ਗੱਲਬਾਤ ਕਿਉਂ ਟੁੱਟੀ? ਅਮਰੀਕੀ ਅਤੇ ਈਰਾਨੀ ਟੀਮਾਂ ਦੇ ਇਸਲਾਮਾਬਾਦ ਪਹੁੰਚਣ ਤੋਂ ਲੈ ਕੇ ਵੈਂਸ ਦੇ ਐਲਾਨ ਤੱਕ ਕੀ-ਕੀ ਹੋਇਆ

ਜੇਡੀ ਵੈਂਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਈਰਾਨੀ ਅਤੇ ਅਮਰੀਕੀ ਵਫ਼ਦਾਂ ਵਿਚਕਾਰ ਲਗਭਗ 21 ਘੰਟੇ ਗੱਲਬਾਤ ਜਾਰੀ ਰਹੀ
    • ਲੇਖਕ, ਰੂਹਾਨ ਅਹਿਮਦ
    • ਰੋਲ, ਬੀਬੀਸੀ ਉਰਦੂ, ਇਸਲਾਮਾਬਾਦ
  • ਪੜ੍ਹਨ ਦਾ ਸਮਾਂ: 8 ਮਿੰਟ

"ਇਹ ਸਾਡਾ ਆਖ਼ਰੀ ਅਤੇ ਬੈਸਟ ਆਫਰ ਹੈ, ਹੁਣ ਦੇਖਣਾ ਇਹ ਹੈ ਕਿ ਕੀ ਈਰਾਨੀ ਇਸਨੂੰ ਕਬੂਲ ਕਰਦੇ ਹਨ। ਸ਼ੁਕਰੀਆ" ਇਸ ਦੇ ਨਾਲ ਹੀ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਆਪਣੇ ਸਾਹਮਣੇ ਪਈ ਮੇਜ਼ ਨੂੰ ਦੋ ਵਾਰ ਥੱਪਥਪਾਇਆ ਅਤੇ ਪ੍ਰੈੱਸ ਕਾਨਫਰੰਸ ਖ਼ਤਮ ਕਰ ਦਿੱਤੀ।

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਅਮਰੀਕਾ ਅਤੇ ਇਰਾਨ ਦੇ ਵਿਚਕਾਰ 21 ਘੰਟੇ ਚੱਲੀ ਗੱਲਬਾਤ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋ ਗਈ।

ਇਸ ਗੱਲ ਦੀ ਜਾਣਕਾਰੀ ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਦਿੱਤੀ, ਜੋ ਗੱਲਬਾਤ ਲਈ ਪਾਕਿਸਤਾਨ ਆਏ ਸਨ। ਐਤਵਾਰ ਸਵੇਰੇ 6 ਵਜੇ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਜੇਡੀ ਵੈਂਸ ਨੇ ਕਿਹਾ ਕਿ ਪਾਕਿਸਤਾਨ ਨੇ ਅਮਰੀਕਾ ਅਤੇ ਈਰਾਨ ਦੇ ਵਿਚਕਾਰ ਫ਼ਾਸਲਾ ਘਟਾਉਣ ਅਤੇ ਸਮਝੌਤਾ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ "ਬੁਰੀ ਖ਼ਬਰ ਇਹ ਹੈ ਕਿ ਅਸੀਂ ਕਿਸੇ ਸਮਝੌਤੇ ਤੱਕ ਨਹੀਂ ਪਹੁੰਚ ਸਕੇ।"

ਅਮਰੀਕੀ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਖ਼ਬਰ ਅਮਰੀਕਾ ਲਈ ਓਨੀਂ ਮਾੜੀ ਨਹੀਂ ਹੈ ਜਿੰਨੀ ਈਰਾਨ ਲਈ ਹੈ, "ਕੋਈ ਸਮਝੌਤਾ ਨਹੀਂ ਹੋਇਆ ਹੈ ਅਤੇ ਅਸੀਂ ਅਮਰੀਕਾ ਵਾਪਸ ਜਾ ਰਹੇ ਹਾਂ।"

ਪਾਕਿਸਤਾਨ ਦੇ ਕਹਿਣ 'ਤੇ ਅਮਰੀਕਾ ਅਤੇ ਈਰਾਨ ਦੋ ਹਫ਼ਤਿਆਂ ਦੇ ਸੰਘਰਸ਼ ਵਿਰਾਮ 'ਤੇ ਰਾਜ਼ੀ ਹੋਏ ਸਨ ਅਤੇ ਦੋਵੇਂ ਦੇਸ਼ਾਂ ਦੇ ਵਫ਼ਦ ਗੱਲਬਾਤ ਲਈ ਇਸਲਾਮਾਬਾਦ ਆਏ ਸਨ। ਦੋਵੇਂ ਪੱਖਾਂ ਦੇ ਵਿਚਕਾਰ ਗੱਲਬਾਤ ਇਸਲਾਮਾਬਾਦ ਦੇ ਸੇਰੇਨਾ ਹੋਟਲ ਵਿੱਚ ਹੋਈ।

