ਡੌਨਲਡ ਟਰੰਪ ਦੀ ਪਤਨੀ ਮੇਲਾਨੀਆ ਦੇ ਐਪਸਟੀਨ ਫਾਈਲਾਂ ਬਾਰੇ ਬਿਆਨ ਨਾਲ ਵਿਵਾਦ ਮੁੜ ਗਰਮਾਇਆ, ਉਨ੍ਹਾਂ ਪੀੜਤਾਂ ਲਈ ਕੀ ਮੰਗ ਕੀਤੀ

ਤਸਵੀਰ ਸਰੋਤ, Alex Wong/Getty Images
- ਲੇਖਕ, ਨਾਦਾ ਤਾਫੀਕ
- ਰੋਲ, ਨਿਊ ਯਾਰਕ ਪੱਤਰਕਾਰ
- ਪੜ੍ਹਨ ਦਾ ਸਮਾਂ: 8 ਮਿੰਟ
ਮੇਲਾਨੀਆ ਟਰੰਪ ਵੀਰਵਾਰ ਨੂੰ ਵ੍ਹਾਈਟ ਹਾਊਸ ਦੇ ਪੋਡਿਅਮ 'ਤੇ ਪਹੁੰਚੇ ਅਤੇ ਬਿਲਕੁਲ ਉਸੇ ਥਾਂ ਖੜ੍ਹੇ ਸਨ, ਜਿੱਥੋਂ ਇੱਕ ਹਫ਼ਤਾ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨ ਬਾਰੇ ਦੇਸ਼ ਨੂੰ ਸੰਬੋਧਨ ਕੀਤਾ ਸੀ। ਮੇਲਾਨੀਆ ਦੇ ਆਉਣ ਸਮੇਂ ਇਸ ਗੱਲ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਕੁਝ ਅਜਿਹਾ ਹੋਵੇਗਾ ਜੋ ਹੈਰਾਨ ਕਰ ਦੇਵੇਗਾ।
ਉਤਸੁਕਤਾ ਤਾਂ ਸੀ, ਪਰ ਹਾਂ.. ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਇਹ ਇੱਕ ਅਜਿਹਾ ਨਜ਼ਾਰਾ ਹੋਵੇਗਾ ਜਿਸਨੂੰ ਦੇਖਣਾ ਬਹੁਤ ਜ਼ਰੂਰੀ ਹੋ ਜਾਵੇਗਾ। ਅਧਿਕਾਰੀਆਂ ਦੇ ਅਨੁਸਾਰ, ਪ੍ਰਸ਼ਾਸਨ ਦੇ ਸਭ ਤੋਂ ਕਰੀਬੀ ਲੋਕਾਂ ਨੂੰ ਵੀ ਇਸ ਵਿਸ਼ੇ ਬਾਰੇ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਸੀ।
ਅਮਰੀਕੀ ਝੰਡਿਆਂ ਨਾਲ ਘਿਰੇ ਹੋਏ ਮੇਲਾਨੀਆ ਦੇ ਪਹਿਲੇ ਹੀ ਵਾਕ ਨੇ ਸੁਣਨ ਵਾਲਿਆਂ ਨੂੰ ਹੈਰਾਨ ਕਰ ਦਿੱਤਾ। "ਮੈਨੂੰ ਸ਼ਰਮਨਾਕ ਜੈਫਰੀ ਐਪਸਟੀਨ ਨਾਲ ਜੋੜਨ ਵਾਲੇ ਝੂਠ ਅੱਜ ਹੀ ਖਤਮ ਹੋਣੇ ਚਾਹੀਦੇ ਹਨ।"
ਇਨ੍ਹਾਂ ਸ਼ਬਦਾਂ ਦੇ ਨਾਲ, ਐਪਸਟੀਨ ਵਿਵਾਦ, ਜਿਸ ਨੇ ਰਾਸ਼ਟਰਪਤੀ ਨੂੰ ਪਰੇਸ਼ਾਨ ਕਰ ਰੱਖਿਆ ਸੀ, ਉਨ੍ਹਾਂ ਦੀ ਪਤਨੀ ਕਰਕੇ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ।
