਈ ਸਥਿਤੀਆਂ ਇੰਝ ਹੀ ਜਟਿਲ ਬਣੀਆਂ ਰਹਿਣਗੀਆਂ।"

ਹਾਲਾਂਕਿ, ਉਦੇ ਭਾਸਕਰ ਮੰਨਦੇ ਹਨ ਕਿ ਭਾਰਤ ਈਰਾਨ ਦੇ ਨਾਲ ਕੂਟਨੀਤੀ ਨੂੰ ਹੋਰ ਹੁਲਾਰਾ ਦੇ ਕੇ ਵੀ ਕੁਝ ਨਾ ਕੁਝ ਨਤੀਜੇ ਹਾਸਲ ਕਰ ਸਕਦਾ ਹੈ।

ਭਾਸਕਰ ਕਹਿੰਦੇ ਹਨ, "ਭਾਰਤ ਕੋਲ ਅਜੇ ਵੀ ਬਹੁਤ ਸੰਭਾਵਨਾਵਾਂ ਹਨ। ਭਾਰਤ ਈਰਾਨ ਦੇ ਨਾਲ ਦੁਵੱਲੀ ਵਾਰਤਾ ਨੂੰ ਹੁੰਗਾਰਾ ਦੇ ਸਕਦਾ ਹੈ, ਬ੍ਰਿਕਸ ਵਰਗੇ ਮੰਚਾਂ ਦਾ ਇਸਤੇਮਾਲ ਤਣਾਅ ਘੱਟ ਕਰਨ ਲਈ ਕਰ ਸਕਦਾ ਹੈ। ਭਾਰਤ ਨੂੰ ਕੂਟਨੀਤੀ ਦੇ ਰਾਹ 'ਤੇ ਹੀ ਅੱਗੇ ਵੱਧਣਾ ਚਾਹੀਦਾ ਹੈ।"

ਕੀ ਭਾਰਤ ਜਹਾਜ਼ਾਂ ਨੂੰ ਸੁਰੱਖਿਆ ਦੇ ਸਕਦਾ ਹੈ ?

ਭਾਰਤ ਨੇ ਹੋਰਮੁਜ਼ ਸੰਕਟ ਵਿਚਾਲੇ ਇਸੇ ਸਾਲ ਮਾਰਚ 'ਚ ਆਪ੍ਰੇਸ਼ਨ ਊਰਜਾ ਸੁਰੱਖਿਆ ਸ਼ੁਰੂ ਕੀਤਾ ਸੀ। ਇਸ ਆਪ੍ਰੇਸ਼ਨ ਤਹਿਤ ਭਾਰਤ ਦੀ ਅਗਲੇਰੀ ਕਤਾਰ ਦੇ ਪੰਜ ਤੋਂ ਵੱਧ ਜੰਗੀ ਜਹਾਜ਼ ਓਮਾਨ ਦੀ ਖਾੜੀ ਅਤੇ ਫਾਰਸ ਦੀ ਖਾੜੀ 'ਚ ਹਨ।

ਭਾਰਤ ਨੇ ਈਰਾਨੀ ਏਜੰਸੀਆਂ ਨਾਲ ਤਾਲਮੇਲ ਬਣਾਉਂਦੇ ਹੋਏ ਐੱਲਪੀਜੀ ਨਾਲ ਲੱਦੇ ਜਹਾਜ਼ਾਂ ਨੂੰ ਭਾਰਤੀ ਨੇਵੀ ਦੀ ਸੁਰੱਖਿਆ 'ਚ ਹੋਰਮੁਜ਼ 'ਚੋਂ ਕੱਢਿਆ ਹੈ। ਕੀ ਭਾਰਤ ਮੌਜੂਦਾ ਸੰਕਟ ਵਿਚਾਲੇ ਹੋਰਮੁਜ਼ ਤੋਂ ਭਾਰਤੀ ਨੇਵੀ ਦੇ ਜਹਾਜ਼ਾਂ ਨੂੰ ਭੇਜ ਸਕਦਾ ਹੈ। ਮਾਹਰਾਂ ਮੁਤਾਬਕ ਇਸਦਾ ਸਿੱਧਾ ਜਵਾਬ ਨਾਂਹ ਹੈ।