ਅਮਰੀਕੀ ਉਪ ਰਾਸ਼ਟਰਪਤੀ ਨੇ ਦੱਸਿਆ ਕਿ ਗੱਲਬਾਤ ਬੇਸਿੱਟਾ ਰਹੀ, ਪਰ ਉਨ੍ਹਾਂ ਨੇ ਇਹ ਸਾਫ਼ ਨਹੀਂ ਕੀਤਾ ਕਿ ਸਮਝੌਤਾ ਨਾ ਹੋਣ ਦਾ ਦੋ ਹਫ਼ਤਿਆਂ ਦੇ ਅਸਥਾਈ ਸੰਘਰਸ਼ ਵਿਰਾਮ 'ਤੇ ਕੀ ਅਸਰ ਪਵੇਗਾ।

ਪ੍ਰੈੱਸ ਕਾਨਫਰੰਸ ਤੋਂ ਕਰੀਬ ਦੋ ਘੰਟੇ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਵੀ ਪ੍ਰੈੱਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਪਾਕਿਸਤਾਨ ਅਮਰੀਕਾ-ਈਰਾਨ ਗੱਲਬਾਤ ਵਿੱਚ ਵਿਚੋਲਗੀ ਦੀ ਭੂਮਿਕਾ ਨਿਭਾਉਂਦਾ ਰਹੇਗਾ, "ਇਹ ਜ਼ਰੂਰੀ ਹੈ ਕਿ ਦੋਵੇਂ ਪੱਖ ਸੰਘਰਸ਼ ਵਿਰਾਮ ਪ੍ਰਤੀ ਆਪਣੀ ਵਚਨਬੱਧਤਾ ਜਾਰੀ ਰੱਖਣ।"

ਗੱਲਬਾਤ ਕਿਉਂ ਟੁੱਟੀ?

ਅਮਰੀਕੀ ਵਫ਼ਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਟੀਵ ਵਿਟਕੌਫ, ਜੇਰੇਡ ਕੁਸ਼ਨਰ ਅਤੇ ਹੋਰ ਅਮਰੀਕੀ ਅਧਿਕਾਰੀਆਂ ਦੇ ਨਾਲ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਸ਼ਨੀਵਾਰ ਨੂੰ ਇਸਲਾਮਾਬਾਦ ਪਹੁੰਚੇ ਸਨ

ਅਮਰੀਕਾ ਅਤੇ ਈਰਾਨ ਸ਼ਾਂਤੀ ਵਾਰਤਾ ਦੀ ਨਾਕਾਮੀ ਲਈ ਵੱਖ-ਵੱਖ ਕਾਰਨ ਦੱਸ ਰਹੇ ਹਨ।

ਗੱਲਬਾਤ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ, "ਅਸੀਂ ਬਹੁਤ ਸਾਫ਼ ਕਰ ਦਿੱਤਾ ਸੀ ਕਿ ਸਾਡੀਆਂ 'ਰੇਡ ਲਾਈਨਜ਼' ਕੀ ਹਨ, ਅਸੀਂ ਕਿਹੜੀਆਂ ਗੱਲਾਂ 'ਤੇ ਸਮਝੌਤਾ ਕਰ ਸਕਦੇ ਹਾਂ ਅਤੇ ਕਿਹੜੀਆਂ 'ਤੇ ਨਹੀਂ।"

ਜੇਡੀ ਵੈਂਸ ਦੇ ਮੁਤਾਬਕ, "ਅਤੇ ਉਨ੍ਹਾਂ (ਈਰਾਨ) ਨੇ ਫ਼ੈਸਲਾ ਕੀਤਾ ਹੈ ਕਿ ਉਹ ਸਾਡੀਆਂ ਸ਼ਰਤਾਂ ਕਬੂਲ ਨਹੀਂ ਕਰਨਗੇ।"

ਇਸ ਮੌਕੇ 'ਤੇ ਪੱਤਰਕਾਰਾਂ ਨੇ ਅਮਰੀਕੀ ਉਪ ਰਾਸ਼ਟਰਪਤੀ ਤੋਂ ਪੁੱਛਿਆ, "ਕ੍ਰਿਪਾ ਕਰਕੇ ਸਾਫ਼-ਸਾਫ਼ ਦੱਸੋ ਕਿ ਕਿਹੜੀਆਂ ਸ਼ਰਤਾਂ ਨੂੰ ਰੱਦ ਕੀਤਾ ਗਿਆ?"

ਜਵਾਬ ਵਿੱਚ ਜੇਡੀ ਵੈਂਸ ਨੇ ਕਿਹਾ ਕਿ ਉਹ ਬੰਦ ਕਮਰੇ ਵਿੱਚ 21 ਘੰਟੇ ਚੱਲੀ ਗੱਲਬਾਤ ਦੀ ਪੂਰੀ ਜਾਣਕਾਰੀ ਨਹੀਂ ਦੇਣਗੇ, ਪਰ "ਸਿੱਧੀ ਗੱਲ ਇਹ ਹੈ ਕਿ ਅਸੀਂ ਉਨ੍ਹਾਂ (ਈਰਾਨ) ਤੋਂ ਇਹ ਭਰੋਸਾ ਚਾਹੁੰਦੇ ਹਾਂ ਕਿ ਉਹ ਪਰਮਾਣੂ ਹਥਿਆਰ ਨਹੀਂ ਬਣਾਉਣਗੇ ਅਤੇ ਅਜਿਹੀ ਸਮਰੱਥਾ ਹਾਸਲ ਕਰਨ ਲਈ ਜ਼ਰੂਰੀ ਸਾਜੋ-ਸਾਮਾਨ ਵੀ ਨਹੀਂ ਇਕੱਠਾ ਕਰਨਗੇ।"