ਜੋ ਕੁਝ ਹੋ ਰਿਹਾ ਸੀ, ਉਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਮਰੀਕੀ ਕੇਬਲ ਚੈਨਲਾਂ ਨੇ ਤੁਰੰਤ ਈਰਾਨ 'ਤੇ ਆਪਣੀ ਕਵਰੇਜ ਰੋਕ ਦਿੱਤੀ।
ਮੇਲਾਨੀਆ ਟਰੰਪ ਨੇ ਬਿਆਨ 'ਚ ਕੀ ਕਿਹਾ

ਤਸਵੀਰ ਸਰੋਤ, Reuters
ਫਰਸਟ ਲੇਡੀ ਨੇ ਹਮੇਸ਼ਾ ਆਪਣੀ ਪ੍ਰੋਫ਼ਾਈਲ ਨੂੰ ਕਾਫ਼ੀ ਹੱਦ ਤੱਕ ਲੋਅ-ਪ੍ਰੋਫ਼ਾਈਲ ਰੱਖਿਆ ਹੈ ਅਤੇ ਰਣਨੀਤਿਕ ਤੌਰ 'ਤੇ ਕੁਝ ਹੀ ਜਨਤਕ ਕਾਰਜਕ੍ਰਮਾਂ ਨੂੰ ਚੁਣਿਆ ਹੈ। ਉਨ੍ਹਾਂ ਵਿੱਚ ਆਪਣੇ ਪਤੀ ਵਾਂਗ ਨਾਟਕੀ ਢੰਗ ਨਾਲ ਜਾਂ ਪ੍ਰੈਸ ਨੂੰ ਹੈਰਾਨ ਕਰਨ ਅਤੇ ਪ੍ਰਭਾਵਿਤ ਕਰਨ ਦੀ ਇੱਛਾ ਸ਼ਾਇਦ ਹੀ ਕਦੇ ਦੇਖਣ ਨੂੰ ਮਿਲੀ ਹੈ।
ਇੱਕ ਤਿਆਰ ਬਿਆਨ ਪੜ੍ਹਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਐਪਸਟੀਨ ਜਾਂ ਗਿਲੇਨ ਮੈਕਸਵੈਲ ਨਾਲ ਕਦੇ ਕੋਈ ਰਿਸ਼ਤਾ ਨਹੀਂ ਰਿਹਾ, ਉਨ੍ਹਾਂ ਨੂੰ ਉਨ੍ਹਾਂ ਦੇ ਪਤੀ ਨਾਲ ਐਪਸਟੀਨ ਨੇ ਨਹੀਂ ਮਿਲਵਾਇਆ ਸੀ ਅਤੇ ਉਨ੍ਹਾਂ ਨੂੰ ਐਪਸਟੀਨ ਦੇ ਅਪਰਾਧਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਨੇ ਆਪਣਾ ਬਿਆਨ ਖਤਮ ਕਰਦੇ ਹੋਏਂ ਐਪਸਟੀਨ ਪੀੜਤਾਂ ਲਈ ਜਨਤਕ ਕਾਂਗਰਸੀ ਸੁਣਵਾਈ ਦੀ ਮੰਗ ਕੀਤੀ, ਤਾਂ ਜੋ ਸੱਚ ਸਾਹਮਣੇ ਆ ਸਕੇ।
ਜੇ ਉਹ ਸਵਾਲਾਂ ਦੇ ਜਵਾਬ ਦੇਣ ਲਈ ਰੁਕਦੇ ਤਾਂ ਬੇਸ਼ੱਕ ਪਹਿਲਾ ਸਵਾਲ ਇਹੀ ਹੁੰਦਾ, ਉਨ੍ਹਾਂ ਨੂੰ ਹੁਣ ਅਚਾਨਕ ਇਸ ਦੋਸ਼ੀ ਜਿਨਸੀ ਅਪਰਾਧੀ ਤੋਂ ਆਪਣੇ ਆਪ ਨੂੰ ਵੱਖ ਕਰਨ ਅਤੇ ਪਹਿਲੀ ਵਾਰ ਜਨਤਕ ਤੌਰ 'ਤੇ ਇਸ ਬਾਰੇ ਬੋਲਣ ਦੀ ਲੋੜ ਕਿਉਂ ਮਹਿਸੂਸ ਹੋਈ?