ਉਦੇ ਭਾਸਕਰ ਕਹਿੰਦੇ ਹਨ, "ਫੌਜੀ ਤਰੀਕੇ ਨਾਲ ਹੋਰਮੁਜ਼ 'ਚੋਂ ਜਹਾਜ਼ਾਂ ਨੂੰ ਕੱਢਣਾ ਸੰਭਵ ਨਹੀਂ ਹੈ। ਇਹ ਸੰਭਾਵਨਾ ਜ਼ਰੂਰ ਹੈ ਕਿ ਹੋਰਮੁਜ਼ 'ਚੋਂ ਬਾਹਰ ਨਿਕਲਣ ਤੋਂ ਬਾਅਦ ਭਾਰਤੀ ਨੇਵੀ ਆਪਣੀ ਸੁਰੱਖਿਆ 'ਚ ਜਹਾਜ਼ਾਂ ਨੂੰ ਲੈਕੇ ਭਾਰਤ ਆਵੇ।"

ਭਾਸਕਰ ਕਹਿੰਦੇ ਹਨ, "ਫੌਜੀ ਬਦਲ ਨਾ ਸਿਰਫ਼ ਬਹੁਤ ਸੀਮਿਤ ਹਨ ਬਲਕਿ ਬਹੁਤ ਜ਼ੋਖਮ ਭਰੇ ਵੀ ਹਨ। ਜੇਕਰ ਅਜਿਹਾ ਕੋਈ ਕਦਮ ਚੁੱਕਿਆ ਜਾਂਦਾ ਹੈ ਤਾਂ ਇਸ ਦੇ ਨਤੀਜੇ ਨਕਾਰਾਤਮਕ ਹੀ ਹੋਣਗੇ।"

ਭਾਸਕਰ ਕਹਿੰਦੇ ਹਨ, "ਇੱਥੇ ਸਮੁੰਦਰੀ ਮਾਈਨ ਵੀ ਵਿਛਾਈਆਂ ਗਈਆਂ ਹਨ। ਅਜਿਹੇ 'ਚ ਇਹ ਇਲਾਕਾ ਸਿਰਫ਼ ਮਾਲਵਾਹਕ ਜਹਾਜ਼ਾਂ ਲਈ ਹੀ ਨਹੀਂ ਬਲਕਿ ਜੰਗੀ ਜਹਾਜ਼ਾਂ ਲਈ ਵੀ ਬਹੁਤ ਖਤਰਨਾਕ ਹੈ।"

ਉੱਧਰ ਹਰਸ਼ ਵੀ ਪੰਤ ਦਾ ਮੰਨਣਾ ਹੈ ਕਿ ਇਸ ਸਮੇਂ ਹੋਰਮੁਜ਼ 'ਚ ਈਰਾਨ ਦਾ ਚੋਕਹੋਲਡ ਇੰਨਾ ਮਜ਼ਬੂਤ ਹੈ ਕਿ ਦੁਨੀਆ ਦੀ ਕਿਸੀ ਵੀ ਨੇਵੀ ਲਈ ਇਸ ਨੂੰ ਤੋੜ ਕੇ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੈ।

ਪੰਤ ਕਹਿੰਦੇ ਹਨ, "ਈਰਾਨ ਦਾ ਚੋਕਹੋਲਡ ਇੰਨਾ ਮਜ਼ਬੂਤ ਹੈ ਕਿ ਤੁਸੀਂ ਕਿੰਨੇ ਵੀ ਸਮਰੱਥ ਹੋਵੋ, ਉੱਥੇ ਤੁਹਾਡੀਆਂ ਹੱਦਾਂ ਸਾਹਮਣੇ ਆ ਜਾਂਦੀਆਂ ਹਨ। ਕੋਈ ਵੀ ਦੇਸ਼ ਉੱਥੇ ਸੁਤੰਤਰ ਆਪ੍ਰੇਸ਼ਨ ਨਹੀਂ ਚਲਾ ਪਾ ਰਿਹਾ ਹੈ।"