"ਇਹ ਅਮਰੀਕੀ ਰਾਸ਼ਟਰਪਤੀ ਦਾ ਮੁੱਖ ਟੀਚਾ ਹੈ ਅਤੇ ਅਸੀਂ ਗੱਲਬਾਤ ਰਾਹੀਂ ਇਸਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।"

ਅਮਰੀਕੀ ਉਪ ਰਾਸ਼ਟਰਪਤੀ ਨੇ ਕਿਹਾ ਕਿ ਈਰਾਨ ਦੀ ਯੂਰੇਨੀਅਮ ਸੰਸ਼ੋਧਨ ਸਮਰੱਥਾ ਪਹਿਲਾਂ ਹੀ ਨਸ਼ਟ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਕਿਹਾ, "ਪਰ ਕੀ ਸਾਨੂੰ ਈਰਾਨ ਵਿੱਚ ਇਹ ਇੱਛਾ ਦਿਖ ਰਹੀ ਹੈ ਕਿ ਉਹ ਕਦੇ ਪਰਮਾਣੂ ਹਥਿਆਰ ਨਹੀਂ ਬਣਾਉਣਗੇ? ਅਜੇ ਤੱਕ ਸਾਨੂੰ ਅਜਿਹੀ ਕੋਈ ਇੱਛਾ ਨਹੀਂ ਦਿਖੀ।"

ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਇਸ ਸੰਖੇਪ ਪ੍ਰੈੱਸ ਕਾਨਫਰੰਸ ਤੋਂ ਬਾਅਦ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਅਮਰੀਕਾ ਲਈ ਰਵਾਨਾ ਹੋ ਗਏ

ਇੱਕ ਸਵਾਲ ਦੇ ਜਵਾਬ ਵਿੱਚ ਜੇਡੀ ਵੈਂਸ ਨੇ ਕਿਹਾ ਕਿ ਗੱਲਬਾਤ ਦੌਰਾਨ ਈਰਾਨ ਦੀ ਫਰੀਜ਼ ਜਾਇਦਾਦਾਂ 'ਤੇ ਵੀ ਚਰਚਾ ਹੋਈ, ਪਰ ਅਸੀਂ ਉਸ ਪੱਧਰ ਤੱਕ ਨਹੀਂ ਪਹੁੰਚ ਸਕੇ ਜਿੱਥੇ ਈਰਾਨ ਸਾਡੀਆਂ ਸ਼ਰਤਾਂ ਮੰਨ ਲੈਂਦਾ।

"ਮੈਨੂੰ ਲੱਗਦਾ ਹੈ ਕਿ ਅਸੀਂ ਕਾਫ਼ੀ ਢਿੱਲ ਦਿਖਾਈ। ਰਾਸ਼ਟਰਪਤੀ ਨੇ ਸਾਨੂੰ ਕਿਹਾ ਸੀ ਕਿ ਗੱਲਬਾਤ ਵਿੱਚ ਚੰਗੀ ਨੀਅਤ ਨਾਲ ਜਾਣਾ ਹੈ ਅਤੇ ਸਮਝੌਤੇ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰਨੀ ਹੈ। ਅਸੀਂ ਉਹੀ ਕੀਤਾ, ਪਰ ਅਫ਼ਸੋਸ ਹੈ ਕਿ ਕੋਈ ਤਰੱਕੀ ਨਹੀਂ ਹੋਈ।"

ਜੇਡੀ ਵੈਂਸ ਤੋਂ ਪੁੱਛਿਆ ਗਿਆ ਕਿ ਗੱਲਬਾਤ ਦੌਰਾਨ ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਨਾਲ ਕਿੰਨੀ ਵਾਰ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਕੀ ਕਿਹਾ।

ਇਸ 'ਤੇ ਅਮਰੀਕੀ ਉਪ ਰਾਸ਼ਟਰਪਤੀ ਨੇ ਜਵਾਬ ਦਿੱਤਾ, "ਅਸੀਂ ਰਾਸ਼ਟਰਪਤੀ ਨਾਲ ਲਗਾਤਾਰ ਸੰਪਰਕ ਵਿੱਚ ਰਹੇ। ਪਿਛਲੇ 21 ਘੰਟਿਆਂ ਵਿੱਚ ਅਸੀਂ ਕਿੰਨੀ ਵਾਰ ਗੱਲ ਕੀਤੀ, ਮੈਨੂੰ ਨਹੀਂ ਪਤਾ... ਸ਼ਾਇਦ ਦਰਜਨ ਭਰ ਵਾਰ।"