ਅਫ਼ਵਾਹਾਂ ਫੈਲ ਗਈਆਂ ਕਿ ਸ਼ਾਇਦ ਉਹ ਕਿਸੇ ਨਵੀਂ ਗੱਲ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਆਪਣੀ ਗੱਲ ਰੱਖਣਾ ਚਾਹ ਰਹੇ ਸਨ, ਕਿਉਂਕਿ ਜਿਨ੍ਹਾਂ ਆਮ ਦਾਅਵਿਆਂ ਦਾ ਉਨ੍ਹਾਂ ਨੇ ਜ਼ਿਕਰ ਕੀਤਾ ਸੀ, ਉਹ ਸਾਲਾਂ ਤੋਂ ਚਰਚਾ ਵਿੱਚ ਸਨ ਅਤੇ ਆਮ ਤੌਰ 'ਤੇ ਉਹ ਆਪਣੇ ਵਕੀਲਾਂ ਰਾਹੀਂ ਹੀ ਉਨ੍ਹਾਂ ਦਾ ਜਵਾਬ ਦਿੰਦੇ ਰਹੇ ਹਨ।

ਤਸਵੀਰ ਸਰੋਤ, US Department of Justice
ਖੋਜੀ ਪੱਤਰਕਾਰ ਵਿਕੀ ਵਾਰਡ ਨੇ ਦਹਾਕਿਆਂ ਤੋਂ ਐਪਸਟੀਨ 'ਤੇ ਰਿਪੋਰਟਿੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਉਹ ਉਲਝਣ ਵਿੱਚ ਪਾਉਣ ਵਾਲਾ ਹੈ।
ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਜੇ ਮੇਲਾਨੀਆ ਟਰੰਪ ਨੇ ਐਪਸਟੀਨ ਵਿਵਾਦ ਦੀ ਸ਼ੁਰੂਆਤ ਵਿੱਚ ਭਾਵ ਇੱਕ ਸਾਲ ਪਹਿਲਾਂ ਹੀ ਅਜਿਹਾ ਕੀਤਾ ਹੁੰਦਾ ਅਤੇ ਕਾਂਗਰਸ ਤੋਂ ਪੀੜਤਾਂ ਦੀ ਗਵਾਹੀ ਦਰਜ ਕਰਨ ਅਤੇ ਉਨ੍ਹਾਂ ਦੀਆਂ ਕਹਾਣੀਆਂ ਸੁਣਨ ਦੀ ਅਪੀਲ ਕੀਤੀ ਹੁੰਦੀ, ਤਾਂ ਅਸੀਂ ਇਸ ਬਾਰੇ ਬਿਲਕੁਲ ਵੱਖਰਾ ਮਹਿਸੂਸ ਕਰਦੇ।"
ਉਹ ਅੱਗੇ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਟਿੱਪਣੀਆਂ ਦਾ ਸੰਦਰਭ ਵੀ ਸਮਝ ਵਿੱਚ ਨਹੀਂ ਆਉਂਦਾ। "ਐਪਸਟੀਨ ਮਾਮਲੇ ਵਿੱਚ ਮੇਲਾਨੀਆ ਟਰੰਪ ਦਾ ਜ਼ਿਕਰ ਗਿਲੇਨ ਮੈਕਸਵੈਲ ਨੂੰ ਭੇਜੇ ਗਏ ਉਸ ਇੱਕ ਦੋਸਤਾਨਾ ਈਮੇਲ ਤੋਂ ਇਲਾਵਾ ਹੋਰ ਕਿਤੇ ਨਹੀਂ ਮਿਲਦਾ। ਮੈਂ ਇਸ ਗੱਲ ਨਾਲ ਹੈਰਾਨ ਹਾਂ। ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਕਦੇ ਉਨ੍ਹਾਂ ਨੂੰ ਪੀੜਤ ਮੰਨਿਆ ਹੋਵੇਗਾ।"
ਮਾਮਲੇ ਨੂੰ ਹੋਰ ਪੇਚੀਦਾ ਬਣਾਉਂਦੇ ਹੋਏ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਮੇਲਾਨੀਆ ਟਰੰਪ ਇਹ ਬਿਆਨ ਦੇਣ ਵਾਲੇ ਹਨ, ਜਦਕਿ ਫਰਸਟ ਲੇਡੀ ਦੇ ਬੁਲਾਰੇ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਪਤਾ ਸੀ।