ਇਸ ਦਾ ਇੱਕ ਕਾਰਨ ਹੋਰਮੁਜ਼ ਦੀ ਭੁਗੋਲਿਕ ਸਥਿਤੀ ਵੀ ਹੈ। ਪੰਤ ਕਹਿੰਦੇ ਹਨ, "ਉੱਥੋਂ ਦੀ ਭੂਗੋਲਿਕ ਸਥਿਤੀ ਅਤੇ ਮੈਪਿੰਗ ਵੀ ਅਜਿਹੀ ਹੈ ਕਿ ਉੱਥੇ ਆਸਾਨੀ ਨਾਲ ਕੋਈ ਬਾਹਰੀ ਦਖਲਅੰਦਾਜ਼ੀ ਸੰਭਵ ਨਹੀਂ ਹੈ। ਈਰਾਨ ਦਾ ਚੋਕਹੋਲਡ ਇੰਨਾ ਮਜ਼ਬੂਤ ਹੈ ਕਿ ਤੁਹਾਡੀ ਫੌਜ ਭਾਵੇਂ ਕਿੰਨੀ ਹੀ ਸਮਰੱਥ ਕਿਉਂ ਨਾ ਹੋਵੇ, ਉਨ੍ਹਾਂ ਦੀਆਂ ਹੱਦਾਂ ਉੱਥੇ ਸਾਫ ਦਿਖਾਈ ਦਿੰਦੀਆਂ ਹਨ।"

ਮੌਜੂਦਾ ਸਥਿਤੀ 'ਚ ਜਲਦ ਸੁਧਾਰ ਦੀ ਉਮੀਦ ਵੀ ਘੱਟ ਹੀ ਦਿਖਾਈ ਦਿੰਦੀ ਹੈ। ਸੋਮਵਾਰ ਨੂੰ ਅਮਰੀਕਾ ਨੇ ਪਾਕਿਸਤਾਨ 'ਚ ਈਰਾਨ ਨਾਲ ਗੱਲਬਾਤ ਦਾ ਐਲਾਨ ਕੀਤਾ ਸੀ ਹਾਲਾਂਕਿ ਈਰਾਨ ਇਸ ਤੋਂ ਪਿੱਛੇ ਹੱਟ ਗਿਆ ਹੈ।

ਹਰਸ਼ ਪੰਤ ਮੰਨਦੇ ਹਨ ਕਿ ਜਦੋਂ ਤੱਕ ਅਮਰੀਕਾ-ਈਰਾਨ ਵਿਚਾਲੇ ਮਜ਼ਬੂਤ ਖਰੜਾ ਜਾਂ ਸੰਘਰਸ਼ ਵਿਰਾਮ ਨਹੀਂ ਹੋਵੇਗਾ ਉਦੋਂ ਤੱਕ ਹਾਲਾਤ ਇੰਝ ਹੀ ਬਣੇ ਰਹਿਣਗੇ।

ਪੰਤ ਕਹਿੰਦੇ ਹਨ, "ਜਦੋਂ ਤੱਕ ਅਮਰੀਕਾ ਅਤੇ ਈਰਾਨ ਵਿਚਾਲੇ ਸਹਿਮਤੀ ਨਹੀਂ ਬਣਦੀ, ਉਦੋਂ ਤੱਕ ਈਰਾਨ ਕੋਲ ਚੋਕਹੋਲਡ ਘੱਟ ਕਰਨ ਦਾ ਕੋਈ ਇਨਸੈਂਟਿਵ ਨਹੀਂ ਹੈ।"

ਮੌਜੂਦਾ ਸਥਿਤੀ 'ਚ ਸੁਧਾਰ ਦੀ ਉਮੀਦ ਵੀ ਘੱਟ ਦਿਖਾਈ ਦਿੰਦੀ ਹੈ। ਉਦੇ ਭਾਸਕਰ ਕਹਿੰਦੇ ਹਨ, "ਜੇਕਰ ਈਰਾਨ ਨੂੰ ਕਿਨਾਰੇ ਲਾਇਆ ਜਾਵੇਗਾ, ਅਲਗ-ਥਲਗ ਕੀਤਾ ਜਾਵੇਗਾ ਤਾਂ ਅਜਿਹੀਆਂ ਹੋਰ ਵੀ ਘਟਨਾਵਾਂ ਭਵਿੱਖ 'ਚ ਹੋ ਸਕਦੀਆਂ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)