"ਅਸੀਂ ਐਡਮਿਰਲ ਕੂਪਰ (ਸੈਂਟਕੌਮ ਕਮਾਂਡਰ), ਮਾਰਕੋ ਰੂਬਿਓ (ਵਿਦੇਸ਼ ਮੰਤਰੀ), ਪੀਟ ਹੇਗਸੇਥ (ਰੱਖਿਆ ਮੰਤਰੀ) ਅਤੇ ਪੂਰੀ ਰਾਸ਼ਟਰੀ ਸੁਰੱਖਿਆ ਟੀਮ ਨਾਲ ਲਗਾਤਾਰ ਸੰਪਰਕ ਵਿੱਚ ਰਹੇ। ਅਸੀਂ ਇਹ ਸਭ ਇਸ ਲਈ ਕਰ ਰਹੇ ਸੀ ਕਿਉਂਕਿ ਅਸੀਂ ਚੰਗੀ ਨੀਅਤ ਨਾਲ ਗੱਲਬਾਤ ਕਰ ਰਹੇ ਸੀ।"

ਪ੍ਰੈੱਸ ਕਾਨਫਰੰਸ ਖ਼ਤਮ ਕਰਦੇ ਹੋਏ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ, "ਅਸੀਂ ਸਮਝੌਤਾ ਕਰਨ ਲਈ ਇੱਕ ਆਸਾਨ ਜਿਹਾ ਪ੍ਰਸਤਾਵ ਦਿੱਤਾ ਹੈ। ਇਹ ਸਾਡੀ ਆਖ਼ਰੀ ਅਤੇ ਸਭ ਤੋਂ ਵਧੀਆ ਪੇਸ਼ਕਸ਼ ਹੈ, ਹੁਣ ਦੇਖਣਾ ਇਹ ਹੈ ਕਿ ਈਰਾਨ ਇਸਨੂੰ ਕਬੂਲ ਕਰਦਾ ਹੈ ਜਾਂ ਨਹੀਂ।"

ਇਸ ਸੰਖੇਪ ਪ੍ਰੈੱਸ ਕਾਨਫਰੰਸ ਤੋਂ ਬਾਅਦ ਜੇਡੀ ਵੈਂਸ ਰਾਵਲਪਿੰਡੀ ਦੇ ਨੂਰ ਖ਼ਾਨ ਏਅਰ ਬੇਸ ਗਏ ਅਤੇ ਉੱਥੋਂ ਅਮਰੀਕਾ ਲਈ ਰਵਾਨਾ ਹੋ ਗਏ। ਉਨ੍ਹਾਂ ਨੂੰ ਪਾਕਿਸਤਾਨ ਦੇ ਸੈਨਾ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ, ਵਿਦੇਸ਼ ਮੰਤਰੀ ਇਸਹਾਕ ਡਾਰ ਅਤੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਵਿਦਾ ਕੀਤਾ।

ਈਰਾਨੀ ਮੀਡੀਆ- ਅਮਰੀਕਾ ਨੇ ਢਿੱਲ ਨਹੀਂ ਦਿਖਾਈ

ਈਰਾਨ ਦੇ ਸਰਕਾਰੀ ਮੀਡੀਆ ਮੁਤਾਬਕ, ਅਮਰੀਕਾ ਦੀਆਂ "ਗੈਰ-ਵਾਜਬ ਮੰਗਾਂ" ਨੇ ਜੰਗ ਖ਼ਤਮ ਕਰਨ ਲਈ ਹੋ ਰਹੀ ਗੱਲਬਾਤ ਨੂੰ ਰੋਕ ਦਿੱਤਾ।

ਈਰਾਨ ਦੇ ਸਰਕਾਰੀ ਪ੍ਰਸਾਰਕ ਆਈਆਰਆਈਬੀ ਨੇ ਟੈਲੀਗ੍ਰਾਮ 'ਤੇ ਪੋਸਟ ਕਰਦੇ ਹੋਏ ਕਿਹਾ, "ਈਰਾਨੀ ਵਫ਼ਦ ਵੱਲੋਂ ਕਈ ਕੋਸ਼ਿਸ਼ਾਂ ਦੇ ਬਾਵਜੂਦ, ਅਮਰੀਕੀ ਪੱਖ ਦੀਆਂ ਗ਼ੈਰ-ਵਾਜਬ ਮੰਗਾਂ ਨੇ ਗੱਲਬਾਤ ਦੀ ਤਰੱਕੀ ਰੋਕ ਦਿੱਤੀ। ਇਸ ਤਰ੍ਹਾਂ ਗੱਲਬਾਤ ਖ਼ਤਮ ਹੋ ਗਈ।"

ਈਰਾਨੀ ਸੰਸਦ ਦੇ ਪ੍ਰਧਾਨ ਮੁਹੰਮਦ ਬਾਕਿਰ ਗਾਲੀਬਾਫ ਦੀ ਅਗਵਾਈ ਵਿੱਚ ਇੱਕ ਵਫ਼ਦ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਇਸਲਾਮਾਬਾਦ ਪਹੁੰਚਿਆ, ਜਦਕਿ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ, ਸਟੀਵ ਵਿਟਕੌਫ, ਜੇਰੇਡ ਕੁਸ਼ਨਰ ਅਤੇ ਹੋਰ ਅਮਰੀਕੀ ਅਧਿਕਾਰੀ ਸ਼ਨੀਵਾਰ ਸਵੇਰੇ ਪਾਕਿਸਤਾਨ ਦੀ ਰਾਜਧਾਨੀ ਪਹੁੰਚੇ।