ਟਰੰਪ ਨੇ ਮੇਲਾਨੀਆ ਦੇ ਬਿਆਨ 'ਤੇ ਕੀ ਕਿਹਾ

ਤਸਵੀਰ ਸਰੋਤ, Bloomberg via Getty Images
ਕਈ ਪੀੜਤ ਮਹਿਲਾਵਾਂ ਨੇ ਇੱਕ-ਦੂਜੇ ਨਾਲ ਸੰਪਰਕ ਕੀਤਾ ਅਤੇ ਹਾਲ ਹੀ ਵਿੱਚ ਹੋਈਆਂ ਘਟਨਾਵਾਂ 'ਤੇ ਆਪਣੀ ਹੈਰਾਨੀ ਜ਼ਾਹਿਰ ਕੀਤੀ ਅਤੇ ਇਸ ਗੱਲ 'ਤੇ ਤਾਲਮੇਲ ਕਰਨਾ ਸ਼ੁਰੂ ਕੀਤਾ ਕਿ ਉਨ੍ਹਾਂ ਨੂੰ ਕਿਵੇਂ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ। ਉਨ੍ਹਾਂ ਵਿੱਚੋਂ 13 ਮਹਿਲਾਵਾਂ ਨੇ ਵਰਜੀਨੀਆ ਰਾਬਰਟਸ ਗਿਊਫਰੇ (Virginia Roberts Giuffre) ਦੇ ਪਰਿਵਾਰ ਨਾਲ ਮਿਲ ਕੇ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਪੀੜਤਾਂ ਤੋਂ ਹੋਰ ਜਾਣਕਾਰੀ ਮੰਗਣਾ ਨਿਆਂ ਨਹੀਂ ਹੈ, ਬਲਕਿ ਇਹ ਜ਼ਿੰਮੇਵਾਰੀ ਤੋਂ ਬਚਣਾ ਹੈ।
"ਫਰਸਟ ਲੇਡੀ ਮੇਲਾਨੀਆ ਟਰੰਪ ਹੁਣ ਸੱਤਾ ਵਿੱਚ ਬੈਠੇ ਲੋਕਾਂ ਦੀ ਰੱਖਿਆ ਕਰਨ ਵਾਲੀਆਂ ਸਿਆਸੀ ਪਰਿਸਥਿਤੀਆਂ ਤਹਿਤ ਪੀੜਤਾਂ 'ਤੇ ਬੋਝ ਪਾ ਰਹੇ ਹਨ - ਨਿਆਂ ਵਿਭਾਗ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਵਕੀਲ ਅਤੇ ਟਰੰਪ ਪ੍ਰਸ਼ਾਸਨ, ਜਿਸ ਨੇ ਅਜੇ ਤੱਕ ਐਪਸਟੀਨ ਫਾਇਲਜ਼ ਟ੍ਰਾਂਸਪੇਰੈਂਸੀ ਐਕਟ ਦਾ ਪੂਰੀ ਤਰ੍ਹਾਂ ਪਾਲਣ ਨਹੀਂ ਕੀਤਾ ਹੈ।"
ਡੈਮੋਕ੍ਰੈਟਸ ਲਗਾਤਾਰ ਇਹ ਤਰਕ ਦਿੰਦੇ ਰਹੇ ਹਨ ਕਿ ਨਿਆਂ ਵਿਭਾਗ ਨੇ ਉਚਿਤ ਕਾਰਨ ਦਿੱਤੇ ਬਿਨਾਂ ਬਹੁਤ ਸਾਰੇ ਦਸਤਾਵੇਜ਼ ਰੋਕ ਰੱਖੇ ਹਨ। ਨਿਆਂ ਵਿਭਾਗ ਨੇ 60 ਲੱਖ ਦਸਤਾਵੇਜ਼ਾਂ ਵਿੱਚੋਂ 35 ਲੱਖ ਦਸਤਾਵੇਜ਼ ਜਾਰੀ ਕੀਤੇ ਹਨ ਅਤੇ ਕਿਹਾ ਹੈ ਕਿ ਬਾਕੀ ਦਸਤਾਵੇਜ਼ਾਂ ਨੂੰ ਜਾਰੀ ਕਰਨ 'ਤੇ ਕਾਨੂੰਨੀ ਪਾਬੰਦੀਆਂ ਹਨ।