ਦੋਵੇਂ ਪ੍ਰਤੀਨਿਧੀਮੰਡਲਾਂ ਨੇ ਵੱਖ-ਵੱਖ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਵਿਦੇਸ਼ ਮੰਤਰੀ ਇਸਹਾਕ ਡਾਰ ਅਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਮੇਤ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।

ਇਨ੍ਹਾਂ ਮੀਟਿੰਗਾਂ ਤੋਂ ਬਾਅਦ ਪਾਕਿਸਤਾਨ ਸਰਕਾਰ ਦੇ ਬਿਆਨਾਂ ਵਿੱਚ ਕਿਹਾ ਗਿਆ ਕਿ ਪਾਕਿਸਤਾਨ ਵਿਚੋਲਗੀ ਵਜੋਂ ਆਪਣੀ ਭੂਮਿਕਾ ਜਾਰੀ ਰੱਖੇਗਾ ਅਤੇ ਉਮੀਦ ਜਤਾਈ ਗਈ ਕਿ ਸ਼ਨੀਵਾਰ ਨੂੰ ਹੋਣ ਵਾਲੀ ਗੱਲਬਾਤ ਵਿਵਾਦ ਦੇ ਹੱਲ ਵੱਲ ਇੱਕ ਕਦਮ ਸਾਬਤ ਹੋਵੇਗੀ।

ਪਾਕਿਸਤਾਨੀ ਅਧਿਕਾਰੀਆਂ ਨੇ ਬੀਬੀਸੀ ਉਰਦੂ ਨੂੰ ਦੱਸਿਆ ਕਿ ਪਹਿਲਾਂ ਈਰਾਨੀ ਅਤੇ ਅਮਰੀਕੀ ਵਫ਼ਦ ਦਰਮਿਆਨ ਪਾਕਿਸਤਾਨ ਰਾਹੀਂ ਸੁਨੇਹਿਆਂ ਦਾ ਆਦਾਨ-ਪ੍ਰਦਾਨ ਹੋਇਆ, ਜਿਸ ਤੋਂ ਬਾਅਦ ਦੋਵੇਂ ਪੱਖਾਂ ਨੇ ਪਾਕਿਸਤਾਨੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਢਾਈ ਘੰਟੇ ਤੱਕ ਗੱਲਬਾਤ ਕੀਤੀ।

ਇਸ ਤੋਂ ਬਾਅਦ ਇੱਕ ਘੰਟੇ ਦਾ ਵਿਰਾਮ ਲਿਆ ਗਿਆ ਅਤੇ ਪੇਸ਼ ਕੀਤੀਆਂ ਮੰਗਾਂ ਦੇ ਤਕਨੀਕੀ ਪੱਖਾਂ 'ਤੇ ਈਰਾਨੀ ਅਤੇ ਅਮਰੀਕੀ ਮਾਹਰਾਂ ਵਿਚਕਾਰ ਚਰਚਾ ਹੋਈ।

ਪਾਕਿਸਤਾਨੀ ਅਧਿਕਾਰੀਆਂ ਮੁਤਾਬਕ, ਤਕਨੀਕੀ ਮੁੱਦਿਆਂ 'ਤੇ ਸੁਨੇਹਿਆਂ ਦਾ ਆਦਾਨ-ਪ੍ਰਦਾਨ ਦੇਰ ਰਾਤ ਤੱਕ ਜਾਰੀ ਰਿਹਾ।

ਈਰਾਨ ਦੀ ਤਸਨੀਮ ਨਿਊਜ਼ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਗੱਲਬਾਤ ਬੇਸਿੱਟਾ ਰਹਿਣ ਦਾ ਕਾਰਨ ਅਮਰੀਕੀ ਰਵੱਈਏ ਵਿੱਚ ਢਿੱਲ ਦੀ ਕਮੀ ਸੀ।

ਤਸਨੀਮ ਮੁਤਾਬਕ, ਈਰਾਨੀ ਸੰਸਦ ਮੁਖੀ ਗਾਲੀਬਾਫ਼ ਦੀ ਅਗਵਾਈ ਵਿੱਚ ਆਏ ਵਫ਼ਦ ਨੇ ਸੈਨਾ ਮੁਖੀ ਨਾਲ ਘੱਟੋ-ਘੱਟ ਦੋ ਵਾਰ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਇੱਕ ਵਾਰ ਮੁਲਾਕਾਤ ਕੀਤੀ, "ਤਾਂ ਜੋ ਲੋੜੀਂਦੇ ਇੰਤਜ਼ਾਮ ਕੀਤੇ ਜਾ ਸਕਣ ਅਤੇ ਗੱਲਬਾਤ ਦੀ ਸ਼ੁਰੂਆਤ ਵਿੱਚ ਹੀ ਅਮਰੀਕਾ ਦੀ ਵਾਅਦਾ ਖ਼ਿਲਾਫ਼ੀ ਦੇ ਖ਼ਿਲਾਫ਼ ਰਸਮੀ ਵਿਰੋਧ ਦਰਜ ਕਰਵਾਇਆ ਜਾ ਸਕੇ।"