ਮਰੀਨਾ ਲੈਸਰਡਾ, ਜੋ ਐਪਸਟੀਨ ਵੱਲੋਂ ਸ਼ੋਸ਼ਿਤ ਕੀਤੇ ਜਾਣ ਦੇ ਸਮੇਂ ਸਿਰਫ਼ 14 ਸਾਲ ਦੇ ਸਨ, (ਜਿਵੇਂ ਕਿ 2019 ਵਿੱਚ ਇਸ ਬਦਨਾਮ ਫ਼ਾਇਨੈਂਸਰ ਖ਼ਿਲਾਫ਼ ਸੰਘੀ ਇਲਜ਼ਾਮ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ) ਉਨ੍ਹਾਂ ਪੀੜਤਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਉਸ ਬਿਆਨ 'ਤੇ ਦਸਤਖ਼ਤ ਕੀਤੇ ਸਨ। ਪਰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਇੱਕ ਵੱਖਰੇ ਵੀਡੀਓ ਵਿੱਚ ਫਰਸਟ ਲੇਡੀ ਦੇ ਸੁਝਾਅ ਦੀ ਸਖਤ ਆਲੋਚਨਾ ਕੀਤੀ ਅਤੇ ਹੋਰ ਵੀ ਬੋਲੇ।
ਲੈਸਰਡਾ ਨੇ ਕਿਹਾ, "ਇੰਝ ਲੱਗਦਾ ਹੈ ਕਿ ਤੁਸੀਂ ਸਿਰਫ਼ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਮੇਰਾ ਸਵਾਲ ਇਹੀ ਹੈ ਕਿ ਇਸ ਨਾਲ ਟਰੰਪ ਪਰਿਵਾਰ ਨੂੰ ਕੀ ਫਾਇਦਾ ਹੋਵੇਗਾ।"
ਪੀੜਤ ਲਿਸਾ ਫ਼ਿਲਿਪਸ ਨੇ ਮੇਲਾਨੀਆ ਦੀ ਪ੍ਰਸ਼ੰਸਾ ਕਿਉਂ ਕੀਤੀ
ਪਰ ਪੀੜਤ ਲਿਸਾ ਫ਼ਿਲਿਪਸ ਨੇ ਮੇਲਾਨੀਆ ਟਰੰਪ ਦੀ ਪ੍ਰਸ਼ੰਸਾ ਕੀਤੀ ਕਿ ਉਹ ਨਿਆਂ ਵਿਭਾਗ ਦੇ ਇਸ ਬਿਆਨ ਦਾ ਵਿਰੋਧ ਕਰ ਰਹੇ ਹਨ ਕਿ ਉਹ ਐਪਸਟਾਈਨ ਫਾਈਲਾਂ ਦੇ ਅਧਿਆਇ ਨੂੰ ਬੰਦ ਕਰ ਰਹੇ ਹਨ।
ਫਿਲਿਪਸ ਨੇ ਬੀਬੀਸੀ ਰੇਡੀਓ 4 ਦੇ 'ਟੁਡੇਅ' ਪ੍ਰੋਗਰਾਮ ਵਿੱਚ ਦੱਸਿਆ ਕਿ ਪੀੜਤਾਂ ਨੂੰ ਆਪਣੀਆਂ ਕਹਾਣੀਆਂ ਸੁਣਾਉਣ ਲਈ ਬੁਲਾਉਣ ਦੀ ਉਨ੍ਹਾਂ ਦੀ ਅਪੀਲ ਇੱਕ "ਹਿੰਮਤ ਭਰਿਆ ਕਦਮ" ਸੀ। ਪਰ ਉਨ੍ਹਾਂ ਨੇ ਫਰਸਟ ਲੇਡੀ ਨੂੰ ਇਹ ਚੁਣੌਤੀ ਵੀ ਦਿੱਤੀ ਕਿ ਉਹ ਆਪਣੀਆਂ ਗੱਲਾਂ ਨੂੰ ਅਮਲ ਵਿੱਚ ਵੀ ਲਿਆਉਣ।
ਉਨ੍ਹਾਂ ਕਿਹਾ, "ਪਤਾ ਹੈ ਮੈਂ ਕੀ ਕਹਾਂਗੀ, ਮੈਂ ਉਨ੍ਹਾਂ ਨੂੰ ਬਲਫ਼ (ਉਂਝ ਹੀ ਕੁਝ ਵੀ ਕਹਿ ਦੇਣਾ) ਕਹਾਂਗੀ ਅਤੇ ਉਨ੍ਹਾਂ 'ਤੇ ਥੋੜ੍ਹਾ ਜ਼ੋਰ ਪਾਵਾਂਗੀ ਅਤੇ ਕਹਾਂਗੀ, 'ਠੀਕ ਹੈ, ਹੁਣ ਜਦੋਂ ਤੁਸੀਂ ਇਹ ਕਹਿ ਦਿੱਤਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? ਸਾਡੀ ਮਦਦ ਲਈ ਤੁਸੀਂ ਕੀ ਕਰ ਸਕਦੇ ਹੋ? ਅਤੇ ਸਾਨੂੰ ਅੱਗੇ ਵਧਾਉਣ ਲਈ ਤੁਸੀਂ ਕੀ ਕਰ ਸਕਦੇ ਹੋ?'"