ਈਰਾਨੀ ਨਿਊਜ਼ ਏਜੰਸੀ ਮੁਤਾਬਕ, ਅਮਰੀਕੀ ਵਫ਼ਦ ਨਾਲ ਗੱਲਬਾਤ 21 ਘੰਟਿਆਂ ਤੋਂ ਵੱਧ ਚੱਲੀ। ਇਸ ਦੌਰਾਨ ਈਰਾਨ ਨੇ ਵਾਰ-ਵਾਰ ਆਪਣੇ ਪ੍ਰਸਤਾਵ ਪੇਸ਼ ਕੀਤੇ ਅਤੇ "ਅਮਰੀਕੀ ਪੱਖ ਨੂੰ ਹਕੀਕਤ ਵੱਲ ਲਿਆਉਣ ਦੀ ਕੋਸ਼ਿਸ਼ ਕੀਤੀ।"

ਤਸਨੀਮ ਨਿਊਜ਼ ਏਜੰਸੀ ਦਾ ਦਾਅਵਾ ਹੈ ਕਿ "ਹਰ ਪੜਾਅ 'ਤੇ ਅਮਰੀਕਾ ਦੀਆਂ ਵੱਧ ਮੰਗਾਂ ਨੇ ਸਾਂਝਾ ਢਾਂਚਾ ਬਣਨ ਵਿੱਚ ਰੁਕਾਵਟ ਪਾਈ। ਅਮਰੀਕੀ ਰਵੱਈਏ ਵਿੱਚ ਢਿੱਲਾ ਨਾ ਹੋਣ ਕਰਕੇ ਗੱਲਬਾਤ ਬਿਨਾ ਕਿਸੇ ਨਤੀਜੇ ਦੇ ਖ਼ਤਮ ਹੋ ਗਈ।"

ਖ਼ਬਰ ਵਿੱਚ ਅੱਗੇ ਕਿਹਾ ਗਿਆ ਕਿ ਅਗਲੀ ਗੱਲਬਾਤ ਦੇ ਦੌਰ ਦਾ ਸਮਾਂ, ਥਾਂ ਅਤੇ ਪ੍ਰਕਿਰਿਆ ਬਾਰੇ ਅਜੇ ਤੱਕ ਕੋਈ ਪ੍ਰੋਗਰਾਮ ਐਲਾਨਿਆ ਨਹੀਂ ਗਿਆ ਹੈ।

ਸੇਰੇਨਾ ਹੋਟਲ ਤੋਂ ਇੱਕ ਕਿਲੋਮੀਟਰ ਦੂਰ ਸ਼ਨੀਵਾਰ ਨੂੰ ਮਾਹੌਲ?

ਸੇਰੇਨਾ ਹੋਟਲ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸ਼ਨੀਵਾਰ ਪੂਰੀ ਰਾਤ ਇਸਲਾਮਾਬਾਦ ਦੇ ਇਸੇ ਸੇਰੇਨਾ ਹੋਟਲ ਵਿੱਚ ਗੱਲਬਾਤ ਜਾਰੀ ਰਹੀ

ਬਿਰਆਨੀ, ਫਰਾਈਡ ਰਾਈਸ, ਚਿਕਨ, ਕਬਾਬ ਅਤੇ ਮਠਿਆਈਆਂ ਵੀ... ਇਹ ਮੈਨਿਊ ਇਸਲਾਮਾਬਾਦ ਦੇ ਸੇਰੇਨਾ ਹੋਟਲ ਦਾ ਨਹੀਂ ਸੀ, ਜਿੱਥੇ ਸ਼ਨੀਵਾਰ ਨੂੰ ਈਰਾਨੀ ਅਤੇ ਅਮਰੀਕੀ ਵਫ਼ਦ ਵਿਚਕਾਰ ਸਿੱਧੀ ਗੱਲਬਾਤ ਹੋਈ।

ਬਲਕਿ ਇਹ ਦ੍ਰਿਸ਼ ਇੱਕ ਕਿਲੋਮੀਟਰ ਦੂਰ ਜਿੰਨਾਹ ਕਨਵੈਂਸ਼ਨ ਸੈਂਟਰ ਦਾ ਸੀ, ਜਿੱਥੇ ਦੁਨੀਆ ਭਰ ਤੋਂ ਆਏ ਪੱਤਰਕਾਰਾਂ ਲਈ ਖ਼ਾਸ ਇੰਤਜ਼ਾਮ ਕੀਤੇ ਗਏ ਸਨ।

ਜੇ ਕੋਈ ਹੋਰ ਮੌਕਾ ਹੁੰਦਾ ਤਾਂ ਪਾਕਿਸਤਾਨ ਸਰਕਾਰ ਦੀਆਂ ਇਨ੍ਹਾਂ ਤਿਆਰੀਆਂ ਦੀ ਤਾਰੀਫ਼ ਹੁੰਦੀ, ਪਰ ਉੱਥੇ ਦਰਅਸਲ ਦੇਸੀ ਅਤੇ ਵਿਦੇਸ਼ੀ ਪੱਤਰਕਾਰ ਮੌਜੂਦ ਸਨ, ਜੋ 'ਐਕਸਕਲੂਸਿਵ' ਖ਼ਬਰ ਦੀ ਖੋਜ ਵਿੱਚ ਆਏ ਸਨ ਅਤੇ ਪਾਕਿਸਤਾਨ ਦੀ ਵਿਚੋਲਗੀ ਵਿੱਚ ਹੋ ਰਹੀ ਅਮਰੀਕਾ-ਈਰਾਨ ਗੱਲਬਾਤ ਨੂੰ ਕਵਰ ਕਰ ਰਹੇ ਸਨ।