ਤਸਵੀਰ ਸਰੋਤ, Bloomberg via Getty Images
ਹਾਊਸ ਓਵਰਸਾਈਟ ਕਮੇਟੀ ਦੇ ਚੇਅਰਮੈਨ, ਜੋ ਐਪਸਟੀਨ ਫਾਈਲਾਂ ਦੀ ਜਾਂਚ ਕਰ ਰਹੇ ਹਨ, ਨੇ ਸ਼ੁੱਕਰਵਾਰ ਨੂੰ ਫਾਕਸ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਦੀ ਯੋਜਨਾ ਸੀ ਕਿ ਕਮੇਟੀ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਉਹ ਐਪਸਟੀਨ ਦੇ ਅਪਰਾਧਾਂ ਦੇ ਪੀੜਤਾਂ ਨਾਲ ਸੁਣਵਾਈ ਕੀਤੀ ਜਾਵੇ।
ਰਿਪਬਲਿਕਨ ਜੇਮਜ਼ ਕੋਮਰ ਨੇ ਕਿਹਾ, "ਮੈਂ ਫਰਸਟ ਲੇਡੀ ਨਾਲ ਸਹਿਮਤ ਹਾਂ ਅਤੇ ਉਨ੍ਹਾਂ ਨੇ ਜੋ ਕਿਹਾ ਹੈ, ਉਸ ਦੀ ਪ੍ਰਸ਼ੰਸਾ ਕਰਦਾ ਹਾਂ। ਅਸੀਂ ਸੁਣਵਾਈ ਕਰਾਂਗੇ।"
'ਦਿ ਸਪਾਈਡਰ: ਇਨਸਾਈਡ ਦਿ ਟੈਂਗਲਡ ਵੈੱਬ ਆਫ਼ ਜੈਫਰੀ ਐਪਸਟੀਨ ਐਂਡ ਗਿਲੇਨ ਮੈਕਸਵੈਲ' ਦੇ ਲੇਖਕ ਬੈਰੀ ਲੈਵਿਨ ਕਹਿੰਦੇ ਹਨ ਕਿ ਇਹ ਗੱਲ ਬਹੁਤ ਅਹਿਮ ਹੈ ਕਿ ਮੇਲਾਨੀਆ ਟਰੰਪ ਨੇ ਪੀੜਤਾਂ ਨੂੰ ਸ਼ਾਮਲ ਕੀਤਾ ਅਤੇ ਉਨ੍ਹਾਂ ਨੂੰ ਸਵੀਕਾਰਿਆ, ਕਿਉਂਕਿ ਉਨ੍ਹਾਂ ਨੇ ਆਪਣੇ ਪਤੀ ਦੇ ਰੁਖ ਦੇ ਉਲਟ ਜਾਣ ਦਾ ਫੈਸਲਾ ਕੀਤਾ ਹੈ।
ਉਹ ਕਹਿੰਦੇ ਹਨ ਕਿ ਰਾਸ਼ਟਰਪਤੀ ਟਰੰਪ ਨੇ ਹਮੇਸ਼ਾਂ ਪੀੜਤਾਂ ਤੋਂ ਮੂੰਹ ਮੋੜਿਆ ਹੈ।
"ਉਨ੍ਹਾਂ ਨੂੰ ਕਈ ਮੌਕੇ ਦਿੱਤੇ ਗਏ ਕਿ ਉਹ ਪੀੜਤਾਂ ਪ੍ਰਤੀ ਜਵਾਬਦੇਹੀ ਤੈਅ ਕਰਨ ਦੇ ਮਾਮਲੇ ਵਿੱਚ ਉਨ੍ਹਾਂ ਦੇ ਸਮਰਥਨ ਵਿੱਚ ਕੁਝ ਕਹਿਣ, ਪਰ ਉਹ ਲਗਾਤਾਰ ਇਹੀ ਕਹਿੰਦੇ ਰਹੇ ਕਿ ਇਹ ਫਾਈਲਾਂ ਸਿਰਫ਼ ਇੱਕ ਝੂਠਾ ਅਤੇ ਬੇਤੁਕੀਆਂ (hoax) ਹਨ।"
ਲੈਵਿਨ ਕਹਿੰਦੇ ਹਨ ਕਿ ਉਨ੍ਹਾਂ ਦੀ ਪਤਨੀ ਪੂਰੀ ਤਰ੍ਹਾਂ ਆਪਣੀ ਸੋਚ ਵਾਲੇ ਇਨਸਾਨ ਹਨ, ਜੋ ਆਪਣੇ ਮਨ ਦੀ ਗੱਲ ਕਹਿੰਦੇ ਹਨ। "ਖੁਦ ਰਾਸ਼ਟਰਪਤੀ ਵੀ ਪਹਿਲਾਂ ਇਸ ਗੱਲ ਨੂੰ ਮੰਨ ਚੁੱਕੇ ਹਨ।"
'ਮੇਲਾਨੀਆ ਐਂਡ ਮਿਸ਼ੇਲ: ਫਸਟ ਲੇਡੀਜ਼ ਇਨ ਏ ਨਿਊ ਏਰਾ' ਦੇ ਲੇਖਿਕਾ ਟੈਮੀ ਵਿਜ਼ਿਲ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਬਿਆਨ ਵਿੱਚ ਉਨ੍ਹਾਂ ਦੇ ਪਤੀ ਦਾ ਜ਼ਿਕਰ ਨਾ ਹੋਣਾ, ਵ੍ਹਾਈਟ ਹਾਊਸ ਦੇ ਅੰਦਰ ਰਾਸ਼ਟਰਪਤੀ ਅਤੇ ਫਰਸਟ ਲੇਡੀ ਵਿਚਕਾਰ ਅਤੇ ਉਨ੍ਹਾਂ ਦੇ ਏਜੰਡਿਆਂ ਵਿਚਕਾਰ ਇੱਕ ਪਾੜ ਨੂੰ ਦਰਸਾਉਂਦਾ ਹੈ।
"ਉਹ ਇੱਕ ਅਜਿਹਾ ਏਜੰਡਾ ਤੋਰ ਰਹੇ ਹਨ, ਜਿਸਨੂੰ ਉੱਪਰੀ ਤੌਰ 'ਤੇ ਵੇਖਣ 'ਤੇ ਲੱਗਦਾ ਹੈ ਕਿ ਰਾਸ਼ਟਰਪਤੀ ਉਸਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੇ। ਇਸ ਲਈ ਉਹ ਆਪਣੇ ਖੁਦ ਦੇ ਏਜੰਡੇ 'ਤੇ ਕੰਮ ਕਰ ਰਹੇ ਹਨ। ਇਹ ਇੱਕ ਬਹੁਤ ਹੀ ਸੁਤੰਤਰ ਬਿਆਨ ਹੈ ਅਤੇ ਅਸੀਂ ਉਨ੍ਹਾਂ ਨੂੰ ਪਹਿਲਾਂ ਵੀ ਕੁਝ ਕੁ ਵਾਰ ਅਜਿਹਾ ਕਰਦੇ ਵੇਖਿਆ ਹੈ।"
ਇਸ ਦੌਰਾਨ, ਡੈਮੋਕ੍ਰੈਟਸ ਇਸਨੂੰ ਇੱਕ ਸਿਆਸੀ ਤੋਹਫ਼ੇ ਵਜੋਂ ਦੇਖ ਰਹੇ ਹਨ।

ਤਸਵੀਰ ਸਰੋਤ, Alex Wong/Getty Images
ਮੇਲਾਨੀਆ ਟਰੰਪ ਨੇ ਹੁਣ ਆਪਣੇ ਆਪ ਨੂੰ ਐਪਸਟੀਨ ਦੀ ਕਹਾਣੀ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਕਰ ਲਿਆ ਹੈ ਅਤੇ ਆਪਣੇ ਆਪ ਨੂੰ ਉਸ ਪ੍ਰਸ਼ਾਸਨ ਦੇ ਖ਼ਿਲਾਫ਼ ਖੜ੍ਹਾ ਕਰ ਦਿੱਤਾ ਹੈ, ਜੋ ਇਸ ਜਾਂਚ ਨੂੰ ਖਤਮ ਕਰਨਾ ਚਾਹੁੰਦਾ ਹੈ।