ਹੋਟਲ ਦੇ ਬਾਹਰ ਸੜਕ 'ਤੇ ਬੱਸਾਂ ਖੜੀਆਂ ਸਨ, ਜੋ ਪੱਤਰਕਾਰਾਂ ਨੂੰ ਜਿੰਨਾਹ ਕਨਵੈਂਸ਼ਨ ਸੈਂਟਰ ਲੈ ਕੇ ਜਾ ਰਹੀਆਂ ਸਨ, ਜਿੱਥੇ ਸੁਰੱਖਿਆ ਕਾਰਨਾਂ ਕਰਕੇ ਗੱਡੀਆਂ ਅਤੇ ਗ਼ੈਰ-ਅਧਿਕਾਰਤ ਲੋਕਾਂ ਦੇ ਆਉਣ 'ਤੇ ਪਾਬੰਦੀ ਸੀ।

ਬੱਸ ਵਿੱਚ ਵਿਦੇਸ਼ੀ ਪੱਤਰਕਾਰਾਂ ਦਾ ਉਤਸ਼ਾਹ ਸਾਫ਼ ਦਿਖ ਰਿਹਾ ਸੀ।

ਮੈਂ ਇੱਕ ਵਿਦੇਸ਼ੀ ਮੀਡੀਆ ਸੰਸਥਾ ਨਾਲ ਜੁੜੀ ਔਰਤ ਪੱਤਰਕਾਰ ਨੂੰ ਫੋਨ 'ਤੇ ਇਹ ਕਹਿੰਦੇ ਸੁਣਿਆ ਕਿ "ਸਾਰੀਆਂ ਨਜ਼ਰਾਂ ਪਾਕਿਸਤਾਨ 'ਤੇ ਹਨ।"

ਜਾਣਕਾਰੀ ਦੀ ਕਮੀ ਪਰ ਖਾਣੇ ਦਾ ਪੂਰਾ ਪ੍ਰਬੰਧ

ਜਿੰਨਾਹ ਕਨਵੈਂਸ਼ਨ ਸੈਂਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿੰਨਾਹ ਕਨਵੈਂਸ਼ਨ ਸੈਂਟਰ ਵਿੱਚ ਪੱਤਰਕਾਰਾਂ ਨੂੰ ਹੌਲੀ ਇੰਟਰਨੈੱਟ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ

ਕੁਝ ਸਮੇਂ ਬਾਅਦ ਅਸੀਂ ਜਿੰਨਾਹ ਕਨਵੈਂਸ਼ਨ ਸੈਂਟਰ ਪਹੁੰਚੇ, ਜਿੱਥੇ ਦਰਜਨਾਂ ਦੇਸੀ ਅਤੇ ਵਿਦੇਸ਼ੀ ਪੱਤਰਕਾਰ ਮੌਜੂਦ ਸਨ। ਇਹ ਇੱਕ ਮੇਲੇ ਵਰਗਾ ਮਾਹੌਲ ਸੀ, ਜਿੱਥੇ ਹਰ ਕਿਸਮ ਦੀਆਂ ਭਾਸ਼ਾਵਾਂ ਸੁਣਨ ਨੂੰ ਮਿਲ ਰਹੀਆਂ ਸਨ।

ਕੋਈ ਅੰਗਰੇਜ਼ੀ ਵਿੱਚ, ਕੋਈ ਉਰਦੂ ਵਿੱਚ, ਕੋਈ ਪਸ਼ਤੋ ਵਿੱਚ ਅਤੇ ਕੋਈ ਹੋਰ ਯੂਰਪੀ ਭਾਸ਼ਾਵਾਂ ਵਿੱਚ ਕੈਮਰੇ ਅਤੇ ਫੋਨ 'ਤੇ ਰਿਪੋਰਟਿੰਗ ਕਰ ਰਿਹਾ ਸੀ।

ਮੈਂ ਸੋਚ ਰਿਹਾ ਸੀ ਕਿ ਇੱਥੇ ਕੰਮ ਕਿਵੇਂ ਚੱਲੇਗਾ। ਮੈਂ ਇੱਕ ਵਿਦੇਸ਼ੀ ਔਰਤ ਪੱਤਰਕਾਰ ਤੋਂ ਪੁੱਛਿਆ, "ਕੀ ਤੁਹਾਨੂੰ ਪਤਾ ਹੈ ਕਿ ਇੱਥੋਂ ਇੱਕ ਕਿਲੋਮੀਟਰ ਦੂਰ ਸੇਰੇਨਾ ਹੋਟਲ ਵਿੱਚ ਈਰਾਨੀ ਅਤੇ ਅਮਰੀਕੀ ਵਫ਼ਦਾਂ ਦੀਆਂ ਮੀਟਿੰਗਾਂ ਵਿੱਚ ਕੀ ਹੋ ਰਿਹਾ ਹੈ?" ਉਸਨੇ ਜਵਾਬ ਦਿੱਤਾ, "ਸ਼ਾਇਦ ਕਨਵੈਂਸ਼ਨ ਸੈਂਟਰ ਦੇ ਬਾਹਰ ਕੁਝ ਪੱਤਰਕਾਰਾਂ ਨੂੰ ਜਾਣਕਾਰੀ ਹੋਵੇ, ਪਰ ਇੱਥੇ ਕਿਸੇ ਨੂੰ ਕੁਝ ਨਹੀਂ ਪਤਾ।"

ਮੈਂ ਇਹੀ ਗੱਲ ਵੱਖ-ਵੱਖ ਸ਼ਬਦਾਂ ਵਿੱਚ ਹੋਰ ਪੱਤਰਕਾਰਾਂ ਤੋਂ ਵੀ ਸੁਣੀ। ਪੂਰਾ ਦਿਨ ਇੱਥੇ ਬਿਤਾਉਣ ਦੇ ਬਾਵਜੂਦ ਮੈਂ ਕੋਈ ਅਜਿਹਾ ਸਰਕਾਰੀ ਅਧਿਕਾਰੀ ਨਹੀਂ ਵੇਖਿਆ ਜੋ ਪੱਤਰਕਾਰਾਂ ਨੂੰ ਦੱਸ ਸਕੇ ਕਿ ਅੰਦਰ ਕੀ ਚੱਲ ਰਿਹਾ ਹੈ।

ਸਥਾਨਕ ਅਤੇ ਵਿਦੇਸ਼ੀ ਪੱਤਰਕਾਰ ਇੱਕ-ਦੂਜੇ ਤੋਂ ਵਾਰ-ਵਾਰ ਇਹੀ ਸਵਾਲ ਪੁੱਛਦੇ ਰਹੇ ਕਿ ਕੀ ਕਿਸੇ ਨੂੰ ਗੱਲਬਾਤ ਬਾਰੇ ਕੁਝ ਪਤਾ ਹੈ? ਜਾਣਕਾਰੀ ਦੀ ਕਮੀ ਅਤੇ ਹੌਲੀ ਇੰਟਰਨੈੱਟ ਨੇ ਪੂਰੇ ਦਿਨ ਪੱਤਰਕਾਰਾਂ ਨੂੰ ਪਰੇਸ਼ਾਨ ਕੀਤਾ।

ਇਸ ਦੌਰਾਨ ਸੇਰੇਨਾ ਹੋਟਲ ਵਿੱਚ ਪਾਕਿਸਤਾਨ ਦੀ ਵਿਚੋਲਗੀ ਵਿੱਚ ਅਮਰੀਕਾ ਅਤੇ ਈਰਾਨ ਦਰਮਿਆਨ ਸਿੱਧੀ ਗੱਲਬਾਤ ਜਾਰੀ ਸੀ। ਉਨ੍ਹਾਂ ਨਾਲ ਜੁੜੀਆਂ ਖ਼ਬਰਾਂ ਲੈਂਦੇ ਸਮੇਂ ਮੇਰਾ ਸੰਪਰਕ ਵੀ ਹੌਲੀ ਇੰਟਰਨੈੱਟ ਕਰਕੇ ਕਈ ਵਾਰ ਟੁੱਟ ਗਿਆ।

ਦੁਨੀਆ ਭਰ ਤੋਂ ਇਸਲਾਮਾਬਾਦ ਆਏ ਪੱਤਰਕਾਰ ਇਹ ਦੁਆ ਕਰਦੇ ਦਿਖੇ ਕਿ ਉਨ੍ਹਾਂ ਨੂੰ ਖਾਲ੍ਹੀ ਹੱਥ ਵਾਪਸ ਨਾ ਜਾਣਾ ਪਵੇ। ਇਹ ਇੱਕ ਵੱਡੀ ਖ਼ਬਰ ਸੀ ਅਤੇ ਸੰਘਰਸ਼ ਦਾ ਖ਼ਤਮ ਹੋਣਾ ਇਸ ਤੋਂ ਵੱਡੀ ਖ਼ਬਰ ਨਹੀਂ ਹੋ ਸਕਦੀ।

ਇਸ ਲਈ ਕਨਵੈਂਸ਼ਨ ਸੈਂਟਰ ਵਿੱਚ ਬੈਠੇ ਪੱਤਰਕਾਰ ਗੱਲਬਾਤ ਦੇ ਸਥਾਨ ਸੇਰੇਨਾ ਹੋਟਲ 'ਤੇ ਨਜ਼ਰ ਟਿਕਾਏ ਹੋਏ ਸਨ।

ਜਿਸ ਖ਼ਬਰ ਦਾ ਪੱਤਰਕਾਰ ਇੰਤਜ਼ਾਰ ਕਰ ਰਹੇ ਸਨ, ਉਹ ਐਤਵਾਰ ਸਵੇਰੇ 6 ਵਜੇ ਤੋਂ ਬਾਅਦ ਆਈ, ਜਦੋਂ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਐਲਾਨ ਕੀਤਾ ਕਿ ਗੱਲਬਾਤ ਬੇਸਿੱਟਾ ਰਹੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)