ਹਾਊਸ ਓਵਰਸਾਈਟ ਕਮੇਟੀ ਵਿੱਚ ਸਭ ਤੋਂ ਉੱਚੇ ਦਰਜੇ ਦੇ ਡੈਮੋਕ੍ਰੈਟ, ਰਾਬਰਟ ਗਾਰਸੀਆ ਨੇ ਕਿਹਾ ਹੈ ਕਿ ਉਹ ਇਸ ਭਾਸ਼ਣ ਤੋਂ ਹੈਰਾਨ ਰਹਿ ਗਏ ਹਨ ਅਤੇ ਹੁਣ ਟਰੰਪ ਪ੍ਰਸ਼ਾਸਨ ਨੂੰ ਫਰਸਟ ਲੇਡੀ ਦੀ ਰਾਹ 'ਤੇ ਚਲਣਾ ਚਾਹੀਦਾ ਹੈ।
ਉਨ੍ਹਾਂ ਕਿਹਾ, "ਜੇ ਮੇਲਾਨੀਆ ਟਰੰਪ ਵਾਕਈ ਇਨਸਾਫ਼ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਪਤੀ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਬਾਕੀ ਬਚੀਆਂ ਐਪਸਟੀਨ ਫਾਈਲਾਂ ਨੂੰ ਜਾਰੀ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਪਾਮ ਬੌਂਡੀ ਗਵਾਹੀ ਦੇਣ।"
ਰਾਸ਼ਟਰਪਤੀ ਟਰੰਪ 1990 ਦੇ ਦਹਾਕੇ ਵਿੱਚ ਐਪਸਟੀਨ ਨਾਲ ਮਿਲਦੇ-ਜੁਲਦੇ ਰਹੇ ਹਨ ਅਤੇ ਫਾਈਲਾਂ ਵਿੱਚ ਕਈ ਵਾਰ ਉਨ੍ਹਾਂ ਦਾ ਜ਼ਿਕਰ ਆਇਆ ਹੈ, ਪਰ ਉਨ੍ਹਾਂ ਨੇ ਐਪਸਟੀਨ ਦੇ ਅਪਰਾਧਾਂ ਬਾਰੇ ਕਿਸੇ ਵੀ ਜਾਣਕਾਰੀ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਐਪਸਟੀਨ ਫਾਈਲਾਂ ਨੂੰ ਲੈ ਕੇ ਮਚੇ ਇਸ ਹੰਗਾਮੇ ਨੂੰ ਸਿਆਸਤ ਤੌਰ 'ਤੇ ਪ੍ਰੇਰਿਤ ਇੱਕ ਧੋਖਾ ਦੱਸਿਆ ਹੈ।
ਪਰ ਇਸ ਵਾਰ ਉਹ ਉਸ ਵਿਅਕਤੀ 'ਤੇ ਮਾੜੇ ਇਰਾਦੇ ਦਾ ਇਲਜ਼ਾਮ ਨਹੀਂ ਲਾ ਸਕਦੇ, ਜਿਸ ਨੇ ਇਸ ਕਹਾਣੀ ਨੂੰ ਫਿਰ ਤੋਂ ਸੁਰਖੀਆਂ ਵਿੱਚ ਲਿਆ ਦਿੱਤਾ ਹੈ।
ਇਹ ਇੱਕ ਅਜਿਹਾ ਲਗਾਤਾਰ ਬਣਿਆ ਰਹਿਣ ਵਾਲਾ ਸੰਕਟ ਹੈ, ਜਿਸ ਤੋਂ ਪ੍ਰਸ਼ਾਸਨ ਉੱਭਰ ਨਹੀਂ ਪਾ ਰਿਹਾ ਹੈ ਅਤੇ ਮੇਲਾਨੀਆ ਟਰੰਪ ਦੀ ਘੋਸ਼ਣਾ ਨੇ ਤਾਂ ਇਸ ਵਿੱਚ ਜਿਵੇਂ ਨਵੀਂ ਜਾਨ ਹੀ ਪਾ ਦਿੱਤੀ ਹੈ।


































